ਪੰਜਾਬ

ਪੰਜਾਬ ਦੇ ਪ੍ਰਾਇਮਰੀ ਅਧਿਆਪਕਾਂ ਦੀ ਰੈਸਨੇਲਾਈਜੇਸ਼ਨ ਸਰਕਾਰ ਸੋਚ ਸਮਝ ਕੇ ਕਰੇ: ਈਟੀਟੀ ਅਧਿਆਪਕ ਯੂਨੀਅਨ ਪੰਜਾਬ

ਪੰਜਾਬ ਭਰ ਦੇ ਅਧਿਆਪਕਾਂ ਤੇ ਉਨ੍ਹਾਂ ਦੇ ਪਰਿਵਾਰਾਂ 'ਚ ਪੈਦਾ ਹੋ ਰਹੇ ਤਨਾਅ ਨੂੰ ਪੰਜਾਬ ਸਰਕਾਰ ਤੁਰੰਤ ਦੂਰ ਕਰੇ : ਜਸਵਿੰਦਰ ਸਿੱਧੂ, ਸੂਬਾ ਪ੍ਰਧਾਨ।

ਚੰਡੀਗੜ੍ਹ, 13 ਅਗਸਤ (ਜਨ ਸ਼ਕਤੀ ਨਿਊਜ਼ ਬਿਊਰੋ )  ਪੰਜਾਬ ਰਾਜ ਦੀ ਸਿੱਖਿਆ ਨੀਤੀ ਨੂੰ ਉੱਪਰ ਚੁੱਕਣ ਹਿੱਤ ਜਿੱਥੇ ਪੰਜਾਬ ਸਰਕਾਰ ਇੱਕ ਪਾਸੇ ਸੋਸ਼ਲ ਮੀਡੀਆ ਰਾਹੀਂ ਸੂਬੇ ਭਰ ਵਿੱਚ ਆਪਣੀ ਧਾਕ ਜਮਾਉਣ ਵਿੱਚ ਲੱਗੀ ਹੋਈ ਹੈ, ਉੱਥੇ ਦੂਜੇ ਪਾਸੇ ਪੰਜਾਬ ਭਰ ਦੇ ਸਕੂਲਾਂ ਅੰਦਰ ਰੈਸਨੇਲਾਈਜੇਸ਼ਨ ਦੇ ਨਾਮ ਤੇ ਰਾਜ ਭਰ ਦੇ ਸਰਕਾਰੀ ਸਕੂਲਾਂ 'ਚ ਸੈਂਕੜੇ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਖਤਮ ਕਰ ਕੇ ਉਨ੍ਹਾਂ ਨੂੰ ਦੂਰ ਦੁਰਾਡੇ ਭੇਜਣ ਦੀ ਰੂਪ ਰੇਖਾ ਵੀ ਉਲੀਕ ਚੁੱਕੀ ਹੈ। ਸੂਬਾ ਪੱਧਰੀ ਪ੍ਰੈੱਸ ਨੋਟ ਜਾਰੀ ਕਰਦਿਆਂ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੁਰੰਤ ਦਖ਼ਲ ਦੇ ਕੇ ਇਸ ਗੰਭੀਰ ਮਸਲੇ ਨੂੰ ਹੱਲ ਕਰਨ, ਕਿਉਂ ਕਿ ਸਿੱਖਿਆ ਵਿਭਾਗ ਪੰਜਾਬ ਦੇ ਇਸ ਨਾਦਰਸ਼ਾਹੀ ਫੁਰਮਾਨ ਤਹਿਤ ਪੰਜਾਬ ਭਰ ਦੇ ਹਜ਼ਾਰਾਂ ਅਧਿਆਪਕਾਂ ਅਤੇ ਉਨ੍ਹਾਂ ਦੇ ਪਰਿਵਾਰ ਪ੍ਰਭਾਵਿਤ ਹੋ ਰਹੇ ਹਨ। ਸਿੱਧੂ ਨੇ ਦੱਸਿਆ ਕਿ ਸਿੱਖਿਆ ਨੀਤੀ ਤਹਿਤ ਹਰ ਪ੍ਰਾਇਮਰੀ ਸਕੂਲ ਵਿੱਚ ਘੱਟੋਂ ਘੱਟ ਦੋ ਈਟੀਟੀ ਟੀਚਰ ਲਾਜ਼ਮੀ ਹਨ ਅਤੇ ਇਸ ਤੋਂ ਇਲਾਵਾ ਕਾਨੂੰਨ ਤਹਿਤ ਤਾਂ ਇੱਕ ਪ੍ਰਾਇਮਰੀ ਸਕੂਲ ਵਿੱਚ 7 ਕਲਾਸਾਂ ਹਨ, ਸੋ ਜੇਕਰ ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਨੂੰ ਰੋਲ ਮਾਡਲ ਅਤੇ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਆਣ ਖੜ੍ਹਾ ਕਰਨ ਦੀ ਗੱਲ ਕਰਦੀ ਹੈ, ਤਾਂ ਉਨ੍ਹਾਂ ਨੂੰ ਹਰ ਕਲਾਸ ਲਈ ਵੱਖੋ-ਵੱਖਰਾ ਭਾਵ ਪ੍ਰਾਇਮਰੀ ਸਕੂਲ ਵਿੱਚ ਘੱਟੋਂ ਘੱਟ 7 ਈਟੀਟੀ ਅਧਿਆਪਕ ਦੇਣੇ ਬਣਦੇ ਹਨ ਅਤੇ ਅਧਿਆਪਕਾਂ ਦੀਆਂ ਬੀਐਲਓ ਡਿਊਟੀਆਂ ਤੁਰੰਤ ਕੱਟਣੀਆਂ ਚਾਹੀਦੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਇਸ਼ਾਰਾ ਕਰਦਿਆਂ ਕਿਹਾ ਕਿ ਜੇਕਰ ਰੈਸਨੇਲਾਈਜੇਸ਼ਨ ਦੇ ਮੁੱਦੇ ਤੇ ਪਹਿਲਾਂ ਤੋਂ ਹੀ ਆਪੋ ਆਪਣੇ ਘਰਾਂ ਦੇ ਲਾਗੇ ਬੈਠੇ ਅਧਿਆਪਕਾਂ ਨੂੰ ਦੂਰ ਦੁਰਾਡੇ ਸੁੱਟ ਕੇ ਸਰਕਾਰੀ ਸਕੂਲਾਂ ਵਿੱਚ ਅਸਾਮੀਆਂ ਖਤਮ ਕਰਨ ਦਾ ਯਤਨ ਕੀਤਾ, ਤਾਂ ਪੰਜਾਬ ਦੀ ਧਰਤੀ ਅੰਦਰ ਸਮੂਹ ਅਧਿਆਪਕਾਂ ਦੇ ਸੰਘਰਸ਼ ਦੇ ਹੜ੍ਹ ਆਉਣ ਤੋਂ ਦੇਰ ਨਹੀਂ ਲੱਗੇਗੀ। ਇੱਥੇ ਇਹ ਵੀ ਵਰਣਨਯੋਗ ਹੈ ਕਿ ਰਾਜ ਭਰ ਦੇ ਮੁਲਾਜ਼ਮ ਪਹਿਲਾਂ ਤੋਂ ਹੀ  ਆਪਣੀ ਪੁਰਾਣੀ ਪੈਨਸ਼ਨ, ਕੱਟੇ ਗਏ ਭੱਤਿਆਂ ਦੀ ਬਹਾਲੀ, ਪ੍ਰਮੋਸ਼ਨਾਂ ਆਦਿ ਲਈ ਸਰਕਾਰ ਦੇ ਮੂੰਹ ਵੱਲ ਵੇਖ ਰਹੇ ਹਨ। ਸਿੱਧੂ ਨੇ ਕਿਹਾ ਕਿ ਇਹ ਸਰਕਾਰ ਉਨ੍ਹਾਂ ਆਪਣੇ ਹੱਥੀ ਅਤੇ ਸਮੂਹ ਮੁਲਾਜ਼ਮਾਂ ਦੇ ਸਹਿਯੋਗ ਨਾਲ ਬਣਾਈ ਹੈ, ਸੋ ਉਨ੍ਹਾਂ ਨੂੰ ਆਸ ਹੈ ਕਿ ਪੰਜਾਬ ਸਰਕਾਰ ਇਸ ਅਹਿਮ ਮਸਲੇ ਤੇ ਤੁਰੰਤ ਧਿਆਨ ਦੇਵੇਗੀ। ਇਸ ਮੌਕੇ ਜੰਥੇਬੰਦੀ ਦੇ ਸੂਬਾ ਸਰਪ੍ਰਸਤ ਰਣਜੀਤ ਸਿੰਘ ਬਾਠ, ਸੂਬਾ ਜਨਰਲ ਸਕੱਤਰ ਹਰਜੀਤ ਸਿੰਘ ਸੈਣੀ, ਸੂਬਾ ਆਗੂ ਰਛਪਾਲ ਸਿੰਘ ਵੜੈਚ, ਸੂਬਾ ਸੀਨੀਅਰ ਮੀਤ ਪ੍ਰਧਾਨ ਸਵਰਨਜੀਤ ਸਿੰਘ ਭਗਤਾ, ਬਲਰਾਜ ਸਿੰਘ ਘਲੋਟੀ, ਉਂਕਾਰ ਸਿੰਘ ਗੁਰਦਾਸਪੁਰ, ਸਕੱਤਰ ਜਨਰਲ ਬੂਟਾ ਸਿੰਘ ਮੋਗਾ, ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ, ਸੂਬਾ ਵਿੱਤ ਸਕੱਤਰ ਕੁਲਵਿੰਦਰ ਸਿੰਘ ਜਹਾਂਗੀਰ, ਜਸਵਿੰਦਰ ਬਰਗਾੜੀ, ਮੀਤ ਪ੍ਰਧਾਨ ਅਨੂਪ ਸ਼ਰਮਾਂ, ਮਾਝਾ ਜੋਨ ਪ੍ਰਧਾਨ ਜਗਤਾਰ ਸਿੰਘ ਮੈਨੇਲਾ, ਮਾਲਵਾ ਜੋਨ ਪ੍ਰਧਾਨ ਸੰਪੂਰਨ ਵਿਰਕ ਤੋਂ ਇਲਾਵਾ ਵੱਖ ਵੱਖ ਜ਼ਿਲ੍ਹਿਆਂ ਦੇ ਸੂਬਾ ਕਮੇਟੀ ਮੈਂਬਰ ਤੇ ਜ਼ਿਲ੍ਹਾ ਪ੍ਰਧਾਨ ਹਾਜ਼ਰ ਸਨ।

ਪੰਜਾਬ ਸਰਕਾਰ ਵਲੋਂ ਪੰਚਾਇਤਾਂ ਦੇ ਵਿੱਤੀ ਲੈਣ-ਦੇਣ 'ਤੇ ਰੋਕ 

ਲੁਧਿਆਣਾ, 13 ਅਗਸਤ (ਟੀ. ਕੇ)ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਚੱਲ ਰਹੀ ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਦੇ ਵਿੱਤੀ ਲੈਣ-ਦੇਣ  'ਤੇ ਰੋਕ ਲਗਾ ਦਿੱਤੀ ਗਈ ਹੈ, ਜਿਸ ਕਰਕੇ ਪੰਚਾਇਤਾਂ ਵਲੋਂ ਕੀਤੇ ਜਾਣ ਵਾਲੇ ਵਿਕਾਸ ਕਾਰਜ ਬਿਲਕੁਲ ਠੱਪ ਹੋ ਜਾਣ ਦੀ ਸੰਭਾਵਨਾ ਹੈ। ਇਥੇ ਵਰਨਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਬੀਤੇ ਦਿਨ ਪੰਚਾਇਤਾਂ ਭੰਗ ਕਰ ਦਿੱਤੀਆਂ ਸਨ, ਦੇ ਬਾਦ ਵਿੱਤੀ ਲੈਣ-ਦੇਣ ਉਪਰ ਵੀ ਰੋਕ ਲਗਾ ਦਿੱਤੀ ਗਈ ਹੈ।

ਸੁਤੰਤਰਤਾ ਦਿਵਸ ਤੋਂ ਪਹਿਲਾਂ, ਸਪੈਸ਼ਲ ਡੀ. ਜੀ. ਪੀ. ਨੇ ਲੁਧਿਆਣਾ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ 

ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਸੁਤੰਤਰਤਾ ਦਿਵਸ ਦੇ ਸ਼ਾਂਤਮਈ ਜਸ਼ਨਾਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ

 ਸੂਬੇ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਲਈ 75 ਫ਼ੀਸਦੀ ਪੁਲਿਸ ਬਲ ਤਾਇਨਾਤ: ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ 

ਲੁਧਿਆਣਾ, 13 ਅਗਸਤ(ਟੀ. ਕੇ.) 

ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੁਤੰਤਰਤਾ ਦਿਵਸ ਤੋਂ ਪਹਿਲਾਂ ਸੂਬੇ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਪੈਸ਼ਲ ਡੀਜੀਪੀ) ਅਰਪਿਤ ਸ਼ੁਕਲਾ ਨੇ ਅੱਜ ਕਾਨੂੰਨ ਵਿਵਸਥਾ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਲੁਧਿਆਣਾ ਦੇ ਸਮੂਹ ਅਧਿਕਾਰੀਆਂ ਅਤੇ ਐਸਐਚਓਜ਼ ਨਾਲ ਮੀਟਿੰਗ ਕੀਤੀ। ਇਹ ਮੀਟਿੰਗ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ 'ਤੇ ਕੀਤੀ ਗਈ।
ਲੁਧਿਆਣਾ ਦੇ ਐਸਸੀਡੀ ਸਰਕਾਰੀ ਕਾਲਜ ਦੇ ਗਰਾਊਂਡ ਵਿਖੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਸਪੈਸ਼ਲ ਡੀ.ਜੀ.ਪੀ. ਨੇ ਸੀ.ਪੀ. ਲੁਧਿਆਣਾ ਮਨਦੀਪ ਸਿੰਘ ਸਿੱਧੂ ਦੇ ਨਾਲ ਅਧਿਕਾਰੀਆਂ ਅਤੇ ਪੁਲਿਸ ਬਲ ਨੂੰ ਸੁਤੰਤਰਤਾ ਦਿਵਸ ਨਾਲ ਸਬੰਧਤ ਮਹੱਤਵਪੂਰਨ ਸੁਰੱਖਿਆ ਪਹਿਲੂਆਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਾਨੂੰਨ ਵਿਵਸਥਾ ਦੇ ਮੁੱਦਿਆਂ, ਪੁਲਿਸਿੰਗ ਵਿੱਚ ਹੋਰ ਸੁਧਾਰ ਲਈ ਸੁਝਾਵਾਂ ਅਤੇ ਪ੍ਰਭਾਵਸ਼ਾਲੀ ਕਾਨੂੰਨ ਲਾਗੂ ਕਰਨ ਲਈ ਮੌਜੂਦਾ ਲੋੜਾਂ ਬਾਰੇ ਵੀ ਜਾਣਕਾਰੀ ਦਿੱਤੀ।
ਉਨ੍ਹਾਂ ਸਮੂਹ ਪੁਲਿਸ ਅਧਿਕਾਰੀਆਂ ਅਤੇ ਐਸਐਚਓਜ਼ ਨੂੰ ਹਦਾਇਤ ਕੀਤੀ ਕਿ ਉਹ ਜਨਤਕ ਤੌਰ 'ਤੇ ਅਤੇ ਸੋਸ਼ਲ ਮੀਡੀਆ 'ਤੇ ਸ਼ਰਾਰਤੀ ਅਨਸਰਾਂ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਨੀਤੀ ਅਪਣਾਉਣ। ਉਨ੍ਹਾਂ ਅਧਿਕਾਰੀਆਂ ਨਾਲ ਵੱਖ-ਵੱਖ ਸੁਰੱਖਿਆ ਅਲਰਟ ਅਤੇ ਇਨਪੁਟਸ ਵੀ ਸਾਂਝੇ ਕੀਤੇ।
ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਸੁਤੰਤਰਤਾ ਦਿਵਸ ਦੇ ਸ਼ਾਂਤਮਈ ਜਸ਼ਨ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਸੂਬੇ ਵਿੱਚ ਅਮਨ-ਕਾਨੂੰਨ ਬਣਾਈ ਰੱਖਣ ਲਈ 75 ਫ਼ੀਸਦ ਪੁਲਿਸ ਬਲ ਤਾਇਨਾਤ ਕੀਤਾ ਹੈ।
ਬਾਅਦ ਵਿੱਚ, ਸਪੈਸ਼ਲ ਡੀਜੀਪੀ ਨੇ ਬਿਹਤਰ ਕਾਰਗੁਜ਼ਾਰੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੀ ਡਿਊਟੀ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਲਈ ਉਤਸ਼ਾਹਿਤ ਕਰਨ ਅਤੇ ਉਹਨਾਂ ਨੂੰ ਪ੍ਰੇਰਿਤ ਕਰਨ ਲਈ ਡੀਜੀਪੀ ਪ੍ਰਸ਼ੰਸਾ ਡਿਸਕ ਅਤੇ ਨਕਦ ਇਨਾਮਾਂ ਨਾਲ ਸਨਮਾਨਿਤ ਵੀ ਕੀਤਾ।

