ਪੰਜਾਬ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬੋਟੈਨੀਕਲ ਗਾਰਡਨ ਤੋਂ ਰੁੱਖ ਲਾਉਣ ਦੀ ਮੁਹਿੰਮ ਆਰੰਭ ਹੋਈ

ਲੁਧਿਆਣਾ 8 ਅਗਸਤ (ਟੀ. ਕੇ. 
 

ਅੱਜ ਪੀ.ਏ.ਯੂ. ਵਿੱਚ ਹੋਏ ਇੱਕ ਵਿਸ਼ੇਸ਼ ਸਮਾਰੋਹ ਵਿੱਚ ਰੁੱਖ ਲਾਉਣ ਦੀ ਮੁਹਿੰਮ ਦਾ ਆਰੰਭ ਕੀਤਾ ਗਿਆ | ਕਲੀਨ ਐਂਡ ਗਰੀਨ ਪੀ.ਏ.ਯੂ. ਕੈਂਪਸ ਮੁਹਿੰਮ ਤਹਿਤ ਯੂਨੀਵਰਸਿਟੀ ਦੇ ਡਾਇਮੰਡ ਜੁਬਲੀ ਵਰ•ੇ ਨੂੰ ਸਮਰਪਿਤ ਇਸ ਮੁਹਿੰਮ ਦਾ ਆਗਾਜ਼ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਆਪਣੇ ਕਰ-ਕਮਲਾਂ ਨਾਲ ਕੀਤਾ | ਬੋਟੈਨੀਕਲ ਗਾਰਡਨ ਵਿੱਚ ਰੁੱਖ ਲਾਉਣ ਦੀ ਇਸ ਵਿਸ਼ੇਸ਼ ਮੁਹਿੰਮ ਵਿੱਚ ਯੂਨੀਵਰਸਿਟੀ ਦੇ ਉੱਚ ਅਧਿਕਾਰੀ ਅਤੇ ਕਰਮਚਾਰੀ ਸ਼ਾਮਿਲ ਹੋਏ | ਇਸ ਸਮਾਰੋਹ ਨੂੰ ਮਿਲਖ ਦਫਤਰ ਨੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਤੋਂ ਇਲਾਵਾ ਬੋਟਨੀ ਵਿਭਾਗ ਅਤੇ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਦੇ ਸਹਿਯੋਗ ਨਾਲ ਵਿਉਂਤਿਆ ਸੀ |
 ਇਸ ਮੌਕੇ ਗੱਲਬਾਤ ਕਰਦਿਆਂ ਵਾਈਸ ਚਾਂਸਲਰ ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਬੋਟੈਨੀਕਲ ਗਾਰਡਨ ਵਿੱਚ ਦੁਰਲਭ ਬੂਟਿਆਂ ਦਾ ਜ਼ਖੀਰਾ ਮੌਜੂਦ ਹੈ ਜਿਨ੍ਹਾਂ ਵਿੱਚ ਔਸ਼ਧੀ ਪੌਦੇ, ਮਹਿਕਦਾਰ ਪੌਦੇ ਅਤੇ ਮਸਾਲੇਦਾਰ ਪੌਦੇ ਸ਼ਾਮਿਲ ਹਨ | ਇਸ ਤੋਂ ਇਲਾਵਾ 50 ਕਿਸਮਾਂ ਦਾ ਕੈਕਟਸ ਵੀ ਇਸ ਬਾਗ ਵਿੱਚ ਮੌਜੂਦ ਹੈ | ਡਾ. ਗੋਸਲ ਨੇ ਵਾਤਾਵਰਨ ਦੀ ਸੰਭਾਲ ਅਤੇ ਕੁਦਰਤੀ ਸਰੋਤਾਂ ਦੀ ਸੁਰੱਖਿਆ ਬਾਰੇ ਯੂਨੀਵਰਸਿਟੀ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ | ਉਹਨਾਂ ਕਿਹਾ ਕਿ ਮੁੱਖ ਮੰਤਵ ਬੋਟੈਨੀਕਲ ਗਾਰਡਨ ਨੂੰ ਵਿਦਿਆਰਥੀਆਂ ਅਤੇ ਬਨਸਪਤੀ ਖੋਜੀਆਂ ਲਈ ਸਾਜ਼ਗਾਰ ਮਾਹੌਲ ਵਿੱਚ ਢਾਲਣਾ ਹੈ |
 ਵਾਈਸ ਚਾਂਸਲਰ ਡਾ. ਗੋਸਲ ਨੇ ਵਾਤਾਵਰਨ ਪ੍ਰੇਮੀਆਂ ਅਤੇ ਆਮ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਾਉਣ ਦੀ ਅਪੀਲ ਕੀਤੀ | ਉਹਨਾਂ ਕਿਹਾ ਕਿ ਬਦਲਦੇ ਮੌਸਮੀ ਦ੍ਰਿਸ਼ ਵਿੱਚ ਕੁਦਰਤੀ ਸਰੋਤਾਂ ਦੇ ਸਮਤੋਲ ਨੂੰ ਬਣਾਈ ਰੱਖਣ ਲਈ ਸਾਨੂੰ ਬਹੁਤ ਸਾਰੇ ਰੁੱਖਾਂ ਦੀ ਲੋੜ ਹੈ | ਉਹਨਾਂ ਨੇ ਇਸ ਮੌਕੇ ਖੇਤੀ ਦੇ ਨਾਲ-ਨਾਲ ਔਸ਼ਧੀ ਅਤੇ ਸਜਾਵਟੀ ਪੌਦਿਆਂ ਦੀ ਬੋਟੈਨੀਕਲ ਗਾਰਡਨ ਵਿੱਚ ਮੌਜੂਦਗੀ ਬਾਰੇ ਵੀ ਗੱਲਬਾਤ ਕੀਤੀ | ਕੁਦਰਤ ਦੀ ਜੈਵਿਕ ਭਿੰਨਤਾ ਦੇ ਮਹੱਤਵ ਤੋਂ ਗੱਲ ਕਰਦਿਆਂ ਡਾ. ਗੋਸਲ ਨੇ ਕਿਹਾ ਮੌਜੂਦਾ ਸਮੇਂ ਬਨਸਪਤੀ ਬਗੀਚੇ ਲੋਕਾਂ ਨੂੰ ਆਪਣੇ ਘਰਾਂ ਅਤੇ ਆਸ-ਪਾਸ ਦੇ ਸਾਂਝੇ ਸਥਾਨਾਂ ਵਿੱਚ ਵੱਧ ਤੋਂ ਵੱਧ ਰੁੱਖ ਲਾਉਣ ਲਈ ਪ੍ਰੇਰਿਤ ਕਰ ਸਕਦੇ ਹਨ |
 ਮਿਲਖ ਅਧਿਕਾਰੀ ਡਾ. ਰਿਸ਼ੀਇੰਦਰ ਸਿੰਘ ਗਿੱਲ ਨੇ ਇਸ ਸਮਾਰੋਹ ਵਿੱਚ ਸਵਾਗਤ ਦੇ ਸ਼ਬਦ ਕਹਿੰਦਿਆਂ ਪੀ.ਏ.ਯੂ. ਕੈਂਪਸ ਨੂੰ ਹੋਰ ਹਰਾ ਭਰਾ ਅਤੇ ਸਾਫ਼-ਸੁਥਰਾ ਬਨਾਉਣ ਲਈ ਸਮੂਹ ਕਰਮਚਾਰੀਆਂ ਅਤੇ ਅਧਿਆਪਕਾਂ ਨੂੰ ਸੱਦਾ ਦਿੱਤਾ | ਉਹਨਾਂ ਕਿਹਾ ਕਿ ਕੁਝ ਸਾਲ ਪਹਿਲਾਂ ਯੂਨੀਵਰਸਿਟੀ ਨੇ ਕਲੀਨ ਐਂਡ ਗਰੀਨ ਕੈਂਪਸ ਦਾ ਐਵਾਰਡ ਜਿੱਤਿਆ ਸੀ | ਇਸ ਨੂੰ ਹੋਰ ਸਾਫ ਸੁਥਰਾ ਅਤੇ ਹਰਿਆਲੀ ਭਰਪੂਰ ਬਨਾਉਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ |
 ਇਸ ਮੌਕੇ ਫਲੋਰੀਕਲਚਰ ਲੈਂਡਸਕੇਪਿੰਗ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਬੋਟੈਨੀਕਲ ਗਾਰਡਨ ਦੀ ਪੁਰਾਣੀ ਸ਼ਾਨ ਨੂੰ ਬਹਾਲ ਕਰਨਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ | ਉਹਨਾਂ ਕਿਹਾ ਕਿ ਬੋਟੈਨੀਕਲ ਗਾਰਡਨ ਵਿੱਚ ਦੁਰਲਭ ਬੂਟਿਆਂ ਦੀ ਸੰਭਾਲ ਨਾਲ ਬਹੁਤ ਸਾਰੇ ਜੀਵਾਂ, ਪੰਛੀਆਂ ਅਤੇ ਖੋਜੀਆਂ ਨੂੰ ਟਿਕਾਣਾ ਮਿਲੇਗਾ |
 ਪੀ.ਏ.ਯੂ. ਦੀ ਮੁਹਿੰਮ ਨੂੰ ਸਹਿਯੋਗ ਕਰਨ ਲਈ ਦੇਹਰਾਦੂਨ ਦੀ ਗੈਰ ਸਰਕਾਰੀ ਸੰਸਥਾ ਸੰਕਲਪ ਨੇ 400 ਸਜਾਵਟੀ ਬੂਟੇ ਭੇਂਟ ਕੀਤੇ ਹਨ | ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਇਹ ਬੂਟੇ ਪੀ.ਏ.ਯੂ. ਵਿੱਚ ਵੱਖ-ਵੱਖ ਥਾਵਾਂ ਤੇ ਲਾਏ ਜਾਣਗੇ |

ਲੁਧਿਆਣਾ ਦੇ ਸਾਰੇ ਡਾਕਘਰਾਂ 'ਚ ਰਾਸ਼ਟਰੀ ਝੰਡੇ ਉਪਲਬਧ - ਡਾ. ਅਮਨਪ੍ਰੀਤ ਸਿੰਘ

ਲੁਧਿਆਣਾ, 8 ਅਗਸਤ (ਟੀ ਕੇ ) - ਡਾਕਘਰ ਲੁਧਿਆਣਾ ਦੇ ਸੀਨੀਅਰ ਸੁਪਰਡੈਂਟ ਡਾ. ਅਮਨਪ੍ਰੀਤ ਸਿੰਘ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਡਾਕ ਵਿਭਾਗ ਹਰ ਘਰ ਤਿਰੰਗਾ-2023 ਮੁਹਿੰਮ ਤਹਿਤ ਸਾਰੇ ਡਾਕਘਰਾਂ ਵਿੱਚ ਨਾਗਰਿਕਾਂ ਨੂੰ ਰਾਸ਼ਟਰੀ ਝੰਡੇ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਸਦੇ ਤਹਿਤ ਨਾਗਰਿਕਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ 13-15 ਅਗਸਤ ਤੱਕ ਆਪਣੇ-ਆਪਣੇ ਘਰਾਂ 'ਤੇ ਰਾਸ਼ਟਰੀ ਝੰਡਾ ਲਹਿਰਾਉਣ। ਉਨ੍ਹਾਂ ਅੱਗੇ ਦੱਸਿਆ ਕਿ ਰਾਸ਼ਟਰੀ ਝੰਡੇ ਡਾਕਘਰਾਂ ਵਿਖੇ ਉਪਲਬਧ ਕਰਵਾਏ ਗਏ ਹਨ, ਜਿਨ੍ਹਾਂ ਨੂੰ ਸਿਰਫ 25 ਰੁਪਏ ਪ੍ਰਤੀ ਝੰਡਾ ਦੇ ਕੇ ਖਰੀਦ ਸਕਦੇ ਹਨ।

ਡਾ. ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਡਾਕ ਵਿਭਾਗ ਭਾਰਤ ਦੇ ਲੋਕਾਂ ਨੂੰ ਘਰ-ਘਰ ਅਤੇ ਡਾਕਖਾਨੇ ਦੇ ਕਾਊਂਟਰਾਂ ੋਤੇ ਤਿਰੰਗਾ ਮੁਹੱਈਆ ਕਰਵਾ ਕੇ ਲੋਕਾਂ ਦੀ ਸਹੂਲਤ ਲਈ ਅਹਿਮ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਘਰ ਤਿਰੰਗਾ ਮੁਹਿੰਮ ਨੂੰ ਸ਼ਾਨਦਾਰ ਢੰਗ ਨਾਲ ਸਫ਼ਲ ਬਣਾਉਣ ਲਈ ਅਤੇ ਆਪਣੇ ਪਿਆਰੇ ਦੇਸ਼ ਪ੍ਰਤੀ ਦੇਸ਼ ਭਗਤੀ ਦਾ ਜਜ਼ਬਾ ਦਿਖਾਉਣ ਲਈ ਜ਼ਰੂਰੀ ਹੈ ਕਿ ਭਾਰਤ ਦਾ ਹਰ ਨਾਗਰਿਕ ਇਸ ਮੁਹਿੰਮ ਦੌਰਾਨ ਆਪਣਾ ਯੋਗਦਾਨ ਦੇਵੇ।
 
ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਡਾਕ ਅਧਿਕਾਰੀਆਂ ਤੋਂ ਰਾਸ਼ਟਰੀ ਝੰਡਾ ਲੈਣ ਵਿੱਚ ਦਿੱਕਤ ਆਉਂਦੀ ਹੈ ਤਾਂ ਉਹ ਲੋਕ ਸੰਪਰਕ ਇੰਸਪੈਕਟਰ ਨਾਲ ਸੰਪਰਕ ਕਰ ਸਕਦੇ ਹਨ।

ਕਿਸਾਨਾਂ-ਮਜਦੂਰਾਂ ਨੇ  'ਚਿੱਪ ਵਾਲੇ ਸਮਾਰਟ-ਬਿਜਲੀ ਮੀਟਰ'  ਲਾਹ ਕੇ ਕੀਤੇ ਪਾਵਰਕੌਮ ਨੂੰ ਵਾਪਿਸ

ਮੁੱਲਾਂਪੁਰ ਦਾਖਾ 8 ਅਗਸਤ (ਸਤਵਿੰਦਰ ਸਿੰਘ ਗਿੱਲ)ਪਾਵਰਕੌਮ ਵੱਲੋਂ ਬਿਜਲੀ ਖੱਪਤਕਾਰਾਂ ਦੀ ਸਹਿਮਤੀ ਤੋਂ ਬਗੈਰ ਗੁਪਤ ਤਰੀਕੇ ਨਾਲ ਲਾਏ ਚਿੱਪ ਵਾਲੇ ਸਮਾਰਟ ਬਿਜਲੀ ਮੀਟਰਾਂ ਦੇ ਵਿਰੋਧ ਵਿੱਚ ਪੇਂਡੂ ਮਜ਼ਦੂਰ ਯੂਨੀਅਨ, ਕਿਰਤੀ ਕਿਸਾਨ ਯੂਨੀਅਨ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਪਿੰਡ ਰਸੂਲਪੁਰ ਵਾਸੀਆਂ ਨੇ ਇਕੱਤਰ ਹੋ ਕੇ ਚਿੱਪ ਵਾਲੇ ਸਮਾਰਟ ਬਿਜਲੀ ਮੀਟਰ ਉਤਾਰ ਕੇ ਸਬ ਡਵੀਜ਼ਨ ਪਾਵਰਕੌਮ ਐਸਡੀਓ ਰੂਮੀ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਲਾਹੇ ਬਿਜਲੀ ਮੀਟਰ ਦਫ਼ਤਰ ਨੂੰ ਸੌਂਪੇ ਗਏ। 
ਇਸ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਕਿਰਤੀ ਕਿਸਾਨ ਯੂਨੀਅਨ ਦੇ ਗੁਰਚਰਨ ਸਿੰਘ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸਤਿੰਦਰਪਾਲ ਸਿੰਘ ਅਤੇ ਸਰਗੁਣ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਚਿੱਪ ਵਾਲੇ ਸਮਾਰਟ ਬਿਜਲੀ ਮੀਟਰ ਲਾਉਣ ਦੀ ਕਾਰਗੁਜ਼ਾਰੀ ਤੋਂ, ਪੰਜਾਬ ਦਾ ਲੋਕ-ਸਮੂਹ ਬਹੁਤ ਹੀ ਨਰਾਜ਼ਗੀ ਵਿੱਚ ਹੈ,ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ, ਮੋਦੀ ਹਕੂਮਤ ਦੇ 'ਬਿਜਲੀ ਸੋਧ ਬਿੱਲ 2020' ਨੂੰ,  ਜੋ ਦਿੱਲੀ ਕਿਸਾਨ ਮੋਰਚੇ ਦੇ ਦੌਰਾਨ ਪੰਜਾਬ ਦੀ ਅਗਵਾਈ ਹੇਠ ਲੜੇ ਗਏ ਕਿਸਾਨ ਅੰਦੋਲਨ ਦੇ ਦੌਰਾਨ ਵਾਪਿਸ ਕਰਵਾ ਲਿਆ ਸੀ, ਉਸੇ ਬਿਜਲੀ ਸੋਧ ਬਿੱਲ ਨੂੰ ਟੇਢੇ ਢੰਗ ਨਾਲ ਲਾਗੂ ਕਰ ਕਰਵਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਪਹਿਲਾਂ ਪੰਜਾਬ ਦੇ 'ਭਾਖੜਾ ਬਿਆਸ ਪ੍ਰਬੰਧਕੀ ਬੋਰਡ' ਅਤੇ ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ ਕੀਤਾ ਤੇ ਹੁਣ ਬਿਜਲੀ ਦਾ ਅਧਿਕਾਰ ਵੀ ਸੂਬੇ ਤੋਂ ਖੋਹਿਆ ਜਾ ਰਿਹਾ ਹੈ ਪਰ ਸ੍ਰੀ ਭਗਵੰਤ ਮਾਨ, ਕੇਂਦਰ ਵੱਲੋਂ ਠੋਸੇ ਲੋਕ ਵਿਰੋਧੀ ਫੈਸਲਿਆਂ ਖਿਲਾਫ ਡੱਟਣ ਦੀ ਬਜਾਏ, ਕੇਂਦਰ ਦਾ ਪੱਲਾ ਫੜ ਕੇ ਸਮੂਹ ਪੰਜਾਬੀਆਂ ਨੂੰ ਨਰਾਜ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਗੈਸ ਸਿਲੰਡਰਾਂ ਵਾਂਗ ਹੁਣ ਸਮਾਰਟ ਬਿਜਲੀ ਮੀਟਰਾਂ ਰਾਹੀਂ ਖਪਤਕਾਰਾਂ ਤੋਂ ਘਰੇਲੂ ਵਰਤੋਂ ਤੇ ਮਿਲਦੀ  ਸਬਸਿਡੀ ਨੂੰ ਖੋਹਣ ਦੀ ਤਿਆਰੀ ਹੈ। ਇਸ ਨਾਲ ਜਿੱਥੇ ਬਿਜਲੀ ਖੱਪਤਕਾਰਾਂ ਉਪਰ ਆਰਥਿਕ ਬੋਝ ਵਧੇਗਾ ਉੱਥੇ ਪਾਵਰਕਾਮ ਵਿਚ ਮੀਟਰ-ਰੀਡਿੰਗ, ਬਿਜਲੀ ਬਿੱਲ ਵੰਡਣ ਆਦਿ ਦਾ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਵੀ ਬੇਰੁਜ਼ਗਾਰ ਕੀਤਾ ਜਾਵੇਗਾ। ਇਨ੍ਹਾਂ ਬਿਜਲੀ ਮੀਟਰਾਂ ਰਾਹੀਂ ਪ੍ਰੀ-ਪੇਡ ਸਿਮ ਸਿਸਟਮ ਚਾਲੂ ਕਰਕੇ ਬਿਜਲੀ ਖਪਤ ਦਾ ਅਡਵਾਂਸ ਚਾਰਜ ਕੀਤਾ ਜਾਵੇ ਗਾ। ਜਿਸ ਕਰਕੇ ਗਰੀਬ ਤੇ ਦਰਮਿਆਨੇ ਲੋਕ ਬਿਜਲੀ ਸਹੂਲਤ ਤੋਂ ਵਾਂਝੇ ਰਹਿ ਜਾਣਗੇ। ਇਸ ਮੌਕੇ ਇਕੱਤਰਤਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲਾਏ ਗਏ ਚਿੱਪ ਵਾਲੇ ਸਮਾਰਟ ਬਿਜਲੀ ਮੀਟਰਾਂ ਨੂੰ ਉਤਾਰਿਆ ਜਾਵੇ ਅਤੇ ਚਿੱਪ ਵਾਲ਼ੇ ਬਿਜਲੀ ਮੀਟਰ ਲਾਉਣ ਦਾ ਫੈਸਲਾ ਵਾਪਸ ਲਿਆ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਜੈਬ ਸਿੰਘ, ਗੁਰਮੇਲ ਸਿੰਘ, ਸੁਰਜੀਤ ਸਿੰਘ, ਨਛੱਤਰ ਸਿੰਘ, ਪ੍ਰਿਤਪਾਲ ਸਿੰਘ,ਬਿੱਕਰ ਸਿੰਘ ਆਦਿ ਹਾਜ਼ਰ ਸਨ।
        ਇਸ ਮੌਕੇ ਇਕਤੱਰਤਾ ਨੇ ਐਲਾਨ ਕੀਤਾ ਕਿ ਸਰਕਾਰ ਦੀ ਇਸ ਲੋਕ ਵਿਰੋਧੀ ਨੀਤੀ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਇਸ ਦੇ ਵਿਰੋਧ ਵਿੱਚ ਜਨਤਕ ਸੰਘਰਸ਼ ਲਈ ਲਾਮਬੰਦੀ ਕੀਤੀ ਜਾਵੇਗੀ।

