ਛੱਬੀ ਜਨਵਰੀ ‘ਤੇ ਵਿਸ਼ੇਸ਼ ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

26 ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ।ਭਾਰਤ ਵਾਸੀਆਂ ਨੂੰ ਆਪਣੇ ਦੇਸ਼ ‘ਤੇ ਮਾਣ ਹੈ। ਸਕੂਲਾਂ ਕਾਲਜਾਂ ਵਿੱਚ ਹਰ 26 ਜਨਵਰੀ ਨੂੰ ਇਹ ਦਿਵਸ ਧੂਮ-ਧਾਮ ਨਾਲ ਮਨਾਇਆਂ ਜਾਂਦਾ ਹੈ।ਸੁਤੰਤਰਤਾ ਦੇ ਬਾਅਦ 26 ਜਨਵਰੀ 1950 ਨੂੰ ਭਾਰਤ ਇਕ ਗਣਤੰਤਰਵਾਦੀ ਦੇਸ਼ ਬਣ ਗਿਆ ਸੀ। ਭਾਰਤ ਦੀ ਸਾਰੀ ਸੱਤਾ ਦੇਸ਼ਵਾਸੀਆਂ ਦੇ ਹੱਥ ਵਿਚ ਦੇ ਦਿੱਤੀ ਗਈ ।ਸਾਰੀ ਜਨਤਾ ਇਸ ਸ਼ਕਤੀ ਨੂੰ ਪ੍ਰਾਪਤ ਕਰਕੇ ਦੇਸ਼ ਦੀ ਅਸਲੀ ਸ਼ਾਸਕ ਬਣ ਗਈ। ਇਸ ਦਿਨ ਕਾਨੂੰਨ ਦੇ ਰਾਜ ਦੀ ਸ਼ੁਰੂਆਤ ਹੋਈ। 26 ਜਨਵਰੀ ਨੂੰ ਰਾਸ਼ਟਰੀ ਦਿਨ ਦਾ ਦਰਜਾ ਵੀ ਹਾਸਲ ਹੈ। ਹਰ ਸਾਲ ਇਸ ਦਿਨ ਨੂੰ ਬੜੇ ਉਤਸਾਹ ਨਾਲ ਮਨਾਇਆ ਜਾਂਦਾ ਹੈ।ਗਵਰਨਰ ਜਨਰਲ ਦੀ ਥਾਂ ਰਾਸ਼ਟਰਪਤੀ ਦੇਸ਼ ਦਾ ਮੁੱਖ ਨੇਤਾ ਚੁਣਿਆ ਗਿਆ। 26 ਜਨਵਰੀ ਦਾ ਦਿਨ ਹਰ ਸਾਲ ਸਾਨੂੰ ਆਪਣੇ ਕਰੱਤਵ ਦੀ ਯਾਦ ਦਿਵਾਉਂਦਾ ਹੈ। ਭਾਰਤ ਵਾਸੀ ਇਸ ਦਿਨ ਖੁਸ਼ੀ ਨਾਲ ਨੱਚ ਉੱਠਦੇ ਹਨ। ਇਸ ਮਹਾਨ ਰਾਸ਼ਟਰੀ ਤਿਉਹਾਰ ਨੂੰ ਬੜੇ ਸਮਾਰੋਹ ਨਾਲ ਮਨਾਇਆ ਜਾਂਦਾ ਹੈ।
ਗਣਤੰਤਰ ਦਿਵਸ ਸਾਡਾ ਕੌਮੀ ਤਿਉਹਾਰ ਹੈ।ਇਹ ਤਿਉਹਾਰ ਹਿੰਦੂ ,ਮੁਸਲਿਮ ,ਸਿੱਖ ,ਇਸਾਈ ਰਲ ਕੇ ਮਨਾਉਂਦੇ ਹਨ ।
