ਪੰਜਾਬ

21 ਤੋਂ 23 ਅਗਸਤ ਤੱਕ ਯੱਗ-ਸਮਾਗਮ ’ਤੇ ਵਿਸ਼ੇਸ਼

ਸੇਵਾ ਦੇ ਪੁੰਜ ਤੇ ਪਰਉਪਕਾਰੀ ਸਨ- ਸੰਤ ਨਿਸ਼ਚਲ ਸਿੰਘ ਤੇ ਸੰਤ ਤਿ੍ਲੋਚਨ ਸਿੰਘ ‘ਸੇਵਾਪੰਥੀ’
ਭਾਈ ਕਨੱਈਆ ਜੀ ਤੋਂ ਚੱਲੀ ਸੰਪਰਦਾਇ ਵਿੱਚ ਅਨੇਕ ਸੰਤ ਮਹਾਤਮਾਂ ਪੈਦਾ ਹੋਏ ਹਨ। ਇਸ ਸੰਪਰਦਾਇ ਵਿੱਚ ਦੋ ਨਾਮਵਰ ਮਹਾਂਪੁਰਸ਼ ਹੋਏ ਸਨ ਜਿਨ੍ਹਾਂ ਦਾ ਆਪਾ ਪ੍ਰਭੂ-ਭਗਤੀ, ਸੇਵਾ, ਸਿਮਰਨ ਅਤੇ ਦੂਸਰਿਆਂ ਨੂੰ ਪਰਮਾਤਮਾ ਨਾਲ ਲਿਵ ਲਾਉਣ ਲਈ ਚਾਨਣ-ਮੁਨਾਰਾ ਹੁੰਦਾ ਸੀ। ਇਹੋ ਜਿਹੇ ਹੀ ਮਹਾਨ ਤਿਆਗੀ, ਵੈਰਾਗੀ, ਪਰਉਪਕਾਰੀ, ਤਪੱਸਵੀ, ਪ੍ਰਭੂ ਭਗਤੀ ਵਿੱਚ ਲੀਨ ਸੰਤ ਨਿਸ਼ਚਲ ਸਿੰਘ ਜੀ ਤੇ ਸੰਤ ਤਿ੍ਰਲੋਚਨ ਸਿੰਘ ‘ਸੇਵਾਪੰਥੀ’ ਸਨ।
r ਸੰਤ ਨਿਸ਼ਚਲ ਸਿੰਘ:- ਸੰਤ ਨਿਸ਼ਚਲ ਸਿੰਘ ਜੀ ਦਾ ਜਨਮ 7 ਵੈਸਾਖ ਸੰਮਤ 1938 ਬਿਕਰਮੀ ਮੁਤਾਬਕ ਸੰਨ 1881 ਈ: ਨੂੰ ਪਿਤਾ ਭਾਈ ਅਮੀਰ ਸਿੰਘ ਦੇ ਘਰ ਮਾਤਾ ਪਿਆਰੀ ਦੀ ਕੁੱਖੋਂ ਮਿੱਠਾ ਟਿਵਾਣਾ ਜ਼ਿਲ੍ਹਾ ਸ਼ਾਹਪੁਰ (ਪਾਕਿਸਤਾਨ) ਵਿੱਚ ਹੋਇਆ। ਆਪ ਦੀ ਸਰੀਰ ਪਤਲਾ ਪਰ ਹੱਡੀਆਂ ਮੋਟੀਆਂ ਤੇ ਨਿੱਗਰ ਸਨ। ਆਪ ਤਿੰਨ ਭਰਾਵਾਂ (ਮਹਿਤਾਬ ਸਿੰਘ, ਗੁਲਾਬ ਸਿੰਘ, ਹਰਦੇਵ ਸਿੰਘ) ਅਤੇ ਤਿੰਨ ਭੈਣਾਂ ਤੋਂ ਛੋਟੇ ਸਨ ਪਰ ਅੰਗੀਠਾ ਸੇਕਦੇ ਸਾਧੂ ਨੇ ਉਹਨਾਂ ਦੇ ਸਿਰ ਉੱਪਰ ਸੱਚਾ ਹੱਥ ਰੱਖ ਕੇ ਕਿਹਾ, ‘‘ਬੀਬੀ ਜੀ! ਇਸ ਦਾ ਫ਼ਿਕਰ ਨਾ ਕਰੋ, ਇਹ ਕਈਆਂ ਨੂੰ ਖਵਾ ਕੇ ਫਿਰ ਆਪ ਖਾਇਆ ਕਰੇਗਾ।’’ ਬਚਪਨ ਵਿੱਚ ਪੰਜਾਬੀ ਵਿੱਦਿਆ ਪੜ੍ਹ ਕੇ ਗੁਰਬਾਣੀ ਦੇ ਪਾਠ ਅਭਿਆਸ ਵਿੱਚ ਲੱਗ ਗਏ। ਆਪ ਨੇ ਮਹੰਤ ਬਾਬਾ ਭਗਤ ਸਿੰਘ ਜੀ ਕੋਲ 1899 ਤੋਂ 1904 ਈ: ਤੱਕ ਪੰਜ ਸਾਲ ਲੰਗਰ ਦੀ ਸੇਵਾ ਲਗਨ ਨਾਲ ਨਿਭਾਈ।
ਸੰਤ ਨਿਸ਼ਚਲ ਸਿੰਘ ਜੀ ਨੇ ਹਰਿਦੁਆਰ ਵਿਖੇ ਉਦਾਸੀ ਮਹਾਤਮਾਂ ਕੋਲ, ਨਿਰਮਲੇ ਸੰਤ ਸ਼੍ਰੀ ਮਹੰਤ ਰਾਮ ਸਿੰਘ ਜੀ ਤੇ ਹੋਰ ਸਾਧੂ ਮਹਾਤਮਾਂ ਪਾਸੋਂ ਸੱਤ ਸਾਲ ਭਾਰਤੀ ਦਰਸ਼ਨ ਦਾ ਡੂੰਘਾ ਗਿਆਨ ਪ੍ਰਾਪਤ ਕੀਤਾ। ਸੰਤ ਨਿਸ਼ਚਲ ਸਿੰਘ ਜੀ ਨੇ ਅੰਮ੍ਰਿਤਸਰ ਵਿਖੇ ਸਿੰਧੀਆਂ ਦੀ ਧਰਮਸਾਲਾ ਵਿੱਚ ਰਹਿ ਕੇ ਪੰਡਲ ਬੰਨਾ ਸਿੰਘ ਪਾਸੋਂ ਵੇਦਾਂਤ ਦੇ ਪ੍ਰਮੁੱਖ ਗ੍ਰੰਥ ਪੜ੍ਹੇ। ਪੰਡਤ ਬੰਨਾ ਸਿੰਘ ਮਿੱਠੇ ਟਿਵਾਣੇ ਵਾਲੇ ਬਾਬਾ ਭਗਤ ਸਿੰਘ ਜੀ ਦੇ ਗੁਰਭਾਈ ਸਨ।  ਉਹਨਾਂ ਦੀ ਇੱਛਾ ਨਾਲ ਅੰਮ੍ਰਿਤਸਰ ਰਹਿ ਕੇ ਗਿਆਨੀ ਅਮੀਰ ਸਿੰਘ ਜੀ ਪਾਸੋਂ ਕਥਾ ਕਰਨੀ ਸਿੱਖੀ ।ਭਾਰਤੀ ਦਰਸ਼ਨ ਅਤੇ ਹੋਰ ਮੁੱਖ ਗ੍ਰੰਥਾਂ ਦਾ ਅਧਿਐਨ ਕਰਨ ਉਪਰੰਤ ਜਦੋਂ ਸੰਤ ਨਿਸ਼ਚਲ ਸਿੰਘ ਜੀ 1915 ਵਿੱਚ ਮਿੱਠਾ ਟਿਵਾਣਾ ਵਿਖੇ ਬਾਬਾ ਜਵਾਹਰ ਸਿੰਘ ਕੋਲ ਵਾਪਸ ਆਏ ਤਾਂ ਮਹੰਤ ਜਵਾਹਰ ਸਿੰਘ ਨੇ ਸਹਿਜ-ਸੁਭਾਅ ਹੀ ਹੱਸ ਕੇ ਆਖਿਆ, ‘‘ਆਓ ਪੰਡਤ ਜੀ! ਉਸ ਦਿਨ ਤੋਂ ਬਾਅਦ ਆਪ ‘ਪੰਡਤ  ਜੀ’ ਕਰਕੇ ਪ੍ਰਸਿੱਧ ਹੋ ਗਏ।’’
ਸੰਤ ਨਿਸ਼ਚਲ ਸਿੰਘ ਜੀ ਦੇ ਪਿੰਡ ਮਿੱਠੇ ਟਿਵਾਣੇ ਚਾਰ ਗੁਰਦੁਆਰੇ ਸਨ। ਇੱਕ ਉਦਾਸੀਆਂ ਦਾ ਅਤੇ ਤਿੰਨ ਸੇਵਾਪੰਥੀਆਂ ਦੇ, ਸਾਰੇ ਆਪਸ ਵਿੱਚ ਹੀ ਘਿਉ-ਖਿਚੜੀ ਵਾਂਗ ਮਿਲ ਕੇ ਰਹਿੰਦੇ ਸਨ। 1916 ਵਿੱਚ ਗੁਰੂ ਨਾਨਕ ਖ਼ਾਲਸਾ ਹਾਈ ਸਕੂਲ ਚਾਲੂ ਕੀਤਾ। ਜਿਸ ਵਿੱਚ ਅਣਗਿਣਤ ਸਿੱਖ, ਹਿੰਦੂ ਤੇ ਮੁਸਲਮਾਨ ਪੜ੍ਹ ਕੇ ਰੋਜ਼ੀ ਕਮਾ ਰਹੇ ਹਨ। ਪਾਕਿਸਤਾਨ ਬਣਨ ਤੱਕ ਇਹ ਸਕੂਲ ਕਾਮਯਾਬੀ ਨਾਲ ਚੱਲਦਾ ਰਿਹਾ। ਜਦ ਅਕਾਲੀ ਲਹਿਰ ਸ਼ੁਰੂ ਹੋਈ ਤਾਂ ਆਪ ਨੇ ਆਪਣਾ ਕਛਹਿਰਾ, ਤੌਲੀਆ ਲੈ ਕੇ ਜਾਣ ਦੀ ਤਿਆਰੀ ਕਰ ਲਈ, ਪਰ ਆਪ ਦਾ ਤਿਆਗ ਤੇ ਸੇਵਾ ਦੇਖ ਕੇ ਅਕਾਲੀ ਆਗੂਆਂ ਨੇ ਆਪ ਨੂੰ ਉੱਥੇ ਹੀ ‘ਮਹੰਤ’ ਥਾਪ ਦਿੱਤਾ। ਆਪ ਹਰ ਸਮੇਂ ਗੁਰਬਾਣੀ ਦਾ ਪਾਠ ਕਰਦੇ ਰਹਿੰਦੇ ਸਨ।
1926 ਈ: ਵਿੱਚ ਆਪ ਨੇ ਗੋਹਮਲ, ਰਾਵਲਪਿੰਡੀ, ਗੁਜ਼ਰ ਖਾਂ ਆਦਿਕਾਂ ਵਿੱਚ ਫਿਰ ਕੇ ਮੰਡੀ ਬਹਾਉਦੀਨ ਦੀ ਸੇਵਾ ਲਈ। ਮੰਡੀ ਬਹਾਉਦੀਨ ਦੇ ਬਣੇ ਹੋਏ ਡੇਰੇ ਵਿੱਚ ਆਪ ਨੇ ਅੱਠ ਆਨੇ ਦੀ ਉਗਰਾਹੀ ਨਾਲ ਸਕੂਲ ਸ਼ੁਰੂ ਕੀਤਾ। ਉੱਚ ਪੱਧਰ ਤੇ ਵਿਦਿਆਲਾ ਚਾਲੂ ਕੀਤਾ ਤੇ ਦਰਸ਼ਨੀ ਸੰਤਪੁਰਾ ਬਣਾ ਦਿੱਤਾ। ਸੁੰਦਰ ਹਰਿਮੰਦਰ ਤਿਆਰ ਕਰਵਾਇਆ। ਬਹੁਤ ਸੁੰਦਰ ਕਮਰੇ ਸੰਤਾਂ ਨੇ ਵਿਦਿਆਰਥੀਆਂ ਲਈ ਤਿਆਰ ਕੀਤੇ। ਹਰ ਵਕਤ ਲੰਗਰ ਅਤੁੱਟ ਚੱਲਦਾ। 1940 ਈ: ਵਿੱਚ ਆਪ ਯਾਤਰਾ ਟਰੇਨ (ਗੱਡੀ) ਲੈ ਕੇ ਪਟਨਾ ਸਾਹਿਬ ਗਏ। ਸ਼ੁੱਭ ਗੁਰਧਾਮਾਂ ਦੀ ਯਾਤਰਾ ਸੰਗਤਾਂ ਨੂੰ ਕਰਵਾਈ ਤੇ ਉਥੋਂ ਵਾਪਸ ਆਉਂਦਿਆਂ ਡਿਓੜ੍ਹੀ ਬਣਾਉਣ ਦਾ ਸੰਕਲਪ ਲੈ ਕੇ ਆਏ। ਉਸ ਤੋਂ ਦੂਜੇ ਸਾਲ ਜਾ ਕੇ ਸੇਵਾ ਡਿਓੜ੍ਹੀ ਦੀ ਕਰਵਾਈ ਜੋ ਬਹੁਤ ਸੁੰਦਰ ਤਿਆਰ ਕਰਵਾਈ। ਤਖ਼ਤ ਸ਼੍ਰੀ ਪਟਨਾ ਸਾਹਿਬ ਦੀ ਸੇਵਾ ਆਪ ਜੀ ਨੇ ਸੰਪੂਰਨ ਕੀਤੀ ਅਤੇ ਪੰਜਾ ਸਾਹਿਬ ਦੇ ਲੰਗਰ ਵਰਗਾ ਮਿਆਰ ਕਾਇਮ ਕੀਤਾ। ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਦਾ ਆਪ ਨੇ ਟੱਕ ਲਾਇਆ।
 ਸੰਤ ਨਿਸ਼ਚਲ ਸਿੰਘ ਜੀ ਨੇ ਦੇਸ਼ ਵੰਡ ਪਿੱਛੋਂ 1953 ਈ: ਵਿੱਚ 28 ਹਜ਼ਾਰ ਰੁਪਏ ਰਕਮ ਖ਼ਰਚ ਕਰਕੇ, 28 ਵਿੱਘੇ ਜ਼ਮੀਨ ਖ਼ਰੀਦ ਕੇ, 28 ਫ਼ਰਵਰੀ 1953 ਈ: ਨੂੰ ਡੇਰਾ ਸੰਤਪੁਰਾ ਵਸਾਇਆ। ਆਪ ਨੇ ਜਿੰਨੇ ਵੀ ਵਿੱਦਿਅਕ ਆਸ਼ਰਮ, ਹਸਪਤਾਲ ਬਣਾਏ, ਸਭ ਸੰਗਤਾਂ ਨੂੰ ਪੇ੍ਰਨਾ ਦੇ ਕੇ ਲੱਖਾਂ ਰੁਪਏ ਇਕੱਠਾ ਕਰਕੇ ਖ਼ੁਦ ਇਹਨਾਂ ਨੂੰ ਸਿਰੇ ਚਾੜਿਆ।
ਸੰਤ ਨਿਸ਼ਚਲ ਸਿੰਘ ਜੀ ਨੇ ਸਾਰੀ ਉਮਰ ਕਥਾ-ਵਿਖਿਆਨ ਰਾਹੀਂ ਗਿਆਨ ਦਾ ਦੀਵਾ ਜਗਾਇਆ ਇੱਕ ਵਾਰ ਪਟਨਾ ਸਾਹਿਬ ਤੋਂ ਇੱਕ ਰਾਗੀ ਜਥਾ ਆਇਆ। ਉਸ ਨੇ ਕਿਹਾ, ‘‘ਲੰਗਰ ਦੀ ਹਾਲਤ ਪਤਲੀ ਹੈ।’’ ਸੰਤਾਂ ਨੇ ਭਰੇ ਦੀਵਾਨ ਵਿੱਚ ਪ੍ਰਵਚਨ ਕਰਦਿਆਂ ਕਿਹਾ ਸੀ। ਗੁਰੂ ਕੇ ਲੰਗਰ ਦੀ ਹਾਲਤ ਕਦੇ ਪਤਲੀ ਨਹੀਂ ਹੋ ਸਕਦੀ। ਪ੍ਰਬੰਧ ਦੀ ਹਾਲਤ ਪਤਲੀ ਹੁੰਦੀ ਹੈ। ਉਹਨਾਂ ਨੇ ਕੁਝ ਮਿੰਟਾਂ ਵਿੱਚ ਹਜ਼ਾਰਾਂ ਰੁਪਏ ਇਕੱਠੇ ਕਰ ਦਿੱਤੇ। ਇੱਕ ਵਾਰ ਸੰਤ ਜੀ ਕੋਲ ਦੋ ਸ਼ਰਾਬੀ ਆਏ, ਉਹਨਾਂ ਕਿਹਾ, ‘‘ਸਾਡੀ ਅਰਦਾਸ ਕਰੋ ਤਾਂ ਕਿ ਅਸੀਂ ਸ਼ਰਾਬ ਪੀਣੀ ਛੱਡ ਦੇਈਏ।’’ ਆਪ ਜੀ ਉੱਠ ਕੇ ਦਰਬਾਰ ਹਾਲ ਵਿੱਚ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਇਤਨੇ ਤਰਲਿਆਂ ਨਾਲ ਅਰਦਾਸ ਜੋਦੜੀ, ਬੇਨਤੀ ਕੀਤੀ ਜਿਸ ਨਾਲ ਦੋਹਾਂ ਸ਼ਰਾਬੀਆਂ ਦੇ ਨੇਤਰਾਂ ਵਿੱਚੋਂ ਹੰਝੂ ਵਗਣ ਲੱਗ ਪਏ। ਸੰਤ ਨਿਸ਼ਚਲ ਸਿੰਘ ਦੁਖੀਆਂ ਦਾ ਦੁੱਖ ਵੰਡਣ ਵਾਲਾ, ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਨ ਵਾਲਾ, ਦਰਦਵੰਦਾਂ ਦਾ ਦਰਦ ਦੂਰ ਕਰਨ ਵਾਲਾ,  ਭੁੱਖਿਆਂ ਨੂੰ ਰੋਟੀ ਦੇਣ ਵਾਲਾ, ਨਿਆਸਰਿਆਂ ਨੂੰ ਆਸਰਾ ਦੇਣ ਵਾਲਾ, ਪਿਆਸਿਆਂ ਦੀ ਪਿਆਸ ਦੂਰ ਕਰਨ ਵਾਲਾ ਮਹਾਂਪੁਰਸ਼ ਸੀ।
ਸੰਤ ਨਿਸ਼ਚਲ ਸਿੰਘ ਨੇ ਅਨੇਕਾਂ ਵਿੱਦਿਅਕ ਆਸ਼ਰਮ ਬਣਾ ਕੇ ਨਵੀਂ ਪੀੜ੍ਹੀ ਨੂੰ ਸੁਰੱਖਿਅਤ ਕਰਨ ਦਾ ਬੀੜਾ ਬੰਨ੍ਹਆ। ਆਪ ਹਰ ਸਮੇਂ ਸੇਵਾ ਦੇ ਕੰਮ ਵਿੱਚ ਮੂਹਰੇ ਹੁੰਦੇ ਸਨ। ਜਿਸ ਸਮੇਂ ਮਹੰਤ ਗੁਪਾਲ ਸਿੰਘ ‘ਸੇਵਾਪੰਥੀ’ ਪਟਿਆਲਾ ਨੇ ਸਾਹਿਤ ਛਾਪਣ ਦੀ ਵਿਉਂਤ ਬਣਾਈ ਤਾਂ ਸੰਤ ਪੰਡਤ ਨਿਸ਼ਚਲ ਸਿੰਘ ਜੀ ਨੇ ਇਸ ਨੂੰ ਆਪਣਾ ਪੂਰਨ ਅਸ਼ੀਰਵਾਦ ਦਿੱਤਾ ਤੇ ਹਰ ਤਰ੍ਹਾਂ ਦਾ ਮਿਲਵਰਤਣ ਦੇ ਕੇ ਵੱਖੋ-ਵੱਖ ਪੋਥੀਆਂ ਛਪਵਾਈਆਂ। ਪੰਡਤ ਜੀ ਕਹਿੰਦੇ ਸਨ ਕਿ ਹਰ ਉੱਤਮ ਧਰਮ ਪੁਸਤਕ ਸੋਹਣੇ ਰੂਪ ਵਿੱਚ ਪ੍ਰਕਾਸ਼ਿਤ ਹੋਵੇ ਤੇ ਗੁਰਬਾਣੀ ਦੇ ਸ਼ੁੱਧ ਗੁਟਕੇ ਤੇ ਧਰਮ ਪੋਥੀਆਂ ਛਪਾ ਕੇ ਲਾਗਤ ਭੇਟਾ ਉੱਤੇ ਦਿੱਤੀਆਂ ਜਾਣ। ਇਸ ਉਦੇਸ਼ ਲਈ ਉਹਨਾਂ ਨੇ ਡੇਰਾ ਸੰਤਪੁਰਾ ਵਿਖੇ ਇੱਕ ਪਿ੍ਟਿੰਗ ਪ੍ਰੈਸ ਵੀ ਚਾਲੂ ਕੀਤੀ ਤੇ ਮਾਸਿਕ ਪੱਤਰ ‘ਗੁਰ ਸੰਦੇਸ਼’ ਵੀ ਛਪਵਾਉਂਦੇ ਰਹੇ।
ਸੰਤ ਪੰਡਤ ਨਿਸ਼ਚਲ ਸਿੰਘ ਜੀ ਨੇ ਗੁਰੂ ਨਾਨਕ ਹਾਈ ਸਕੂਲ (ਹੁਣ ਸੀਨੀਅਰ ਸੈਕੰਡਰੀ ਸਕੂਲ), ਗੁਰੂ ਨਾਨਕ ਗਰਲਜ਼ ਕਾਲਜ ਤੇ ਭਾਈ ਕਨੱਈਆ ਫ੍ਰੀ ਹਸਪਤਾਲ ਦੀ ਸਥਾਪਨਾ ਕੀਤੀ। ਸੇਵਾ-ਸਿਮਰਨ ਵਿੱਚ ਲੀਨ ਤੇ ਪਰਉਪਕਾਰੀ ਸੰਤ ਪੰਡਤ ਨਿਸ਼ਚਲ ਸਿੰਘ ਜੀ ‘ਸੇਵਾਪੰਥੀ’ 23 ਅਗਸਤ 1978 ਈ: ਨੂੰ 97 ਸਾਲ ਦੀ ਉਮਰ ਬਤੀਤ ਕਰਕੇ ਯਮੁਨਾ ਨਗਰ ਵਿਖੇ ਸੱਚ-ਖੰਡ ਜਾ ਬਿਰਾਜੇ।
r ਸੰਤ ਤਿ੍ਲੋਚਨ ਸਿੰਘ:- ਸੰਤ ਤਿ੍ਲੋਚਨ ਸਿੰਘ ਦਾ ਜਨਮ 16 ਨਵੰਬਰ 1920 ਈ: ਨੂੰ ਪਿਤਾ ਸ੍ਰ: ਰਾਮ ਸਿੰਘ ਦੇ ਘਰ ਮਾਤਾ ਕੇਸਰ ਕੌਰ ਦੀ ਕੁੱਖ ਤੋਂ ਬਲਾਕ ਨੰਬਰ 9, ਜ਼ਿਲ੍ਹਾ ਸਰਗੋਧਾ (ਪਾਕਿਸਤਾਨ) ਵਿਖੇ ਹੋਇਆ। ਆਪ ਸਕੂਲੀ ਵਿੱਦਿਆ ਪੱਖੋਂ ਅਨਪੜ੍ਹ ਸਨ। ਧਾਰਮਿਕ ਵਿਚਾਰਾਂ ਦੇ ਹੋਣ ਕਰਕੇ ਬਚਪਨ ਤੋਂ ਹੀ ਝੁਕਾਅ ਸੇਵਾ ਵੱਲ ਸੀ। ਸਰਗੋਧਾ ਸ਼ਹਿਰ ਵਿੱਚ ਸੇਵਾਪੰਥੀ ਅਸਥਾਨ ਹੋਣ ਕਰਕੇ ਤੇ ਸੰਤ ਨਿਸ਼ਚਲ ਸਿੰਘ ਜੀ ਦੇ ਆਉਣ ਕਰਕੇ ਸ਼ਹਿਰ ਵਿੱਚ ਸੰਗਤਾਂ ਦਾ ਆਉਣਾ-ਜਾਣਾ ਕਾਫ਼ੀ ਸੀ। ਸੰਤ ਨਿਸ਼ਚਲ ਸਿੰਘ ਜੀ ਜਦੋਂ ਭਾਈ ਰਾਮ ਸਿੰਘ ਦੇ ਗ੍ਰਹਿ ਜਾਂਦੇ ਸਨ ਤਾਂ ਸੰਤ ਤਿ੍ਲੋਚਨ ਸਿੰਘ ਬੜੇ ਪੇ੍ਰਮ ਨਾਲ ਸੇਵਾ ਕਰਦੇ ਸਨ। ਭਾਈ ਰਾਮ ਸਿੰਘ ਜੀ ਨੇ ਇੱਕ ਦਿਨ ਸੰਤ ਨਿਸ਼ਚਲ ਸਿੰਘ ਨੂੰ ਕਿਹਾ, ‘‘ਮਹਾਰਾਜ! ਇਹ ਬੱਚਾ ਪੜ੍ਹਦਾ ਨਹੀਂ ਹੈ ਅਤੇ ਨਾ ਹੀ ਕੋਈ ਕੰਮ ਕਰਦਾ ਹੈ।’’ ਤਾਂ ਸੰਤ ਨਿਸ਼ਚਲ ਸਿੰਘ ਜੀ ਨੇ ਕਿਹਾ, ‘‘ਇਹ ਬੱਚਾ ਸਾਨੂੰ ਦੇ ਦਿਉ।’’ ਭਾਈ ਰਾਮ ਸਿੰਘ ਜੀ ਨੇ ਕਿਹਾ, ‘‘ਇਹ ਬੱਚਾ ਤੁਹਾਡਾ ਹੀ ਹੈ, ਤੁਸੀਂ ਆਪਣੇ ਕੋਲ ਰੱਖ ਲਓ।’’ ਸੰਤ ਤਿ੍ਰਲੋਚਨ ਸਿੰਘ ਜੀ ਦੀ ਉਮਰ ਉਸ ਸਮੇਂ 15 ਸਾਲ ਦੀ ਸੀ।
ਦੇਸ਼ ਵੰਡ ਤੋਂ ਬਾਅਦ ਸੰਤ ਨਿਸ਼ਚਲ ਸਿੰਘ ਜੀ ਯਮੁਨਾ ਨਗਰ (ਹਰਿਆਣਾ) ਆਏ ਤਾਂ ਸੰਤ ਤਿ੍ਰਲੋਚਨ ਸਿੰਘ ਵੀ ਪਤਾ ਲੱਗਣ ’ਤੇ ਮਹਾਂਪੁਰਸ਼ਾਂ ਕੋਲ ਆ ਗਏ। ਆਪ ਸੰਤ ਨਿਸ਼ਚਲ ਸਿੰਘ ਜੀ ਦਾ ਹਰ ਬਚਨ ਸਤ ਕਰਕੇ ਮੰਨਦੇ ਸਨ। ਸੰਤ ਤਿ੍ਲੋਚਨ ਸਿੰਘ ਨੂੰ ਪੰਜਾਬੀ ਸੰਤ ਨਿਸ਼ਚਲ ਸਿੰਘ ਜੀ ਨੇ ਪੜ੍ਹਨੀ ਸਿਖਾਈ। ਸੰਤ ਨਿਸ਼ਚਲ ਸਿੰਘ ਜੀ ਦੇ ਅਸ਼ੀਰਵਾਦ ਸਦਕਾ ਹੀ ਸੰਤ ਤਿ੍ਲੋਚਨ ਸਿੰਘ ਪਹਿਲਾਂ ਸੰਤ ਨਿਸ਼ਚਲ ਸਿੰਘ ਜੀ ਨਾਲ ਕਥਾ ਕਰਨ ਸਮੇਂ ਪੋਥੀ ਪੜ੍ਹਨ ਲੱਗ ਗਏ ਅਤੇ ਬਾਅਦ ਵਿੱਚ ਕਥਾ ਵੀ ਕਰਨ ਲੱਗ ਗਏ।  
ਸੰਤ ਤਿ੍ਲੋਚਨ ਸਿੰਘ ਜੀ ਲੰਗਰ ਦੀ ਸੇਵਾ ਕਰਦੇ ਸਨ। ਲੰਗਰ ਤਿਆਰ ਕਰਨਾ, ਆਏ ਗਏ ਸਾਧੂ-ਮਹਾਤਮਾਂ ਦੀ ਸੰਭਾਲ ਕਰਨੀ। ਸੰਤ ਨਿਸ਼ਚਲ ਸਿੰਘ ਜੀ ਨੇ ਖੇਤੀਬਾੜੀ ਦੀ ਸੇਵਾ ਵੀ ਸੰਤ ਜੀ ਨੂੰ ਬਖ਼ਸ਼ ਦਿੱਤੀ। ਆਪ ਹਲ ਵਾਹੁੰਦੇ, ਟਰੈਕਟਰ ਚਲਾਉਂਦੇ। ਸੰਤ ਨਿਸ਼ਚਲ ਸਿੰਘ ਜੀ ਦੇ ਮੁੱਖ ਚੇਲੇ (ਸ਼ਿਸ਼) ਸੰਤ ਜੈ ਦਿਆਲ ਸਿੰਘ ਤੇ ਸੰਤ ਗ਼ਰੀਬ ਸਿੰਘ ਜੀ ਸਨ, ਪਰ ਉਹਨਾਂ ਦੋਵਾਂ ਦਾ ਅੱਗੇ-ਪਿੱਛੇ ਚਲਾਣਾ ਕਰ ਜਾਣ ਉਪਰੰਤ ਸੰਤ ਤਿ੍ਰਲੋਚਨ ਸਿੰਘ ਜੀ ਉੱਪਰ ਸਾਰੀ ਸੇਵਾ ਦੀ ਜ਼ੁੰਮੇਵਾਰੀ ਆ ਗਈ। ਸੰਤ ਨਿਸ਼ਚਲ ਸਿੰਘ ਜੀ ਦੇ ਸੱਚ-ਖੰਡ ਪਿਆਨਾ ਕਰਨ ਜਾਣ ਤੋਂ ਬਾਅਦ ਸੇਵਾਪੰਥੀ ਭੇਖ ਨੇ ਸੰਤ ਤਿ੍ਲੋਚਨ ਸਿੰਘ ਜੀ ਨੂੰ ਦਸਤਾਰਬੰਦੀ ਕਰਕੇ ਝਾੜੂ ਤੇ ਬਾਟਾ ਹੱਥ ਵਿੱਚ ਫੜਾ ਕੇ ਡੇਰਾ ਸੰਤਪੁਰਾ ਯਮੁਨਾ ਨਗਰ (ਹਰਿਆਣਾ) ਦਾ ‘ਮਹੰਤ’ ਥਾਪਿਆ।
ਸੰਤ ਤਿ੍ਲੋਚਨ ਸਿੰਘ ਜੀ ਨੇ ਡੇਰੇ ਵਿੱਚ ਰਹਿੰਦੇ ਹੋਏ ਆਪਣਾ ਜੀਵਨ ਸੇਵਾ ਤੇ ਸਿਮਰਨ ਕਰਦਿਆਂ ਬਤੀਤ ਕੀਤਾ। ਸੰਤ ਨਿਸ਼ਚਲ ਸਿੰਘ ਜੀ ਜਦੋਂ ਵੀ ਦੇਸ਼ ਦੇ ਹੋਰ ਹਿੱਸਿਆਂ ਵਿੱਚ ਨਾਮ-ਬਾਣੀ ਦਾ ਪ੍ਰਚਾਰ ਕਰਨ ਜਾਂਦੇ ਤਾਂ ਸੰਤ ਤਿ੍ਲੋਚਨ ਸਿੰਘ ਹਮੇਸ਼ਾਂ ਉਹਨਾਂ ਦੇ ਨਾਲ ਜਾਇਆ ਕਰਦੇ ਸਨ।
ਸੰਤ ਤਿ੍ਲੋਚਨ ਸਿੰਘ ਨੂੰ ਸੇਵਾ, ਸਿਮਰਨ ਤੇ ਦੁਨਿਆਵੀ ਮੋਹ-ਮਾਇਆ ਤੋਂ ਉਚਾਟ ਰਹਿਣ ਵਾਲੀ ਤਿਆਗੀ ਤੇ ਵੈਰਾਗੀ ਬਿਰਤੀ ਦੀ ਜਾਗ ਬਚਪਨ ਵਿੱਚ ਹੀ ਲੱਗ ਗਈ ਸੀ। ਸੰਤ ਤਿ੍ਰਲੋਚਨ ਸਿੰਘ, ਸੰਤ ਪੰਡਤ ਨਿਸ਼ਚਲ ਸਿੰਘ ਜੀ ਦੇ ਚੇਲੇ ਸਨ। ਆਪ ਜੀ ਦੀ ਸ਼ਖ਼ਸੀਅਤ ਬੜੀ ਪ੍ਰਭਾਵਸ਼ਾਲੀ ਸੀ ਤੇ ਸਮੂਹ ਸੇਵਾਪੰਥੀਆਂ ਵਿੱਚ ਆਪ ਦਾ ਬਹੁਤ ਅਦਬ-ਸਤਿਕਾਰ ਸੀ।
ਸੰਤ ਤਿ੍ਲੋਚਨ ਸਿੰਘ, ਸੰਤ ਨਿਸ਼ਚਲ ਸਿੰਘ ਟਰੱਸਟ ਦੇ ਵਾਈਸ-ਚੇਅਰਮੈਨ ਸਨ। ਸੰਤ ਤਿ੍ਲੋਚਨ ਸਿੰਘ ਜੀ ਨੇ ਸੰਤ ਨਿਸ਼ਚਲ ਸਿੰਘ ਜੀ ਦੀ ਯਾਦ ਵਿੱਚ ਗੁਰਦੁਆਰਾ ਥੜ੍ਹਾ ਸਾਹਿਬ ਜੋੜੀਆਂ ਬਹੁਤ ਸੁੰਦਰ ਅਤੇ ਆਲੀਸ਼ਾਨ ਬਣਾਇਆ। ਮਹੰਤ ਜਵਾਹਰ ਸਿੰਘ ਦੀਵਾਨ ਹਾਲ, ਸ਼੍ਰੀ ਗੁਰੂ ਅਮਰਦਾਸ ਲੰਗਰ ਹਾਲ, ਸੰਤ ਨਿਸ਼ਚਲ ਸਿੰਘ ਪਬਲਿਕ ਸਕੂਲ ਆਪ ਹੱਥੀਂ ਤਿਆਰ ਕਰਵਾਇਆ। ਸੇਵਾ ਦੇ ਕਾਰਜ ਕਰਦਿਆਂ ਸੰਤ ਜੀ ਦੇ ਪੈਰਾਂ ਦੀਆਂ ਬਿਆਈਆਂ ਪਾਟ ਜਾਂਦੀਆਂ ਸਨ। ਸ਼ੁੂਗਰ ਦੀ ਤਕਲੀਫ਼ ਹੋਣ ਕਰਕੇ ਸਰੀਰ ਕਾਫ਼ੀ ਕਮਜ਼ੋਰ ਹੋ ਗਿਆ। ਲੇਕਿਨ ਸੰਤ ਜੀ ਨੇ ਆਪਣੇ ਹੱਥੀਂ ਸੇਵਾ ਕਰਨ ਦਾ ਨੇਮ ਨਹੀਂ ਛੱਡਿਆ। ਸੰਤ ਤਿ੍ਲੋਚਨ ਸਿੰਘ ਡੇਰੇ ਵਿੱਚ ਆਏ ਯਾਤਰੂਆਂ ਨੂੰ ਹੱਥੀਂ ਪ੍ਰਸ਼ਾਦਾ ਛਕਾ ਕੇ ਬਹੁਤ ਪ੍ਰਸੰਨ ਹੁੰਦੇ ਸਨ। ਉਹਨਾਂ ਨੇ 1978 ਤੋਂ 1990 ਈ: ਤੱਕ 12 ਸਾਲ ਡੇਰੇ ਦੀ ਜੋ ਸੇਵਾ ਕੀਤੀ। ਉਹ ਸੰਗਤਾਂ ਤੋਂ ਭੁੱਲੀ ਹੋਈ ਨਹੀਂ। ਸੰਤ ਤਿ੍ਲੋਚਨ ਸਿੰਘ ਜੀ ‘ਸੇਵਾਪੰਥੀ’ 27 ਅਗਸਤ 1990 ਈ: ਨੂੰ 70 ਸਾਲ ਦੀ ਉਮਰ ਬਤੀਤ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ।
ਡੇਰਾ ਸੰਤਪੁਰਾ ਯਮੁਨਾ ਨਗਰ (ਹਰਿਆਣਾ) ਵਿਖੇ ਸ਼੍ਰੀਮਾਨ ਮਹੰਤ ਜਗਮੋਹਨ ਸਿੰਘ ਜੀ ‘ਸੇਵਾਪੰਥੀ’ ਦੀ ਸਰਪ੍ਰਸਤੀ ਹੇਠ ਬ੍ਰਹਮ-ਗਿਆਨੀ ਸੰਤ ਪੰਡਤ ਨਿਸ਼ਚਲ ਸਿੰਘ ਜੀ ‘ਸੇਵਾਪੰਥੀ’ ਦੀ 45ਵੀਂ ਬਰਸੀ ਅਤੇ ਸੰਤ ਤਿ੍ਰਲੋਚਨ ਸਿੰਘ ਜੀ ‘ਸੇਵਾਪੰਥੀ’ ਦੀ 33ਵੀਂ ਪਾਵਨ ਮਿੱਠੀ ਯਾਦ ਵਿੱਚ ਸਾਲਾਨਾ ਯੱਗ-ਸਮਾਗਮ 21, 22 ਤੇ 23 ਅਗਸਤ ਦਿਨ ਸੋਮਵਾਰ, ਮੰਗਲਵਾਰ  ਤੇ ਬੁੱਧਵਾਰ ਨੂੰ ਬੜੇ ਪੇ੍ਮ, ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਤਿੰਨ ਦਿਨ ਸਵੇਰੇ-ਸ਼ਾਮ ਵਿਸ਼ੇਸ਼ ਦੀਵਾਨ ਸਜਣਗੇ। ਜਿਨ੍ਹਾਂ ਵਿੱਚ ਪੰਥ ਦੇ ਪ੍ਰਸਿੱਧ ਰਾਗੀ, ਢਾਡੀ, ਪ੍ਰਚਾਰਕ, ਕਥਾ-ਵਾਚਕ, ਸੰਤ-ਮਹਾਂਪੁਰਸ਼ ਗੁਰੂ ਜਸ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤੇਗਾ।
ਕਰਨੈਲ ਸਿੰਘ ਐੱਮ.ਏ
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ-1, ਚੰਡੀਗੜ੍ਹ ਰੋਡ,
ਜਮਾਲਪੁਰ, ਲੁਧਿਆਣਾ।