10 ਅਗਸਤ ਨੂੰ ਕੇਂਦਰ ਸਰਕਾਰ ਵਿਰੁੱਧ ਹੋਵੇਗੀ ਦਿੱਲੀ ' ਚ ਪੈਨਸ਼ਨ ਅਧਿਕਾਰ ਮਹਾਂਰੈਲੀ

ਪੰਜਾਬ ਤੋਂ ਵੱਡੀ ਗਿਣਤੀ' ਚ ਕਰਮਚਾਰੀ  ਇਤਿਹਾਸਿਕ ਰੈਲੀ ਵਿੱਚ ਭਾਗ ਲੈਣ ਲਈ ਪੱਬਾਂ-ਭਾ
ਲੁਧਿਆਣਾ, 8 ਅਗਸਤ (ਟੀ. ਕੇ.) ਪੁਰਾਣੀ ਪੈਨਸ਼ਨ ਯੋਜਨਾ ਬਹਾਲੀ ਸੰਯੁਕਤ ਮੰਚ ਦੇ ਸੱਦੇ 'ਤੇ ਦੇਸ਼ ਭਰ ਦੇ ਐਨ. ਪੀ. ਐਸ. ਮੁਲਾਜਮ 10 ਅਗਸਤ ਨੂੰ ਰਾਮ ਲੀਲਾ ਮੈਦਾਨ ਤੋਂ ਸੰਸਦ ਵੱਲ ਰੋਸ ਮਾਰਚ ਕਰਨਗੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੂਬਾ ਕਨਵੀਨਰ ਜਸਵੀਰ ਸਿੰਘ ਤਲਵਾੜਾ  ਸਕੱਤਰ ਜਰਨੈਲ ਸਿੰਘ ਪੱਟੀ ਨੇ ਕਿਹਾ ਕਿ ਮੰਚ ਵੱਲੋਂ ਦਿੱਤੇ ਸੱਦੇ ਨੂੰ ਲੈ ਕੇ ਵੱਖ ਵੱਖ ਰਾਜਾਂ ਵਿੱਚ ਤਿਆਰੀਆਂ ਚੱਲ ਰਹੀਆਂ ਹਨ।ਪੰਜਾਬ ਤੋਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਐਨ. ਪੀ. ਐਸ. ਮੁਲਾਜਮ ਵੱਡਾ ਕਾਫਲਾ ਲੈ ਕੇ ਪਹੁੰਚਣਗੇ ਇਸ ਸਬੰਧੀ ਸਾਰੇ ਜਾਣ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਕੋ ਕਨਵੀਨਰ ਅਜੀਤਪਾਲ ਸਿੰਘ ਜਸੋਵਾਲ,ਜਸਵਿੰਦਰ ਸਿੰਘ ਜੱਸਾ,ਰਣਬੀਰ ਸਿੰਘ ਉੱਪਲ਼, ਕਰਮਜੀਤ ਸਿੰਘ ਤਾਮਕੋਟ,ਲਖਵਿੰਦਰ ਸਿਂਘ ਭੋਰ,ਵਿੱਤ ਸਕੱਤਰ ਵਰਿੰਦਰ ਵਿੱਕੀ,ਸਹਾਇਕ ਸਕੱਤਰ ਬਿਕਰਮਜੀਤ ਸਿੰਘ ਕੱਦੋ ਨੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਕੇਂਦਰ ਸਰਕਾਰ ਦੇ ਅਦਾਰੇ ਪੀ. ਐਫ. ਆਰ. ਡੀ. ਏ. ਵੱਲੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਵਿੱਚ ਲਾਈਆਂ ਜਾ ਰਹੀਆਂ ਅਟਕਲਾਂ ਕਾਰਨ ਦੇਸ਼ ਭਰ ਦੇ ਐਨ. ਪੀ. ਐਸ. ਮੁਲਾਜਮਾਂ ਵਿੱਚ ਭਾਰੀ ਰੋਸ ਹੈ । ਯਾਦ ਰਹੇ ਪੰਜਾਬ ਸਮੇਤ ਕਈ ਰਾਜਾਂ ਦੇ ਪੁਰਾਣੀ ਪੈਂਨਸ਼ਨ ਬਹਾਲੀ ਦੇ ਐਲਾਨ ਕਰਨ ਤੋਂ ਬਾਅਦ ਇਸਦੇ ਵਿਰੁੱਧ ਗੋਦੀ ਮੀਡੀਆ ਵੱਲੋਂ ਕੂੜ ਪ੍ਰਚਾਰ ਦਾ ਪ੍ਰਾਪੇਗੰਡਾ ਚਲਾਇਆ ਗਿਆ । ਪੀ. ਐਫ. ਆਰ. ਡੀ. ਏ. ਨੇ ਐਨ. ਪੀ. ਐਸ. ਟਰੱਸਟ ਕੋਲ ਪਏ ਮੁਲਾਜਮਾਂ ਦੇ ਪੈਸੇ ਨੂੰ ਦੇਣ ਤੋਂ ਸਾਫ ਇੰਨਕਾਰ ਕਰ ਦਿੱਤਾ ਹੈ। ਜਿਸ ਕਾਰਨ ਪੂਰੇ ਦੇਸ਼ ਦੇ ਕਰਮਚਾਰੀਆਂ ਵਿੱਚ ਗੁੱਸੇ ਦੀ ਲਹਿਰ ਫੈਲ ਗਈ ਹੈ। ਭਾਵੇਂ ਕਿ ਇਸਦੇ ਬਾਵਜੂਦ ਕਈ ਰਾਜਾਂ ਦੀਆਂ ਸਰਕਾਰਾਂ ਨੇ ਪੁਰਾਣੀ ਪੈਨਸ਼ਨ ਲਾਗੂ ਕਰ ਦਿੱਤੀ ਹੈ ਪਰ ਕੇਂਦਰ ਦਾ ਰਾਜ ਸਰਕਾਰਾਂ ਨਾਲ ਲਗਾਤਾਰ ਪੁਰਾਣੀ ਪੈਨਸ਼ਨ ਬਹਾਲੀ ਦੇ ਮੁੱਦੇ ਨੂੰ ਲੈ ਕੇ ਟਕਰਾਅ ਬਰਕਰਾਰ ਹੈ। ਪ੍ਰੈੱਸ ਸਕੱਤਰ ਨਿਰਮਲ ਮੋਗਾ,ਪਰਭਜੀਤ ਸਿੰਘ ਰਸੂਲਪੁਰ,ਪ੍ਰੇਮ ਸਿੰਘ ਠਾਕੁਰ,ਸੰਤ ਸੇਵਕ ਸਰਕਾਰੀਆ ਤੇ ਆਈ. ਟੀ. ਵਿੰਗ ਤੋਂ ਸੱਤ ਪ੍ਰਕਾਸ਼ ,ਹਰਪ੍ਰੀਤ ਸਿੰਘ ਉੱਪਲ਼,ਸ਼ਿਵਪਰੀਤ ਪਟਿਆਲ਼ਾ ਨੇ ਕਿਹਾ ਕਿ ਇੱਧਰ ਪੰਜਾਬ ਦੀ ਆਪ ਸਰਕਾਰ ਨੋਟੀਫਿਕੇਸ਼ਨਾਂ ਤੱਕ ਸੀਮਤ ਹੋ ਕੇ ਰਹਿ ਗਈ ਹੈ ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਆਪ ਸਰਕਾਰ ਖਿਲਾਫ ਫੈਸਲਾਕੁਨ ਲੜਾਈ ਲੜੀ ਜਾਵੇਗੀ। ਇਹ ਰੋਸ ਮਾਰਚ ਐਨ. ਪੀ. ਐਸ. ਮੁਲਾਜਮਾਂ ਲਈ ਹੋਰ ਵੀ ਅਹਿਮ ਹੈ ਕਿਉਂਕਿ ਦਿੱਲੀ ਵਿੱਚ ਵੀ ਆਪ ਦੀ ਸਰਕਾਰ ਹੈ ਦਿੱਲੀ ਦੇ ਲੋਕਾਂ ਵਿੱਚ ਆਪ ਸਰਕਾਰ ਦਾ ਕਮਜੋਰ ਚਿਹਰਾ ਵੀ ਉਜਾਗਰ ਕੀਤਾ ਜਾਣਾ ਹੈ । ਖੁਦ ਫੈਸਲਾ ਲੈ ਕੇ ਪੰਜਾਬ ਸਰਕਾਰ ਲਾਗੂ ਨਹੀਂ ਕਰ ਪਾ ਰਹੀ ਇਸ ਸਬੰਧੀ ਰਾਸ਼ਟਰ ਪੱਧਰ ਤੇ ਪੰਜਾਬ ਸਰਕਾਰ ਦੀ ਡੰਗ ਟਪਾਉ ਨੀਤੀ ਦੀ ਪੋਲ ਖੋਲੀ ਜਾਵੇਗੀ । ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਇਸ ਸਬੰਧੀ ਤਿਆਰੀਆਂ ਚੱਲ ਰਹੀਆਂ ਹਨ ।ਸਮੂਹ ਮੁਲਾਜ਼ਮ ਵਰਗ ਇਸ ਰੋਸ ਮਾਰਚ ਨੂੰ ਕਾਮਯਾਬ ਕਰਨ ਲਈ ਵੱਡੀ ਗਿਣਤੀ ਵਿੱਚ ਪੱਬਾਂ ਭਾਰ ਹੈ।

ਕੁਲ ਹਿੰਦ ਕਿਸਾਨ ਸਭਾ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਹੋਈ 

ਲੁਧਿਆਣਾ, 8 ਅਗਸਤ (ਟੀ. ਕੇ. )- ਕੁੱਲ ਹਿੰਦ ਕਿਸਾਨ ਸਭਾ ਪੰਜਾਬ  ਦੀ ਸੂਬਾ  ਕਮੇਟੀ  ਦੀ ਮੀਟਿੰਗ ਪ੍ਧਾਨ  ਭੁਪਿੰਦਰ ਸਿੰਘ  ਸਾਂਭਰ ਦੀ ਪ੍ਧਾਨਗੀ ਹੇਠ ਜਥੇਬੰਦੀ ਦੇ  ਮੁੱਖ ਦਫਤਰ ਸ਼ਹੀਦ ਕਰਨੈਲ ਸਿੰਘ  ਈਸੜੂ ਭਵਨ ਲੁਧਿਆਣਾ  ਵਿਖੇ  ਹੋਈ  ! ਜਿਸ ਵਿੱਚ ਪੰਜਾਬ ਦੇ  18 ਜਿਲਿਆਂ  ਤੋਂ  ਜਥੇਬੰਦੀ ਦੇ  ਵੱਖ ਵੱਖ  ਅਹੁਦੇਦਾਰਾਂ  ਨੇ ਹਿੱਸਾ  ਲਿਆ ! ਮੀਟਿੰਗ ਨੂੰ  ਸੰਬੋਧਨ ਕਰਦਿਆਂ  ਸੂਬਾ ਜਨਰਲ ਸਕੱਤਰ ਬਲਦੇਵ ਸਿੰਘ  ਨਿਹਾਲਗੜ  ਨੇ ਪਿਛਲੇ ਸਮੇਂ  ਜਥੇਬੰਦੀ  ਵੱਲੋ ਕੀਤੇ ਗਏ  ਕੰਮਾਂਦੀ ਰਿਪੋਰਟ  ਕੀਤੀ! ਉਥੇ   ਖਾਸ ਕਰਕੇ ਪਿਛਲੇ  ਸਮੇਂ  ਪੰਜਾਬ  ਅੰਦਰ ਆਏ  ਹੜਾਂ ਵੇਲੇ ਲੋਕਾਂ ਦੀ ਔਖੀ ਘੜੀ ਬਾਂਹ ਫੜਨ ਵਾਲੀਆਂ  ਸਮਾਜ ਸੇਵੀ,ਧਾਰਮਿਕ  ਸੰਸਥਾਵਾਂ, ਨੌਜਵਾਨ, ਕਿਸਾਨ  ਵੀਰਾਂ ਨੇ ਜਿਸ ਤਰਾਂ   ਆਪਣੀ ਜਾਨ ਦੀ ਪ੍ਰਵਾਹ  ਨਾ ਕਰਦਿਆਂ  ਟਰੈਕਟਰਾਂ  ਉੱਪਰ   ਰਾਸ਼ਨ ਅਤੇ  ਪਸ਼ੂਆ  ਵਾਸਤੇ ਚਾਰੇ ਨੂੰ  ਪਹੁੰਚਾਇਆ  ਉਸ ਲਈ  ਉਹਨਾ  ਸਾਰਿਆਂ ਦਾ ਵਿਸ਼ੇਸ  ਧੰਨਵਾਦ ਕਰਦੀ ਹੈ  ! ਉਥੇ  ਪੰਜਾਬ ਸਰਕਾਰ  ਵੱਲੋਂ  ਅਜੇ ਤੱਕ ਲੋਕਾਂ ਲਈ  ਰਾਹਿਤ ਦਾ ਜ਼ਮੀਨੀ ਪੱਧਰ ਤੇ ਕੋਈ ਉੱਪਰਾਲਾ ਨਜ਼ਰ  ਨਹੀਂ ਆ ਰਿਹਾ! ਇਸ ਤੋਂ ਇਲਾਵਾ  ਕੇਂਦਰ ਸਰਕਾਰ ਵੱਲੋੰ  ਜਿਸ ਤਰਾਂ  ਇਸ ਆਫਤ ਨੂੰ ਅਣਗੌਲਿਆ  ਕੀਤਾ ਹੈ ਉਹ  ਪੰਜਾਬ ਦੇ  ਲੋਕਾਂ ਨਾਲ ਘੋਰ ਬੇਇਨਸਾਫੀ   ਹੈ  !ਜਥੇਬੰਦੀ   ਨੇ  ਕੇਂਦਰ ਸਰਕਾਰ  ਕੋਲੋ  ਮੰਗ ਕੀਤੀ ਕਿ ਹੜਾਂ ਨਾਲ ਹੋਏ ਨੁਕਸਾਨ  ਨੂੰ  ਕੁਦਰਤੀ ਆਫਤ ਦਾ  ਐਲਾਨ ਕਰਕੇ ਪੰਜਾਬ  ਨੂੰ  ਤੁਰੰਤ  ਵਿਸੇਸ਼  ਪੈਕਜ ਦਿੱਤਾ  ਜਾਵੇ ! ਉਥੇ ਜਥੇਬੰਦੀ ਨੇ ਪੰਜਾਬ  ਸਰਕਾਰ  ਕੋਲੋਂ ਮੰਗ  ਕੀਤੀ ਕਿ ਭਾਂਵੇ ਕਿਸਾਨ ਜਥੇਬੰਦੀਆਂ  ਅਤੇ  ਆਮ ਲੋਕਾਂ ਦੇ  ਉੱਪਰਾਲੇ ਨਾਲ ਝੋਨੇ ਦੀ ਬੀਜੀ ਪਨੀਰੀ ਨਾਲ ਦੁਬਾਰਾ ਲਵਾਈ ਸ਼ੁਰੂ ਹੋ ਗਈ  ਹੈ ! ਪਰ ਬਹੁਤ  ਸਾਰਾ ਰਕਬਾ ਜਿਸ ਵਿੱਚ  ਰੇਤ ਅਤੇ ਪਾਣੀ ਖੜਾ ਹੈ ਉਹ ਲਵਾਈ ਹੇਠ ਨਹੀਂ  ਆ ਸਕਦਾ !ਉਹਨਾਂ  ਇਲਾਕਿਆਂ  ਵਿੱਚੋਂ  ਕਿਸਾਨਾਂ  ਨੂੰ  ਆਪਣੀਆਂ  ਜਮੀਨਾਂ ਨੂੰ ਅਗਲੀ ਫਸਲ ਵਾਸਤੇ  ਤਿਆਰ  ਕਰਨ ਲਈ ਹੜਾਂ  ਕਾਰਨ  ਆਈ  ਮਿੱਟੀ  ਰੇਤ ਆਦਿ ਹਟਾਉਣ ਲਈ ਮਾਈਨਿੰਗ ਐਕਟ ਤੋਂ ਛੋਟ ਦੇਵੇ  ! ਜਥੇਬੰਦੀ  ਨੇ ਸੰਯੁਕਤ ਕਿਸਾਨ  ਮੋਰਚੇ ਵੱਲੋਂ  ਦਿੱਤੇ  ਗਏ  ਪਰੋਗਰਾਮਾਂ  ਖਾਸ ਕਰਕੇ  ਹੜਾਂ  ਨਾਲ ਸਬੰਧਤ ਸਮੱਸਿਆਵਾਂ ਦੇ  ਹੱਲ  ਲਈ  19 ਅਗਸਤ ਨੂੰ ਪੰਜਾਬ ਅੰਦਰ  ਬੀਜੇਪੀ  ਦੇ ਪ੍ਮੁੱਖ ਆਗੂਆਂ  ਐਮ,ਪੀ,/ ਐਮ,ਐਲ ਏ, ਅਤੇ ਆਮ ਆਦਮੀ  ਪਾਰਟੀ ਦੇ ਮੰਤਰੀਆਂ, ਐਮ,ਐਲ, ਏ,  ਨੂੰ  ਮੰਗ ਪੱਤਰ / ਚਿਤਾਵਨੀ  ਪੱਤਰ ਦੇਣ ਦੇ ਪਰੋਗਰਾਮਾਂ ਨੂੰ  ਕਾਮਯਾਬ ਕਰਨ  ਲਈ  ਸਾਰਿਆਂ  ਜਿਲਿਆਂ ਨੂੰ  ਵੱਡੀ ਗਿਣਤੀ ਵਿੱਚ  ਹਿੱਸਾ ਲੈਣ ਦੀ  ਅਪੀਲ ਕੀਤੀ!  ਇਸ ਤੋਂ ਇਲਾਵਾ  ਜਥੇਬੰਦੀ  ਵੱਲੋ  ਖੇਤੀਬਾੜੀ ਨਾਲ  ਸਬੰਧਤ ਸਮੱਸਿਆਵਾਂ  ਅਤੇ  ਉਹਨਾਂ ਦੇ  ਹੱਲ ਲਈ  ਸਤੰਬਰ  ਦੇ ਪਹਿਲੇ ਹਫਤੇ ਚੰਡੀਗੜ੍ਹ ਵਿਖੇ  ਕਿਸਾਨ ਵਰਕਸ਼ਾਪ  ਲਾਉਣ ਦਾ ਫੈਸਲਾ ਕੀਤਾ ਹੈ  ! ਜਿਸ ਨੂੰ  ਉੱਘੇ  ਖੇਤੀ ਵਿਗਿਆਨੀ  ਅਤੇ ਆਰਥਿਕ ਮਾਹਰ ਸੰਬੋਧਨ  ਕਰਨਗੇ ! ਅੱਜ ਦੀ ਮੀਟਿੰਗ  ਨੂੰ  ਵਿਸੇਸ਼  ਤੌਰ ਤੇ ਖੇਤੀ ਵਿਗਿਆਨੀ  ਰਜਿੰਦਰ ਸਿੰਘ ਔਲਖ ਅਤੇ ਗੁਲਜ਼ਾਰ  ਸਿੰਘ ਪੰਧੇਰ ਨੇ ਵੀ ਸੰਬੋਧਨ ਕੀਤਾ  ! ਮੀਟਿੰਗ ਨੂੰ  ਜਥੇਬੰਦੀ ਦੇ ਵਰਕਿੰਗ  ਪ੍ਧਾਨ ਬਲਕਰਨ ਸਿੰਘ  ਬਰਾੜ, ਮੀਤ ਪ੍ਧਾਨ, ਕੁਲਵੰਤ ਸਿੰਘ  ਮੌਲਵੀਵਾਲ, ਸੂਰਤ ਸਿੰਘ  ਧਰਮਕੋਟ, ਲੱਖਬੀਰ ਸਿੰਘ  ਨਿਜਾਮਪੁਰ  ਨੇ ਵੀ ਸੰਬੋਧਨ  ਕੀਤਾ ! ਜਥੇਬੰਦੀ ਦੇ ਸੂਬਾਈ ਆਗੂ ਚਮਕੌਰ ਸਿੰਘ ਲੁਧਿਆਣਾ, ਰਸ਼ਪਾਲ  ਸਿੰਘ ਬਾਠ ਤਰਨਤਾਰਨ,  ਕੁੱਲਦੀਪ ਸਿੰਘ ਭੋਲਾ ਮੋਗਾ,ਜਸਵਿੰਦਰ  ਸਿੰਘ ਭੰਗਲ ਨਵਾਂ  ਸ਼ਹਿਰ, ਮੁਕੰਦ ਸਿੰਘ  ,ਤਰਲੋਕ ਸਿੰਘ ਸਰਪੰਚ ਕਪੂਰਥਲਾ, ਮਲਕੀਅਤ ਸਿੰਘ ਮਾਨਸ਼ਾਹੀਆ ,ਜੁਗਰਾਜ ਸਿੰਘ ਹੀਰਕੇ ,ਵਜੀਰ ਚੰਦ ਅਤੇ ਕਾਕਾ ਰਾਮ ਰੋਪੜ,ਗੁਰਮੇਲ  ਸ਼ਰਮਾ  ਬਰਨਾਲਾ  ਆਦਿ ਹਾਜਰ ਸਨ!

