ਪੀ.ਏ.ਯੂ. ਵਿੱਚ ਸਲਾਨਾ ਰਾਸ਼ਟਰੀ ਖੇਡ ਸੰਗਠਨ ਕੈਂਪ ਦੇ ਸਮਾਪਤੀ ਸਮਾਰੋਹ ਦਾ ਸਫਲਤਾਪੂਰਵਕ ਆਯੋਜਨ

ਲੁਧਿਆਣਾ 18 ਅਗਸਤ(ਟੀ. ਕੇ.)  ਅੱਜ ਸਥਾਨਕ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਯੂਨੀਵਰਸਿਟੀ ਅਧੀਨ ਆਉਂਦੇ ਵੱਖ-ਵੱਖ ਕਾਲਜ ਦੇ ਵਿਦਿਆਰਥੀਆਂ ਲਈ ਲਗਾਏ ਗਏ 15 ਦਿਨਾ ਰਾਸ਼ਟਰੀ ਖੇਡ ਸੰਗਠਨ ਕੈਂਪ ਸਾਲ 2022-2023 ਦੇ ਸਮਾਪਨ ਸਮਾਰੋਹ ਦਾ ਸਫਲਤਾ ਪੂਰਵਕ ਆਯੋਜਨ ਕੀਤਾ ਗਿਆ| ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਡਾ. ਅਜਮੇਰ ਸਿੰਘ ਢੱਟ ਨੇ ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ| ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਡਾ. ਅਜਮੇਰ ਸਿੰਘ ਢੱਟ, ਡਾਇਰੈਕਟਰ ਖੋਜ ਨੇ ਇਸ ਮੌਕੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ| ਉਹਨਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਖੇਡਾਂ ਵਿਅਕਤੀ ਨੂੰ ਸਰੀਰਕ ਤੌਰ ਤੇ ਤੰਦਰੁਸਤ ਕਰਨ ਦੇ ਨਾਲ-ਨਾਲ ਮਾਨਸਿਕ ਤੌਰ ਤੇ ਤਰੋ ਤਾਜ਼ਾ ਵੀ ਕਰਦੀਆਂ ਹਨ| ਕਿਉਂਕਿ ਇਹ ਖੇਡ ਮੈਦਾਨ ਉਹ ਕਲਾਸ ਰੂਮ ਹਨ ਜਿੱਥੇ ਆ ਕੇ ਵਿਦਿਆਰਥੀ ਹਰ ਤਰ੍ਹਾਂ ਦੇ ਮਾਨਸਿਕ ਦਬਾਅ ਤੋਂ ਮੁਕਤ ਹੁੰਦੇ ਹਨ| ਉਹਨਾਂ ਨੇ ਦੱਸਿਆ ਕਿ ਖੇਡਾਂ ਦੇ ਨਾਲ-ਨਾਲ ਵਿਦਿਆਰਥੀ ਆਪਣੀ ਪੜ੍ਹਾਈ ਨੂੰ ਸੁਚੱਜੇ ਤਰੀਕੇ ਨਾਲ ਕਰ ਸਕਦੇ ਹਨ| ਲੋੜ ਸਿਰਫ ਕੁਝ ਨਿਯਮ ਬਣਾਉਣ ਦੀ ਹੈ| ਜੇ ਅਸੀਂ ਖੇਡਾਂ ਦੇ ਨਾਲ-ਨਾਲ ਅਸੀਂ ਨਿਯਮਤ ਤੌਰ ਤੇ ਪੜ੍ਹਾਈ ਕਰਦੇ ਹਾਂ ਤਾਂ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ| ਉਹਨਾਂ ਨੇ ਸਾਰੇ ਵਿਦਿਆਰਥੀਆਂ ਨੂੰ ਇਹ ਕੈਂਪ ਸਫਲਤਾ ਪੂਰਵਕ ਖਤਮ ਕਰਨ ਤੇ ਵਧਾਈ ਦਿੱਤੀ|

ਇਸ ਮੌਕੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਸਿੰਘ ਜੌੜਾ ਨੇ ਆਏ ਹੋਏ ਮਹਿਮਾਨਾ ਦਾ ਸੁਆਗਤ ਕੀਤਾ ਅਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਲਾਨਾ ਕੈਂਪ ਵਿੱਚ ਲਗਭਗ 240 ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਕੈਂਪ ਵਿੱਚ ਵਿਦਿਆਰਥੀਆਂ ਨੂੰ ਵੱਖ-ਵੱਖ ਖੇਡਾਂ, ਜਿਵੇਂ ਅਥਲੈਟਿਕਸ, ਬੈਡਮਿੰਟਨ, ਬਾਸਕਿਟਬਾਲ, ਕ੍ਰਿਕਟ, ਹਾਕੀ, ਵਾਲੀਬਾਲ, ਸਾਈਕਲਿੰਗ, ਤੈਰਾਕੀ, ਫੁੱਟਬਾਲ, ਹੈਂਡਬਾਲ, ਸ਼ੂਟਿੰਗ ਆਦਿ ਖੇਡਾਂ ਦੀਆਂ ਆਧੁਨਿਕ ਤਕਨੀਕਾਂ ਦੀ ਜਾਣਕਾਰੀ ਦੇ ਨਾਲ-ਨਾਲ ਚੰਗੀ ਸਿਹਤ ਬਣਾਈ ਰੱਖਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ|

ਇਸ ਮੌਕੇ ਕੈਂਪ ਦੇ ਸੰਚਾਲਕ ਡਾ. ਪਰਮਵੀਰ ਸਿੰਘ ਨੇ ਆਏ ਹੋਏ ਮਹਿਮਾਨਾਂ, ਸਟਾਫ ਮੈਂਬਰ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਰੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਦੇ ਸਹਿਯੋਗ ਨਾਲ ਇਹ ਕੈਂਪ ਸਫਲਤਾ ਪੂਰਵਕ ਖਤਮ ਕੀਤਾ ਜਾ ਰਿਹਾ ਹੈ| ਉਹਨਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਸਾਰੇ ਵਿਦਿਆਰਥੀ ਕੈਂਪ ਵਿੱਚ ਸਿਖਾਈਆਂ ਗਈਆਂ ਆਧੁਨਿਕ ਤਕਨੀਕਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਗੇ ਅਤੇ ਆਪਣੇ ਸਰੀਰ ਨੂੰ ਤੰਦਰੂਸਤ ਬਣਾ ਕਿ ਖੁਸ਼ਹਾਲੀ ਭਰਿਆ ਜੀਵਨ ਬਤੀਤ ਕਰਨਗੇ| ਇਸ ਮੌਕੇ ਕੈਂਪ ਦੀਆਂ ਵੱਖ-ਵੱਖ ਗਤੀਵਿਧੀਆਂ ਵਿੱਚੋਂ ਪੁਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਦੁਆਰਾ ਸਨਮਾਨਿਤ ਕੀਤਾ ਗਿਆ|