ਡਿਪਟੀ ਕਮਿਸ਼ਨਰ ਵਲੋਂ 77ਵੇਂ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਦੀ ਫੁੱਲ ਡਰੈੱਸ ਰਿਹਰਸਲ ਦਾ ਨਿਰੀਖਣ

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ 15 ਅਗਸਤ ਨੂੰ ਕੌਮੀ ਝੰਡਾ ਲਹਿਰਾਉਣਗੇ
ਐਸ.ਸੀ.ਡੀ. ਸਰਕਾਰੀ ਕਾਲਜ ਦੀ ਗਰਾਊਂਡ 'ਚ ਹੋਵੇਗਾ ਸਮਾਗਮ
ਲੁਧਿਆਣਾ, 13 ਅਗਸਤ (ਟੀ ਕੇ ) -
ਡਿਪਟੀ ਕਮਿਸ਼ਨਰ ਸੁਰਭੀ ਮਲਿਕ ਅਤੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਵਲੋਂ ਐਸ.ਸੀ.ਡੀ. ਸਰਕਾਰੀ ਕਾਲਜ, ਸਿਵਲ ਲਾਈਨ, ਲੁਧਿਆਣਾ ਦੇ ਗਰਾਉਂਡ ਵਿੱਚ ਜ਼ਿਲ੍ਹਾ ਪੱਧਰੀ 77ਵੇਂ ਸੁਤੰਤਰਤਾ ਦਿਵਸ ਸਮਾਰੋਹ ਦੀ ਫੁੱਲ ਡਰੈਸ ਰਿਹਰਸਲ ਵਿੱਚ ਭਾਗ ਲਿਆ।

15 ਅਗਸਤ ਨੂੰ ਹੋਣ ਵਾਲੇ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਹੋਣਗੇ।

ਫੁੱਲ ਡਰੈੱਸ ਰਿਹਰਸਲ ਦੌਰਾਨ ਡਿਪਟੀ ਕਮਿਸ਼ਨਰ ਨੇ ਕੌਮੀ ਝੰਡਾ ਲਹਿਰਾਇਆ ਅਤੇ ਪਰੇਡ ਕਮਾਂਡਰ ਰੂਪਦੀਪ ਕੌਰ, ਡੀ.ਐਸ.ਪੀ.(ਅੰਡਰ ਟਰੇਨਿੰਗ) ਅਤੇ ਸੈਕਿੰਡ ਪਰੇਡ ਕਮਾਂਡਰ ਇੰਸਪੈਕਟਰ ਮਨਜੀਤ ਕੌਰ ਦੀ ਅਗਵਾਈ ਹੇਠ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਲਈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 15 ਅਗਸਤ ਨੂੰ ਐਸ.ਸੀ.ਡੀ. ਸਰਕਾਰੀ ਕਾਲਜ, ਸਿਵਲ ਲਾਈਨ, ਲੁਧਿਆਣਾ ਵਿਖੇ 77ਵੇਂ ਸੁਤੰਤਰਤਾ ਦਿਵਸ ਸਮਾਗਮ ਦੌਰਾਨ ਸੈਂਕੜੇ ਵਿਦਿਆਰਥੀ ਸ਼ਾਨਦਾਰ ਪੀ.ਟੀ. ਸ਼ੋਅ ਵਿੱਚ ਭਾਗ ਲੈਣਗੇ, ਇਸ ਤੋਂ ਇਲਾਵਾ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ ਜਿਸ ਵਿੱਚ ਦੇਸ਼ ਭਗਤੀ ਦੇ ਗੀਤ, ਭੰਗੜਾ, ਗਿੱਧਾ ਅਤੇ ਕੋਰੀਓਗ੍ਰਾਫੀ ਸ਼ਾਮਲ ਹੈ। ਉਨ੍ਹਾਂ ਪੁਲਿਸ ਫੋਰਸ ਅਤੇ ਅਧਿਕਾਰੀਆਂ ਨੂੰ ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਦਿੱਤੇ।

ਉਨ੍ਹਾਂ ਕਿਹਾ ਕਿ ਇਸ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ ਅਤੇ ਇਸ ਪਵਿੱਤਰ ਦਿਹਾੜੇ ਨੂੰ ਪੂਰੀ ਦੇਸ਼ ਭਗਤੀ ਅਤੇ ਰਾਸ਼ਟਰ ਭਗਤੀ ਦੀ ਭਾਵਨਾ ਨਾਲ ਮਨਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।

ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਨੋਡਲ ਅਫਸਰਾਂ ਨੂੰ ਪਹਿਲਾਂ ਹੀ ਜਿੰਮੇਵਾਰੀਆਂ ਸੌਂਪੀਆਂ ਗਈਆਂ ਹਨ ਅਤੇ ਡਿਊਟੀ ਦੌਰਾਨ ਕਿਸੇ ਵੀ ਤਰ੍ਹਾਂ ਦੀ ਢਿੱਲਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਬਾਅਦ ਵਿੱਚ ਸੁਰਭੀ ਮਲਿਕ ਨੇ ਅਧਿਕਾਰੀਆਂ ਨਾਲ ਵੱਖ-ਵੱਖ ਮੀਟਿੰਗਾਂ ਵੀ ਕੀਤੀਆਂ।

ਵੈਟਨਰੀ ਯੂਨੀਵਰਸਿਟੀ ਨੇ ਪੇਸ਼ੇਵਰ ਹੁਨਰ ਸਿਖਾਉਣ ਲਈ ਸ਼ੁਰੂ ਕੀਤੀ ਨਵੀਂ ਡਿਗਰੀ

 ਅਰਜੀ ਭੇਜਣ ਦੀ ਆਖਰੀ 25 ਅਗਸਤ 
ਲੁਧਿਆਣਾ 13 ਅਗਸਤ (ਟੀ. ਕੇ.) 

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਇੱਕ ਨਵੀਨਕਾਰੀ ਅਤੇ ਪਰਿਵਰਤਨ ਮੁਖੀ ਵਿਦਿਅਕ ਪਹਿਲਕਦਮੀ ਕਰਦਿਆਂ ਖੇਤੀਬਾੜੀ ਸਿੱਖਿਆ ਅਤੇ ਉੱਦਮਤਾ ਨੂੰ ਜੋੜਿਆ ਹੈ । ਯੂਨੀਵਰਸਿਟੀ  ਨੇ ਏਕੀਕ੍ਰਿਤ ਖੇਤੀ ਅਤੇ ਉੱਦਮਤਾ ਵਿੱਚ ਬੈਚਲਰ ਆਫ਼ ਵੋਕੇਸ਼ਨ (B.Voc.) ਪ੍ਰੋਗਰਾਮ ਪੇਸ਼ ਕੀਤਾ ਹੈ। ਇਸ ਦਾ ਮਹੱਤਵਪੂਰਨ ਪਾਠਕ੍ਰਮ ਟਿਕਾਊ ਖੇਤੀ ਅਭਿਆਸਾਂ ਨੂੰ ਉੱਦਮੀ ਹੁਨਰ ਦੇ ਨਾਲ ਮਿਲਾਉਂਦਾ ਹੈ। 
ਭੋਜਨ ਉਤਪਾਦਨ, ਵਾਤਾਵਰਣ ਸਥਿਰਤਾ ਅਤੇ ਵਿਸ਼ਵ ਵਿਕਾਸ ਦੀਆਂ ਚੁਣੌਤੀਆਂ ਨਾਲ ਜੂਝ ਰਹੀ ਦੁਨੀਆ ਵਿੱਚ, ਵੈਟਨਰੀ ਯੂਨੀਵਰਸਿਟੀ ਇਸ ਦੂਰਅੰਦੇਸ਼ੀ ਪ੍ਰੋਗਰਾਮ ਦੇ ਨਾਲ ਇੱਕ ਉੱਘਾ ਕਦਮ ਚੁੱਕ ਰਹੀ ਹੈ। ਇਸ ਡਿਗਰੀ ਪ੍ਰੋਗਰਾਮ ਦਾ ਉਦੇਸ਼ ਸੰਭਾਵੀ ਵਿਦਿਆਰਥੀਆਂ ਨੂੰ ਗਿਆਨ, ਹੁਨਰ ਅਤੇ ਮਾਨਸਿਕਤਾ ਨਾਲ ਪੂਰਨ ਕਰਨਾ ਹੈ ਜੋ ਇੱਕ ਗਤੀਸ਼ੀਲ ਅਤੇ ਸਦਾ ਵਿਕਾਸਸ਼ੀਲ ਖੇਤੀਬਾੜੀ ਖੇਤਰ ਵਿੱਚ ਪ੍ਰਫੁੱਲਤ ਹੋਣ ਲਈ ਲੋੜੀਂਦਾ ਹੈ। 
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਿਹਾ ਕਿ ਖੁਰਾਕ ਉਤਪਾਦਨ ਪ੍ਰਣਾਲੀਆਂ ਨੂੰ ਆਲਮੀ ਗੁਣਵੱਤਾ ਦੇ ਮਾਪਦੰਡਾਂ ਮੁਤਾਬਿਕ ਕਰਨ, ਵਾਤਾਵਰਣ ਸੰਬੰਧੀ ਚਿੰਤਾਵਾਂ ਨੂੰ ਦੂਰ ਕਰਨ ਅਤੇ ਸਿਹਤ ਪ੍ਰਤੀ ਸੁਚੇਤ ਖਪਤਕਾਰਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸਿੱਖਿਆ ਨੂੰ ਪੁਨਰਗਠਿਤ ਕਰਨ ਦੀ ਲੋੜ ਹੈ। ਯੂਨੀਵਰਸਿਟੀ ਦਿ B.Voc. ਪ੍ਰੋਗਰਾਮ ਇੱਕ ਪਰਿਵਰਤਨਸ਼ੀਲ ਪਹੁੰਚ ਹੈ ਜੋ ਨਾ ਸਿਰਫ ਰਵਾਇਤੀ ਖੇਤੀਬਾੜੀ ਬੁੱਧੀ ਪ੍ਰਦਾਨ ਕਰਦਾ ਹੈ ਬਲਕਿ ਉੱਦਮਤਾ ਦੀ ਡੂੰਘੀ ਸਮਝ ਪੈਦਾ ਕਰਦਾ ਹੈ, ਜੋ ਗ੍ਰੈਜੂਏਟਾਂ ਨੂੰ ਖੇਤਰ ਵਿੱਚ ਉੱਦਮੀ ਬਣਨ ਲਈ ਸਥਾਪਤ ਕਰਦਾ ਹੈ। 
ਇਹ ਪ੍ਰੋਗਰਾਮ ਪੜ੍ਹੇ-ਲਿਖੇ ਨੌਜਵਾਨਾਂ, ਖਾਸ ਕਰਕੇ ਪੇਂਡੂ ਪਿਛੋਕੜ ਵਾਲੇ ਨੌਜਵਾਨਾਂ ਲਈ ਇੱਕ ਵਿਹਾਰਕ ਅਤੇ ਟਿਕਾਊ ਵਿਕਲਪ ਪੇਸ਼ ਕਰਦਾ ਹੈ। ਪਸ਼ੂ ਪਾਲਣ ਅਤੇ ਖੇਤੀਬਾੜੀ ਖੇਤੀ ਪ੍ਰਣਾਲੀਆਂ ਦਾ ਏਕੀਕਰਣ ਕਰਕੇ, ਪਾਠਕ੍ਰਮ ਵਿਹਾਰਕ ਪਹਿਲੂਆਂ ਨੂੰ ਸੰਬੋਧਿਤ ਹੁੰਦਾ ਹੈ ਜਿਵੇਂ ਕਿ ਟਿਕਾਊ ਉਤਪਾਦਨ, ਪ੍ਰਾਸੈਸਿੰਗ, ਗੁਣਵੱਤਾ ਵਧਾਉਣਾ , ਭੋਜਨ ਸੁਰੱਖਿਆ, ਪਸ਼ੂ ਭਲਾਈ ਅਤੇ ਮੰਡੀਕਾਰੀ। 
ਇਸ ਪ੍ਰੋਗਰਾਮ ਦੀ ਇੱਕ ਵਿਲੱਖਣ ਵਿਸ਼ੇਸ਼ਤਾ ਇਸ ਦਾ ਨਿਰੰਤਰ ਉੱਦਮੀ ਤਜਰਬੇ 'ਤੇ ਜ਼ੋਰ ਹੈ। ਵਿਦਿਆਰਥੀ ਨਾ ਸਿਰਫ਼ ਖੇਤੀ ਦੇ ਅਭਿਆਸਾਂ ਦੀ ਵਿਆਪਕ ਸਮਝ ਹਾਸਲ ਕਰਨਗੇ ਬਲਕਿ ਭਵਿੱਖ ਲਈ ਮਹੱਤਵਪੂਰਨ ਵਿਹਾਰਕ ਹੁਨਰ ਅਤੇ ਉਦਯੋਗਿਕ ਗਿਆਨ ਦਾ ਵਿਕਾਸ ਵੀ ਕਰਨਗੇ। ਵਿਹਾਰਕ ਹੱਥੀਂ ਗਿਆਨ ਦੇ ਨਾਲ ਕਲਾਸਰੂਮ ਸਿੱਖਿਆ ਦਾ ਏਕੀਕਰਨ ਇਹ ਯਕੀਨੀ ਬਣਾਏਗਾ ਕਿ ਇਹ ਗ੍ਰੈਜੂਏਟ ਖੇਤੀਬਾੜੀ ਅਤੇ ਉਦਯੋਗਿਕ ਖੇਤਰਾਂ ਵਿੱਚ ਯੋਗਦਾਨ ਪਾਉਣ ਲਈ ਪੂਰਨ ਤੌਰ 'ਤੇ ਤਿਆਰ ਹਨ। 
ਅਕਾਦਮਿਕ ਸਾਲ 2023-24 ਲਈ ਸ਼ੁਰੂਆਤੀ ਦਾਖਲਾ ਪਹਿਲੇ ਸਮੈਸਟਰ ਵਿੱਚ ਹੋਵੇਗਾ , ਬਾਅਦ ਦੇ ਸਮੈਸਟਰਾਂ ਵਿੱਚ ਪਿਛੜ ਦਾਖਲੇ ਦੇ ਵਿਕਲਪ ਵੀ ਉਪਲਬਧ ਹੋਣਗੇ। ਦਾਖਲਾ 'ਪਹਿਲਾਂ ਆਓ ਪਹਿਲਾਂ ਪਾਓ' ਦੇ ਆਧਾਰ 'ਤੇ ਦਿੱਤਾ ਜਾਵੇਗਾ। ਅਰਜੀ ਭੇਜਣ  ਦੀ ਆਖਰੀ  25 ਅਗਸਤ  ਹੈ। ਚਾਹਵਾਨ ਉਮੀਦਵਾਰ ਹੋਰ ਜਾਣਕਾਰੀ ਅਤੇ ਅਰਜ਼ੀ ਦੇ ਵੇਰਵੇ ਲਈ ਯੂਨੀਵਰਸਿਟੀ ਦੀ ਵੈੱਬਸਾਈਟ www.gadvasu.in ਨੂੰ ਜ਼ਰੂਰ ਵੇਖਣ।