ਐੱਸ.ਸੀ.,ਬੀ.ਸੀ ਅਧਿਆਪਕ ਯੂਨੀਅਨ ਪੰਜਾਬ ਦੀ ਜਿਲ੍ਹਾ ਪੱਧਰੀ ਹੋਈ ਮੀਟਿੰਗ

ਮੁੱਲਾਂਪੁਰ ਦਾਖਾ 08 ਅਗਸਤ ( ਸਤਵਿੰਦਰ ਸਿੰਘ ਗਿੱਲ) – ਐੱਸ.ਸੀ.,ਬੀ.ਸੀ ਅਧਿਆਪਕ ਯੂਨੀਅਨ ਪੰਜਾਬ ਦੀ ਜਿਲ੍ਹਾ ਪੱਧਰੀ ਮੀਟਿੰਗ ਯੂਨੀਅਨ ਦੇ ਸਰਪ੍ਰਸਤ ਸੂਬਾ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਲਤਾਲਾ, ਗੁਰਜੈਪਾਲ ਸਿੰਘ, ਦਰਸ਼ਨ ਸਿੰਘ ਡਾਂਗੋਂ (ਦੋਵੇ ਚੀਫ ਆਰਗੇਨਾਈਜ਼ਰ) ਅਤੇ ਜਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਚੰਗਣ ਦੀ ਪ੍ਰਧਾਨਗੀ ਹੇਠ ਸਥਾਨਕ ਡਾ. ਬੀ.ਆਰ.ਅੰਬੇਡਕਰ ਭਵਨ ਹੋਈ। ਮੀਟਿੰਗ ਦੌਰਾਨ ਜਿੱਥੇ ਯੂਨੀਅਨ ਦੀਆਂ ਜਿਲ੍ਹਾ ਪੱਧਰ ’ਤੇ ਅਹੁਦੇਦਾਰੀਆਂ ਵੰਡੀਆਂ ਗਈਆਂ ਉੱਥੇ ਯੂਨੀਅਨ ਨੂੰ ਨਿਰਵਿਘਨ ਚਲਾਉਣ ਲਈ ਅਹਿਮ ਵਿਚਾਰਾਂ ਕੀਤੀਆਂ ਗਈਆਂ।
        ਉਕਤ ਆਗੂਆਂ ਨੇ ਦੱਸਿਆ ਕਿ ਜਿਲ੍ਹੇ ਅੰਦਰ ਪੈਂਦੇ ਛੇ ਬਲਾਕਾਂ ਵਿੱਚ 15 ਅਗਸਤ ਤੋਂ ਪਹਿਲਾ ਪਹਿਲਾ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਐੱਸ.ਸੀ.,ਬੀ.ਸੀ. ਯੂੁਨੀਅਨ ਪੰਜਾਬ ਨੂੰ ਜਿਲ੍ਹੇ ਪੱਧਰ ਤੇ ਚਲਾਇਆ ਜਾ ਸਕੇ ਅਤੇ ਅਧਿਆਪਕ ਸਾਥੀਆਂ ਨੂੰ ਆ ਰਹੀਆਂ ਦਰਪੇਸ ਮੁਸ਼ਕਿਲਾ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਇਆ ਜਾ ਸਕੇ।
           ਮੀਟਿੰਗ ਦੌਰਾਨ ਮਾ. ਰਣਜੀਤ ਸਿੰਘ ਹਠੂਰ ਅਤੇ ਪਰਮਜੀਤ ਸਿੰਘ ਨੂੰ ਜਰਨਲ ਸਕੱਤਰ, ਬਿਆਸ ਲਾਲ ਨੂੰ ਸਕੱਤਰ ਜਰਨਲ, ਜਗਜੀਤ ਸਿੰਘ ਝਾਂਡੇ ਅਤੇ ਸੁਖਜੀਤ ਸਿੰਘ ਸਾਬਰ ਨੂੰ ਪ੍ਰੈੱਸ ਸਕੱਤਰ, ਮਨਹੋਰ ਸਿੰਘ ਦਾਖਾ ਨੂੰ ਵਿੱਤ ਸਕੱਤਰ, ਜਸਵਿੰਦਰ ਸਿੰਘ ਵਿੱਕੀ ਨੂੰ ਮੀਤ ਪ੍ਰਧਾਨ, ਅਮਰੀਕ ਸਿੰਘ ਲੁਧਿਆਣਾ ਅਤੇ ਸੁਰਿੰਦਰ ਸਿੰਘ ਖਹਿਰਾ, ਸਰਬਜੀਤ ਸਿੰਘ ਰਛੀਨ ਅਤੇ ਕੇਵਲ ਸਿੰਘ ਨੂੰ ਤਾਲਮੇਲ ਸਕੱਤਰ, ਪਿ੍ਰੰ. ਅਮਨਦੀਪ ਸਿੰਘਸਿੰਘ ਆਰਗੇਨਾਈਜਰ ਅਤੇ ਯਾਦਵਿੰਦਰ ਸਿੰਘ ਮੁੱਲਾਂਪੁਰ, ਪ੍ਰਮਿੰਦਰਪਾਲ ਸਿੰਘ ਅਤੇ ਲੈਕਚਰਾਰ ਰਵਿੰਦਰ ਸਿੰਘ ਨੂੰ ਮੈਬਰ ਲਗਾਇਆ ਗਿਆ।
       ਇਸ ਤੋਂ ਇਲਾਵਾ ਅਮਨਦੀਪ ਸਿੰਘ ਜਾਂਗਪੁਰ, ਬਲੌਰ ਸਿੰਘ ਮੁੱਲਾਂਪੁਰ, ਗੁਰਮੁਖ ਸਿੰਘ,ਬਲਵੀਰ ਸਿੰਘ ਬਾਸੀਆਂ, ਰਮਨਦੀਪ ਸਿੰਘ,ਬਲਦੇਵ ਸਿੰਘ ਸੁਧਾਰ ਅਤੇ ਮੇਜਰ ਸਿੰਘ ਮੁੱਲਾਂਪੁਰ ਆਦਿ ਹਾਜਰ ਸਨ।

ਆਈ ਫਲੂ' ਤੋਂ ਬਚਣ ਲਈ ਸਾਵਧਾਨੀਆਂ ਵਰਤੀਆਂ ਜਾਣ ਡਾਕਟਰ ਰੁਪਾਲੀ ਸੇਠੀ

ਮੋਗਾ, 07 ਅਗਸਤ-( ਜਸਵਿੰਦਰ  ਸਿੰਘ ਰੱਖਰਾ)-

ਦੇਸ਼ ਵਿਚ ਦਿਨੋਂ ਦਿਨ ਫੈਲ ਰਹੀ ਅੱਖਾਂ ਦੀ ਲਾਗ ਨਾਲ ਸਬੰਧਤ ਬਿਮਾਰੀ 'ਆਈ ਫਲੂ' ਬਾਰੇ ਲੋਕਾਂ, ਖਾਸ ਕਰਕੇ ਬੱਚਿਆਂ, ਨੂੰ ਜਾਣੂ ਕਰਾਉਣ ਲਈ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਸਿਵਲ ਹਸਪਤਾਲ ਮੋਗਾ ਵਿਖੇ ਤਾਇਨਾਤ ਅੱਖਾਂ ਦੇ ਮਾਹਿਰ ਡਾਕਟਰ ਰੁਪਾਲੀ ਸੇਠੀ ਨੇ ਅੱਜ ਗੱਲਬਾਤ ਕਰਦਿਆਂ ਦਿੱਤੀ।

ਉਹਨਾਂ ਨੇ ਦੱਸਿਆ ਕਿ ਬਰਸਾਤ ਦੇ ਮੌਸਮ 'ਚ ਲੋਕ ਬਹੁਤ ਸਾਰੀਆਂ ਬੀਮਾਰੀਆਂ ਦਾ ਸ਼ਿਕਾਰ ਹੁੰਦੇ ਹਨ। ਬਰਸਾਤ ਕਾਰਨ ਬੈਕਟੀਰੀਆ ਦੀ ਗਿਣਤੀ ਵੱਧ ਜਾਂਦੀ ਹੈ, ਜਿਸ ਨਾਲ ਲੋਕਾਂ ਨੂੰ ਕੋਈ ਨਾ ਕੋਈ ਬੀਮਾਰੀ ਹੋ ਜਾਂਦੀ ਹੈ। ਆਈ ਫਲੂ ਇਨ੍ਹਾਂ 'ਚੋਂ ਇੱਕ ਬੀਮਾਰੀ ਹੈ। ਆਈ ਫਲੂ ਨੂੰ ਅੱਖਾਂ ਦਾ ਇੰਨਫੈਕਸ਼ਨ ਕਿਹਾ ਜਾਂਦਾ ਹੈ। ਇਸ ਨਾਲ ਅੱਖਾਂ 'ਚ ਜਲਨ, ਦਰਦ ਅਤੇ ਲਾਲੀ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਇਹ ਬੀਮਾਰੀ ਇੱਕ ਅੱਖ ਤੋਂ ਸ਼ੁਰੂ ਹੁੰਦੀ ਹੈ ਅਤੇ ਕੁਝ ਸਮੇਂ ਬਾਅਦ ਦੂਜੀ ਅੱਖ ਵੀ ਇਸ ਦੀ ਲਪੇਟ ਵਿੱਚ ਆ ਜਾਂਦੀ ਹੈ। ਆਈ ਫਲੂ ਨੂੰ ਪਿੰਕ ਆਈ ਤੇ ਕੰਜਕਟੀਵਾਈਟਿਸ ਵੀ ਕਿਹਾ ਜਾਂਦਾ ਹੈ।

ਉਹਨਾਂ ਦੱਸਿਆ ਕਿ ਆਈ ਫਲੂ ਹੋਣ ਦੇ ਬਹੁਤ ਸਾਰੇ ਲੱਛਣ ਅਜਿਹੇ ਹਨ, ਜਿਸ ਤੋਂ ਇਸ ਬੀਮਾਰੀ ਦੇ ਹੋਣ ਦਾ ਪਤਾ ਲੱਗ ਜਾਂਦਾ ਹੈ। ਆਈ ਫਲੂ ਹੋਣ 'ਤੇ ਅੱਖਾਂ ਲਾਲ ਹੋ ਜਾਂਦੀਆਂ ਹਨ। ਅੱਖਾਂ 'ਚ ਪਾਣੀ ਆਉਣ ਦੇ ਕਾਰਨ ਜਲਨ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਸਮੱਸਿਆ ਦੀ ਸ਼ੁਰੂਆਤ 'ਚ ਪਲਕਾਂ 'ਤੇ ਪੀਲਾ ਅਤੇ ਚਿਪਚਿਪਾ ਤਰਲ ਜਮ੍ਹਾਂ ਹੋਣ ਲੱਗਦਾ ਹੈ। ਅੱਖਾਂ ਵਿੱਚ ਸੋਜ ਆਉਣੀ ਸ਼ੁਰੂ ਹੋ ਜਾਂਦੀ ਹੈ। ਅੱਖਾਂ ਵਿੱਚ ਪਾਣੀ ਆਉਣ ਨਾਲ ਖੁਜਲੀ ਹੋਣ ਲੱਗਦੀ ਹੈ।

ਆਈ ਫਲੂ ਤੋਂ ਰਾਹਤ ਪਾਉਣ ਲਈ ਡਾਕਟਰ ਦੀ ਸਲਾਹ ਲੈਣ ਤੋਂ ਬਾਅਦ ਤੁਸੀਂ ਐਂਟੀਬੈਕਟੀਰੀਅਲ ਅਤੇ ਲੁਬਰੀਕੇਟਿੰਗ ਆਈ ਡ੍ਰੌਪ ਲੈਣੀ ਚਾਹੀਦੀ ਹੈ। ਆਈ ਫਲੂ ਦੌਰਾਨ ਜਦੋਂ ਵੀ ਤੁਹਾਡਾ ਹੱਥ ਅੱਖਾਂ ਨੂੰ ਲੱਗ ਜਾਵੇ ਤਾਂ ਸਾਬਣ ਅਤੇ ਪਾਣੀ ਨਾਲ ਨਿਯਮਿਤ ਤੌਰ 'ਤੇ ਆਪਣੇ ਹੱਥਾਂ ਨੂੰ ਸਾਫ਼ ਕਰਦੇ ਰਹਿਣਾ ਚਾਹੀਦਾ ਹੈ। ਆਈ ਫਲੂ ਦੇ ਸੰਕਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਤੋਂ ਬਚਣਾ ਚਾਹੀਦਾ ਹੈ।ਅੱਖਾਂ ਦੀ ਸਫ਼ਾਈ ਦਾ ਪੂਰਾ ਧਿਆਨ ਰੱਖੋ ਤੇ ਠੰਡੇ ਪਾਣੀ ਨਾਲ ਵਾਰ-ਵਾਰ ਅੱਖਾਂ ਨੂੰ ਧੋਣਾ ਚਾਹੀਦਾ ਹੈ। ਆਈ ਫਲੂ ਹੋਣ 'ਤੇ ਅੱਖਾਂ ਨੂੰ ਬਰਫ਼ ਦੀ ਟਕੋਰ ਕਰਨ ਨਾਲ ਜਲਣ ਅਤੇ ਦਰਦ ਤੋਂ ਰਾਹਤ ਮਿਲਦੀ ਹੈ। ਆਈ ਫਲੂ ਨਾਲ ਸੰਕਰਮਿਤ ਵਿਅਕਤੀ ਦੇ ਨਾਲ ਹੱਥ ਮਿਲਾਉਣ ਤੋਂ ਬਚਣਾ ਚਾਹੀਦਾ ਹੈ। ਆਈ ਫਲੂ ਦੌਰਾਨ ਸੰਕਰਮਿਤ ਚੀਜ਼ਾਂ ਜਿਵੇਂ ਐਨਕਾਂ, ਤੌਲੀਏ ਜਾਂ ਸਿਰਹਾਣੇ ਦੀ ਵਰਤੋਂ ਕਦੇ ਨਹੀਂ ਕਰਨੀ ਚਾਹੀਦੀ। ਟੀ.ਵੀ., ਮੋਬਾਈਲ ਫੋਨ ਤੋਂ ਦੂਰੀ ਬਣਾ ਕੇ ਰੱਖਣ ਦੇ ਨਾਲ ਨਾਲ ਅੱਖਾਂ 'ਤੇ ਕਾਲੇ ਰੰਗ ਦੀ ਐਨਕ ਜ਼ਰੂਰ ਲਗਾਉਣੀ ਚਾਹੀਦੀ ਹੈ।