ਗੁਰੂ ਕਾਸ਼ੀ ਯੂਨੀਵਰਸਿਟੀ ਦੀ "ਰੈੱਡ ਮੈਰਾਥਨ" 'ਚ ਸੇਵਕ ਅਤੇ ਅੰਕੁਸ਼ ਜੇਤੂ

ਤਲਵੰਡੀ ਸਾਬੋ, 20 ਅਗਸਤ (ਗੁਰਜੰਟ ਸਿੰਘ ਨਥੇਹਾ)- ਏਡਜ਼ ਕੰਟਰੋਲ ਸੁਸਾਇਟੀ, ਪੰਜਾਬ ਅਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਬਠਿੰਡਾ ਵੱਲੋਂ ਕਾਰਜਕਾਰੀ ਉਪ ਕੁਲਪਤੀ ਪ੍ਰੋ.(ਡਾ.) ਜਗਤਾਰ ਸਿੰਘ ਧੀਮਾਨ ਦੀ ਅਗਵਾਈ ਵਿਚ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਜ਼ਿਲ੍ਹਾ ਪੱਧਰੀ ਰੈਡ ਮੈਰਾਥਨ ਆਯੋਜਿਤ ਕੀਤੀ ਗਈ, ਜਿਸ ਨੂੰ ਮੁੱਖ ਮਹਿਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਬਠਿੰਡਾ, ਰਘਬੀਰ ਸਿੰਘ ਮਾਨ ਨੇ ’ਵਰਸਿਟੀ ਗੇਟ ਤੋਂ ਝੰਡੀ ਵਿਖਾ ਕੇ ਰਵਾਨਾ ਕੀਤਾ ਅਤੇ ਵਿਦਿਆਰਥੀਆਂ ਨੂੰ ਸਮਾਜ ਸੇਵਾ ਕਰਨ ਅਤੇ ਚੰਗੇ ਇਨਸਾਨ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਵਿਚ ਹਿੱਸਾ ਲੈਣ ਨਾਲ ਸਮੇਂ ਦੀ ਪਾਬੰਦੀ, ਸਹਿਣਸ਼ੀਲਤਾ ਅਤੇ ਅਨ°ਸ਼ਾਸਨ ਦੀ ਭਾਵਨਾ ਉਤਪੰਨ ਹੁੰਦੀ ਹੈ ਅਤੇ ਖਿਡਾਰੀਆਂ ਵਿਚ ਜਿੱਤ ਹਾਰ ਨੂੰ ਖੁਸ਼ੀ ਨਾਲ ਸਵੀਕਾਰ ਕਰਨ ਦਾ ਜਜ਼ਬਾ ਪੈਦਾ ਹੁੰਦਾ ਹੈ।


ਡਾਇਰੈਕਟਰ ਵਿਦਿਆਰਥੀ ਭਲਾਈ ਸਰਦੂਲ ਸਿੰਘ ਸਿੱਧੂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚ ਕੇ ਖੇਡਾਂ ਅਤੇ ਕਿਰਤ ਕਾਰਜਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਕਿਹਾ। ਉਨ੍ਹਾਂ ਕਿਹਾ ਕਿ ਰਾਸ਼ਟਰੀ ਸੇਵਾ ਯੋਜਨਾ ਤਹਿਤ ਯੂਨੀਵਰਸਿਟੀਆਂ ਵਿਚ ਰੈੱਡ ਰਿਬਨ ਕਲਬ ਸਥਾਪਿਤ ਕੀਤੇ ਗਏ ਹਨ। ਇਸ ਮੈਰਾਥਨ ਵਿਚ ਜ਼ਿਲ੍ਹੇ ਦੇ ਵੱਖ-ਵੱਖ ਕਲਬਾਂ ਦੇ 150 ਵਿਦਿਆਰਥੀਆਂ ਨੇ ਹਿੱਸਾ ਲਿਆ। ਮੈਰਾਥਨ ਵਿਚ ਫਿਜ਼ੀਕਲ ਐਜੂਕੇਸ਼ਨ ਵਿਭਾਗ ਦੇ ਵਿਦਿਆਰਥੀ ਸੇਵਕ ਸਿੰਘ ਨੇ ਪਹਿਲਾ, ਜਸਪ੍ਰੀਤ ਸਿੰਘ ਨੇ ਦੂਜਾ ਤੇ ਜਸਦੀਪ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਲੜਕੀਆਂ ਵਿਚੋਂ ਅੰਕੁਸਸ਼ ਨੇ ਪਹਿਲਾ, ਰਾਜਨਪ੍ਰੀਤ ਨੇ ਦੂਜਾ ਅਤੇ ਵਰਖਾ ਨੇ ਤੀਜਾ ਸਥਾਨ ਹਾਸਿਲ ਕੀਤਾ। ਆਯੋਜਕਾਂ ਵੱਲੋਂ ਜੇਤੂਆਂ ਨੂੰ ਮੈਡਲ ਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਐਨ.ਐਸ.ਐਸ ਕੁਆਰਡੀਨੇਟਰ ਡਾ. ਜਸਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸਰੀਰਕ ਤੌਰ ’ਤੇ ਤੰਦਰੁਸਤ, ਮਾਨਸਿਕ ਤੌਰ 'ਤੇ ਚੇਤਨ ਅਤੇ ਆਤਮਿਕ ਤੌਰ 'ਤੇ ਜਾਗਰੂਕ ਰਹਿਣ ਲਈ ਕਿਹਾ। ਡਾ. ਰਵੀ ਕੁਮਾਰ ਗਹਿਲਾਵਤ, ਮੁਖੀ, ਫਿਜ਼ੀਕਲ ਐਜੂਕੇਸ਼ਨ ਵਿਭਾਗ ਨੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਆਯੋਜਨਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ ਤੇ ਸਭਨਾਂ ਦਾ ਧੰਨਵਾਦ ਕੀਤਾ। ਮੈਰਾਥਨ ਦੇ ਸਫ਼ਲ ਆਯੋਜਨ ਵਿਚ ਪ੍ਰੋਗਰਾਮ ਅਫ਼ਸਰ ਸਿਕੰਦਰ ਸਿੰਘ, ਰਾਜਵਿੰਦਰ ਕੌਰ, ਖੁਸ਼ਦੀਪ ਸਿੰਘ, ਨਾਇਬ ਸਿੰਘ, ਅਰੁਣ ਕੁਮਾਰ, ਅਜੈਵੀਰ ਸਿੰਘ ਅਤੇ ਗੁਰਦੀਪ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ।

ਵਪਾਰੀ ਸਰਕਾਰ ਦੀ ਰੀੜ੍ਹ ਦੀ ਹੱਡੀ, ਵਪਾਰੀਆਂ ਨੂੰ ਕੋਈ ਸਮੱਸਿਆ ਆਉਣ ਨਹੀਂ ਦੇਵਾਂਗੇ- ਅਨਿਲ ਠਾਕੁਰ

ਤਲਵੰਡੀ ਸਾਬੋ, 20 ਅਗਸਤ (ਗੁਰਜੰਟ ਸਿੰਘ ਨਥੇਹਾ)- ਪੰਜਾਬ ਟਰੈਂਡ ਐਂਡ ਇੰਡਸਟਰੀ ਵਿੰਗ ਦੇ ਚੇਅਰਮੈਨ ਅਨਿਲ ਠਾਕੁਰ ਨੇ ਅੱਜ ਐਸ.ਐਸ.ਡੀ ਧਰਮਸ਼ਾਲਾ ਵਿਖੇ ਰਾਮਾਂ ਮੰਡੀ ਦੇ ਵਪਾਰੀਆਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਹਨਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਰਾਮਾਂ ਪਹੁੰਚਣ 'ਤੇ ਵਪਾਰ ਮੰਡਲ ਦੇ ਪ੍ਰਧਾਨ ਨਰਿੰਦਰ ਗੋਇਲ, ਮਾਰਕੀਟ ਕਮੇਟੀ ਦੇ ਚੇਅਰਮੈਨ ਟੇਕ ਸਿੰਘ ਬੰਗੀ ਅਤੇ ਸੁਰਿੰਦਰ ਢੱਲਾ ਨੇ ਅਨਿਲ ਠਾਕੁਰ ਦਾ ਗੁਲਦਸਤੇ ਦੇ ਕੇ ਸਵਾਗਤ ਕੀਤਾ। ਚੇਅਰਮੈਨ ਅਨਿਲ ਠਾਕੁਰ, ਸ਼ੈਲਰ ਐਸੋਸੀਏਸ਼ਨ, ਆੜ੍ਹਤੀ ਐਸੋਸੀਏਸ਼ਨ, ਕਰਿਆਨਾ ਐਸੋਸੀਏਸ਼ਨ, ਪੈਸਟੀਸਾਈਡ ਐਸੋਸੀਏਸ਼ਨ ਅਤੇ ਉਦਯੋਗ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸਮੇਤ ਸਮੂਹ ਵਪਾਰਕ ਐਸੋਸੀਏਸ਼ਨਾਂ ਨਾਲ ਅੱਜ ਹੋਈ ਮੀਟਿੰਗ ਦੌਰਾਨ ਚੇਅਰਮੈਨ ਅਨਿਲ ਠਾਕੁਰ ਨੂੰ ਸ਼ੈਲਰ ਐਸੋਸੀਏਸ਼ਨ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਗਿਆ, ਜਦਕਿ ਪ੍ਰਾਪਰਟੀ ਉਦਯੋਗਪਤੀਆਂ ਨੇ ਅਨਿਲ ਠਾਕੁਰ ਨੂੰ ਆਪਣੀਆਂ ਸਮੱਸਿਆਵਾਂ ਦੱਸੀਆਂ, ਇਸ ਤੋਂ ਇਲਾਵਾ ਉਦਯੋਗ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਵੀ ਦੱਸਿਆ। ਚੇਅਰਮੈਨ ਅਨਿਲ ਠਾਕੁਰ ਨੇ ਸਮੂਹ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਬੜੀ ਗੰਭੀਰਤਾ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਸਬੰਧਿਤ ਵਿਭਾਗ ਦੇ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਵਪਾਰੀਆਂ ਦੀ ਮੀਟਿੰਗ ਕਰਵਾ ਕੇ ਇਨ੍ਹਾਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਪਾਰੀ ਸਰਕਾਰ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਸਰਕਾਰ ਸਾਰੇ ਵਿਕਾਸ ਕਾਰਜ ਵਪਾਰੀਆਂ ਤੋਂ ਪ੍ਰਾਪਤ ਟੈਕਸ ਨਾਲ ਹੀ ਲਾਗੂ ਕਰਦੀ ਹੈ। ਸਰਕਾਰ ਕਿਸੇ ਵੀ ਵਪਾਰੀ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ। ਚੇਅਰਮੈਨ ਅਨਿਲ ਠਾਕੁਰ ਨੇ ਸ਼ਹਿਰ ਵਿੱਚ ਵੱਧ ਰਹੀਆਂ ਲੁੱਟ-ਖੋਹ ਦੀਆਂ ਘਟਨਾਵਾਂ 'ਤੇ ਬੋਲਦਿਆਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ। ਇਸ ਮੌਕੇ ਟੇਕ ਸਿੰਘ ਬੰਗੀ ਚੇਅਰਮੈਨ ਮਾਰਕੀਟ ਕਮੇਟੀ ਤਲਵੰਡੀ ਸਾਬੋ, ਵਪਾਰ ਮੰਡਲ ਪ੍ਰਧਾਨ ਨਰਿੰਦਰ ਗੋਇਲ, ਸੁਰਿੰਦਰ ਢੱਲਾ, ਉਦਯੋਗਪਤੀ ਪ੍ਰਵੀਨ ਪੱਕਾ, ਚੌਧਰੀ ਕੈਲਾਸ਼ ਮਿੱਤਲ, ਹਰਨੇਕ ਸਿੰਘ ਮੱਕੜ, ਅਜੀਤ ਕੁਮਾਰ ਬੱਬੂ, ਜਗਦੀਸ਼ ਮਿੱਤਲ, ਕੇਵਲ ਸਿੰਗਲਾ, ਮਦਨ ਲਾਲ ਮੱਲਵਾਲਾ, ਰਵਿੰਦਰ ਕੁਮਾਰ ਪੱਪੀ, ਤਰਸੇਮ ਬਾਂਸਲ, ਅਵਿਨਾਸ਼ ਗੋਇਲ, ਸੰਦੀਪ ਭਾਗੀਵਾਂਦਰ, ਮੰਗਤ ਰਾਏ ਮਿੱਤਲ, ਗੋਲਡੀ ਮਹੇਸ਼ਵਰੀ, ਰਮੇਸ਼ ਕੁਮਾਰ ਰਮਨ, ਇਜ਼ਰਾਈਲ ਖਾਨ, ਜੀਤ ਜੈਨ, ਕੌਂਸਲਰ ਤੇਲੂ ਰਾਮ ਲਹਿਰੀ, ਜੈਪਾਲ। ਇਸ ਮੌਕੇ ਵੱਡੀ ਗਿਣਤੀ ਵਿੱਚ ਵਪਾਰੀ ਹਾਜ਼ਰ ਸਨ।

67ਵੇਂ ਪੰਜਾਬ ਜ਼ੋਨਲ ਬਾਸਕਿਟਬਾਲ ਟੂਰਨਾਮੈਂਟ ਵਿੱਚ ਬੀ ਸੀ ਐਮ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

ਅੰਡਰ 14 ਅਤੇ 17 ਮੁਕਾਬਲਿਆਂ ਵਿੱਚ ਦੂਜਾ ਸਥਾਨ ਹਾਸਲ ਕੀਤਾ
ਲੁਧਿਆਣਾ, 20 ਅਗਸਤ (ਟੀ. ਕੇ. ) -
67ਵਾਂ ਪੰਜਾਬ ਜ਼ੋਨਲ ਬਾਸਕਿਟਬਾਲ ਟੂਰਨਾਮੈਂਟ ਬੀਤੇ ਦਿਨੀਂ ਡੀ ਏ ਵੀ ਸਕੂਲ ਪੱਖੋਵਾਲ ਰੋਡ ਵਿਖੇ ਕਰਵਾਇਆ ਗਿਆ, ਜਿਸ ਵਿੱਚ ਬੀ ਸੀ ਐਮ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਾਸ਼ਤਰੀ ਨਗਰ, ਲੁਧਿਆਣਾ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ। 
ਟੀਮ ਦੇ ਕੋਚ ਸ਼੍ਰੀ ਦੇਵ ਮਹਿਰਾ ਨੇ ਦੱਸਿਆ ਕਿ ਲੜਕੀਆਂ ਦੇ ਅੰਡਰ 14 ਅਤੇ ਅੰਡਰ 17 ਵਰਗ ਦੇ ਮੁਕਾਬਲਿਆਂ ਵਿੱਚ ਸਕੂਲ ਦੀਆਂ ਦੋਵੇਂ ਟੀਮਾਂ ਦੂਜੇ ਸਥਾਨ ਉੱਤੇ ਰਹੀਆਂ। ਉਹਨਾਂ ਕਿਹਾ ਕਿ ਉਹਨਾਂ ਦੇ ਬੱਚੇ ਭਵਿੱਖ ਦੇ ਮੁਕਾਬਲਿਆਂ ਵਿੱਚ ਵੀ ਬਹੁਤ ਵਧੀਆ ਪ੍ਰਦਰਸ਼ਨ ਕਰਨਗੇ। 

ਕਾਰਖਾਨਾ ਮਜਦੂਰ ਯੂਨੀਅਨ ਦਾ ਚੌਥਾ ਇਜਲਾਸ ਕੀਤਾ ਗਿਆ

ਲੁਧਿਆਣਾ, 20 ਅਗਸਤ (ਟੀ. ਕੇ.) ਜਮਾਲਪੁਰ, ਲੁਧਿਆਣਾ ਵਿਖੇ ਕਾਰਖਾਨਾ ਮਜਦੂਰ ਯੂਨਿਅਨ, ਪੰਜਾਬ ਨੇ ਆਪਣਾ ਦਾ ਚੌਥਾ ਇਜਲਾਸ ਸਫ਼ਲਤਾ ਨਾਲ਼ ਨੇਪੜੇ ਚਾੜਿਆ। ਇਜਲਾਸ ਦੀ ਸ਼ੁਰੂਆਤ ਹੱਕਾਂ ਤੇ ਏਕੇ ਦੀ ਅਵਾਜ ਬੁਲੰਦ ਕਰਦੇ ਜੁਝਾਰੂ ਨਾਅਰਿਆਂ ਦੌਰਾਨ ਪੁਰਾਣੀ ਆਗੂ ਕਮੇਟੀ ਵੱਲੋਂ ਯੂਨੀਅਨ ਦਾ ਝੰਡਾ ਫਹਿਰਾਉਣ ਨਾਲ਼ ਹੋਈ। ਇਨਕਲਾਬੀ ਸੱਭਿਆਚਾਰਕ ਮੰਚ ‘ਦਸਤਕ’ ਵੱਲੋਂ ਮਜਦੂਰਾਂ ਦੇ ਹੱਕਾਂ ਦੀ ਬਾਤ ਪਾਉਂਦੇ ਅਨੇਕਾਂ ਜੁਝਾਰੂ ਗੀਤ ਪੇਸ਼ ਕੀਤੇ। ਇਜਲਾਸ ਵਿੱਚ ਪਿਛਲੀ ਆਗੂ ਕਮੇਟੀ ਵੱਲੋਂ ਦੇਸ਼-ਦੁਨੀਆ ਦੀਆਂ ਹਾਲਤਾਂ, ਜਥੇਬੰਦੀ ਦੀਆਂ ਪ੍ਰਾਪਤੀਆਂ, ਘਾਟਾਂ-ਕਮਜੋਰੀਆਂ ਅਤੇ ਭਵਿੱਖ ਦੀਆਂ ਚੁਣੌਤੀਆਂ ਬਾਰੇ ਪੇਸ਼ ਸਿਆਸੀ-ਜਥੇਬੰਦਕ ਰਿਪੋਰਟ ਭਰਵੀਂ ਵਿਚਾਰ ਚਰਚਾ ਤੋਂ ਬਾਅਦ ਪਾਸ ਕੀਤੀ ਗਈ। ਪਿਛਲੀ ਆਗੂ ਕਮੇਟੀ ਨੇ ਆਪਣੇ ਡੇਢ ਸਾਲ ਦੇ ਸਮੇਂ ਦੀ ਸਰਗਰਮੀ ਰਿਪੋਰਟ ਤੇ ਵਿੱਤੀ ਰਿਪੋਰਟ ਵੀ ਪੇਸ਼ ਕੀਤੀ। ਪਹੁੰਚੇ ਮੈਂਬਰਾਂ ਵੱਲੋਂ ਯੂਨੀਅਨ ਦੀ ਨਵੀਂ ਆਗੂ ਕਮੇਟੀ ਚੁਣੀ ਗਈ। ਨਵੀਂ ਆਗੂ ਕਮੇਟੀ ਵਿੱਚ ਲਖਵਿੰਦਰ ਸਿੰਘ (ਪ੍ਰਧਾਨ), ਗਗਨਦੀਪ ਕੌਰ (ਮੀਤ ਪ੍ਰਧਾਨ), ਕਲਪਨਾ (ਜਨਰਲ ਸਕੱਤਰ), ਸ਼ੁਸ਼ੀਲ ਕੁਮਾਰ ਪਾਂਡੇ (ਖਜ਼ਾਨਚੀ), ਰਮੇਸ਼ ਚੰਦ, ਤੇਜੂ ਪ੍ਰਸਾਦ, ਸਵਿਤਾ ਦੇਵੀ, ਬਿੰਨੀ, ਗੁਰਦੀਪ ਸਿੰਘ, ਜੈ ਸ਼ੰਕਰ ਸਿੰਘ, ਤਿਲਕਧਾਰੀ ਸਿੰਘ ਸ਼ਾਮਲ ਹਨ।

          ਇਸ ਮੌਕੇ ਭਰਾਤਰੀ ਜਥੇਬੰਦੀ ਟੈਕਸਟਾਇਲ-ਹੌਜ਼ਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਜਗਦੀਸ਼ ਸਿੰਘ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਸਾਥੀ ਤਰਨ ਨੇ ਸੰਬੋਧਨ ਕੀਤਾ ਤੇ ਇਜਲਾਸ ਦੀ ਵਧਾਈ ਦਿੱਤੀ। ਯੂਨੀਅਨ ਦੀ ਆਗੂ ਕਲਪਨਾ ਨੇ ਮੰਚ ਸੰਚਾਲਕ ਦੀ ਭੂਮਿਕਾ ਬਾਖੂਬੀ ਨਿਭਾਈ।

          ਇਜਲਾਸ ’ਚ ਪਾਸ ਕੀਤੀ ਗਈ ਸਿਆਸੀ-ਜੱਥੇਬੰਦਕ ਰਿਪੋਰਟ ਮੁਤਾਬਿਕ ਅੱਜ ਮਜਦੂਰ ਜਮਾਤ ਬੇਹੱਦ ਚੁਣੌਤੀਪੂਰਣ ਹਾਲਤਾਂ ਵਿੱਚੋਂ ਲੰਘ ਰਹੀ ਹੈ। ਸਰਮਾਏਦਾਰ ਜਮਾਤ ਹੱਥੋਂ ਮਜਦੂਰਾਂ ਦੇ ਕਿਰਤ ਹੱਕਾਂ ਦਾ ਵੱਡੇ ਪੱਧਰ ਉੱਤੇ ਘਾਣ ਹੋ ਰਿਹਾ ਹੈ। ਨਿਗੂਣੀਆਂ ਤਨਖਾਹਾਂ ਉੱਤੇ ਮਜਦੂਰ ਹੱਡ-ਭੰਨਵੀਂ ਮਿਹਨਤ ਕਰਨ ਉੱਤੇ ਮਜਬੂਰ ਹਨ।  ਲੱਕ ਤੋੜ ਮਹਿੰਗਾਈ ਦੀ ਮਾਰ ਲਗਾਤਾਰ ਵੱਧਦੀ ਜਾ ਰਹੀ ਹੈ। ਬਹੁਗਿਣਤੀ ਕਿਰਤੀ ਅਬਾਦੀ ਆਪਣੀਆਂ ਬੁਨਿਆਦੀ ਲੋੜਾਂ ਵੀ ਪੂਰੀਆਂ ਨਹੀਂ ਕਰ ਸਕਦੀ। ਨਿੱਜੀਕਰਨ-ਉਦਾਰੀਕਰਨ ਦੀਆਂ ਨੀਤੀਆਂ ਨੇ ਜਿੱਥੇ ਸਰਮਾਏਦਾਰਾਂ ਨੂੰ ਮਾਲਾਮਾਲ ਕੀਤਾ ਹੈ ਉੱਥੇ ਮਜਦੂਰ ਜਮਾਤ ਦਾ ਕਚੂਮਰ ਕੱਢਿਆ ਹੈ। ਇਹਨਾਂ ਹਾਲਤਾਂ ਵਿੱਚ ਮਜਦੂਰ ਜਮਾਤ ਦੀ ਵਿਸ਼ਾਲ ਲਾਮਬੰਦੀ ਦੀ ਲੋੜ ਹੈ। ਕਾਰਖਾਨਾ ਮਜਦੂਰ ਯੂਨੀਅਨ ਸ਼ੁਰੂ ਤੋਂ ਹੀ ਮਜਦੂਰਾਂ-ਕਿਰਤੀਆਂ ਨੂੰ ਸਿੱਖਿਅਤ ਅਤੇ ਲਾਮਬੰਦ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰਦੀ ਰਹੀ ਹੈ। ਪਰ ਮਜਦੂਰਾਂ ਦੀ ਵੱਡੀ ਅਬਾਦੀ ਨੂੰ ਜਾਗਰੂਕ, ਲਾਮਬੰਦ ਤੇ ਜੱਥੇਬੰਦ ਕਰਨ ਦਾ ਇੱਕ ਵੱਡਾ ਕਾਰਜ ਯੂਨੀਅਨ ਦੇ ਸਾਹਮਣੇ ਹੈ। ਮਜਦੂਰਾਂ ਵਿੱਚ ਮੌਜੂਦ ਫਿਰਕਾਪ੍ਰਸਤ, ਜਾਤਵਾਦੀ, ਖੇਤਰਵਾਦੀ, ਔਰਤ-ਵਿਰੋਧੀ ਆਦਿ ਫੁੱਟ-ਪਾਊ ਵਿਚਾਰਾਂ-ਤੁਅੱਸਬਾਂ ਤੋਂ ਮਜਦੂਰ ਜਮਾਤ ਨੂੰ ਮੁਕਤ ਕਰਨ ਲਈ ਸਮੁੱਚੀ ਜੱਥੇਬੰਦੀ ਨੂੰ ਵੱਡਾ ਹੰਭਲਾ ਮਾਰਨ ਦੀ ਲੋੜ ਹੈ।

          ਇਜਲਾਸ ਵਿੱਚ ਪੰਜ ਮਤੇ ਵੀ ਪਾਸ ਕੀਤੇ ਗਏ। ਇੱਕ ਮਤਾ ਭਾਰਤ ਸਰਕਾਰ ਅਤੇ ਸੂਬਾ ਸਰਕਾਰਾਂ ਵੱਲੋਂ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਮਜਦੂਰ ਵਿਰੋਧੀ ਸੋਧਾਂ ਨੂੰ ਰੱਦ ਕਰਨ, ਮਜਦੂਰਾਂ ਦੇ ਸਾਰੇ ਕਾਨੂੰਨੀ ਕਿਰਤ ਹੱਕ ਲਾਗੂ ਕਰਨ ਦਾ ਪੇਸ਼ ਹੋਇਆ। ਇਸਦੇ ਨਾਲ਼ ਹੀ ਵਧਦੀ ਮਹਿੰਗਾਈ ਨੂੰ ਨੱਥ ਪਾਉਣ, ਹੜ੍ਹਾਂ ਦੀ ਰੋਕਥਾਮ ਲਈ ਢੁੱਕਵੇਂ ਪ੍ਰਬੰਧ ਕਰਨ ਅਤੇ ਹੜ੍ਹ ਪੀੜਤਾਂ ਨੂੰ ਬਣਦਾ ਮੁਆਵਜਾ ਦੇਣ ਸਬੰਧੀ ਮਤੇ ਪੇਸ਼ ਕੀਤੇ ਗਏ। ਭਾਰਤੀ ਹਾਕਮਾਂ ਵੱਲੋਂ ਮਨੀਪੁਰ ਵਿੱਚ ਕੂਕੀ ਤੇ ਮੀਤੀ ਕੌਮੀਅਤਾਂ ਨੂੰ ਆਪਸ 'ਚ ਲੜਾਉਣ ਅਤੇ ਨੂਹ (ਮੇਵਾਤ) ਵਿੱਚ ਫਿਰਕੂ ਹਿੰਸਾ ਭੜਕਾਉਣ ਖਿਲਾਫ ਦੋ ਮਤੇ ਪੇਸ਼ ਹੋਏ। ਇਹਦੇ ਨਾਲ਼ ਹੀ ਇੱਕ ਅਹਿਮ ਮਤਾ ਉੜੀਸਾ ਰੇਲ ਹਾਦਸੇ ਵਿੱਚ ਮਾਰੇ ਗਏ ਲੋਕਾਂ ਲਈ ਸ਼ੋਕ ਦਾ ਇਜਹਾਰ ਕਰਦੇ ਹੋਏ ਪੂਰੇ ਭਾਰਤ ਵਿੱਚ ਰੇਲ ਹਾਦਸਿਆਂ ਦੀ ਰੋਕਥਾਮ ਲਈ ਢੁੱਕਵੇਂ ਕਦਮ ਚੁੱਕਣ ਸਬੰਧੀ ਪਾਸ ਕੀਤਾ ਗਿਆ।

ਇਜਲਾਸ ਦੇ ਅੰਤ ’ਚ ਇਲਾਕੇ ’ਚ ਮਾਰਚ ਵੀ ਕੱਢਿਆ ਗਿਆ।

ਫੋਟੋ ਪ੍ਰਦਰਸ਼ਨੀ 'ਵਨ ਥਾਊਜੈਂਡ ਵਰਡਜ' ਨੇ ਦਰਸ਼ਕਾਂ ਦਾ ਮਨ ਮੋਹਿਆ

ਵੱਖ-ਵੱਖ ਖਿੱਤਿਆਂ ਤੋਂ ਆਏ ਲੋਕਾਂ ਨੇ ਸਮਾਪਤੀ ਸਮਾਰੋਹ ਦੀ ਗਵਾਹੀ ਭਰਦਿਆਂ, ਫੋਟੋ-ਜਰਨਲਿਸਟਾਂ ਦੀ ਕਲਾ ਤੇ ਹੁਨਰ ਦੀ ਕੀਤੀ ਸ਼ਲਾਘਾ
ਲੁਧਿਆਣਾ, 20 ਅਗਸਤ (ਟੀ. ਕੇ. ) -
ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਵੱਲੋਂ ਸਥਾਨਕ ਲਕਸ਼ਮੀ ਲੇਡੀਜ਼ ਕਲੱਬ ਨੇੜੇ ਗੁਰੂ ਨਾਨਕ ਸਟੇਡੀਅਮ ਵਿਖੇ ਲਗਾਈ ਗਈ ਦੋ ਦਿਨਾ ਫੋਟੋ ਪ੍ਰਦਰਸ਼ਨੀ 'ਵਨ ਥਾਊਜ਼ੈਂਡ ਵਰਡਜ਼' ਦਾ ਭਰਵੇਂ ਹੁੰਗਾਰੇ ਨਾਲ ਸਮਾਪਨ ਹੋਇਆ।

19 ਅਗਸਤ ਤੋਂ ਸ਼ੁਰੂ ਹੋਈ ਇਸ ਪ੍ਰਦਰਸ਼ਨੀ ਵਿੱਚ ਜੀਵਨ ਦੇ ਸਾਰੇ ਪਹਿਲੂਆਂ ਨੂੰ ਸ਼ਾਮਲ ਕੀਤਾ ਗਿਆ ਸੀ। ਪ੍ਰਦਰਸ਼ਨੀ ਦੌਰਾਨ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ ਜਿਸ ਵਿੱਚ ਵਿਦਿਆਰਥੀ, ਵਪਾਰੀ, ਸਿੱਖਿਆ ਸ਼ਾਸਤਰੀ ਅਤੇ ਸਿਆਸਤਦਾਨ ਵੀ ਸ਼ਾਮਲ ਸਨ। ਇਹ ਸ਼ਾਬਦਿਕ ਤੌਰ 'ਤੇ ਸਾਡੇ ਸ਼ਹਿਰ ਅਤੇ ਆਲੇ-ਦੁਆਲੇ ਦਾ ਵਿਜ਼ੂਅਲ ਟੂਰ ਸੀ।

ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਕੁਲਵੰਤ ਸਿੰਘ ਸਿੱਧੂ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ, ਓਸਵਾਲ ਗਰੁੱਪ ਦੇ ਚੇਅਰਮੈਨ ਅਤੇ ਵਰਧਮਾਨ ਦੇ ਸੰਸਥਾਪਕ ਅਮਰਾਂਤੇ ਆਦਿਸ਼ ਓਸਵਾਲ, ਡਿਪਟੀ ਕਮਿਸ਼ਨਰ ਆਫ਼ ਪੁਲਿਸ ਸੌਮਿਆ ਮਿਸ਼ਰਾ, ਏ.ਡੀ.ਸੀ.ਪੀ. ਸ਼ੁਭਮ ਅਗਰਵਾਲ, ਇਨਕਮ ਟੈਕਸ ਵਿਭਾਗ ਦੇ ਡਿਪਟੀ ਡਾਇਰੈਕਟਰ ਵਿਕਾਸ ਖਿੰਚੜ ਤੋਂ ਇਲਾਵਾ ਸਮਾਜ ਦੇ ਹਰ ਖੇਤਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ।

24 ਤੋਂ ਵੱਧ ਫੋਟੋ ਜਰਨਲਿਸਟਾਂ ਨੂੰ ਪਤਵੰਤਿਆਂ ਨੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀ ਕਲਾ ਅਤੇ ਹੁਨਰ ਦੀ ਸ਼ਲਾਘਾ ਕੀਤੀ।

ਵਿਧਾਇਕ ਦਲਜੀਤ ਸਿੰਘ ਗਰੇਵਾਲ ਅਤੇ ਕੁਲਵੰਤ ਸਿੰਘ ਸਿੱਧੂ ਨੇ ਫੋਟੋ-ਜਰਨਲਿਸਟਾਂ ਦੀ ਸ਼ਲਾਘਾ ਕੀਤੀ ਅਤੇ ਹਰ ਸਾਲ ਪ੍ਰਦਰਸ਼ਨੀ ਦਾ ਆਯੋਜਨ ਕਰਨ ਲਈ ਪ੍ਰੇਰਿਤ ਕੀਤਾ। ਵਿਧਾਇਕ ਸਿੱਧੂ ਅਤੇ ਵਿਧਾਇਕ ਗਰੇਵਾਲ ਦੋਵਾਂ ਨੇ ਐਸੋਸੀਏਸ਼ਨ ਦੇ ਸਹਿਯੋਗ ਲਈ ਨਿੱਜੀ ਤੌਰ 'ਤੇ 31-31 ਹਜ਼ਾਰ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ। ਉਨ੍ਹਾਂ ਫੋਟੋ ਜਰਨਲਿਸਟ ਐਸੋਸੀਏਸ਼ਨ ਵੱਲੋਂ ਕਰਵਾਈਆਂ ਗਈਆਂ ਸੀ.ਐਸ.ਆਰ. ਗਤੀਵਿਧੀਆਂ ਦੀ ਵੀ ਸ਼ਲਾਘਾ ਕੀਤੀ ਅਤੇ ਸਾਰੇ ਫੋਟੋ ਜਰਨਲਿਸਟਾਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ।

ਡਿਪਟੀ ਕਮਿਸ਼ਨਰ ਆਫ ਪੁਲਿਸ ਸੌਮਿਆ ਮਿਸ਼ਰਾ ਨੇ ਆਪਣੇ ਸਕੂਲ ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਕਿਹਾ ਕਿ  ਬੈਚ ਦੇ 60 ਵਿਦਿਆਰਥੀਆਂ ਨੂੰ ਤਸਵੀਰ ਨੂੰ ਦੇਖ ਕੇੇ ਇੱਕ ਫੋਟੋ ਲੇਖ ਲਿਖਣ ਦਾ ਕੰਮ ਸੌਂਪਿਆ ਗਿਆ ਜਿਸ ਵਿੱਚ ਸਾਰੇ ਵਿਦਿਆਰਥੀਆਂ ਦਾ ਇੱਕੋ ਤਸਵੀਰ ਲਈ ਵੱਖੋ-ਵੱਖਰਾ ਨਜ਼ਰੀਆ ਸੀ। ਉਨ੍ਹਾਂ ਕਿਹਾ ਕਿ ਫੋਟੋ-ਜਰਨਲਿਸਟਾਂ ਨੂੰ ਸਮਾਜ ਦੇ ਸਕਾਰਾਤਮਕ ਕਾਰਜਾਂ ਨੂੰ ਆਪਣੇ ਕੈਮਰੇ ਦੀ ਅੱਖ ਰਾਹੀਂ ਲੋਕਾਂ ਦੇ ਸਾਹਮਣੇ ਲਿਆਉਣਾ ਜਾਰੀ ਰੱਖਣਾ ਚਾਹੀਦਾ ਹੈ ਤਾਂ ਜੋ ਪੂਰੀ ਦੁਨੀਆ ਆਪਣੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਬਾਰੇ ਜਾਣ ਸਕੇ।

ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਸ਼ਵਨੀ ਧੀਮਾਨ ਨੇ ਦੱਸਿਆ ਕਿ ਪ੍ਰਦਰਸ਼ਨੀ ਵਿੱਚ ਵੱਖ-ਵੱਖ ਮੀਡੀਆ ਅਦਾਰਿਆਂ ਵਿੱਚ ਕੰਮ ਕਰ ਰਹੇ ਐਸੋਸੀਏਸ਼ਨ ਦੇ ਹੁਨਰਮੰਦ ਫੋਟੋਗ੍ਰਾਫਰਾਂ ਦੁਆਰਾ ਖਿੱਚੀਆਂ ਗਈਆਂ ਤਸਵੀਰਾਂ ਦੀ ਇੱਕ ਲੜੀ ਦਿਖਾਈ ਗਈ ਹੈ। ਇਨ੍ਹਾਂ ਤਸਵੀਰਾਂ ਵਿੱਚ ਭੀੜ-ਭੜੱਕੇ ਵਾਲੇ ਬਾਜ਼ਾਰਾਂ ਤੋਂ ਲੈ ਕੇ ਸ਼ਾਂਤ ਸਥਾਨ ਤੱਕ ਅਤੇ ਸਪੱਸ਼ਟ ਪੋਰਟਰੇਟ ਤੋਂ ਐਬਸਟਰੈਕਟ ਰਚਨਾਵਾਂ ਤੱਕ ਸ਼ਾਮਲ ਹੈ। ਪ੍ਰਦਰਸ਼ਨੀ ਦਾ ਉਦੇਸ਼ ਸ਼ਹਿਰ ਦੇ ਬਹੁਪੱਖੀ ਤੱਤਾਂ ਨੂੰ ਇਸਦੇ ਪ੍ਰਤਿਭਾਸ਼ਾਲੀ ਕਲਾਕਾਰਾਂ ਦੇ ਕੈਮਰਿਆਂ ਰਾਹੀਂ ਪੇਸ਼ ਕਰਨਾ ਹੈ।

ਓਸਵਾਲ ਗਰੁੱਪ ਦੇ ਚੇਅਰਮੈਨ ਆਦਿਸ਼ ਓਸਵਾਲ ਨੇ ਕਿਹਾ, 'ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਦੁਆਰਾ ਆਯੋਜਿਤ 8ਵੀਂ ਪ੍ਰਦਰਸ਼ਨੀ ਸੱਚਮੁੱਚ ਸਾਡੇ ਜੀਵੰਤ ਸ਼ਹਿਰ ਦੇ ਤੱਤ ਅਤੇ ਸੁੰਦਰਤਾ ਨੂੰ ਦਰਸਾਉਂਦੀ ਹੈ। ਵਿਖਾਈਆਂ ਗਈਆਂ ਤਸਵੀਰਾਂ ਸਥਾਨਕ ਫੋਟੋਗ੍ਰਾਫਰਾਂ ਦੀ ਪ੍ਰਤਿਭਾ ਅਤੇ ਸਮਰਪਣ ਦਾ ਪ੍ਰਮਾਣ ਹਨ, ਜਿਨ੍ਹਾਂ ਨੇ ਕੁਸ਼ਲਤਾ ਨਾਲ ਲੁਧਿਆਣਾ ਦੀ ਭਾਵਨਾ, ਸੱਭਿਆਚਾਰ ਅਤੇ ਵਿਭਿੰਨਤਾ ਨੂੰ ਆਪਣੇ ਕੈਮਰਿਆਂ ਵਿੱਚ ਕੈਦ ਕੀਤਾ ਹੈ। ਇਹ ਪ੍ਰਦਰਸ਼ਨੀ ਇੱਕ ਵਿਜ਼ੂਅਲ ਬਿਰਤਾਂਤ ਪੇਸ਼ ਕਰਦੀ ਹੈ ਜੋ ਨਾ ਸਿਰਫ਼ ਸਾਡੇ ਸ਼ਹਿਰ ਦੀ ਅਮੀਰ ਵਿਰਾਸਤ ਦਾ ਜਸ਼ਨ ਮਨਾਉਂਦੀ ਹੈ ਬਲਕਿ ਲੁਧਿਆਣਾ ਦੇ ਬਦਲਦੇ ਬੁਨਿਆਦੀ ਢਾਂਚੇ 'ਤੇ ਇੱਕ ਵਿਲੱਖਣ ਦ੍ਰਿਸ਼ਟੀਕੋਣ ਵੀ ਪ੍ਰਦਾਨ ਕਰਦੀ ਹੈ। ਇਹਨਾਂ ਪ੍ਰਤਿਭਾਸ਼ਾਲੀ ਫੋਟੋ ਜਰਨਲਿਸਟਾਂ ਦੇ ਕੈਮਰਿਆਂ ਦੁਆਰਾ ਸਾਡੇ ਪਿਆਰੇ ਸ਼ਹਿਰ ਦੇ ਤੱਤ ਦਾ ਅਨੁਭਵ ਕਰਨ ਦੀ ਇੱਛਾ ਰੱਖਣ ਵਾਲੇ ਕਿਸੇ ਵੀ ਵਿਅਕਤੀ ਲਈ ਇਹ ਲਾਜ਼ਮੀ ਤੌਰ 'ਤੇ ਦਰਸ਼ਨੀ ਹੈ।'

ਰਾਖੀ ਓਸਵਾਲ, ਡਾਇਰੈਕਟਰ, ਐਡਰੀਓ ਨੇ ਕਿਹਾ, 'ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਦੀ 8ਵੀਂ ਪ੍ਰਦਰਸ਼ਨੀ ਫੋਟੋਗ੍ਰਾਫੀ ਦੇ ਮਾਧਿਅਮ ਰਾਹੀਂ ਕਹਾਣੀ ਸੁਣਾਉਣ ਦੀ ਸ਼ਕਤੀ ਨੂੰ ਇੱਕ ਸ਼ਾਨਦਾਰ ਸ਼ਰਧਾਂਜਲੀ ਦੇ ਰੂਪ ਵਿੱਚ ਖੜ੍ਹੀ ਹੈ। ਡਿਸਪਲੇ 'ਤੇ ਮੌਜੂਦ ਹਰੇਕ ਫੋਟੋ ਇੱਕ ਸ਼ਕਤੀਸ਼ਾਲੀ ਬਿਰਤਾਂਤ ਹੈ ਜੋ ਅਣਕਹੀਆਂ ਕਹਾਣੀਆਂ ਅਤੇ ਵਿਲੱਖਣ ਪਲਾਂ ਬਾਰੇ ਬੋਲਦੀ ਹੈ ਜੋ ਲੁਧਿਆਣਾ ਦੇ ਤਾਣੇ-ਬਾਣੇ ਨੂੰ ਬਣਾਉਂਦੇ ਹਨ। ਪ੍ਰਦਰਸ਼ਨੀ ਸਾਡੇ ਸ਼ਹਿਰ ਵਾਸੀਆਂ ਦੀਆਂ ਭਾਵਨਾਵਾਂ, ਸੰਘਰਸ਼ਾਂ ਅਤੇ ਜਿੱਤਾਂ ਨੂੰ ਸਹਿਜੇ ਹੀ ਕੈਪਚਰ ਕਰਦੀ ਹੈ, ਉਹਨਾਂ ਦੇ ਜੀਵਨ ਅਤੇ ਤਜ਼ਰਬਿਆਂ ਦੀ ਡੂੰਘੀ ਸਮਝ ਪ੍ਰਦਾਨ ਕਰਦੀ ਹੈ। ਇਹਨਾਂ ਪ੍ਰਤਿਭਾਸ਼ਾਲੀ ਫੋਟੋਗ੍ਰਾਫ਼ਰਾਂ ਦੇ ਕੈਮਰਿਆਂ ਦੀ ਅੱਖ ਰਾਹੀਂ ਹੀ ਅਸੀਂ ਲੁਧਿਆਣਾ ਨੂੰ ਦੇਖ ਸਕਦੇ ਹਾਂ। ਇੱਕ ਪੂਰੀ ਤਰ੍ਹਾਂ ਨਵੀਂ ਰੋਸ਼ਨੀ, ਸਾਡੇ ਸ਼ਹਿਰ ਦੇ ਵਿਭਿੰਨ ਅਤੇ ਜੀਵੰਤ ਸੱਭਿਆਚਾਰ ਲਈ ਮਾਣ ਅਤੇ ਪ੍ਰਸ਼ੰਸਾ ਦੀ ਭਾਵਨਾ ਪੈਦਾ ਕਰਦੀ ਹੈ।'

ਤਿੰਨ ਫੋਟੋ-ਜਰਨਲਿਸਟਾਂ ਨੂੰ ਸ਼ਰਧਾਂਜਲੀ:

 ਫੋਟੋ-ਜਰਨਲਿਸਟਾਂ ਅਤੇ ਸਾਰੇ ਦਰਸ਼ਕਾਂ ਨੇ ਤਿੰਨ ਫੋਟੋ ਪੱਤਰਕਾਰਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਿਨ੍ਹਾਂ ਨੇ ਫਰਜ਼ ਨਿਭਾਉਂਦੇ ਹੋਏ ਆਪਣੀ ਜਾਨ ਕੁਰਬਾਨ ਕਰ ਦਿੱਤੀ। ਆਦਿਤਿਆ ਜੇਤਲੀ, ਰਵੀ ਕਨੌਜੀਆ ਅਤੇ ਨੀਲ ਕਮਲ ਸੋਨੂੰ ਦੇ ਕੰਮ ਅਤੇ ਜੀਵਨ ਦੀਆਂ ਯਾਦਾਂ ਨੂੰ ਯਾਦ ਕੀਤਾ ਗਿਆ ਜੋ ਦੂਜਿਆਂ ਦੀ ਮਦਦ ਕਰਨ ਲਈ ਜ਼ਿੰਦਗੀ ਵਿੱਚ ਅਸਲ ਹੀਰੋ ਸਨ ਅਤੇ ਅਸੀਂ ਸਮਾਜ ਵਿੱਚ ਉਹਨਾਂ ਦੀ ਰਚਨਾਤਮਕਤਾ ਅਤੇ ਫੋਟੋਗ੍ਰਾਫੀ ਦੇ ਹੁਨਰ ਲਈ ਜਾਣੇ ਜਾਂਦੇ ਹਾਂ। ਇਹ ਤਿੰਨੋਂ ਫੋਟੋ-ਜਰਨਲਿਸ ਜਿਨ੍ਹਾਂ ਨੇ ਮੁੱਖ ਧਾਰਾ ਮੀਡੀਆ ਲਈ ਸਾਲਾਂ ਤੋਂ ਸੇਵਾ ਕੀਤੀ ਸੀ ਅਤੇ ਅਸੀਂ ਉਨ੍ਹਾਂ ਦੇ ਕੰਮ ਪ੍ਰਤੀ ਭਾਵੁਕ ਹਾਂ, ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਉਨ੍ਹਾਂ ਦੀ ਕਹਾਣੀ ਹਰ ਆਉਣ ਵਾਲੇ ਨੂੰ ਦੱਸੀ ਗਈ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ।

ਪ੍ਰਸਿੱਧ ਗੀਤਕਾਰ ਤੇ ਫਿਲਮ ਸਾਜ਼  ਹਸਨਪੁਰੀ  ਦੇ ਜਨਮ ਦਿਨ ਮੌਕੇ ਕਵੀ ਦਰਬਾਰ ਅਤੇ ਗੀਤਕਾਰ ਅਮਰਜੀਤ ਸ਼ੇਰਪੁਰੀ ਦਾ ਸਨਮਾਨ

ਲੁਧਿਆਣਾਃ 20 ਮਈ (ਟੀ. ਕੇ) ਪੰਜਾਬੀ ਗੀਤਕਾਰ ਮੰਚ ਲੁਧਿਆਣਾ (ਪੰਜਾਬ) ਵੱਲੋਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਪ੍ਰਸਿੱਧ ਗੀਤਕਾਰ ਅਤੇ ਫਿਲਮ ਸਾਜ਼ ਸਵਰਗੀ ਸਃ ਇੰਦਰਜੀਤ ਹਸਨਪੁਰੀ ਜੀ ਦੇ ਜਨਮ  ਮੌਕੇ ਵਿਸ਼ਾਲ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ।
ਸਵ, ਇੰਦਰਜੀਤ ਹਸਨਪੁਰੀ ਜਿਨ੍ਹਾਂ ਨੇ ਜੇ ਮੁੰਡਿਆ ਤੂੰ ਸਾਡੀ ਤੋਰ ਵੇ ਵੇਖਣੀ ਗੜਵਾ ਲੈ ਦੇ ਚਾਂਦੀ ਦਾ ਵੇ ਲੱਕ ਹਿੱਲੇ ਮਜਾਜਣ ਜਾਂਦੀ ਦਾ"ਨਾ ਜਾ ਬਰਮਾਂ ਨੂੰ, ਸਾਧੂ ਹੁੰਦੇ ਰੱਬ ਵਰਗੇ"ਜਦੋਂ ਜਦੋਂ ਵੀ ਬਨੇਰੇ ਬੋਲੇ ਕਾਂ, ਹੋਇਆ ਕੀ ਜੇ ਕੁੜੀ ਏ ਤੂੰ ਦਿੱਲੀ ਸ਼ਹਿਰ ਦੀ ਸਮੇਤ ਕਈ ਹਿੱਟ ਗੀਤ ਲਿਖਣ ਦੇ ਨਾਲ ਨਾਲ ਕਈ ਕਿਤਾਬਾਂ ਮਾਂ ਬੋਲੀ ਦੀ ਝੋਲੀ ਪਾਈਆਂ ਅੱਜ ਉਨ੍ਹਾਂ  ਦੀ ਯਾਦ ਨੂੰ ਸਮਰਪਿਤ ਸਮਾਗਮ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਗਿਆ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਅਤੇ ਪ੍ਰੋ,ਗੁਰਭਜਨ ਸਿੰਘ ਗਿੱਲ ਜੀ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਸਮਾਗਮ ਦੌਰਾਨ ਪਹਿਲਾ ਇੰਦਰਜੀਤ ਹਸਨਪੁਰੀ ਪੁਰਸਕਾਰ ਪ੍ਰਸਿੱਧ ਗਾਇਕ ਤੇ ਗੀਤਕਾਰ ਅਮਰਜੀਤ ਸ਼ੇਰਪੁਰੀ ਨੂੰ ਦਿੱਤਾ ਗਿਆ।
ਸਮਾਗਮ ਦੌਰਾਨ ਪ੍ਰੋ,ਗੁਰਭਜਨ ਗਿੱਲ ਨੇ ਕਿਹਾ ਕਿ ਸਵ,ਇੰਦਰਜੀਤ ਹਸਨਪੁਰੀ ਪੰਜਾਬੀ ਦੇ ਸਿਰਮੌਰ ਗੀਤਕਾਰ ਤੇ ਫਿਲਮ ਨਿਰਮਾਤਾ,ਮਿਹਨਤਕਸ਼ ਅਤੇ ਇਮਾਨਦਾਰ ਵਿਅਕਤੀ ਸਨ। ਜਿਹਨਾਂ ਨੇ ਆਪਣੇ ਜੀਵਨ ਵਿੱਚ ਬਹੁਤ ਉੱਚੀਆਂ ਉਡਾਰੀਆਂ ਮਾਰੀਆਂ ਹਨ। ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ,ਰਵਿੰਦਰ ਭੱਠਲ ਜੀ ਨੇ ਹਸਨਪੁਰੀ ਜੀ ਦੇ ਨਾਲ ਬਿਤਾਏ ਹੋਏ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਹਸਨਪੁਰੀ ਸਾਹਿਬ ਇੱਕ ਚੰਗੇ ਲੇਖਕ ਹੋਣ ਦੇ ਨਾਲ ਨਾਲ ਬਹੁਪੱਖੀ ਸ਼ਖ਼ਸੀਅਤ ਸਨ।ਇਸ ਮੌਕੇ ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਡਾ,ਗੁਰਇਕਬਾਲ ਸਿੰਘ ਨੇ ਕਿਹਾ  ਕਿ ਇੰਦਰਜੀਤ ਹਸਨਪੁਰੀ ਜੀ ਦੀ ਆਪਣੀ ਸਾਫ ਸੁਥਰੀ ਲੇਖਣੀ ਸਦਕਾ ਪੰਜਾਬੀ ਸੱਭਿਆਚਾਰਕ ਗੀਤਾਂ ਉਤੇ ਚੰਗੀ ਪਕੜ ਸੀ।
ਸਮਾਗਮ ਦੇ ਮੁੱਖ ਮਹਿਮਾਨ ਸ,ਅਮਰਜੀਤ ਸਿੰਘ ਟਿੱਕਾ,ਵਿਸ਼ੇਸ਼ ਮਹਿਮਾਨ ਮਨਦੀਪ ਕੌਰ ਭੰਮਰਾ,ਡਾ,ਨਿਰਮਲ ਜੌੜਾ,ਸ ਮਲਕੀਤ ਸਿੰਘ ਦਾਖਾ,ਲੋਕ ਗਾਇਕ ਜਸਵੰਤ ਸੰਦੀਲਾ,ਪਾਲੀ ਦੇਤਵਾਲੀਆ,ਡਾ ਸੁਰਜੀਤ ਦੌਧਰ,ਸੀ ਮਾਰਕੰਡਾ ਸਮੇਤ ਹੋਰ ਕਈ ਬੁਲਾਰਿਆਂ ਨੇ ਆਪਣੇ ਆਪਣੇ ਸੰਬੋਧਨ ਰਾਹੀਂ ਇੰਦਰਜੀਤ ਹਸਨਪੁਰੀ ਜੀ ਦੇ ਜੀਵਨ ਨਾਲ ਸਬੰਧਤ ਕਈ ਯਾਦਾਂ ਸਾਂਝੀਆਂ ਕੀਤੀਆਂ।
ਡਾਃ ਆਤਮ ਹਮਰਾਹੀ ਦੀ ਜ਼ਹੀਨ ਸਿਰਜਕ ਬੇਟੀ ਮਨਦੀਪ ਕੌਰ ਭਮਰਾ ਨੇ  ਇਸ ਮੌਕੇ ਅਕਾਡਮੀ ਦਫ਼ਤਰ ਵਿੱਚ ਪੰਜਾਬੀ ਕਵੀ ਅਮਰਜੀਤ ਸ਼ੇਰਪੁਰੀ ਦੀ ਜੀਵਨ ਸਾਥਣ ਬਲਜੀਤ ਕੌਰ ਦਾ ਸੋਹਣਾ ਸੂਟ ਤੇ ਅਮਰਜੀਤ ਸ਼ੇਰਪੁਰੀ ਦਾ ਦਸਤਾਰ ਭੇਂਟ ਕਰਕੇ ਸਨਮਾਨ ਕੀਤਾ। ਉਨ੍ਹਾਂ ਕਿਹਾ ਕਿ ਹਰ ਲੇਖਕ ਨੂੰ ਘਰੋਂ ਮਿਲਦੀ ਊਰਜਾ ਦਾ ਸਤਿਕਾਰ ਕਰਨਾ ਚਾਹੀਦਾ ਹੈ। ਸਨਮਾਨ ਦੇਣ ਵਾਲਿਆਂ ਚ  ਪ੍ਰੋਃ ਗੁਰਭਜਨ ਸਿੰਘ ਗਿੱਲ,ਪ੍ਰੋਃ ਰਵਿੰਦਰ ਭੱਠਲ, ਡਾਃ ਨਿਰਮਲ ਜੌੜਾ,ਮਨਦੀਪ ਕੌਰ ਭਮਰਾ,ਜਸਮੇਰ ਸਿੰਘ ਢੱਟ ਤੇ ਡਾਃ ਗੁਰਇਕਬਾਲ ਸਿੰਘ ਸ਼ਾਮਿਲ ਸਨ।
ਇਸ ਮੌਕੇ ਗੀਤਕਾਰ ਸਰਬਜੀਤ ਸਿੰਘ ਵਿਰਦੀ ਨੇ ਮੰਚ ਸੰਚਾਲਨ ਕਰਦੇ ਹੋਏ ਹਾਜ਼ਿਰ ਕਵੀਆਂ ਨੂੰ ਸਰੋਤਿਆਂ ਦੇ ਰੂਬਰੂ ਕੀਤਾ ਸਮਾਗਮ ਦੌਰਾਨ ਡਾ,ਕਰਮਜੀਤ ਸਿੰਘ ਔਜਲਾ,ਬਲਕੌਰ ਸਿੰਘ ਗਿੱਲ,ਜਸਮੇਰ ਸਿੰਘ ਢੱਟ,ਸੁਰਜੀਤ ਭਗਤ,ਸੰਤ ਸਿੰਘ ਸੋਹਲ,ਹਰਬੰਸ ਸਿੰਘ ਘਈ,ਸੁਖਦੇਵ ਸਿੰਘ ਲਾਜ਼,ਨੇਤਰ ਸਿੰਘ  ਮੁੱਤੋਂ,,ਇੰਦਰਜੀਤਪਾਲ ਕੌਰ ਭਿੰਡਰ,ਸੁਰਿੰਦਰ ਕੌਰ ਬਾੜਾ,ਸੁਰਿੰਦਰਦੀਪ,ਪਰਵਿੰਦਰ ਕੌਰ ਸੁੱਖ,ਸੁਰਿੰਦਰ ਅਮਨ,ਬਲਵਿੰਦਰ ਸਿੰਘ ਮੋਹੀ,ਸੁਰਜੀਤ ਸਿੰਘ ਜੀਤ,ਸੋਮ ਨਾਥ ਸਿੰਘ,ਜਸਬੀਰ ਸਿੰਘ ਸੋਹਲ,ਤਜਿੰਦਰ ਮਾਰਕੰਡਾ,ਗੁਰਸੇਵਕ ਸਿੰਘ ਢਿੱਲੋਂ,ਹਰਦੇਵ ਸਿੰਘ ਕਲਸੀ,ਰਣਜੀਤ ਸਿੰਘ ਹਠੂਰ,ਮੋਹਣ ਹਸਨਪੁਰੀ,ਸੁਖਵੀਰ ਸੰਧੇ,ਮੀਤ ਸਕਰੌਦੀ ,ਰਣਜੀਤ ਸਿੰਘ,ਗੁਰਵਿੰਦਰ ਸਿੰਘ ਸ਼ੇਰਗਿੱਲ,ਪਰਮਿੰਦਰ ਅਲਬੇਲਾ,ਬਲਵਿੰਦਰ ਗਲੈਕਸੀ,ਸੰਪੂਰਨ ਸਿੰਘ ਸਨਮ,ਹਰਦੀਪ ਬਿਰਦੀ,ਬਲਜੀਤ ਮਾਹਲਾ,ਗੀਤ ਗੁਰਜੀਤ,ਜਗਤਾਰ ਰਾਈਆਂਵਾਲਾ,ਸਤਿਨਾਮ ਸਿੰਘ ਗ਼ਾਲੇ ਸਮੇਤ ਹਾਜ਼ਿਰ ਕਵੀਆਂ ਨੇ ਆਪਣੀਆਂ ਆਪਣੀਆਂ ਕਵਿਤਾਵਾਂ ਨਾਲ ਭਰਵੀਂ ਹਾਜ਼ਰੀ ਲਗਵਾ ਕੇ ਵਾਹ ਵਾਹ ਖੱਟੀ ਇਸ ਮੌਕੇ ਜੇ ਐਲ ਪ੍ਰੋਡੈਕਸ਼ਨ ਵੱਲੋਂ ਕਰਵਾਏ ਗਏ ਸੰਗੀਤਕ ਸ਼ੋਅ ਦੇ ਜੇਤੂ,ਗਾਇਕਾ ਪ੍ਰੀਤ ਸਿਮਰ,ਤਾਨੀਆ ਸਿਤਾਰਾ ਗੀਤਕਾਰਾ ਕਾਇਨਾਤ ਕੌਸ਼ਟਮਨੀ ਨੂੰ ਵੀ ਸਨਮਾਨਿਤ ਕੀਤਾ ਗਿਆ ।