ਭਾਰਤ ਨੂੰ ਸੁਤੰਤਰ ਕਰਾਉਣ ਲਈ ਦੇਸ਼ ਵਾਸੀਆਂ ਨੇ ਆਪਣੀਆਂ ਜਾਨਾਂ ਗਵਾ ਦਿੱਤੀਆਂ ।ਕਿੰਨੇ ਦੇਸ ਭਗਤਾਂ ਨੇ ਫਾਂਸੀਆਂ ਤੇ ਤਖ਼ਤੇ ਚੁੰਮੇ, ਕਿੰਨਿਆਂ ਨੇ ਜੇਲ੍ਹਾਂ ਵਿੱਚ ਦਮ ਤੋੜ ਦਿੱਤਾ ।ਬਹੁਤ ਲੋਕ ਲਾਠੀਆਂ ਦੇ ਸ਼ਿਕਾਰ ਹੋਏ।ਇਹਨਾਂ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਕਰਕੇ ਹੀ ਭਾਰਤ ਦੇਸ਼ ਅਜ਼ਾਦ ਹੋਇਆ।
26 ਜਨਵਰੀ, 1930 ਨੂੰ ਹੀ ਦੇਸ਼ ਦੇ ਨੇਤਾ ਸ੍ਰੀ ਜਵਾਹਰ ਲਾਲ ਨਹਿਰੂ ਜੀ ਨੇ ਰਾਵੀ ਦੇ ਕਿਨਾਰੇ ਕੌਮੀ ਝੰਡਾ ਲਹਿਰਾਉਂਦੇ ਹੋਏ ਘੋਸ਼ਣਾ ਕੀਤੀ ਸੀ ਕਿ ਅਸੀਂ ਪੂਰਨ ਸਵਾਰਾਜ ਦੀ ਮੰਗ ਕਰਦੇ ਹਾਂ। ਇਸ ਮੰਗ ਦੀ ਪੂਰਤੀ ਲਈ ਸਾਨੂੰ ਲਗਾਤਾਰ ਸਤਾਰਾਂ ਵਰ੍ਹੇ ਅੰਗਰੇਜ਼ੀ ਸਰਕਾਰ ਨਾਲ ਲੜਨਾ ਪਿਆ। ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ।ਇਹ ਸੰਵਿਧਾਨ ਦੇਸ਼ ਵਿਚ ਲਾਗੂ ਕਰ ਕੇ ਡਾਕਟਰ ਰਾਜਿੰਦਰ ਪ੍ਰਸ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਬਣੇ।
ਸੰਵਿਧਾਨ ਸਭਾ ਦੇ ਮੈਂਬਰ ਭਾਰਤ ਦੇ ਸੂਬਿਆਂ ਦੀਆਂ ਸਭਾਵਾਂ ਦੇ ਚੁਣੇ ਗਏ ਮੈਂਬਰਾਂ ਵਲੋਂ ਚੁਣੇ ਗਏ ਸਨ। ਡਾ. ਭੀਮ ਰਾਓ ਅੰਬੇਡਕਰ, ਜਵਾਹਰ ਲਾਲ ਨਹਿਰੂ, ਡਾ. ਰਜਿੰਦਰ ਪ੍ਰਸਾਦ, ਸਰਦਾਰ ਵਲੱਭ ਭਾਈ ਪਟੇਲ, ਮੌਲਾਨਾ ਅਬੁਲ ਕਲਾਮ ਆਜ਼ਾਦ ਇਸ ਸਭਾ ਦੇ ਮੁੱਖ ਮੈਂਬਰ ਸਨ। ਸੰਵਿਧਾਨ ਨਿਰਮਾਣ 'ਚ ਕੁੱਲ 22 ਕਮੇਟੀਆਂ ਸਨ, ਜਿਸ 'ਚ ਡਰਾਫਟਿੰਗ ਕਮੇਟੀ ਸਭ ਤੋਂ ਪ੍ਰਮੁੱਖ ਅਤੇ ਮਹੱਤਵਪੂਰਣ ਕਮੇਟੀ ਸੀ ਅਤੇ ਇਸ ਕਮੇਟੀ ਦਾ ਕਾਰਜ ਸੰਪੂਰਣ ਸੰਵਿਧਾਨ ਲਿਖਣਾ ਤੇ ਨਿਰਮਾਣ ਕਰਨਾ ਸੀ। ਡਰਾਫਟਿੰਗ ਕਮੇਟੀ ਦੇ ਪ੍ਰਧਾਨ ਡਾ. ਭੀਮਰਾਓ ਅੰਬੇਡਕਰ ਸਨ। ਡਾ. ਅੰਬੇਡਕਰ ਨੂੰ ਸੰਵਿਧਾਨ ਦਾ ਪਿਤਾ ਵੀ ਕਿਹਾ ਜਾਂਦਾ ਹੈ।