ਠੇਕਾ ਮੁਲਾਜ਼ਮ 15 ਅਗਸਤ ਨੂੰ ਮੁੱਖ ਮੰਤਰੀ ਸਮੇਤ ਪੰਜ ਮੰਤਰੀਆਂ ਦਾ ਕਾਲੇ ਝੰਡਿਆਂ ਨਾਲ਼ ਕਰਨਗੇ ਵਿਰੋਧ-ਜਥੇਬੰਦੀ

 ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰੇ ਪੰਜਾਬ ਸਰਕਾਰ-ਆਗੂ

ਲੁਧਿਆਣਾ, 13 ਅਗਸਤ (  ਟੀ. ਕੇ.   ) ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਬੈਨਰ ਹੇਠ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਇਨਲਿਸਟਮੈਂਟ ਅਤੇ ਆਊਟਸੋਰਸਡ ਠੇਕਾ ਮੁਲਾਜ਼ਮਾਂ ਵੱਲੋੰ ਵਿਭਾਗਾਂ ਵਿੱਚ ਰੈਗੂਲਰ ਨਾ ਕਰਨ ਅਤੇ ਵਾਰ ਵਾਰ ਲਿਖਤੀ ਮੀਟਿੰਗਾਂ ਦਾ ਸਮਾਂ ਦੇ ਕੇ ਮੀਟਿੰਗਾਂ ਨਾ ਕਰਨ ਦੇ ਰੋਸ ਵਜੋਂ ਅਜ਼ਾਦੀ ਦਿਵਸ ਮੌਕੇ 15 ਅਗਸਤ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ,ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ,ਜਲ ਸਪਲਾਈ  ਸੈਨੀਟੇਸ਼ਨ ਮੰਤਰੀ ਬ੍ਰਹਮ ਸੰਕਰ ਜਿੰਪਾ, ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਅਤੇ ਕਿਰਤ ਮੰਤਰੀ ਅਨਮੋਲ ਗਗਨ ਮਾਨ ਦਾ ਕਾਲੇ ਝੰਡਿਆਂ ਨਾਲ ਵਿਰੋਧ ਕਰਨ ਦੀ ਤਿਆਰੀ ਖਿੱਚ ਲਈ ਹੈ,ਮੋਰਚੇ ਦੇ ਸੂਬਾਈ ਆਗੂਆਂ ਵਰਿੰਦਰ ਸਿੰਘ ਮੋਮੀ,ਪਵਨਦੀਪ ਸਿੰਘ,ਬਲਿਹਾਰ ਸਿੰਘ ਕਟਾਰੀਆ,ਜਗਰੂਪ ਸਿੰਘ ਲਹਿਰਾ,ਗੁਰਵਿੰਦਰ ਸਿੰਘ ਪੰਨੂੰ,ਸ਼ੇਰ ਸਿੰਘ ਖੰਨਾ,ਸਿਮਰਨਜੀਤ ਸਿੰਘ ਨੀਲੋਂ,ਜਸਪ੍ਰੀਤ ਸਿੰਘ ਗਗਨ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਮੂਹ ਸਰਕਾਰੀ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਪੱਕਾ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਆਪ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਹੀ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਸਬ-ਕਮੇਟੀਆਂ ਦਾ ਗਠਨ ਕਰਕੇ ਇਨਲਿਸਟਮੈਂਟ ਅਤੇ ਆਊਟਸੋਰਸਡ ਠੇਕਾ ਮੁਲਾਜ਼ਮਾਂ ਨਾਲ਼ ਬੇਈਮਾਨੀ ਵਾਲੇ ਵਤੀਰੇ ਨੂੰ ਜਾਰੀ ਰੱਖਕੇ ਆਪਣਾ ਸਮਾਂ ਲੰਘਾ ਰਹੀ ਹੈ ਅਤੇ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਆਪ ਸਰਕਾਰ ਵੀ ਵੱਖ-ਵੱਖ ਸਰਕਾਰੀ ਵਿਭਾਗਾਂ ਜਿਵੇਂ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਸਰਕਾਰੀ ਥਰਮਲ,ਪਾਵਰਕਾਮ ਅਤੇ ਟ੍ਰਾਂਸਕੋ ਸਮੇਤ ਸਮੂਹ ਹਾਈਡਲ ਪ੍ਰਾਜੈਕਟਾਂ,ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ,ਵੇਰਕਾ ਮਿਲਕ ਅਤੇ ਕੈਟਲ ਫੀਡ ਪਲਾਂਟਾਂ,ਪੀ.ਡਬਲਯੂ.ਡੀ.ਇਲੈੱਕਟਰੀਕਲ ਵਿੰਗ ਲੋਕ ਸੰਪਰਕ ਵਿਭਾਗ ਅਤੇ ਸਿਹਤ ਵਿਭਾਗ ਵਿੱਚ ਇਨਲਿਸਟਮੈਂਟ ਅਤੇ ਆਊਟਸੋਰਸਡ ਆਦਿ ਕੈਟਾਗਿਰੀਆਂ ਰਾਹੀਂ ਪਿਛਲੇ 15-20 ਸਾਲਾਂ ਦੇ ਲੰਬੇ ਅਰਸੇ ਤੋਂ ਨਿਗੁਣੀਆਂ ਤਨਖਾਹਾਂ ’ਤੇ ਤਨਦੇਹੀ ਨਾਲ ਲਗਾਤਾਰ ਸੇਵਾਵਾਂ ਦੇ ਰਹੇ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਰੈਗੂਲਰ ਨਾ ਕਰਕੇ ਸਮੂਹ ਠੇਕਾ ਮੁਲਾਜ਼ਮਾਂ ਨਾਲ਼ ਧ੍ਰੋਹ ਕਮਾ ਰਹੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਆਪਣੇ ਡੇਢ ਸਾਲ ਦੇ ਕਾਰਜਕਾਲ ਵਿੱਚ ਇਨਲਿਸਟਮੈਂਟ ਅਤੇ ਆਊਟਸੋਰਸਡ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਬਾਰੇ ਹਜ਼ੇ ਤੱਕ ਕੋਈ ਵੀ ਨੀਤੀ ਨਹੀਂ ਬਣਾਈ ਅਤੇ ਮੋਰਚੇ ਦੇ ਆਗੂਆਂ ਨੂੰ ਸਰਕਾਰ ਦੇ ਵੱਖ-ਵੱਖ ਵਿਧਾਇਕਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋੰ 14 ਵਾਰ ਮੁੱਖ ਮੰਤਰੀ ਨਾਲ਼ ਪੈਨਲ ਮੀਟਿੰਗ ਕਰਵਾਉਣ ਦੇ ਲਿਖਤੀ ਭਰੋਸ਼ੇ ਦੇਣ ਦੇ ਬਾਵਜੂਦ ਵੀ ਮੁੱਖ ਮੰਤਰੀ ਨੇ ਮੋਰਚੇ ਦੇ ਆਗੂਆਂ ਨਾਲ਼ ਅੱਜ ਤੱਕ ਇੱਕ ਵੀ ਮੀਟਿੰਗ ਨਹੀਂ ਕੀਤੀ,ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਆਪ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੀ ਤਰਾਂ ਇਨਲਿਸਟਮੈਂਟ ਅਤੇ ਆਊਟਸੋਰਸ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਸੁਹਿਰਦ ਨਹੀਂ ਹੈ,ਜਿਸ ਦੇ ਰੋਸ ਵਜੋਂ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਇਨਲਿਸਟਮੈਂਟ ਅਤੇ ਆਊਟਸੋਰਸਡ ਠੇਕਾ ਮੁਲਾਜ਼ਮਾਂ ਵੱਲੋੰ 15 ਅਗਸਤ ਨੂੰ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ ਦਾ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ ਜਾਵੇਗਾ,ਮੋਰਚੇ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਮੂਹ ਸਰਕਾਰੀ ਵਿਭਾਗਾਂ ਦੇ ਆਊਟਸੋਰਸਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਤਜ਼ਰਬੇ ਦੇ ਆਧਾਰ ਤੇ ਵਿਭਾਗਾਂ ਵਿੱਚ ਮਰਜ਼ ਕਰਕੇ ਰੈਗੂਲਰ ਕੀਤਾ ਜਾਵੇ,ਪੰਦਰਵੀਂ ਲੇਬਰ ਕਾਨਫਰੰਸ ਦੇ ਫਾਰਮੂਲੇ ਅਤੇ ਅੱਜ ਦੀ ਮਹਿੰਗਾਈ ਮੁਤਾਬਿਕ ਇੱਕ ਠੇਕਾ ਮੁਲਾਜ਼ਮ ਦੀ ਤਨਖ਼ਾਹ ਘੱਟੋ-ਘੱਟ 30 ਹਜ਼ਾਰ ਰੁਪਏ ਨਿਸ਼ਚਿਤ ਕੀਤੀ ਜਾਵੇ,ਡਿਉਟੀ ਦੌਰਾਨ ਆਪਣੀ ਜਾਨ ਗਵਾ ਚੁੱਕੇ ਠੇਕਾ ਮੁਲਾਜ਼ਮਾਂ ਦੇ ਵਾਰਸਾਂ ਨੂੰ ਘੱਟੋ-ਘੱਟ ਪੰਜਾਹ ਲੱਖ ਰੁਪਏ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ,ਸਮੂਹ ਸਰਕਾਰੀ ਵਿਭਾਗਾਂ ਦੇ ਨਿੱਜੀਕਰਨ ਦੀ ਨੀਤੀ ਨੂੰ ਰੱਦ ਕੀਤਾ ਜਾਵੇ,ਆਗੂਆਂ ਨੇ ਕਿਹਾ ਕਿ ਜਦ ਤੱਕ ਆਊਟਸੋਰਸਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਰੈਗੂਲਰ ਨਹੀਂ ਕੀਤਾ ਜਾਂਦਾ ਤਦ ਤੱਕ ਸਮੁੱਚੇ ਪੰਜਾਬ ਵਿੱਚ ਮੁੱਖ ਮੰਤਰੀ ਪੰਜਾਬ ਦਾ ਕਾਲੇ ਝੰਡਿਆਂ ਨਾਲ਼ ਵਿਰੋਧ ਪ੍ਰਦਰਸ਼ਨ ਜਾਰੀ ਰਹੇਗਾ।

ਅਜ਼ਾਦੀ ਦਿਵਸ ਮੌਕੇ ਪੁਰਾਣੀ ਪੈਨਸ਼ਨ ਲਾਗੂ ਕਰਕੇ ਐਨ.ਪੀ.ਐਸ. ਤੋਂ ਅਜ਼ਾਦੀ ਦੇਣ ਦੀ ਮੰਗ

15 ਅਗਸਤ ਨੂੰ ਆਜ਼ਾਦੀ ਦਿਵਸ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰੇ ਪੰਜਾਬ ਸਰਕਾਰ-