ਡੀ. ਟੀ. ਐਫ. ਅਤੇ ਡੀ. ਐਮ. ਐਫ. ਵੱਲੋਂ ਤਰਲੋਚਨ ਸਿੰਘ ਸਮਰਾਲਾ ਨੂੰ ਸ਼ਰਧਾਂਜਲੀ ਭੇਟ  

ਅਧੂਰੇ ਕਾਰਜ ਪੂਰੇ ਕਰਨ ਦਾ ਲਿਆ ਪ੍ਰਣ                                      
ਲੁਧਿਆਣਾ 20 ਅਗਸਤ ( ਟੀ ਕੇ )
ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਅਤੇ ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਦੇ ਆਗੂਆਂ ਜਰਮਨਜੀਤ ਸਿੰਘ,ਹਰਦੀਪ ਸਿੰਘ ਟੋਡਰਪੁਰ, ਬਿਕਰਮ ਦੇਵ ਸਿੰਘ, ਮੁਕੇਸ਼ ਕੁਮਾਰ,ਰੁਪਿੰਦਰਪਾਲ ਸਿੰਘ ਗਿੱਲ ਅਤੇ ਹਰਜੀਤ ਕੌਰ ਸਮਰਾਲਾ ਨੇ ਬੀਤੇ ਦਿਨੀਂ ਦਰਦਨਾਕ ਸੜਕ ਹਾਦਸੇ ਵਿੱਚ ਜਾਨ ਗੁਆ ਚੁੱਕੇ ਉੱਘੇ ਨਾਟਕਕਾਰ, ਫਿਲਮਕਾਰ, ਬੁੱਧੀਜੀਵੀ, ਮੁਲਾਜ਼ਮ ਆਗੂ ਅਤੇ ਸਮਾਜ ਸੇਵੀ ਮਾਸਟਰ ਤਰਲੋਚਨ ਸਿੰਘ ਸਮਰਾਲਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।ਇਸ ਮੌਕੇ ਆਗੂਆਂ ਨੇ ਕਿਹਾ ਤਰਲੋਚਨ ਸਿੰਘ ਨੇ ਆਪਣੀ ਸਾਰੀ ਜ਼ਿੰਦਗੀ ਦੱਬੇ ਕੁੱਚਲੇ ਲੋਕਾਂ ਅਤੇ ਸਮਾਜਿਕ ਨਾ ਬਰਾਬਰੀ ਖਿਲਾਫ ਲੜਦਿਆਂ ਲੰਘਾਈ ਹੈ। ਅਜਿਹੇ ਆਗੂਆਂ ਦਾ ਬੇਵਕਤੀ ਚਲੇ ਜਾਣਾ ਸਮਾਜ ਲਈ ਤਾਂ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਪਰਿਵਾਰ ਅਤੇ ਜੱਥੇਬੰਦੀਆਂ ਲਈ ਵੀ ਅਸਿਹ ਹੁੰਦਾ ਹੈ।  ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਲੁਧਿਆਣਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਲੀਲ੍ਹ ਡੈਮੋਕ੍ਰੇਟਿਕ ਟੀਚਰ ਫਰੰਟ ਲੁਧਿਆਣਾ ਦੇ ਜਨਰਲ ਸਕੱਤਰ ਰਮਨਜੀਤ ਸਿੰਘ ਸੰਧੂ ਸਮੇਤ ਆਗੂਆਂ ਨੇ ਪੰਜਾਬ ਸਰਕਾਰ ਤੋਂ ਮਾਸਟਰ ਤਰਲੋਚਨ ਸਿੰਘ ਸਮਰਾਲਾ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਦੇ ਕਾਰਨਾਂ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਆਗੂਆਂ ਨੇ ਕਿਹਾ ਤਰਲੋਚਨ ਸਿੰਘ ਸਮਰਾਲਾ ਦੇ ਅਧੂਰੇ ਕਾਰਜਾਂ ਨੂੰ ਪੂਰਾ ਕਰਨਾ ਹੀ ਉਨਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।ਇਸ ਮੌਕੇ ਹਾਜ਼ਰ ਗੁਰਪਿਆਰ ਕੋਟਲੀ, ਮਨਪ੍ਰੀਤ ਸਿੰਘ ਸਮਰਾਲਾ, ਲਖਵੀਰ ਸਿੰਘ, ਦਵਿੰਦਰ ਸਿੰਘ ਪੂਨੀਆ, ਜਗਵੀਰ ਸਿੰਘ ਨਾਗਰਾ, ਬਲਵਿੰਦਰ ਚਾਹਲ,ਜਸਵੀਰ ਸਿੰਘ, ਜਗਜੀਤ ਸਿੰਘ, ਰਜਿੰਦਰ ਜੰਡਿਆਲੀ, ਧਰਮ ਸਿੰਘ ਸੂਜਾਪੁਰ ਆਦਿ ਹਾਜ਼ਰ ਸਨ।

ਵਿਜੀਲੈਂਸ ਵੱਲੋਂ ਰਿਸ਼ਵਤ ਦੇ ਮਾਮਲੇ ਵਿੱਚ ਫਰਾਰ ਏ.ਐਸ.ਆਈ. ਗ੍ਰਿਫ਼ਤਾਰ

ਮੁਲਜ਼ਮ ਨੇ ਜ਼ਬਤ ਕੀਤੇ ਆਟੋ-ਰਿਕਸ਼ਾ ਨੂੰ ਛੱਡਣ ਬਦਲੇ ਲਈ ਸੀ ਰਿਸ਼ਵਤ

ਚੰਡੀਗੜ੍ਹ, 20 ਅਗਸਤ  (ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ )ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਲੁਧਿਆਣਾ ਜ਼ਿਲ੍ਹੇ ਦੇ ਥਾਣਾ ਸੁਧਾਰ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਗੁਰਮੀਤ ਸਿੰਘ ਨੂੰ ਰਿਸ਼ਵਤ ਦੇ ਇੱਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਧੀਨ ਮਿਤੀ 16.06.2023 ਨੂੰ ਥਾਣਾ ਸੁਧਾਰ ਵਿਖੇ ਐਫ.ਆਈ.ਆਰ ਨੰਬਰ 48 ਦਰਜ ਕੀਤੀ ਗਈ ਸੀ ਅਤੇ ਬਾਅਦ ਵਿੱਚ ਇਸ ਮਾਮਲੇ ਦੀ ਜਾਂਚ ਵਿਜੀਲੈਂਸ ਬਿਊਰੋ ਲੁਧਿਆਣਾ ਰੇਂਜ ਨੂੰ ਸੌਂਪ ਦਿੱਤੀ ਗਈ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਏ.ਐਸ.ਆਈ. ਗੁਰਮੀਤ ਸਿੰਘ ਨੇ ਉਸ ਦਾ ਜ਼ਬਤ ਕੀਤਾ ਆਟੋ ਰਿਕਸ਼ਾ ਛੱਡਣ ਬਦਲੇ 1500 ਰੁਪਏ ਰਿਸ਼ਵਤ ਲਈ ਸੀ ਅਤੇ ਮੁਲਜ਼ਮ ਏ.ਐਸ.ਆਈ. ਨੇ ਇਸ ਤੋਂ ਪਹਿਲਾਂ ਵੀ ਉਸ ਕੋਲੋਂ 2500 ਰੁਪਏ ਰਿਸ਼ਵਤ ਲਈ ਸੀ। ਸ਼ਿਕਾਇਤਕਰਤਾ ਨੇ ਉਕਤ ਏ.ਐਸ.ਆਈ. ਦੀ ਉਸ ਕੋਲੋਂ 1500 ਰੁਪਏ ਰਿਸ਼ਵਤ ਲੈਂਦੇ ਹੋਏ ਦੀ ਵੀਡੀਓ ਵੀ ਪੇਸ਼ ਕੀਤੀ ਸੀ। ਉਨ੍ਹਾਂ ਦੱਸਿਆ ਕਿ ਉਕਤ ਏ.ਐਸ.ਆਈ. ਫਰਾਰ ਸੀ ਅਤੇ ਉਸਦੀ ਅਗਾਊਂ ਜ਼ਮਾਨਤ ਵਧੀਕ ਸੈਸ਼ਨ ਜੱਜ, ਲੁਧਿਆਣਾ ਦੀ ਅਦਾਲਤ ਨੇ ਖਾਰਜ਼ ਕਰ ਦਿੱਤੀ ਸੀ। ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਲੁਧਿਆਣਾ ਰੇਂਜ ਦੀ ਟੀਮ ਨੇ ਅੱਜ ਏ.ਐਸ.ਆਈ. ਗੁਰਮੀਤ ਸਿੰਘ ਨੂੰ ਬਰਨਾਲਾ ਜ਼ਿਲ੍ਹੇ ਦੇ ਪਿੰਡ ਗਾਗੇਵਾਲ ਤੋਂ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਪੀ.ਏ.ਯੂ. ਵਿੱਚ ਸਲਾਨਾ ਰਾਸ਼ਟਰੀ ਖੇਡ ਸੰਗਠਨ ਕੈਂਪ ਦੇ ਸਮਾਪਤੀ ਸਮਾਰੋਹ ਦਾ ਸਫਲਤਾਪੂਰਵਕ ਆਯੋਜਨ

ਲੁਧਿਆਣਾ 18 ਅਗਸਤ(ਟੀ. ਕੇ.)  ਅੱਜ ਸਥਾਨਕ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਯੂਨੀਵਰਸਿਟੀ ਅਧੀਨ ਆਉਂਦੇ ਵੱਖ-ਵੱਖ ਕਾਲਜ ਦੇ ਵਿਦਿਆਰਥੀਆਂ ਲਈ ਲਗਾਏ ਗਏ 15 ਦਿਨਾ ਰਾਸ਼ਟਰੀ ਖੇਡ ਸੰਗਠਨ ਕੈਂਪ ਸਾਲ 2022-2023 ਦੇ ਸਮਾਪਨ ਸਮਾਰੋਹ ਦਾ ਸਫਲਤਾ ਪੂਰਵਕ ਆਯੋਜਨ ਕੀਤਾ ਗਿਆ| ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਡਾ. ਅਜਮੇਰ ਸਿੰਘ ਢੱਟ ਨੇ ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ| ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਡਾ. ਅਜਮੇਰ ਸਿੰਘ ਢੱਟ, ਡਾਇਰੈਕਟਰ ਖੋਜ ਨੇ ਇਸ ਮੌਕੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ| ਉਹਨਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਖੇਡਾਂ ਵਿਅਕਤੀ ਨੂੰ ਸਰੀਰਕ ਤੌਰ ਤੇ ਤੰਦਰੁਸਤ ਕਰਨ ਦੇ ਨਾਲ-ਨਾਲ ਮਾਨਸਿਕ ਤੌਰ ਤੇ ਤਰੋ ਤਾਜ਼ਾ ਵੀ ਕਰਦੀਆਂ ਹਨ| ਕਿਉਂਕਿ ਇਹ ਖੇਡ ਮੈਦਾਨ ਉਹ ਕਲਾਸ ਰੂਮ ਹਨ ਜਿੱਥੇ ਆ ਕੇ ਵਿਦਿਆਰਥੀ ਹਰ ਤਰ੍ਹਾਂ ਦੇ ਮਾਨਸਿਕ ਦਬਾਅ ਤੋਂ ਮੁਕਤ ਹੁੰਦੇ ਹਨ| ਉਹਨਾਂ ਨੇ ਦੱਸਿਆ ਕਿ ਖੇਡਾਂ ਦੇ ਨਾਲ-ਨਾਲ ਵਿਦਿਆਰਥੀ ਆਪਣੀ ਪੜ੍ਹਾਈ ਨੂੰ ਸੁਚੱਜੇ ਤਰੀਕੇ ਨਾਲ ਕਰ ਸਕਦੇ ਹਨ| ਲੋੜ ਸਿਰਫ ਕੁਝ ਨਿਯਮ ਬਣਾਉਣ ਦੀ ਹੈ| ਜੇ ਅਸੀਂ ਖੇਡਾਂ ਦੇ ਨਾਲ-ਨਾਲ ਅਸੀਂ ਨਿਯਮਤ ਤੌਰ ਤੇ ਪੜ੍ਹਾਈ ਕਰਦੇ ਹਾਂ ਤਾਂ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ| ਉਹਨਾਂ ਨੇ ਸਾਰੇ ਵਿਦਿਆਰਥੀਆਂ ਨੂੰ ਇਹ ਕੈਂਪ ਸਫਲਤਾ ਪੂਰਵਕ ਖਤਮ ਕਰਨ ਤੇ ਵਧਾਈ ਦਿੱਤੀ|

ਇਸ ਮੌਕੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਸਿੰਘ ਜੌੜਾ ਨੇ ਆਏ ਹੋਏ ਮਹਿਮਾਨਾ ਦਾ ਸੁਆਗਤ ਕੀਤਾ ਅਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਲਾਨਾ ਕੈਂਪ ਵਿੱਚ ਲਗਭਗ 240 ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਕੈਂਪ ਵਿੱਚ ਵਿਦਿਆਰਥੀਆਂ ਨੂੰ ਵੱਖ-ਵੱਖ ਖੇਡਾਂ, ਜਿਵੇਂ ਅਥਲੈਟਿਕਸ, ਬੈਡਮਿੰਟਨ, ਬਾਸਕਿਟਬਾਲ, ਕ੍ਰਿਕਟ, ਹਾਕੀ, ਵਾਲੀਬਾਲ, ਸਾਈਕਲਿੰਗ, ਤੈਰਾਕੀ, ਫੁੱਟਬਾਲ, ਹੈਂਡਬਾਲ, ਸ਼ੂਟਿੰਗ ਆਦਿ ਖੇਡਾਂ ਦੀਆਂ ਆਧੁਨਿਕ ਤਕਨੀਕਾਂ ਦੀ ਜਾਣਕਾਰੀ ਦੇ ਨਾਲ-ਨਾਲ ਚੰਗੀ ਸਿਹਤ ਬਣਾਈ ਰੱਖਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ|

ਇਸ ਮੌਕੇ ਕੈਂਪ ਦੇ ਸੰਚਾਲਕ ਡਾ. ਪਰਮਵੀਰ ਸਿੰਘ ਨੇ ਆਏ ਹੋਏ ਮਹਿਮਾਨਾਂ, ਸਟਾਫ ਮੈਂਬਰ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਰੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਦੇ ਸਹਿਯੋਗ ਨਾਲ ਇਹ ਕੈਂਪ ਸਫਲਤਾ ਪੂਰਵਕ ਖਤਮ ਕੀਤਾ ਜਾ ਰਿਹਾ ਹੈ| ਉਹਨਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਸਾਰੇ ਵਿਦਿਆਰਥੀ ਕੈਂਪ ਵਿੱਚ ਸਿਖਾਈਆਂ ਗਈਆਂ ਆਧੁਨਿਕ ਤਕਨੀਕਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਗੇ ਅਤੇ ਆਪਣੇ ਸਰੀਰ ਨੂੰ ਤੰਦਰੂਸਤ ਬਣਾ ਕਿ ਖੁਸ਼ਹਾਲੀ ਭਰਿਆ ਜੀਵਨ ਬਤੀਤ ਕਰਨਗੇ| ਇਸ ਮੌਕੇ ਕੈਂਪ ਦੀਆਂ ਵੱਖ-ਵੱਖ ਗਤੀਵਿਧੀਆਂ ਵਿੱਚੋਂ ਪੁਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਦੁਆਰਾ ਸਨਮਾਨਿਤ ਕੀਤਾ ਗਿਆ|

ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਹਰਿਆਣਾ ਵਿੱਚ ਨੈਸ਼ਨਲ ਫੂਡ ਟੈਕਨੋਲੋਜੀ ਇੰਸਟੀਚਿਊਟ ਦੇ ਨਿਰਦੇਸ਼ਕ ਬਣੇ

ਲੁਧਿਆਣਾ 18 ਅਗਸਤ(ਟੀ. ਕੇ)  ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਡਾ. ਹਰਿੰਦਰ ਸਿੰਘ ਓਬਰਾਏ ਦੀ ਨਿਯੁਕਤੀ ਬੀਤੇ ਦਿਨੀਂ ਨੈਸਨਲ ਇੰਸਟੀਚਿਊਟ ਆਫ ਫੂਡ ਟੈਕਨਾਲੋਜੀ ਐਂਟਰਪ੍ਰੀਨਿਓਰਸ਼ਿਪ ਐਂਡ ਮੈਨੇਜਮੈਂਟ, ਕੁੰਡਲੀ, ਸੋਨੀਪਤ ਵਜੋਂ ਹੋਈ ਹੈ | ਯਾਦ ਰਹੇ ਕਿ ਇਹ ਸੰਸਥਾਨ ਭਾਰਤ ਸਰਕਾਰ ਦੇ ਭੋਜਨ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਅਧੀਨ ਆਉਣ ਵਾਲਾ ਬੇਹੱਦ ਅਹਿਮ ਰਾਸ਼ਟਰ ਪੱਧਰੀ ਸੰਸਥਾਨ ਹੈ | 

ਡਾ. ਓਬਰਾਏ ਨੇ ਪੀ.ਏ.ਯੂ. ਤੋਂ ਐਮਐਸਸੀ ਮਾਈਕਰੋਬਾਇਓਲੋਜੀ ਕਰਨ ਤੋਂ ਬਾਅਦ ਇੱਥੋ ਹੀ ਪੀਐਚ.ਡੀ ਮਾਈਕਰੋਬਾਇਓਲੋਜੀ ਦੀ ਡਿਗਰੀ ਹਾਸਲ ਕੀਤੀ ਅਤੇ ਉਹ ਸਿਫਟ ਲੁਧਿਆਣਾ ਵਿੱਚ ਵਿਗਿਆਨੀ ਵਜੋਂ ਕੰਮ ਕਰਦੇ ਰਹੇ | ਨਿੱਜੀ ਸੈਕਟਰ ਵਿੱਚ ਉਹਨਾਂ ਨੇ ਕਈ ਕੰਪਨੀਆਂ ਨੂੰ ਸੇਵਾਵਾਂ ਦਿੱਤੀਆਂ ਜਿਨ੍ਹਾਂ ਵਿੱਚ ਰੈਨਬੈਕਸੀ ਲੈਬਾਰਟਰੀਜ਼, ਯੂਨਾਈਟਿਡ ਬਰੂਅਰੀਜ਼ ਲਿਮਟਿਡ ਅਤੇ ਹਿੰਦੁਸਤਾਨ ਲੀਵਰ ਲਿਮਟਿਡ ਪ੍ਰਮੁੱਖ ਹਨ | ਡਾ. ਓਬਰਾਏ ਨੇ ਪੀਏਯੂ ਲੁਧਿਆਣਾ ਅਤੇ ਸਿਫਟ ਵਿਚਕਾਰ ਸਹਿਯੋਗ ਲਈ ਕਈ ਪਹਿਲਕਦਮੀਆਂ ਕੀਤੀਆਂ | ਉਹਨਾਂ ਨੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਪੀ.ਐੱਚ.ਡੀ. ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ ਬਲਕਿ ਕਈ ਖੋਜ ਪ੍ਰੋਜੈਕਟਾਂ ਦੇ ਨਿਗਰਾਨ ਵੀ ਰਹੇ | ਪੀ ਐੱਚ ਡੀ ਅਤੇ ਸਿਫਟ ਵਿਚਕਾਰ ਸਾਂਝ ਦੌਰਾਨ ਉਹਨਾਂ ਨੇ ਇੱਕ ਭਾਰਤੀ ਪੇਟੈਂਟ ਦੀ ਅਗਵਾਈ ਕੀਤੀ |

ਇਸ ਤੋਂ ਇਲਾਵਾ ਡਾ. ਓਬਰਾਏ ਕੰਸਾਸ ਸਟੇਟ ਯੂਨੀਵਰਸਿਟੀ, ਕੰਸਾਸ, ਅਮਰੀਕਾ ਤੋਂ ਬਾਇਓਪ੍ਰੋਸੈਸਿੰਗ ਦੇ ਖੇਤਰ ਵਿੱਚ ਪੋਸਟ-ਡਾਕਟਰੇਟ ਖੋਜ ਦਾ ਹਿੱਸਾ ਰਹੇ ਅਤੇ ਉਹਨਾਂ ਨੇ ਆਈ ਸੀ ਏ ਆਰ ਦੇ ਬਾਗਬਾਨੀ ਬਾਰੇ ਖੋਜ ਸੰਸਥਾਨ ਬੈਂਗਲੌਰ ਵਿੱਚ ਸੇਵਾਵਾਂ ਦਿੱਤੀਆਂ | ਇਸ ਤੋਂ ਬਾਅਦ ਉਹ ਭੋਜਨ ਸੁਰੱਖਿਆ ਅਤੇ ਮਿਆਰ ਅਥਾਰਿਟੀ ਭਾਰਤ ਸਰਕਾਰ ਦੇ ਸਲਾਹਕਾਰ ਨਿਯੁਕਤ ਹੋ ਗਏ | ਡਾ. ਓਬਰਾਏ ਪੀ ਐੱਚ ਡੀ ਦੇ 5 ਵਿਦਿਆਰਥੀਆਂ ਦਾ ਮਾਰਗ-ਦਰਸ਼ਨ ਕੀਤਾ | ਖੁਦ ਉਹਨਾਂ ਨੇ 100 ਤੋਂ ਜ਼ਿਆਦਾ ਉੱਚ ਪੱਧਰੀ ਖੋਜ ਪੇਪਰ ਲਿਖੇ | 15 ਤੋਂ ਵਧੇਰੇ ਭੋਜਨ ਪ੍ਰੋਸੈਸਿੰਗ ਤਕਨਾਲੋਜੀਆਂ ਦੇ ਨਾਲ-ਨਾਲ ਉਹਨਾਂ ਦੇ ਨਾਂ ਹੇਠ 2 ਪੇਟੈਂਟ ਦਰਜ ਹਨ | ਇਸ ਤੋਂ ਇਲਾਵਾ ਮੁੱਲਵਾਧੇ ਦੀਆਂ ਕਈ ਤਕਨੀਕਾਂ ਭੋਜਨ ਪ੍ਰੋਸੈਸਿੰਗ ਉਦਯੋਗ ਵਿੱਚ ਉਹਨਾਂ ਦੀ ਖੋਜ ਵਜੋਂ ਇਸਤੇਮਾਲ ਹੋਈਆਂ | ਡਾ. ਓਬਰਾਏ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਅਕਾਦਮਿਕ ਖੋਜ ਅਤੇ ਉਦਯੋਗ ਸੰਸਥਾਵਾਂ ਵਿਚਕਾਰ ਆਪਸੀ ਸੰਪਰਕ ਸਥਾਪਿਤ ਕਰਨ ਲਈ ਬੇਹੱਦ ਅਹਿਮ ਕਾਰਜ ਕੀਤਾ |

ਐੱਫ ਐੱਫ ਐੱਸ ਏ ਆਈ ਨਾਲ ਸਾਂਝ ਦੌਰਾਨ ਉਹਨਾਂ ਨੇ ਇੱਕ ਸਲਾਹਕਾਰ ਦੇ ਤੌਰ ਤੇ ਬਹੁਤ ਸਰਗਰਮੀਆਂ ਕੀਤੀਆਂ ਜਿਨ੍ਹਾਂ ਵਿੱਚ ਪੂਰੇ ਭਾਰਤ ਵਿੱਚ 40 ਤੋਂ ਵਧੇਰੇ ਮਾਈਕ੍ਰੋਬਾਇਆਲੋਜੀ ਲੈਬਜ਼ ਦੀ ਸਥਾਪਨਾ ਪ੍ਰਮੁੱਖ ਹੈ | ਇਹਨਾਂ ਵਿੱਚੋਂ ਇੱਕ ਲੈਬ ਪੰਜਾਬ ਦੇ ਖਰੜ ਵਿੱਚ ਸਥਾਪਿਤ ਹੋਈ | ਪੰਜਾਬ ਸਰਕਾਰ ਨਾਲ ਮਿਲ ਕੇ ਕੰਮ ਕਰਦਿਆ ਡਾ. ਓਬਰਾਏ ਨੇ 8 ਭੋਜਨ ਪਰਖ ਮੋਬਾਈਲ ਲੈਬਜ਼ ਸਥਾਪਿਤ ਕਰਵਾਈਆਂ | ਇਸ ਤੋਂ ਇਲਾਵਾ ਉਹਨਾਂ ਨੇ ਰਾਸ਼ਟਰ ਪੱਧਰ ਤੇ ਚੌਲਾਂ ਦੇ ਖੇਤਰ ਵਿੱਚ ਕਾਰਜ ਕੀਤਾ | ਭੋਜਨ ਸੁਰੱਖਿਆ ਦੀਆਂ ਸਾਰੀਆਂ ਧਿਰਾਂ ਨੂੰ ਇੱਕ ਮੰਚ ਤੇ ਲਿਆ ਕੇ ਖਪਤਕਾਰ ਤੱਕ ਸੁਰੱਖਿਅਤ ਭੋਜਨ ਪਹੁੰਚਾਉਣ ਦੇ ਮਿਆਰ ਨਿਰਧਾਰਤ ਕਰਨਾ ਡਾ. ਹਰਿੰਦਰ ਸਿੰਘ ਓਬਰਾਏ ਦਾ ਮਹੱਤਵਪੂਰਨ ਕਾਰਜ ਰਿਹਾ ਹੈ |

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਹੋਰ ਉੱਚ ਅਧਿਕਾਰੀਆਂ ਨੇ ਡਾ. ਓਬਰਾਏ ਨੂੰ ਇਸ ਵੱਕਾਰੀ ਅਹੁਦੇ ਲਈ ਚੁਣੇ ਜਾਣ ’ਤੇ ਵਧਾਈ ਦਿੰਦੇ ਹੋਏ ਭਵਿੱਖ ਵਿੱਚ ਸਫਲਤਾ ਦੀ ਕਾਮਨਾ ਕੀਤੀ|

ਪੀ. ਏ. ਯੂ. ਨੇ ਪੰਜਾਬ ਵਿੱਚ ਡਰੈਗਨ ਫਲਾਂ ਦੀ ਕਾਸ਼ਤ ਬਾਰੇ ਸਿਖਲਾਈ ਕੋਰਸ ਕਰਾਇਆ

ਲੁਧਿਆਣਾ 18 ਅਗਸਤ(ਟੀ. ਕੇ. ) ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਸੇਵਾ-ਮੁਕਤ ਉਮੀਦਵਾਰਾਂ ਲਈ ਪੰਜਾਬ ਵਿੱਚ ਡਰੈਗਨ ਫਲਾਂ ਦੀ ਕਾਸ਼ਤ ਵਿਸ਼ੇ 'ਤੇ ਦੋ-ਰੋਜ਼ਾ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਕੋਰਸ ਵਿਚ ਬਾਗਬਾਨੀ ਵਿਭਾਗ ਪੰਜਾਬ ਤੋਂ ਕੁੱਲ 8 ਬਾਗਬਾਨੀ ਵਿਕਾਸ ਅਧਿਕਾਰੀਆਂ ਤੋਂ ਇਲਾਵਾ  ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵਿਗਿਆਨੀਆਂ ਨੇ ਭਾਗ ਲਿਆ।  ਰੁਪਿੰਦਰ ਕੌਰ, ਐਸੋਸੀਏਟ ਡਾਇਰੈਕਟਰ ਸਕਿੱਲ ਡਿਵੈਲਪਮੈਂਟ ਨੇ ਦੱਸਿਆ ਕਿ ਡਰੈਗਨ ਫਰੂਟ ਵਰਗੇ ਵਿਦੇਸ਼ੀ ਫਲਾਂ ਦੀ ਕਾਸ਼ਤ ਕਿਸਾਨਾਂ ਲਈ ਆਮਦਨ ਦਾ ਵਧੀਆ ਸਰੋਤ ਹੋ ਸਕਦੀ ਹੈ ਅਤੇ ਪਸਾਰ ਵਿਗਿਆਨੀ ਡਰੈਗਨ ਫਲ ਦੀ ਕਾਸ਼ਤ ਲਈ ਤਕਨਾਲੋਜੀ ਦੇ ਪ੍ਰਸਾਰ ਲਈ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ।  

