ਦਿੱਲੀ ਕਮੇਟੀ ਪ੍ਰਬੰਧਕਾਂ ਦੀਆਂ ਨੀਤੀਆਂ ਕੌਮਘਾਤੀ ਅਤੇ ਸਰਕਾਰ ਪ੍ਰਸਤ: ਜੀਕੇ

ਪੰਥਕ ਅਦਾਰੇ ਖ਼ਤਮ ਹੋਣ ਦੀ ਕਗਾਰ ਤੇ

ਨਵੀਂ ਦਿੱਲੀ 20 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਜਾਗੋ ਪਾਰਟੀ ਵੱਲੋਂ "ਸੰਗਤ ਮਿਲਣੀ" ਪ੍ਰੋਗਰਾਮ ਨਾਮ ਉਤੇ ਲੜੀਵਾਰ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਸ ਲੜੀ ਹੇਠ ਜਾਗੋ ਪਾਰਟੀ ਦੇ ਸੀਨੀਅਰ ਆਗੂ ਸ. ਬਖਸ਼ੀਸ਼ ਸਿੰਘ ਵੱਲੋਂ ਚਾਂਦ ਨਗਰ ਵਿਖੇ ਰੱਖੀ ਗਈ "ਸੰਗਤ ਮਿਲਣੀ" ਦੌਰਾਨ ਜਾਗੋ ਪਾਰਟੀ ਦੇ ਮੋਢੀ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਨੇ ਦਿੱਲੀ ਕਮੇਟੀ ਪ੍ਰਬੰਧਕਾਂ ਦੀ ਕਥਿਤ ਕੌਮਘਾਤੀ ਨੀਤੀਆਂ ਬਾਰੇ ਸੰਗਤਾਂ ਨੂੰ ਤਫਸੀਲ ਨਾਲ ਜਾਣਕਾਰੀ ਦਿੱਤੀ। ਮੀਟਿੰਗ ਦੌਰਾਨ ਜੀਕੇ ਨੇ ਦਿੱਲੀ ਕਮੇਟੀ ਪ੍ਰਬੰਧਕਾਂ ਉਤੇ ਤਿੱਖੇ ਸ਼ਬਦੀ ਹਮਲੇ ਕਰਦੇ ਹੋਏ ਪੰਥਕ ਮਸਲਿਆਂ ਉਤੇ ਦਿੱਲੀ ਕਮੇਟੀ ਆਗੂਆਂ ਦੇ ਡੰਗ ਟਪਾਊ ਵਤੀਰੇ ਉਤੇ ਬੜੇ ਸਵਾਲ ਚੁੱਕੇ। ਜੀਕੇ ਨੇ ਗੁਰਦੁਆਰਾ ਪ੍ਰਬੰਧ ਵਿਚ ਵਧਦੀ ਸਰਕਾਰੀ ਦਖਲ ਅੰਦਾਜੀ ਉਤੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਯਾਰ ਉਹ ਸਾਡੇ ਘਰ 'ਚ ਵੜ ਕੇ ਮਾਰਦੇ ਪਏ ਨੇ, ਪਰ ਦਿੱਲੀ ਕਮੇਟੀ ਬੋਲਦੀ ਨਹੀਂ ਪਈ। ਸ਼੍ਰੋਮਣੀ ਕਮੇਟੀ ਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦਾ ਐਕਟ ਕ੍ਰਮਵਾਰ ਹਰਿਆਣਾ ਅਤੇ ਮਹਾਰਾਸ਼ਟਰ ਵਿਚ ਮੁਅੱਤਲ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਐਕਟ ਦੀ ਭੂਗੋਲਿਕ ਸਥਿਤੀ ਨੂੰ ਛਿੱਕੇ ਟੰਗ ਕੇ ਹਰਿਆਣਾ ਕਮੇਟੀ ਬਣਾ ਦਿੱਤੀ ਗਈ ਹੈ। ਇਸੇ ਤਰ੍ਹਾਂ ਹਜ਼ੂਰ ਸਾਹਿਬ ਐਕਟ ਨੂੰ ਮੁਅੱਤਲ ਕਰਕੇ ਸਰਕਾਰੀ ਪ੍ਰਸ਼ਾਸਕ ਨਿਯੁਕਤ ਕੀਤੇ ਜਾ ਰਹੇ ਹਨ। ਦਿੱਲੀ ਕਮੇਟੀ ਐਕਟ ਵਿਚ ਵੀ ਸੋਧ ਦੀ ਕਨਸੋਅ ਹੈ। ਸਰਕਾਰ ਸਿੱਖਾਂ ਕੋਲ ਗੁਰਦੁਆਰਿਆਂ ਦਾ ਪ੍ਰਬੰਧ ਖੋਹ ਕੇ ਆਪਣੇ ਏਜੰਟਾਂ ਕੋਲ ਰੱਖਣ ਦੀ ਜੁਗਤ ਵਿਚ ਲਗੀ ਹੋਈ ਹੈ। ਭਾਖੜਾ ਡੈਮ ਦੇ ਪ੍ਰਬੰਧਕੀ ਬੋਰਡ ਅਤੇ ਚੰਡੀਗੜ੍ਹ ਪ੍ਰਸ਼ਾਸਨ ਵਿਚ ਪੰਜਾਬ ਦੀ ਹਿੱਸੇਦਾਰੀ ਖੋਹ ਲਈ ਗਈ ਹੈ। ਪੰਜਾਬ ਵਿਚ ਹੁਣ ਆਏ ਹੜ੍ਹਾ ਪਿਛੇ ਕੇਂਦਰ ਸਰਕਾਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਕਾਰਨ ਹਨ। ਯੂਨੀਫ਼ਾਰਮ ਸਿਵਿਲ ਕੋਡ ਉਤੇ ਦਿੱਲੀ ਕਮੇਟੀ ਦਾ ਰਵਈਆ ਸਰਕਾਰ ਪੱਖੀ ਹੈ।
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਆਰਥਿਕ ਮੰਦਹਾਲੀ ਲਈ ਦਿੱਲੀ ਕਮੇਟੀ ਪ੍ਰਬੰਧਕਾਂ ਦੀਆਂ ਗਲਤੀਆਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਜੀਕੇ ਨੇ ਕਿਹਾ ਕਿ ਮੇਰੇ ਅਸਤੀਫ਼ਾ ਦੇਣ ਤੋਂ ਬਾਅਦ ਹੁਣ 10000 ਬੱਚਾ ਸਕੂਲ ਛੱਡ ਗਿਆ ਹੈ। ਛੇਵੇਂ ਤਨਖਾਹ ਕਮਿਸ਼ਨ ਦਾ ਬਕਾਇਆ ਤਾਂ ਛਡੋ ਇਹ ਹੁਣ ਤਨਖਾਹਾਂ ਦੇਣ ਲਈ ਮੁਹਤਾਜ ਹਨ। ਕੋਵਿਡ ਦੇ ਸਮੇਂ ਦੀ ਇੱਕ ਸਾਲ ਦੀ 40 ਫੀਸਦੀ ਤਨਖਾਹ ਸਕੂਲ ਸਟਾਫ ਨੂੰ ਮਿਲਣੀ ਬਾਕੀ ਹੈ। ਇਸ ਤੋਂ ਇਲਾਵਾ ਇਸ ਵੇਲੇ 5 ਕਰੋੜ ਰੁਪਏ ਮਹੀਨੇ ਦਾ ਸਕੂਲਾਂ ਦਾ ਘਾਟਾ ਅਤੇ 311 ਕਰੋੜ ਰੁਪਏ ਦੀ ਦੇਣਦਾਰੀ ਖੜ੍ਹੀ ਹੈ। ਮੇਰੇ ਸਮੇਂ ਅਸੀਂ ਤਨਖਾਹਾਂ ਵੀ ਸਮੇਂ ਉਤੇ ਦਿੱਤੀਆਂ ਹਨ, ਛੇਵਾਂ‌ ਤਨਖਾਹ ਕਮਿਸ਼ਨ ਵੀ ਲਾਗੂ ਕੀਤਾ ਸੀ ਅਤੇ ਛੇਵੇਂ ਤਨਖਾਹ ਕਮਿਸ਼ਨ ਦਾ 65 ਕਰੋੜ ਰੁਪਏ ਬਕਾਇਆ ਵੀ ਦਿੱਤਾ ਸੀ। ਜੀਕੇ ਨੇ ਦਾਅਵਾ ਕੀਤਾ ਕਿ 1984 ਦੇ ਇਨਸਾਫ਼ ਦੀ ਲੜਾਈ ਇਸ ਵੇਲੇ ਲੀਹੋਂ ਲੱਥ ਚੁੱਕੀ ਹੈ। ਅਸੀਂ ਜਨੂੰਨ ਨਾਲ ਲੜਾਈ ਲੜ ਕੇ ਸੱਜਣ ਕੁਮਾਰ ਨੂੰ ਜੇਲ੍ਹ ਭਿਜਵਾਇਆ ਸੀ। ਜਿਸ ਕਰਕੇ 5 ਸਾਲ ਤੋਂ ਸੱਜਣ ਕੁਮਾਰ ਜੇਲ੍ਹ ਵਿਚ ਬੰਦ ਹੈ। ਪਰ ਹੁਣ ਅਸੀਂ ਜਿਹੜਾ ਜਗਦੀਸ਼ ਟਾਈਟਲਰ ਨੂੰ ਕਾਨੂੰਨੀ ਘੇਰਾ ਪਾਕੇ ਲੈ ਕੇ ਆਏ ਸੀ, ਇਨ੍ਹਾਂ ਨੇ ਉਸ ਨੂੰ ਵੀ ਵਾਪਸ ਭਜਣ ਦਾ ਰਾਹ ਦੇ ਦਿੱਤਾ ਹੈ। ਪਹਿਲਾਂ ਇਹ ਟਾਈਟਲਰ ਨੂੰ ਜ਼ਮਾਨਤ ਲੈਣ ਤੋਂ ਨਹੀਂ ਰੋਕ ਪਾਏ ਤੇ ਫਿਰ ਹੁਣ ਟਾਈਟਲਰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਭੁਗਤਣ ਦਾ ਆਦੇਸ਼ ਵੀ ਕੋਰਟ ਤੋਂ ਲੈ ਗਿਆ ਹੈ। ਇਸ ਮੌਕੇ ਜਾਗੋ ਪਾਰਟੀ ਦੇ ਸਕੱਤਰ ਜਨਰਲ ਡਾਕਟਰ ਪਰਮਿੰਦਰ ਪਾਲ ਸਿੰਘ ਨੇ ਸਟੇਜ ਸੰਚਾਲਨ ਕੀਤਾ। ਸਾਬਕਾ ਦਿੱਲੀ ਕਮੇਟੀ ਮੈਂਬਰ ਹਰਜਿੰਦਰ ਸਿੰਘ, ਜਾਗੋ ਪਾਰਟੀ ਆਗੂ ਹਰਵਿੰਦਰ ਸਿੰਘ, ਪਰਮਜੀਤ ਸਿੰਘ ਮੱਕੜ, ਸੁਖਮਨ ਸਿੰਘ, ਚਰਨਪ੍ਰੀਤ ਸਿੰਘ ਭਾਟੀਆ, ਮਨਜੀਤ ਸਿੰਘ, ਤੇਜ਼ ਪ੍ਰਤਾਪ ਸਿੰਘ ਅਤੇ ਓਕਾਂਰਜੋਤ ਸਿੰਘ ਆਦਿਕ ਇਸ ਮੌਕੇ ਮੌਜੂਦ ਸਨ।