21 ਤੋਂ 23 ਅਗਸਤ ਤੱਕ ਯੱਗ-ਸਮਾਗਮ ’ਤੇ ਵਿਸ਼ੇਸ਼

ਸੇਵਾ ਦੇ ਪੁੰਜ ਤੇ ਪਰਉਪਕਾਰੀ ਸਨ- ਸੰਤ ਨਿਸ਼ਚਲ ਸਿੰਘ ਤੇ ਸੰਤ ਤਿ੍ਲੋਚਨ ਸਿੰਘ ‘ਸੇਵਾਪੰਥੀ’
ਭਾਈ ਕਨੱਈਆ ਜੀ ਤੋਂ ਚੱਲੀ ਸੰਪਰਦਾਇ ਵਿੱਚ ਅਨੇਕ ਸੰਤ ਮਹਾਤਮਾਂ ਪੈਦਾ ਹੋਏ ਹਨ। ਇਸ ਸੰਪਰਦਾਇ ਵਿੱਚ ਦੋ ਨਾਮਵਰ ਮਹਾਂਪੁਰਸ਼ ਹੋਏ ਸਨ ਜਿਨ੍ਹਾਂ ਦਾ ਆਪਾ ਪ੍ਰਭੂ-ਭਗਤੀ, ਸੇਵਾ, ਸਿਮਰਨ ਅਤੇ ਦੂਸਰਿਆਂ ਨੂੰ ਪਰਮਾਤਮਾ ਨਾਲ ਲਿਵ ਲਾਉਣ ਲਈ ਚਾਨਣ-ਮੁਨਾਰਾ ਹੁੰਦਾ ਸੀ। ਇਹੋ ਜਿਹੇ ਹੀ ਮਹਾਨ ਤਿਆਗੀ, ਵੈਰਾਗੀ, ਪਰਉਪਕਾਰੀ, ਤਪੱਸਵੀ, ਪ੍ਰਭੂ ਭਗਤੀ ਵਿੱਚ ਲੀਨ ਸੰਤ ਨਿਸ਼ਚਲ ਸਿੰਘ ਜੀ ਤੇ ਸੰਤ ਤਿ੍ਰਲੋਚਨ ਸਿੰਘ ‘ਸੇਵਾਪੰਥੀ’ ਸਨ।
r ਸੰਤ ਨਿਸ਼ਚਲ ਸਿੰਘ:- ਸੰਤ ਨਿਸ਼ਚਲ ਸਿੰਘ ਜੀ ਦਾ ਜਨਮ 7 ਵੈਸਾਖ ਸੰਮਤ 1938 ਬਿਕਰਮੀ ਮੁਤਾਬਕ ਸੰਨ 1881 ਈ: ਨੂੰ ਪਿਤਾ ਭਾਈ ਅਮੀਰ ਸਿੰਘ ਦੇ ਘਰ ਮਾਤਾ ਪਿਆਰੀ ਦੀ ਕੁੱਖੋਂ ਮਿੱਠਾ ਟਿਵਾਣਾ ਜ਼ਿਲ੍ਹਾ ਸ਼ਾਹਪੁਰ (ਪਾਕਿਸਤਾਨ) ਵਿੱਚ ਹੋਇਆ। ਆਪ ਦੀ ਸਰੀਰ ਪਤਲਾ ਪਰ ਹੱਡੀਆਂ ਮੋਟੀਆਂ ਤੇ ਨਿੱਗਰ ਸਨ। ਆਪ ਤਿੰਨ ਭਰਾਵਾਂ (ਮਹਿਤਾਬ ਸਿੰਘ, ਗੁਲਾਬ ਸਿੰਘ, ਹਰਦੇਵ ਸਿੰਘ) ਅਤੇ ਤਿੰਨ ਭੈਣਾਂ ਤੋਂ ਛੋਟੇ ਸਨ ਪਰ ਅੰਗੀਠਾ ਸੇਕਦੇ ਸਾਧੂ ਨੇ ਉਹਨਾਂ ਦੇ ਸਿਰ ਉੱਪਰ ਸੱਚਾ ਹੱਥ ਰੱਖ ਕੇ ਕਿਹਾ, ‘‘ਬੀਬੀ ਜੀ! ਇਸ ਦਾ ਫ਼ਿਕਰ ਨਾ ਕਰੋ, ਇਹ ਕਈਆਂ ਨੂੰ ਖਵਾ ਕੇ ਫਿਰ ਆਪ ਖਾਇਆ ਕਰੇਗਾ।’’ ਬਚਪਨ ਵਿੱਚ ਪੰਜਾਬੀ ਵਿੱਦਿਆ ਪੜ੍ਹ ਕੇ ਗੁਰਬਾਣੀ ਦੇ ਪਾਠ ਅਭਿਆਸ ਵਿੱਚ ਲੱਗ ਗਏ। ਆਪ ਨੇ ਮਹੰਤ ਬਾਬਾ ਭਗਤ ਸਿੰਘ ਜੀ ਕੋਲ 1899 ਤੋਂ 1904 ਈ: ਤੱਕ ਪੰਜ ਸਾਲ ਲੰਗਰ ਦੀ ਸੇਵਾ ਲਗਨ ਨਾਲ ਨਿਭਾਈ।