ਡਾ: ਪ੍ਰੇਰਨਾ ਕਪਿਲਾ, ਸਹਾਇਕ ਪ੍ਰੋਫੈਸਰ ਅਤੇ ਕੋਰਸ ਦੇ ਕੋਆਰਡੀਨੇਟਰ ਨੇ ਡਰੈਗਨ ਫਰੂਟ ਦੇ ਸਿਹਤ ਲਾਭਾਂ ਨੂੰ ਸਾਂਝਾ ਕੀਤਾ ਅਤੇ ਆਉਣ ਵਾਲੇ ਸਿਖਲਾਈ ਕੋਰਸਾਂ ਬਾਰੇ ਚਰਚਾ ਕੀਤੀ।  

ਡਾ: ਸੰਜੁਲਾ ਸ਼ਰਮਾ, ਬਾਇਓਕੈਮਿਸਟ ਨੇ ਡਰੈਗਨ ਫਰੂਟ ਦੇ ਪੌਸ਼ਟਿਕ ਮਹੱਤਵ ਬਾਰੇ ਚਰਚਾ ਕੀਤੀ।  ਉਨ੍ਹਾਂ ਨੇ ਕਿਹਾ ਕਿ ਡ੍ਰੈਗਨ ਫਰੂਟ ਵਿੱਚ ਵਿਟਾਮਿਨ ਸੀ ਅਤੇ ਹੋਰ ਆਕਸੀਡੈਂਟਸ ਦੀ ਮਾਤਰਾ ਵਧੇਰੇ ਹੁੰਦੀ ਹੈ, ਜੋ ਕਿ ਸਾਡੀ ਇਮਿਊਨ ਸਿਸਟਮ ਲਈ ਵਧੀਆ ਹੈ।  ਇਹ ਸਾਡੇ ਆਇਰਨ ਦੇ ਪੱਧਰ ਨੂੰ ਵਧਾ ਸਕਦਾ ਹੈ।  ਆਇਰਨ ਸਾਡੇ ਸਰੀਰ ਵਿੱਚ ਆਕਸੀਜਨ ਨੂੰ ਭੇਜਣ ਅਤੇ ਊਰਜਾ ਦੇਣ ਲਈ ਮਹੱਤਵਪੂਰਨ ਹੈ।  

ਡਾ: ਜਸਵਿੰਦਰ ਸਿੰਘ ਬਰਾੜ, ਪ੍ਰਮੁੱਖ ਫਲ ਵਿਗਿਆਨੀ ਅਤੇ ਤਕਨੀਕੀ ਕੋਆਰਡੀਨੇਟਰ ਨੇ ਪੰਜਾਬ ਵਿੱਚ ਡਰੈਗਨ ਫਲਾਂ ਦੀ ਕਾਸ਼ਤ ਦੀ ਮਹੱਤਤਾ ਅਤੇ ਦਾਇਰੇ ਬਾਰੇ ਚਰਚਾ ਕੀਤੀ।  ਉਨ੍ਹਾਂ ਕਿਹਾ ਕਿ ਡਰੈਗਨ ਫਰੂਟ ਦੇ ਪੌਦੇ ਸਟੈਮ ਕਟਿੰਗ ਰਾਹੀਂ ਆਸਾਨੀ ਨਾਲ ਵਿਕਾਸ ਸਕਦੇ ਹਨ।  ਉਨ੍ਹਾਂ ਅੱਗੇ ਦੱਸਿਆ ਕਿ ਭਾਰਤ ਵਿੱਚ ਡ੍ਰੈਗਨ ਫਲਾਂ ਦਾ ਸੀਜ਼ਨ ਜੂਨ ਤੋਂ ਨਵੰਬਰ ਤੱਕ ਹੁੰਦਾ ਹੈ। 

 ਡਾ: ਹਰਪ੍ਰੀਤ ਸਿੰਘ ਨੇ ਡਰੈਗਨ ਫਲਾਂ ਦੀਆਂ ਬਿਮਾਰੀਆਂ ਅਤੇ ਹੋਰ ਸਮੱਸਿਆਵਾਂ ਬਾਰੇ ਚਰਚਾ ਕੀਤੀ।  ਸਿਖਿਆਰਥੀਆਂ ਨੇ ਪੀਏਯੂ ਵਿੱਚ ਡਰੈਗਨ ਫਰੂਟ ਪੌਦੇ ਲਗਾਉਣ ਵਾਲੇ ਖੇਤਰਾਂ ਦਾ ਦੌਰਾ ਕੀਤਾ।  ਜਸਪ੍ਰੀਤ ਸਿੰਘ ਦੇ ਪਿੰਡ ਈਸੇਵਾਲ, ਲੁਧਿਆਣਾ ਦੇ ਖੇਤਾਂ ਦਾ ਦੌਰਾ ਵੀ ਕੀਤਾ ਗਿਆ।  ਬਾਅਦ ਵਿੱਚ ਡਾ: ਪ੍ਰੇਰਨਾ ਕਪਿਲਾ ਨੇ ਧੰਨਵਾਦ ਕੀਤਾ ਅਤੇ ਸਿਖਿਆਰਥੀਆਂ ਨੂੰ ਆਪਣੇ ਖੇਤਰਾਂ ਵਿੱਚ ਡਰੈਗਨ ਫਲਾਂ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕੀਤਾ।

ਗ਼ਜ਼ਲ ਮੰਚ ਬਰਨਾਲਾ ਵੱਲੋਂ ਵੱਡ ਆਕਾਰੀ ਗ਼ਜ਼ਲ ਪੁਸਤਕ “ਅੱਖਰ ਅੱਖਰ “ ਦਾ ਲੁਧਿਆਣਾ ਵਿੱਚ ਸਨਮਾਨ

ਲੁਧਿਆਣਾ 18 ਅਗਸਤ (ਟੀ. ਕੇ) ਗ਼ਜ਼ਲ ਮੰਚ ਬਰਨਾਲਾ ਵੱਲੋਂ  ਅੱਜ ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਵੱਡ ਆਕਾਰੀ ਗ਼ਜ਼ਲ ਪੁਸਤਕ “ਅੱਖਰ ਅੱਖਰ” ਦੇ ਲੇਖਕ ਗੁਰਭਜਨ ਗਿੱਲ ਦੇ ਗ੍ਰਹਿ ਵਿਖੇ ਪਹੁੰਚ ਕੇ ਵਿਸ਼ੇਸ਼ ਗ਼ਜ਼ਲ ਪੁਰਸਕਾਰ ਨਾਲ ਸਨਮਾਨਿਤ ਕੀਤਾ। ਇਹ ਪੁਸਤਕ ਮਈ 2023 ਵਿੱਚ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਰਵੀ ਸਾਹਿੱਤ ਪ੍ਰਕਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ ਪ੍ਰਕਾਸ਼ਿਤ ਕੀਤੀ ਗਈ ਸੀ।
ਗ਼ਜ਼ਲ ਮੰਚ ਬਰਨਾਲਾ ਦੇ ਪ੍ਰਧਾਨ ਜਗਜੀਤ ਸਿੰਘ ਗੁਰਮ ਤੇ ਜਨਰਲ ਸਕੱਤਰ ਗੁਰਪਾਲ ਬਿਲਾਵਲ ਨੇ ਇਸ ਪੁਸਤਕ ਦੀਆਂ ਕੁਝ ਕਾਪੀਆਂ ਮੰਗਵਾ ਕੇ ਸੁਚੇਤ ਪਾਠਕਾਂ ਨੂੰ ਪੜ੍ਹਾਈਆਂ ਤੇ ਸਰਵੇਖਣ ਦੇ ਆਧਾਰ ਤੇ 5100ਰੁਪਏ ਦਾ ਪੁਰਸਕਾਰ ਕਿਤਾਬ ਨੂੰ ਸ਼ਗਨ ਰੂਪ ਵਿੱਚ ਦੇਣ ਦਾ ਪਿਛਲੇ ਮਹੀਨੇ ਫੈਸਲਾ ਕੀਤਾ ਸੀ।
ਗ਼ਜ਼ਲ ਮੰਚ ਦੇ ਸਰਪ੍ਰਸਤ ਤੇ ਪ੍ਰਸਿੱਧ ਸ਼ਾਇਰ ਬੂਟਾ ਸਿੰਘ ਚੌਹਾਨ ਤੇ ਸਃ ਜਗਮੇਲ ਸਿੰਘ ਸਿੱਧੂ ਨੇ ਇਹ ਪੁਰਸਕਾਰ ਲੁਧਿਆਣੇ ਪੁੱਜ ਕੇ “ਅੱਖਰ ਅੱਖਰ” ਦੇ ਲੇਖਕ ਗੁਰਭਜਨ ਗਿੱਲ ਨੂੰ ਇਹ ਸਨਮਾਨ ਸੌਂਪਿਆ।
ਇਸ ਮੌਕੇ ਬੋਲਦਿਆਂ ਗ਼ਜ਼ਲ ਮੰਚ ਦੇ ਮੁੱਖ ਸਰਪ੍ਰਸਤ ਸਃ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਲੇਖਕਾਂ ਦੇ ਬਹੁਤ ਸਨਮਾਨ ਹੋ ਰਹੇ ਹਨ ਪਰ ਕਿਤਾਬ ਦਾ ਸਨਮਾਨ ਕਰਨਾ ਬਹੁਤ ਜ਼ਰੂਰੀ ਹੈ। ਗ਼ਜ਼ਲ ਮੰਚ ਦੇ ਸਾਰੇ ਮੈਬਰ ਇਹ ਕਿਤਾਬ ਪੜ੍ਹ ਕੇ ਇੱਕ ਮੱਤ ਸਨ ਕਿ ਪਿਛਲੇ ਪੰਜਾਹ ਸਾਲ ਦੀ ਗ਼ਜ਼ਲ ਸਾਧਨਾ ਵਿੱਚੋਂ ਨਿਕਲੀਆਂ ਲਗਪਗ 900 ਗ਼ਜ਼ਲਾਂ ਸਿਰਫ਼ ਗਿਣਤੀ ਪੱਖੋਂ ਨਹੀ ਸਗੋਂ ਗੁਣ ਪੱਖੋਂ ਵੀ। ਨਵੇਕਲੀਆਂ ਹਨ। ਗ਼ਜ਼ਲ ਮੰਚ ਦੇ ਸਰਪ੍ਰਸਤ ਸਃ ਜਗਮੇਲ ਸਿੰਘ ਸਿੱਧੂ ਨੇ ਕਿਹਾ ਕਿ ਪਿਛਲੇ 50ਸਾਲਾਂ ਵਿੱਚ ਗੁਰਭਜਨ ਗਿੱਲ ਦੇ ਅੱਠ ਗ਼ਜ਼ਲ ਸੰਗ੍ਰਹਿ ਹਰ ਧੁਖਦਾ ਪਿੰਡ ਮੇਰਾ ਹੈ ਤੋਂ ਲੈ ਕੇ ਸੁਰਤਾਲ ਤੀਕ ਆਏ ਹਨ ਤੇ ਇਨ੍ਹਾਂ ਅੱਠ ਕਿਤਾਬਾਂ ਨੂੰ ਇੱਕੋ ਜਿਲਦ ਵਿੱਚ 472ਪੰਨਿਆਂ ਚ ਸੰਭਾਲਣਾ ਵਡਿਆਉਣ ਯੋਗ ਕਾਰਜ ਹੈ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋਃ ਰਵਿੰਦਰ ਸਿੰਘ ਭੱਠਲ ਨੇ ਕਿਹਾ ਕਿ ਪਿਛਲੇ ਚਾਲੀ ਸਾਲ ਤੋਂ ਮੈ ਗੁਰਭਜਨ ਗਿੱਲ ਦੀ ਸ਼ਾਇਰੀ ਦਾ ਹਮਰਾਜ਼ ਹਾਂ। ਮੈਨੂੰ ਮਾਣ ਹੈ ਕਿ ਇਸ ਪੁਸਤਕ ਦੀ ਪ੍ਰਵੇਸ਼ਿਕਾ ਵਜੋ ਮੇਰਾ ਲਿਖਿਆ ਕਾਵਿ ਚਿਤਰ ਇਸ ਕਿਤਾਬ  ਵਿੱਚ ਸ਼ਾਮਿਲ ਹੈ।
ਇਸ ਮੌਕੇ ਸਾਬਕਾ ਮੰਤਰੀ ਸਃ ਮਲਕੀਤ ਸਿੰਘ ਦਾਖਾ, ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਪੰਜਾਬ ਖੇਤੀ ਯੂਨੀਵਰਸਿਟੀ ਦੇ ਡਿਪਟੀ ਡਾਇਰੈਕਟਰ (ਟੀ ਵੀ ਤੇ ਰੇਡੀਉ) ਡਾਃ ਅਨਿਲ ਸ਼ਰਮਾ, ਪੰਜਾਬ ਸਰਕਾਰ ਵਿੱਚ ਪਰਵਾਸੀ ਮਾਮਲਿਆਂ ਦੇ ਮੰਤਰੀ ਸਃ ਕੁਲਦੀਪ ਸਿੰਘ ਧਾਲੀਵਾਲ ਦੇ ਓ ਐੱਸ ਡੀ ਡਾਃ ਦੇਵਿੰਦਰ ਤਿਵਾੜੀ ਤੇ ਸਃ ਆਕਾਸ਼ਦੀਪ ਸਿੰਘ ਚੌਹਾਨ ਵੀ ਹਾਜ਼ਰ ਸਨ।
ਧੰਨਵਾਦ ਕਰਦਿਆਂ “ਅੱਖਰ ਅੱਖਰ” ਗ਼ਜ਼ਲ ਪੁਸਤਕ ਦੇ ਲੇਖਕ ਗੁਰਭਜਨ ਗਿੱਲ ਨੇ ਸਭ ਹਾਜ਼ਰ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਗ਼ਜ਼ਲ ਸਿਰਜਣਾ ਦੇ ਰਾਹ ਉਨ੍ਹਾਂ ਨੂੰ ਪ੍ਰਿੰਸੀਪਲ ਤਖ਼ਤ ਸਿੰਘ ਜੀ ਨੇ ਤੋਰਿਆ ਤੇ ਸ ਸ ਮੀਸ਼ਾ, ਡਾਃ ਜਗਤਾਰ,ਸਰਦਾਰ ਪੰਛੀ, ਸੁਰਜੀਤ ਪਾਤਰ, ਰਣਧੀਰ ਸਿੰਘ ਚੰਦ , ਅਜਾਇਬ ਚਿਤਰਕਾਰ, ਕ੍ਰਿਸ਼ਨ ਅਦੀਬ ਤੇ ਪ੍ਰੋਃ ਨਰਿੰਜਨ ਤਸਨੀਮ ਨੇ ਥਾਪੜਾ ਦੇ ਕੇ ਅੱਗੇ ਵਧਣ ਵਿੱਚ ਮਦਦ ਕੀਤੀ। ਇਹ ਇਨਾਮ ਭਾਵੇਂ ਰਕਮ ਪੱਖੋਂ ਬਹੁਤਾ ਵੱਡਾ ਨਹੀਂ ਹੈ ਪਰ ਭਾਵਨਾ ਪੱਖੋਂ ਸਰਵੋਤਮ ਹੈ। ਇਸ ਨਾਲ ਮੈਨੂੰ ਹੋਰ ਅੱਗੇ ਤੁਰਨ ਦਾ ਬਲ ਮਿਲੇਗਾ।
ਉਨ੍ਹਾਂ ਕਿਹਾ ਕਿ ਅੱਜ ਮੇਰੇ ਵੱਡੇ ਭੈਣ ਜੀ ਦਾ 85ਵਾਂ ਜਨਮ ਦਿਨ ਹੈ ਅਤੇ ਇਹ ਕਿਤਾਬ ਵੀ ਮੈਂ ਉਨ੍ਹਾਂ ਨੂੰ ਸਮਰਪਿਤ ਕੀਤੀ ਹੋਈ ਹੈ ਕਿਉਂਕਿ ਜ਼ਿੰਦਗੀ ਚ ਪਹਿਲਾ ਅੱਖਰ ਊੜਾ ਮੈਨੂੰ ਚੁੱਲ੍ਹੇ ਅੱਗੇ ਸਿਆਹ ਖਿਲਾਰ ਕੇ ਉਨ੍ਹਾਂ ਹੀ ਲਿਖਣਾ ਸਿਖਾਇਆ ਸੀ।

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਵਲੋਂ ਲੀਗਲ ਏਡ ਡਿਫੈਂਸ ਕੌਂਸਲ ਦਾ ਉਦਘਟਾਨ

ਬਰਨਾਲਾ, 17 ਅਗਸਤ ( ਗੁਰਸੇਵਕ ਸੋਹੀ )ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਦੀ ਲੀਗਲ ਏਡ ਡਿਫੈਂਸ ਕੌਂਸਲ ਸਕੀਮ ਤਹਿਤ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵਿਖੇ ਲੀਗਲ ਏਡ ਡਿਫੈਂਸ ਕੌਂਸਲ, ਦਫ਼ਤਰ ਦਾ ਉਦਘਾਟਨ ਅੱਜ ਵੀਡੀਓ ਕਾਨਫਰੰਸਿੰਗ ਰਾਂਹੀ ਸ੍ਰੀ ਰਵੀ ਸ਼ੰਕਰ ਝਾਅ, ਮਾਣਯੋਗ ਚੀਫ ਜਸਟਿਸ, ਪੰਜਾਬ ਅਤੇ ਹਰਿਆਣਾ ਹਾਈਕੋਰਟ-ਸਹਿਤ-ਪੈਟਰਨ ਇਨ ਚੀਫ਼, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ. ਨਗਰ ਜੀ ਵੱਲੋਂ ਸ੍ਰੀ ਗੁਰਮੀਤ ਸਿੰਘ ਸੰਧਾਵਾਲੀਆ, ਮਾਣਯੋਗ ਜੱਜ, ਪੰਜਾਬ ਅਤੇ ਹਰਿਆਣਾ ਹਾਈਕੋਰਟ-ਸਹਿਤ-ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਸ੍ਰੀ ਮਨਜਿੰਦਰ ਸਿੰਘ, ਮਾਣਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਜੀ ਦੀ ਹਾਜ਼ਰੀ ਵਿੱਚ ਕੀਤਾ ਗਿਆ।

ਇਸ ਮੌਕੇ ਸ੍ਰੀ ਬੀ.ਬੀ.ਐੱਸ. ਤੇਜੀ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਜੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੀਗਲ ਏਡ ਡਿਫੈਂਸ ਕੌਂਸਲ ਸਕੀਮ ਦਾ ਮੁੱਖ ਮੰਤਵ ਫੌਜਦਾਰੀ ਕੇਸਾਂ ਵਿੱਚ ਗ੍ਰਿਫਤਾਰੀ ਤੋਂ ਪਹਿਲਾਂ, ਗ੍ਰਿਫਤਾਰੀ ਸਮੇਂ, ਰਿਮਾਂਡ ਸਟੇਜ਼, ਕੇਸ ਟ੍ਰਾਇਲ ਅਤੇ ਅਪੀਲਾਂ ਵਿੱਚ ਪੈਰਵੀ ਕਰਨ ਲਈ ਮੁਫਤ ਕਾਨੂੰਨੀ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਇਹ ਸਹੂਲਤ ਮੁਹੱਈਆ ਕਰਵਾਉਣ ਲਈ ਇੱਕ ਚੀਫ ਲੀਗਲ ਏਡ ਡਿਫੈਂਸ ਕੌਂਸਲ, ਇੱਕ ਡਿਪਟੀ ਚੀਫ ਲੀਗਲ ਏਡ ਡਿਫੈਂਸ ਕੌਂਸਲ ਅਤੇ ਦੋ ਸਹਾਇਕ ਲੀਗਲ ਏਡ ਡਿਫੈਂਸ ਕੌਂਸਲ ਨਿਯੁਕਤ ਕੀਤੇ ਗਏ ਹਨ। ਉਹਨਾਂ ਆਮ ਜਨਤਾ ਨੂੰ ਇਸ ਦਫਤਰ ਰਾਹੀਂ ਦਿੱਤੀ ਜਾ ਰਹੀ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। ਇਸ ਮੌਕੇ ਉੱਤੇ ਸ੍ਰੀ ਗੁਰਬੀਰ ਸਿੰਘ, ਮਾਨਯੋਗ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਅਤੇ ਨਵੇਂ ਨਿਯੁਕਤ ਹੋਏ ਲੀਗਲ ਏਡ ਡੀਫੈਂਸ ਕੌਂਸਲ ਸਿਸਟਮ ਦੇ ਵਕੀਲ ਸ੍ਰੀ ਕੁਲਵੰਤ ਰਾਏ (ਚੀਫ ਲੀਗਲ ਏਡ ਡਿਫੈਂਸ ਕੌਂਸਲ), ਸ੍ਰੀ ਗੁਰਮੇਲ ਸਿੰਘ ਗਿੱਲ (ਡਿਪਟੀ ਚੀਫ ਲੀਗਲ ਏਡ ਡਿਫੈਂਸ ਕੌਂਸਲ), ਮਿਸ. ਲਵਲੀਨ ਕੌਰ (ਸਹਾਇਕ ਲੀਗਲ ਏਡ ਡਿਫੈਂਸ ਕੌਂਸਲ), ਸ੍ਰੀ ਮਨਿੰਦਰ ਸਿੰਘ (ਸਹਾਇਕ ਲੀਗਲ ਏਡ ਡਿਫੈਂਸ ਕੌਂਸਲ) ਮੌਜੂਦ ਸਨ।

ਲੜਤੋਂ ਕਲਾ ਵਿਖੇ ਬਣ ਰਹੀਆਂ ਨਵੀਆਂ ਸੜਕਾਂ ਤੇ ਪਿੰਡ ਵਾਸੀਆਂ ਨੇ ਸਰਕਾਰ ਦਾ ਧੰਨਵਾਦ ਕੀਤਾ

ਮੁੱਲਾਂਪੁਰ ਦਾਖਾ 17 ਅਗਸਤ (ਸਤਵਿੰਦਰ  ਸਿੰਘ ਗਿੱਲ) ਆਮ ਪਾਰਟੀ  ਪਾਰਟੀ ਦੇ ਸੀਨੀਅਰ ਆਗੂ ਗੁਰਮੀਤ ਸਿੰਘ ਬਾਸੀ ਲੜਤੋਂ ਦੀ ਰਹਿਨੁਮਾਈ ਹੇਠ ਪਿੰਡ ਲਲਤੋਂ ਕਲਾਂ ਜ਼ਿਲ੍ਹਾ ਲੁਧਿਆਣਾ ਵਿਖੇ ਇੱਕ ਜ਼ਰੂਰੀ ਮੀਟਿੰਗ ਹੋਈ। ਇਸ ਮੌਕੇ ਬਾਸੀ ਲਲਤੋਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਆਖਿਆ ਕਿ ਲਲਤੋਂ ਕਲਾਂ ਅਤੇ ਨੇੜਲੇ ਪਿੰਡਾਂ ਦੇ ਵਿੱਚ ਸੜਕਾਂ ਨੂੰ ਬਣਾਉਣ ਦਾ ਕੰਮ ਜ਼ੋਰਾਂ ਤੇ ਚੱਲ ਰਿਹਾ ਹੈ। ਹਲਕਾ ਗਿੱਲ ਵਿੱਚ ਹੋ ਰਹੇ ਵਿਕਾਸ ਲਈ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਅਤੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਦਾ ਧੰਨਵਾਦ ਕਰਦੇ ਹਾਂ। ਜਿਨ੍ਹਾਂ ਨੇ ਲੰਮੇ ਸਮੇ ਤੋਂ ਜੋ ਸੜਕਾਂ ਬਣਾਉਣ ਦਾ ਕੰਮ ਨਹੀਂ ਸੀ ਹੋਇਆ ਉਸ ਕੰਮ ਨੂੰ ਕਰਵਾਉਣ ਦਾ ਉਪਰਾਲਾ ਕੀਤਾ। ਆਖ਼ਰ ਵਿੱਚ ਉਹਨਾਂ ਨੇ ਨਹੀਂ ਕਰਦਾ ਪੰਜਾਬ ਦੇ ਹਰ ਇੱਕ ਪਿੰਡ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਹ ਨਵੀਂਆਂ ਬਣਿਆ ਸੜਕਾਂ ਦੇ ਆਲੇ-ਦੁਆਲੇ ਆਪਣੇ ਘਰਾਂ ਦੇ ਬਾਹਰ ਸੜਕ ਤੋਂ ਉੱਚਾ ਫਰਸ਼ ਨਾ ਲਗਾਇਆ ਜਾਵੇ। ਜਿਸਦੇ ਕਾਰਨ ਘਰਾਂ ਦਾ ਪਾਣੀ ਸੜਕਾਂ ਉੱਤੇ ਆ ਕੇ ਉਹ ਸੜਕ ਦਾ ਨੁਕਸਾਨ ਕਰਦਾ ਹੈ। ਸਰਕਾਰਾਂ ਵਲੋਂ ਬਣਾਈਆਂ ਨਵੀਆਂ ਸੜਕਾਂ ਨੂੰ ਸੰਭਾਲਣ ਦਾ ਕੰਮ ਪਿੰਡ ਵਾਸੀਆਂ ਦਾ ਪਹਿਲ ਦੇ ਅਧਾਰ ਤੇ ਅਧਿਕਾਰ ਬਣਦਾ ਹੈ ਤਾਂ ਜੋ ਸੜਕਾਂ ਟੁੱਟਣ ਤੋਂ ਬਚ ਸਕਣ। ਇਸ ਮੌਕੇ ਪਰਵਿੰਦਰ ਸਿੰਘ ਗਰੇਵਾਲਾ, ਸੁਖਪ੍ਰੀਤ ਸਿੰਘ ਗਰੇਵਾਲ, ਮਨਪ੍ਰੀਤ ਸਿੰਘ ਗਰੇਵਾਲ, ਮੈਂਬਰ ਪ੍ਰੀਤਪਾਲ ਸਿੰਘ ਪੀਤਾ, ਜਗਤਾਰ ਸਿੰਘ ਬਿਜਲੀ ਵਾਲੇ, ਜਤਿੰਦਰ ਸਿੰਘ, ਜੋਤ ਗਰੇਵਾਲ,ਚੇਤਨ ਸ਼ਰਮਾ ਆਦਿ ਹਾਜ਼ਰ ਸਨ।

