ਸਰਾਭਾ ਵਿਖੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁਖ ਰੱਖਦਿਆਂ ਨਗਰ ਕੀਰਤਨ ਸਜਾਇਆ ਗਿਆ

 ਸਰਾਭਾ/ਜੋਧਾਂ 29 ਜਨਵਰੀ (ਜਨ ਸ਼ਕਤੀ ਨਿਊਜ਼ ਬਿਊਰੋ) ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਜਨਮ ਭੂਮੀ ਪਿੰਡ ਸਰਾਭਾ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁਖ ਰੱਖਦਿਆਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ,ਚਾਰ ਸਾਹਿਬਜ਼ਾਦਿਆਂ ਦੀ ਅਗਵਾਹੀ ਹੇਠ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਗੁਰਦੁਆਰਾ ਗੁਰੂ ਰਵਿਦਾਸ ਸਰਾਭਾ ਤੋਂ ਸ਼ੁਰੂ ਕਰਕੇ ਪੂਰੇ ਪਿੰਡ ਦੀ ਪਰਿਕਿਰਿਆ ਕਰਦੇ ਹੋਏ ਦੇਰ ਰਾਤ ਸ਼ਾਮ ਨੂੰ ਗੁਰੂ ਘਰ ਵਿਚ ਜਾ ਕੇ ਸਮਾਪਤ ਹੋਇਆ ।ਇਸ ਮੌਕੇ ਇੰਟਰਨੈਸ਼ਨਲ ਢਾਡੀ ਜਥੇਦਾਰ ਹਰਦੀਪ ਸਿੰਘ ਬੱਲੋਵਾਲ ਅਤੇ ਸਾਥੀਆਂ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਇਨਕਲਾਬੀ ਜੀਵਨ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ।ਇਸ ਸਮੇਂ ਗੁਰੂ ਘਰ ਦੇ ਮੁੱਖ ਗ੍ਰੰਥੀ ਭਾਈ ਸੁਖਦੇਵ ਸਿੰਘ ਤੇ ਭਾਈ ਬਲਜਿੰਦਰ ਸਿੰਘ ਸਰਾਭਾ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਅਤੇ ਨਗਰ ਕੀਰਤਨ 'ਚ ਸਿੱਖ ਇਤਿਹਾਸ ਦੀਆਂ ਝਲਕੀਆਂ ਖਿੱਚ ਦਾ ਕੇਂਦਰ ਸਨ। ਉਥੇ ਹੀ ਗਤਕਾ ਪਾਰਟੀ ਦੇ ਸਿੱਖ ਨੌਜਵਾਨਾਂ ਵੱਲੋਂ ਗਤਕੇ ਦੇ ਜੌਹਰ ਦਿਖਾਏ। ਵੱਖ ਵੱਖ ਪੜਾਵਾਂ ਤੇ ਸੇਵਾਦਾਰਾਂ ਵੱਲੋਂ ਸੰਗਤਾਂ ਲਈ ਗੁਰੂ ਕੇ ਲੰਗਰ ਵੀ ਸਜਾਏ ਗਏ।