ਸੰਤ ਨਿਸ਼ਚਲ ਸਿੰਘ ਜੀ ਨੇ ਹਰਿਦੁਆਰ ਵਿਖੇ ਉਦਾਸੀ ਮਹਾਤਮਾਂ ਕੋਲ, ਨਿਰਮਲੇ ਸੰਤ ਸ਼੍ਰੀ ਮਹੰਤ ਰਾਮ ਸਿੰਘ ਜੀ ਤੇ ਹੋਰ ਸਾਧੂ ਮਹਾਤਮਾਂ ਪਾਸੋਂ ਸੱਤ ਸਾਲ ਭਾਰਤੀ ਦਰਸ਼ਨ ਦਾ ਡੂੰਘਾ ਗਿਆਨ ਪ੍ਰਾਪਤ ਕੀਤਾ। ਸੰਤ ਨਿਸ਼ਚਲ ਸਿੰਘ ਜੀ ਨੇ ਅੰਮ੍ਰਿਤਸਰ ਵਿਖੇ ਸਿੰਧੀਆਂ ਦੀ ਧਰਮਸਾਲਾ ਵਿੱਚ ਰਹਿ ਕੇ ਪੰਡਲ ਬੰਨਾ ਸਿੰਘ ਪਾਸੋਂ ਵੇਦਾਂਤ ਦੇ ਪ੍ਰਮੁੱਖ ਗ੍ਰੰਥ ਪੜ੍ਹੇ। ਪੰਡਤ ਬੰਨਾ ਸਿੰਘ ਮਿੱਠੇ ਟਿਵਾਣੇ ਵਾਲੇ ਬਾਬਾ ਭਗਤ ਸਿੰਘ ਜੀ ਦੇ ਗੁਰਭਾਈ ਸਨ।  ਉਹਨਾਂ ਦੀ ਇੱਛਾ ਨਾਲ ਅੰਮ੍ਰਿਤਸਰ ਰਹਿ ਕੇ ਗਿਆਨੀ ਅਮੀਰ ਸਿੰਘ ਜੀ ਪਾਸੋਂ ਕਥਾ ਕਰਨੀ ਸਿੱਖੀ ।ਭਾਰਤੀ ਦਰਸ਼ਨ ਅਤੇ ਹੋਰ ਮੁੱਖ ਗ੍ਰੰਥਾਂ ਦਾ ਅਧਿਐਨ ਕਰਨ ਉਪਰੰਤ ਜਦੋਂ ਸੰਤ ਨਿਸ਼ਚਲ ਸਿੰਘ ਜੀ 1915 ਵਿੱਚ ਮਿੱਠਾ ਟਿਵਾਣਾ ਵਿਖੇ ਬਾਬਾ ਜਵਾਹਰ ਸਿੰਘ ਕੋਲ ਵਾਪਸ ਆਏ ਤਾਂ ਮਹੰਤ ਜਵਾਹਰ ਸਿੰਘ ਨੇ ਸਹਿਜ-ਸੁਭਾਅ ਹੀ ਹੱਸ ਕੇ ਆਖਿਆ, ‘‘ਆਓ ਪੰਡਤ ਜੀ! ਉਸ ਦਿਨ ਤੋਂ ਬਾਅਦ ਆਪ ‘ਪੰਡਤ  ਜੀ’ ਕਰਕੇ ਪ੍ਰਸਿੱਧ ਹੋ ਗਏ।’’
ਸੰਤ ਨਿਸ਼ਚਲ ਸਿੰਘ ਜੀ ਦੇ ਪਿੰਡ ਮਿੱਠੇ ਟਿਵਾਣੇ ਚਾਰ ਗੁਰਦੁਆਰੇ ਸਨ। ਇੱਕ ਉਦਾਸੀਆਂ ਦਾ ਅਤੇ ਤਿੰਨ ਸੇਵਾਪੰਥੀਆਂ ਦੇ, ਸਾਰੇ ਆਪਸ ਵਿੱਚ ਹੀ ਘਿਉ-ਖਿਚੜੀ ਵਾਂਗ ਮਿਲ ਕੇ ਰਹਿੰਦੇ ਸਨ। 1916 ਵਿੱਚ ਗੁਰੂ ਨਾਨਕ ਖ਼ਾਲਸਾ ਹਾਈ ਸਕੂਲ ਚਾਲੂ ਕੀਤਾ। ਜਿਸ ਵਿੱਚ ਅਣਗਿਣਤ ਸਿੱਖ, ਹਿੰਦੂ ਤੇ ਮੁਸਲਮਾਨ ਪੜ੍ਹ ਕੇ ਰੋਜ਼ੀ ਕਮਾ ਰਹੇ ਹਨ। ਪਾਕਿਸਤਾਨ ਬਣਨ ਤੱਕ ਇਹ ਸਕੂਲ ਕਾਮਯਾਬੀ ਨਾਲ ਚੱਲਦਾ ਰਿਹਾ। ਜਦ ਅਕਾਲੀ ਲਹਿਰ ਸ਼ੁਰੂ ਹੋਈ ਤਾਂ ਆਪ ਨੇ ਆਪਣਾ ਕਛਹਿਰਾ, ਤੌਲੀਆ ਲੈ ਕੇ ਜਾਣ ਦੀ ਤਿਆਰੀ ਕਰ ਲਈ, ਪਰ ਆਪ ਦਾ ਤਿਆਗ ਤੇ ਸੇਵਾ ਦੇਖ ਕੇ ਅਕਾਲੀ ਆਗੂਆਂ ਨੇ ਆਪ ਨੂੰ ਉੱਥੇ ਹੀ ‘ਮਹੰਤ’ ਥਾਪ ਦਿੱਤਾ। ਆਪ ਹਰ ਸਮੇਂ ਗੁਰਬਾਣੀ ਦਾ ਪਾਠ ਕਰਦੇ ਰਹਿੰਦੇ ਸਨ।
