370ਵੇ ਦਿਨ ਚ ਜਗਰਾਉਂ ਰੇਲਵੇ ਪਾਰਕ ਕਿਸਾਨਾਂ ਦਾ ਧਰਨਾ  ਨਿਰੰਤਰ ਜਾਰੀ

ਵੱਡੀ ਗਿਣਤੀ ਵਿੱਚ ਕਿਸਾਨਾਂ ਮਜ਼ਦੂਰਾਂ ਨੇ ਅੱਜ ਦੇ ਧਰਨੇ ਵਿੱਚ ਲਿਆ ਹਿੱਸਾ

1972 ਚ ਮੋਗਾ ਗੋਲੀ ਕਾਂਡ ਦੇ ਸ਼ਹੀਦਾਂ ਨੂੰ ਦਿੱਤੀ ਗਈ ਸ਼ਰਧਾਂਜਲੀ  - ਕਮਲਜੀਤ ਖੰਨਾ  

ਜਗਰਾਉਂ 5 ਅਕਤੂਬਰ (ਜਸਮੇਲ ਗ਼ਾਲਿਬ)  ਅੱਜ 370 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਜਗਰਾਓਂ ਚ ਚੱਲ ਰਹੇ ਨਿਰੰਤਰ ਧਰਨੇ ਚ ਅੱਜ ਵੀ ਵੱਡੀ ਗਿਣਤੀ ਕਿਸਾਨਾਂ ਮਜਦੂਰਾਂ ਨੇ ਭਾਗ ਲਿਆ। ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਚ ਚੱਲ ਰਹੇ ਧਰਨੇ ਚ ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਿਲਾ ਪ੍ਰਧਾਨ ਜੋਗਿੰਦਰ ਸਿੰਘ ਬੁਜਰਗ ਨੇ ਧਰਨੇ ਦੀ ਪ੍ਰਧਾਨਗੀ ਕੀਤੀ। ਇਸ ਸਮੇਂ ਸਭ ਤੋਂ ਪਹਿਲਾ 1972 ਚ ਅੱਜ ਦੇ ਦਿਨ ਪੰਜ ਅਕਤੂਬਰ ਨੂੰ ਮੋਗਾ ਗੋਲੀ ਕਾਂਡ ਚ ਸ਼ਹੀਦ ਹੋਏ ਵਿਦਿਆਰਥੀਆਂ ਹਰਜੀਤ ਅਤੇ ਸਵਰਨ ਸਮੇਤ ਚਾਰ ਹੋਰਾਂ ਦੀ ਸ਼ਹਾਦਤ ਤੇ ਓਨਾਂ ਨੂੰ ਦੋ ਮਿੰਟ ਦਾ ਮੋਨ ਧਾਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ।ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦਿਆਂ ਓਨਾਂ ਤੋਂ ਬਿਨਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਸਕੱਤਰ ਤਰਸੇਮ ਸਿੰਘ ਬੱਸੂਵਾਲ, ਢੋਲਣ ਦੇ ਪ੍ਰਧਾਨ ਹਰਚੰਦ ਸਿੰਘ,  ਜਿਲਾ ਵਿੱਤ ਸਕੱਤਰ ਧਰਮ ਸਿੰਘ ਸੂਜਾਪੁਰ ਨੇ ਬੀਤੇ ਦਿਨੀਂ ਲਖੀਮਪੁਰ ਖੀਰੀ ਘਟਨਾ ਦੇ ਪੀੜਤ ਪਰਿਵਾਰਾਂ ਨਾਲ ਸੰਵੇਦਨਾ ਜਾਹਰ ਕਰਨ ਗਏ ਵਿਰੋਧੀ ਪਾਰਟੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਸਮੇਤ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ,  ਹਰਨੇਕ ਸਿੰਘ ਮਹਿਮਾ ਨੂੰ ਰਸਤੇ ਚ ਰੋਕ ਕੇ ਗ੍ਰਿਫਤਾਰ ਕਰਨ ਦੀ ਸਖਤ ਸ਼ਬਦਾਂ ਚ ਨਿੰਦਾ ਕਰਦਿਆਂ ਇਸ ਨੂੰ ਸਿਰੇ ਦਾ ਗੈਰਜਮਹੂਰੀ ਤੇ ਗੈਰਸੰਵਿਧਾਨਕ ਕਦਮ ਕਰਾਰ ਦਿੱਤਾ।  