ਕਰੇ ਕਰਾਵੇ ਆਪੇ ਆਪ  ( ਹੱਡਬੀਤੀ) ✍️ ਸੁਖਵਿੰਦਰ ਕੌਰ ਫਰੀਦਕੋਟ

ਗੱਲ ਬਹੁਤ ਪੁਰਾਣੀ ਹੈ ਮੈਂ ਉਸ ਸਮੇਂ ਨੌਵੀਂ-ਦਸਵੀਂ ਵਿੱਚ ਪੜਦੀ ਸੀ। ਮੈਂ ਤੇ ਮੇਰੀ ਭੈਣ ਦੀਪ ਬਜਾਰ ਤੋ ਵਾਪਸ ਆ  ਰਹੀਆ ਸੀ। ਰੇਲਵੇ ਲਾਇਨਾਂ ਪਾਰ ਕਰਦਿਆ ਮੁਲਤਾਨੀਆ ਪੁੱਲ ਦੇ ਹੇਠਾਂ ਦੀ ਲਾਇਨਾਂ ਟੱਪਣ ਵੇਲੇ ਇੱਕ ਮੁਸਾਫਰ ਗੱਡੀ ਬੜੀ ਤੇਜੀ ਨਾਲ ਲੰਘ ਰਹੀ ਸੀ। ਸਾਰੇ ਲੋਕ ਗੱਡੀ ਲੰਘਣ ਦਾ ਇੰਤਜਾਰ ਕਰਦਿਆ ਖੜ੍ਹੇ ਸਨ। ਇੰਨੇ ਵਿੱਚ ਇੱਕ ਗਾਂ ਤੇਜੀ ਨਾਲ ਉੱਥੇ ਆਈ ਤੇ ਭੀੜ ਨੂੰ ਚੀਰਦਿਆਂ ਰੇਲ ਗੱਡੀ ਵੱਲ ਤੇਜੀ ਨਾਲ ਵੱਧ ਰਹੀ ਸੀ। ਉੱਥੇ ਖੜ੍ਹੇ ਸਭ ਲੋਕਾਂ ਨੂੰ ਲੱਗ ਰਿਹਾ ਸੀ ਕਿ ਖਾਲੀ ਹੱਥ ਖੜੇ ਗਾਂ ਨੂੰ ਉਧਰ ਵੱਲ ਜਾਂਦਿਆ ਕਿਵੇਂ ਰੋਕਿਆ ਜਾਵੇ। ਹਰ ਖੜੇ ਇਨਸਾਨ ਦੇ ਮੱਥੇ ਗਾਂ ਤੋਂ ਡਰਦਿਆ ਤੇ ਉਸਦੇ ਰੇਲ ਦੇ ਥੱਲੇ ਆਉਣ ਦੀ ਚਿੰਤਾ ਸਾਫ ਦਿਖਾਈ ਦੇ ਰਹੀ ਸੀ। ਉਸ ਸਮੇਂ ਮੇਰੇ ਮਨ ਵਿੱਚ ਪਤਾ ਨਹੀਂ ਕੀ ਆਇਆ ਕਿ ਮੈਂ ਹੱਥ ਵਿੱਚ ਫੜੀ ਦਰਜ਼ਨ ਕੇਲਿਆਂ ਵਿਚੋਂ ਇੱਕ-ਇੱਕ ਕੇਲਾ ਤੋੜ ਕੇ ਉਸ ਗਾਂ ਨੂੰ  ਖੁਆਉਣਾ ਸ਼ੁਰੂ ਕੀਤਾ। ਰੇਲ ਗੱਡੀ ਲੰਘਦਿਆਂ ਲੰਘਦਿਆਂ ਮੈ ਗਾਂ ਨੂੰ ਵਾਰੀ-ਵਾਰੀ ਪੰਜ ਕੇਲੇ ਖੁਆ ਦਿੱਤੇ। ਇਸ ਤਰਾਂ ਮੈਨੂੰ ਕਰਦਿਆ ਆਪ ਵੀ ਨਹੀਂ ਪਤਾ ਲੱਗਿਆ ਕਿ ਇਹ ਕੰਮ ਮੈਂ ਉਸ ਸਮੇਂ ਕਿਵੇਂ ਕਰ ਲਿਆ? ਜਿਸ ਗਾਂ ਤੋਂ ਮੈਂ ਬਹੁਤ ਡਰ ਰਹੀ ਸੀ ਤੇ ਉੱਥੇ ਖੜੀ ਸਾਰੀ ਭੀੜ ਨਾਲੇ ਡਰ ਰਹੀ ਸੀ ਤੇ ਇਹ ਸੋਚ ਰਹੀ ਸੀ ਕਿ ਗਾਂ ਹੁਣੇ ਹੀ ਗੱਡੀ ਥੱਲੇ ਸਿਰ ਦੇ ਲਹੂ ਲੁਹਾਨ ਹੋ ਜਾਵੇਗੀ ਪਰ ਬੇਬਸ ਸੀ।