ਦਸਵੀਂ/ਬਾਰਵ੍ਹੀਂ ਦੇ ਇਮਤਿਹਾਨਾਂ ਲਈ ਸਥਾਪਿਤ ਪ੍ਰੀਖਿਆ ਕੇਂਦਰਾਂ ਦੇ ਆਸ-ਪਾਸ ਧਾਰਾ 144 ਲਾਗੂ

ਕੇਂਦਰ ਦੇ ਸੌ ਮੀਟਰ ਦੇ ਘੇਰੇ ਅੰਦਰ ਵਿਦਿਆਰਥੀਆਂ ਤੇ ਡਿਊਟੀ ਸਟਾਫ਼ ਤੋਂ ਬਿਨ੍ਹਾਂ ਇਕੱਠੇ ਹੋਣ 'ਤੇ ਪਾਬੰਦੀ-ਜ਼ਿਲ੍ਹਾ ਮੈਜਿਸਟ੍ਰੇਟ

ਮੋਗਾ, 07 ਅਗਸਤ (ਜਸਵਿੰਦਰ ਸਿੰਘ ਰੱਖਰਾ)

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਤੇ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ 11 ਅਗਸਤ ਤੋਂ 9 ਸਤੰਬਰ 2023 ਤੱਕ ਸਵੇਰ ਦੇ ਸੈਸ਼ਨ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 1:15 ਵਜੇ ਤੱਕ ਬੋਰਡ ਵੱਲੋਂ ਸਥਾਪਿਤ ਪ੍ਰੀਖਿਆ ਕੇਂਦਰਾਂ ਵਿੱਚ ਕਰਵਾਈਆਂ ਜਾ ਰਹੀਆਂ ਹਨ। ਜ਼ਿਲ੍ਹਾ ਮੋਗਾ ਵਿੱਚ ਇਨ੍ਹਾਂ ਪ੍ਰੀਖਿਆਵਾਂ ਲਈ 4 ਪ੍ਰੀਖਿਆ ਕੇਂਦਰ ਤਹਿਸੀਲ ਪੱਧਰ ਉੱਪਰ ਬਣਾਏ ਗਏ ਹਨ।

ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਪ੍ਰੀਖਿਆਵਾਂ ਨੂੰ ਪਾਰਦਰਸ਼ੀ ਅਤੇ ਅਮਨ ਕਾਨੂੰਨ ਦੀ ਸਥਿਤੀ ਨਾਲ ਨੇਪਰੇ ਚਾੜਨ ਲਈ ਵੱਲੋਂ ਧਾਰਾ 144 ਸੀ.ਆਰ.ਪੀ.ਸੀ. ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਪ੍ਰੀਖਿਆ ਕੇਂਦਰਾਂ ਦੇ ਆਸ ਪਾਸ 100 ਮੀਟਰ ਦੇ ਘੇਰੇ ਅੰਦਰ ਵਿਦਿਆਰਥੀਆਂ ਅਤੇ ਡਿਊਟੀ ਸਟਾਫ਼ ਤੋਂ ਬਿਨ੍ਹਾਂ ਆਮ ਲੋਕਾਂ ਦੇ ਇਕੱਠੇ ਹੋਣ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਹ ਹੁਕਮ 11 ਅਗਸਤ ਤੋਂ 6 ਸਤੰਬਰ, 2023 ਦੁਪਹਿਰ 1:15 ਵਜੇ ਤੱਕ ਲਾਗੂ ਰਹਿਣਗੇ।

ਜਿਕਰਯੋਗ ਹੈ ਕਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧਰਮਕੋਟ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਿਹਾਲ ਸਿੰਘ ਵਾਲਾ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਬਾਘਾਪੁਰਣਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੀਮ ਨਗਰ ਮੋਗਾ ਵਿਖੇ ਇਹ ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ।

ਖੇਤੀ ਵਿਚ ਵਿਭਿੰਨਤਾ ਲਿਆਉਣ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਡੇਅਰੀ ਦੇ ਕਿੱਤੇ ਨੂੰ ਸਹਾਇਕ ਧੰਦੇ ਵਜੋਂ ਅਪਨਾਉਣ ਲਈ ਡੇਅਰੀ ਉਦਮ ਸਿਖਲਾਈ

ਖੇਤੀ ਵਿਭਿੰਨਤਾ, ਸਹਾਇਕ ਧੰਦੇ ਵਜੋਂ ਕਿਸਾਨਾਂ ਦੀ ਆਮਦਨ 'ਚ ਵਾਧੇ ਲਈ ਡੇਅਰੀ ਉਦਮ ਸਿਖਲਾਈ 14 ਅਗਸਤ ਤੋ ਸ਼ੁਰੂ ਹੋਵੇਗੀ - ਡਿਪਟੀ ਡਾਇਰੈਕਟਰ ਦਲਬੀਰ ਕੁਮਾਰ

ਲੁਧਿਆਣਾ, 07 ਅਗਸਤ ਪੰਜਾਬ ਸਰਕਾਰ ਦੇ ਡੇਅਰੀ ਵਿਕਾਸ ਵਿਭਾਗ ਵੱਲੋਂ ਮਾਨਯੋਗ ਮੰਤਰੀ ਸ੍ਰੀ ਗੁਰਮੀਤ ਸਿੰਘ ਖੁਡੀਆਂ ਦੇ ਦਿਸ਼ਾ ਨਿਰਦੇਸ਼ਾ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਸ੍ਰੀ ਕੁਲਦੀਪ ਸਿੰਘ ਜਸੋਵਾਲ ਦੀ ਯੋਗ ਅਗਵਾਈ ਹੇਠ ਖੇਤੀ ਵਿਚ ਵਿਭਿੰਨਤਾ ਲਿਆਉਣ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਡੇਅਰੀ ਦੇ ਕਿੱਤੇ ਨੂੰ ਸਹਾਇਕ ਧੰਦੇ ਵਜੋਂ ਅਪਨਾਉਣ ਲਈ ਡੇਅਰੀ ਉਦਮ ਸਿਖਲਾਈ ਦਾ ਤੀਸਰਾ ਬੈਚ ਮਿਤੀ 14-08-2023 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਦੀ ਕਾਊਸਲਿੰਗ ਮਿਤੀ 08-08-2023 ਨੂੰ ਦਫਤਰ ਡੇਅਰੀ ਸਿਖਲਾਈ ਕੇਂਦਰ ਬੀਜਾ ਵਿਖੇ ਹੋਵੇਗੀ।

ਜ਼ਿਲ੍ਹਾ ਲੁਧਿਆਣਾ ਦੇ ਸਿਖਿਆਰਥੀ ਡੇਅਰੀ ਸਿਖਲਾਈ ਕੇਂਦਰ ਬੀਜਾ, ਅਤੇ ਸਿਖਲਾਈ ਕੇਂਦਰ ਮੋਗਾ ਐਟ ਗਿੱਲ ਵਿਖੇ ਟ੍ਰੇਨਿੰਗ ਕਰ ਸਕਦੇ ਹਨ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆ ਡਿਪਟੀ ਡਾਇਰੈਕਟਰ ਡੇਅਰੀ ਲੁਧਿਆਣਾ ਸ੍ਰੀ ਦਲਬੀਰ ਕੁਮਾਰ ਨੇ ਦੱਸਿਆ ਕਿ ਇਸ ਟ੍ਰੇਨਿੰਗ ਵਿੱਚ ਭਾਗ ਲੈਣ ਵਾਲਾ ਸਿਖਿਆਰਥੀ ਪੇਂਡੂ ਖੇਤਰ ਦਾ ਵਸਨੀਕ ਹੋਵੇ ਅਤੇ ਘੱਟੋ-ਘੱਟ ਦਸਵੀਂ ਪਾਸ ਹੋਵੇ, ਉਮਰ 18 ਤੋਂ 45 ਸਾਲ ਤੱਕ ਹੋਵੇ, ਉਸ ਕੋਲ 05 ਦੁਧਾਰੂ ਪਸ਼ੂ ਹੋਣ। ਚਾਹਵਾਨ ਸਿਖਿਆਰਥੀ ਆਪਣੇ ਦਸਤਾਵੇਜ ਜਿਵੇਂ ਯੋਗਤਾ ਸਰਟੀਫਿਕੇਟ, ਆਧਾਰ ਕਾਰਡ, ਜਾਤੀ ਸਰਟੀਫਿਕੇਟ ਅਤੇ 1 ਪਾਸਪੋਰਟ ਸਾਇਜ ਫੋਟੋ ਲੈ ਕੇ ਦਫਤਰ ਵਿਖੇ ਸੰਪਰਕ ਕਰਨ। ਉਨ੍ਹਾ ਹੋਰ ਦੱਸਿਆ ਕਿ ਇਸ ਟ੍ਰੇਨਿੰਗ ਵਿਚ ਦੁਧਾਰੂ ਪਸ਼ੂਆਂ ਦੀ ਖਰੀਦ ਤੋਂ ਲੈ ਕੇ ਰੱਖ-ਰਖਾਵ, ਖਾਦ ਖੁਰਾਕ, ਨਸਲ ਸੁਧਾਰ, ਸਾਂਭ ਸੰਭਾਲ ਅਤੇ ਸੁੱਚਜੇ ਮੰਡੀਕਰਨ ਅਤੇ ਏ.ਆਈ ਦੇ ਪ੍ਰੈਕਟੀਕਲ ਆਦਿ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਦਿਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ 2 ਤੋਂ 20 ਪਸੂਆਂ ਦੇ ਯੂਨਿਟ 'ਤੇ ਜਨਰਲ ਜਾਤੀ ਨੂੰ 25 ਪ੍ਰਤੀਸਤ ਅਤੇ ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ 33 ਪ੍ਰਤੀਸਤ ਸਬਸਿਡੀ ਦਿੱਤੀ ਜਾਂਦੀ ਹੈ। ਉਨ੍ਹਾਂ ਸਮੂਹ ਚਾਹਵਾਨ ਦੁੱਧ ਉਤਪਾਦਕਾਂ/ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਆਪਣੇ ਆਪ ਨੂੰ ਇਸ ਸਿਖਲਾਈ ਪ੍ਰੋਗਰਾਮ ਵਿੱਚ ਦਾਖਲ ਕਰਵਾ ਕੇ ਵਿਭਾਗ ਵੱਲੋਂ ਦਿੱਤੀਆ ਜਾਂਦੀਆਂ ਸਹੂਲਤਾਂ ਦਾ ਵੱਧ ਤੋ ਵੱਧ ਲਾਭ ਉਠਾਉਣ। ਵਧੇਰੇ ਜਾਣਕਾਰੀ ਲੈਣ ਲਈ ਸੰਪਰਕ ਨੰ 01628-299322 ਜਾਂ 81461-00543 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

ਪੰਜਾਬੀ ਕਵੀ ਤ੍ਰੈਲੋਚਨ ਲੋਚੀ ਨੂੰ ਰਾਬਿੰਦਰ ਨਾਥ ਟੈਗੋਰ ਕਵਿਤਾ ਪੁਰਸਕਾਰ ਨਾਲ ਸਨਮਾਨ

ਰਾਬਿੰਦਰ ਨਾਥ ਟੈਗੋਰ ਦੀ ਬਰਸੀ ਤੇ ਸ਼੍ਰੋਮਣੀ ਪੰਜਾਬੀ ਲੇਖਕ ਸੋਹਨ ਸਿੰਘ ਸੀਤਲ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਸ਼ਮੀਤ ਮਿਊਜ਼ਿਕ ਇੰਸਟੀਚਿਉਟ  ਵਿੱਚ ਸਮਾਗਮ

ਲੁਧਿਆਣਾ, 07 ਅਗਸਤ (ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ )ਨੋਬਲ ਪੁਰਸਕਾਰ ਵਿਜੇਤਾ ਮਹਾਂਕਵੀ ਰਾਬਿੰਦਰ ਨਾਥ ਟੈਗੋਰ ਦੀ ਬਰਸੀ ਤੇ ਸ਼੍ਰੋਮਣੀ ਪੰਜਾਬੀ ਲੇਖਕ ਸੋਹਨ ਸਿੰਘ ਸੀਤਲ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਇਸ਼ਮੀਤ ਮਿਊਜ਼ਿਕ ਇੰਸਟੀਚਿਊਟ ਵਿੱਚ ਕੀਤਾ ਗਿਆ। ਇਸ ਸਮਾਗਮ ਦੇ ਉਦਘਾਟਨੀ ਸ਼ਬਦ ਬੋਲਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ 7 ਮਈ 1861 ਨੂੰ ਜਨਮੇ ਤੇ 7 ਅਗਸਤ 1941 ਨੂੰ ਦੁਨੀਆ ਤੋਂ ਵਿਦਾ ਹੋਏ ਇਸ ਬੰਗਾਲੀ ਕਵੀ, ਨਾਟਕਕਾਰ, ਨਾਵਲਕਾਰ ਅਤੇ ਸੰਗੀਤਕਾਰ ਰਵਿੰਦਰ ਨਾਥ ਟੈਗੋਰ ਨੇ 19ਵੀਂ ਅਤੇ 20ਵੀਂ ਸਦੀ ਵਿੱਚ ਬੰਗਾਲੀ ਸਾਹਿਤ ਨੂੰ ਨਵੇਂ ਰਾਹਾਂ ਉੱਤੇ ਪਾਇਆ। 
ਉਨ੍ਹਾਂ ਨੂੰ ਆਪਣੀ ਕਾਵਿ-ਪੁਸਤਕ ਗੀਤਾਂਜਲੀ ਲਈ 1913 ਦਾ ਸਾਹਿਤ ਦਾ ਨੋਬਲ ਇਨਾਮ ਹਾਸਲ ਕੀਤਾ।
ਯੂਰਪ ਤੋਂ ਬਾਹਰ ਦਾ ਉਹ ਪਹਿਲਾ ਬੰਦਾ ਸੀ ਜਿਸਨੂੰ ਇਹ ਇਨਾਮ ਮਿਲਿਆ। ਟੈਗੋਰ ਬੰਗਾਲੀ ਸਾਹਿਤ ਦਾ ਸਭ ਤੋਂ ਵੱਡਾ ਨਾਂ ਸਮਝਿਆ ਜਾਂਦਾ ਹੈ। 
ਟੈਗੋਰ ਨੇ ਮੁੱਢਲੀ ਸਿੱਖਿਆ ਘਰ ਵਿੱਚ ਹੀ ਪ੍ਰਾਪਤ ਕੀਤੀ। 1869 ਵਿੱਚ 8 ਸਾਲ ਦੀ ਉਮਰ ਵਿੱਚ ਉਸ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। ਉਸ ਦੀਆਂ 12 ਪੁਸਤਕਾਂ ਦਾ ਸੈੱਟ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਮੇਰੀ ਪ੍ਰਧਾਨਗੀ ਵੇਲੇ ਪੁਨਰ ਪ੍ਰਕਾਸ਼ਿਤ ਕਰਕੇ ਸ਼ਾਂਤੀ ਨਿਕੇਤਨ ਯੂਨੀਵਰਸਿਟੀ ਵਿਖੇ 2012 ਵਿੱਚ ਲੋਕ ਅਰਪਨ ਕੀਤਾ ਗਿਆ। ਸਬੱਬ ਨਾਲ ਅੱਜ ਹੀ ਪੰਜਾਬੀ ਨਾਵਲਕਾਰ, ਇਤਿਹਾਸਕਾਰ, ਸ਼੍ਰੋਮਣੀ ਢਾਡੀ ਤੇ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਗਿਆਨੀ ਸੋਹਣ ਸਿੰਘ ਸੀਤਲ ਦਾ ਵੀ ਜਨਮ ਦਿਹਾੜਾ ਹੈ। ਸੀਤਲ ਸਾਹਿਬ ਦੇਸ਼ ਵੰਡ ਮਗਰੋਂ ਸਾਰੀ ਉਮਰ ਲੁਧਿਆਣਾ ਵਿੱਚ ਹੀ ਰਹੇ। 
ਇਸ਼ਮੀਤ ਮਿਊਜ਼ਿਕ ਇੰਸਟੀਚਿਊਟ ਦੇ ਡਾਇਰੈਕਟਰ ਡਾਃ ਚਰਨ ਕਮਲ ਸਿੰਘ ਨੇ ਸਮਾਗਮ ਵਿੱਚ ਸ਼ਾਮਿਲ ਸੱਜਣਾਂ ਦਾ ਸੁਆਗਤ ਕਰਦਿਆਂ ਕਿਹਾ ਕਿ
11 ਸਾਲ ਦੀ ਉਮਰ ਵਿੱਚ ਟੈਗੋਰ ਆਪਣੇ ਪਿਤਾ ਮਹਾਰਿਸ਼ੀ ਦਵਿੰਦਰਨਾਥ ਨਾਲ 1873 ਵਿੱਚ ਅੰਮ੍ਰਿਤਸਰ ਆਇਆ। ਟੈਗੋਰ ਲਿਖਦਾ ਹੈ ਕਿ ਅੰਮ੍ਰਿਤਸਰ ਦਾ ਗੁਰ ਦਰਬਾਰ(ਹਰਿਮੰਦਰ ਸਾਹਿਬ) ਮੈਨੂੰ ਸੁਪਨੇ ਵਾਂਗ ਯਾਦ ਹੈ।ਕਈ ਦਿਨ ਆਪਣੇ ਪਿਤਾ ਨਾਲ ਇਥੇ ਮੈਂ ਹਰਿਮੰਦਰ ਸਾਹਿਬ ਵਿੱਚ ਜਾਂਦਾ ਰਿਹਾ। ਉਥੇ ਹਮੇਸ਼ਾ ਹੀ ਕੀਰਤਨ  ਹੁੰਦਾ ਸੀ। 
ਮੇਰਾ ਪਿਤਾ ਇਨ੍ਹਾਂ ਪ੍ਰਾਰਥਨਾਵਾਂ ਵਿੱਚ ਸ਼ਾਮਲ ਹੁੰਦਾ ਸੀ ਤੇ ਸਿੱਖ ਪ੍ਰਾਰਥੀਆਂ ਨਾਲ ਗਾਇਨ ਵਿੱਚ ਗੁਣਗੁਣਾਉਂਦਾ ਵੀ ਸੀ।ਕਿਸੇ ਬਾਹਰਲੇ ਕੋਲੋਂ ਭਗਤੀ ਦੇ ਗਾਇਨ ਨੂੰ ਸੁਣ ਕੇ ਉਹ ਵੀ ਬਹੁਤ ਉਤਸ਼ਾਹਿਤ  ਹੁੰਦੇ ਸੀ ਤੇ ਮੇਰੇ ਪਿਤਾ ਦਾ ਸਤਿਕਾਰ  ਕਰਦੇ ਸੀ।ਟੈਗੋਰ ਲਿਖਦੇ ਹਨ ਕਿ ਇਕ ਵਾਰ ਰਾਗੀ  ਸਿੰਘ ਸਾਡੇ ਘਰ ਕਲਕੱਤੇ ਵੀ ਆਏ ਤੇ ਸਾਨੂੰ ਗੁਰਬਾਣੀ ਗਾ ਕੇ ਸੁਣਾਈ।
1909 ਤੋਂ 1914 ਦੌਰਾਨ ਬਲਕਿ ਇਸ ਤੋਂਪਹਿਲਾਂ ਤੇ ਬਾਦ ਵਿੱਚ ਵੀ ਕਵੀ ਤੇ ਸੰਗੀਤਕਾਰ ਟੈਗੋਰ ਕਵੀ ਤੇ ਸੰਗੀਤਕਾਰ ਟੈਗੋਰ ਦੀਆਂ ਰਚਨਾਵਾਂ ਗੁਰੂ ਨਾਨਕ , ਕਬੀਰ ਤੇ ਕਈ ਹੋਰ ਸੰਤਾਂ ਤੋਂ ਪ੍ਰੇਰਿਤ ਹੋ ਕੇ ਰਚੀਆਂ ਹਨ।
21 ਸਾਲ ਦੀ ਉਮਰ ਵਿੱਚ ਉਨ੍ਹਾਂ ਇਕ ਬੰਗਾਲੀ ਬਾਲ ਰਸਾਲੇ ਬਾਲਕ ਵਿੱਚ ਗੁਰੂ ਨਾਨਕ ਦੇ ਸੱਚੇ ਸੌਦੇ ਦੀ ਕਥਾ ਬਾਰੇ ਲੇਖ ਲਿਖਿਆ।ਗੁਰੂ ਗੋਬਿੰਦ ਸਿੰਘ ਬਾਰੇ ਉਸ ਨੇ ਕਵਿਤਾਵਾਂ "ਗੋਬਿੰਦ ਗੁਰੂ" , "ਵੀਰ ਗੁਰੂ" ਅਤੇ ਬੰਦਾ ਸਿੰਘ ਬਹਾਦਰ ਬਾਰੇ "ਬੰਦੀ ਬੀਰ" ਬੰਗਾਲੀ ਵਿੱਚ ਰਚੀਆਂ।ਸਿੱਖ ਰਾਗੀਆਂ ਦੇ ਗੁਰੂ ਨਾਨਕ ਬਾਣੀ ਗਾਇਨ ਨੇ ਉਸ ਦੇ ਬਾਲ ਮਨ ਨੂੰ ਇਤਨਾ ਪ੍ਰਭਾਵਿਤ ਕੀਤਾ ਕਿ ਬਾਦ ਵਿੱਚ ਉਸ ਨੇ " ਗਗਨ ਮੈਂ ਥਾਲ" ਰਚਨਾ ਦਾ ਬੰਗਾਲੀ ਵਿੱਚ ਉਲਥਾ ਕੀਤਾ।
ਇਸ ਮੌਕੇ ਬੋਲਦਿਆਂ ਮਾਲਵਾ ਸੱਭਿਆਚਾਰਕ ਮੰਚ ਦੇ ਚੇਅਰਮੈਨ ਕ ਕ ਬਾਵਾ ਨੇ ਕਿਹਾ ਕਿ ਭਾਰਤ ਦਾ ਕੌਮੀ ਗਾਨ ਲਿਖਣ ਵਾਲੇ ਰਾਸ਼ਟਰੀ ਕਵੀ ਰਾਬਿੰਦਰ ਨਾਥ ਟੈਗੋਰ ਜੀ ਨੂੰ ਮੇਰਾ ਸਲਾਮ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਇੱਕ ਪੰਜਾਬੀ ਕਵੀ ਨੂੰ ਰਾਬਿੰਦਰ ਨਾਥ ਟੈਗੋਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਦਾ ਆਰੰਭ ਇਸ ਸਾਲ ਤੋਂ ਪੰਜਾਬੀ ਕਵੀ ਤ੍ਰੈਲੋਚਨ ਲੋਚੀ ਨੂੰ ਰਾਬਿੰਦਰ ਨਾਥ ਟੈਗੋਰ ਕਵਿਤਾ ਪੁਰਸਕਾਰ ਨਾਲ ਸਨਮਾਨਤ ਕਰਕੇ ਕੀਤਾ ਜਾ ਰਿਹਾ ਹੈ। 
ਤ੍ਰੈਲੋਚਨ ਲੋਚੀ ਨੂੰ ਕ ਕ ਬਾਵਾ, ਪ੍ਰੋਃ ਗੁਰਭਜਨ ਸਿੰਘ ਗਿੱਲ,ਡਾਃ ਚਰਨ ਕੰਵਲ ਸਿੰਘ, ਮਨਦੀਪ ਕੌਰ ਭਮਰਾ, ਨਾਜ਼ਿਮਾ ਬਾਲੀ,ਜਰਨੈਲ ਸਿੰਘ ਤੂਰ ਤੇ ਬਾਦਲ ਸਿੰਘ ਸਿੱਧੂ ਨੇ ਰਾਬਿੰਦਰ ਨਾਥ ਟੈਗੋਰ ਕਵਿਤਾ ਪੁਰਸਕਾਰ ਨਾਲ ਸਨਮਾਨਿਤ ਕੀਤਾ। ਇਸ ਮੌਕੇ ਤ੍ਰੈਲੋਚਨ ਲੋਚੀ ਨੇ ਟੈਗੋਰ ਰਚਨਾਵਲੀ ਵਿੱਚੋਂ ਕੁਝ ਗੀਤ ਗਾ ਕੇ ਸੁਣਾਏ। 
ਪੰਜਾਬੀ ਕਵਿੱਤਰੀ ਮਨਦੀਪ ਕੌਰ ਭਮਰਾ ਨੇ ਵੀ ਇਸ ਮੌਕੇ ਇਸ਼ ੀਚ ਮਿਊਜ਼ਿਕ ਇੰਸਟੀਚਿਊਟ ਤੇ ਮਾਲਵਾ ਸੱਭਿਆਚਾਰ ਮੰਚ ਦੀ ਸ਼ਲਾਘਾ ਕੀਤੀ ਜਿੰਨ੍ਹਾਂ ਨੇ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਕਰਕੇ ਮਹਾਂਕਵੀ ਟੈਗੋਰ ਤੇ ਗਿਆਨੀ ਸੋਹਣ ਸਿੰਘ ਸੀਤਲ ਜੀ ਨੂੰ ਸ਼ਰਧਾ ਸੁਮਨ ਭੇਂਟ ਕੀਤੇ ਹਨ। ਇਸ ਮੌਕੇ ਜਰਨੈਲ ਸਿੰਘ ਤੂਰ, ਬਾਦਲ ਸਿੰਘ ਸਿੱਧੂ, ਅਰਜੁਨ ਬਾਵਾ, ਨਾਜ਼ਿਮਾ ਬਾਲੀ ਡੀਨ(ਸਰਗਰਮੀਆਂ) ਸਰਬਜੀਤ ਸਿੰਘ, ਸਾਹਿਲ ਤੇ ਕਈ ਹੋਰ ਮਹੱਤਵਪੂਰਨ ਵਿਅਕਤੀ ਹਾਜ਼ਰ ਸਨ। 
ਸਮਾਗਮ ਵਿੱਚ ਹਾਜ਼ਰ ਵਿਅਕਤੀਆਂ ਨੇ ਉੱਘੇ ਲੋਕ ਗਾਇਕ ਸੁਰਿੰਦਰ ਛਿੰਦਾ ਨੂੰ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਚੰਡੀਗੜ੍ਹ ਵਿੱਚ ਪ੍ਰੀ-ਨਰਸਰੀ ਦੇ ਬੱਚੇ ਨੇ ਆਪਣੀ ਜਮਾਤ ਦੀ ਇੱਕ ਵਿਦਿਆਰਥਣ ਨਾਲ ਛੇੜਛਾੜ ਦਾ ਗੰਭੀਰ ਮਾਮਲਾ ਤੂਲ ਫੜਦਾ ਜਾ ਰਿਹਾ ਹੈ

ਸੀਸੀਪੀਸੀਆਰ ਨੇ ਸਕੂਲ ਤੇ ਹੈਲਪਲਾਈਨ ਤੋਂ ਮੰਗੀ ਰਿਪੋਰਟ 

ਬੱਚੇ ਦੇ ਪਿਤਾ ਦੇ ਇਲਜ਼ਾਮ ਮੁਤਾਬਕ ਪ੍ਰਿੰਸੀਪਲ ਬੱਚੇ ਨੂੰ ਸਕੂਲ ਵਿੱਚੋਂ ਕੱਢਣ ਲਈ ਦਬਾਅ ਬਣਾ ਰਿਹਾ,ਜਿਸ ਕਾਰਨ ਉਸ ’ਤੇ ਛੇੜਛਾੜ ਦਾ ਦੋਸ਼ ਲਾਇਆ

ਚੰਡੀਗੜ੍ਹ, 06 ਅਗਸਤ, (ਜਨ ਸ਼ਕਤੀ ਨਿਊਜ਼ ਬਿਊਰੋ ) ਮੀਡੀਆ ਰਿਪੋਰਟਾਂ ਅਨੁਸਾਰ ਸਕੂਲ ਵੱਲੋਂ 2 ਅਗਸਤ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਪ੍ਰੀ-ਨਰਸਰੀ ਦੇ ਇਸ ਬੱਚੇ ਨੇ ਆਪਣੀ ਜਮਾਤ ਦੀ ਇੱਕ ਵਿਦਿਆਰਥਣ ਨਾਲ ਛੇੜਛਾੜ ਕੀਤੀ ਸੀ।  ਚੰਡੀਗੜ੍ਹ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ (ਸੀਸੀਪੀਸੀਆਰ) ਨੇ ਚਾਰ ਸਾਲ ਦੇ ਬੱਚੇ ਦੇ ਮਾਮਲੇ ‘ਚ ਸਕੂਲ ਅਤੇ ਹੈਲਪਲਾਈਨ 181 ਤੋਂ ਰਿਪੋਰਟ ਮੰਗੀ ਹੈ।  ਇਸ ਦੀ ਰਿਪੋਰਟ ਇੱਕ-ਦੋ ਦਿਨਾਂ ਵਿੱਚ ਆ ਜਾਵੇਗੀ, ਪਰ ਇਸ ਦੌਰਾਨ ਹਰ ਕਿਸੇ ਦੇ ਮਨ ਵਿੱਚ, ਖਾਸ ਕਰਕੇ ਮਾਪਿਆਂ ਦੇ ਮਨ ਵਿੱਚ ਇਹ ਸਵਾਲ ਹੈ ਕਿ 4 ਸਾਲ ਦਾ ਬੱਚਾ ਸਮਝਦਾ ਵੀ ਹੈ ਕਿ ਛੇੜਛਾੜ ਕੀ ਹੁੰਦੀ ਹੈ ਜਾਂ ਉਸ ਬੱਚੇ ਨੇ ਅਜਿਹਾ ਕੀ ਕਰ ਦਿੱਤਾ।ਦੂਜੇ ਪਾਸੇ ਬੱਚੇ ਦੇ ਪਿਤਾ ਦੇ ਇਲਜ਼ਾਮ ਮੁਤਾਬਕ ਪ੍ਰਿੰਸੀਪਲ ਬੱਚੇ ਨੂੰ ਸਕੂਲ ਵਿੱਚੋਂ ਕੱਢਣ ਲਈ ਦਬਾਅ ਬਣਾ ਰਿਹਾ ਹੈ, ਜਿਸ ਕਾਰਨ ਉਸ ’ਤੇ ਛੇੜਛਾੜ ਦਾ ਦੋਸ਼ ਲਾਇਆ ਗਿਆ। ਇਸ ਸਬੰਧੀ ਡਿਪਟੀ ਕਮਿਸ਼ਨਰ ਅਤੇ ਸਿੱਖਿਆ ਸਕੱਤਰ ਨੂੰ ਸ਼ਿਕਾਇਤ ਭੇਜ ਦਿੱਤੀ ਗਈ ਹੈ। ਡੀਸੀ ਵਿਨੈ ਪ੍ਰਤਾਪ ਸਿੰਘ ਦੇ ਅਨੁਸਾਰ, ਉਹ ਇਸ ਮੁੱਦੇ ਨੂੰ ਦੇਖ ਰਹੇ ਹਨ ਅਤੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਮਾਪਿਆਂ ਅਤੇ ਸਕੂਲ ਨਾਲ ਨਿੱਜੀ ਤੌਰ 'ਤੇ ਗੱਲ ਕਰਨਗੇ।

ਨਗਰ ਕੌਂਸਲ ਮੁੱਲਾਂਪੁਰ ਦਾਖਾ ਦੇ ਕੌਂਸਲਰਾਂ ਦਾ ਕੈਪਟਨ ਸੰਦੀਪ ਸੰਧੂ ਨੇ ਕੀਤਾ ਧੰਨਵਾਦ 

ਕਾਂਗਰਸ ਸਰਕਾਰ ਮੌਕੇ ਸ਼ਹਿਰ ਦੇ ਵੱਡੇ ਵਿਕਾਸ ਹੋਏ—ਸੰਧੂ
ਮੁੱਲਾਂਪੁਰ ਦਾਖਾ,6 ਅਗਸਤ(ਸਤਵਿੰਦਰ ਸਿੰਘ ਗਿੱਲ)—
ਪਿਛਲੇ ਦਿਨੀਂ ਜਦੋ ਪੰਜਾਬ ਵਿੱਚ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦਾ ਐਲਾਨ ਹੋਇਆ ਸੀ। ਇਸ ਕਰਕੇ ਅੱਜ ਵਿਧਾਨ ਸਭਾ ਹਲਕਾ ਦਾਖਾ ਦੇ ਸ਼ਹਿਰ ਮੁੱਲਾਂਪੁਰ ਦਾਖਾ ਚ ਕੈਪਟਨ ਸੰਦੀਪ ਸਿੰਘ ਸੰਧੂ ਨੇ ਸ਼ਹਿਰ ਦੇ ਤਕਰੀਬਨ ਸਾਰੇ ਕੌਂਸਲਰਾਂ ਨਾਲ ਮੀਟਿੰਗ ਕੀਤੀ ਅਤੇ ਸਭ ਦਾ ਧੰਨਵਾਦ ਵੀ ਕੀਤਾ ਅਤੇ ਇਸ ਮੌਕੇ ਇਹਨਾ ਹਾਜਰ ਕੌਂਸਲਰਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਕਾਂਗਰਸ ਦੇ ਕਾਰਜਕਾਲ ਦੌਰਾਨ ਉਹਨਾਂ ਨੇ ਇਸ ਸ਼ਹਿਰ ਦੇ ਵਿਕਾਸ ਕਾਰਜਾਂ ਵਾਸਤੇ ਵੱਡੇ ਗਰਾਂਟ ਦੇ ਗੱਫੇ ਦਿੱਤੇ ਸਨ ਜਿਸ ਨਾਲ ਇਸ ਨਾਮੀ ਸ਼ਹਿਰ ਮੁੱਲਾਂਪੁਰ ਦਾਖਾ ਦੇ ਅਥਾਹ ਵਿਕਾਸ ਹੋਏ ਹਨ। ਇਸ ਮੀਟਿੰਗ ਦੌਰਾਨ ਕੈਪਟਨ ਸੰਧੂ ਨੇ ਪੁੱਜੇ ਸਾਰੇ ਕੌਂਸਲਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬਲਾਕ ਪ੍ਰਧਾਨ ਪਰੇਮ ਸਿੰਘ ਸੇਖੋਂ, ਸੀਨੀਅਰ ਕਾਂਗਰਸੀ ਆਗੂ ਮਨਪ੍ਰੀਤ ਸਿੰਘ ਈਸੇਵਾਲ,ਪ੍ਰਧਾਨ ਨਗਰ ਕੌਂਸਲ ਤੇਲੂ ਰਾਮ ਬਾਂਸਲ , ਸੀਨੀਅਰ ਮੀਤ ਪ੍ਰਧਾਨ ਕਰਨਵੀਰ ਸਿੰਘ ਸੇਖੋ,ਕੌਂਸਲਰ ਸੁਦੇਸ਼ ਰਾਣੀ ਗੋਇਲ,ਕੌਂਸਲਰ ਬਲਬੀਰ ਚੰਦ, ਕੌਸਲਰ ਰੁਪਾਲੀ ਜੈਨ,ਕੌਂਸਲਰ ਤਰਸੇਮ ਕੌਰ ਮਾਨ,ਕੌਂਸਲਰ ਸੁਭਾਸ਼ ਨਾਗਰ,ਕੌਂਸਲਰ ਜਸਵਿੰਦਰ ਸਿੰਘ ਹੈਪੀ,ਕੌਂਸਲਰ ਮਹਿੰਦਰਪਾਲ ਸਿੰਘ ਲਾਲੀ,ਆਸ਼ੂ ਬਾਂਸਲ,ਸੀਨੀਅਰ ਕਾਂਗਰਸੀ ਆਗੂ ਅਨਿਲ ਜੈਨ ਅਤੇ ਪਰਮਿੰਦਰ ਸਿੰਘ ਅਦਿ ਹਾਜਰ ਸਨ।