ਲੁਧਿਆਣਾ, 13 ਅਗਸਤ (ਟੀ ਕੇ) ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਦੇ ਸੂਬਾ ਕਨਵੀਨਰ ਗੁਰਜੰਟ ਸਿੰਘ ਕੋਕਰੀ, ਕੋ ਕਨਵੀਨਰ ਟਹਿਲ ਸਿੰਘ ਸਰਾਭਾ, ਰਣਦੀਪ ਸਿੰਘ ਫਤਿਹਗੜ੍ਹ ਸਾਹਿਬ, ਡਿੰਪਲ ਰੁਹੇਲਾ, ਕੰਵਲਜੀਤ ਸਿੰਘ ਰੋਪੜ, ਦਰਸ਼ੀ ਕਾਂਤ ਰਾਜਪੁਰਾ, ਜਸਵੀਰ ਕੌਰ ਮਾਹੀ ਆਗੂਆਂ ਵਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਿਸ ਤਰ੍ਹਾਂ ਭਾਰਤ ਲੰਬੀ ਗੁਲਾਮੀ ਤੋਂ ਬਾਅਦ 15 ਅਗਸਤ 1947 ਨੂੰ ਅਜ਼ਾਦ ਹੋਇਆ, ਉਸ ਤਰ੍ਹਾਂ ਜਨਵਰੀ 2004 ਤੋਂ ਬਾਅਦ ਭਰਤੀ ਹੋਏ ਸਮੂਹ ਮੁਲਾਜ਼ਮਾਂ ਉੱਤੇ ਅਜ਼ਾਦੀ ਦਿਵਸ ਮੌਕੇ ਪੁਰਾਣੀ ਪੈਨਸ਼ਨ ਲਾਗੂ ਕਰਕੇ ਐਨ.ਪੀ.ਐਸ. ਤੋਂ ਅਜ਼ਾਦੀ ਦਿੱਤੀ ਜਾਵੇ।
ਇਸ ਸਮੇਂ ਆਗੂਆਂ ਨੇ ਦੱਸਿਆ ਕਿ ਮੋਰਚੇ ਦੇ ਸੂਬਾਈ ਸਮੂਹਿਕ ਵਫਦ ਵੱਲੋਂ  ਸ. ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਨਾਲ਼ ਪੰਜਾਬ ਸਕੱਤਰ ਚੰਡੀਗੜ੍ਹ ਵਿਖੇ 25 ਜੁਲਾਈ ਨੂੰ ਪੈਨਲ ਮੀਟਿੰਗ ਕੀਤੀ ਗਈ, ਜਿਸ ਵਿੱਚ 1 ਜਨਵਰੀ 2004 ਤੋਂ ਬਾਅਦ ਨਿਯੁਕਤ ਮੁਲਾਜ਼ਮਾਂ ਉੱਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਸਬੰਧੀ ਵਿਚਾਰ ਚਰਚਾ ਕੀਤੀ ਗਈ। ਜਿਸ ਵਿੱਚ ਆਗੂਆਂ ਵੱਲੋਂ ਤੱਥਾਂ ਅਤੇ ਦਸਤਾਵੇਜਾਂ ਤੇ ਅਧਾਰਤ ਗੱਲ ਕੀਤੀ ਗਈ । ਆਗੂਆਂ ਵਲੋਂ ਜ਼ੋਰ ਦੇ ਕੇ ਕਿਹਾ ਗਿਆ ਕਿ ਜਦੋਂ ਵੀ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰ ਦਿੰਦੀ ਹੈ ਤਾਂ ਪੰਜਾਬ ਦੇ ਮੁਲਾਜ਼ਮਾਂ ਦਾ ਜੀ. ਪੀ. ਐਫ. ਲਗਪਗ 180 ਕਰੋੜ ਰੁਪਏ ਮਹੀਨਾ ਕਟੌਤੀ ਉਪਰੰਤ ਪੰਜਾਬ ਸਰਕਾਰ ਦੇ ਖਜਾਨੇ ਵਿੱਚ ਆਵੇਗਾ ਅਤੇ ਪੰਜਾਬ ਸਰਕਾਰ ਦਾ ਐਨ. ਪੀ. ਐਸ. ਦਾ ਸ਼ੇਅਰ ਲਗਭਗ 190 ਕਰੋੜ ਪੰਜਾਬ ਸਰਕਾਰ ਦੇ ਖਜਾਨੇ ਵਿੱਚ ਹੀ ਰਹੇਗਾ, ਜਿਸ ਨਾਲ  ਲਗਭਗ 4000 ਕਰੋੜ ਸਾਲਾਨਾ ਦਾ ਮਾਲੀਆ ਇਕੱਠਾ ਹੋਵੇਗਾ। ਜਿਸ ਨਾਲ ਪੰਜਾਬ ਸਰਕਾਰ ਦੇ ਆਰਥਿਕ ਬਜਟ ਨੂੰ ਵੱਡਾ ਬਲ ਮਿਲੇਗਾ।  ਮੋਰਚੇ ਵੱਲੋਂ ਰੱਖੇ ਗਏ ਤੱਥਾਂ ਭਰਪੂਰ ਪੱਤਰਾਂ ਅਤੇ ਵੇਰਵਾ ਉਤੇ ਵਿੱਤ ਮੰਤਰੀ ਵੱਲੋਂ ਹਾਂ ਪੱਖੀ ਹੁੰਗਾਰਾ ਭਰਿਆ ਸੀ। ਉਹਨਾਂ ਕਿਹਾ ਕਿ ਪੰਜਾਬ ਦੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ 100 ਫੀਸਦੀ ਲਾਗੂ ਕਰਨੀ ਹੈ। ਆਗੂਆਂ ਵੱਲੋਂ ਰੋਸ ਪ੍ਰਗਟ ਕੀਤਾ ਗਿਆ ਕਿ ਪੰਜਾਬ ਸਰਕਾਰ ਵਲੋਂ ਹਾਲੇ ਤੱਕ ਜਨਵਰੀ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਦੇ ਜੀ. ਪੀ. ਐਫ. ਖਾਤੇ ਖੋਲ੍ਹਣ ਕੋਈ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਗਈ ਅਤੇ ਮੁਲਾਜ਼ਮਾਂ ਦਾ ਐਨ. ਪੀ. ਐਸ. ਪਹਿਲਾਂ ਦੀ ਤਰ੍ਹਾਂ ਹੀ ਕੱਟਿਆ ਜਾ ਰਿਹਾ ਹੈ। ਜਿਸ ਨਾਲ ਪੰਜਾਬ ਦੇ ਮੁਲਾਜ਼ਮ ਨਿਰਾਸ਼ਾ ਵਿੱਚ ਚੱਲ ਰਹੇ ਹਨ। ਆਗੂਆਂ ਵੱਲੋਂ  ਵਿੱਤ ਮੰਤਰੀ ਪੰਜਾਬ, ਪੰਜਾਬ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ ਮੁਲਾਜ਼ਮਾਂ ਦੇ ਜੀ. ਪੀ. ਐਫ. ਖਾਤੇ ਖੋਲ੍ਹ ਕੇ ਕਟੌਤੀ ਕਰਨੀ ਸ਼ੁਰੂ ਕੀਤੀ ਜਾਵੇ ਅਤੇ ਐਨ. ਪੀ. ਐਸ. ਦੀ ਕਟੌਤੀ ਬਿਲਕੁਲ ਬੰਦ ਕਰ ਦਿੱਤੀ ਜਾਵੇ। ਸ਼ੇਅਰ ਮਾਰਕੀਟ ਵਿੱਚ ਪੰਜਾਬ ਦੇ ਮੁਲਾਜ਼ਮਾਂ ਦਾ ਲਗਪਗ 20,000 ਕਰੋੜ ਰੁਪਿਆ ਪਿਆ ਹੈ,  ਨੂੰ ਵਾਪਸ ਲਿਆਉਣ ਵਿਚ ਪੰਜਾਬ ਦੇ ਮੁਲਾਜ਼ਮ ਪੰਜਾਬ ਸਰਕਾਰ ਦੇ ਨਾਲ ਖੜੇ ਹਨ। ਆਗੂਆਂ ਵਲੋਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ 1972 ਦੇ ਪੈਨਸ਼ਨ ਰੂਲਾਂ ਅਨੁਸਾਰ ਤੇ ਇਨ ਬਿਨ ਲਾਗੂ ਕਰਨ ਦੀ ਪ੍ਰਕਿਰਿਆ ਜਲਦੀ ਪੂਰੀ ਨਾ ਕੀਤੀ ਤਾਂ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਇਸ ਲਈ ਲਗਾਤਾਰ ਤਿੱਖਾ ਸੰਘਰਸ਼ ਕਰੇਗਾ। ਇਸ ਤੋਂ ਇਲਾਵਾ ਮੋਰਚੇ ਵੱਲੋਂ 15 ਅਗਸਤ ਨੂੰ ਵੱਖ ਵੱਖ ਸਥਾਨਾਂ ਤੇ ਰਾਸ਼ਟਰੀ ਝੰਡਾ ਲਹਿਰਾਉਣ ਸਮੇਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਸਬੰਧੀ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜੇ ਜਾਣਗੇ।

ਬੀਬੀ ਮਾਣੂੰਕੇ ਕੱਲ੍ਹ ਨੂੰ ਰੱਖਣਗੇ ਅਖਾੜਾ ਨਹਿਰ ਦੇ ਨਵੇਂ ਪੁੱਲ ਦਾ ਨੀਂਹ ਪੱਥਰ

ਜੋ ਕੰਮ ਪਿਛਲੇ 75 ਸਾਲਾਂ 'ਚ ਨਹੀਂ ਹੋ ਸਕਿਆ, ਬੀਬੀ ਮਾਣੂੰਕੇ ਨੇ ਕਰ ਵਿਖਾਇਆ

ਜਗਰਾਓਂ 12 ਅਗਸਤ (ਕੁਲਦੀਪ ਸਿੰਘ ਕੋਮਲ /ਮੋਹਿਤ ਗੋਇਲ) ਹਲਕਾ ਜਗਰਾਉਂ ਅਤੇ ਰਾਏਕੋਟ ਦੇ ਲੋਕਾਂ ਦੀ ਆਵਾਜ਼ਾਈ ਦੀ ਸਮੱਸਿਆ ਵਿਧਾਇਕਾ ਬੀਬੀ ਮਾਣੂੰਕੇ ਦੀ ਸਖ਼ਤ ਮਿਹਨਤ ਅਤੇ ਲਗਨ ਨਾਲ ਬਹੁਤ ਜ਼ਲਦੀ ਹੱਲ ਹੋਣ ਜਾ ਰਹੀ ਹੈ, ਕਿਉਂਕਿ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਅਬੋਹਰ ਬ੍ਰਾਂਚ ਦੀ ਅਖਾੜਾ ਨਹਿਰ ਉਪਰ ਨਵਾਂ ਅਤੇ ਚੌੜਾ ਪੁੱਲ ਪੰਜਾਬ ਸਰਕਾਰ ਪਾਸੋਂ ਮੰਨਜ਼ੂਰ ਕਰਵਾਉਣ ਉਪਰੰਤ ਨਿਰਮਾਣ ਕਾਰਜ ਸ਼ੁਰੂ ਹੋਣ ਜਾ ਰਹੇ ਹਨ। ਇਹ ਖ਼ਬਰ ਨਸਰ ਹੁੰਦਿਆਂ ਹੀ ਇਲਾਕੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ, ਕਿਉਂਕਿ ਜੋ ਕੰਮ ਪਿਛਲੀਆਂ ਸਰਕਾਰਾਂ ਨੇ 75 ਸਾਲਾਂ ਦੌਰਾਨ ਨਹੀਂ ਕਰਵਾਇਆ, ਉਹ ਕੰਮ ਬੀਬੀ ਮਾਣੂੰਕੇ ਨੇ ਕਰ ਵਿਖਾਇਆ ਹੈ। ਅਖਾੜਾ ਨਹਿਰ ਉਪਰ ਨਵੇਂ ਪੁਲ ਦੇ ਨਿਰਮਾਣ ਦਾ ਨੀਂਹ ਪੱਥਰ ਬੀਬੀ ਸਰਵਜੀਤ ਕੌਰ ਮਾਣੂੰਕੇ ਕੱਲ੍ਹ 14 ਅਗਸਤ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਪੂਰੇ ਜਾਹੋ-ਜ਼ਲਾਲ ਨਾਲ ਰੱਖਣਗੇ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਵਿਧਾਇਕਾ ਮਾਣੂੰਕੇ ਦੇ ਪਤੀ ਪ੍ਰੋਫੈਸਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮਾਲਵੇ ਨੂੰ ਦੁਆਬੇ ਨਾਲ ਜੋੜਨ ਵਾਲਾ ਅਤੇ ਜਗਰਾਉਂ ਹਲਕੇ ਅਧੀਨ ਪੈਂਦੀ ਅਖਾੜਾ ਨਹਿਰ ਉਪਰ ਅੰਗਰੇਜ਼ਾਂ ਵੇਲਾ ਦਾ ਬਣਿਆ ਪੁਲ ਬਹੁਤ ਹੀ ਤੰਗ ਹੈ, ਜੋ ਲਗਭਗ 38 ਸਾਲ ਪਹਿਲਾਂ ਆਪਣੀ ਮਿਆਦ ਪੁਗਾ ਚੁੱਕਾ ਹੈ। ਜਿਸ ਕਰਕੇ ਇਲਾਕੇ ਦੇ ਲੋਕ ਆਪਣੀ ਜ਼ਾਨ ਜ਼ੋਖਮ ਵਿੱਚ ਪਾ ਕੇ ਇਸ ਪੁੱਲ ਉਪਰ ਦੀ ਗੁਜ਼ਰਦੇ ਹਨ। ਲੋਕਾਂ ਦੀ ਇਸ ਵੱਡੀ ਸਮੱਸਿਆ ਨੂੰ ਵੇਖਦੇ ਹੋਏ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਅਤੇ ਸਾਰੀ ਟੀਮ ਨੇ ਪੂਰੀ ਲਗਨ ਨਾਲ ਮਿਹਨਤ ਕਰਕੇ ਪੀ.ਡਬਲਿਯੂ.ਡੀ. ਵਿਭਾਗ ਦੇ ਅਧਿਕਾਰੀਆਂ ਦੇ ਸਹਿਯੋਗ ਸਦਕਾ ਨਵੇਂ ਪੁੱਲ ਦੇ ਪ੍ਰੋਜੈਕਟ ਨੂੰ ਪਾਸ ਕਰਵਾਉਣ ਵਿੱਚ ਸਫ਼ਲ ਹੋਏ ਹਨ ਅਤੇ ਇਸ ਨਵੇਂ ਪੁੱਲ ਨੂੰ ਬਨਾਉਣ ਲਈ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਅਤੇ ਪੀ.ਡਬਲਿਯੂ.ਡੀ.ਵਿਭਾਗ ਦੇ ਮੰਤਰੀ ਹਰਭਜਨ ਸਿੰਘ ਟੀ.ਟੀ.ਓ. ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵੱਲੋਂ 7 ਕਰੋੜ 80 ਲੱਖ ਰੁਪਏ ਜਾਰੀ ਕਰ ਦਿੱਤੇ ਗਏ ਹਨ। ਪ੍ਰੋਫੈਸਰ ਸੁਖਵਿੰਦਰ ਸਿੰਘ ਨੇ ਹੋਰ ਦੱਸਿਆ ਕਿ ਇਹ ਨਵਾਂ ਪੁੱਲ 60 ਮੀਟਰ ਲੰਬਾ ਅਤੇ 40 ਫੁੱਟ ਚੌੜਾ ਬਣੇਗਾ, ਜਦੋਂ ਕਿ ਪਹਿਲਾਂ ਬਣਿਆਂ ਪੁੱਲ ਮਸਾਂ ਹੀ 15 ਕੁ ਫੁੱਟ ਚੌੜਾ ਹੈ। ਇਸ ਨਵੇਂ ਪੁਲ ਦੇ ਬਣਨ ਨਾਲ ਇਲਾਕੇ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ। ਉਹਨਾਂ ਕਿਹਾ ਕਿ ਇਹ ਪੁੱਲ ਲਗਭਗ ਇੱਕ ਸਾਲ ਦੇ ਅੰਦਰ ਅੰਦਰ ਬਣਕੇ ਤਿਆਰ ਹੋ ਜਾਵੇਗਾ ਅਤੇ ਲੋਕਾਂ ਲਈ ਚਾਲੂ ਕਰ ਦਿੱਤਾ ਜਾਵੇਗਾ। ਪ੍ਰੋਫੈਸਰ ਸੁਖਵਿੰਦਰ ਸਿੰਘ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਲੋਕ ਆਪਣੇ ਨਿੱਜੀ ਅਤੇ ਸਿਆਸੀ ਹਿੱਤਾਂ ਤੋਂ ਉਪਰ ਉਠਕੇ ਚਾਅ ਅਤੇ ਉਤਸ਼ਾਹ ਨਾਲ ਨਵੇਂ ਪੁੱਲ ਦੇ ਨੀਂਹ ਪੱਥਰ ਸਮਾਗਮ ਮੌਕੇ ਹੁੰਮ-ਹੁੰਮਾ ਕੇ ਪਹੁੰਚਣ। ਇਸ ਮੌਕੇ ਉਹਨਾਂ ਦੇ ਨਾਲ ਸਾਬਕਾ ਕੌਸਲਰ ਕੁਲਵਿੰਦਰ ਸਿੰਘ ਕਾਲਾ, ਕਮਲਜੀਤ ਸਿੰਘ ਕਮਾਲਪੁਰਾ, ਕਰਮਜੀਤ ਸਿੰਘ ਡੱਲਾ, ਸੁਰਿੰਦਰ ਸਿੰਘ ਅਖਾੜਾ, ਸਾਬਕਾ ਸਰਪੰਚ ਸੇਵਾ ਸਿੰਘ ਚੀਮਾਂ, ਨੰਬਰਦਾਰ ਹਰਦੀਪ ਸਿੰਘ ਚੀਮਾਂ, ਜਗਰੂਪ ਸਿੰਘ ਧਾਲੀਵਾਲ, ਅਮਰਦੀਪ ਸਿੰਘ ਟੂਰੇ, ਨਿਰਭੈ ਸਿੰਘ ਹੰਸਰਾ, ਨੋਨੀ ਸੈਂਭੀ, ਗੋਪਾਲ ਸਿੰਘ ਕਮਾਲਪੁਰਾ, ਡਾ.ਮਨਦੀਪ ਸਿੰਘ ਸਰਾਂ, ਕਰਤਾਰ ਸਿੰਘ ਸਵੱਦੀ, ਸਰਪੰਚ ਸੁਰਜੀਤ ਸਿੰਘ ਜਨੇਤਪੁਰਾ, ਬੱਬੂ ਦੇਹੜਕਾ, ਜੀਵਨ ਸਿੰਘ ਦੇਹੜਕਾ, ਮਿੰਟੂ ਮਾਣੂੰਕੇ, ਹਰਪ੍ਰੀਤ ਸਿੰਘ ਮਾਣੂੰਕੇ, ਪਰਮਿੰਦਰ ਸਿੰਘ ਹਠੂਰ, ਤਰਸੇਮ ਸਿੰਘ ਹਠੂਰ, ਕਾਕਾ ਬੱਸੂਵਾਲ, ਗੁਰਦੇਵ ਸਿੰਘ ਚਕਰ, ਬਲਵੀਰ ਸਿੰਘ ਲੱਖਾ, ਟਰੱਕ ਯੂਨੀਅਨ ਜਗਰਾਉਂ ਦੇ ਪ੍ਰਧਾਨ ਦਵਿੰਦਰ ਸਿੰਘ ਰਾਜਨ ਗਿੱਲ ਅਤੇ ਜਗਦੇਵ ਸਿੰਘ ਅਖਾੜਾ ਆਦਿ ਵੀ ਹਾਜ਼ਰ ਸਨ।