ਰੇਲ ਗੱਡੀ ਲੰਘਣ ਬਆਦ ਗਾਂ ਨੂੰ ਸਲਾਮਤ ਦੇਖ ਸਭ ਹੈਰਾਨ ਵੀ ਸਨ ਤੇ ਖੁਸ਼ ਵੀ ।ਸਾਰੇ ਮੇਰੇ ਵਲ ਮਾਣ ਨਾਲ ਦੇਖ ਰਹੇ ਸਨ,

 ਕਈ ਵਾਰ ਜਿੰਦਗੀ ਵਿੱਚ ਕੁੱਝ ਘਟਨਾਵਾਂ ਬੜੀ ਤੇਜੀ ਨਾਲ ਵਾਪਰ ਜਾਂਦੀਆਂ ਹਨ ਉਹਨਾਂ ਬਾਰੇ ਸਾਨੂੰ ਕਦੇ ਕਿਸੇ ਨੇ ਸਿਖਲਾਈ ਨਹੀਂ ਦਿੱਤੀ ਹੁੰਦੀ ਨਾ ਹੀ ਕਦੇ ਅਸੀਂ ਅਜਿਹਾ ਕਰਨ ਬਾਰੇ ਸੋਚਦੇ ਹਾਂ। ਪਰ ਕੁਦਰਤ ਆਪ ਹੀ ਇਹੋ ਜਿਹੇ ਕੰਮ ਸਾਡੇ ਕੋਲੋ ਕਰਵਾ ਲੈਂਦੀ ਹੈ।     2019 ਇਸੇ ਤਰਾਂ ਦੀ ਇੱਕ ਹੋਰ ਘਟਨਾ ਮੇਰੀ ਜਿੰਦਗੀ ਵਿੱਚ ਵਾਪਰੀ, ਮੈਂ ਠੰਡੀ ਸੜਕ ਰਾਹੀ ਬਸ ਸਟੈਂਡ ਜਾ ਰਹੀ ਸੀ, ਜਿੱਥੇ ਬਰਨਾਲੇ ਜਾਣ ਲਈ ਮੇਰੀ ਭੈਣ ਚਰਨਜੀਤ ਕੋਟਕਪੂਰੇ ਤੋਂ ਆ ਕੇ ਮੇਰਾ ਇੰਤਜਾਰ ਕਰ ਰਹੀ ਸੀ। ਰਸਤੇ ਵਿੱਚ ਇੱਕ ਕਾਰ, ਇੱਕ ਮੋਟਰ ਸਾਇਕਲ ਦੇ ਵਿੱਚ ਵੱਜੀ ਉਹ ਆਦਮੀ ਤੇ ਉਸਦਾ ਬੈਗ ਸੜਕ ਤੇ ਡਿੱਗ ਪਿਆ। ਮੈਂ ਆਪਣੀ ਐਕਟਿਵਾ ਜਿਸ ਦੇ ਅੱਗੇ ਮੇਰਾ ਪਰਸ ਵੀ ਪਿਆ ਸੀ, ਸੜਕ ਦੇ ਕਿਨਾਰੇ ਸਟਾਰਟ ਹੀ ਖੜੀ ਛਡਦਿਆ। ਉਸ ਆਦਮੀ ਵੱਲ ਵਧੀ ਜੋ ਡਿੱਗ ਚੁੱਕਿਆ ਸੀ, ਮੈਂ ਹਮਦਰਦੀ ਜਾਹਿਰ ਕਰਦਿਆ ਪੁੱਛ ਰਹੀ ਸੀ ਵੀਰ ਜੀ ਕਿਤੇ ਸੱਟ ਤਾਂ ਨਹੀਂ ਵੱਜੀ, ਉਨ੍ਹਾ ਮੇਰੀ ਗੱਲ ਸੁਣੇ ਬਿਨ੍ਹਾਂ ਗਾਲਾਂ ਕੱਢਦਿਆ ਸੜਕ ਤੇ ਪਈ ਅੱਧੀ ਇੱਟ ਚੁੱਕੀ ਅਤੇ ਕਾਰ ਵਾਲੇ ਮਾਸੂਮ ਜਿਹੇ ਮੁੰਡਾ  ਦੇ   ਮਾਰਨ ਲੱਗਾ   ਜੋ ਥਰ-ਥਰ ਕੰਬਦਾ ਹੱਥ ਜੋੜਦਾ ਤਰਲੇ ਮਿੰਨਤਾ ਕਰ ਰਿਹਾ ਸੀ। ਪਰ ਉਹ ਸ਼ਖਸ ਹੱਥ ਵਿੱਚ ਇੱਟ ਫੜਾ ਕਾਰ ਤੇ ਜੋਰ-ਜੋਰ ਨਾਲ ਮਾਰਨ  ਹੀ ਲੱਗਿਆ  ਸੀ ,ਮੈਨੂੰ ਪਤਾ ਨਹੀਂ ਕੀ ਹੋਇਆ ਮੈਂ ਉਸ ਸ਼ਖਸ ਦੀਆਂ ਦੋਨੇ ਬਾਹਵਾਂ ਫੜ ਉਸ ਦੇ ਅੱਗੇ ਹੋ ਉਸ ਲੜਕੇ ਲਈ ਜੋ ਕਾਰ ਵਿੱਚ ਬੈਠਾ ਮਿੰਨਤਾ ਕਰ ਰਿਹਾ ਸੀ, ਉਸ ਤੇ ਰਹਿਮ ਕਰਨ ਲਈ ਕਹਿ ਰਹੀ ਸੀ। ਮੈਂ ਇਸ ਤਰਾਂ ਮਿੰਨਤਾ ਕਰ ਰਹੀ ਸੀ, ਜਿਵੇਂ ਮੈਂ ਹੀ ਅਪਰਾਧੀ ਹੋਵਾਂ ਤੇ ਕਹਿ ਰਹੀ ਸੀ ਵੀਰ ਜੀ ਮੁਆਫ ਕਰ ਦੇਵੋ, ਗਲਤੀ ਤਾਂ ਕਿਸੇ ਤੋਂ ਵੀ ਹੋ ਸਕਦੀ ਹੈ, ਨਾਂ ਵੀਰੇ  ਐਂਵੇ ਨਾ ਕਰੋ ਦੇਖ ਉਹ ਤੇਰੀਆਂ ਕਿਵੇਂ  ਮਿੰਨਤਾਂ ਕਰ ਰਿਹਾ ਹੈ  ਮੇਰੀਆ ਮਿੰਨਤਾ ਕਰਦਿਆ ਉੱਥੇ ਦੇਖਦਿਆ-ਦੇਖਦਿਆ ਕਾਫੀ ਇੱਕਠ ਹੋ ਗਿਆ। ਭੀੜ ਵਿੱਚ ਖੜੇ ਲੋਕ ਸਮਝ ਰਹੇ ਸਨ ਕਿ ਉਹ ਮੇਰੇ ਨਾਲ ਲੜ ਰਿਹਾ ਹੈ ਤੇ ਕਾਰ ਵਾਲਾ ਹਟਾ ਰਿਹਾ ਹੈ। ਮੈਂ ਉੱਥੇ ਖੜੀ ਭੀੜ ਨੂੰ ਕਿਹਾ ਇਹ ਮੇਰੇ ਨਾਲ ਨਹੀਂ ਲੜ ਰਿਹਾ,  ਕਾਰ ਵਾਲੇ ਨਾਲ ਲੜ ਰਿਹਾ, ਕਾਰ ਵਾਲੇ ਨੂੰ ਕੁੱਟ ਰਿਹਾ। ਤੁਸੀਂ ਵੀ ਇਹਨੂੰ ਕਹੋ ਉਸ ਗਲਤੀ ਮੰਨਦੇ ਇਨਸਾਨ ਨੂੰ ਮੁਆਫ ਕਰ ਦੇਵੇ।  