ਬਜਟ 'ਚ ਮਿਲਿਆ ਕਿਸਾਨਾਂ ਨੂੰ ਤੋਹਫ਼ਾ,PM-KISAN ਯੋਜਨਾ ਤਹਿਤ 2.2 ਲੱਖ ਕਰੋੜ ਰੁਪਏ ਦਾ ਨਿਵੇਸ਼

ਸਰਕਾਰ ਕਰ ਰਹੀ 2.2 ਲੱਖ ਕਰੋੜ ਦਾ ਨਿਵੇਸ਼, ਇਸ ਦਿਨ ਮਿਲੇਗੀ 13ਵੀਂ ਕਿਸ਼ਤ

ਨਵੀਂ ਦਿੱਲੀ,  01 ਫਰਵਰੀ (ਜਨ ਸ਼ਕਤੀ ਨਿਊਜ਼ ਬਿਊਰੋ) ਬਜਟ 2023 ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਨੇ PM-KISAN ਯੋਜਨਾ ਤਹਿਤ 2.2 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਨਾਲ ਕਿਸਾਨਾਂ ਨੂੰ ਖੇਤੀਬਾੜੀ ਨਾਲ ਸਬੰਧਤ ਕੰਮਾਂ ਲਈ ਬੈਂਕਾਂ ਤੋਂ ਕਰਜ਼ਾ ਲੈਣਾ ਆਸਾਨ ਹੋ ਜਾਵੇਗਾ। ਇਸ ਦੇ ਨਾਲ ਹੀ ਇਸ ਦੀ 13ਵੀਂ ਕਿਸ਼ਤ ਜਲਦੀ ਮਿਲਣ ਦੀ ਸੰਭਾਵਨਾ ਵੀ ਵਧ ਗਈ ਹੈ। ਬਜਟ ਪੇਸ਼ ਕਰਨ ਤੋਂ ਪਹਿਲਾਂ ਹੀ ਕਿਹਾ ਜਾ ਰਿਹਾ ਸੀ ਕਿ ਇਸ ਵਾਰ ਸਰਕਾਰ ਪੇਂਡੂ ਵਿਕਾਸ 'ਤੇ ਧਿਆਨ ਕੇਂਦਰਿਤ ਕਰਨ ਜਾ ਰਹੀ ਹੈ ਅਤੇ ਇਹ ਖਬਰ ਲੋਕਾਂ ਲਈ ਖੁਸ਼ਖਬਰੀ ਲੈ ਕੇ ਆਈ ਹੈ।  ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਕਿਸਾਨਾਂ ਦੀ ਭਲਾਈ ਲਈ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਐਲਾਨ ਕੀਤਾ ਸੀ। ਇਸ ਵਿੱਚ ਦੇਸ਼ ਦੇ ਕਰੀਬ 12 ਕਰੋੜ ਕਿਸਾਨ ਪਰਿਵਾਰਾਂ ਨੂੰ ਲਾਭ ਮਿਲਦਾ ਹੈ ਅਤੇ ਹਰ ਸਾਲ ਛੇ ਹਜ਼ਾਰ ਰੁਪਏ ਤਿੰਨ ਕਿਸ਼ਤਾਂ ਦੇ ਰੂਪ ਵਿੱਚ ਟਰਾਂਸਫਰ ਕੀਤੇ ਜਾਂਦੇ ਹਨ।

ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ, ਹਰ ਸਾਲ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਦਾ ਭੁਗਤਾਨ ਕੀਤਾ ਜਾਂਦਾ ਹੈ। ਇਸ ਤਰ੍ਹਾਂ ਹੁਣ ਤਕ ਇਸ ਸਕੀਮ ਦੀਆਂ 12 ਕਿਸ਼ਤਾਂ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਜਮ੍ਹਾਂ ਹੋ ਚੁੱਕੀਆਂ ਹਨ। ਇਸ ਨਾਲ ਹੁਣ 13ਵੀਂ ਕਿਸ਼ਤ ਦੀ ਅਦਾਇਗੀ ਦਾ ਇੰਤਜ਼ਾਰ ਹੈ। ਇਸ ਤਹਿਤ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 2000 ਰੁਪਏ ਆਉਣ ਦੀ ਸੰਭਾਵਨਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਫਰਵਰੀ ਦੇ ਪਹਿਲੇ ਹਫਤੇ 'ਚ ਜਮ੍ਹਾ ਹੋ ਸਕਦਾ ਹੈ।

ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ 13ਵੀਂ ਕਿਸ਼ਤ ਲੈਣ ਲਈ ਕੁਝ ਜ਼ਰੂਰੀ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਇਸ ਤਹਿਤ ਸਭ ਤੋਂ ਪਹਿਲਾਂ ਈ-ਕੇਵਾਈਸੀ ਪ੍ਰਕਿਰਿਆ ਪੂਰੀ ਕਰਨੀ ਹੋਵੇਗੀ। ਕਿਸਾਨ ਬਾਇਓਮੈਟ੍ਰਿਕ ਅਧਾਰਤ ਈ-ਕੇਵਾਈਸੀ ਲਈ ਆਪਣੇ ਨਜ਼ਦੀਕੀ CSC ਕੇਂਦਰਾਂ ਤਕ ਪਹੁੰਚ ਕਰ ਸਕਦੇ ਹਨ। ਇਸ ਤੋਂ ਬਾਅਦ PM ਕਿਸਾਨ ਦੀ ਵੈੱਬਸਾਈਟ 'ਤੇ ਆਪਣਾ ਆਧਾਰ ਕਾਰਡ ਨੰਬਰ, ਕੈਪਚਾ ਕੋਡ ਤੇ PM ਕਿਸਾਨ ਖਾਤੇ ਨਾਲ ਜੁੜਿਆ ਮੋਬਾਈਲ ਨੰਬਰ ਦਰਜ ਕਰਨਾ ਹੋਵੇਗਾ। OTP ਜਨਰੇਟ ਹੋਣ ਤੋਂ ਬਾਅਦ ਕੇਵਾਈਸੀ ਪੂਰਾ ਹੋ ਜਾਵੇਗਾ।