ਟੈਕਸਟਾਇਲ-ਹੌਜ਼ਰੀ ਕਾਮਗਾਰ ਯੂਨੀਅਨ ਦਾ ਛੇਵਾਂ ਇਜਲਾਸ ਸਫ਼ਲਤਾ ਪੂਰਵਕ  ਨੇਪਰੇ ਚੜ੍ਹਿਆ

ਲੁਧਿਆਣਾ 06 ਅਗਸਤ (ਟੀ. ਕੌਰ) -ਅੱਜ ਟੈਕਸਟਾਇਲ ਹੌਜ਼ਰੀ ਕਾਮਗਾਰ ਯੂਨਿਅਨ, ਪੰਜਾਬ ਦਾ ਛੇਵਾਂ ਇਜਲਾਸ ਕੀਤਾ ਗਿਆ। ਇਜਲਾਸ ਵਿੱਚ ਵੱਖ-ਵੱਖ ਕਾਰਖਾਨਿਆਂ ਦੇ ਲਗਭਗ 90 ਮਜਦੂਰਾਂ ਨੇ ਹਿੱਸਾ ਲਿਆ। ਇਸ ਇਜਲਾਸ ਵਿੱਚ ਪਿਛਲੀ ਕਮੇਟੀ ਦੇ ਮੁੱਖ ਸਕੱਤਰ ਵੱਲੋਂ ਸਿਆਸੀ-ਜਥੇਬੰਦਕ  ਰਿਪੋਰਟ ਪੜ੍ਹੀ ਗਈ ਜਿਸ ਪ੍ਰਾਪਤੀਆਂ ਤੇ ਕਮੀਆਂ ਦਾ ਭਰਵਾਂ ਵਿਸ਼ਲੇਸ਼ਣ ਕੀਤਾ ਗਿਆ ਅਤੇ ਭਵਿੱਖ ਦੀਆਂ ਚੁਣੌਤੀਆਂ ਅਤੇ ਕੰਮਾਂ ਉੱਤੇ ਨੁਕਤਾਵਾਰ ਗੱਲ ਕੀਤੀ। ਇਸ ਤੋਂ ਬਾਅਦ ਵਿੱਚ ਸਰਗਰਮੀ ਰਿਪੋਰਟ ਤੇ ਵਿੱਤੀ ਰਿਪੋਰਟ ਵੀ ਪੇਸ਼ ਕੀਤੀ ਗਈ।
 ਇਜਲਾਸ ਚ ਪੁੱਜੇ ਮੈਂਬਰਾਂ ਨੇ ਜਥੇਬੰਦੀ ਦੇ ਸਾਬਕਾ ਪ੍ਰਧਾਨ ਸਾਥੀ ਰਾਜਵਿੰਦਰ ਅਤੇ ਉਪ-ਪ੍ਰਧਾਨ ਗੁਰਦੀਪ ਨੂੰ ਸ਼ੁਭਕਾਮਨਾਵਾਂ ਸਹਿਤ ਕਮੇਟੀ ਵਿੱਚੋਂ ਵਿਦਾਈ ਦਿੱਤੀ। ਆਉਣ ਵਾਲੇ ਸਮੇਂ ਦੌਰਾਨ ਜੱਥੇਬੰਦੀ ਦੇ ਕੰਮ ਸੁਚਾਰੂ ਢੰਗ ਨਾਲ਼ ਚਲਾਉਣ ਲਈ ਨਵੀਂ ਆਗੂ ਕਮੇਟੀ ਦੀ ਚੋਣ ਕੀਤੀ ਅਤੇ 11 ਮੈਂਬਰੀ ਕਮੇਟੀ ਨੇ ਜਗਦੀਸ਼ ਸਿੰਘ ਨੂੰ ਪ੍ਰਧਾਨ, ਵਿਸ਼ਾਲ ਨੂੰ ਜਨਰਲ ਸਕੱਤਰ, ਛੋਟੇ ਲਾਲ ਨੂੰ ਖਜ਼ਾਨਚੀ ਅਤੇ ਰਾਮ ਸਿੰਘ, ਧਰਮੇਸ਼, ਪ੍ਰਮੋਦ, ਰਵਿੰਦਰ, ਵਿਸ਼ਵਨਾਥ, ਗੁਰਪ੍ਰੀਤ, ਬੁੱਧਰਤਨ ਤੇ ਸੰਜੂ ਨੂੰ ਕਮੇਟੀ ਮੈਂਬਰ ਚੁਣਿਆ। ਇਸ ਮੌਕੇ 'ਤੇ ਭਾਈਚਾਰਾ ਜਥੇਬੰਦੀ ਕਾਰਖਾਨਾ ਮਜ਼ਦੂਰ ਯੂਨੀਅਨ ਵੱਲੋਂ ਲਖਵਿੰਦਰ ਨੇ ਵਧਾਈ ਦਿੱਤੀ।

ਟੈਕਸਟਾਇਲ-ਹੌਜ਼ਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਜਗਦੀਸ਼ ਨੇ ਕਿਹਾ ਕਿ ਅੱਜ ਮਜਦੂਰ ਜਮਾਤ ਇੱਕ ਬੇਹੱਦ ਚਣੌਤੀਪੂਰਣ ਹਲਾਤਾਂ ਵਿੱਚੋਂ ਲੰਘ ਰਹੀ ਹੈ ਜਦੋਂ ਇੱਕ ਪਾਸੇ ਤਾਂ ਲੱਕ ਤੋੜ ਮਹਿੰਗਾਈ ਦੀ ਮਾਰ ਹੈ ਅਤੇ ਵੱਡੀ ਅਬਾਦੀ ਆਪਣੀਆਂ ਬੁਨਿਆਦੀ ਲੋੜਾਂ ਵੀ ਪੂਰੀਆਂ ਨਹੀਂ ਕਰ ਪਾ ਰਹੀ ਅਤੇ ਦੂਜੇ ਪਾਸੇ ਸਰਕਾਰ ਨਿੱਜੀਕਰਨ-ਉਦਾਰੀਕਰਨ ਦੀਆਂ ਨੀਤੀਆਂ ਤਹਿਤ ਸਰਮਾਏਦਾਰਾਂ ਨੂੰ ਖੁੱਲ੍ਹ ਦੇ ਕੇ ਮਜਦੂਰ-ਕਿਰਤੀਆਂ ਦੀ ਲੁੱਟ ਤੇਜ ਕਰ ਰਹੀ ਹੈ। ਰੋਜਾਨਾ ਹੁੰਦੀਆਂ ਛਾਂਟੀਆਂ, ਤਾਲਾਬੰਦੀਆਂ ਕਾਰਨ ਬੇਰੋਜਗਾਰੀ ਦੀ ਝੰਬੀ ਵੱਡੀ ਮਜ਼ਦੂਰ ਅਬਾਦੀ ਅੱਜ ਪਹਿਲਾਂ ਨਾਲੋਂ ਵੀ ਘੱਟ ਤਨਖਾਹ ਅਤੇ ਪੀਸਰੇਟ ਤੇ ਕੰਮ ਕਰਨ ਲਈ ਮਜ਼ਬੂਰ ਹੋ ਗਈ ਹੈ। ਕਾਰਖਾਨਿਆਂ ਚ ਬੁਨਿਆਦੀ ਹੱਕ ਵੀ ਲਾਗੂ ਨਹੀਂ ਅਤੇ ਮਜਦੂਰਾਂ ਨੂੰ ਸਖ਼ਤ ਅਸੁਰੱਖਿਤ ਥਾਵਾਂ ਤੇ ਕੰਮ ਕਰਨਾ ਪੈ ਰਿਹਾ ਹੈ। ਇਹਨਾਂ ਹਲਾਤਾਂ ਵਿੱਚ ਮਜ਼ਦੂਰ ਜਮਾਤ ਦੀ ਵਿਸ਼ਾਲ ਲਾਮਬੰਦੀ ਦੀ ਲੋੜ ਹੈ। ਉਹਨਾਂ ਕਿਹਾ ਕਿ ਸਾਡੀ ਜਥੇਬੰਦੀ ਸ਼ੁਰੂ ਤੋਂ ਹੀ ਮਜ਼ਦੂਰ-ਕਿਰਤੀ ਅਬਾਦੀ ਨੂੰ ਸਿੱਖਿਅਤ ਅਤੇ ਲਾਮਬੰਦ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰਦੀ ਰਹੀ ਹੈ ਅਤੇ ਆਉਣ ਵਾਲੇ ਸਮੇਂ ਦੌਰਾਨ ਵੀ ਮਜ਼ਦੂਰਾਂ-ਕਿਰਤੀਆਂ ਦੇ ਹੱਕਾਂ ਦੀ ਰਾਖੀ ਲਈ ਸੰਘਰਸ਼ਸ਼ੀਲ ਰਹੇਗੀ।

ਇਜਲਾਸ ਵਿੱਚ ਮਨੀਪੁਰ-ਹਿੰਸਾ ਦੇ ਵਿਰੋਧ, ਨੂਹ(ਮੇਵਾਤ) ਚ ਸਰਕਾਰ ਦੀ ਸ਼ੈਅ ਤੇ ਭੜਕੀ ਹਿੰਸਾ, ਕਿਰਤ ਕਨੂੰਨਾਂ ਚ ਮਜ਼ਦੂਰ ਵਿਰੋਧੀ ਸੋਧਾਂ, ਵੱਧਦੀ ਮਹਿੰਗਾਈ ਦੇ ਵਿਰੋਧ ਵਿੱਚ ਅਤੇ ਉੜੀਸਾ ਹਾਦਸੇ ਦੀ ਜਿੰਮੇਵਾਰ ਭਾਜਪਾ ਸਰਕਾਰ ਦੇ ਵਿਰੋਧ ਚ ਮਤੇ ਪਾਸ ਕੀਤੇ ਗਏ। ਇਜਲਾਸ ਸਮੇਂ ਮੰਚ-ਸੰਚਾਲਨ ਸਾਥੀ ਵਿਸ਼ਾਲ ਨੇ ਕੀਤਾ। ਇਸ ਮੌਕੇ ਇਨਕਲਾਬੀ ਸੱਭਿਆਚਾਰਕ ਮੰਚ ਦਸਤਕ ਵੱਲੋਂ ਇਨਕਲਾਬੀ ਗੀਤਾਂ ਦੀ ਪੇਸ਼ਕਾਰੀ ਕੀਤੀ ਗਈ।

ਮਿਹਨਤਕਸ਼ ਪਰਿਵਾਰ ਚੋੰ ਉੱਠ ਕੇ ਬਿਨਾ ਸਰਕਾਰੀ ਮਦਦ ਤੋਂ ਪ੍ਰਾਪਤ ਕਾਮਯਾਬੀ ਇੱਕ ਮਿਸਾਲ - ਬੈਂਸ 

ਲੁਧਿਆਣਾ, 06 ਅਗਸਤ (ਟੀ. ਕੌਰ) ਅੱਜ ਜਿੱਥੇ ਪੰਜਾਬ ਦਾ ਨੌਜਵਾਨ ਆਪਣੇ  ਉਦੇਸ਼ ਤੋਂ  ਭਟਕ  ਕੇ ਨਸ਼ਿਆਂ ਵੱਲ ਤੁਰ ਪਿਆ ਹੈ।ਉਹਨਾਂ ਲਈ ਅਜੇ ਰਾਜ ਸ਼ਰਮਾ ਇੱਕ ਮਿਸਾਲ ਬਣ ਗਿਆ ਹੈ।ਜਿਸਨੇ ਆਪਣੇ ਬਲਬੂਤੇ ਉਤੇ ਆਪ ਨੂੰ ਸਥਾਪਿਤ ਕਰਕੇ ਇਕ ਵਰਲਡ ਰਿਕਾਰਡ ਸਥਾਪਿਤ ਕੀਤਾ।ਅਜੇ ਰਾਜ ਸ਼ਰਮਾ ਨਸ਼ਿਆਂ ਵਿੱਚ ਡੁੱਬੇ ਨੌਜਵਾਨਾਂ ਲਈ ਇੱਕ ਰੋਲ ਮਾਡਲ ਬਣ ਹੈ।ਜਿਸ ਤੋਂ  ਅੱਜ ਦੇ ਪੰਜਾਬ ਦੇ ਨੌਜਵਾਨਾਂ ਨੂੰ  ਸਿੱਖਿਆ ਲੈਣੀ ਚਾਹੀਦੀ ਹੈ।ਇਹ ਸ਼ਬਦ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅਜੇ ਰਾਜ ਸ਼ਰਮਾ ਨੂੰ ਸਨਮਾਨਿੱਤ ਕਰਦੇ ਹੋਏ ਕਹੇ।ਬੈਂਸ ਨੇ ਕਿਹਾ ਕਿ ਅਜੇ ਰਾਜ ਸ਼ਰਮਾ ਮਿਹਨਤ ਕਸ਼ ਪਰਿਵਾਰ ਨਾਲ ਸਬੰਧ ਰੱਖਣ ਵਾਲਾ ਹੈ।ਬਿਨਾਂ ਕਿਸੇ ਸਰਕਾਰੀ ਮੱਦਦ ਤੋਂ  ਅਜੇ ਰਾਜ ਸ਼ਰਮਾ ਨੇ ਪਰਿਵਾਰਿਕ ਤੰਗੀ ਤੁਰਸ਼ੀ ਨੂੰ ਕਮਜ਼ੋਰੀ ਨਹੀਂ ਬਣਨ ਦਿੱਤਾ ਸਗੋਂ ਆਪਣੇ ਬਲਬੂਤੇ ਉਤੇ ਹਿੰਮਤ,ਸਖਤ ਮਿਹਨਤ ਅਤੇ ਲਗਨ ਨਾਲ ਵਰਲਡ ਰਿਕਾਰਡ ਸਥਾਪਿਤ ਕਰਕੇ ਜਿਥੇ ਪੂਰੇ ਵਿਸ਼ਵ  ਵਿੱਚ ਦੇਸ਼ ਅਤੇ ਪੰਜਾਬ ਦੇ ਨਾਲ ਲੁਧਿਆਣੇ  ਦਾ ਨਾਮ ਵੀ ਰੌਸ਼ਨ ਕੀਤਾ।ਬੈਂਸ ਨੇ ਕਿਹਾ ਕਿ ਅਜਿਹੇ ਲੋਕ ਜੋਂ ਬਿਨਾਂ ਕਿਸੇ ਸਰਕਾਰੀ ਮੱਦਦ  ਅਤੇ  ਪਹੁੰਚ ਤੋ ਆਪਣੇ ਬਲਬੂਤੇ ਉਤੇ ਮੁਕਾਮ ਹਾਸਿਲ ਕਰਦੇ ਹਨ  ਉਹ ਇਕ ਇਤਿਹਾਸਿਕ ਮਿਸਾਲ ਬਣ ਜਾਂਦੇ ਹਨ। ਬੈਂਸ ਨੇ ਕਿਹਾ ਸਰਕਾਰਾਂ ਨੂੰ ਇਹੋ ਜਿਹੇ ਨੌਜਵਾਨਾਂ ਦੀ ਮਦਦ ਨੂੰ ਅੱਗੇ ਆਉਣ  ਚਾਹੀਦਾ ਹੈ । ਤਾਂ ਜੋਂ ਉਹ ਦੇਸ਼ ਨੂੰ ਤਰੱਕੀ ਦੀ ਰਾਹ ਤੇ ਲੈਕੇ ਜਾ ਸਕਣ।ਇਸ ਮੌਕੇ ਅਰਜੁਨ ਸਿੰਘ ਚੀਮਾ,ਅਮਿਤ ਕਪੂਰ,ਸਿਕੰਦਰ ਸਿੰਘ ਪੰਨੂ ਆਦਿ ਮੌਜੂਦ ਸਨ।

ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਗੋਲੂ ਨੇ ਕੀਤੀ ਮੁੱਲਾਂਪੁਰ ਦਾਖਾ ਚ ਅਹਿਮ ਮੀਟਿੰਗ

ਪਿੰਡ ਪੱਧਰੀ ਮੀਟਿੰਗਾ ਵੀ ਜਾਰੀ ਰਹਿਣਗੀਆਂ—ਗੋਲੂ
ਮੁੱਲਾਂਪੁਰ ਦਾਖਾ,06 ਅਗਸਤ(ਸਤਵਿੰਦਰ ਸਿੰਘ ਗਿੱਲ)—
ਕਾਂਗਰਸ ਪਾਰਟੀ ਦੇ ਮੁੱਖ ਦਫਤਰ  ਮੁੱਲਾਂਪੁਰ ਦਾਖਾ ਵਿੱਚ ਅੱਜ ਬਲਾਕ ਮੁੱਲਾਂਪੁਰ ਦਾਖਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਗੋਲੂ ਨੇ ਵੱਡੀ ਗਿਣਤੀ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕੀਤੀ । ਇਸ ਮੀਟਿੰਗ  ਵਿੱਚ ਬਲਾਕ ਮੁੱਲਾਂਪੁਰ ਦਾਖਾ ਦੇ ਵੱਖ ਵੱਖ ਪਿੰਡਾਂ ਤੋ ਪਿੰਡ ਪੱਧਰੀ ਕਾਂਗਰਸੀ ਆਗੂ ਪੁੱਜੇ ਸਨ ਜਿਨ੍ਹਾਂ ਨੂੰ ਪ੍ਰਧਾਨ ਗੋਲੂ ਨੇ ਸੰਬੋਧਨ ਕੀਤਾ। ਇਸ ਅਹਿਮ ਮੀਟਿੰਗ ਵਿੱਚ ਸੁਖਵਿੰਦਰ ਸਿੰਘ ਗੋਲੂ ਨੇ ਵੱਖ ਵੱਖ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਅਤੇ ਹਾਜਰ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ । ਹਾਜਰ ਕਾਂਗਰਸੀ ਵਰਕਰਾਂ ਨੇ ਆਪੋ ਆਪਣੇ ਵਿਚਾਰ ਵੀ ਰੱਖੇ।ਮੀਟਿੰਗ ਦਾ ਮੁੱਖ ਟੀਚਾ ਇਹ ਸੀ ਕਿ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਚ ਵੀ ਜਿਆਦਾ ਤੋ ਜਿਆਦਾ ਲੋਕਾਂ ਨੂੰ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨਾਲ ਜੋੜਿਆ ਜਾਵੇ। ਪ੍ਰਧਾਨ ਸੁਖਵਿੰਦਰ ਸਿੰਘ ਗੋਲੂ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹਲਕਾ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਵਲੋ ਵੀ ਹਮੇਸ਼ਾਂ ਇਹੋ ਕਿਹਾ ਜਾਂਦਾਂ ਹੈ ਕਿ ਕਦੇ ਵੀ ਕਿਸੇ ਕਾਂਗਰਸੀ ਵਰਕਰ ਨੂੰ ਦੁੱਖ ਤਹਲੀਫ ਹੁੰਦੀ ਹੈ ਤਾਂ ਉਸ ਦੀ ਬਾਂਹ ਜਰੂਰ ਫੜੀ ਜਾਵੇ।ਇਸ ਮੌਕੇ ਸੁਖਵਿੰਦਰ ਸਿੰਘ ਗੋਲੂ ਨੇ ਹਾਜਰ ਵਰਕਰਾਂ ਨੂੰ ਵਧਾਈ ਵੀ ਦਿੱਤੀ ਕਿ  ਰਾਹੁਲ ਗਾਂਧੀ ਦੀ ਸਦੱਸਤਾ ਬਹਾਲ ਹੋ ਗਈ ਹੈ।ਇਸ ਮੌਕੇ ਕੁਲਦੀਪ ਸਿੰਘ ਬਦੋਵਾਲ ਮੈਬਰ ਜਿਲ੍ਹਾ ਪ੍ਰੀਸ਼ਦ,ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ,ਮੀਤ ਪ੍ਰਧਾਨ ਹਰਵਿੰਦਰ ਸਿੰਘ ਸਹੋਲੀ,ਹਿਮਤ ਸਿੰਘ ਮੋਹੀ,ਪਰਵਿੰਦਰ ਸਿੰਘ ਧਾਲੀਵਾਲ ,ਜਗਜੀਤ ਸਿੰਘ ਬਿੱਟੂ,ਸ਼ਿੰਦਾ ਪਮਾਲ਼,ਦਲਜੀਤ ਸਿੰਘ ਜਾਂਗਪੁਰ,ਸੰਦੀਪ ਸਿੰਘ ਸਨੀ ਜੋਧਾਂ, ਦੀਪਾ ਸ਼ੋਕਰਾਂ,ਦਰਸ਼ਨ ਸਿੰਘ ਭਨੋਹੜ੍ਹ ਮੈਬਰ ਬਲਾਕ ਸੰਮਤੀ,ਲੱਕੀ ਗੁੱਜਰਵਾਲ ਆਦਿ ਆਗੂ ਹਾਜ਼ਰ ਸਨ।

ਪਿੰਡ ਮਲਸੀਹਾ ਬਾਜਣ ਦੇ ਨੌਜਵਾਨ ਦਾ ਕਤਲ ਕਰਨ ਵਾਲਿਆਂ ਨੂੰ ਸਿੱਧਵਾਂ ਬੇਟ ਦੀ ਪੁਲਿਸ ਨੇ 8 ਘੰਟਿਆਂ ਵਿੱਚ ਹੀ ਕੀਤਾ ਕਾਬੂ