ਇਸਤਰੀ ਬਿਜਲੀ ਕਰਮਚਾਰੀ ਨਾਲ ਦੁਰਵਿਹਾਰ ਬਾਬਤ ਪੰਜਾਬ ਇਸਤਰੀ ਸਭਾ ਦਾ ਵਫ਼ਦ ਐਸ ਐਚ ਓ ਮੁੱਲਾਂਪੁਰ ਨੂੰ ਮਿਲਿਆ

ਐਸਐਚਓ ਨੇ ਦਵਾਇਆ ਲੋੜੀਂਦੀ ਕਾਰਵਾਈ ਦਾ ਵਿਸ਼ਵਾਸ
ਲੁਧਿਆਣਾ, 12 ਅਗਸਤ (ਟੀ ਕੇ)
ਪੰਜਾਬ ਇਸਤਰੀ ਸਭਾ ਜਿਲ੍ਹਾ ਲੁਧਿਆਣਾ ਦਾ ਇੱਕ ਡੈਪੂਟੇਸ਼ਨ ਐਸ ਐਚ ਓ ਮੁੱਲਾਂਪੁਰ ਨੂੰ ਮਿਲਿਆ ਅਤੇ ਇਸਤਰੀ ਬਿਜਲੀ ਮੁਲਾਜ਼ਮ ਜਸਵਿੰਦਰ ਕੌਰ ਨਾਲ ਇੱਕ ਖਪਤਕਾਰ ਵੱਲੋ ਦੁਰਵਿਹਾਰ ਕਰਨ ਬਾਰੇ ਦੋਸ਼ੀ ਦੇ ਖਿਲਾਫ਼ ਉਚੇਚੀ ਕਾਰਵਾਈ ਕਰਨ ਦੀ ਮੰਗ ਕੀਤੀ। ਇਹ ਦੱਸਣਾ ਜ਼ਰੂਰੀ ਹੈ ਜਸਵਿੰਦਰ ਕੌਰ ਦੀ ਸ਼ਿਕਾਇਤ ਤੇ ਐਕਸੀਅਨ ਬਿਜਲੀ ਕਾਰਪੋਰੇਸ਼ਨ ਨੇ ਪੁਲਿਸ ਨੂੰ ਦੋਸ਼ੀ ਖ਼ਿਲਾਫ਼ ਕੇਸ ਦਰਜ ਕਰਨ ਲਈ ਕਿਹਾ ਸੀ, ਪਰ ਕਈ ਹਫ਼ਤੇ ਬੀਤਣ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ।

ਇਸ ਡੈਪੂਟੇਸ਼ਨ ਦੀ ਅਗਵਾਈ  ਪ੍ਰਧਾਨ ਪੰਜਾਬ ਇਸਤਰੀ ਸਭਾ ਜ਼ਿਲ੍ਹਾ ਲੁਧਿਆਣਾ, ਕੌਮੀ ਅਧਿਆਪਕ ਪੁਰਸਕਾਰ ਜੇਤੂ ਅਤੇ ਉੱਘੀ ਲੇਖਿਕਾ   ਡਾਕਟਰ ਗੁਰਚਰਨ ਕੌਰ ਕੋਚਰ ਨੇ ਕੀਤੀ।  ਉਨ੍ਹਾਂ ਤੋਂ ਇਲਾਵਾ  ਡੈਪੂਟੇਸ਼ਨ ਵਿਚ ਸ਼ਾਮਲ ਸਨ ਬੀਬੀ ਸਰਬਜੀਤ ਕੌਰ, ਭਗਵੰਤ ਕੌਰ, ਸ਼ਕੁੰਤਲਾ ਅਤੇ ਕਮਲਜੀਤ ਕੌਰ। ਐਸ ਐਚ ਨੇ ਲੋੜੀਂਦੀ ਕਾਰਵਾਈ ਦਾ ਵਿਸ਼ਵਾਸ ਦਵਾਇਆ।

ਲੇਖਕ ਤਰਲੋਚਨ ਸਿੰਘ ਸਮਰਾਲਾ ਦੇ ਦਿਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ

 ਗਾਇਕ ਬੱਬੂ ਮਾਨ ਦੀਆਂ ਦੋ ਫਿਲਮਾਂ ਹਸ਼ਰ ਤੇ ਏਕਮ ਵੀ ਲਿਖੀਆਂ ਸਨ ਤਰਲੋਚਨ ਨੇ

ਲੁਧਿਆਣਾ 11 ਅਗਸਤ (ਟੀ. ਕੇ.) ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਅਗਾਂਹਵਧੂ ਤਰਕਸ਼ੀਲ ਸੋਚ ਦੇ ਪਹਿਰੇਦਾਰ ਤੇ ਸ਼੍ਰੋਮਣੀ ਅਧਿਆਪਕ ਪੁਰਸਕਾਰ ਵਿਜੇਤਾ, ਪ੍ਰਤੀਬੱਧ ਰੰਗਕਰਮੀ, ਚੇਤੰਨ ਨਾਟਕਕਾਰ, ਕੁਸ਼ਲ ਸੰਪਾਦਕ, ਸੁਯੋਗ ਪ੍ਰਬੰਧਕ ਮਾਸਟਰ ਤਰਲੋਚਨ ਸਿੰਘ ਸਮਰਾਲਾ ਦੇ ਸੜਕ ਹਾਦਸੇ ਵਿੱਚ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।
ਸਮਰਾਲਾ ਨੇੜੇ ਪਿੰਡ ਮੱਲਮਾਜਰਾ ਦੇ ਜੰਮਪਲ ਤਰਲੋਚਨ ਸਿੰਘ ਨੇ ਜੇ ਬੀ ਟੀ ਕਰਕੇ 1979 ਵਿਚ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਨੌਕਰੀ ਦੀ ਸ਼ੁਰੂਆਤ ਕਰਕੇ ਲਗ-ਪਗ 40 ਸਾਲ
ਪੜ੍ਹਾਇਆ ਤੇ 2018 ਵਿਚ ਮੁੱਖ ਅਧਿਆਪਕ ਦੇ ਰੂਪ ਵਿਚ ਸੇਵਾ ਮੁਕਤ ਹੋਏ। ਸੇਵਾ ਮੁਕਤੀ ਉਪਰੰਤ ਆਪ ਹੁਣ ਪਹਿਲਾਂ ਤੋਂ ਵੀ ਵਧੇਰੇ ਸ਼ਕਤੀ ਨਾਲ ਰੰਗ-ਮੰਚ ਨੂੰ ਸਮਰਪਿਤ ਹੋ ਗਏ ਸਨ।ਪੰਜਾਬ ਸਰਕਾਰ ਵਲੋਂ 2014 ਵਿਚ ਆਪ ਨੂੰ 'ਸ਼੍ਰੋਮਣੀ ਅਧਿਆਪਕ ਰਾਜ
ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ। ਮਾਸਟਰ ਤਰਲੋਚਨ ਸਿੰਘ ਜੀ ਦੀਆਂ 5 ਮੌਲਿਕ ਪੁਸਤਕਾਂ ਪ੍ਰਕਾਸ਼ਿਤ ਹੋ ਚੁਕੀਆਂ ਹਨ। ਕੁਲਵੰਤ ਨੀਲੋਂ ਦੀ ਸਮੁੱਚੀ ਰਚਨਾ ਨੂੰ ਇੱਕ ਜਿਲਦ ਵਿੱਚ ਛਾਪ ਕੇ ਸਮੁੱਚੀ ਦੁਨੀਆ ਵਿੱਚ ਪਹੁੰਚਾਇਆ। ਪ੍ਰੋਃ ਰਣਧੀਰ ਸਿੰਘ (ਜੇ ਐੱਨ ਯੂ) ਦੀ ਕਾਵਿ ਪੁਸਤਕ ਰਾਹਾਂ ਦੀ ਧੂੜ ਵੀ ਆਪ ਨੇ ਹੀ ਪ੍ਰਕਾਸ਼ਿਤ  ਕੀਤੀ।
1972-73 ਵਿਚ ਭਾਅ ਜੀ ਗੁਰਸ਼ਰਨ ਸਿੰਘ ਨਾਟਕਕਾਰ ਤੋਂ ਪ੍ਰਭਾਵਿਤ ਹੋ ਕੇ ਰੰਗ-ਮੰਚ ਦਾ ਸਫ਼ਰ ਆਰੰਭ ਕੀਤਾ। 1979 ਵਿਚ 'ਲੋਕ ਕਲਾ ਮੰਚ,ਮਾਛੀਵਾੜਾ' ਅਤੇ 1990 ਵਿਚ 'ਆਰਟ ਸੈਂਟਰ,ਸਮਰਾਲਾ' ਦੀ
ਸਥਾਪਨਾ ਕਰਕੇ ਸੈਂਕੜੇ ਪੇਸ਼ਕਾਰੀਆਂ ਕਰਨ ਦੇ ਨਾਲ-ਨਾਲ ਪੇਂਡੂ ਸਕੂਲਾਂ ਵਿਚ ਰੰਗ-ਮੰਚ ਦੀ ਲਹਿਰ ਲਈ ਮਹੱਤਵਪੂਰਨ ਯੋਗਦਾਨ ਪਾਇਆ। ਆਪ ਨੇ ਨਾਟਕਕਾਰ ਸਃ ਗੁਰਸ਼ਰਨ ਸਿੰਘ ਦੀ ਪ੍ਰੇਰਨਾ ਨਾਲ 1987 ਵਿਚ ‘ਜਾਗ੍ਰਿਤੀ ਪ੍ਰਕਾਸ਼ਨ’ ਦੀ ਸਥਾਪਨਾ ਕਰਕੇ 9 ਪੁਸਤਕਾਂ ਦੀ ਪ੍ਰਕਾਸ਼ਨਾ ਤੇ ਸੰਪਾਦਨਾ ਕੀਤੀ ਜਿੰਨ੍ਹਾਂ ਵਿਚ ਕੁਲਵੰਤ ਨੀਲੋਂ ਦੀ ਸਮੁੱਚੀ ਰਚਨਾ ਬਹੁਤ ਮਹਤੱਵਪੂਰਨ ਹੈ।
ਆਪ ਨੇ ਰੰਗ-ਮੰਚੀ ਕੋਰੀਓਗ੍ਰਾਫ਼ੀ, ਪੇਂਡੂ ਬਾਲ ਰੰਗ-ਮੰਚ ਦੀ ਸਿਰਜਣਾ ਅਤੇ ਵਿਦੇਸ਼ਾਂ ਵਿਚ ਰੰਗਮੰਚੀ ਪੇਸ਼ਕਾਰੀਆਂ ਕੀਤੀਆਂ। ਆਪ ਨੂੰ ਵੱਖ-ਵੱਖ ਸੰਸਥਾਵਾਂ ਦੇ ਅਹੁਦੇਦਾਰ ਅਤੇ ਮੈਂਬਰ ਹੋਣ ਕਰਕੇ ਪੰਜਾਬ ਵਿਚ ਲਾਇਬਰੇਰੀਆਂ ਉਸਾਰਨ ਅਤੇ
ਲੋਕ ਹਿਤੂ ਸੰਸਥਾਵਾਂ ਵਿਚ ਸਰਗਰਮ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ।
 ਆਪ ਨੇ ਸਃ ਗੁਰਸ਼ਰਨ ਸਿੰਘ ਦੇ ਜੀਵਨ ਬਾਰੇ ਪ੍ਰੋਗਰਾਮ ਸੀਰੀਜ਼
ਕੀਤੀ, ਵੱਖ-ਵੱਖ ਲੇਖਕਾਂ ਦੀਆਂ ਦਸਤਾਵੇਜ਼ੀ ਫ਼ਿਲਮਾਂ, ਆਡੀਓ ਪ੍ਰਾਜੈਕਟ, ਟੈਲੀ ਫ਼ਿਲਮਾਂ, ਵੀਡੀਓ ਫ਼ਿਲਮਾਂ, ਟੀ.ਵੀ. ਸੀਰੀਅਲਜ਼, ਟੀ.ਵੀ.ਨਾਟਕ ਤੇ ਫੀਚਰ ਫ਼ਿਲਮਾਂ ਦਾ
ਲੇਖਨ ਤੇ ਅਦਾਕਾਰੀ ਕੀਤੀ। ‘
ਬੱਬੂ ਮਾਨ ਦੀਆਂ ਦੋ ਫ਼ਿਲਮਾਂ ‘ਹਸ਼ਰ’ ਅਤੇ ਏਕਮ ਦੇ ਲੇਖਕ ਵੀ ਆਪ
ਹੀ ਸਨ। ਬੱਬੂ ਮਾਨ ਮਾਸਟਰ  ਤਰਲੋਚਨ ਸਿੰਘ ਜੀ ਦੇ ਆਰਟ ਸੈਂਟਰ ਸਮਰਾਲਾ ਗਰੁੱਪ ਵਿੱਚ ਵੀ ਕਾਰਜਸ਼ੀਲ ਸਨ।
ਆਪ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ , ਪੰਜਾਬ ਲੋਕ ਸੱਭਿਆਚਾਰ ਮੰਚ ਤੇ ਤਰਕਸ਼ੀਲ ਸੋਸਾਇਟੀ ਪੰਜਾਬ ਦੇ ਵੀ ਜੀਵਨ ਮੈਬਰ ਸਨ।
ਪ੍ਰੋਃ ਗਿੱਲ ਨੇ ਕਿਹਾ ਕਿ ਆਪ ਜੀ ਦੀਆਂ ਪ੍ਰਾਪਤੀਆਂ ਅਤੇ ਲੋਕ-ਹਿਤੂ ਸਰਗਰਮੀਆਂ ਦਾ ਸਨਮਾਨ ਕਰਦਿਆਂ ਆਪ ਨੂੰ 'ਸਃ ਗੁਰਸ਼ਰਨ ਸਿੰਘ ਨਾਟਕਕਾਰ ਯਾਦਗਾਰੀ
ਪੁਰਸਕਾਰ-2021' ਪ੍ਰਦਾਨ ਕੀਤਾ ਗਿਆ ਤਾ ਆਪਣੇ ਪੂਰੇ ਪਰਿਵਾਰ ਸਮੇਤ ਪੁਰਸਕਾਰ ਪ੍ਰਾਪਤ ਕਰਨ ਆਏ।
ਮਾਸਟਰ ਤਰਲੋਚਨ ਸਿੰਘ ਸਮਰਾਲਾ ਦੇ ਜਾਣ ਤੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋਃ ਰਵਿੰਦਰ ਭੱਠਲ, ਮੀਤ ਪ੍ਰਧਾਨ ਸਹਿਜਪ੍ਰੀਤ ਸਿੰਘ ਮਾਂਗਟ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਪ੍ਰੋਃ ਜਸਵਿੰਦਰ ਧਨਾਨਸੂ, ਸੰਗੀਤ ਦਰਪਨ ਦੇ ਸੰਪਾਦਕ  ਤਰਨਜੀਤ ਸਿੰਘ ਕਿੰਨੜਾ, ਜੈਨਕੋ ਦੇ ਚੇਅਰਮੈਨ ਨਵਜੋਤ ਸਿੰਘ ਜਰਗ, ਖੇਡ ਲੇਖਕ ਨਵਦੀਪ ਸਿੰਘ ਗਿੱਲ, ਜਗਦੀਸ਼ਪਾਲ ਸਿੰਘ ਗਰੇਵਾਲ(ਪਿੰਡ ਦਾਦ) ਲੁਧਿਆਣਾ, ਪੀ ਏ ਯੂ ਦੇ ਡਾਇਰੈਕਟਰ ਡਾਃ ਨਿਰਮਲ ਜੌੜਾ, ਸੱਭਿਆਚਾਰਕ ਸੱਥ ਦੇ ਚੇਅਰਮੈਨ ਜਸਮੇਰ ਸਿੰਘ ਢੱਟ, ਰੰਗ ਕਰਮੀ ਡਾਃ ਅਨਿਲ ਸ਼ਰਮਾ, ਰਵਿੰਦਰ ਰੰਗੂਵਾਲ ਤੇ ਹੋਰ ਸੇਹੀਆਂ ਨੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।
ਮਾਸਟਰ ਤਰਲੋਚਨ ਸਿੰਘ ਸਮਰਾਲਾ ਦਾ ਸਸਕਾਰ ਕੱਲ੍ਹ ਮਿਤੀ 12 ਅਗਸਤ ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 2 ਵਜੇ ਸ਼ਮਸ਼ਾਨਘਾਟ ,ਖੰਨਾ ਰੋਡ ਸਮਰਾਲਾ (ਨਜ਼ਦੀਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ)ਵਿਖੇ ਕੀਤਾ ਜਾਵੇਗਾ।