ਉਨਾਂ ਕਿਹਾ ਕਿ ਯੋਗੀ ਤੇ ਮੋਦੀ ਹਕੂਮਤ ਵਲੋਂ 9 ਬੇਕਸੂਰ ਲੋਕਾਂ ਦੀ ਜਾਨ ਲੈਣ ਦਾ ਜੋ ਖਤਰਨਾਕ ਕੁਕਰਮ ਕੀਤਾ  ਗਿਆ ਹੈ ਇਸ ਦਾ ਸਿਆਸੀ ਇਵਜਾਨਾ ਦੇਸ਼ ਦੇ ਲੋਕ ਜਰੂਰ ਹਾਸਲ ਕਰਨਗੇ।ਉਨਾਂ ਸਾਰੇ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਜੋਰਦਾਰ ਮੰਗ ਕੀਤੀ।ਇਸ ਸਮੇਂ ਬੋਲਦਿਆਂ ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਇਸ ਅਤਿਅੰਤ ਮੰਦਭਾਗੀ ਘਟਨਾ ਤੇ ਪੂਰੇ ਸੰਸਾਰ ਨੇ ਦੁੱਖ ਪ੍ਰਗਟਾਇਆ ਹੈ ਪਰ ਦੇਸ਼ ਦੇ  ਪ੍ਰਧਾਨ ਮੰਤਰੀ ਦਾ ਮੁੰਹ ਠਾਕਿਆ ਗਿਆ ਜਿਸ ਨੇ ਅਜੇ ਤਕ ਅਫਸੋਸ ਦਾ  ਇਕ ਸ਼ਬਦ ਵੀ ਮੂੰਹੋਂ ਨਹੀਂ ਕੱਢਿਆ। ਉਨਾਂ ਸੁਪਰੀਮ ਕੋਰਟ ਨੂੰ ਇਕ ਸਾਲ ਬਾਅਦ ਆਈ ਜਾਗ ਦਾ ਵੀ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਕਾਲੇ ਕਨੂੰਨਾਂ ਨੂੰ ਰੋਕਣ ਦਾ ਮੁੱਦਾ ਨਹੀਂ ਹੈ, ਸਗੋਂ ਮੁੱਦਾ ਸਿਰਫ ਤੇ ਸਿਰਫ ਰੱਦ ਕਰਨ ਦਾ ਹੈ।  ਕਿਸਾਨਾਂ ਨੇ  700 ਤੋਂ ਉਪਰ ਕੁਰਬਾਨੀਆਂ ਦੇ ਕੇ ਇਸ ਸੰਘਰਸ਼ ਚ ਇਕ ਕੀਤਾ ਦਿਨ ਰਾਤ ਸੁਪਰੀਮ ਕੋਰਟ ਦੀਆਂ ਘੁਰਕੀਆਂ ਸੁਨਣ ਲਈ ਨਹੀਂ ਕੀਤਾ।ਉਨਾਂ ਨੋਇਡਾ ਦੀ ਇਕ ਬੀਬੀ ਵਲੋਂ ਪਾਈ ਰਿੱਟ ਤੇ ਕਿਸਾਨ ਜਥੇਬੰਦੀਆਂ ਨੂੰ ਨੋਟਿਸ ਜਾਰੀ ਕਰਨ ਦੀ ਵੀ ਨਿੰਦਾ ਕੀਤੀ ਕਿ ਪੱਖਪਾਤ ਤੇ ਖੜੀ ਕੋਰਟ ਨੂੰ ਇਸ ਅਤਿਅੰਤ ਸੰਵੇਦਨਸ਼ੀਲ ਮਸਲੇ ਚ ਨਿਰਪੱਖਤਾ ਤੋਂ ਹੀ ਕੰਮ ਲੈਣਾ ਚਾਹੀਦਾ ਹੈ। ਇਕ ਪਾਸੇ ਮੋਦੀ ਸਰਕਾਰ ਸੰਘਰਸ਼ ਨੂੰ ਖੂਨ ਚ ਡੋਬਣ ਦੀ ਗੰਦੀ ਖੇਡ ਖੇਡ ਰਹੀ ਹੈ ਤੇ ਦੂਜੇ ਬੰਨੇ ਕਾਨੂੰਨ ਨੂੰ ਕਠਪੁਤਲੀ ਬਣਾ ਰਹੀ ਹੈ।ਇਸ ਸਮੇਂ ਇਕ ਮਤੇ ਰਾਹੀਂ ਸ਼ਹੀਦ ਕਿਸਾਨਾਂ ਦੇ ਨਾਲ ਗੁੰਡਾਗਰਦੀ ਦਾ ਸ਼ਿਕਾਰ ਹੋਏ ਇਕ ਪੱਤਰਕਾਰ ਦੀ ਮੌਤ ਤੇ ਵੀ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ।ਇਸ ਸਮੇਂ ਦਰਸ਼ਨ ਸਿੰਘ ਗਾਲਬ, ਜਗਦੀਸ਼ ਸਿੰਘ,  ਬੰਤਾ ਸਿੰਘ ਡੱਲਾ , ਬਲਬੀਰ ਸਿੰਘ ਅਗਵਾੜ ਲੋਪੋ, ਦਲਜੀਤ ਸਿੰਘ ਰਸੂਲਪੁਰ ਆਦਿ ਹਾਜਰ ਸਨ।