ਅਨਮੋਲ ਮੋਤੀ  (ਮਿੰਨੀ ਕਹਾਣੀ ) ✍️ ਮਨਪ੍ਰੀਤ ਕੌਰ ਭਾਟੀਆ ਐਮ. ਏ, ਬੀ .ਐਡ

                                                           "ਰਾਜ,ਰਾਜ… ਤੈਨੂੰ ਇੱਕ ਗੱਲ ਪੁੱਛਾਂ?" ਮੀਨੂੰ ਨੇ ਡਰਦਿਆਂ ਡਰਦਿਆਂ ਕਿਹਾ। 

"ਹਾਂ, ਕਿਉਂ ਨਹੀਂ?" ਰਾਜ ਇੱਕ ਟੱਕ ਉਸ ਨੂੰ ਵੇਖਣ ਲੱਗਾ।

"ਰਾਜ…. ਤੂੰ ਉਸ ਦਿਨ…. ਕਿਹਾ ਸੀ ਨਾ….ਕਿ…. ਮੈਂ ਤੈਨੂੰ ਬੇਹੱਦ…. ਪਿਆਰ ਕਰਦਾ ਵਾਂ।" ਮੀਨੂੰ ਅਟਕ ਅਟਕ ਕੇ ਮਸਾਂ ਹੀ ਬੋਲ ਪਾਈ।

"ਹਾਂ, ਤੇ ਮੈਂ ਕਿਹੜਾ ਕੁੱਝ ਗਲਤ ਕਿਹਾ ਸੀ।"

              "ਪਰ.... ਤੈਨੂੰ ਪਤੈ.....। ..... ਜਦੋਂ ਮੈਂ ਆਪਣੀਆਂ ਸਹੇਲੀਆਂ ਨੂੰ ਇਸ ਬਾਰੇ ਦੱਸਿਆ  ਤਾਂ ਉਹ ਹੱਸਣ ਲੱਗੀਆਂ ਤੇ ਕਹਿੰਦੀਆ, " ਇਮਪੋਸੀਬਲ,  ਤੇਰੇ ਵਰਗੀ ਦਾਗੋ -ਦਾਗ ਚਿਹਰੇ ਵਾਲੀ ਕਰੂਪ ਲੜਕੀ ਨਾਲ ਕੋਈ ਪਿਆਰ......ਕਰ....ਕਰ ਹੀ ਨਹੀਂ ਸਕਦਾ .....।" ਕਹਿੰਦੇ -ਕਹਿੰਦੇ ਮੀਨੁ ਦਾ ਗੱਚ ਭਰ ਆਇਆ ਤੇ ਉਹ ਅੰਤਿਮ ਵਾਕ ਮਸਾਂ ਹੀ ਬੋਲ ਸਕੀ।

          "ਝੱਲੀ,ਝੱਲੀ ਏ ਤੂੰ ਤਾਂ । ਤੈਨੂੰ ਜਿਨ੍ਹਾਂ ਕੁੜੀਆਂ ਨੇ ਕਿਹੈ  ਉਹ ਜਰੂਰ ਫੈਸ਼ਨਪ੍ਰਸਤ ਹੋਣਗੀਆਂ । ਹੈ ਨਾ?"

  "ਹਾਂ.......ਪਰ ਤੈਨੂੰ ਕਿਵੇਂ.....ਕਿਵੇਂ ...?"

           "ਕਿਉਂਕਿ ਅਜਿਹੇ ਲੋਕ ਸਿਰਫ ਤਨ ਨੂੰ ਹੀ ਸ਼ਿੰਗਾਰਨਾ ਜਾਣਦੇ ਹਨ । ਮਨ ਨੂੰ ਨਹੀਂ। ਇੱਕ ਸੱਚਾ ਤੇ ਸੁੰਦਰ ਮਨ ਤੇਰੇ ਕੋਲ ਹੈ , ਸਿਰਫ ਤੇਰੇ ਕੋਲ । ਤੇ ਮੈਨੂੰ ਇਸ ਮਨ ਨਾਲ ਬੇਹੱਦ ਪਿਆਰ ਹੈ। ਸਿਰਫ ਪਿਆਰ ਹੀ ਨਹੀਂ ਨਾਜ਼ ਹੈ ਮੈਨੂੰ ਇਸ ਮਨ ਤੇ।" 

        ਕਹਿੰਦੇ- ਕਹਿੰਦੇ ਰਾਜ ਭਾਵੁਕ ਹੋ ਉਠਿਆ। ਤੇ ਸਹਿਜ ਸੁਭਾਅ ਹੀ ਉਸਦੇ ਹੰਝੂ ਛਲਕ ਕੇ ਉਸਦੀਆਂ ਗੱਲ੍ਹਾਂ ਤੇ ਉੱਤਰ ਆਏ। 

        ਮੀਨੂੰ ਜੋ ਕਾਫੀ ਚਿਰ ਤੋਂ ਇੱਕ ਟੱਕ ਰਾਜ ਨੂੰ ਦੇਖ ਰਹੀ ਸੀ , ਨੂੰ ਇਹ ਹੰਝੂ ਪਿਆਰ ਦੇ ਅਨਮੋਲ ਮੋਤੀ ਜਾਪੇ। ਜੋ ਖੁਦਾ ਨੇ ਖੁਦ ਉਸਨੂੰ ਤੋਹਫੇ ਵਜੋਂ ਦਿੱਤੇ ਹੋਣ।

ਲੇਖਿਕਾ ਮਨਪ੍ਰੀਤ ਕੌਰ ਭਾਟੀਆ,

 ਐਮ. ਏ, ਬੀ .ਐੱਡ।

ਫ਼ਿਰੋਜ਼ਪੁਰ ਸ਼ਹਿਰ।