15 ਜਨਵਰੀ 1766 ਦਾ ਇਤਿਹਾਸ ਸਰਦਾਰ ਚੜ੍ਹਤ ਸਿੰਘ ਸ਼ੁਕਰਚੱਕੀਆ ਨੇ ਹਮੀਦ ਖ਼ਾਨ ਨੂੰ ਮਾਰ ਕੇ ਗੁਜਰਾਂਵਾਲਾ ਤੇ ਕਬਜ਼ਾ ਕੀਤਾ

ਸਰਦਾਰ ਚੜਤ ਸਿੰਘ ਸ਼ੁਕਰਚਕੀਆ ਨੇ 15 ਜਨਵਰੀ,1766 ਹਮੀਦ ਖ਼ਾਨ ਨੂੰ ਮਾਰ ਕੇ ਗੁਜਰਾਵਾਲਾ ਤੇ ਕਬਜ਼ਾ ਕਰ ਲਿਆ।18ਵੀਂ ਸਦੀ ਦੇ ਦੌਰਾਨ ਪੰਜਾਬ ਦੀਆਂ 12 ਸਿੱਖ ਮਿਸਲਾਂ ਵਿੱਚੋਂ  ਸ਼ੁੱਕਰਚੱਕੀਆ ਮਿਸਲ ਇੱਕ ਪ੍ਰਮੁੱਖ ਮਿਸਲ ਸੀ ਜੋ ਪੱਛਮੀ ਪੰਜਾਬ ਦੇ ਗੁਜਰਾਂਵਾਲਾ ਅਤੇ ਹਾਫ਼ਜ਼ਾਬਾਦ ਜ਼ਿਲ੍ਹਿਆਂ ਵਿੱਚ ਕੇਂਦਰਿਤ ਸੀ।ਸ਼ੁਕਰਚੱਕੀਆ ਮਿਸਲ ਦਾ ਸਮਾਂ 1716 ਤੋਂ 1801 ਤੱਕ ਦਾ ਹੈ, ਉਪਰੰਤ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸਾਰੀਆਂ ਮਿਸਲਾਂ ਨੂੰ ਇਕਠਿਆਂ ਕਰ ਦਿੱਤਾ ਸੀ। 18ਵੀਂ ਸਦੀ ਦੇ ਅੱਧ ਸਮੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਲੋਂ ਸਾਰੀਆਂ ਸਿੱਖ ਮਿਸਲਾਂ ਇਕਮੁੱਠ ਕਰਕੇ ਜਦੋਂ ਪੰਜਾਬ ਵਿੱਚ ਇੱਕ ਆਜ਼ਾਦ ਰਾਜ ਕਾਇਮ ਕੀਤਾ ਤਾਂ ਸਾਰੀਆਂ ਮਿਸਲਾਂ ਦੀ ਹੋਂਦ ਖ਼ਤਮ ਹੋ ਗਈ। ਸ਼ੁਕਰਚੱਕੀਆ ਮਿਸਲ ਦਾ ਮੋਢੀ ਸ਼ੁਕਰਚੱਕ ਦਾ ਰਹਿਣ ਵਾਲਾ ਇਕ ਗੁਰਸਿੱਖ ਦੇਸੂ ਸੀ। ਸ਼ੁਕਰਚੱਕ ਲਾਹੌਰ ਤੋਂ 17 ਕਿਲੋਮੀਟਰ ਦੂਰ ਇੱਕ ਪਿੰਡ ਹੈ।ਇਸੇ ਕਰਕੇ ਇਸ ਮਿਸਲ ਦਾ ਨਾਂ ਸ਼ੁਕਰਚੱਕੀਆ ਮਿਸਲ ਪੈ ਗਿਆ। 1716 ਵਿਚ ਭਾਈ ਦੇਸੂ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਨੌਧ ਸਿੰਘ ਸ਼ੁਕਰਚੱਕੀਆ ਦਾ ਸਰਦਾਰ ਬਣਿਆ। 1752 ਵਿੱਚ ਸਰਦਾਰ ਨੌਧ ਸਿੰਘ ਮੌਤ ਹੋ ਗਈ ਅਤੇ ਉਸਤੋਂ ਬਾਅਦ ਉਸਦੇ ਪੁੱਤਰ ਸਰਦਾਰ ਚੜ੍ਹਤ ਸਿੰਘ ਨੇ ਇਸ ਮਿਸਲ ਦੀ ਕਮਾਨ ਸੰਭਾਲੀ। ਸਰਦਾਰ ਚੜ੍ਹਤ ਸਿੰਘ ਦਾ ਅਨੰਦ ਕਾਰਜ ਗੁਜਰਾਂਵਾਲਾ ਦੇ ਇੱਕ ਤਾਕਤਵਰ ਅਤੇ ਅਣਖੀਲੇ ਸਿੱਖ ਘਰਾਣੇ ਦੇ ਯੋਧਾ ਸਰਦਾਰ ਅਮੀਰ ਸਿੰਘ ਦੀ ਬੇਟੀ ਬੀਬੀ ਦੇਸਾਂ ਕੌਰ ਨਾਲ ਹੋਇਆ, ਜਿਸ ਨਾਲ ਸਰਦਾਰ ਚੜ੍ਹਤ ਸਿੰਘ ਦੀ ਹੋਰ ਤਕੜੀ ਚੜਤ ਹੋ ਗਈ। ਇਸ ਤੋਂ ਬਾਅਦ ਫੇਰ ਚੜ੍ਹਤ ਸਿੰਘ ਨਿਪੁੰਨ ਇੱਕ ਜੇਤੂ ਦੇ ਤੌਰ ਤੇ ਨਿੱਤਰੇ ਅਤੇ ਉਨ੍ਹਾਂ ਨੇ ਕਈ ਰਿਆਸਤਾਂ ਦੇ ਨਾਲ ਲੋਹਾ ਲਿਆ । 15 ਜਨਵਰੀ,1766 ਵਾਲੇ ਦਿਨ ਸਰਦਾਰ ਚੜਤ ਸਿੰਘ ਸ਼ੁਕਰਚਕੀਆ ਜੀ ਨੇ ਹਮੀਦ ਖ਼ਾਨ ਨੂੰ ਮਾਰ ਕੇ 'ਗੁਜਰਾਵਾਲਾ' ਤੇ ਕਬਜ਼ਾ ਕਰ ਲਿਆ ।