ਚੰਡੀਗੜ੍ਹ 19 ਜਨਵਰੀ ( ਗੁਰਕਿਰਤ ਜਗਰਾਓਂ/ ਮਨਜਿੰਦਰ ਗਿੱਲ ) ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਜ਼ੀਰਾ ਸ਼ਰਾਬ ਫੈਕਟਰੀ ਬੰਦ ਕਰਨ ਦੇ ਕੀਤੇ ਗਏ ਐਲਾਨ ਨੂੰ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਸੂਝਵਾਨ ਸਿਦਕੀ ਲੋਕਾਂ ਦੁਆਰਾ ਲੜੇ ਗਏ ਸਾਂਝੇ ਸੰਘਰਸ਼ ਦੀ ਸ਼ਾਨਦਾਰ ਮੁੱਢਲੀ ਜਿੱਤ ਕਰਾਰ ਦਿੱਤਾ ਗਿਆ ਹੈ। ਇਸ ਸੰਬੰਧੀ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਯਾਦ ਕਰਵਾਇਆ ਕਿ ਇਸ ਹੱਕੀ ਮੰਗ ਖਾਤਰ ਕੜਾਕੇ ਦੀ ਠੰਢ ਅਤੇ ਪਿੰਡੇ ਲੂੰਹਦੀ ਗਰਮੀ ਵਿੱਚ ਰੋਜ਼ਾਨਾ ਸੈਂਕੜਿਆਂ ਦੀ ਤਾਦਾਦ 'ਚ ਛੇ ਮਹੀਨੇ ਦਿਨ ਰਾਤ ਲਾਏ ਗਏ ਧਰਨੇ ਨੂੰ ਮਾਨ ਸਰਕਾਰ ਨੇ ਨਾ ਸਿਰਫ ਨਜ਼ਰਅੰਦਾਜ਼ ਕੀਤਾ ਅਤੇ ਝੂਠੇ ਬਿਰਤਾਂਤ ਸਿਰਜੇ ਸਗੋਂ ਪੁਲ਼ਸ ਜਬਰ ਦੇ ਜ਼ੋਰ ਖਦੇੜਨ ਲਈ ਵੀ ਟਿੱਲ ਲਾਇਆ ਸੀ। ਪ੍ਰੰਤੂ ਸਿਰੜੀ ਲੋਕਾਂ ਦੇ ਅਣਲਿਫ ਸਿਦਕੀ ਵਿਰੋਧ ਅੱਗੇ ਆਪਣੀ ਪੇਸ਼ ਨਾ ਚਲਦੀ ਦੇਖ ਕੇ ਸਰਕਾਰ ਨੂੰ ਇਹ ਹੱਕੀ ਮੰਗ ਮੰਨਣ ਲਈ ਮਜਬੂਰ ਹੋਣਾ ਪਿਆ ਹੈ। ਦਿੱਲੀ ਕਿਸਾਨ ਮੋਰਚੇ ਦੇ ਝਲਕਾਰੇ ਪੇਸ਼ ਕਰਦੇ ਇਸ ਜੇਤੂ ਘੋਲ਼ ਵਿੱਚ ਆਪੋ ਆਪਣੇ ਵਿਤ ਅਨੁਸਾਰ ਸ਼ਾਮਲ ਹਰ ਤਬਕੇ ਅਤੇ ਵੱਖ ਵੱਖ ਵਿਚਾਰਾਂ ਦੀਆਂ ਜਥੇਬੰਦੀਆਂ ਦਾ ਯੋਗਦਾਨ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਫਿਰ ਵੀ 'ਦੇਰ ਆਇਦ ਦਰੁਸਤ ਆਇਦ' ਦੇ ਕਥਨ ਅਨੁਸਾਰ ਇਸ ਫੈਸਲੇ ਦਾ ਸਵਾਗਤ ਕਰਨਾ ਬਣਦਾ ਹੈ। ਇਸਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਫੈਕਟਰੀ ਪ੍ਰਦੂਸ਼ਣ ਦੀ ਤਬਾਹੀ ਅਤੇ ਸਰਕਾਰੀ ਜਬਰ ਦੌਰਾਨ ਉੱਭਰੀਆਂ ਮੰਗਾਂ ਮੰਨੇ ਜਾਣ ਤੱਕ ਇਹ ਅੰਦੋਲਨ ਕਿਸੇ ਨਾ ਕਿਸੇ ਢੁੱਕਵੇਂ ਰੂਪ ਵਿੱਚ ਜਾਰੀ ਰਹੇਗਾ, ਜਿਸਦਾ ਫੈਸਲਾ ਸਾਂਝਾ ਮੋਰਚਾ ਸੰਚਾਲਨ ਕਮੇਟੀ ਅਤੇ ਸਮੂਹ ਜਥੇਬੰਦੀਆਂ ਦੀ ਸਾਂਝੀ ਰਾਇ ਅਨੁਸਾਰ ਕੀਤਾ ਜਾਵੇਗਾ। ਇਨ੍ਹਾਂ ਮੰਗਾਂ ਵਿੱਚ ਦਰਜਨਾਂ ਅੰਦੋਲਨਕਾਰੀਆਂ ਸਿਰ ਮੜ੍ਹੇ ਪੁਲਿਸ ਕੇਸ ਰੱਦ ਕਰਨ, ਪ੍ਰਦੂਸ਼ਣ ਕਾਰਨ ਫੈਲੀਆਂ ਭਿਆਨਕ ਬਿਮਾਰੀਆਂ ਨਾਲ ਪਰਵਾਰਕ ਜੀਆਂ ਜਾਂ ਪਸ਼ੂਆਂ ਦੀਆਂ ਹੋਈਆਂ ਮੌਤਾਂ ਅਤੇ ਫ਼ਸਲਾਂ ਦੀ ਬਰਬਾਦੀ ਦਾ ਢੁਕਵਾਂ ਮੁਆਵਜ਼ਾ ਪੀੜਤ ਲੋਕਾਂ ਨੂੰ ਦੇਣ ਅਤੇ ਇਹ ਕਹਿਰ ਵਰਤਾਉਣ ਦੇ ਦੋਸ਼ੀ ਫੈਕਟਰੀ ਮਾਲਕ ਤੇ ਪ੍ਰਬੰਧਕਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਵਰਗੀਆਂ ਹੱਕੀ ਮੰਗਾਂ ਸ਼ਾਮਲ ਹਨ।
ਜਾਰੀ ਕਰਤਾ:- ਜੋਗਿੰਦਰ ਸਿੰਘ ਉਗਰਾਹਾਂ,
ਸੁਖਦੇਵ ਸਿੰਘ ਕੋਕਰੀ ਕਲਾਂ