 ਸਿੱਧਵਾਂ ਬੇਟ / ਜਗਰਾਉ, 06 ਅਗਸਤ( ਮਨਜੀਤ ਸਿੰਘ ਲੀਲਾਂ) ਮੁੱਦਈ ਨੇ ਬਿਆਨ ਕੀਤਾ ਕਿ ਮੇਰੀ ਸ਼ਾਦੀ ਰੇਸ਼ਮ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਖੋਲਿਆਂ ਵਾਲਾ ਪੁੱਲ | ਦਾਖਲੀ ਮਲਸੀਆ ਬਾਜਣ ਥਾਣਾ ਸਿੱਧਵਾ ਬੇਟ ਉਮਰ 40 ਸਾਲ ਕਰੀਬ ਨਾਲ ਹੋਈ ਸੀ।ਮੇਰੇ ਪਤੀ ਰੇਸ਼ਮ ਦੀ ਦੋਸਤੀ ਗੁਰਜੀਤ ਸਿੰਘ ਉਰਫ ਗੀਤਾ ਪੁੱਤਰ ਹਰਨੇਕ ਸਿੰਘ ਵਾਸੀ ਸਿੱਧਵਾ ਬੇਟ ਨਾਲ ਸੀ ਅਤੇ ਗੁਰਜੀਤ ਸਿੰਘ ਦਾ ਅਤੇ ਮੇਰੇ ਪਤੀ ਦਾ ਇੱਕ ਦੂਸਰੇ ਦੇ ਘਰ ਆਉਂਣਾ ਜਾਣਾ ਸੀ ਹੁਣ ਕੁੱਝ ਦਿਨਾਂ ਤੋਂ ਗੁਰਜੀਤ ਸਿੰਘ 5 | ਅਤੇ ਮੇਰੇ ਪਤੀ ਦੀ ਬੋਲ ਚਾਲ ਘੱਟ ਸੀ ਕਿਉਂਕਿ ਗੁਰਜੀਤ ਸਿੰਘ ਉਰਫ ਗੀਤਾ ਮੇਰੇ ਪਤੀ ਪਰ ਸ਼ੱਕ ਪ | ਕਰਦਾ ਸੀ ਕਿ ਮੇਰੇ ਪਤੀ ਰੇਸ਼ਮ ਸਿੰਘ ਦੀ ਗੁਰਜੀਤ ਸਿੰਘ ਉਰਫ ਗੀਤਾ ਦੀ ਪਤਨੀ ਬਬਲੀ ਨਾਲ ਨਜਾਇੰਜ ਸਬੰਧ ਸਨ ਜਿਸ ਕਰਕੇ ਕੁੱਝ ਦਿਨ ਪਹਿਲਾਂ ਗੁਰਜੀਤ ਸਿੰਘ ਨੇ ਮੈਨੂੰ ਇਸ ਗੱਲ ਦਾ ਉਲਾਮਾ ਵੀ ਦਿੱਤਾ ਸੀ ਕੱਲ ਮਿਤੀ 04.08.2023 ਨੂੰ ਮੇਰਾ ਪਤੀ ਪ੍ਰੇਮ ਸਿੰਘ ਦੇ ਖੇਤ ਜੋ ਜਨੇਤਪੁਰਾ ਰੋਡ ਹੈ ਕੰਮ ਕਾਰ ਕਰਨ ਲਈ | ਸੁਭਾ ਘਰੋਂ ਗਿਆ ਸੀ ਜਦ ਸ਼ਾਮ ਤੱਕ ਵਾਪਿਸ ਘਰ ਨਾ ਆਇਆ ਤਾਂ ਵਕਤ ਕ੍ਰੀਬ 7.30 PM ਮੈਂ ਅਤੇ | ਮੇਰੀ ਲੜਕੀ ਮਨਜੋਤ ਕੌਰ ਮੇਰੇ ਪਤੀ ਦੀ ਭਾਲ ਕਰਨ ਲਈ ਪ੍ਰੇਮ ਸਿੰਘ ਦੇ ਖੇਤ ਜਨੇਤਪੁਰਾ ਰੋਡ ਮਲਸੀਆ ਬਾਜਣ ਗਈਆਂ ਤਾਂ ਪ੍ਰੇਮ ਸਿੰਘ ਦੀ ਮੋਟਰ ਕੋਲ ਗੁਰਜੀਤ ਸਿੰਘ ਉਰਫ ਗੀਤਾ ਪੁੱਤਰ ਹਰਨੇਕ ਸਿੰਘ ਵਾਸੀ ਸਿੱਧਵਾ ਬੇਟ ਜਿਸ ਦੇ ਹੱਥ ਵਿੱਚ ਕੋਈ ਲੋਹੇ ਦਾ ਹਥਿਆਰ ਸੀ।ਮੇਰੇ ਪਤੀ ਦੇ ਸਿਰ ਪਰ ਵਾਰ ਕਰ ਰਿਹਾ ਸੀ ਅਤੇ ਉਸ ਦੇ ਨਾਲ ਦੋ ਹੋਰ ਅਣਪਛਾਤੇ ਆਦਮੀ ਜਿਹਨਾਂ ਨੂੰ ਮੈਂ ਸਾਹਮਨੇ ਆਉਂਣ ਪਰ ਪਹਿਚਾਣ ਸਕਦੀ ਹਾਂ ਜਿਹਨਾਂ ਕੋਲ ਬੇਸ ਬਾਲ ਸਨ ਮੇਰੇ ਪਤੀ ਦੀਆਂ ਲੱਤਾਂ ਅਤੇ ਬਾਹਾਂ ਪਰ ਵਾਰ ਕਰ ਰਹੇ ਸਨ ਮੈਂ ਅਤੇ ਮੇਰੀ ਲੜਕੀ ਮਨਜੋਤ ਕੌਰ ਨਾ ਮਾਰੋ ਨਾ ਮਾਰੋ ਦੀਆਂ ਅਵਾਜਾਂ ਮਾਰੀਆਂ ਤਾਂ ਗੁਰਜੀਤ ਸਿੰਘ ਉਰਫ ਗੀਤਾ ਅਤੇ ਉਸ ਦੇ ਨਾਲ ਦੇ ਦੋਨੋਂ ਅਣਪਛਾਤੇ ਆਦਮੀ ਆਪਣੇ-ਆਪਣੇ ਹਥਿਆਰਾਂ ਸਮੇਤ ਮੌਕਾ ਤੋਂ ਭੱਜ ਗਏ ਮੈਂ ਆਪਣੇ ਪਤੀ ਪਾਸ ਜਾ ਕਰ ਉਸਨੂੰ ਸੰਭਾਲਿਆ ਮੇਰੇ ਪਤੀ ਨੂੰ ਕਾਫੀ ਸੱਟਾਂ ਲੱਗੀਆਂ ਸਨ ਜੋ ਸਹਿਕ ਰਿਹਾ ਸੀ ਮੈਂ ਆਪਣੇ ਪਤੀ ਨੂੰ ਸਿਵਲ ਹਸਪਤਾਲ ਜਗਰਾਉਂ ਦਾਖਲ ਕਰਾਇਆ ਜਿੱਥੇ ਡਾਕਟਰ ਸਾਹਿਬ ਨੇ ਮੇਰੇ ਪਤੀ ਨੂੰ ਜਿਆਦਾ ਸੱਟਾਂ ਹੋਣ ਕਰਕੇ ਸਿਵਲ ਹਸਪਤਾਲ ਲੁਧਿਆਣਾ ਦਾ ਰੈਫਰ ਕਰ ਦਿੱਤਾ ਤਾਂ ਮੈਂ ਆਪਣੇ ਪਤੀ ਨੂੰ ਸਿਵਲ ਹਸਪਤਾਲ ਲੁਧਿਆਣਾ ਦਾਖਲ ਕਰਾਇਆ ਜਿੱਥੇ ਰਾਤ ਮੇਰੇ ਪਤੀ ਰੇਸ਼ਮ ਸਿੰਘ ਦੀ ਮੌਤ ਹੋ ਗਈ ਮੇਰੇ ਪਤੀ ਦੀ ਮੌਤ ਗੁਰਜੀਤ ਸਿੰਘ ਉਰਫ ਗੀਤਾ ਅਤੇ ਉਸਦੇ ਦੋ ਸਾਥੀਆਂ ਵੱਲੋਂ ਕੁੱਟ ਮਾਰ ਕਰਨ ਕਾਰਨ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਪੁਲਿਸ ਥਾਣਾ ਸਿੱਧਵਾਂ ਬੇਟ ਦੇ ਮੁੱਖੀ ਦਲਜੀਤ  ਸਿੰਘ ਨੇ ਦੱਸਿਆ ਕਿ ਗੁਰਜੀਤ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਸਿੱਧਵਾਂ ਬੇਟ ,ਇੰਦਰਜੀਤ ਸਿੰਘ ਪੁੱਤਰ ਮੰਗਲ ਵਾਸੀ ਸਲੇਮਪੁਰ ਅਤੇ ਅਮਰੀਕ ਸਿੰਘ ਪੁੱਤਰ ਬਲਵੀਰ ਦੇ ਖਿਲਾਫ ਮੁਕੱਦਮਾ ਨੰਬਰ 151 ਧਾਰਾ 302,34 ਆਈ ਪੀ ਸੀ ਤਹਿਤ ਰਜਿਸਟਰ ਕਰ ਕੇ ਦੋਸੀਆਂ ਨੂੰ 8 ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰ ਲਿਆ ਹੈ

ਮਾਂ ਦਾ ਦੁੱਧ ਬੱਚੇ ਦੇ ਪਾਲਣ ਪੋਸ਼ਣ ਲਈ ਕੁਦਰਤੀ ਖੁਰਾਕ: ਡਾਕਟਰ ਨੀਲਮ 

ਪੱਖੋਵਾਲ / ਸਰਾਭਾ 6 ਅਗਸਤ( ਦਲਜੀਤ ਸਿੰਘ ਰੰਧਾਵਾ ) ਸਿਵਲ ਸਰਜਨ ਲੁਧਿਆਣਾ ਡਾਕਟਰ ਹਤਿੰਦਰ ਕੌਰ ਕਲੇਰ ਦੇ ਦਿਸਾ ਨਿਰਦੇਸ਼ਾਂ ਤੇ ਡਾਕਟਰ ਨੀਲਮ ਸੀਨੀਅਰ ਮੈਡੀਕਲ ਅਫਸਰ ਪੱਖੋਵਾਲ ਦੀ ਅਗਵਾਈ ਹੇਠ 1ਅਗਸਤ ਤੋ 7 ਅਗਸਤ ਤੱਕ ਮਨਾਏ ਜਾ ਰਹੇ ਵਿਸ਼ਵ ਸਤਨਪਾਨ ਹਫਤੇ ਦੀ ਲੜੀ ਤਹਿਤ ਸੀ ਐਚ ਸੀ ਪੱਖੋਵਾਲ ਵਿਖੇ ਮਨਾਇਆ ਗਿਆ। ਡਾਕਟਰ ਨੀਲਮ ਨੇ ਕਿਹਾ ਕਿ ਮਾਂ ਦਾ ਪਹਿਲਾ ਪੀਲਾ ਗਾੜਾ ਦੁੱਧ ਬੱਚੇ ਨੂੰ ਜਨਮ ਤੋ ਇੱਕ ਘੰਟੇ ਦੇ ਅੰਦਰ ਸਹੀ ਤਰੀਕੇ ਨਾਲ ਪਿਲਾਉਣਾ ਜਰੂਰੀ ਹੈ । ਜਿਸ ਵਿੱਚ ਸਾਰੇ ਜਰੂਰੀ ਤੱਤ ਮੌਜੂਦ ਹੁੰਦੇ ਹਨ ਬੱਚੇ ਨੂੰ ਪਹਿਲੇ 6 ਮਹੀਨੇ ਮਾਂ ਦਾ ਦੁੱਧ ਦੇਣਾ ਬਹੁਤ ਜਰੂਰੀ ਹੁੰਦਾ ਹੈ ਇਸ ਨਾਲ ਬੱਚੇ ਨੂੰ ਬੀਮਾਰੀਆ ਬਹੁਤ ਘੱਟ ਲੱਗਦੀਆ ਹਨ। ਡਾਕਟਰ ਸੁਖਦੇਵ ਸਿੰਘ ਰੰਧਾਵਾ ਮੈਡੀਕਲ ਅਫਸਰ (ਬੱਚਿਆ ਦੇ ਮਾਹਿਰ) ਨੇ ਦੱਸਿਆ ਕਿ 6 ਮਹੀਨੇ ਤੋ ਬਾਅਦ ਮਾਂ ਦੇ ਦੁੱਧ ਨਾਲ ਉਪਰੀ ਖੁਰਾਕ ਜਿਵੇ ਦਾਲ ਦਾ ਪਾਣੀ ,ਚਾਵਲ,ਦਹੀ,ਫੇਹਿਆ ਹੋਇਆ ਕੇਲਾ ਤੇ ਹੋਰ ਤੱਤਾ ਨਾਲ ਭਰਪੂਰ ਖੁਰਾਕ ਖੁਆਵੀ ਜਾ ਸਕਦੀ ਹੈ ।

ਤੇਜਪਾਲ ਸਿੰਘ ਸਹਾਇਕ ਮਲੇਰੀਆ ਅਫਸਰ ਨੇ ਦੱਸਿਆ ਕਿ ਜਿੱਥੇ ਮਾਂ ਦਾ ਦੁੱਧ ਬੱਚੇ ਤੇ ਮਾਂ ਦਾ ਰਿਸਤੇ ਨੂੰ ਗੂੜਾ ਹੁੰਦਾ ਹੈ ਉੱਥੇ ਜਿਹੜੀਆ ਮਾਂਵਾ ਨਵ-ਜਨਮੇ ਬੱਚੇ ਨੂੰ ਆਪਣਾ ਦੁੱਧ ਪਿਲਾਉਦੀਆ ਹਨ ਉਹ ਔਰਤਾਂ ਕੈਸਰ ਵਰਗੀ ਭਿਆਨਕ ਬੀਮਾਰੀ ਤੋ ਬਚ ਸਕਦੀਆ ਹਨ ।ਡਾਕਟਰ ਜਗਦੀਪ ਕੌਰ ਮੈਡੀਕਲ ਅਫਸਰ ਨੇ ਦੱਸਿਆ ਕਿ ਮਾਂ ਦਾ ਦੁੱਧ ਪਿਲਾਉਣ ਨਾਲ ਬੱਚੇ ਨੂੰ ਦਸਤ ਰੋਗ ਤੇ ਨਮੋਨੀਆ ਦੀ ਬੀਮਾਰੀ ਤੋ ਬਚਾਅ ਰਹਿੰਦਾ ਹੈ।ਨਿਯਮਿਤ ਤੌਰ ਤੇ ਦੁੱਧ ਪਿਲਾਉਣ ਨਾਲ ਮਾਂ ਨੂੰ ਅਣ ਚਾਹੇ ਗਰਭਧਾਰਨ ਦੀ ਸੰਭਾਵਨਾ ਘੱਟ ਹੁੰਦੀ ਹੈ। ਜਿੱਥੇ ਮਾਂ ਦਾ ਦੁੱਧ ਬੱਚੇ ਲਈ ਜਰੂਰੀ ਹੁੰਦਾ ਹੈ ਉੱਥੇ ਬੱਚੇ ਦੇ ਟੀਕਾਕਰਨ ਵੀ ਬਹੁਤ ਜਰੂਰੀ ਹੁੰਦਾ ਹੈ ਜੋ ਕਿ ਸਾਰੇ ਸਿਹਤ ਕੇਂਦਰਾ ਵਿੱਚ ਬੁੱਧਵਾਰ ਵਾਲੇ ਦਿਨ ਲਗਾਏ ਜਾਂਦੇ ਹਨ। ਇਸ ਸਮੇ ਪਰਮਜੀਤ ਕੌਰ ਚੀਫ ਫਾਰਮੇਸੀ ਅਫਸਰ, ਮਨਜੀਤ ਕੌਰ ਏ ਐਨ ਐਮ, ਰੁਪਿੰਦਰ ਕੌਰ ਏ ਐਨ ਐਮ, ਹਰਮਿੰਦਰ ਕੌਰ ਐਲ ਐਚ ਵੀ , ਅਵਤਾਰ ਸਿੰਘ ਹੈਲਥ ਇੰਸਪੈਕਟਰ, ਸੰਦੀਪ ਗੁਪਤਾ ਫਾਰਮਾਸਿਸਟ ਕੌਰ, ਗੁਰਪਾਲ ਸਿੰਘ ਚਹਿਲ, ਸਰਬਜੀਤ ਸਿੰਘ , ਪਰਵਿੰਦਰ ਸਿੰਘ ਆਦਿ ਹਾਜ਼ਰ ਸਨ।

' ਆਈ ਫਲੂ ' ਤੋਂ ਬਚਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਗਰੂਕ ਕੀਤਾ 

ਹੈਲਥ ਵੈਲਨੈਸ ਸੈਂਟਰ ਜੋਧਾਂ ਵਿਖੇ ਜਾਗਰੂਕਤਾ ਅਤੇ ਯੋਗ  ਗਤੀਵਿਧੀ ਕਰਵਾਈ 

ਜੋਧਾਂ, 6 ਅਗਸਤ ( ਦਲਜੀਤ ਸਿੰਘ ਰੰਧਾਵਾ ) - ਦੇਸ਼ ਵਿਚ ਦਿਨੋਂ ਦਿਨ ਫੈਲ ਰਹੀ ਅੱਖਾਂ ਦੀ ਲਾਗ ਨਾਲ ਸਬੰਧਤ ਬਿਮਾਰੀ ' ਆਈ ਫਲੂ ' ਬਾਰੇ ਲੋਕਾਂ, ਖਾਸ ਕਰਕੇ ਬੱਚਿਆਂ, ਨੂੰ ਜਾਣੂ ਕਰਾਉਣ ਅਤੇ ਯੋਗਾ ਦੇ ਮਹੱਤਵ ਬਾਰੇ ਦੱਸਣ ਦੇ ਮਕਸਦ ਨਾਲ ਸਥਾਨਕ ਮੁੱਢਲਾ ਸਿਹਤ ਕੇਂਦਰ ਦੇ ਹੈਲਥ ਵੈਲਨੈਸ ਸੈਂਟਰ ਵਿਖੇ ਜਾਗਰੂਕਤਾ ਗਤੀਵਿਧੀ ਕਰਵਾਈ ਗਈ। ਜਿਸ ਦੌਰਾਨ ਸੀ ਐੱਚ ਓ ਬਲਪ੍ਰੀਤ ਕੌਰ ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਯੋਗ ਕਿਰਿਆਵਾਂ ਕਰਵਾਈਆਂ।