ਭਾਰਤ ਅੰਦਰ ਫਾਸ਼ੀਵਾਦੀ ਉਭਾਰ ਅਤੇ ਅਜ਼ਾਦੀ” ਵਿਸ਼ੇ ਤੇ ਕਰਵਾਏ ਸੈਮੀਨਾਰ ਦੌਰਾਨ ਅਜ਼ਾਦੀ ਦਿਵਸ ਬਾਰੇ ਹੋਏ ਅਹਿਮ ਖ਼ਲਾਸੇ

ਲੁਧਿਆਣਾ , 17 ਅਗਸਤ ( ਟੀ. ਕੇ.  ) ਦੇਸ਼ ਦੀ 76 ਵੀਂ ਆਜ਼ਾਦੀ ਵਰ੍ਹੇ ਗੰਢ ਮੌਕੇ ਨੌਜਵਾਨ ਸਭਾ ਬੀ ਅਰ ਐਸ ਨਗਰ (ਐਲ ਬਲਾਕ) ਵੱਲੋਂ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਗ਼ਦਰ ਮੈਮੋਰੀਅਲ ਟ੍ਰੱਸਟ ਦੇ ਸਹਿਯੋਗ ਨਾਲ ਬਾਬਾ ਭਾਨ ਸਿੰਘ ਯਾਦਗਾਰ ਵਿੱਖੇ ਸੈਮੀਨਾਰ ਕਰਵਾਇਆ ਗਿਆ। ਇਸ ਦੀ ਪ੍ਰਧਾਨਗੀ ਬੂਟਾ ਸਿੰਘ , ਜਸਵੰਤ ਜੀਰਖ ਅਤੇ ਰਾਕੇਸ਼ ਆਜ਼ਾਦ ਵੱਲੋਂ ਕੀਤੀ ਗਈ। ਸੈਮੀਨਾਰ ਦੇ ਵਿਸ਼ੇ “ਭਾਰਤ ਅੰਦਰ ਫਾਸੀਵਾਦੀ ਉਭਾਰ ਅਤੇ ਆਜ਼ਾਦੀ “ ਤੇ ਬੋਲਦਿਆਂ ਮੁੱਖ ਬੁਲਾਰੇ ਅਤੇ ਜਮਹੂਰੀ ਹੱਕਾਂ ਦੇ ਉੱਘੇ ਚਿੰਤਕ ਬੂਟਾ ਸਿੰਘ ਮਹਿਮੂਦਪੁਰ ਨੇ ਸਪਸਟ ਕੀਤਾ ਕਿ 1947 ਵਿੱਚ ਸਿਰਫ ਸੱਤ੍ਹਾ ਤਬਦੀਲੀ ਹੋਈ ਹੈ,ਜਿਸਨੂੰ ਆਜ਼ਾਦੀ ਦਾ ਨਾਂ ਦਿੱਤਾ ਗਿਆ। ਜਿਸ ਦੇ ਆਣ ਤੇ ਲੱਖਾਂ ਬੇਕਸੂਰ ਲੋਕਾਂ ਦੇ ਕਤਲ , ਔਰਤਾਂ ਦੀਆਂ ਬੇਪੱਤੀਆਂ, ਬਲਾਤਕਾਰ ਅਤੇ ਕਰੋੜਾਂ ਲੋਕ ਘਰੋਂ ਬੇਘਰ ਹੋਣ ਸਮੇਤ ਅਰਬਾਂ ਦੀ ਪ੍ਰਾਪਰਟੀ ਤਹਿਸ ਨਹਿਸ ਹੋਈ ਹੋਵੇ, ਉਸ ਨੂੰ ਆਜ਼ਾਦੀ ਦਾ ਨਾਂ ਦੇ ਕੇ ਕਿਸ ਅਧਾਰ ਤੇ ਖੁਸ਼ੀ ਮਨਾਈ ਜਾਂਦੀ ਹੈ ? ਸੰਸਾਰ ਜੰਗ ਦੌਰਾਨ ਅੰਗਰੇਜ਼ਾਂ ਦੀ ਵਿੱਤੀ ਹਾਲਤ ਪਤਲੀ ਪੈਣਾਂ, ਭਾਰਤ ਵਿੱਚ ਇਨਕਲਾਬੀ ਉਭਾਰ ਦਾ ਉੱਠਣਾ ਅੰਗਰੇਜ਼ਾਂ ਲਈ ਖਤਰੇ ਦੀ ਘੰਟੀ ਸੀ ਜਿਸ ਕਰਕੇ ਉਹਨਾਂ ਵੱਲੋਂ ਭਾਰਤੀ ਵਿਸ਼ਵਾਸ ਪਾਤਰਾਂ ਕੋਲ ਕੁੱਝ ਸਮਝੌਤਿਆਂ ਅਧੀਨ ਸੱਤ੍ਹਾ ਸੌਂਪ ਦਿੱਤੀ ਗਈ। ਇਸ ਸੱਤ੍ਹਾ ਤਬਦੀਲੀ ਦੀ , ਸੱਤ੍ਹਾ ਸੰਭਾਲਣ ਵਾਲਿਆਂ ਵੱਲੋਂ ਤਾਂ ਖੁਸ਼ੀ ਮਨਾਉਣ ਦੀ ਸਮਝ ਆ ਸਕਦੀ ਹੈ, ਪਰ ਸਮੁੱਚੇ ਦੇਸ਼ ਵਾਸੀਆਂ ਨੂੰ ਬਿਨਾ ਖੂਨ ਖ਼ਰਾਬੇ ਅਤੇ ਉਜਾੜੇ ਤੋਂ ਇਸ ਅਜ਼ਾਦੀ ਨਾਲ ਕੀ ਪ੍ਰਾਪਤ ਹੋਇਆ ? ਬੂਟਾ ਸਿੰਘ ਨੇ ਕਿਹਾ ਕਿ 1947 ਤੋਂ ਬਾਅਦ ਵੀ ਸਾਡੇ ਦੇਸ਼ ਦੀਆਂ ਵੱਖ ਵੱਖ ਸਰਕਾਰਾਂ ਦੇ ਰਾਜ ਵਿੱਚ ਕਈ ਵਾਰ ਮਨੁੱਖਤਾ ਦੇ ਵੱਡੇ ਕਤਲੇਆਮ ਹੋਏ ਜਿਹਨਾਂ ਨੂੰ ਇਤਿਹਾਸ ਵਿੱਚੋਂ ਵੀ ਬਾਹਰ ਰੱਖਿਆ ਜਾ ਰਿਹਾ ਹੈ।
     ਲੋਕਾਂ ਦੇ ਅਸਲ ਮੁੱਦਿਆਂ ਦੀ ਗੱਲ ਕਰਨ ਵਾਲਿਆਂ ਨੂੰ ਦਬਾਉਣ ਅਤੇ ਲੋਕਾਂ ਦੇ ਹੱਕੀ ਸੰਘਰਸ਼ਾਂ ਨੂੰ ਦੇਸ਼ ਧ੍ਰੋਹ ਦੇ ਨਾਂ ਹੇਠ ਭੰਡਕੇ ਝੂਠੇ ਕੇਸਾਂ ਵਿੱਚ ਜੇਲ੍ਹੀਂ ਡੱਕਿਆ ਜਾ ਰਿਹਾ ਹੈ। ਦੇਸ਼ ਦੀ ਵਿਸ਼ਾਲ ਜਨਤਾ ਨੂੰ ਜਾਅਲੀ ਕਹਾਣੀਆਂ ਘੜਕੇ ਇੱਕ ਦੂਜੇ ਖਿਲਾਫ ਲੜਾਇਆ ਜਾ ਰਿਹਾ ਹੈ। ਕੇਂਦਰ ਦੀ  ਸੱਤ੍ਹਾਧਾਰੀ ਪਾਰਟੀ ਦਾ ਏਜੰਡਾ ਦੇਸ਼ ਵਿੱਚੋਂ ਵੱਨ - ਸਵੱਨਤਾ ਖਤਮ ਕਰਕੇ ਹਿੰਦੂ ਰਾਸ਼ਟਰ ਬਣਾਉਣਾ ਹੈ। ਮਨੀਪੁਰ, ਹਰਿਆਣਾ ਅਤੇ ਹੋਰ ਹਿੱਸਿਆਂ ਵਿੱਚ ਘੱਟ ਗਿਣਤੀਆਂ, ਮੁਸਲਮਾਨਾਂ , ਦਲਿਤਾਂ ਅਤੇ ਆਪਣੇ ਵਿਰੋਧੀਆਂ ਖਿਲਾਫ ਜੋ ਸਿਰਜਿਆ ਜਾ ਰਿਹਾ ਹੈ, ਉਸ ਬਾਰੇ ਲੋਕਾਂ ਨੂੰ ਚੇਤਨ ਕਰਨਾ ਬਹੁਤ ਜ਼ਰੂਰੀ ਹੈ। ਇਸ ਆਜ਼ਾਦੀ ਦੇ ਪੌਣੀ ਸਦੀ ਬੀਤ ਜਾਣ ਵਾਲੇ ਇਤਿਹਾਸ ਵਿੱਚ ਕਸ਼ਮੀਰ, ਮਨੀਪੁਰ ਆਦਿ ਵਿੱਚ ਲੋਕਾਂ ਦੇ ਸਵੈ ਨਿਰਣੇ ਦੇ ਹੱਕ ਨੂੰ ਜਬਰੀ ਕੁੱਚਲਕੇ ਫਾਸੀਵਾਦੀ ਰੁਝਾਨ ਪੈਦਾ ਕੀਤਾ ਜਾ ਰਿਹਾ ਹੈ। ਉਹਨਾਂ ਦੇਸ਼ ਦੇ ਲੋਕਾਂ ਨੂੰ ਆਪਸੀ ਭਰਾ ਮਾਰ ਜੰਗ ਵਿੱਚ ਨਾ ਪੈਣ ਦੀ ਬਜਾਏ , ਉਹਨਾਂ ਨੂੰ ਧਰਮਾਂ , ਜਾਤਾਂ ਆਦਿ ਵਿੱਚ ਵੰਡਕੇ ਰੱਖਣ ਵਾਲਿਆਂ ਖਿਲਾਫ ਇਕੱਠੇ ਹੋ ਕੇ ਅੱਗੇ ਆਉਣ ਦੀ ਲੋੜ ਤੇ ਜ਼ੋਰ ਦਿੱਤਾ। ਇਸ ਸਮੇਂ ਪ੍ਰੋ ਏ ਕੇ ਮਲੇਰੀ, ਡਾ ਹਰਬੰਸ ਗਰੇਵਾਲ, ਕਾ ਸੁਰਿੰਦਰ, ਮਾ ਪ੍ਰਮਜੀਤ ਪਨੇਸਰ, ਐਡਵੋਕੇਟ ਨਰਿੰਦਰ ਨਿੰਦੀ ਨੇ ਸਵਾਲ ਜਵਾਬ ਦੇ ਦੌਰ ਵਿੱਚ ਆਪਣੇ ਸ਼ੰਕੇ ਨਵਿਰਤ ਕੀਤੇ।ਐਡਵੋਕੇਟ ਹਰਪ੍ਰੀਤ ਜੀਰਖ, ਜਗਜੀਤ ਸਿੰਘ, ਰਜੀਵ ਕੁਮਾਰ, ਪ੍ਰਤਾਪ ਸਿੰਘ , ਪ੍ਰਮਜੀਤ ਸਿੰਘ ਨੇ ਪ੍ਰਬੰਧਕੀ ਜ਼ੁੰਮੇਵਾਰੀਆਂ ਨਿਭਾਈਆਂ।ਸਮੁੱਚਾ ਸਟੇਜ ਸੰਚਾਲਨ ਅਰੁਣ ਕੁਮਾਰ ਨੇ ਨਿਭਾਇਆ।

ਕਾਰਪੋਰੇਟਾਂ ਨੂੰ ਗੱਫੇ ਤੇ ਕਿਸਾਨਾਂ-ਮਜ਼ਦੂਰਾਂ ਨੂੰ ਧੱਕੇ “ ਦੇਣ ਵਾਲੀ ਕਾਲੀ ਆਜ਼ਾਦੀ ਮੌਕੇ ਕੀਤਾ ਵਿਸ਼ਾਲ ਸਿੱਖਿਆ - ਸਮਾਗਮ 

 ਮੁੱਲਾਂਪੁਰ ਦਾਖਾ 16 ਅਗਸਤ (ਸਤਵਿੰਦਰ ਸਿੰਘ ਗਿੱਲ) ਦਸ਼ਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ.)ਜ਼ਿਲਾ ਲੁਧਿਆਣਾ ਦੀ ਜ਼ਿਲਾ ਕਾਰਜਕਾਰੀ ਕਮੇਟੀ ਦੇ ਸੱਦੇ ਅਨੁਸਾਰ 15 ਅਗਸਤ ਨੂੰ “ਕਾਰਪੋਰੇਟਾਂ ਨੂੰ ਗੱਫੇ ਤੇ ਕਿਸਾਨਾਂ ਮਜ਼ਦੂਰਾ ਨੂੰ ਧੱਕੇ” ਦੇਣ ਵਾਲੀ  ਕਾਲੀ ਆਜ਼ਾਦੀ ਮੌਕੇ ਕਿਸਾਨ , ਮਜਦੂਰ ਤੇ ਨੌਜਵਾਨ ਵੀਰਾਂ ਦਾ ਵਿਸ਼ਾਲ ਸਿੱਖਿਆ ਸਮਾਗਮ ਕੈਂਪ ਦਫਤਰ ਸਵੱਦੀ ਕਲਾਂ (ਨੇੜੇ ਬੱਸ ਸਟੈਂਡ) ਵਿਖੇ ਕੀਤਾ ਗਿਆ, ਜਿਸਦੀ ਪ੍ਰਧਾਨਗੀ ਜੱਥੇਬੰਦੀ ਦੇ ਜ਼ਿਲਾ ਪ੍ਰਧਾਨ ਗੁਰਦਿਆਲ ਸਿੱਘ ਤਲਵੰਡੀ , ਜ਼ਿਲਾ ਸਕੱਤਰ ਜਸਦੇਵ ਸਿੰਘ ਲਲਤੋਂ ਤੇ ਮੀਤ ਪ੍ਰਧਾਨ ਬਲਜੀਤ ਸਿੱਘ ਸਵੱਦੀ ‘ ਤੇ ਅਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ । 
            ਪਹਿਲ ਪ੍ਰਿਥਮੇ ਦੇਸ਼ ਵਿਚ ਅਸਲੀ ਤੇ ਸੱਚੀ - ਸੁੱਚੀ ਆਜ਼ਾਦੀ ਬਰਾਬਰੀ ਤੇ ਖੁਸ਼ਹਾਲ ਵਾਲਾ ਖਰਾ ਲੋਕ ਜਮਹੂਰੀ ਰਾਜ ਪ੍ਰਬੰਧ ਸਿਰਜਣ ਲਈ ਜੂਝਣ ਵਾਲੇ 1857 ਦੀ ਜੰਗ- ਆਜ਼ਾਦੀ , ਕੂਕਾ ਲਹਿਰ , ਪਗੜੀ ਸੰਭਾਲ ਜੱਟਾ ਲਹਿਰ, ਗਦਰ ਲਹਿਰ , ਗੁਰੂਦੁਆਰਾ ਸੁਧਾਰ ਲਹਿਰ , ਬੱਬਰ ਅਕਾਲੀ ਲਹਿਰ ,  ਕਿਰਤੀ ਪਾਰਟੀ , ਆਜ਼ਾਦ ਹਿੰਦ ਫੌਜ , ਨੌਜਵਾਨ ਭਾਰਤ ਸਭਾ , ਨੇਵੀ ਬਗਾਵਤ   ਦੇ ਮਹਾਨ ਯੋਧਿਆਂ ਅਤੇ ਜਾਨਾਂ ਵਾਰਨ ਵਾਲੇ ਮਹਾਨ ਸ਼ਹੀਦਾਂ  ਨੂੰ 2 ਮਿੰਟ ਖੜੇ ਹੋ ਕੇ ਮੋਨ ਧਾਰ ਕੇ ਨਿੱਘੀ ਤੇ ਭਾਵ ਭਿੰਨੀ ਸਰਧਾਂਜਲੀ ਭੇਟ ਕੀਤੀ ਗਈ । 
       ਵਿਸ਼ਾਲ ਸਮਾਗਮ ਨੂੰ ਸੰਬੋਧਨ ਕਰਦਿਆ ਵੱਖ-ਵੱਖ ਆਗੂਆ - ਜਸਦੇਵ ਸਿੰਘ ਲਲਤੋਂ ,ਅਵਤਾਰ ਸਿੰਘ ਬਿੱਲੂ ਵਲੈਤੀਆ ,ਡਾ. ਗੁਰਮੇਲ ਸਿੱਘ ਕੁਲਾਰ ,ਰਣਜੀਤ ਸਿੰਘ ਗੁੜੇ , ਜੇ.ਈ.ਮਨਜੀਤ ਸਿੱਘ ਸਵੱਦੀ, ਕਾਲਾ ਡੱਬ ਮੁੱਲਾਂਪੁਰ,ਭਰਪੂਰ ਸਿੰਘ ਗੁੱਜਰਵਾਲ,ਡਾ.ਗੁਰਮੇਲ ਸਿੱਘ ਗੁੜੇ ,ਉਜਾਗਰ ਸਿੱਘ ਬੱਦੋਵਾਲ,….                                           
          …..
  …. ਨੇ 1947 ਦੀ ਸਤਾ - ਬਦਲੀ, ਦੱਸ ਲੱਖ ਲੋਕਾਂ ਦਾ ਫਿਰਕੂ - ਕਤਲੇਆਮ ਅਤੇ , ਕਰੋੜਾਂ ਲੋਕਾਂ ਦਾ ਉਜਾੜਾ , 76 ਸਾਲ ਤੋ ਜਾਰੀ ਤੇ ਹਰ ਆਏ ਸਾਲ ਵੱਧ ਰਹੀ ਵਿਦੇਸ਼ੀ ਤੇ ਦੇਸ਼ੀ ਲੋਟੂ ਕਾਰਪੋਰੇਟਾ ਦੀ ਅੰਨੀ ਲੁਟ ਅਤੇ ਹਰ ਸਾਲ ਵਧਦੇ ਵਿਦੇਸ਼ੀ ਸਾਮਰਾਜੀ ਕਰਜ਼ੇ , ਕਾਰਪੋਰੇਟਾਂ ਵੱਲੋ ਹਰ ਸਾਲ ਹੜੱਪੇ ਜਾਂਦੇ 5-6  ਲੱਖ ਕਰੋੜ ਰੁ. ਦੇ ਬੈਂਕ ਕਰਜ਼ਿਆ ‘ਤੇ ਵੱਜਦੀ ਸਰਕਾਰੀ ਲਕੀਰ , ਕਿਸਾਨਾਂ- ਮਜ਼ਦੂਰਾਂ ਸਿਰ ਆਏ ਸਾਲ ਭਾਰੀ ਹੁੰਦੀ ਕਰਜ਼ਾ - ਪੰਡ , ਐਮ.ਐਸ.ਪੀ. ਦੀ ਗਰੰਟੀ ਵਾਲਾ ਕਾਨੂੰਨ ਬਣਾਉਣ , ਨੌਜਵਾਨਾ ਲਈ ਸਿਰੇ ਦੀ ਬੇਰੁਜ਼ਗਾਰੀ ਤੇ ਆਮ ਲੋਕਾ ਲਈ ਅੱਤ ਦੀ ਮਹਿਗਾਈ , ਇਕ ਲੱਖ ਤੋ ਉਪਰ ਨਜ਼ਾਇਜ ਜੇਲ੍ਹੀਂ ਡੱਕੇ ਸਿਆਸੀ ਕੈਦੀ,ਔਰਤਾਂ ਦੀਆ ਨਗਨ - ਪਰੇਡਾ ਤੇ ਸਮੂਹਕ ਬਲਾਤਕਾਰ , ਦਿਨੋ ਦਿਨ ਵਧਦੀ ਗੁੰਡਾਗਰਦੀ ਤੇ ਪੁਲਸੀ ਜਬਰ ਸਮੇਤ ਸੂਬੇ ਤੇ ਦੇਸ਼ ਦੀ ਮੰਦਹਾਲੀ ਉਪਰ ਭਰਪੂਰ ਚਾਨਣਾ ਪਾਇਆ । 
           ਅੰਤ ‘ਚ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਨੇ ਸਮੂਹ ਹਾਜਰੀਨਾਂ ਦਾ ਧੰਨਵਾਦ  ਕਰਦਿਆ , 19 ਅਗਸਤ ਦਿਨ ਸ਼ਨਿਚਰਵਾਰ ਨੂੰ 10 ਵਜੇ ਚੌਕੀਮਾਨ ਟੋਲ਼ ਪਲਾਜ਼ਾ ਤੋ ਜਗਰਾਓ ਐਮ.ਐਲ.ਏ. ਦੇ ਸਾਂਝੇ ਕਿਸਾਨ ਘੇਰਾਓ ਲਈ ਵੱਧ ਚੜ ਕੇ ਰਵਾਨਾ ਹੋਣ ਦਾ ਸੰਗਰਾਮੀ ਸੱਦਾ ਦਿੱਤਾ ।
           ਅੱਜ ਦੇ ਸਮਾਗਮ ‘ਚ ਜਸਵੰਤ ਸਿੰਘ ਮਾਨ , ਅਵਤਾਰ ਸਿੰਘ ਤਾਰ, ਸੁਰਜੀਤ ਸਿੱਘ ਸਵੱਦੀ, ਸੋਹਣ ਸਿੰਘ ਸਵੱਦੀ ਪੱਛਮੀ ,ਗੁਰਸੇਵਕ ਸਿੰਘ  ਸੋਨੀ ਸਵੱਦੀ,ਬਲਵੀਰ ਸਿੰਘ ਪੰਡੋਰੀ(ਕੈਨੇਡਾ), ਤੇਜਿੰਦਰ ਸਿੰਘ ਬਿਰਕ,ਕੁਲਜੀਤ ਸਿੱਘ ਬਿਰਕ, ਬੂਟਾ ਸਿੰਘ ਬਰਸਾਲ, ਅਵਤਾਰ ਸਿੱਘ ਸੰਗਤਪੁਰਾ, ਗੁਰਚਰਨ ਸਿੰਘ ਤਲਵੰਡੀ, ਅਮਰਜੀਤ ਸਿੰਘ ਖ਼ੰਜਰਵਾਲ, ਬਲਤੇਜ ਸਿੰਘ ਸਿੱਧਵਾਂ , ਗੁਰਚਰਨ ਸਿੰਘ ਸਿੱਧਵਾਂ , ਗੁਰਦੀਪ ਸਿੰਘ ਮੰਡਿਆਣੀ ਉਚੇਚੇ ਤੌਰ ਤੇ ਹਾਜ਼ਰ ਹੋਏ ।