ਪੀ.ਏ.ਯੂ. ਨੇ ਟਮਾਟਰਾਂ ਦੇ ਹਾਈਬ੍ਰਿਡ ਦੇ ਵਪਾਰੀਕਰਨ ਲਈ ਸੰਧੀ ਕੀਤੀ

ਲੁਧਿਆਣਾ 11 ਅਗਸਤ(ਟੀ ਕੇ) ਪੀ.ਏ.ਯੂ. ਨੇ ਬੀਤੇ ਦਿਨੀਂ ਮੱਧ ਪ੍ਰਦੇਸ਼ ਸਥਿਤ ਇੱਕ ਕੰਪਨੀ ਖਜੁਰਾਹੋ ਸੀਡਜ਼ ਪ੍ਰਾਈਵੇਟ ਲਿਮਿਟਡ, ਭੋਪਾਲ ਨਾਲ ਟਮਾਟਰਾਂ ਦੀਆਂ ਦੋ ਹਾਈਬ੍ਰਿਡ ਕਿਸਮਾਂ ਟੀ ਐੱਚ-1 ਅਤੇ ਪੀ ਟੀ ਐੱਚ-2 ਦੇ ਵਪਾਰੀਕਰਨ ਲਈ ਸੰਧੀ ਤੇ ਸਹੀ ਪਾਈ | 
ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸੰਬੰਧਿਤ ਫਰਮ ਵੱਲੋਂ ਸ਼੍ਰੀ ਨੀਕੇ ਨਵੀਨ ਸਾਹੂ ਨੇ ਸਮਝੌਤੇ ਦੀਆਂ ਸ਼ਰਤਾਂ ਉੱਪਰ ਦਸਤਖਤ ਕੀਤੇ | 

ਵਧੀਕ ਨਿਰਦੇਸ਼ਕ ਖੋਜ ਡਾ. ਗੁਰਸਾਹਿਬ ਸਿੰਘ ਮਨੇਸ ਅਤੇ ਤਕਨਾਲੋਜੀ ਮਾਰਕੀਟਿੰਗ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨੀ ਨੇ ਇਸ ਸਮਝੌਤੇ ਲਈ ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ. ਤਰਸੇਮ ਸਿੰਘ ਢਿੱਲੋਂ ਅਤੇ ਸਬਜ਼ੀ ਬਰੀਡਰ ਡਾ. ਐੱਸ ਕੇ ਜਿੰਦਲ ਨੂੰ ਵਧਾਈ ਦਿੱਤੀ | 

ਡਾ. ਤਰਸੇਮ ਸਿੰਘ ਢਿੱਲੋਂ ਨੇ ਦੱਸਿਆ ਕਿ ਪੀ.ਏ.ਯੂ. ਦੀਆਂ ਸਬਜ਼ੀਆਂ ਦੀਆਂ ਕਿਸਮਾਂ ਅਤੇ ਹਾਈਬ੍ਰਿਡਾਂ ਦੀ ਭਾਰੀ ਮੰਗ ਹੈ | ਇਹ ਮੰਗ ਸਰਕਾਰੀ ਅਤੇ ਨਿੱਜੀ ਦੋਵਾਂ ਸੈਕਟਰਾਂ ਵਿੱਚ ਪਾਈ ਜਾਂਦੀ ਹੈ | ਪੀ.ਏ.ਯੂ. ਨੇ ਹੁਣ ਤੱਕ ਸਬਜ਼ੀਆਂ ਦੀਆਂ ਵੱਖ-ਵੱਖ ਕਿਸਮਾਂ ਲਈ ਜੋ ਸਮਝੌਤੇ ਕੀਤੇ ਉਹ ਭਾਗੀਦਾਰੀ ਲਈ ਵਿਸ਼ੇਸ਼ ਤੌਰ ਤੇ ਲਾਹੇਵੰਦ ਸਿੱਧ ਹੋਏ ਹਨ | ਉਹਨਾਂ ਇਹ ਵੀ ਦੱਸਿਆ ਕਿ ਅੱਜ ਤੱਕ ਸਬਜ਼ੀਆਂ ਦੀਆਂ ਵੱਖ-ਵੱਖ ਕਿਸਮਾਂ ਅਤੇ ਹਾਈਬ੍ਰਿਡਾਂ ਲਈ 57 ਸਮਝੌਤੇ ਕੰਪਨੀਆਂ, ਫਰਮਾਂ ਅਤੇ ਅਗਾਂਹਵਧੂ ਕਿਸਾਨਾਂ ਨਾਲ ਕੀਤੇ ਗਏ ਹਨ | 

ਇਸ ਮੌਕੇ ਡਾ. ਜਿੰਦਲ ਨੇ ਦੱਸਿਆ ਕਿ ਟੀ ਐੱਚ-1 ਵਧੇਰੇ ਝਾੜ ਦੇਣ ਵਾਲਾ ਟਮਾਟਰਾਂ ਦਾ ਹਾਈਬ੍ਰਿਡ ਹੈ | ਇਸਦਾ ਝਾੜ ਤਕਰੀਬਨ 245 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ | ਇਸ ਕਿਸਮ ਦੇ ਫਲ ਗੂੜੇ ਲਾਲ, ਗੋਲ ਅਤੇ 70-75 ਗ੍ਰਾਮ ਦੇ ਕਰੀਬ ਔਸਤਨ ਭਾਰ ਵਾਲੇ ਹੁੰਦੇ ਹਨ | ਵਧੇਰੇ ਲੰਮੇ ਸਮੇਂ ਤੱਕ ਰੱਖੇ ਜਾਣ ਕਾਰਨ ਇਸ ਕਿਸਮ ਨੂੰ ਇੱਕ ਤੋਂ ਦੂਜੀ ਜਗ੍ਹਾ ਲਿਜਾਣਾ ਸੌਖਾ ਹੈ | ਉਹਨਾਂ ਦੱਸਿਆ ਕਿ ਪੀ ਟੀ ਐੱਚ-2 ਦਾ ਔਸਤਨ ਝਾੜ 270 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ | ਇਹ ਕਿਸਮ ਝੁਲਸ ਰੋਗ ਅਤੇ ਜੜ੍ਹਾਂ ਦੀਆਂ ਗੰਢਾਂ ਦੀ ਬਿਮਾਰੀ ਦਾ ਸਾਹਮਣਾ ਕਰਨ ਦੀ ਸਮਰਥਾ ਰੱਖਦੀ ਹੈ | ਇਸ ਕਿਸਮ ਦੇ ਫਲ ਗੋਲ, ਗੂੜ੍ਹੇ ਲਾਲ ਅਤੇ 75-80 ਗ੍ਰਾਮ ਔਸਤ ਭਾਰ ਵਾਲੇ ਹੁੰਦੇ ਹਨ | ਇਸ ਕਿਸਮ ਵਿੱਚ ਟੀ ਐੱਸ ਐੱਸ ਦੀ ਮਾਤਰਾ 4.2 ਪ੍ਰਤੀਸ਼ਤ ਅਤੇ ਲਾਈਕੋਪੀਨ ਦੀ ਮਾਤਰਾ 4.7 ਪ੍ਰਤੀਸ਼ਤ ਤੱਕ ਪਾਈ ਜਾਂਦੀ ਹੈ | ਇਹ ਕਿਸਮ ਪ੍ਰੋਸੈਸਿੰਗ ਲਈ ਵੀ ਢੁੱਕਵੀਂ ਹੈ | 

ਡਾ. ਖੁਸ਼ਦੀਪ ਧਰਨੀ ਨੇ ਦੱਸਿਆ ਕਿ ਪੀ.ਏ.ਯੂ. ਨੇ ਹੁਣ ਤੱਕ ਵੱਖ-ਵੱਖ ਤਕਨੀਕਾਂ ਦੇ ਪਸਾਰ ਲਈ 330 ਸਮਝੌਤੇ ਕੀਤੇ ਹਨ |

ਸੂਖਮ ਸਿੰਚਾਈ ਪ੍ਰਣਾਲੀ ਸੰਬੰਧੀ ਵਿਸ਼ੇਸ਼ ਭਾਸ਼ਣ ਕਰਵਾਇਆ

ਲੁਧਿਆਣਾ 12 ਅਗਸਤ (ਟੀ ਕੇ) ਪੀ.ਏ.ਯੂ. ਦੇ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਨੇ ਕਾਸਟ ਪ੍ਰੋਜੈਕਟ ਤਹਿਤ ਕਰਵਾਈ ਜਾ ਰਹੀ ਭਾਸ਼ਣ ਲੜੀ ਦੇ ਰੂਪ ਵਿੱਚ ਬੀਤੇ ਦਿਨੀਂ ਸੂਖਮ ਸਿੰਚਾਈ ਅਤੀਤ ਅਤੇ ਵਰਤਮਾਨ ਵਿਸ਼ੇ ਤੇ ਇੱਕ ਭਾਸ਼ਣ ਕਰਵਾਇਆ | ਇਸ ਭਾਸ਼ਣ ਦੇ ਮੁੱਖ ਵਕਤਾ ਪਾਣੀ ਤਕਨਾਲੋਜੀ ਕੇਂਦਰ ਨਵੀਂ ਦਿੱਲੀ ਦੇ ਐਡਜੰਕਟ ਪ੍ਰੋਫੈਸਰ ਡਾ. ਟੀ ਬੀ ਐੱਸ ਰਾਜਪੂਤ ਸਨ | ਡਾ. ਰਾਜਪੂਤ ਨੇ ਆਪਣੇ ਭਾਸ਼ਣ ਵਿੱਚ ਸੂਖਮ ਸਿੰਚਾਈ ਪ੍ਰਣਾਲੀ ਦੀਆਂ ਤਕਨੀਕਾਂ ਨੂੰ ਕੁਦਰਤੀ ਸਰੋਤਾਂ ਦੀ ਸੰਭਾਲ ਦੇ ਖੇਤਰ ਵਿੱਚ ਮਹੱਤਵਪੂਰਨ ਖੋਜ ਕਿਹਾ | ਉਹਨਾਂ ਕਿਹਾ ਕਿ ਸਮੇਂ ਦੇ ਨਾਲ-ਨਾਲ ਇਸ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਹੋਈਆਂ ਹਨ | ਇਹਨਾਂ ਤਬਦੀਲੀਆਂ ਨੇ ਚੁਣੌਤੀਆਂ ਨਾਲ ਨਜਿੱਠਣ ਲਈ ਸੂਖਮ ਸਿੰਚਾਈ ਵਿਧੀ ਨੂੰ ਹੋਰ ਢੁੱਕਵੀਂ ਬਣਾਇਆ ਹੈ | ਡਾ. ਰਾਜਪੂਤ ਨੇ ਕਿਹਾ ਕਿ ਇਹਨਾਂ ਕਾਢਾਂ ਦੇ ਕਾਰਨ ਹੀ ਭੋਜਨ ਉਤਪਾਦਨ ਦੀ ਸਥਿਰਤਾ ਸੰਭਵ ਹੋਈ ਹੈ ਅਤੇ ਨਾਲ ਹੀ ਬਦਲਦੀਆਂ ਮੌਸਮੀ ਸਥਿਤੀਆਂ ਦੇ ਸਾਹਮਣੇ ਵਾਤਾਵਰਨ ਦੀ ਸੰਭਾਲ ਦਾ ਮਾਹੌਲ ਬਣਿਆ ਹੈ | 

ਵਿਭਾਗ ਦੇ ਮੁਖੀ ਡਾ. ਰਾਕੇਸ਼ ਸ਼ਾਰਦਾ ਨੇ ਡਾ. ਰਾਜਪੂਤ ਬਾਰੇ ਜਾਣ-ਪਛਾਣ ਕਰਾਉਂਦਿਆਂ ਦੱਸਿਆ ਕਿ ਉਹ ਪਿਛਲੇ 40 ਸਾਲਾਂ ਤੋਂ ਸੂਖਮ ਸਿੰਚਾਈ ਪ੍ਰਣਾਲੀਆਂ ਬਾਰੇ ਕਾਰਜ ਕਰ ਰਹੇ ਹਨ | ਉਹਨਾਂ ਨੂੰ ਡਾ. ਰਫੀ ਅਹਿਮਦ ਕਿਦਵਈ ਐਵਾਰਡ ਤੋਂ ਬਿਨਾਂ ਭਾਰਤ ਵਿੱਚ ਬਹੁਤ ਸਾਰੀਆਂ ਕਮੇਟੀਆਂ ਦੇ ਮੈਂਬਰ ਨਾਮਜ਼ਦ ਕੀਤਾ ਗਿਆ ਹੈ | 

ਸਮਾਰੋਹ ਦੌਰਾਨ ਕਾਸਟ ਪ੍ਰੋਜੈਕਟ ਦੇ ਮੁੱਖ ਨਿਗਰਾਨ ਡਾ. ਓ ਪੀ ਚੌਧਰੀ ਨੇ ਸੂਖਮ ਸਿੰਚਾਈ ਤਕਨੀਕਾਂ ਨੂੰ ਹੋਰ ਢੁੱਕਵੀਆਂ ਬਨਾਉਣ ਦੀ ਲੋੜ ਤੇ ਜ਼ੋਰ ਦਿੱਤਾ | ਉਹਨਾਂ ਇਹ ਵੀ ਦੱਸਿਆ ਕਿ ਇਹ ਤਕਨੀਕਾਂ ਹੜ੍ਹਾਂ ਦੇ ਮੱਦੇਨਜ਼ਰ ਮਿੱਟੀ ਦੇ ਵਹਾਅ ਦੇ ਨੁਕਸਾਨ ਨੂੰ ਕਾਫੀ ਹੱਦ ਤੱਕ ਰੋਕ ਸਕਦੀਆਂ ਹਨ | 

ਸਮਾਰੋਹ ਦੇ ਅੰਤ ਵਿੱਚ ਡਾ. ਅਮੀਨਾ ਰਹੇਜਾ ਨੇ ਡਾ. ਰਾਜਪੂਤ ਅਤੇ ਹੋਰ ਹਾਜ਼ਰੀਨ ਦਾ ਧੰਨਵਾਦ ਕੀਤਾ |

ਨਾਂਦੇੜ ਤਖ਼ਤ ਸ੍ਰੀ ਹਜ਼ੂਰ ਸਾਹਿਬ ਦਾ ਡਾ: ਵਿਜੈ ਸਤਬੀਰ ਸਿੰਘ ਪ੍ਰਸ਼ਾਸ਼ਕ ਨਿਯੁਕਤ ਕਰਨ ਤੇ ਸਵਾਗਤ ਕਰਦੇ ਹਾਂ -ਭਾਈ ਫ਼ਰਾਂਸ

