ਸਿੱਖ ਫੈੱਡਰੇਸ਼ਨ ਯੂ. ਕੇ. ਦੀ 36ਵੀਂ  ਸਾਲਾਨਾ ਕਨਵੈਨਸ਼ਨ 

ਸਮਾਦਿਕ/ਬਰਮਿਘਮ, ਸਤੰਬਰ 2019-(ਗਿਆਨੀ ਰਵਿਦਾਰਪਾਲ ਸਿੰਘ)- 

ਬਰਤਾਨੀਆ ਦੀ ਸਭ ਤੋਂ ਵੱਡੀ ਰਾਜਨੀਤਕ ਸਰਗਰਮ ਜਥੇਬੰਦੀ ਸਿੱਖ ਫੈਡਰੇਸ਼ਨ ਯੂ. ਕੇ. ਦੀ 36ਵੀਂ ਸਾਲਾਨਾ ਕਨਵੈਨਸ਼ਨ 'ਚ ਤਿੰਨ ਦਿਨ ਚੱਲੇ ਸਮਾਗਮਾਂ 'ਚ ਦੇਸ਼ ਵਿਦੇਸ਼ ਤੋਂ ਹਜ਼ਾਰਾਂ ਸਿੱਖ ਸੰਗਤ ਨੇ ਹਿੱਸਾ ਲਿਆ।ਬਰਮਿਘਮ ਵਿਖੇ ਗੁਰੂ ਨਾਨਕ ਗੁਰਦੁਆਰਾ ਸਮਾਦਿਕ ਚ ਰੱਖੇ ਸਮਾਗਮ ਦੌਰਾਨ ਭੋਗ ਉਪਰੰਤ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਤੋਂ ਇਲਾਵਾ ਰਾਗੀ ਢਾਡੀ ਜਥਿਆਂ ਨੇ ਸੂਰਮੇ ਸਿੰਘਾਂ ਦੇ ਇਤਿਹਾਸ ਨੂੰ ਸੰਗਤ ਸਾਹਮਣੇ ਪੇਸ਼ ਕੀਤਾ । ਵੁਲਵਰਹੈਂਪਟਨ ਦੇ ਬੱਚਿਆਂ ਨੇ ਸ਼ਬਦ ਗਾਇਨ ਕਰਕੇ ਕਾਨਫ਼ਰੰਸ ਦੀ ਆਰੰਭਤਾ ਕੀਤੀ । ਸਿੱਖ ਫੈਡਰੇਸ਼ਨ ਯੂ. ਕੇ. ਦੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ, ਨਰਿੰਦਰਜੀਤ ਸਿੰਘ ਥਾਂਦੀ, ਦਬਿੰਦਰਜੀਤ ਸਿੰਘ ਸਿੱਧੂ, ਕੁਲਦੀਪ ਸਿੰਘ ਚਹੇੜੂ, ਹਰਦੀਸ਼ ਸਿੰਘ, ਕੁਲਵੰਤ ਸਿੰਘ ਮੁਠੱਡਾ, ਗੁਰਦਿਆਲ ਸਿੰਘ ਲਾਲੀ ਜਰਮਨੀ, ਰਘਬੀਰ ਸਿੰਘ ਫਰਾਂਸ, ਗੁਰਪ੍ਰੀਤ ਸਿੰਘ ਜੌਹਲ ਸਮੇਤ ਸਿੱਖ ਫੈਡਰੇਸ਼ਨ ਯੂ. ਕੇ. ਦੀਆਂ ਵੱਖ-ਵੱਖ ਸ਼ਹਿਰਾਂ ਦੀਆਂ ਬਰਾਂਚਾਂ ਦੇ ਨੁਮਾਇੰਦਿਆਂ ਨੇ ਅੱਜ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਆਖਿਆ ਸਿੱਖ ਕੌਮ ਆਪਣੀ ਹੋਂਦ ਅਤੇ ਹੱਕਾਂ ਨੂੰ ਲੈ ਕੇ ਸੰਘਰਸ਼ ਕਰ ਰਹੀ ਹੈ ਉਸ ਲੜਾਈ ਵਿਚ ਹੋਸ ਅਤੇ ਚੰਗੀ ਸੋਚ ਨਾਲ ਪਹਿਰਾ ਦਿੱਤਾ ਜਾਵੇ।ਇਸੇ ਲੜੀ ਤਹਿਤ ਇਸ ਮੌਕੇ ਯੂ. ਕੇ. ਦੀ 2021 ਦੀ ਮਰਦਮਸ਼ੁਮਾਰੀ 'ਚ ਸਿੱਖਾਂ ਦੀ ਵੱਖਰੀ ਗਿਣਤੀ ਲਈ ਕਾਨੂੰਨੀ ਕਾਰਵਾਈ ਤੋਂ ਜਾਣੂ ਕਰਵਾਇਆ । ਹਮੇਸ਼ਾ ਦੀ ਤਰਾਂ ਸਾਬਕਾ ਮੰਤਰੀ ਜੌਹਨ ਸਪੈਲਰ ਨੇ ਸਿੱਖਾਂ ਦੇ ਬਰਤਾਨੀਆ ਲਈ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ । ਐਮ. ਪੀ. ਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਸਾਨੂੰ ਆਪਣੇ ਹੱਕ ਸਰਕਾਰ ਤੋਂ ਮੰਗਣੇ ਚਾਹੀਦੇ ਹਨ । ਉਨ੍ਹਾਂ ਜਨਗਣਨਾ, ਜੱਗੀ ਜੌਹਲ ਅਤੇ ਹੋਰ ਸਿੱਖ ਮਸਲਿਆਂ ਸਬੰਧੀ ਸਰਕਾਰ ਨਾਲ ਚੱਲ ਰਹੀਆਂ ਗੱਲਾਂ ਤੋਂ ਵੀ ਜਾਣੂ ਕਰਵਾਇਆ । ਸਟੇਜ ਦੀ ਕਾਰਵਾਈ ਭਾਈ ਨਰਿੰਦਰਜੀਤ ਸਿੰਘ ਥਾਂਦੀ ਅਤੇ ਦਬਿੰਦਰਜੀਤ ਸਿੰਘ ਨੇ ਨਿਭਾਈ ।