ਸੜਕ ਬਣਾਉਣ ਲਈ ਰੋਸ ਧਰਨਾ ਦੂਜੇ ਦਿਨ ਵੀ ਜਾਰੀ

ਹਠੂਰ,13 ਅਗਸਤ-(ਕੌਸ਼ਲ ਮੱਲ੍ਹਾ)-ਪਿਛਲੇ ਲੰਮੇ ਸਮੇਂ ਤੋ ਬੁਰੀ ਤਰ੍ਹਾ ਟੁੱਟ ਚੁੱਕੀ ਝੋਰੜਾ,ਲੱਖਾ,ਹਠੂਰ,ਬੁਰਜ ਕੁਲਾਰਾ ਸੜਕ ਬਣਾਉਣ ਲਈ ਹਲਕੇ ਦੀਆ ਗ੍ਰਾਮ ਪੰਚਾਇਤਾ,ਜਨਤਕ ਜੱਥੇਬੰਦੀਆ ਅਤੇ ਨੌਜਵਾਨ ਕਲੱਬਾ ਦੀ ਅਗਵਾਈ ਹੇਠ ਪਿੰਡ ਲੱਖਾ ਦੇ ਮੇਨ ਬੱਸ ਸਟੈਡ ਤੇ ਲੱਗਾ ਰੋਸ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ।ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆ ਪੰਜਾਬ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਬੂਟਾ ਸਿੰਘ ਚਕਰ ਅਤੇ ਸਰਪੰਚ ਮਲਕੀਤ ਸਿੰਘ ਹਠੂਰ ਨੇ ਕਿਹਾ ਕਿ ਪ੍ਰਸਾਸਨ ਦੇ ਅਧਿਕਾਰੀ ਇਹ ਆਖ ਰਹੇ ਹਨ ਕਿ ਸੜਕ ਬਣਉਣ ਲਈ ਮਨਜੂਰ ਹੋ ਗਈ ਹੈ ਅਤੇ ਬਹੁਤ ਜਲਦੀ ਸੜਕ ਬਣਾ ਦਿੱਤੀ ਜਾਵੇਗੀ,ਤੁਸੀ ਸੜਕ ਤੇ ਲੱਗਾ ਰੋਸ ਧਰਨਾ ਚੁੱਕ ਲਵੋ,ਪਰ ਐਕਸਨ ਕਮੇਟੀ ਦਾ ਫੈਸਲਾ ਹੈ ਕਿ ਜਿਨ੍ਹਾ ਸਮਾਂ ਸੜਕ ਨਹੀ ਬਣਦੀ ਉਨ੍ਹਾ ਸਮਾਂ ਇਹ ਰੋਸ ਧਰਨਾ ਜਾਰੀ ਰਹੇਗਾ।ਅੱਜ ਦੇ ਰੋਸ ਧਰਨੇ ਮੌਕੇ ਪੀ ਡਬਲਯੂ ਡੀ ਦੇ ਐਸ ਡੀ ਓ ਸਹਿਜਪ੍ਰੀਤ ਸਿੰਘ ਮਾਗਟ , ਜੇ ਈ ਕਰਮਜੀਤ ਸਿੰਘ ਅਤੇ ਪੰਚਾਇਤ ਸੈਕਟਰੀ ਬਲਜਿੰਦਰ ਸਿੰਘ ਮਾਛੀਕੇ ਨੇ ਧਰਨਾਕਾਰੀਆ ਤੋ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਵਿਸਵਾਸ ਦਿਵਾਇਆ ਕਿ ਇਹ ਮੰਗ ਪੱਤਰ ਪ੍ਰਸਾਸਨ ਦੇ ਉੱਚ ਅਧਿਕਾਰੀਆ ਨੂੰ ਭੇਜ ਦਿੱਤਾ ਜਾਵੇਗਾ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਜਸਵਿੰਦਰ ਸਿੰਘ ਛਿੰਦਾ ਨੇ ਨਿਭਾਈ।ਇਸ ਮੌਕੇ ਉਨ੍ਹਾ ਨਾਲ ਗੁਰਦੁਆਰਾ ਮੈਹਦੇਆਣਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਕੁਲਵੰਤ ਸਿੰਘ ਲੱਖਾ , ਕਾਮਰੇਡ ਗੁਰਚਰਨ ਸਿੰਘ ਰਸੂਲਪੁਰ , ਗੁਰਬਖਸੀਸ ਸਿੰਘ ਚੱਕ ਭਾਈ ਕਾ , ਪ੍ਰਧਾਨ ਡਾਕਟਰ ਹਰਭਜਨ ਸਿੰਘ ਲੱਖਾ , ਪ੍ਰਧਾਨ ਸਰਬਜੀਤ ਸਿੰਘ ਹਠੂਰ , ਸਰਪੰਚ ਮਲਕੀਤ ਸਿੰਘ ਧਾਲੀਵਾਲ , ਸੁਖਵਿੰਦਰ ਸਿੰਘ ਫਰਵਾਹਾ , ਅਮਨਪ੍ਰੀਤ ਸਿੰਘ ਫਰਵਾਹਾ , ਬਾਦਲ ਸਿੰਘ ਹਠੂਰ , ਪ੍ਰਧਾਨ ਨਿਰਮਲ ਸਿੰਘ ਡੱਲਾ , ਸਰਪੰਚ ਨਿਰਮਲ ਸਿੰਘ ਬੁਰਜ ਕੁਲਾਰਾ , ਸਰਪੰਚ ਜਸਵੀਰ ਸਿੰਘ ਲੱਖਾ, ਸਰਪੰਚ ਹਰਬੰਸ ਸਿੰਘ ਢਿੱਲੋ, ਸਾਬਕਾ ਸਰਪੰਚ ਚੰਦ ਸਿੰਘ , ਪ੍ਰਧਾਨ ਸੁਰਜੀਤ ਸਿੰਘ ਧਾਲੀਵਾਲ , ਪ੍ਰਧਾਨ ਬੂਟਾ ਸਿੰਘ ਭੰਮੀਪੁਰਾ , ਜਸਵਿੰਦਰ ਸਿੰਘ ਲੱਖਾ , ਸੋਹਣ ਸਿੰਘ ਮਾਣੂੰਕੇ , ਅਮਨਦੀਪ ਸਿੰਘ ਸੇਖੋਂ , ਬਲੌਰ ਸਿੰਘ ਸੇਖੋਂ , ਮਨਜਿੰਦਰ ਸਿੰਘ ਜੱਟਪੁਰਾ , ਪ੍ਰਧਾਨ ਪ੍ਰਮਿੰਦਰ ਸਿੰਘ ਕੰਬੋ , ਪ੍ਰਧਾਨ ਤਰਸੇਮ ਸਿੰਘ ਬੱਸੂਵਾਲ , ਬਾਈ ਰਛਪਾਲ ਸਿੰਘ ਚਕਰ, ਸੁੱਖਾ ਚਕਰ, ਹਰਚੰਦ ਸਿੰਘ , ਸੁਖਦੇਵ ਸਿੰਘ ਦੇਹੜਕਾ , ਹਰਪਾਲ ਸਿੰਘ , ਬਿੱਕਰ ਸਿੰਘ , ਲਾਡੀ ਹਠੂਰ ,ਮਾਣਾ ਹਠੂਰ ਆਦਿ ਹਾਜ਼ਰ ਸਨ।

ਫੋਟੋ ਕੈਪਸ਼ਨ:- ਜਿਲ੍ਹਾ ਪ੍ਰਧਾਨ ਬੂਟਾ ਸਿੰਘ ਚਕਰ ਅਤੇ ਧਰਨਾਕਾਰੀ ਪ੍ਰਸਾਸਨ ਦੇ ਅਧਿਕਾਰੀਆ ਨੂੰ
ਮੰਗ ਪੱਤਰ ਦਿੰਦੇ ਹੋਏ।

ਕਾਲੀ ਅਜਾਦੀ ਮਨਾਉਣ ਵਾਲਾ ਪ੍ਰੋਗਰਾਮ ਦੇਸ਼ ਧ੍ਰੋਹੀਆਂ ਦਾ ਤਾਂ ਹੋ ਸਕਦਾ ਦੇਸ਼ ਭਗਤਾਂ ਦਾ ਨਹੀ : ਮੋਰਚਾ ਸੰਸਥਾਪਕ

ਮੋਰਚੇ ਦੇ ਏਜੰਡੇ ਤੋ ਭਟਕ ਚੁੱਕੇ ਆਗੂ ਆਰਐਸਐਸ ਦਾ ਹੱਥਠੋਕਾ ਨਾ ਬਨਣ : ਜਸਵੀਰ ਪਮਾਲੀ 
ਜੋਧਾਂ / ਸਰਾਭਾ 13 ਅਗਸਤ ( ਦਲਜੀਤ ਸਿੰਘ ਰੰਧਾਵਾ )
20 ਅਪ੍ਰੈਲ ਤੋ ਡਾਇਰੈਕਟਰ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਪੰਜਾਬ ਦੇ ਮੋਹਾਲੀ ਸਥਿਤ ਦਫਤਰ ਦੇ ਬਾਹਰ ਲੱਗੇ ਰਿਜਰਵੇਸ਼ਨ ਚੋਰ ਫੜ੍ਹੋ ਪੱਕਾ ਮੋਰਚਾ ਦੇ ਸੰਸਥਾਪਕ ਜਸਵੀਰ ਸਿੰਘ ਪਮਾਲੀ ਦੇਸ਼ ਦੇ ਮਹਾਨ ਸਹੀਦ, ਗਦਰ ਲਹਿਰ ਦੇੇ ਨਾਇਕ ਛੋਟੀ ਉਮਰੇ ਫਾਂਸੀ ਦਾ ਰੱਸਾ ਚੁੰਮਣ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਘਰ ਉਹਨਾਂ ਨੂੰ ਨਤਮਸਤਕ ਹੋਣ ਲਈ ਪਹੁੰਚੇ। ਸ਼ਹੀਦ ਕਰਤਾਰ ਸਿੰਘ ਜੀ ਦਾ ਆਸੀਰਵਾਦ ਲੈਣ ਉਪਰੰਤ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਮੋਰਚਾ ਸੰਸਥਾਪਕ ਜਸਵੀਰ ਸਿੰਘ ਪਮਾਲੀ ਨੇ ਕਿਹਾ ਕਿ ਮੋਰਚੇ ਦੇ ਕੁਝ ਆਗੂ ਆਪਣੀਆਂ ਸਿਆਸੀ ਲਾਲਸਾਵਾਂ ਪੂਰੀਆਂ ਕਰਨ ਲਈ ਆਰ ਐਸ ਐਸ ਅਤੇ ਜਾਅਲੀ ਐਸ ਸੀ ਸਰਟੀਫਿਕੇਟ ਧਾਰਕਾਂ ਦੇ ਪ੍ਰਭਾਵ ਹੇਠ ਆ ਗਏ ਹਨ ਜਿਸ ਕਰਕੇ ਉਹ ਮੋਰਚੇ ਦੇ ਮੰਚ ਤੋ ਆਰ ਐਸ ਐਸ ਦੇ ਏਜੰਡੇ ਨੂੰ ਲਾਗੂ ਕਰਕੇ ਆਪਣੇ ਸਿਆਸੀ ਅਕਾਵਾਂ ਨੂੰ ਖੁਸ ਕਰਨ ਵਿੱਚ ਲੱਗੇ ਹੋਏ ਹਨ ਜਿਸਦੇ ਤਹਿਤ ਹੀ ਆਰ ਐਸ ਐਸ ਦੇ ਉਹਨਾਂ ਲੋਕਾਂ ਨੇ ਇਸ ਵਾਰ ਅਜਾਦੀ ਦੇ ਪਵਿੱਤਰ ਦਿਹਾੜੇ ਨੂੰ ਕਾਲੀ ਅਜਾਦੀ ਦਾ ਨਾਮ ਦੇ ਕੇ ਦਲਿਤ ਸਮਾਜ ਨੂੰ ਇੱਕ ਵਾਰ ਫਿਰ ਤੋ ਮਨੂੰਵਾਦੀ ਲੋਕਾਂ ਦੇ ਗੁਲਾਮ ਬਣਾਉਣ ਦਾ ਨੀਂਹ ਪੱਥਰ ਰੱਖਣ ਜਾ ਰਹੇ ਹਨ। ਦੇਸ਼ ਦੇ ਨਾਗਰਿਕ ਜਿੰਨਾਂ ਦੀਆਂ ਜਿੰਦਗੀਆਂ ਦੇ ਕਾਲੇ ਹਨੇਰੇ ਨੂੰ ਇਸ ਅਜਾਦੀ ਨੇ ਚਾਨਣ ਵਿੱਚ ਬਦਲਿਆ ਹੈ। ਉਹ ਸਾਰੇ ਦੇਸ਼ ਭਗਤ ਲੋਕ ਇਸ ਅਜਾਦੀ ਨੂੰ ਕਾਲੀ ਅਜਾਦੀ ਦਾ ਨਾਮ ਦੇ ਕੇ ਮਨਾਉਣ ਵਾਲੇ ਲੋਕਾਂ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ। ਪਮਾਲੀ ਨੇ ਅੱਗੇ ਕਿਹਾ ਕਿ ਦੇਸ਼ ਦਾ ਹਰ ਨਾਗਰਿਕ ਜਾਣਦਾ ਹੈ ਕਿ ਇਹ ਅਜਾਦੀ ਸਾਨੂੰ ਲੱਖਾਂ ਕੁਰਬਾਨੀਆਂ ਦੇ ਕੇ ਮਿਲੀ ਹੈ। ਜੇਕਰ ਅੱਜ ਅਸੀ ਉਹਨਾਂ ਮਹਾਨ ਸਹੀਦਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਕੇ ਇਸ ਤਰ੍ਹਾਂ ਕਾਲੀ ਅਜਾਦੀ ਮਨਾਉਣ ਦਾ ਰੁਝਾਨ ਪਾਵਾਗੇ ਤਾਂ ਕੀ ਜਿੰਨਾਂ ਸਹੀਦਾਂ ਨੇ ਇਸ ਅਜਾਦੀ ਲਈ ਆਪਣੀਆਂ ਜਾਨਾਂ ਵਾਰੀਆਂ ਹਨ ਅਸੀ ਉਹਨਾਂ ਦੇ ਜਾਨ ਦੇ ਵੈਰੀ ਨਹੀ ਅਖਵਾਵਾਗੇ? ਇਸ ਲਈ ਕਾਲੀ ਅਜਾਦੀ ਮਨਾਉਣ ਵਾਲਾ ਪ੍ਰੋਗਰਾਮ ਦੇਸ਼ ਧ੍ਰੋਹੀਆਂ ਦਾ ਤਾਂ ਹੋ ਸਕਦਾ ਦੇਸ਼ ਭਗਤਾਂ ਦਾ ਕਦੇ ਵੀ ਨਹੀ ਹੋ ਸਕਦਾ। ਪਮਾਲੀ ਨੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਇਸ ਅਜਾਦੀ ਨੇ ਅਤੇ ਭਾਰਤ ਰਤਨ ਡਾ ਬੀ ਆਰ ਅੰਬੇਡਕਰ ਜੀ ਦੁਆਰਾ ਬਣਾਏ ਸੰਵਿਧਾਨ ਨੇ ਜੋ ਅਸੀ ਸਾਡੇ ਦਲਿਤ ਸਮਾਜ ਨੂੰ ਦਿਵਾਈ ਹੈ ਸਾਰਾ ਸਮਾਜ ਉਹਨਾਂ ਦੇ ਸੰਘਰਸ਼ ਅਤੇ ਉਹਨਾਂ ਦੀ ਦੇਣ ਨੂੰ ਨਹੀ ਭੁੱਲ ਸਕਦਾ ਪਰ ਕੁਝ ਅਕ੍ਰਿਤਘਣ ਲੋਕ ਆਪਣੀਆਂ ਨਿੱਜੀ ਜਰੂਰਤਾਂ ਅਤੇ ਸਿਆਸੀ ਇੱਛਾਵਾ ਨੂੰ ਪੂਰੀਆਂ ਕਰਨ ਲਈ ਸਮਾਜ ਨੂੰ ਗੁੰਮਰਾਹ ਕਰਨ ਦੀਆਂ ਕੌਝੀਆਂ ਕੋਸਿਸਾਂ ਕਰਨ ਤੋ ਬਾਜ ਨਹੀ ਆ ਰਹੇ। ਅਸੀ ਮੋਰਚੇ ਵੱਲੋਂ ਉਹਨਾਂ ਵੀਰਾਂ ਨੂੰ ਅਪੀਲ ਕਰਦੇ ਹਾਂ ਕਿ ਆਰ ਐਸ ਐਸ ਦਾ ਹੱਥਠੋਕਾ ਨਾ ਬਨਣ। ਇਸ ਸਮੇ ਉਹਨਾਂ ਦੇ ਨਾਲ ਰਜਿੰਦਰ ਸਿੰਘ ਰਾਜੂ ਜੋਧਾਂ ਕਾਰਜਕਾਰੀ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ (ਰਜਿ:) ਪੰਜਾਬ ਵਿਸੇਸ ਤੌਰ ਤੇ ਹਾਜਰ ਸਨ।

ਸੜਕ ਬਣਾਉਣ ਲਈ ਪਿੰਡ ਲੱਖਾ ਵਿਚ ਲੱਗਾ ਦਿਨ-ਰਾਤ ਦਾ ਰੋਸ ਧਰਨਾ

ਹਠੂਰ,13 ਅਗਸਤ-(ਕੌਸ਼ਲ ਮੱਲ੍ਹਾ)-ਪਿਛਲੇ ਲੰਮੇ ਸਮੇਂ ਤੋ ਬੁਰੀ ਤਰ੍ਹਾ ਟੁੱਟ ਚੁੱਕੀ ਝੋਰੜਾ,ਲੱਖਾ,ਹਠੂਰ,ਬੁਰਜ ਕੁਲਾਰਾ ਸੜਕ ਬਣਾਉਣ ਲਈ ਅੱਜ ਹਲਕੇ ਦੀਆ ਗ੍ਰਾਮ ਪੰਚਾਇਤਾ,ਜਨਤਕ ਜੱਥੇਬੰਦੀਆ ਅਤੇ ਨੌਜਵਾਨ ਕਲੱਬਾ ਦੀ ਅਗਵਾਈ ਹੇਠ ਪਿੰਡ ਲੱਖਾ ਦੇ ਮੇਨ ਬੱਸ ਸਟੈਡ ਤੇ ਸੜਕ ਵਿਚਕਾਰ ਰੋਸ ਧਰਨਾ ਦਿੱਤਾ ਗਿਆ।ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆ ਭਾਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਪੰਜਾਬ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਬੂਟਾ ਸਿੰਘ ਚਕਰ,ਸਰਪੰਚ ਮਲਕੀਤ ਸਿੰਘ ਹਠੂਰ,ਕਾਮਰੇਡ ਗੁਰਚਰਨ ਸਿੰਘ ਰਸੂਲਪੁਰ,ਮੇਜਰ ਸਿੰਘ ਲੱਖਾ,ਗੁਰਬਖਸੀਸ ਸਿੰਘ ਚੱਕ ਭਾਈ ਕਾ ਆਦਿ ਨੇ ਕਿਹਾ ਕਿ ਸਮੇਂ-ਸਮੇਂ ਦੀਆ ਸਰਕਾਰ ਨੇ ਹਠੂਰ ਇਲਾਕੇ ਨਾਲ ਮਤਰੇਈ ਮਾਂ ਵਰਗਾ ਸਲੂਕ ਕੀਤਾ ਹੈ ਜਿਸ ਕਰਕੇ ਅੱਜ ਹਠੂਰ ਇਲਾਕਾ ਦਿਨੋ- ਦਿਨ ਨਿਮਾਣਾ ਵੱਲ ਨੂੰ ਜਾ ਰਿਹਾ ਹੈ।ਉਨ੍ਹਾ ਕਿਹਾ ਕਿ ਇਹ 17 ਕਿਲੋਮੀਟਰ ਲੰਿਕ ਸੜਕ ਨੂੰ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ 1181.87 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕਰਨ ਲਈ ਕੇਂਦਰੀ ਸੂਚਨਾਂ ਅਤੇ ਪ੍ਰਸਾਰਣ ਮੰਤਰੀ ਭਾਰਤ ਸਰਕਾਰ ਮੁਨੀਸ ਤਿਵਾੜੀ ਨੇ 06 ਜਨਵਰੀ 2013 ਵਿਚ ਨੀਹ ਪੱਥਰ ਰੱਖਿਆ ਸੀ

ਫੋਟੋ ਕੈਪਸ਼ਨ:-ਸਾਲ 2013 ਵਿਚ ਲਗਾਇਆ ਹੋਇਆ ਸੜਕ ਬਣਾਉਣ ਦਾ ਨੀਹ ਪੱਥਰ।

ਅਤੇ ਉਸ ਤੋ ਬਾਅਦ ਇਸ ਸੜਕ ਦਾ 2019 ਵਿਚ ਨਵੀਨੀਕਰਨ ਕੀਤਾ ਜਾਣਾ ਸੀ ਪਰ ਕਿਸੇ ਵੀ ਹਲਕੇ ਦੇ ਵਿਧਾਇਕ ਜਾਂ ਮੈਬਰ ਪਾਰਲੀਮੈਟ ਨੇ ਸੜਕ ਬਣਾਉਣ ਵੱਲ ਤਬੱਜੋ ਨਹੀ ਦਿੱਤੀ।ਉਨ੍ਹਾ ਕਿਹਾ ਕਿ ਇਹ ਸੜਕ ਬਣਾਉਣ ਲਈ ਅਸੀ ਹਲਕੇ ਦੀਆ ਗ੍ਰਾਮ ਪੰਚਾਇਤਾ ਨੂੰ ਨਾਲ ਲੈ ਕੇ ਚਾਰ ਵਾਰ ਮੈਬਰ ਪਾਰਲੀਮੈਟ,ਛੇ ਵਾਰ ਹਲਕਾ ਵਿਧਾਇਕ ਅਤੇ ਪੰਜ ਵਾਰ ਐਸ ਡੀ ਐਮ ਜਗਰਾਉ ਨੂੰ ਬੇਨਤੀ ਪੱਤਰ ਦੇ ਚੁੱਕੇ ਹਾਂ ਪਰ ਅੱਜ ਮਜਬੂਰ ਹੋ ਕੇ ਲੋਕਾ ਨੂੰ ਇਹ ਸੜਕ ਬਣਾਉਣ ਲਈ ਕੜਕਦੀ ਧੁੱਪ ਵਿਚ ਸੜਕ ਦੇ ਵਿਚਕਾਰ ਰੋਸ ਧਰਨਾ ਲਾਉਣਾ ਪੈ ਰਿਹਾ ਹੈ।ਉਨ੍ਹਾ ਕਿਹਾ ਕਿ ਇਥੇ ਦੀਆ ਘਟੀਆ ਸਰਕਾਰ ਦੇ ਕਾਰਨ ਅੱਜ ਸੜਕਾ ਬਣਾਉਣ ਲਈ,ਚਿੱਟਾ ਰੋਕਣ ਲਈ ਅਤੇ ਪੁਲਿਸ ਤੋ ਇਨਸਾਫ ਲੈਣ ਲਈ ਰੋਜਾਨਾ ਸੜਕਾ ਤੇ ਧਰਨੇ ਲਾਉਣੇ ਪੈ ਰਹੇ ਹਨ।ਇਸ ਮੌਕੇ ਇਲਾਕੇ ਦੇ ਮੋਹਤਵਰ ਵਿਅਕਤੀਆ ਵੱਲੋ 31 ਮੈਬਰੀ ਐਕਸਨ ਕਮੇਟੀ ਦਾ ਸਰਬਸੰਮਤੀ ਨਾਲ ਗਠਨ ਕੀਤਾ ਗਿਆ ਅਤੇ ਇਹ ਰੋਸ ਧਰਨਾ ਅਣ ਮਿੱਥੇ ਸਮੇਂ ਲਈ ਸੜਕ ਬਣਨ ਤੱਕ ਦਿਨ-ਰਾਤ ਲੱਗਾ ਰਹੇਗਾ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਜਸਵਿੰਦਰ ਸਿੰਘ ਛਿੰਦਾ ਨੇ ਨਿਭਾਈ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਸਰਬਜੀਤ ਸਿੰਘ ਹਠੂਰ , ਸੁਖਵਿੰਦਰ ਸਿੰਘ ਫਰਵਾਹਾ , ਅਮਨਪ੍ਰੀਤ ਸਿੰਘ ਫਰਵਾਹਾ , ਬਾਦਲ ਸਿੰਘ ਹਠੂਰ , ਪ੍ਰਧਾਨ ਨਿਰਮਲ ਸਿੰਘ ਡੱਲਾ , ਸਰਪੰਚ ਨਿਰਮਲ ਸਿੰਘ ਬੁਰਜ ਕੁਲਾਰਾ , ਸਰਪੰਚ ਜਸਵੀਰ ਸਿੰਘ ਲੱਖਾ, ਸਰਪੰਚ ਹਰਬੰਸ ਸਿੰਘ ਢਿੱਲੋ, ਸਾਬਕਾ ਸਰਪੰਚ ਚੰਦ ਸਿੰਘ , ਪ੍ਰਧਾਨ ਸੁਰਜੀਤ ਸਿੰਘ ਧਾਲੀਵਾਲ , ਪ੍ਰਧਾਨ ਬੂਟਾ ਸਿੰਘ ਭੰਮੀਪੁਰਾ , ਜਸਵਿੰਦਰ ਸਿੰਘ ਲੱਖਾ , ਸੋਹਣ ਸਿੰਘ ਮਾਣੂੰਕੇ , ਅਮਨਦੀਪ ਸਿੰਘ ਸੇਖੋਂ , ਬਲੌਰ ਸਿੰਘ ਸੇਖੋਂ , ਮਨਜਿੰਦਰ ਸਿੰਘ ਜੱਟਪੁਰਾ , ਪ੍ਰਧਾਨ ਪ੍ਰਮਿੰਦਰ ਸਿੰਘ ਕੰਬੋ , ਪ੍ਰਧਾਨ ਤਰਸੇਮ ਸਿੰਘ ਬੱਸੂਵਾਲ , ਚਮਕੌਰ ਸਿੰਘ , ਹਰਚੰਦ ਸਿੰਘ , ਸੁਖਦੇਵ ਸਿੰਘ ਦੇਹੜਕਾ ,ਰਾਏ ਸਿੰਘ ਲੱਖਾ ਆਦਿ ਹਾਜ਼ਰ ਸਨ।