ਵਿਧਾਇਕ ਪਰਾਸ਼ਰ ਨੇ ਟਿਊਬਵੈੱਲ ਲਗਾਉਣ ਦੇ ਪ੍ਰੋਜੈਕਟ ਦੀ ਕੀਤੀ ਸ਼ੁਰੂਆਤ

ਲੁਧਿਆਣਾ, 14 ਨਵੰਬਰ(ਟੀ. ਕੇ.) ਲੁਧਿਆਣਾ ਕੇਂਦਰੀ ਹਲਕੇ ਦੇ ਸਰਵਪੱਖੀ ਵਿਕਾਸ ਲਈ ਕੰਮ ਕਰਦੇ ਹੋਏ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਮੰਗਲਵਾਰ ਨੂੰ ਵਾਰਡ ਨੰਬਰ 74 ਦੇ ਕੁਸ਼ਟ ਆਸ਼ਰਮ (ਪ੍ਰੇਮ ਨਗਰ) ਨੇੜੇ ਟਿਊਬਵੈੱਲ ਲਗਾਉਣ ਦੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ।

ਇਲਾਕੇ ਵਿੱਚ 10.44 ਲੱਖ ਰੁਪਏ ਦੀ ਲਾਗਤ ਨਾਲ 12.5 ਐਚ.ਪੀ. ਦਾ ਟਿਊਬਵੈੱਲ ਲਗਾਇਆ ਜਾ ਰਿਹਾ ਹੈ। ਇਸ ਦਾ ਉਦੇਸ਼ ਇਲਾਕੇ ਵਿੱਚ ਪਾਣੀ ਦੀ ਸਪਲਾਈ ਨੂੰ ਸੁਚਾਰੂ ਬਣਾਉਣਾ ਹੈ।

ਵਿਧਾਇਕ ਪਰਾਸ਼ਰ ਨੇ ਦੱਸਿਆ ਕਿ ਜਲਦੀ ਹੀ ਇਲਾਕਾ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਫ਼ਤ ਮੁਹੱਈਆ ਕਰਵਾਉਣ ਲਈ ਕੁਸ਼ਟ ਆਸ਼ਰਮ ਨੇੜੇ ਇੱਕ ਮੁਹੱਲਾ ਕਲੀਨਿਕ ਦਾ ਉਦਘਾਟਨ  ਵੀ ਕੀਤਾ ਜਾਵੇਗਾ।

ਵਿਧਾਇਕ ਪਰਾਸ਼ਰ ਨੇ ਅੱਗੇ ਦੱਸਿਆ ਕਿ ਲੁਧਿਆਣਾ ਕੇਂਦਰੀ ਹਲਕੇ ਵਿੱਚ ਸੜਕਾਂ ਦੇ ਬੁਨਿਆਦੀ ਢਾਂਚੇ, ਪਾਣੀ-ਸੀਵਰੇਜ ਲਾਈਨਾਂ ਆਦਿ ਨੂੰ ਅਪਗ੍ਰੇਡ ਕਰਨ ਲਈ ਵੱਡੀ ਗਿਣਤੀ ਵਿੱਚ ਵਿਕਾਸ ਪ੍ਰੋਜੈਕਟ ਕੀਤੇ ਜਾ ਰਹੇ ਹਨ।
 
ਵਿਧਾਇਕ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਸਿਧਾਂਤਾਂ 'ਤੇ ਕੰਮ ਕਰਦੇ ਹੋਏ ਵਿਕਾਸ ਕਾਰਜਾਂ ਨੂੰ ਪਾਰਦਰਸ਼ਤਾ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ ਅਤੇ ਵਿਕਾਸ ਕਾਰਜਾਂ ਦੀ ਯੋਜਨਾ ਬਣਾਉਣ ਵੇਲੇ ਸ਼ਹਿਰ ਵਾਸੀਆਂ ਵੱਲੋਂ ਦਿੱਤੇ ਫੀਡਬੈਕ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ।
 
ਵਿਧਾਇਕ ਪਰਾਸ਼ਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹਲਕੇ ਵਿੱਚ ਹੋਰ ਵੀ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਜਾਵੇਗਾ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪ੍ਰਾਜੈਕਟਾਂ ਨੂੰ ਮਿੱਥੇ ਸਮੇਂ ਵਿੱਚ ਮੁਕੰਮਲ ਕਰਨ।