1926 ਈ: ਵਿੱਚ ਆਪ ਨੇ ਗੋਹਮਲ, ਰਾਵਲਪਿੰਡੀ, ਗੁਜ਼ਰ ਖਾਂ ਆਦਿਕਾਂ ਵਿੱਚ ਫਿਰ ਕੇ ਮੰਡੀ ਬਹਾਉਦੀਨ ਦੀ ਸੇਵਾ ਲਈ। ਮੰਡੀ ਬਹਾਉਦੀਨ ਦੇ ਬਣੇ ਹੋਏ ਡੇਰੇ ਵਿੱਚ ਆਪ ਨੇ ਅੱਠ ਆਨੇ ਦੀ ਉਗਰਾਹੀ ਨਾਲ ਸਕੂਲ ਸ਼ੁਰੂ ਕੀਤਾ। ਉੱਚ ਪੱਧਰ ਤੇ ਵਿਦਿਆਲਾ ਚਾਲੂ ਕੀਤਾ ਤੇ ਦਰਸ਼ਨੀ ਸੰਤਪੁਰਾ ਬਣਾ ਦਿੱਤਾ। ਸੁੰਦਰ ਹਰਿਮੰਦਰ ਤਿਆਰ ਕਰਵਾਇਆ। ਬਹੁਤ ਸੁੰਦਰ ਕਮਰੇ ਸੰਤਾਂ ਨੇ ਵਿਦਿਆਰਥੀਆਂ ਲਈ ਤਿਆਰ ਕੀਤੇ। ਹਰ ਵਕਤ ਲੰਗਰ ਅਤੁੱਟ ਚੱਲਦਾ। 1940 ਈ: ਵਿੱਚ ਆਪ ਯਾਤਰਾ ਟਰੇਨ (ਗੱਡੀ) ਲੈ ਕੇ ਪਟਨਾ ਸਾਹਿਬ ਗਏ। ਸ਼ੁੱਭ ਗੁਰਧਾਮਾਂ ਦੀ ਯਾਤਰਾ ਸੰਗਤਾਂ ਨੂੰ ਕਰਵਾਈ ਤੇ ਉਥੋਂ ਵਾਪਸ ਆਉਂਦਿਆਂ ਡਿਓੜ੍ਹੀ ਬਣਾਉਣ ਦਾ ਸੰਕਲਪ ਲੈ ਕੇ ਆਏ। ਉਸ ਤੋਂ ਦੂਜੇ ਸਾਲ ਜਾ ਕੇ ਸੇਵਾ ਡਿਓੜ੍ਹੀ ਦੀ ਕਰਵਾਈ ਜੋ ਬਹੁਤ ਸੁੰਦਰ ਤਿਆਰ ਕਰਵਾਈ। ਤਖ਼ਤ ਸ਼੍ਰੀ ਪਟਨਾ ਸਾਹਿਬ ਦੀ ਸੇਵਾ ਆਪ ਜੀ ਨੇ ਸੰਪੂਰਨ ਕੀਤੀ ਅਤੇ ਪੰਜਾ ਸਾਹਿਬ ਦੇ ਲੰਗਰ ਵਰਗਾ ਮਿਆਰ ਕਾਇਮ ਕੀਤਾ। ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਦਾ ਆਪ ਨੇ ਟੱਕ ਲਾਇਆ।
 ਸੰਤ ਨਿਸ਼ਚਲ ਸਿੰਘ ਜੀ ਨੇ ਦੇਸ਼ ਵੰਡ ਪਿੱਛੋਂ 1953 ਈ: ਵਿੱਚ 28 ਹਜ਼ਾਰ ਰੁਪਏ ਰਕਮ ਖ਼ਰਚ ਕਰਕੇ, 28 ਵਿੱਘੇ ਜ਼ਮੀਨ ਖ਼ਰੀਦ ਕੇ, 28 ਫ਼ਰਵਰੀ 1953 ਈ: ਨੂੰ ਡੇਰਾ ਸੰਤਪੁਰਾ ਵਸਾਇਆ। ਆਪ ਨੇ ਜਿੰਨੇ ਵੀ ਵਿੱਦਿਅਕ ਆਸ਼ਰਮ, ਹਸਪਤਾਲ ਬਣਾਏ, ਸਭ ਸੰਗਤਾਂ ਨੂੰ ਪੇ੍ਰਨਾ ਦੇ ਕੇ ਲੱਖਾਂ ਰੁਪਏ ਇਕੱਠਾ ਕਰਕੇ ਖ਼ੁਦ ਇਹਨਾਂ ਨੂੰ ਸਿਰੇ ਚਾੜਿਆ।
ਸੰਤ ਨਿਸ਼ਚਲ ਸਿੰਘ ਜੀ ਨੇ ਸਾਰੀ ਉਮਰ ਕਥਾ-ਵਿਖਿਆਨ ਰਾਹੀਂ ਗਿਆਨ ਦਾ ਦੀਵਾ ਜਗਾਇਆ ਇੱਕ ਵਾਰ ਪਟਨਾ ਸਾਹਿਬ ਤੋਂ ਇੱਕ ਰਾਗੀ ਜਥਾ ਆਇਆ। ਉਸ ਨੇ ਕਿਹਾ, ‘‘ਲੰਗਰ ਦੀ ਹਾਲਤ ਪਤਲੀ ਹੈ।’’ ਸੰਤਾਂ ਨੇ ਭਰੇ ਦੀਵਾਨ ਵਿੱਚ ਪ੍ਰਵਚਨ ਕਰਦਿਆਂ ਕਿਹਾ ਸੀ। ਗੁਰੂ ਕੇ ਲੰਗਰ ਦੀ ਹਾਲਤ ਕਦੇ ਪਤਲੀ ਨਹੀਂ ਹੋ ਸਕਦੀ। ਪ੍ਰਬੰਧ ਦੀ ਹਾਲਤ ਪਤਲੀ ਹੁੰਦੀ ਹੈ। ਉਹਨਾਂ ਨੇ ਕੁਝ ਮਿੰਟਾਂ ਵਿੱਚ ਹਜ਼ਾਰਾਂ ਰੁਪਏ ਇਕੱਠੇ ਕਰ ਦਿੱਤੇ। ਇੱਕ ਵਾਰ ਸੰਤ ਜੀ ਕੋਲ ਦੋ ਸ਼ਰਾਬੀ ਆਏ, ਉਹਨਾਂ ਕਿਹਾ, ‘‘ਸਾਡੀ ਅਰਦਾਸ ਕਰੋ ਤਾਂ ਕਿ ਅਸੀਂ ਸ਼ਰਾਬ ਪੀਣੀ ਛੱਡ ਦੇਈਏ।’’ ਆਪ ਜੀ ਉੱਠ ਕੇ ਦਰਬਾਰ ਹਾਲ ਵਿੱਚ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਇਤਨੇ ਤਰਲਿਆਂ ਨਾਲ ਅਰਦਾਸ ਜੋਦੜੀ, ਬੇਨਤੀ ਕੀਤੀ ਜਿਸ ਨਾਲ ਦੋਹਾਂ ਸ਼ਰਾਬੀਆਂ ਦੇ ਨੇਤਰਾਂ ਵਿੱਚੋਂ ਹੰਝੂ ਵਗਣ ਲੱਗ ਪਏ। ਸੰਤ ਨਿਸ਼ਚਲ ਸਿੰਘ ਦੁਖੀਆਂ ਦਾ ਦੁੱਖ ਵੰਡਣ ਵਾਲਾ, ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਨ ਵਾਲਾ, ਦਰਦਵੰਦਾਂ ਦਾ ਦਰਦ ਦੂਰ ਕਰਨ ਵਾਲਾ,  ਭੁੱਖਿਆਂ ਨੂੰ ਰੋਟੀ ਦੇਣ ਵਾਲਾ, ਨਿਆਸਰਿਆਂ ਨੂੰ ਆਸਰਾ ਦੇਣ ਵਾਲਾ, ਪਿਆਸਿਆਂ ਦੀ ਪਿਆਸ ਦੂਰ ਕਰਨ ਵਾਲਾ ਮਹਾਂਪੁਰਸ਼ ਸੀ।
ਸੰਤ ਨਿਸ਼ਚਲ ਸਿੰਘ ਨੇ ਅਨੇਕਾਂ ਵਿੱਦਿਅਕ ਆਸ਼ਰਮ ਬਣਾ ਕੇ ਨਵੀਂ ਪੀੜ੍ਹੀ ਨੂੰ ਸੁਰੱਖਿਅਤ ਕਰਨ ਦਾ ਬੀੜਾ ਬੰਨ੍ਹਆ। ਆਪ ਹਰ ਸਮੇਂ ਸੇਵਾ ਦੇ ਕੰਮ ਵਿੱਚ ਮੂਹਰੇ ਹੁੰਦੇ ਸਨ। ਜਿਸ ਸਮੇਂ ਮਹੰਤ ਗੁਪਾਲ ਸਿੰਘ ‘ਸੇਵਾਪੰਥੀ’ ਪਟਿਆਲਾ ਨੇ ਸਾਹਿਤ ਛਾਪਣ ਦੀ ਵਿਉਂਤ ਬਣਾਈ ਤਾਂ ਸੰਤ ਪੰਡਤ ਨਿਸ਼ਚਲ ਸਿੰਘ ਜੀ ਨੇ ਇਸ ਨੂੰ ਆਪਣਾ ਪੂਰਨ ਅਸ਼ੀਰਵਾਦ ਦਿੱਤਾ ਤੇ ਹਰ ਤਰ੍ਹਾਂ ਦਾ ਮਿਲਵਰਤਣ ਦੇ ਕੇ ਵੱਖੋ-ਵੱਖ ਪੋਥੀਆਂ ਛਪਵਾਈਆਂ। ਪੰਡਤ ਜੀ ਕਹਿੰਦੇ ਸਨ ਕਿ ਹਰ ਉੱਤਮ ਧਰਮ ਪੁਸਤਕ ਸੋਹਣੇ ਰੂਪ ਵਿੱਚ ਪ੍ਰਕਾਸ਼ਿਤ ਹੋਵੇ ਤੇ ਗੁਰਬਾਣੀ ਦੇ ਸ਼ੁੱਧ ਗੁਟਕੇ ਤੇ ਧਰਮ ਪੋਥੀਆਂ ਛਪਾ ਕੇ ਲਾਗਤ ਭੇਟਾ ਉੱਤੇ ਦਿੱਤੀਆਂ ਜਾਣ। ਇਸ ਉਦੇਸ਼ ਲਈ ਉਹਨਾਂ ਨੇ ਡੇਰਾ ਸੰਤਪੁਰਾ ਵਿਖੇ ਇੱਕ ਪਿ੍ਟਿੰਗ ਪ੍ਰੈਸ ਵੀ ਚਾਲੂ ਕੀਤੀ ਤੇ ਮਾਸਿਕ ਪੱਤਰ ‘ਗੁਰ ਸੰਦੇਸ਼’ ਵੀ ਛਪਵਾਉਂਦੇ ਰਹੇ।
ਸੰਤ ਪੰਡਤ ਨਿਸ਼ਚਲ ਸਿੰਘ ਜੀ ਨੇ ਗੁਰੂ ਨਾਨਕ ਹਾਈ ਸਕੂਲ (ਹੁਣ ਸੀਨੀਅਰ ਸੈਕੰਡਰੀ ਸਕੂਲ), ਗੁਰੂ ਨਾਨਕ ਗਰਲਜ਼ ਕਾਲਜ ਤੇ ਭਾਈ ਕਨੱਈਆ ਫ੍ਰੀ ਹਸਪਤਾਲ ਦੀ ਸਥਾਪਨਾ ਕੀਤੀ। ਸੇਵਾ-ਸਿਮਰਨ ਵਿੱਚ ਲੀਨ ਤੇ ਪਰਉਪਕਾਰੀ ਸੰਤ ਪੰਡਤ ਨਿਸ਼ਚਲ ਸਿੰਘ ਜੀ ‘ਸੇਵਾਪੰਥੀ’ 23 ਅਗਸਤ 1978 ਈ: ਨੂੰ 97 ਸਾਲ ਦੀ ਉਮਰ ਬਤੀਤ ਕਰਕੇ ਯਮੁਨਾ ਨਗਰ ਵਿਖੇ ਸੱਚ-ਖੰਡ ਜਾ ਬਿਰਾਜੇ।
r ਸੰਤ ਤਿ੍ਲੋਚਨ ਸਿੰਘ:- ਸੰਤ ਤਿ੍ਲੋਚਨ ਸਿੰਘ ਦਾ ਜਨਮ 16 ਨਵੰਬਰ 1920 ਈ: ਨੂੰ ਪਿਤਾ ਸ੍ਰ: ਰਾਮ ਸਿੰਘ ਦੇ ਘਰ ਮਾਤਾ ਕੇਸਰ ਕੌਰ ਦੀ ਕੁੱਖ ਤੋਂ ਬਲਾਕ ਨੰਬਰ 9, ਜ਼ਿਲ੍ਹਾ ਸਰਗੋਧਾ (ਪਾਕਿਸਤਾਨ) ਵਿਖੇ ਹੋਇਆ। ਆਪ ਸਕੂਲੀ ਵਿੱਦਿਆ ਪੱਖੋਂ ਅਨਪੜ੍ਹ ਸਨ। ਧਾਰਮਿਕ ਵਿਚਾਰਾਂ ਦੇ ਹੋਣ ਕਰਕੇ ਬਚਪਨ ਤੋਂ ਹੀ ਝੁਕਾਅ ਸੇਵਾ ਵੱਲ ਸੀ। ਸਰਗੋਧਾ ਸ਼ਹਿਰ ਵਿੱਚ ਸੇਵਾਪੰਥੀ ਅਸਥਾਨ ਹੋਣ ਕਰਕੇ ਤੇ ਸੰਤ ਨਿਸ਼ਚਲ ਸਿੰਘ ਜੀ ਦੇ ਆਉਣ ਕਰਕੇ ਸ਼ਹਿਰ ਵਿੱਚ ਸੰਗਤਾਂ ਦਾ ਆਉਣਾ-ਜਾਣਾ ਕਾਫ਼ੀ ਸੀ। ਸੰਤ ਨਿਸ਼ਚਲ ਸਿੰਘ ਜੀ ਜਦੋਂ ਭਾਈ ਰਾਮ ਸਿੰਘ ਦੇ ਗ੍ਰਹਿ ਜਾਂਦੇ ਸਨ ਤਾਂ ਸੰਤ ਤਿ੍ਲੋਚਨ ਸਿੰਘ ਬੜੇ ਪੇ੍ਰਮ ਨਾਲ ਸੇਵਾ ਕਰਦੇ ਸਨ। ਭਾਈ ਰਾਮ ਸਿੰਘ ਜੀ ਨੇ ਇੱਕ ਦਿਨ ਸੰਤ ਨਿਸ਼ਚਲ ਸਿੰਘ ਨੂੰ ਕਿਹਾ, ‘‘ਮਹਾਰਾਜ! ਇਹ ਬੱਚਾ ਪੜ੍ਹਦਾ ਨਹੀਂ ਹੈ ਅਤੇ ਨਾ ਹੀ ਕੋਈ ਕੰਮ ਕਰਦਾ ਹੈ।’’ ਤਾਂ ਸੰਤ ਨਿਸ਼ਚਲ ਸਿੰਘ ਜੀ ਨੇ ਕਿਹਾ, ‘‘ਇਹ ਬੱਚਾ ਸਾਨੂੰ ਦੇ ਦਿਉ।’’ ਭਾਈ ਰਾਮ ਸਿੰਘ ਜੀ ਨੇ ਕਿਹਾ, ‘‘ਇਹ ਬੱਚਾ ਤੁਹਾਡਾ ਹੀ ਹੈ, ਤੁਸੀਂ ਆਪਣੇ ਕੋਲ ਰੱਖ ਲਓ।’’ ਸੰਤ ਤਿ੍ਰਲੋਚਨ ਸਿੰਘ ਜੀ ਦੀ ਉਮਰ ਉਸ ਸਮੇਂ 15 ਸਾਲ ਦੀ ਸੀ।
ਦੇਸ਼ ਵੰਡ ਤੋਂ ਬਾਅਦ ਸੰਤ ਨਿਸ਼ਚਲ ਸਿੰਘ ਜੀ ਯਮੁਨਾ ਨਗਰ (ਹਰਿਆਣਾ) ਆਏ ਤਾਂ ਸੰਤ ਤਿ੍ਰਲੋਚਨ ਸਿੰਘ ਵੀ ਪਤਾ ਲੱਗਣ ’ਤੇ ਮਹਾਂਪੁਰਸ਼ਾਂ ਕੋਲ ਆ ਗਏ। ਆਪ ਸੰਤ ਨਿਸ਼ਚਲ ਸਿੰਘ ਜੀ ਦਾ ਹਰ ਬਚਨ ਸਤ ਕਰਕੇ ਮੰਨਦੇ ਸਨ। ਸੰਤ ਤਿ੍ਲੋਚਨ ਸਿੰਘ ਨੂੰ ਪੰਜਾਬੀ ਸੰਤ ਨਿਸ਼ਚਲ ਸਿੰਘ ਜੀ ਨੇ ਪੜ੍ਹਨੀ ਸਿਖਾਈ। ਸੰਤ ਨਿਸ਼ਚਲ ਸਿੰਘ ਜੀ ਦੇ ਅਸ਼ੀਰਵਾਦ ਸਦਕਾ ਹੀ ਸੰਤ ਤਿ੍ਲੋਚਨ ਸਿੰਘ ਪਹਿਲਾਂ ਸੰਤ ਨਿਸ਼ਚਲ ਸਿੰਘ ਜੀ ਨਾਲ ਕਥਾ ਕਰਨ ਸਮੇਂ ਪੋਥੀ ਪੜ੍ਹਨ ਲੱਗ ਗਏ ਅਤੇ ਬਾਅਦ ਵਿੱਚ ਕਥਾ ਵੀ ਕਰਨ ਲੱਗ ਗਏ।  
ਸੰਤ ਤਿ੍ਲੋਚਨ ਸਿੰਘ ਜੀ ਲੰਗਰ ਦੀ ਸੇਵਾ ਕਰਦੇ ਸਨ। ਲੰਗਰ ਤਿਆਰ ਕਰਨਾ, ਆਏ ਗਏ ਸਾਧੂ-ਮਹਾਤਮਾਂ ਦੀ ਸੰਭਾਲ ਕਰਨੀ। ਸੰਤ ਨਿਸ਼ਚਲ ਸਿੰਘ ਜੀ ਨੇ ਖੇਤੀਬਾੜੀ ਦੀ ਸੇਵਾ ਵੀ ਸੰਤ ਜੀ ਨੂੰ ਬਖ਼ਸ਼ ਦਿੱਤੀ। ਆਪ ਹਲ ਵਾਹੁੰਦੇ, ਟਰੈਕਟਰ ਚਲਾਉਂਦੇ। ਸੰਤ ਨਿਸ਼ਚਲ ਸਿੰਘ ਜੀ ਦੇ ਮੁੱਖ ਚੇਲੇ (ਸ਼ਿਸ਼) ਸੰਤ ਜੈ ਦਿਆਲ ਸਿੰਘ ਤੇ ਸੰਤ ਗ਼ਰੀਬ ਸਿੰਘ ਜੀ ਸਨ, ਪਰ ਉਹਨਾਂ ਦੋਵਾਂ ਦਾ ਅੱਗੇ-ਪਿੱਛੇ ਚਲਾਣਾ ਕਰ ਜਾਣ ਉਪਰੰਤ ਸੰਤ ਤਿ੍ਰਲੋਚਨ ਸਿੰਘ ਜੀ ਉੱਪਰ ਸਾਰੀ ਸੇਵਾ ਦੀ ਜ਼ੁੰਮੇਵਾਰੀ ਆ ਗਈ। ਸੰਤ ਨਿਸ਼ਚਲ ਸਿੰਘ ਜੀ ਦੇ ਸੱਚ-ਖੰਡ ਪਿਆਨਾ ਕਰਨ ਜਾਣ ਤੋਂ ਬਾਅਦ ਸੇਵਾਪੰਥੀ ਭੇਖ ਨੇ ਸੰਤ ਤਿ੍ਲੋਚਨ ਸਿੰਘ ਜੀ ਨੂੰ ਦਸਤਾਰਬੰਦੀ ਕਰਕੇ ਝਾੜੂ ਤੇ ਬਾਟਾ ਹੱਥ ਵਿੱਚ ਫੜਾ ਕੇ ਡੇਰਾ ਸੰਤਪੁਰਾ ਯਮੁਨਾ ਨਗਰ (ਹਰਿਆਣਾ) ਦਾ ‘ਮਹੰਤ’ ਥਾਪਿਆ।
ਸੰਤ ਤਿ੍ਲੋਚਨ ਸਿੰਘ ਜੀ ਨੇ ਡੇਰੇ ਵਿੱਚ ਰਹਿੰਦੇ ਹੋਏ ਆਪਣਾ ਜੀਵਨ ਸੇਵਾ ਤੇ ਸਿਮਰਨ ਕਰਦਿਆਂ ਬਤੀਤ ਕੀਤਾ। ਸੰਤ ਨਿਸ਼ਚਲ ਸਿੰਘ ਜੀ ਜਦੋਂ ਵੀ ਦੇਸ਼ ਦੇ ਹੋਰ ਹਿੱਸਿਆਂ ਵਿੱਚ ਨਾਮ-ਬਾਣੀ ਦਾ ਪ੍ਰਚਾਰ ਕਰਨ ਜਾਂਦੇ ਤਾਂ ਸੰਤ ਤਿ੍ਲੋਚਨ ਸਿੰਘ ਹਮੇਸ਼ਾਂ ਉਹਨਾਂ ਦੇ ਨਾਲ ਜਾਇਆ ਕਰਦੇ ਸਨ।
ਸੰਤ ਤਿ੍ਲੋਚਨ ਸਿੰਘ ਨੂੰ ਸੇਵਾ, ਸਿਮਰਨ ਤੇ ਦੁਨਿਆਵੀ ਮੋਹ-ਮਾਇਆ ਤੋਂ ਉਚਾਟ ਰਹਿਣ ਵਾਲੀ ਤਿਆਗੀ ਤੇ ਵੈਰਾਗੀ ਬਿਰਤੀ ਦੀ ਜਾਗ ਬਚਪਨ ਵਿੱਚ ਹੀ ਲੱਗ ਗਈ ਸੀ। ਸੰਤ ਤਿ੍ਰਲੋਚਨ ਸਿੰਘ, ਸੰਤ ਪੰਡਤ ਨਿਸ਼ਚਲ ਸਿੰਘ ਜੀ ਦੇ ਚੇਲੇ ਸਨ। ਆਪ ਜੀ ਦੀ ਸ਼ਖ਼ਸੀਅਤ ਬੜੀ ਪ੍ਰਭਾਵਸ਼ਾਲੀ ਸੀ ਤੇ ਸਮੂਹ ਸੇਵਾਪੰਥੀਆਂ ਵਿੱਚ ਆਪ ਦਾ ਬਹੁਤ ਅਦਬ-ਸਤਿਕਾਰ ਸੀ।
ਸੰਤ ਤਿ੍ਲੋਚਨ ਸਿੰਘ, ਸੰਤ ਨਿਸ਼ਚਲ ਸਿੰਘ ਟਰੱਸਟ ਦੇ ਵਾਈਸ-ਚੇਅਰਮੈਨ ਸਨ। ਸੰਤ ਤਿ੍ਲੋਚਨ ਸਿੰਘ ਜੀ ਨੇ ਸੰਤ ਨਿਸ਼ਚਲ ਸਿੰਘ ਜੀ ਦੀ ਯਾਦ ਵਿੱਚ ਗੁਰਦੁਆਰਾ ਥੜ੍ਹਾ ਸਾਹਿਬ ਜੋੜੀਆਂ ਬਹੁਤ ਸੁੰਦਰ ਅਤੇ ਆਲੀਸ਼ਾਨ ਬਣਾਇਆ। ਮਹੰਤ ਜਵਾਹਰ ਸਿੰਘ ਦੀਵਾਨ ਹਾਲ, ਸ਼੍ਰੀ ਗੁਰੂ ਅਮਰਦਾਸ ਲੰਗਰ ਹਾਲ, ਸੰਤ ਨਿਸ਼ਚਲ ਸਿੰਘ ਪਬਲਿਕ ਸਕੂਲ ਆਪ ਹੱਥੀਂ ਤਿਆਰ ਕਰਵਾਇਆ। ਸੇਵਾ ਦੇ ਕਾਰਜ ਕਰਦਿਆਂ ਸੰਤ ਜੀ ਦੇ ਪੈਰਾਂ ਦੀਆਂ ਬਿਆਈਆਂ ਪਾਟ ਜਾਂਦੀਆਂ ਸਨ। ਸ਼ੁੂਗਰ ਦੀ ਤਕਲੀਫ਼ ਹੋਣ ਕਰਕੇ ਸਰੀਰ ਕਾਫ਼ੀ ਕਮਜ਼ੋਰ ਹੋ ਗਿਆ। ਲੇਕਿਨ ਸੰਤ ਜੀ ਨੇ ਆਪਣੇ ਹੱਥੀਂ ਸੇਵਾ ਕਰਨ ਦਾ ਨੇਮ ਨਹੀਂ ਛੱਡਿਆ। ਸੰਤ ਤਿ੍ਲੋਚਨ ਸਿੰਘ ਡੇਰੇ ਵਿੱਚ ਆਏ ਯਾਤਰੂਆਂ ਨੂੰ ਹੱਥੀਂ ਪ੍ਰਸ਼ਾਦਾ ਛਕਾ ਕੇ ਬਹੁਤ ਪ੍ਰਸੰਨ ਹੁੰਦੇ ਸਨ। ਉਹਨਾਂ ਨੇ 1978 ਤੋਂ 1990 ਈ: ਤੱਕ 12 ਸਾਲ ਡੇਰੇ ਦੀ ਜੋ ਸੇਵਾ ਕੀਤੀ। ਉਹ ਸੰਗਤਾਂ ਤੋਂ ਭੁੱਲੀ ਹੋਈ ਨਹੀਂ। ਸੰਤ ਤਿ੍ਲੋਚਨ ਸਿੰਘ ਜੀ ‘ਸੇਵਾਪੰਥੀ’ 27 ਅਗਸਤ 1990 ਈ: ਨੂੰ 70 ਸਾਲ ਦੀ ਉਮਰ ਬਤੀਤ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ।
ਡੇਰਾ ਸੰਤਪੁਰਾ ਯਮੁਨਾ ਨਗਰ (ਹਰਿਆਣਾ) ਵਿਖੇ ਸ਼੍ਰੀਮਾਨ ਮਹੰਤ ਜਗਮੋਹਨ ਸਿੰਘ ਜੀ ‘ਸੇਵਾਪੰਥੀ’ ਦੀ ਸਰਪ੍ਰਸਤੀ ਹੇਠ ਬ੍ਰਹਮ-ਗਿਆਨੀ ਸੰਤ ਪੰਡਤ ਨਿਸ਼ਚਲ ਸਿੰਘ ਜੀ ‘ਸੇਵਾਪੰਥੀ’ ਦੀ 45ਵੀਂ ਬਰਸੀ ਅਤੇ ਸੰਤ ਤਿ੍ਰਲੋਚਨ ਸਿੰਘ ਜੀ ‘ਸੇਵਾਪੰਥੀ’ ਦੀ 33ਵੀਂ ਪਾਵਨ ਮਿੱਠੀ ਯਾਦ ਵਿੱਚ ਸਾਲਾਨਾ ਯੱਗ-ਸਮਾਗਮ 21, 22 ਤੇ 23 ਅਗਸਤ ਦਿਨ ਸੋਮਵਾਰ, ਮੰਗਲਵਾਰ  ਤੇ ਬੁੱਧਵਾਰ ਨੂੰ ਬੜੇ ਪੇ੍ਮ, ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਤਿੰਨ ਦਿਨ ਸਵੇਰੇ-ਸ਼ਾਮ ਵਿਸ਼ੇਸ਼ ਦੀਵਾਨ ਸਜਣਗੇ। ਜਿਨ੍ਹਾਂ ਵਿੱਚ ਪੰਥ ਦੇ ਪ੍ਰਸਿੱਧ ਰਾਗੀ, ਢਾਡੀ, ਪ੍ਰਚਾਰਕ, ਕਥਾ-ਵਾਚਕ, ਸੰਤ-ਮਹਾਂਪੁਰਸ਼ ਗੁਰੂ ਜਸ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤੇਗਾ।
ਕਰਨੈਲ ਸਿੰਘ ਐੱਮ.ਏ
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ-1, ਚੰਡੀਗੜ੍ਹ ਰੋਡ,
ਜਮਾਲਪੁਰ, ਲੁਧਿਆਣਾ।