ਮੇਰੀ ਗਲ ਸੁਣ ਉਂਥੇ  ਖੜੇ ਲੋਕ ਵੀ ਉਸ ਨੂੰ ਸਮਝਾਉਣ ਲਗੇ ਕਿ ਕੋਈ ਜਾਣਬੁੱਝ ਕੇ ਗਲਤੀ ਨਹੀ ਕਰਦਾ  ,ਜਦੋਂ ਮੈਨੂੰ ਉਸਦਾ ਗੁੱਸਾ ਸ਼ਾਂਤ ਹੁੰਦਾ ਦਿਸਿਆ ਤੇ ਲੱਗਾ ਹੁਣ  ਉਹ ਉਸ ਮੁੰਡੇ ਨੂੰ ਨਹੀ ਨਹੀਂ ਕੁੱਟਦਾ ਕਾਰ ਵਾਲੇ ਨੂੰ। ਫਿਰ ਜਾ ਕੇ ਆਪਣੀ ਐਕਟਿਵਾ ਜੋ ਬੰਦ ਵੀ ਨਹੀਂ ਸੀ ਕੀਤੀ ਸਟਾਰਟ ਖੜੀ ਸੀ ਤੇ ਉਸਤੇ ਅੱਗੇ ਪਰਸ ਪਿਆ ਸੀ, ਜੋ ਆਸਾਨੀ ਨਾਲ ਕੋਈ ਚੁੱਕ ਕੇ ਲੈ ਜਾ ਸਕਦਾ ਸੀ ਯਾਦ ਆਇਆ। ਮੈਨੂੰ ਬਾਅਦ ਵਿੱਚ ਆਪਣੀ ਇਸ ਮੂਰਖਤਾ ਤੇ ਹਾਸਾ ਵੀ ਆਇਆ ਤੇ ਮਾਣ ਵੀ ਮਹਿਸੂਸ ਹੋਇਆ ਕਿ ਮੈਂ ਕਾਰ ਵਾਲੇ ਮੁੰਡੇ ਨੂੰ ਕੁੱਟ ਤੋਂ ਬਚਾ ਲਿਆ ਹੈ, ਪਰ ਜਿਸ ਢੰਗ ਨਾਲ ਮੈਂ ਗੁੱਸੇ ਭਰੇ ਆਦਮੀ ਦੀਆਂ ਦੋਹੇਂ ਬਾਹਵਾਂ ਫੜ ਕੇ ਸੜਕ ਤੇ ਖੜੀ ਸੀ, ਉਸ ਸੀਨ ਨੂੰ ਯਾਦ ਕਰਦਿਆ ਬੜਾ ਹਾਸਾ ਆਉਂਦਾ ਹੈ। ਇਹ ਸਭ ਕੁਦਰਤ ਹੀ ਕਰਵਾ ਦਿੰਦੀ ਹੈ ਕੋਈ ਕਿਸੇ ਨੂੰ ਨਹੀਂ ਬਚਾ ਸਕਦਾ। ਮੈਂ ਸੁਭਾਅ ਵਜੋਂ ਸ਼ਾਤ ਤੇ ਡਰਾਕਲ ਹੀ ਹਾਂ, ਛੇਤੀ ਕਿਸੇ ਨਾਲ ਬਹਿਸ ਜਾ ਲੜਾਈ ਨਹੀਂ ਕਰਦੀ, ਜਿਥੋਂ ਤਕ ਹੋ ਸਕੇ  ਨਿਮਰਤਾ  ਨਾਲ ਚੱਲਦੀ ਹਾਂ, ਪਰ ਉਸ ਦਿਨ ਇਹ ਦਲੇਰੀ ਤੇ ਜੋਸ਼ ਕਿਥੋਂ ਆਇਆਂ ਪਤਾ ਨਹੀਂ,  ਕੁਝ ਕੰਮ ਪਰਮਾਤਮਾ ਆਪੇ ਹੀ ਕਰਵਾ ਲੈਂਦਾ ਹੈ ਇਨਸਾਨ ਉਸ ਦੇ ਹਥਾਂ ਵਿੱਚ ਕਠਪੁਤਲੀ ਵਾਗ ਹੈ ਜੇ ਪਰਮਾਤਮਾ ਚਾਹੇ ਪਿੰਗਲੇ ਵੀ ਪਰਬਤਾਂ ਉੱਤੇ ਚੜ ਜਾਂਦੇ ਹਨ, ਭਿਖਾਰੀ ਵੀ ਰਾਜ ਕਰ ਲੈਂਦੇ ਹਨ  ਜਿਵੇਂ ਗੁਰਬਾਣੀ ਵਿੱਚ ਕਹਿੰਦੇ ਹਨ ਕਰੇ ਕਰਾਵੇ ਆਪੇ ਆਪ ,ਮਾਨਸ ਕੇ ਕਿਛੁ ਨਾਂਹੀ ਹਾਥ            

 ਸੁਖਵਿੰਦਰ ਕੌਰ ਫਰੀਦਕੋਟ,8146933733,