ਦੁਨੀਆ ਦਾ ਸਭ ਤੋਂ ਵੱਡਾ ਲਿਖਤੀ ਸੰਵਿਧਾਨ 2 ਸਾਲ, 11 ਮਹੀਨੇ 18 ਦਿਨ 'ਚ ਤਿਆਰ ਹੋਇਆ। ਸੰਵਿਧਾਨ ਸਭਾ ਦੇ ਪ੍ਰਧਾਨ ਡਾ. ਰਜਿੰਦਰ ਪ੍ਰਸਾਦ ਨੂੰ 26 ਨਵੰਬਰ 1949 ਨੂੰ ਭਾਰਤ ਦਾ ਸੰਵਿਧਾਨ ਸੌਂਪਿਆ ਗਿਆ, ਇਸ ਲਈ 26 ਨਵੰਬਰ ਨੂੰ ਸੰਵਿਧਾਨ ਦਿਵਸ ਦੇ ਰੂਪ 'ਚ ਹਰ ਸਾਲ ਮਨਾਇਆ ਜਾਂਦਾ ਹੈ। ਸੰਵਿਧਾਨ ਸਭਾ ਨੇ ਸੰਵਿਧਾਨ ਨਿਰਮਾਣ ਦੇ ਸਮੇਂ ਕੁੱਲ 114 ਦਿਨ ਬੈਠਕ ਕੀਤੀ ਸੀ। 308 ਮੈਂਬਰਾਂ ਨੇ 24 ਜਨਵਰੀ 1950 ਨੂੰ ਸੰਵਿਧਾਨ ਦੀਆਂ ਦੋ ਹੱਥਲਿਖਤ ਕਾਪੀਆਂ 'ਤੇ ਦਸਤਖਤ ਕੀਤੇ। ਇਸ ਦੇ ਦੋ ਦਿਨ ਬਾਅਦ ਸੰਵਿਧਾਨ 26 ਜਨਵਰੀ ਨੂੰ ਇਹ ਦੇਸ਼ ਭਰ 'ਚ ਲਾਗੂ ਹੋ ਗਿਆ। 26 ਜਨਵਰੀ ਦਾ ਮਹੱਤਵ ਬਣਾਏ ਰੱਖਣ ਲਈ ਇਸ ਦਿਨ ਸੰਵਿਧਾਨ ਸਭਾ ਦੁਆਰਾ ਪ੍ਰਵਾਨਿਤ ਸੰਵਿਧਾਨ 'ਚ ਭਾਰਤ ਦੇ ਗਣਤੰਤਰ ਰੂਪ ਨੂੰ ਮਾਨਤਾ ਦਿੱਤੀ ਗਈ।
ਇਹ ਤਿਉਹਾਰ ਆਪਸੀ ਏਕਤਾ ਦਾ ਪ੍ਰਤੀਤ ਹੋਣ ਦੇ ਨਾਲ ਨਾਲ ਸ਼ਹੀਦਾਂ ਦੀ ਯਾਦ ਦਿਵਾਉਂਦਾ ਹੈ।
ਦਿੱਲੀ ਵਿਚ ਇਹ ਦਿਨ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਰਾਸ਼ਟਰਪਤੀ ਜਲ, ਥਲ ਅਤੇ ਹਵਾਈ ਤਿੰਨਾਂ ਸੈਨਾਵਾਂ ਤੋਂ ਸਲਾਮੀ ਲੈਂਦੇ ਹਨ। ਇਸ ਸਮਾਰੋਹ ਵਿਚ ਤਿੰਨਾਂ ਸੈਨਾਵਾਂ ਦੀ ਪਰੇਡ ਦੇ ਇਲਾਵਾ ਸੰਸਕ੍ਰਿਤੀ ਦੇ ਪ੍ਰੋਗਰਾਮ ਵੀ ਹੁੰਦੇ ਹਨ। ਦੇਸ਼ ਦੇ ਹਰ ਛੋਟੇ ਵੱਡੇ ਸ਼ਹਿਰ ਵਿਚ ਇਸ ਦਿਨ ਕੌਮੀ ਝੰਡੇ ਲਹਿਰਾਏ ਜਾਂਦੇ ਹਨ।

ਪ੍ਰੋ.ਗਗਨਦੀਪ ਕੌਰ ਧਾਲੀਵਾਲ ।