ਪੰਜਾਬ ਦੇ ਪ੍ਰਾਇਮਰੀ ਅਧਿਆਪਕਾਂ ਦੀ ਰੈਸਨੇਲਾਈਜੇਸ਼ਨ ਸਰਕਾਰ ਸੋਚ ਸਮਝ ਕੇ ਕਰੇ: ਈਟੀਟੀ ਅਧਿਆਪਕ ਯੂਨੀਅਨ ਪੰਜਾਬ

ਪੰਜਾਬ ਭਰ ਦੇ ਅਧਿਆਪਕਾਂ ਤੇ ਉਨ੍ਹਾਂ ਦੇ ਪਰਿਵਾਰਾਂ 'ਚ ਪੈਦਾ ਹੋ ਰਹੇ ਤਨਾਅ ਨੂੰ ਪੰਜਾਬ ਸਰਕਾਰ ਤੁਰੰਤ ਦੂਰ ਕਰੇ : ਜਸਵਿੰਦਰ ਸਿੱਧੂ, ਸੂਬਾ ਪ੍ਰਧਾਨ।

ਚੰਡੀਗੜ੍ਹ, 13 ਅਗਸਤ (ਜਨ ਸ਼ਕਤੀ ਨਿਊਜ਼ ਬਿਊਰੋ )  ਪੰਜਾਬ ਰਾਜ ਦੀ ਸਿੱਖਿਆ ਨੀਤੀ ਨੂੰ ਉੱਪਰ ਚੁੱਕਣ ਹਿੱਤ ਜਿੱਥੇ ਪੰਜਾਬ ਸਰਕਾਰ ਇੱਕ ਪਾਸੇ ਸੋਸ਼ਲ ਮੀਡੀਆ ਰਾਹੀਂ ਸੂਬੇ ਭਰ ਵਿੱਚ ਆਪਣੀ ਧਾਕ ਜਮਾਉਣ ਵਿੱਚ ਲੱਗੀ ਹੋਈ ਹੈ, ਉੱਥੇ ਦੂਜੇ ਪਾਸੇ ਪੰਜਾਬ ਭਰ ਦੇ ਸਕੂਲਾਂ ਅੰਦਰ ਰੈਸਨੇਲਾਈਜੇਸ਼ਨ ਦੇ ਨਾਮ ਤੇ ਰਾਜ ਭਰ ਦੇ ਸਰਕਾਰੀ ਸਕੂਲਾਂ 'ਚ ਸੈਂਕੜੇ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਖਤਮ ਕਰ ਕੇ ਉਨ੍ਹਾਂ ਨੂੰ ਦੂਰ ਦੁਰਾਡੇ ਭੇਜਣ ਦੀ ਰੂਪ ਰੇਖਾ ਵੀ ਉਲੀਕ ਚੁੱਕੀ ਹੈ। ਸੂਬਾ ਪੱਧਰੀ ਪ੍ਰੈੱਸ ਨੋਟ ਜਾਰੀ ਕਰਦਿਆਂ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੁਰੰਤ ਦਖ਼ਲ ਦੇ ਕੇ ਇਸ ਗੰਭੀਰ ਮਸਲੇ ਨੂੰ ਹੱਲ ਕਰਨ, ਕਿਉਂ ਕਿ ਸਿੱਖਿਆ ਵਿਭਾਗ ਪੰਜਾਬ ਦੇ ਇਸ ਨਾਦਰਸ਼ਾਹੀ ਫੁਰਮਾਨ ਤਹਿਤ ਪੰਜਾਬ ਭਰ ਦੇ ਹਜ਼ਾਰਾਂ ਅਧਿਆਪਕਾਂ ਅਤੇ ਉਨ੍ਹਾਂ ਦੇ ਪਰਿਵਾਰ ਪ੍ਰਭਾਵਿਤ ਹੋ ਰਹੇ ਹਨ। ਸਿੱਧੂ ਨੇ ਦੱਸਿਆ ਕਿ ਸਿੱਖਿਆ ਨੀਤੀ ਤਹਿਤ ਹਰ ਪ੍ਰਾਇਮਰੀ ਸਕੂਲ ਵਿੱਚ ਘੱਟੋਂ ਘੱਟ ਦੋ ਈਟੀਟੀ ਟੀਚਰ ਲਾਜ਼ਮੀ ਹਨ ਅਤੇ ਇਸ ਤੋਂ ਇਲਾਵਾ ਕਾਨੂੰਨ ਤਹਿਤ ਤਾਂ ਇੱਕ ਪ੍ਰਾਇਮਰੀ ਸਕੂਲ ਵਿੱਚ 7 ਕਲਾਸਾਂ ਹਨ, ਸੋ ਜੇਕਰ ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਨੂੰ ਰੋਲ ਮਾਡਲ ਅਤੇ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਆਣ ਖੜ੍ਹਾ ਕਰਨ ਦੀ ਗੱਲ ਕਰਦੀ ਹੈ, ਤਾਂ ਉਨ੍ਹਾਂ ਨੂੰ ਹਰ ਕਲਾਸ ਲਈ ਵੱਖੋ-ਵੱਖਰਾ ਭਾਵ ਪ੍ਰਾਇਮਰੀ ਸਕੂਲ ਵਿੱਚ ਘੱਟੋਂ ਘੱਟ 7 ਈਟੀਟੀ ਅਧਿਆਪਕ ਦੇਣੇ ਬਣਦੇ ਹਨ ਅਤੇ ਅਧਿਆਪਕਾਂ ਦੀਆਂ ਬੀਐਲਓ ਡਿਊਟੀਆਂ ਤੁਰੰਤ ਕੱਟਣੀਆਂ ਚਾਹੀਦੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਇਸ਼ਾਰਾ ਕਰਦਿਆਂ ਕਿਹਾ ਕਿ ਜੇਕਰ ਰੈਸਨੇਲਾਈਜੇਸ਼ਨ ਦੇ ਮੁੱਦੇ ਤੇ ਪਹਿਲਾਂ ਤੋਂ ਹੀ ਆਪੋ ਆਪਣੇ ਘਰਾਂ ਦੇ ਲਾਗੇ ਬੈਠੇ ਅਧਿਆਪਕਾਂ ਨੂੰ ਦੂਰ ਦੁਰਾਡੇ ਸੁੱਟ ਕੇ ਸਰਕਾਰੀ ਸਕੂਲਾਂ ਵਿੱਚ ਅਸਾਮੀਆਂ ਖਤਮ ਕਰਨ ਦਾ ਯਤਨ ਕੀਤਾ, ਤਾਂ ਪੰਜਾਬ ਦੀ ਧਰਤੀ ਅੰਦਰ ਸਮੂਹ ਅਧਿਆਪਕਾਂ ਦੇ ਸੰਘਰਸ਼ ਦੇ ਹੜ੍ਹ ਆਉਣ ਤੋਂ ਦੇਰ ਨਹੀਂ ਲੱਗੇਗੀ। ਇੱਥੇ ਇਹ ਵੀ ਵਰਣਨਯੋਗ ਹੈ ਕਿ ਰਾਜ ਭਰ ਦੇ ਮੁਲਾਜ਼ਮ ਪਹਿਲਾਂ ਤੋਂ ਹੀ  ਆਪਣੀ ਪੁਰਾਣੀ ਪੈਨਸ਼ਨ, ਕੱਟੇ ਗਏ ਭੱਤਿਆਂ ਦੀ ਬਹਾਲੀ, ਪ੍ਰਮੋਸ਼ਨਾਂ ਆਦਿ ਲਈ ਸਰਕਾਰ ਦੇ ਮੂੰਹ ਵੱਲ ਵੇਖ ਰਹੇ ਹਨ। ਸਿੱਧੂ ਨੇ ਕਿਹਾ ਕਿ ਇਹ ਸਰਕਾਰ ਉਨ੍ਹਾਂ ਆਪਣੇ ਹੱਥੀ ਅਤੇ ਸਮੂਹ ਮੁਲਾਜ਼ਮਾਂ ਦੇ ਸਹਿਯੋਗ ਨਾਲ ਬਣਾਈ ਹੈ, ਸੋ ਉਨ੍ਹਾਂ ਨੂੰ ਆਸ ਹੈ ਕਿ ਪੰਜਾਬ ਸਰਕਾਰ ਇਸ ਅਹਿਮ ਮਸਲੇ ਤੇ ਤੁਰੰਤ ਧਿਆਨ ਦੇਵੇਗੀ। ਇਸ ਮੌਕੇ ਜੰਥੇਬੰਦੀ ਦੇ ਸੂਬਾ ਸਰਪ੍ਰਸਤ ਰਣਜੀਤ ਸਿੰਘ ਬਾਠ, ਸੂਬਾ ਜਨਰਲ ਸਕੱਤਰ ਹਰਜੀਤ ਸਿੰਘ ਸੈਣੀ, ਸੂਬਾ ਆਗੂ ਰਛਪਾਲ ਸਿੰਘ ਵੜੈਚ, ਸੂਬਾ ਸੀਨੀਅਰ ਮੀਤ ਪ੍ਰਧਾਨ ਸਵਰਨਜੀਤ ਸਿੰਘ ਭਗਤਾ, ਬਲਰਾਜ ਸਿੰਘ ਘਲੋਟੀ, ਉਂਕਾਰ ਸਿੰਘ ਗੁਰਦਾਸਪੁਰ, ਸਕੱਤਰ ਜਨਰਲ ਬੂਟਾ ਸਿੰਘ ਮੋਗਾ, ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ, ਸੂਬਾ ਵਿੱਤ ਸਕੱਤਰ ਕੁਲਵਿੰਦਰ ਸਿੰਘ ਜਹਾਂਗੀਰ, ਜਸਵਿੰਦਰ ਬਰਗਾੜੀ, ਮੀਤ ਪ੍ਰਧਾਨ ਅਨੂਪ ਸ਼ਰਮਾਂ, ਮਾਝਾ ਜੋਨ ਪ੍ਰਧਾਨ ਜਗਤਾਰ ਸਿੰਘ ਮੈਨੇਲਾ, ਮਾਲਵਾ ਜੋਨ ਪ੍ਰਧਾਨ ਸੰਪੂਰਨ ਵਿਰਕ ਤੋਂ ਇਲਾਵਾ ਵੱਖ ਵੱਖ ਜ਼ਿਲ੍ਹਿਆਂ ਦੇ ਸੂਬਾ ਕਮੇਟੀ ਮੈਂਬਰ ਤੇ ਜ਼ਿਲ੍ਹਾ ਪ੍ਰਧਾਨ ਹਾਜ਼ਰ ਸਨ।