"ਉਹ" ਕੱਚਾ ਕੋਠਾ ਸੀ ਅਪਣਾ ਮਾਂਏਂ! ਕਿੰਨਾ ਪਿਆਰਾ!
ਇੱਕ ਪਾਸੇ ਸੀ ਘੜਾ ਘਰੋਟੀ ਤੇ ਨਾਲ ਚੌਂਕਾ ਸਚਿਆਰਾ।
ਤੈਨੂੰ ਮਿੱਟੀ ਵਿਚ ਮਿੱਟੀ ਦੇਖ ਕੇ, ਸ਼ੌਕ ਸੀ ਮੈਨੂੰ ਚੜ੍ਹਿਆ।
ਮੈਂ ਵੀ ਚਾਅਵਾਂ ਨਾਲ ਸੀ ਇੱਕ ਦਿਨ,ਚੁਲ੍ਹਾ ਚੌਂਕਾ ਘੜਿਆ।
ਤੂੰ ਵੀ ਸੀ ਖੁਸ਼ ਹੋ ਕੇ, ਮਾਂਏਂ! ਮੈਨੂੰ ਗਲ਼ ਨਾਲ ਲਾਇਆ।
ਕਿਹਾ ਸੀ ਧੀਏ ! ਅੱਜ ਤੂੰ ਮੇਰਾ ਅੱਧਾ ਭਾਰ ਵੰਡਾਇਆ।
ਘਰ ਦੀ ਚੌਖਟ ਦੇ ਮੂਹਰੇ ਸੀ, ਖੂਹ ਦਾ ਜਗਤ ਨਿਆਰਾ।
ਖਿੜੀ ਦੁਪਹਿਰੇ ਢੁੱਕ ਜਾਂਦਾ ਸੀ ਖੂਹ ਉੱਤੇ ਪਿੰਡ ਸਾਰਾ।
ਢਾਕੇ ਲਾ ਕੇ ਘੜਾ ਜਦੋਂ ਮੁਟਿਆਰ ਕੋਈ ਸੀ ਆਉਂਦੀ।
ਹੁਸਨ ਜਵਾਨੀ ਤੱਕ ਕੇ,ਮਸਤੀ ਖੂਹ ਨੂੰ ਸੀ ਨਸ਼ਿਆਉੰਦੀ।
ਅੱਧੀ ਛੁੱਟੀ ਖੂਹ ਦੀ ਰੌਣਕ, ਯਾਦ ਸੀ ਮੈਨੂੰ ਆਉਂਦੀ।
ਪਾਣੀ ਪੀਣ ਬਹਾਨੇ ਸੀ ਮੈਂ ਭੱਜ ਸਕੂਲੋਂ ਆਉਂਦੀ।
ਕੱਪੜੇ ਧੋਂਦਾ, ਪਾਣੀ ਢੋਂਦਾ ਸੀ ਸਖ਼ੀਆਂ ਦਾ ਟੋਲਾ।
ਹਾਸਾ ਠੱਠਾ ਵੀ ਕਰਦਾ ਸੀ, ਘੁੰਢ ਦਾ ਕਰਕੇ ਓਹਲਾ।
ਰਾਤ ਚਾਨਣੀ ਵਿੱਚ ਵੀ ਖੂਹ 'ਤੇ, ਹੁਸਨ ਸੀ ਰਹਿੰਦਾ ਮਘਦਾ।
ਸੁੰਨਾ ਖੂਹ ਮੈਂ ਜਦ ਤੱਕਦੀ ਹਾਂ, ਦਰਿਆ ਨੈਣੋਂ ਵਗਦਾ।
ਪੱਕੇ ਕੋਠੇ, ਪਾਏ "ਮਾਂ" ਕਿਉੰ ਵਿਹੜੇ ਕੰਧ ਉਸਾਰੀ।
ਸਾਂਝਾਂ ਨੇ ਦਮ ਤੋੜ ਦਿੱਤਾ, ਜਦ ਉੱਸਰੀ ਚਾਰ ਦਿਵਾਰੀ।
ਕੱਚੇ ਕੋਠੇ ਨਾਲ ਮੁਹੱਬਤ, ਸਾਰਾ ਟੱਬਰ ਪਲਿਆ।
ਖ਼ੁਸ਼ੀਆਂ ਖੇੜੇ, ਜੰਮ ਜੰਮ ਨੱਚੇ, ਘਰ ਬਾਬਲ ਦਾ ਫਲਿਆ।
ਤੰਗੀ ਤੁਰਸੀ ਸਿਰ 'ਤੇ ਝੱਲ ਕੇ,ਚੈਨ ਨਾਲ ਸੀ ਸੌਂਦੇ।
ਇੱਕ-ਦੂਜੇ ਦੇ ਦੁੱਖ 'ਚ ਸ਼ਾਮਿਲ, ਹਮਦਰਦੀ ਲੋਕ ਜਤਾਉਂਦੇ ।
ਵਕਤ ਤੇ ਹਾਲਾਤ ਬਦਲਗੇ, ਬਦਲ ਗਏ ਜਜ਼ਬਾਤ।
ਸੁੱਚੀਆਂ ਨੀਤਾਂ ਦੇ ਦਿਨ ਲੰਘੇ, ਚੜ੍ਹ ਗਈ ਕਾਲੀ ਰਾਤ।
ਪੱਕੀਆਂ ਕੰਧਾਂ ਕੱਚ ਕਮਾਇਆ, ਇਹ ਸੂਲਾਂ ਦਾ ਵਾੜਾ।
ਹੱਥਾਂ ਨਾਲੋਂ ਹੱਥ ਛੁਡਾ ਕੇ, ਮੰਗਣ ਲੱਗ ਪਏ ਭਾੜਾ।
ਕੱਚੇ ਕੋਠੇ ਢਾਹ ਕੇ ਬਣ ਗਏ,ਘਰ ਘਰ ਰੋਗ ਚੁਬਾਰੇ।
ਵਿੱਚ ਦਿਲਾਂ ਦੇ ਸਾੜੇ ਵੱਧ ਗਏ, ਵਿਸਰੇ ਯਾਰ ਪਿਆਰੇ।
ਠੀਕਰੀਆਂ ਦੇ ਯੁੱਗ ਨੇ ਮਾਏ! ਜਾਲ ਇਹ ਕੈਸਾ ਬੁਣਿਆ।
ਮਾਨਵਤਾ ਨੂੰ ਛੱਡ ਕੇ ਸਭ ਨੇ, ਠੀਕਰੀਆਂ ਨੂੰ ਚੁਣਿਆ।
ਅੰਜੂ ਸਾਨਿਆਲ