ਸੰਤ ਬਾਬਾ ਸੁਚਾ ਸਿੰਘ ਦੀ ਬਰਸੀ ਦੀਆਂ ਤਿਆਰੀਆਂ ‘ਚ ਰੁਝਿਆਂ ਨੇ ਵੀ ਹਫਤਾਵਾਰੀ ਨਾਮ ਸਿਮਰਨ ਅਭਿਆਸ ਸਮਾਗਮ ‘ਚ ਜੁੜਨ ਵਾਲਾ ਪੱਖ ਨਹੀਂ ਵਿਸਾਰਿਆ

ਲੁਧਿਆਣਾ 20 ਅਗਸਤ (ਕਰਨੈਲ ਸਿੰਘ ਐੱਮ.ਏ)-ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਗੁਰਪੁਰਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਬਾਨੀ ‘ਜਵੱਦੀ ਟਕਸਾਲ’ ਦੀ 21 ਵੀਂ ਸਲਾਨਾਂ ਬਰਸੀ ਸਮਾਗਮਾਂ ਨੂੰ ਸਮਰਪਿਤ 24 ਤੋਂ 27 ਅਗਸਤ ਦਰਮਿਆਨ ਵੱਡੇ ਪੱਧਰ ‘ਤੇ ਹੋਣ ਵਾਲੇ ਬਰਸੀ ਸਮਾਗਮਾਂ ਦੀਆਂ ਤਿਆਰੀਆਂ ‘ਚ ਜੁੜੇ ਸ਼ਰਧਾਲੂ ਸੇਵਾਦਰਾਂ/ਪ੍ਰਬੰਧਕਾਂ ਨੇ ਅੱਜ ਹਫਤਾਵਾਰੀ ਨਾਮ ਸਿਮਰਨ ਅਭਿਆਸ ਸਮਾਗਮ ‘ਚ ਜੁੜਨ ਵਾਲਾ ਪੱਖ ਨਾ ਵਿਸਾਰਿਆ। ਪਹਿਲਾਂ ਦੀ ਤਰ੍ਹਾਂ ਹੀ ਸੰਗਤੀ ਰੂਪ ‘ਚ ਜੁੜੀਆਂ ਸੰਗਤਾਂ ਨੂੰ ਰੁਹਾਨੀ ਪ੍ਰਵਚਨਾਂ ਦੀ ਸਾਂਝ ਪਾਉਦਿਆਂ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਸਮਝਾਇਆ ਕਿ ਸਾਨੂੰ ਇਹ ਮਨੁੱਖਾ ਦੇਹੀ, ਇਹ ਅਸਲ ‘ਚ ਪ੍ਰਮਾਤਮਾਂ ਦਾ ਸਿਮਰਨ ਕਰਨ ਲਈ, ਉਸ ਪ੍ਰਮਾਤਮਾਂ ਦੇ ਗੁਣਾਂ ਦੀ ਵਿਚਾਰ ਕਰਨ ਲਈ ਅਤੇ ਉਨ੍ਹਾਂ ਦਾ ਆਤਮਸਾਤ ਕਰਨ ਲਈ, ਆਪਣਾ ਜੀਵਨ ਸਫਲ ਬਣਾਉਣ ਲਈ ਹੀ ਨਸੀਬ ਹੋਈ ਹੈ। ਨਾਮ ਸਿਮਰਨ-ਨਾਮ ਜਪਣ ਦਾ ਅਰਥ ਵੀ ਇਹੀ ਹੈ, ਕਿ ਇਹ ਉਸ ਪਰਮਸੱਤਾ ਦੇ ਗੁਣਾਂ ਦਾ ਸੁਚੇਤ ਪੱਧਰ ਤੇ ਚਿੰਤਨ ਮੰਥਨ ਕਰਨਾ, ਸੁਝਵਾਨ ਹੋਣਾ ਅਤੇ ਗੁਣਵਾਨ ਹੋਣਾ ਹੈ। ਬਾਬਾ ਜੀ ਨੇ ਪਰਮ ਤੱਤ ਨਾਲ ਸਾਂਝ ਕਿਵੇਂ ਪਵੇ ਵਿਸ਼ੇ ਨੂੰ ਗਹਿਰਾਈ ਨਾਲ ਸਮਝਾਉਦਿਆਂ ਸੰਤ ਬਾਬਾ ਸੁਚਾ ਸਿੰਘ ਜੀ ਦੇ ਜੀਵਨ ਦੇ ਹਵਾਲਿਆਂ ਨਾਲ ਸਮਝਾਇਆ ਕਿ ਨਿਊਣਾ-ਸਹਾਰਨਾ-ਮਿੱਠ ਬੋਲਣਾ ਵਰਗੇ ਤਿੰਨ ਗੁਣ ਉਨ੍ਹਾਂ ਅੰਦਰ ਵਸੇ ਹੋਏ ਸਨ, ਜਿਨ੍ਹਾਂ ਬਦੌਲਤ ਉਨ੍ਹਾਂ ਆਪਣੇ ਹਿਰਦੇ ਅੰਦਰ ਪ੍ਰਮਾਤਮਾ ਰੂਪੀ “ਖਸਮ”ਨੂੰ ਵਸਾਇਆ। ਉਨ੍ਹਾਂ ਸੰਗਤਾਂ ਨੂੰ ਬਰਸੀ ਸਮਾਗਮਾਂ ਸਬੰਧੀ ਉਲੀਕੀ ਵਿਉਤਬੰਦੀ ਸਬੰਧੀ ਵੀ ਸੰਗਤਾਂ ਨੂੰ ਜਾਣੂ ਕਰਵਾਉਦਿਆਂ ਸਥਾਨਕ ਸ਼ਰਧਾਲੂ ਸੰਗਤ ਨੂੰ ਦੂਰ-ਦਰਾਜ਼ ਤੋਂ ਆਉਣ ਵਾਲੀ ਸੰਗਤ ਦੀ ਸੇਵਾ-ਸੰਭਾਲ ‘ਚ ਪ੍ਰਬੰਧਕਾਂ ਨੂੰ ਉਸਾਰੂ ਸਹਿਯੋਗ ਦੇਣ ਦੇ ਨਾਲ-ਨਾਲ ਸੇਵਾਵਾਂ ਦੀ ਜਿਮੇਵਾਰੀ ਨਿਭਾਉਣ ਲਈ ਪ੍ਰੇਰਿਆ।