ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਸਿੱਧਵਾ ਬੇਟ ਦੀ ਅਹਿਮ ਮੀਟਿੰਗ

ਜਗਰਾਉਂ, 22 ਜਨਵਰੀ ( ਗੁਰਕਿਰਤ ਜਗਰਾਓਂ/ਮਨਜਿੰਦਰ ਗਿੱਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਸਿੱਧਵਾਂਬੇਟ ਦੀ ਮੀਟਿੰਗ ਸ਼ੇਰਪੁਰ ਕਲਾਂ ਦੇ ਗੁਰੂਦੁਆਰਾ ਸਾਹਿਬ ਵਿਖੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਬਲਾਕ ਦੇ ਡੇਢ ਦਰਜਨ ਪਿੰਡਾਂ ਦੇ ਨੁਮਾਇੰਦੇ ਮੀਟਿੰਗ ਵਿੱਚ ਸ਼ਾਮਲ ਹੋਏ।  ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ 26 ਜਨਵਰੀ ਦੇ ਕਿਸਾਨ ਅੰਦੋਲਨ ਦੇ  ਇਤਿਹਾਸਕ ਦਿਨ ਤੇ ਜਿਥੇ ਪੰਜ ਰਾਜਾਂ ਦੇ ਕਿਸਾਨ ਜੀਂਦ ਰੈਲੀ ਚ ਸ਼ਾਮਲ ਹੋ ਕੇ ਕੇਂਦਰ ਸਰਕਾਰ ਤੋਂ ਸਾਰੀਆਂ ਫਸਲਾਂ ਲਈ ਘਟੋ ਘਟ ਸਮਰਥਨ ਮੁੱਲ , ਬਿਜਲੀ ਐਕਟ 2020 ਰੱਦ ਕਰਨ,  ਪਰਦੂਸ਼ਨ ਐਕਟ ਚੋਂ ਕਿਸਾਨੀ ਮਦ ਕੱਢਣ,  ਸ਼ਹੀਦ ਕਿਸਾਨ ਪਰਿਵਾਰਾਂ ਦੇ ਵਾਰਸਾਂ ਨੂੰ ਮੁਆਵਜਾ ਅਤੇ ਨੌਕਰੀ ਦੇਣ, ਸੰਸਾਰ ਵਪਾਰ ਸੰਸਥਾਂ  ਚੋਂ ਬਾਹਰ ਨਿਕਲਣ,  ਕਿਸਾਨੀ ਸਿਰ ਸਾਰੇ ਕਰਜੇ ਰੱਦ ਕਰਾਉਣ,  ਲਖੀਮਪੁਰ ਖੀਰੀ ਦੇ ਕਾਤਲਾਂ ਨੂੰ ਸਜਾਵਾਂ ਦਿਵਾਉਣ ਲਈ ਜਾਣਗੇ ਉਥੇ ਪੰਜਾਬ ਦੇ ਕੁਝ ਜਿਲਿਆਂ ਚ ਕਿਸਾਨ ਟਰੈਕਟਰ ਮਾਰਚ ਕਰਕੇ ਅਗਲੇਰੀ ਸੰਘਰਸ਼ ਦੀ ਲਾਮਬੰਦੀ ਕਰਨਗੇ। ਇਸ ਸਬੰਧੀ ਬਲਾਕ ਪ੍ਰਧਾਨ ਹਰਜੀਤ ਸਿੰਘ ਜਨੇਤਪੁਰਾ ਨੇ ਦਸਿਆ ਕਿ ਬਲਾਕ ਦੇ ਪਿੰਡਾਂ ਦੇ ਕਿਸਾਨ 26 ਜਨਵਰੀ ਨੂੰ ਪਿੰਡ ਲੀਲਾਂ ਮੇਘ ਸਿੰਘ ਦੀ ਅਨਾਜ ਮੰਡੀ ਚ ਇਕਠੇ ਹੋ ਕੇ ਇਲਾਕੇ ਦੇ ਪਿੰਡਾਂ ਚ ਜਬਰਦਸਤ ਲਾਮਬੰਦੀ ਟਰੈਕਟਰ ਮਾਰਚ ਕਰਨਗੇ।ਕਿਸਾਨੀ ਦੀਆਂ ਸਥਾਨਕ ਮੰਗਾਂ ਵਿਸ਼ੇਸ਼ਕਰ ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ ਮੁਆਵਜਾ ਅਤੇ ਨੌਕਰੀਆਂ ਦੇਣ ਦੀ ਮੰਗ ਨੂੰ ਲੈ ਕੇ ਜਥੇਬੰਦੀ ਅਜ 23 ਜਨਵਰੀ ਨੂੰ ਡੀ ਸੀ ਲੁਧਿਆਣਾ ਨੂੰ ਵਿਸ਼ਾਲ ਵਫਦ ਦੇ ਰੂਪ ਚ ਮਿਲਣਗੇ। ਅਜ ਦੀ ਮੀਟਿੰਗ ਵਿਚ 20 ਫਰਵਰੀ ਨੂੰ ਪਿੰਡ ਗਾਲਬ ਕਲਾਂ ਵਿਖੇ ਸ਼ਹੀਦ ਪਿਆਰਾ ਸਿੰਘ ਗਾਲਬ ਦੀ ਬਰਸੀ ਮਨਾਏ ਜਾਣ ਸਬੰਧੀ ਵੀ ਵਿਉਂਤ ਬੰਦੀ ਤੈਅ ਕੀਤੀ ਗਈ।  ਮੀਟਿੰਗ ਵਿੱਚ ਪੇੰਡੂ ਮਜਦੂਰਾਂ ਨੂੰ ਜਥੇਬੰਦ ਕਰਨ ਲਈ ਕਿਸਾਨ ਜਥੇਬੰਦੀ ਪਿੰਡਾਂ ਚ ਮੁਹਿੰਮ ਚਲਾਏਗੀ,ਬਾਰੇ ਵੀ  ਵਿਚਾਰ ਚਰਚਾ ਹੋਈ। ਮੀਟਿੰਗ ਚ  ਚੰਡੀਗੜ੍ਹ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਚਲ ਰਹੇ ਧਰਨੇ ਚ ਵੀ ਸ਼ਾਮਲ ਹੋਣ ਦਾ ਮਤਾ ਪਾਸ ਕੀਤਾ ਗਿਆ।