ਮੁੱਲਾਂਪੁਰ ਦਾਖਾ 11 ਅਗਸਤ ( ਸਤਵਿੰਦਰ ਸਿੰਘ ਗਿੱਲ) ਗੈਰ ਸਿੱਖ ਪ੍ਰਸ਼ਾਸ਼ਕ ਦੇ ਮੁੱਦੇ ਤੋਂ ਬਾਅਦ ਮਹਾਰਾਸ਼ਟਰ ਦੀ ਸਰਕਾਰ ਨੇ ਸੇਵਾ ਮੁਕਤ ਆਈ ਏ ਐਸ ਅਧਿਕਾਰੀ ਡਾਕਟਰ ਵਿਜੈ ਸਤਬੀਰ ਸਿੰਘ ਨੂੰ ਆਈ ਏ ਐਸ ਅਭਿਜੀਤ ਰਾਉਤ ਦੀ ਥਾਂ 'ਤੇ ਨੰਦੇੜ ਸਥਿਤ ਤਖ਼ਤ ਸ੍ਰੀ ਹਜ਼ੂਰ ਸਾਹਿਬ ਦਾ ਪ੍ਰਸ਼ਾਸ਼ਕ ਨਿਯੁਕਤੀ ਕਰਨ ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ ਵੱਲੋਂ ਭਰਵਾਂ ਸਵਾਗਤ ਕੀਤਾ। ਉਨ੍ਹਾਂ ਨੇ ਇਹ ਵੀ ਆਖਿਆ ਕਿ ਅਸੀਂ ਮਹਾਰਾਸ਼ਟਰ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਪਹੁੰਚ ਰਹੀ ਠੈਸ ਨੂੰ ਜਲਦ  ਸਮਝਦੇ ਹੋਈ ਆਪਣੀ ਭੁੱਲ ਨੂੰ ਸੁਧਾਰਿਆ। ਵੈਸੇ ਤਾਂ ਭਾਰਤ ਚ ਭਾਜਪਾ ਦੀ ਸਰਕਾਰ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਬਚਾਉਣ ਲਈ ਹਮੇਸ਼ਾ ਪੱਬਾਂ ਭਾਰ ਹੋਈ ਰਹਿੰਦੀ ਹੈ। ਪਰ ਸਿੱਖ ਕੌਮ ਗੁਰੂ ਘਰਾਂ ਦੇ ਪ੍ਰਬੰਧਕ ਗੈਰ ਸਿੱਖ ਕਦੇ ਜਿੱਤ ਬਰਦਾਸਤ ਨਹੀਂ ਕਰਨਗੇ। ਆਖਰ ਵਿੱਚ ਉਹਨਾਂ ਨੇ ਆਖਿਆ ਕਿ ਅਸੀਂ ਮਹਾਰਾਸ਼ਟਰ ਸਰਕਾਰ ਦਾ ਫਿਰ ਤੋਂ ਧੰਨਵਾਦ ਕਰਦੇ ਹਾਂ। ਜਿਨ੍ਹਾਂ ਨੇ ਸਿੱਖੀ ਸਰੂਪ ਵਾਲਾ ਅਧਿਕਾਰੀ ਵਿਜੇ ਸਤਬੀਰ ਸਿੰਘ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਦਾ ਪ੍ਰਸ਼ਾਸ਼ਕ ਨਿਯੁਕਤ ਕੀਤਾ। ਇਸ ਮੌਕੇ ਇੰਦਰਵੀਰ ਸਿੰਘ, ਜਸਵਿੰਦਰ ਸਿੰਘ, ਬਲਜੀਤ ਸਿੰਘ, ਹਰਦੀਪ ਸਿੰਘ, ਸਰਬਜੀਤ ਸਿੰਘ ਕੁਲਵਿੰਦਰ ਸਿੰਘ ਗੁਰਪ੍ਰੀਤ ਸਿੰਘ ਮਹਿੰਦਰ ਸਿੰਘ ਹਰਦੇਵ ਸਿੰਘ ਆਦਿ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

ਪੰਜਾਬ ਚ ਜਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀਆਂ ਤੇ ਪੰਚਾਇਤਾਂ ਭੰਗ 

 

ਲੁਧਿਆਣਾ ,11 ਅਗਸਤ (ਟੀ. ਕੇ.) ਪੰਜਾਬ ਦੀਆਂ ਜ਼ਿਲ੍ਹਾ ਪ੍ਰੀਸ਼ਦਾਂ ਬਲਾਕ ਸੰਮਤੀਆਂ ਅਤੇ ਪਿੰਡਾਂ ਦੀ ਪੰਚਾਇਤਾਂ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤੀਆਂ ਗਈਆਂ ਹਨ। ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਵਿਚ ਜ਼ਿਲ੍ਹਾ ਪ੍ਰੀਸ਼ਦਾਂ ਬਲਾਕ ਸੰਮਤੀਆਂ ਦੀ ਚੋਣ 25 ਨਵੰਬਰ 2023 ਤੱਕ ਅਤੇ ਪਿੰਡਾਂ ਦੀਆਂ ਪੰਚਾਇਤੀ ਚੋਣਾਂ 31 ਦਸੰਬਰ 2023 ਤੱਕ ਕਰਵਾਉਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਪੰਜਾਬ  ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿਕਾਸ ਭਵਨ, ਸੈਕਟਰ 62, ਫੇਜ਼ 8, ਸਾਹਿਬਜਾਦਾ ਅਜੀਤ ਸਿੰਘ ਦੇ ਵਿਸ਼ੇਸ਼ ਸਕੱਤਰ ਵਲੋਂ  ਰਾਜ ਦੇ ਸਮੂਹ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰਜ਼ ਨੂੰ ਜਾਰੀ  ਪੱਤਰ ਅਨੁਸਾਰ ਗਰਾਮ ਪੰਚਾਇਤਾਂ ਨੂੰ ਭੰਗ ਕਰਕੇ ਪ੍ਰਬੰਧਕ ਨਿਯੁਕਤ ਕਰਨ ਸਬੰਧੀ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ 

ਪੱਤਰ ਅਨੁਸਾਰ ਸਰਕਾਰ ਵਲੋਂ ਗਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਨੇੜੇ ਭਵਿਖ ਵਿਚ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਆਮ ਚੋਣਾਂ ਤੋਂ ਪਹਿਲਾਂ ਗਰਾਮ ਪੰਚਾਇਤਾਂ ਨੂੰ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 29-ਏ ਅਧੀਨ ਭੰਗ ਕਰਕੇ ਗਰਾਮ ਪੰਚਾਇਤਾਂ ਦੇ ਰਿਕਾਰਡ ਦੀ ਸਾਂਭ ਸੰਭਾਲ ਲਈ ਸਮਾਜਿਕ ਸਿੱਖਿਆ ਤੇ ਪੰਚਾਇਤ ਅਫਸਰ, ਪੰਚਾਇਤ ਅਫਸਰ (ਸੰਮਤੀ ਸਾਇਡ), ਜੂਨੀਅਰ ਇੰਜਨੀਅਰ ਅਤੇ ਵਿਲੇਜ਼ ਡਿਵੈਲਮੈਂਟ ਅਫਸਰਾਂ ਨੂੰ ਪ੍ਰਬੰਧਕ ਨਿਯੁਕਤ ਕਰਨ ਲਈ ਸਰਕਾਰ ਦਾ ਵਿਚਾਰ ਹੈ। ਇਸ ਲਈ ਪ੍ਰਬੰਧਕਾਂ ਨੂੰ ਗਰਾਮ ਪੰਚਾਇਤਾਂ ਦੀ ਵੰਡ ਨਿਰਧਾਰਤ ਪ੍ਰੋਫਾਰਮੇ ਵਿਚ ਸੂਚਨਾ ਵਿਸ਼ੇਸ਼ ਦੂਤ ਰਾਹੀਂ (ਐੱਨ ਡਰਾਈਵ ਸਮੇਤ ਸਾਫਟ ਕਾਪੀ) ਮਿਤੀ 14.08.2023 ਤੱਕ ਹਰ ਹਾਲਤ ਭੇਜਣੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।

UK MP Dhesi meets Revenue Minister Jimpa and Sports Minister Hayer

Chandigarh, 10 August ((Jan Shakti News Bureau)
Punjab Revenue Minister Bram Shankar Jimpa and Sports Minister Gurmeet Singh Meet Hayer met in Chandigarh with UK MP Tanmanjeet Singh Dhesi, who was accompanied by his uncle Paramjit Singh Raipur (SGPC Member, Adampur) and his son Jugaad Singh Dhesi. Jagroop Singh Sekhwan (General Secretary, AAP), Chairman Gurdev Singh and other senior government persons were also present.

Sports Minister Hayer spoke about the various initiatives he is undertaking to increase sports participation amongst Punjabis, including incentivising top sportsmen and women. MP Dhesi, who for the last decade has been President of Gatka Federation UK, requested that extra efforts be made to uplift Gatka, as well as the much-loved Punjabi sport Kabaddi. 

MP Dhesi also requested that action be taken to give justice to Non Resident Indians for their land disputes, when their property is illegally seized. The Ministers listened intently and assured that they take the issue very seriously, because they want to encourage more investment. Revenue Minister Jimpa also explained that if any NRI has such an issue, they should WhatsApp details of the issue directly to the new Government number +91 94641 00168 and appropriate action will be taken.

ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਰਾਹੀ ਰਾਸ਼ਟਰਪਤੀ ਨੂੰ ਮੰਗ ਪੱਤਰ ਦਿੱਤਾ 

ਲੁਧਿਆਣਾ-10 ਅਗਸਤ (ਦਲਜੀਤ ਸਿੰਘ ਰੰਧਾਵਾ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਕਿਸਾਨ ਆਗੂਆਂ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਲੁਧਿਆਣਾ ਰਾਹੀਂ ਦੇਸ਼ ਦੀ ਰਾਸ਼ਟਰਪਤੀ ਨੂੰ ਪੱਤਰ ਭੇਜ ਮੰਗ ਕੀਤੀ ਕਿ “ਲੁਟੇਰੇ ਕਾਰਪੋਰੇਟੋ ਭਾਰਤ ਛੱਡੋ”। ਮੰਗ ਪੱਤਰ ਦੇਣ ਵਾਲੇ ਵਫ਼ਦ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਜਥੇਬੰਦਕ ਸਕੱਤਰ ਰਘਵੀਰ ਸਿੰਘ ਬੈਨੀਪਾਲ, ਬਲਦੇਵ ਸਿੰਘ ਧੂਰਕੋਟ, ਆਲ ਇੰਡੀਆ ਕਿਸਾਨ ਸਭਾ ਦੇ ਜਸਵੀਰ ਸਿੰਘ ਝੱਜ, ਚਮਕੌਰ ਸਿੰਘ ਬਰਮੀ ਨੇ ਕੀਤੀ। ਆਗੂਆ ਨੇ ਪੱਤਰ ਰਾਹੀਂ ਮੰਗ ਕੀਤੀ ਕਿ ਮੋਦੀ ਸਰਕਾਰ ਆਪਣੇ ਨਿੱਜੀ ਹਿੱਤਾ ਲਈ ਦੇਸ਼ ਦੇ ਜਨਤਕ ਅਦਾਰਿਆਂ ਨੂੰ ਲੁਟੇਰੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਦੇਣਾ ਚਾਹੁੰਦੀ ਹੈ। ਜਦੋ ਕਿ ਲੁਟੇਰੇ ਕਾਰਪੋਰੇਟ ਘਰਾਣੇ ਜਲ, ਜੰਗਲ ਤੇ ਜ਼ਮੀਨ ਦੀ ਲੁੱਟ ਕਰਕੇ ਦੇਸ਼ ਦੇ ਲੋਕਾਂ ਨੂੰ ਕੰਗਾਲ ਕਰ ਰਹੇ ਹਨ ਅਤੇ ਆਪਣੀਆਂ ਤਜੌਰੀਆ ਭਰ ਰਹੇ ਹਨ। ਉਹਨਾਂ ਅੱਜ ਦੇ ਇਤਿਹਾਸਕ ਦਿਨ ਉੱਪਰ ਕਾਰਪੋਰੇਟ ਘਰਾਣਿਆਂ ਦੀ ਲੁੱਟ ਤੋਂ ਦੇਸ਼ ਵਾਸੀਆਂ ਨੂੰ ਬਚਾਉਣ ਲਈ “ਲੁਟੇਰੇ ਕਾਰਪੋਰੇਟੋ ਭਾਰਤ ਛੱਡੋ” ਦਾ ਹੋਕਾ ਦਿੱਤਾ। ਉਹਨਾਂ ਦੇਸ਼ ਵਾਸੀਆਂ ਨੂੰ ਇਸ ਮੁਹਿਮ ਦਾ ਹਿੱਸਾ ਬਣਨ ਦੀ ਅਪੀਲ ਵੀ ਕੀਤੀ। ਇਸ ਮੌਕੇ ਹੋਰਨਾ ਤੋ ਇਲਾਵਾ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਅਮਰਜੀਤ ਸਿੰਘ ਸਹਿਜਾਦ, ਚਮਕੌਰ ਸਿੰਘ ਢੈਹਪੀ, ਆਲ ਇੰਡੀਆ ਕਿਸਾਨ ਸਭਾ ਦੇ ਗੁਲਜ਼ਾਰ ਸਿੰਘ ਪੰਧੇਰ ਹਾਜ਼ਰ ਸਨ।

ਦਵਿੰਦਰ ਸਿੰਘ ਗਿੱਲ ਟਰੱਕ ਯੂਨੀਅਨ ਜਗਰਾਉਂ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ

ਸਰਬਸੰਮਤੀ ਨਾਲ ਹੋਈ ਚੋਣ, ਅਪ੍ਰੇਟਰਾਂ ਦੀਆਂ ਸਮੱਸਿਆਵਾਂ ਦੇ ਹੱਲ ਦੀ ਆਸ ਬੱਝੀ
ਜਗਰਾਉ 10 ਅਗਸਤ (ਕੁਲਦੀਪ ਸਿੰਘ ਕੋਮਲ/ਮੋਹਿਤ ਗੋਇਲ )
 'ਦੀ ਟਰੱਕ ਅਪ੍ਰੇਟਰ ਯੂਨੀਅਨ' ਜਗਰਾਉਂ ਦੇ ਲੰਮੇ ਸਮੇਂ ਤੋਂ ਖਾਲੀ ਚੱਲੇ ਆ ਰਹੇ ਪ੍ਰਧਾਨਗੀ ਅਹੁਦੇ ਦੀ ਚੋਣ ਟਰੱਕ ਯੂਨੀਅਨ ਜਗਰਾਉਂ ਵਿਖੇ ਹੋਈ, ਜਿਸ ਵਿੱਚ ਦਵਿੰਦਰ ਸਿੰਘ ਉਰਫ਼ ਰਾਜਨ ਗਿੱਲ ਸਰਬਸੰਮਤੀ ਨਾਲ ਟਰੱਕ ਯੂਨੀਅਨ ਜਗਰਾਉਂ ਦੇ ਪ੍ਰਧਾਨ ਚੁਣੇ ਗਏ। ਲੰਮੇ ਸਮੇਂ ਤੋ ਟਰੱਕ ਅਪ੍ਰੇਟਰ ਦੀਆਂ ਸੇਵਾਵਾਂ ਨਿਭਾਉਣ ਵਾਲੇ ਦਵਿੰਦਰ ਸਿੰਘ ਗਿੱਲ ਦੇ ਪ੍ਰਧਾਨ ਚੁਣੇ ਜਾਣ ਨਾਲ ਜਿੱਥੇ ਜਗਰਾਉਂ ਟਰੱਕ ਯੂਨੀਅਨ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ, ਉਥੇ ਹੀ ਟਰੱਕ ਅਪ੍ਰੇਟਰਾਂ ਦੀਆਂ ਚੱਲੀਆਂ ਆ ਰਹੀਆਂ ਸਮੱਸਿਆਵਾਂ ਦੇ ਹੱਲ ਦੀ ਆਸ ਬੱਝ ਗਈ ਹੈ। ਇਸ ਚੋਣ ਉਪਰੰਤ ਨਵੇਂ ਚੁਣੇ ਗਏ ਪ੍ਰਧਾਨ ਦਵਿੰਦਰ ਸਿੰਘ ਗਿੱਲ ਨੇ ਹਲਕਾ ਜਗਰਾਉਂ ਦੇ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਅਤੇ ਪ੍ਰੋਫੈਸਰ ਸੁਖਵਿੰਦਰ ਸਿੰਘ ਦਾ ਵਿਸ਼ੇਸ਼ ਤੌਰਤੇ ਧੰਨਵਾਦ ਕਰਦੇ ਹੋਏ ਆਖਿਆ ਕਿ ਉਹ ਮੈਡਮ ਸਰਵਜੀਤ ਕੌਰ ਮਾਣੂੰਕੇ ਦੇ ਅਸੀਰਵਾਦ ਸਦਕਾ ਸਮੂਹ ਟਰੱਕ ਅਪ੍ਰੇਟਰਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ ਅਤੇ ਵਿਸ਼ੇਸ਼ ਤੌਰਤੇ ਟਰੱਕਾਂ ਦੀ ਪਾਸਿੰਗ ਸਬੰਧੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਕੋਲ ਮਾਮਲਾ ਉਠਾਕੇ ਸਮਾਂਧਾਨ ਕਰਵਾਉਣਗੇ। ਉਹਨਾਂ ਆਖਿਆ ਕਿ ਟਰੱਕ ਯੂਨੀਅਨ ਦੀਆਂ ਸਮੱਸਿਆਵਾਂ ਤੋਂ ਇਲਾਵਾ ਸਮੂਹ ਅਪ੍ਰੇਟਰਾਂ ਨੂੰ ਨਿੱਜੀ ਤੌਰਤੇ ਵੀ ਉਹ ਨਾਲ ਲੈ ਕੇ ਚੱਲਣਗੇ ਅਤੇ ਯੂਨੀਅਨ ਅੰਦਰ ਭਾਈਚਾਰਕ ਮਹੌਲ ਸਿਰਜਿਆ ਜਾਵੇਗਾ। ਇਸ ਮੌਕੇ ਵਿਸ਼ੇਸ਼ ਤੌਰਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਸਾਬਕਾ ਕੌਂਸਲਰ ਕੁਲਵਿੰਦਰ ਸਿੰਘ ਕਾਲਾ ਨੇ ਨਵੇਂ ਪ੍ਰਧਾਨ ਰਾਜਨ ਗਿੱਲ ਨੂੰ ਵਧਾਈ ਦਿੰਦੇ ਹੋਏ ਆਖਿਆ ਕਿ ਮੰਡੀਆਂ ਦੇ ਸੀਜ਼ਨ ਦੌਰਾਨ ਟਰੱਕਾਂ ਦੀ ਢੋਆ-ਢੁਆਈ ਮੌਕੇ ਅਪ੍ਰੇਟਰਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾਂ ਪੈਂਦਾ ਹੈ ਅਤੇ ਦਵਿੰਦਰ ਸਿੰਘ ਰਾਜਨ ਗਿੱਲ ਵਰਗਾ ਯੋਗ ਤੇ ਸੁਹਿਰਦ ਪ੍ਰਧਾਨ ਹੀ ਇੱਕ ਕੜੀ ਵਜੋਂ ਕੰਮ ਕਰਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਕੋਲੋਂ ਟਰੱਕ ਅਪ੍ਰੇਟਰਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਹੱਲ ਕਰਵਾ ਸਕਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਤਾਰ ਸਿੰਘ ਸਵੱਦੀ, ਜਗਰੂਪ ਸਿੰਘ ਜੱਗਾ ਧਾਲੀਵਾਲ, ਕਰਮਜੀਤ ਸਿੰਘ ਡੱਲਾ, ਡਾ.ਮਨਦੀਪ ਸਿੰਘ ਸਰਾਂ, ਸਰਪੰਚ ਗੁਰਨਾਮ ਸਿੰਘ ਭੈਣੀ, ਸ਼ੇਰ ਸਿੰਘ ਛੱਜਾਵਾਲ, ਜਗਦੇਵ ਸਿੰਘ ਅਖਾੜਾ, ਸੋਨੂੰ ਕਾਉਂਕੇ, ਪਿਆਰਾ ਸਿੰਘ ਮੈਂਬਰ, ਕਲਵੰਤ ਸਿੰਘ ਦੇਹੜਕਾ, ਕਰਮਜੀਤ ਸਿੰਘ ਜੌਹਲ, ਅਵਤਾਰ ਸਿੰਘ ਸ਼ੇਰਪੁਰਾ, ਗੀਤਾ ਜਗਰਾਉਂ, ਪਰਮਜੀਤ ਸਿੰਘ ਪੰਮਾਂ, ਰਜਿੰਦਰ ਸਿੰਘ ਗਰੇਵਾਲ, ਜਿੰਦਰ ਰਾਮਗੜ੍ਹ, ਹੈਪੀ ਸੰਗਤਪੁਰਾ, ਪੱਪੂ ਕਾਉਂਕੇ, ਸੁਲਤਾਨ ਸਿੰਘ ਢੈਪੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਟਰੱਕ ਅਪ੍ਰੇਟਰ ਹਾਜ਼ਰ ਸਨ।

“ਲੁਟੇਰੇ ਕਾਰਪੋਰੇਟੋ ਭਾਰਤ ਛੱਡੋ” ਦਾ ਕਿਸਾਨੀ ਨੇ ਦਿੱਤਾ ਹੋਕਾ

ਮੋਦੀ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਪੱਖ ਦੀਆਂ ਨੀਤੀਆਂ ਲਾਗੂ ਕਰਨ ਦਾ ਹੋਇਆ ਤਿੱਖਾ ਵਿਰੋਧ

ਡੇਹਲੋ- 10 ਅਗਸਤ ( ਦਲਜੀਤ ਸਿੰਘ ਰੰਧਾਵਾ ) 1942 ਵਿੱਚ ਦੇਸ਼ ਦੀ ਅਜ਼ਾਦੀ ਦੀ ਲੜਾਈ ਲਈ ਸ਼ੁਰੂ ਕੀਤੇ ਗਏ ਅੰਦੋਲਨ “ਭਾਰਤ ਛੱਡੋ” ਦੀ ਵਰ੍ਹੇਗੰਡ ਮੌਕੇ “ਲੁਟੇਰੇ ਕਾਰਪੋਰੇਟੋ ਭਾਰਤ ਛੱਡੋ” ਦਾ ਨਾਹਰਾ ਬੁਲੰਦ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਵੱਲੋ ਦੇਸ਼ ਦੀ ਰਾਸ਼ਟਰਪਤੀ ਨੂੰ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਮੰਗ ਪੱਤਰ ਸੋਪੇ ਗਏ। ਇਸੇ ਕੜੀ ਤਹਿਤ ਅੱਜ ਸਬ ਤਹਿਸੀਲ ਡੇਹਲੋ ਵਿਖੇ ਵੀ ਜਮਹੂਰੀ ਕਿਸਾਨ ਸਭਾ ਪੰਜਾਬ, ਪੰਜਾਬ ਕਿਸਾਨ ਯੂਨੀਅਨ ਅਤੇ ਪੀ.ਐਸ.ਈ.ਬੀ ਇੰਪਲਾਈਜ ਫੈਡਰੇਸ਼ਨ (ਏਟਕ) ਵੱਲੋ ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ ਪੱਬੀ ਦੇ ਟੀਏ ਮੁਨੀਸ਼ ਸ਼ਰਮਾ ਨੂੰ ਮੰਗ ਪੱਤਰ ਸੋਪਿਆ। ਇਸ ਮੌਕੇ ਤੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਭਾਈ ਸ਼ਮਸ਼ੇਰ ਸਿੰਘ ਆਸੀ ਕਲਾਂ, ਪੀ.ਐਸ.ਈ.ਬੀ ਇੰਪਲਾਈਜ ਫੈਡਰੇਸ਼ਨ (ਇੰਟਕ) ਦੇ ਸੂਬਾਈ ਆਗੂ ਕਰਤਾਰ ਸਿੰਘ ਨੇ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਵਿੱਚ ਕਾਰਪੋਰੇਟ ਘਰਾਣਿਆਂ ਦੇ ਦਬਾਅ ਅਧੀਨ ਕੰਮ ਕਰ ਰਹੀ ਹੈ। ਜਿਸ ਕਰਕੇ ਕੇਂਦਰ ਸਰਕਾਰ ਜਨਤਕ ਖੇਤਰ ਦੇ ਅਦਾਰਿਆਂ ਨੂੰ ਜਾਣ ਬੁੱਝ ਕੇ ਘਾਟੇ ਵਿੱਚ ਪਾ ਰਹੀ ਹੈ। ਮੋਦੀ ਸਰਕਾਰ ਇਹਨਾਂ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਅਡਾਨੀਆਂ ਅੰਬਾਨੀਆ ਨੂੰ ਵੇਚ ਕੇ ਦੇਸ਼ ਦੀ ਸਾਰੀ ਪੂੰਜੀ ਹੜਪ ਕਰਕੇ ਕਾਰਪੋਰਟਾ ਦਾ ਢਿੱਡ ਭਰਨਾ ਚਾਹੁੰਦੀ ਹੈ। ਪਰ ਦੇਸ਼ ਦੇ ਲੋਕ ਮੋਦੀ ਸਰਕਾਰ ਤੇ ਲੁਟੇਰੇ ਕਾਰਪੋਰੇਟਾ ਦੀਆਂ ਕੋਝੀਆਂ ਚਾਲਾਂ ਕਾਮਯਾਬ ਨਹੀਂ ਹੋਣ ਦੇਣਗੇ। ਆਗੂਆ ਨੇ ਅੱਜ ਦੇ ਇਤਿਹਾਸਕ ਦਿਨ ਤੇ ਲੁਟੇਰੇ ਕਾਰਪਰੇਟਾ ਨੂੰ ਭਾਰਤ ਛੱਡ ਕੇ ਚਲੇ ਜਾਣ ਲਈ ਕਿਹਾ। ਇਸ ਮੌਕੇ ਤੇ ਹੋਰਨਾ ਤੋ ਇਲਾਵਾ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਗੁਰਉਪਦੇਸ਼ ਸਿੰਘ ਘੁੰਗਰਾਣਾ, ਸੁਰਜੀਤ ਸਿੰਘ ਸੀਲੋ, ਨੱਛਤਰ ਸਿੰਘ, ਜਗਪਾਲ ਸਿੰਘ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਸਵਰਨ ਸਿੰਘ, ਨੰਬਰਦਾਰ ਬਲਦੇਵ ਸਿੰਘ, ਸਾਬਕਾ ਸਰਪੰਚ ਸੁਰਜੀਤ ਸਿੰਘ, ਪੀ.ਐਸ.ਈ.ਬੀ ਇੰਪਲਾਈਜ ਫੈਡਰੇਸ਼ਨ (ਇੰਟਕ) ਦੇ ਆਗੂ ਕਰਨੈਲ ਸਿੰਘ, ਗੁਰਮੀਤ ਸਿੰਘ, ਦੀਪਕ ਖੋਖਰ, ਜਸਵਿੰਦਰ ਸਿੰਘ ਲਾਡੀ ਹਾਜ਼ਰ ਸਨ। ਇਸ ਮੌਕੇ ਤੇ ਆਗੂਆਂ ਵੱਲੋਂ ਮੋਦੀ ਸਰਕਾਰ ਤੇ ਲੁਟੇਰੇ ਕਾਰਪੋਰੇਟ ਘਰਾਣਿਆਂ ਵਿਰੁੱਧ ਜੰਮ ਕੇ ਨਾਹਰੇਬਾਜ਼ੀ ਵੀ ਕੀਤੀ।

Minister Dr Baljit Kaur meets UK MP Tanmanjeet Singh Dhesi

Chandigarh ,09 August ( Jan Shakti News Bureau) Social Welfare and Women Empowerment Minister, Punjab Government, Dr Baljit Kaur met today with UK MP Tanmanjeet Singh Dhesi to update him on her work for the betterment of Punjabis and they discussed a variety of issues about social welfare in India and the UK.

In the picture from left to right are:
Jugaad Singh Dhesi (son of MP Dhesi), Tanmanjeet Singh Dhesi MP, Minister Dr Baljit Kaur, Paramjit Singh Raipur (SGPC Member, Adampur).

ਦੀ ਕਲਾਸ ਫ਼ੋਰ ਗੌਰਮਿੰਟ ਇੰਪਲਾਈਜ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਹੋਈ।

ਲੁਧਿਆਣਾ, 8 ਅਗਸਤ (ਟੀ ਕੇ   ) ਦੀ ਕਲਾਸ ਫ਼ੋਰ ਗੌਰਮਿੰਟ ਇੰਪਲਾਈਜ ਯੂਨੀਅਨ ਪੰਜਾਬ 1680 ਸੈਕਟਰ 22 ਬੀ ਚੰਡੀਗੜ੍ਹ ਦੀ ਇਕਾਈ ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਵਿਨੋਦ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਸ਼ਾਮਲ ਹੋਏ ਮੀਟਿੰਗ ਵਿੱਚ 21,22, ਅਕਤੂਬਰ 2023 ਨੂੰ ਮੋਂਗਾ ਵਿੱਖੇ ਹੋ ਰਹੀ ਕੌਮੀ ਕਾਨਫਰੰਸ ਦੀ ਤਿਆਰੀ ਲਈ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਸਭ ਸਾਥੀਆਂ ਨੇ ਭਰੋਸਾ ਦਿੱਤਾ ਕਿ ਉਹਨਾਂ ਕੌਮੀ ਕਾਨਫਰੰਸ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇਗਾ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ, ਡੀ ਏ ਦੀਆਂ ਕਿਸ਼ਤਾਂ ਅਤੇ ਬਕਾਇਆ ਦਿੱਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ,ਮਿੱਡੇ ਮੀਲ , ਆਸਾਂ ਵਰਕਰਾਂ ਨੂੰ ਘੱਟੋ ਘੱਟ ਉਜ਼ਰਤ 26000 ਰੁਪਏ ਕੀਤੀ ਜਾਵੇ,ਪੇ ਕਮਿਸ਼ਨ ਦੀਆਂ ਤਰੂਟੀਆ ਦੂਰ ਕੀਤੀਆਂ ਜਾਣ ਆਦਿ ਮੰਗਾਂ ਦੀ ਮੰਗ ਕੀਤੀ ਇਸ ਮੌਕੇ ਚੇਅਰਮੈਨ ਪਰਮਜੀਤ ਸਿੰਘ, ਜਰਨਲ ਸਕੱਤਰ ਸੁਰਿੰਦਰ ਸਿੰਘ ਬੈਂਸ, ਸੀਨੀਅਰ ਮੀਤ ਪ੍ਰਧਾਨ ਅਸ਼ੋਕ ਕੁਮਾਰ ਮੱਟੂ, ਕੈਸ਼ੀਅਰ ਰਣਜੀਤ ਸਿੰਘ ਮੁਲਾਂਪੁਰ,ਮੀਤ ਪ੍ਰਧਾਨ ਰਕੇਸ਼ ਕੁਮਾਰ ਸੁੰਡਾ, ਗੁਰਦੀਪ ਸਿੰਘ ਮੱਤੇਵਾੜਾ, ਸ਼ੇਰ ਸਿੰਘ,ਮੰਗਤ ਰਾਮ, ਰਮੇਸ਼ ਕੁਮਾਰ ਪਮਾਲ, ਤਰਨਜੀਤ ਸਿੰਘ, ਸੁਖਵਿੰਦਰ ਸਿੰਘ,ਡੀ ਪੀ ਤਿਵਾੜੀ ਆਦਿ ਆਗੂ  ਹਾਜ਼ਰ ਸਨ।