ਨਗਰ ਨਿਗਮ ਵੱਲੋਂ ਸ਼ਹਿਰ ਵਾਸੀਆਂ ਨੂੰ 'ਈਜ਼ ਆਫ਼ ਲਿਵਿੰਗ ਇੰਡੈਕਸ ਸਰਵੇ' ਵਿੱਚ ਭਾਗ ਲੈਣ ਦੀ ਅਪੀਲ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਨਗਰ ਨਿਗਮ ਲੁਧਿਆਣਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕੇਂਦਰੀ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਕੀਤੇ ਜਾ ਰਹੇ ''ਈਜ਼ ਆਫ਼ ਲਿਵਿੰਗ ਇਡੈਕਸ ਅਸੈਸਮੈਂਟ''-ਅ ਸਿਟੀਜ਼ਨ ਪ੍ਰਸੈਪਸ਼ਨ ਸਰਵੇ ਵਿੱਚ ਵਧ ਚੜ ਕੇ ਭਾਗ ਲਿਆ ਜਾਵੇ। ਇਹ ਸਰਵੇ ਦੇਸ਼ ਭਰ ਵਿੱਚ ਸਮਾਰਟ ਸਿਟੀ ਵਜੋਂ ਵਿਕਸਤ ਕੀਤੇ ਜਾ ਰਹੇ ਸ਼ਹਿਰਾਂ ਵਿੱਚ ਕੀਤਾ ਜਾ ਰਿਹਾ ਹੈ। ਜਿਸ ਤਹਿਤ ਵੱਖ-ਵੱਖ ਮਾਪਦੰਡਾਂ ਦੇ ਆਧਾਰ 'ਤੇ ਸ਼ਹਿਰਾਂ ਦੀ ਦਰਜਾਬੰਦੀ ਕੀਤੀ ਜਾਣੀ ਹੈ। ਇਸ ਸੰਬੰਧੀ ਸਥਾਨਕ ਜ਼ੋਨ-ਬੀ ਦਫ਼ਤਰ ਸਥਿਤ ਸੱਦੇ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦਿਆਂ ਵਧੀਕ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਅਤੇ ਜ਼ੋਨਲ ਕਮਿਸ਼ਨਰ-ਕਮ-ਨੋਡਲ ਅਫ਼ਸਰ ਸ੍ਰੀਮਤੀ ਸਵਾਤੀ ਟਿਵਾਣਾ ਨੇ ਦੱਸਿਆ ਕਿ ਇਹ ਸਰਵੇ 1 ਫਰਵਰੀ ਤੋਂ 29 ਫਰਵਰੀ, 2020 ਦਰਮਿਆਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਸ਼ਹਿਰ ਵਾਸੀਆਂ ਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ। ਇਸ ਸੰਬੰਧੀ ਸ਼ਹਿਰ ਵਾਸੀ ਇਸ ਲਿੰਕ  http://xn--eol-yjife5c.org/citi੍ਰenfeedback  'ਤੇ ਕਲਿੱਕ ਕਰਕੇ ਸ਼ਹਿਰ ਦੇ ਬੁਨਿਆਦੀ ਢਾਂਚੇ, ਕਾਨੂੰਨ ਵਿਵਸਥਾ, ਪ੍ਰਦੂਸ਼ਣ ਪੱਧਰ ਅਤੇ ਆਵਾਜਾਈ ਸਹੂਲਤਾਂ ਬਾਰੇ ਸਵਾਲਾਂ ਦੇ ਜਵਾਬ ਦੇ ਸਕਦੇ ਹਨ। ਇਨਾਂ ਸਵਾਲਾਂ ਦੇ ਜਵਾਬਾਂ ਦੇ ਹੀ ਆਧਾਰ 'ਤੇ ਸ਼ਹਿਰਾਂ ਦੀ ਦਰਜਾਬੰਦੀ ਤੈਅ ਹੋਵੇਗੀ। ਅਗਰਵਾਲ ਨੇ ਦੱਸਿਆ ਕਿ ਸ਼ਹਿਰਵਾਸੀਆਂ ਨੂੰ 24 ਵਿਸ਼ਿਆਂ 'ਤੇ ਫੀਡਬੈਕ ਦੇਣੀ ਪਵੇਗੀ, ਜਿਨਾਂ ਵਿੱਚ ਪ੍ਰਸਾਸ਼ਕੀ ਸੇਵਾਵਾਂ, ਸਿੱਖਿਆ, ਸਿਹਤ, ਸਫ਼ਾਈ, ਪਾਣੀ ਸਪਲਾਈ, ਸੁਰੱਖਿਆ, ਆਰਥਿਕ ਮੌਕੇ, ਰੋਜ਼ਗਾਰ, ਸਸਤਾ ਘਰ, ਬਿਜਲੀ ਸਪਲਾਈ, ਟਰਾਂਸਪੋਰਟੇਸ਼ਨ, ਵਾਤਾਵਰਣ, ਜਨਤਕ ਸੇਵਾਵਾਂ, ਜੀਵਨ ਪੱਧਰ ਅਤੇ ਹੋਰ ਸ਼ਾਮਿਲ ਹੋਣਗੇ। ਸ੍ਰੀਮਤੀ ਸਵਾਤੀ ਟਿਵਾਣਾ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਦੇਸ਼ ਵਿੱਚ ਅਜਿਹਾ ਕੋਈ ਸਰਵੇ ਹੋ ਰਿਹਾ ਹੈ, ਜਿਸ ਵਿੱਚ ਸਰਕਾਰ ਵੱਲੋਂ ਸ਼ਹਿਰਵਾਸੀਆਂ ਤੋਂ ਇਮਾਨਦਾਰੀ ਨਾਲ ਸਿੱਧੇ ਤੌਰ 'ਤੇ ਫੀਡਬੈਕ ਮੰਗੀ ਗਈ ਹੈ। ਉਨਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਨੂੰ ਵੀ ਇਸ ਸੰਬੰਧੀ ਫੀਡਬੈਕ ਦੇਣ ਲਈ ਕਿਹਾ ਗਿਆ ਹੈ।