ਇਸ ਮੌਕੇ ਜਾਣਕਾਰੀ ਦਿੰਦਿਆਂ ਸੀ ਐੱਚ ਓ ਬਲਪ੍ਰੀਤ ਕੌਰ ਨੇ ਦੱਸਿਆ ਕਿ ਸਿਵਲ ਸਰਜਨ ਡਾਕਟਰ ਡਾਕਟਰ ਹਿਤਿੰਦਰ ਕੌਰ ਕਲੇਰ ਅਤੇ ਸੀ ਐੱਚ ਸੀ ਪੱਖੋਵਾਲ ਦੇ ਐਸ ਐਮ ਓ ਡਾਕਟਰ ਨੀਲਮ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਅਤੇ ਡਾਕਟਰ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਬਰਸਾਤ ਦੇ ਮੌਸਮ 'ਚ ਲੋਕ ਬਹੁਤ ਸਾਰੀਆਂ ਬੀਮਾਰੀਆਂ ਦਾ ਸ਼ਿਕਾਰ ਹੁੰਦੇ ਹਨ। ਬਰਸਾਤ ਕਾਰਨ ਬੈਕਟੀਰੀਆ ਦੀ ਗਿਣਤੀ ਵੱਧ ਜਾਂਦੀ ਹੈ, ਜਿਸ ਨਾਲ ਲੋਕਾਂ ਨੂੰ ਕੋਈ ਨਾ ਕੋਈ ਬੀਮਾਰੀ ਹੋ ਜਾਂਦੀ ਹੈ। ਆਈ ਫਲੂ ਇਨ੍ਹਾਂ 'ਚੋਂ ਇੱਕ ਬੀਮਾਰੀ ਹੈ। ਆਈ ਫਲੂ (Eye Flu) ਨੂੰ ਅੱਖਾਂ ਦਾ ਇੰਨਫੈਕਸ਼ਨ ਕਿਹਾ ਜਾਂਦਾ ਹੈ। ਇਸ ਨਾਲ ਅੱਖਾਂ 'ਚ ਜਲਨ, ਦਰਦ ਅਤੇ ਲਾਲੀ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਇਹ ਬੀਮਾਰੀ ਇੱਕ ਅੱਖ ਤੋਂ ਸ਼ੁਰੂ ਹੁੰਦੀ ਹੈ ਅਤੇ ਕੁਝ ਸਮੇਂ ਬਾਅਦ ਦੂਜੀ ਅੱਖ ਵੀ ਇਸ ਦੀ ਲਪੇਟ ਵਿੱਚ ਆ ਜਾਂਦੀ ਹੈ। ਆਈ ਫਲੂ ਨੂੰ ਪਿੰਕ ਆਈ ਤੇ ਕੰਜਕਟੀਵਾਈਟਿਸ ਵੀ ਕਿਹਾ ਜਾਂਦਾ ਹੈ। ਇਸ ਦਾ ਜ਼ਿਆਦਾ ਖ਼ਤਰਾ ਬੱਚੇ-ਬਜ਼ੁਰਗਾਂ ਨੂੰ ਹੈ, ਕਿਉਂਕਿ ਉਹਨਾਂ ਨੂੰ ਇਹ ਬੀਮਾਰੀ ਸਭ ਤੋਂ ਜ਼ਿਆਦਾ ਹੋ ਰਹੀ ਹੈ।

ਉਹਨਾਂ ਦੱਸਿਆ ਕਿ ਆਈ ਫਲੂ ਹੋਣ ਤੋਂ ਪਹਿਲਾਂ ਬਹੁਤ ਸਾਰੇ ਲੱਛਣ ਅਜਿਹੇ ਹਨ, ਜਿਸ ਤੋਂ ਇਸ ਬੀਮਾਰੀ ਦੇ ਹੋਣ ਦਾ ਪਤਾ ਲੱਗ ਜਾਂਦਾ ਹੈ। ਆਈ ਫਲੂ ਹੋਣ 'ਤੇ ਅੱਖਾਂ ਲਾਲ ਹੋ ਜਾਂਦੀਆਂ ਹਨ। ਅੱਖਾਂ 'ਚ ਪਾਣੀ ਆਉਣ ਦੇ ਕਾਰਨ ਜਲਨ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਸਮੱਸਿਆ ਦੀ ਸ਼ੁਰੂਆਤ 'ਚ ਪਲਕਾਂ 'ਤੇ ਪੀਲਾ ਅਤੇ ਚਿਪਚਿਪਾ ਤਰਲ ਜਮ੍ਹਾ ਹੋਣ ਲੱਗਦਾ ਹੈ। ਅੱਖਾਂ ਵਿੱਚ ਸੋਜ ਆਉਣੀ ਸ਼ੁਰੂ ਹੋ ਜਾਂਦੀ ਹੈ। ਅੱਖਾਂ ਵਿੱਚ ਪਾਣੀ ਆਉਣ ਨਾਲ ਖੁਜਲੀ ਹੋਣ ਲੱਗਦੀ ਹੈ। 

ਆਈ ਫਲੂ ਤੋਂ ਰਾਹਤ ਪਾਉਣ ਲਈ ਡਾਕਟਰ ਦੀ ਸਲਾਹ ਲੈਣ ਤੋਂ ਬਾਅਦ ਤੁਸੀਂ ਐਂਟੀਬੈਕਟੀਰੀਅਲ ਮਲਮ ਅਤੇ ਲੁਬਰੀਕੇਟਿੰਗ ਆਈ ਡ੍ਰੌਪ ਲੈਣੀ ਚਾਹੀਦੀ ਹੈ। ਆਈ ਫਲੂ ਦੌਰਾਨ ਜਦੋਂ ਵੀ ਤੁਹਾਡਾ ਹੱਥ ਅੱਖਾਂ ਨੂੰ ਲੱਗ ਜਾਵੇ ਤਾਂ ਹੈਂਡਵਾਸ਼ ਨਾਲ ਨਿਯਮਿਤ ਤੌਰ 'ਤੇ ਆਪਣੇ ਹੱਥਾਂ ਨੂੰ ਸਾਫ਼ ਕਰਦੇ ਰਹਿਣਾ ਚਾਹੀਦਾ ਹੈ। ਆਈ ਫਲੂ ਦੇ ਸੰਕਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਤੋਂ ਬਚਣਾ ਚਾਹੀਦਾ ਹੈ।ਅੱਖਾਂ ਦੀ ਸਫਾਈ ਦਾ ਪੂਰਾ ਧਿਆਨ ਰੱਖੋ ਤੇ ਠੰਡੇ ਪਾਣੀ ਨਾਲ ਵਾਰ-ਵਾਰ ਅੱਖਾਂ ਨੂੰ ਧੋਣਾ ਚਾਹੀਦਾ ਹੈ। ਆਈ ਫਲੂ ਹੋਣ 'ਤੇ ਅੱਖਾਂ ਨੂੰ ਬਰਫ਼ ਦੀ ਟਕੋਰ ਕਰਨ ਨਾਲ ਜਲਣ ਅਤੇ ਦਰਦ ਤੋਂ ਰਾਹਤ ਮਿਲਦੀ ਹੈ। ਆਈ ਫਲੂ ਨਾਲ ਸੰਕਰਮਿਤ ਵਿਅਕਤੀ ਦੇ ਨਾਲ ਹੱਥ ਮਿਲਾਉਣ ਤੋਂ ਬਚਣਾ ਚਾਹੀਦਾ ਹੈ। ਆਈ ਫਲੂ ਦੌਰਾਨ ਸੰਕਰਮਿਤ ਚੀਜ਼ਾਂ ਜਿਵੇਂ ਐਨਕਾਂ, ਤੌਲੀਏ ਜਾਂ ਸਿਰਹਾਣੇ ਦੀ ਵਰਤੋਂ ਕਦੇ ਨਹੀਂ ਕਰਨੀ ਚਾਹੀਦੀ। ਟੀ.ਵੀ., ਮੋਬਾਈਲ ਫੋਨ ਤੋਂ ਦੂਰੀ ਬਣਾ ਕੇ ਰੱਖਣ ਦੇ ਨਾਲ ਨਾਲ ਅੱਖਾਂ 'ਤੇ ਕਾਲੇ ਰੰਗ ਦੀ ਐਨਕਾਂ ਜ਼ਰੂਰ ਲਗਾਉਣੀ ਚਾਹੀਦੀ ਹੈ।ਡਾਕਟਰ ਰੁਪਿੰਦਰ ਕੌਰ ਨੇ ਹੱਥ ਧੋਣ ਅਤੇ ਅੱਖਾਂ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਫਾਰਮੇਸੀ ਅਫ਼ਸਰ ਵੀਰਪਾਲ ਕੌਰ, ਏ ਐਨ ਐਮ ਅਮਰਜੀਤ ਕੌਰ ਅਤੇ ਹੋਰ ਹਾਜ਼ਰ ਸਨ। 

ਸ਼ਵਿੰਦਰ ਕੌਰ ਸਿੱਧੂ ਨੇ ਵਿਸ਼ਵ ਪੁਲਿਸ ਖੇਡਾਂ ਵਿੱਚ ਜੜੇ ਸੁਨਹਿਰੀ ਪੰਚ

 ਹਠੂਰ, 06 ਅਗਸਤ-(ਕੌਸ਼ਲ ਮੱਲ੍ਹਾ)-ਪਿੰਡ ਚਕਰ ਵਿੱਚ ਉਸ ਸਮੇਂ ਖੁਸ਼ੀ ਦੀ ਲਹਿਰ ਫੈਲ ਗਈ ਜਦੋਂ ਪਤਾ ਲੱਗਾ ਕਿ ਕੈਨੇਡਾ ਵਿੱਚ ਚੱਲ ਰਹੀਆਂ ਵਿਸ਼ਵ ਪੁਲਿਸ ਖੇਡਾਂ ਵਿੱਚ ਚਕਰ ਦੀ ਸ਼ਵਿੰਦਰ ਕੌਰ ਸਿੱਧੂ ਨੇ ਸੋਨੇ ਦਾ ਤਗ਼ਮਾ ਜਿੱਤਿਆ ਹੈ।5 ਜੈਬ ਸਪੋਰਟਸ ਅਕੈਡਮੀ ਚਕਰ ਵੱਲੋਂ ਜਸਕਿਰਨਪ੍ਰੀਤ ਸਿੱਧੂ ਅਤੇ ਅਮਿਤ ਕੁਮਾਰ ਨੇ ਦੱਸਿਆ ਕਿ ਸ਼ਵਿੰਦਰ ਕੌਰ ਚਕਰ ਦੀ ਪਹਿਲੀ ਮੁੱਕੇਬਾਜ਼ ਲੜਕੀ ਹੈ।ਸ਼ਵਿੰਦਰ ਕੌਰ ਨੇ 2022 ਦੇ ਨਵੰਬਰ ਵਿੱਚ ਆਲ ਇੰਡੀਆ ਪੁਲਿਸ ਗੇਮਜ਼ਫ਼ ਵਿੱਚ ਬਾਕਸਿੰਗ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ ਸੀ ਜਿਸ ਆਧਾਰ ;ਤੇ ਉਸ ਦੀ ਵਿਸ਼ਵ ਪੁਲਿਸ ਖੇਡਾਂ ਵਿੱਚ ਹਿੱਸਾ ਲੈਣ ਲਈ ਚੋਣ ਹੋਈ।ਕੈਨੇਡਾ ਵਿੱਚ 28 ਜੁਲਾਈ ਤੋਂ 06 ਅਗਸਤ ਤੱਕ ਚੱਲ ਰਹੀਆਂ ਵਰਲਡ ਪੁਲਿਸ ਐਂਡ ਫਾਇਰ ਗੇਮਜ਼ ਵਿੱਚੋਂ ਸੋਨੇ ਦਾ ਤਗ਼ਮਾ ਜਿੱਤ ਕੇ ਪੰਜਾਬ ਪੁਲਿਸ ਅਤੇ ਪਿੰਡ ਚਕਰ ਦਾ ਨਾਮ ਰੌਸ਼ਨ ਕੀਤਾ ਹੈ।ਇਸ ਮੌਕੇ ਸਰਪੰਚ ਬੂਟਾ ਸਿੰਘ, ਪਿੰ੍ਰ. ਬਲਵੰਤ ਸਿੰਘ ਸੰਧੂ , ਨੰਬੜਦਾਰ ਚਮਕੌਰ ਸਿੰਘ ਐਨ ਆਰ ਆਈ , ਬਾਈ ਰਛਪਾਲ ਸਿੰਘ ਸਿੱਧੂ , ਪੰਚ ਮਨਪ੍ਰੀਤ ਸਿੰਘ ਨੇ ਕਿਹਾ ਸ਼ਵਿੰਦਰ ਕੌਰ ਦਾ ਪਿੰਡ ਚਕਰ ਪਰਤਣ ਉਪਰੰਤ ਵਿਸ਼ੇਸ਼ ਸਵਾਗਤ ਕੀਤਾ ਜਾਵੇਗਾ।ਸ਼ਵਿੰਦਰ ਕੌਰ ਦੀ ਇਸ ਪ੍ਰਾਪਤੀ ਨਾਲ ਸਮੱੁਚੇ ਚਕਰ ਨਗਰ, ਗ੍ਰਾਮ ਪੰਚਾਇਤ ਚਕਰ, ਵੇਲਜ਼ ਕਬੱਡੀ ਕਲੱਬ , ਕਬੱਡੀ ਅਤੇ ਵਾਲੀਬਾਲ ਖਿਡਾਰੀਆਂ, 5ਜੈਬ ਫਾਊਂਡੇਸ਼ਨ ਨਾਲ ਜੁੜੇ ਖਿਡਾਰੀਆਂ , ਪ੍ਰਬੰਧਕਾਂ ਅਤੇ ਪਰਵਾਸੀ ਪੰਜਾਬੀ ਵੀਰਾਂ ਵੱਲੋਂ ਸ਼ਵਿੰਦਰ ਕੌਰ ਰੋਜ਼ੀ ਨੂੰ ਬਹੁਤ-ਬਹੁਤ ਮੁਬਾਰਕਾਂ ਦਿੱਤੀਆਂ ਗਈਆਂ।ਚਕਰ ਵਾਸੀਆਂ ਨੇ ਸ਼ਵਿੰਦਰ ਕੌਰ ਨੂੰ ਇਨ੍ਹਾਂ ਵੱਡੇ ਪੱਧਰ ਦੀਆਂ ਖੇਡਾਂ ਵਿੱਚ ਹਿੱਸਾ ਲੈਣ ਦਾ ਮੌਕਾ ਦੇਣ ਲਈ ਪੰਜਾਬ ਪੁਲੀਸ ਦਾ ਵੀ ਧੰਨਵਾਦ ਕੀਤਾ।

ਫੋਟੋ ਕੈਪਸਨ:- ਸ਼ਵਿੰਦਰ ਕੌਰ ਸਿੱਧੂ ਜਿੱਤਿਆ ਹੋਏ ਮੈਡਲ ਦਿਖਾਉਦੀ ਹੋਈ।

ਰੁੱਖ ਤਾਂ ਸਾਡੇ ਜੀਵਨ ਦਾਤਾ ਹਨ - ਪਰਮਜੀਤ ਕੌਰ ਸਲੇਮਪੁਰੀ

ਲੁਧਿਆਣਾ, 06 ਅਗਸਤ (ਟੀ. ਕੌਰ) - "ਰੁੱਖਾਂ ਤੋਂ ਬਿਨਾਂ ਸਾਡਾ ਜੀਵਨ ਖਤਮ ਹੋ ਜਾਵੇਗਾ, ਰੁੱਖ ਤਾਂ ਸਾਡਾ ਜੀਵਨ ਦਾਤਾ ਹਨ"। ਇਹ ਵਿਚਾਰ ਪਰਮਜੀਤ ਕੌਰ ਸਲੇਮਪੁਰੀ ਪ੍ਰਬੰਧ ਅਫਸਰ ਨੇ ਪਿੰਡ ਸਲੇਮਪੁਰ ਨੇੜੇ ਹੰਬੜਾਂ ਲੁਧਿਆਣਾ ਵਿਚ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਨੂੰ ਸਮਰਪਿਤ ਮਨਾਏ ਗਏ ਵਣ-ਮਹਾਉੱਤਸਵ ਦਾ ਅਗਾਜ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ ਉਨ੍ਹਾਂ ਇੱਕ ਅੰਬ ਦਾ ਰੁੱਖ ਲਗਾਉਂਦਿਆਂ ਅੱਗੇ ਕਿਹਾ ਕਿ ਹਰੇਕ ਮਨੁੱਖ ਨੂੰ ਸਾਲ ਵਿਚ ਘੱਟੋ-ਘੱਟ ਇਕ ਰੁੱਖ ਜਰੂਰ ਲਗਾਉਣਾ ਚਾਹੀਦਾ ਹੈ, ਕਿਉਂਕਿ ਰੁੱਖਾਂ ਤੋਂ ਬਿਨਾਂ ਜਿੰਦਗੀ ਜਿਉਣਾ ਅਸੰਭਵ ਹੈ। ਉਹਨਾਂ ਕਿਹਾ ਕਿ ਜੇਕਰ ਰੁੱਖ ਨਾ ਲਗਾਏ ਤਾਂ ਸਾਹ ਲੈਣ ਲਈ ਆਕਸੀਜਨ ਨਹੀਂ ਮਿਲੇਗੀ, ਅਮੀਰ ਲੋਕ ਤਾਂ ਆਕਸੀਜਨ ਦਾ ਸਲੰਡਰ ਖਰੀਦ ਕੇ ਆਪਣੇ ਨਾਲ ਬੰਨ੍ਹ ਕੇ ਰੱਖ ਲੈਣਗੇ ਪਰ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਵੇਗਾ, ਜਿਸ ਕਰਕੇ ਉਨ੍ਹਾਂ ਲਈ ਜਿੰਦਗੀ ਜਿਉਣੀ ਮੁਸ਼ਕਿਲ ਹੋ ਜਾਵੇਗਾ। ਅੱਜ ਜਿੰਨੇ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਕੀਤੀ ਜਾ ਰਹੀ ਹੈ, ਉਸ ਅਨੁਪਾਤ ਵਿੱਚ ਰੁੱਖ ਨਹੀਂ ਲਗਾਏ ਜਾ ਰਹੇ ਜਦ ਕਿ ਅਬਾਦੀ ਦਾ ਅੰਕੜਾ ਨਿਰੰਤਰ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਹੜ੍ਹਾਂ ਵਲੋਂ ਕੀਤੀ ਬਰਬਾਦੀ, ਕੁਦਰਤ ਨਾਲ ਕੀਤਾ ਜਾ ਰਿਹਾ ਖਿਲਵਾੜ ਦਾ ਸਿੱਟਾ ਹੈ। ਜੇਕਰ ਕੁਦਰਤ ਨਾਲ ਇਸੇ ਤਰ੍ਹਾਂ ਖਿਲਵਾੜ ਚਲਦਾ ਰਿਹਾ ਤਾਂ ਭਵਿੱਖ ਵਿੱਚ ਇਸ ਤੋਂ ਵੀ ਜਿਆਦਾ ਭਿਆਨਕ ਸਿੱਟੇ ਭੁਗਤਣ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਅਸੀਂ ਕੋਰੋਨਾ ਦੇ ਦਰਦਨਾਕ ਦੌਰ ਦਾ ਦਰਦ ਹਿੰਡਾ ਚੁੱਕੇ ਹਾਂ। ਇਸ ਮੌਕੇ ਸਾਬਕਾ ਸਰਪੰਚ ਮੇਵਾ ਸਿੰਘ, ਸਾਬਕਾ ਸਰਪੰਚ ਹਰਜੀਤ ਕੌਰ ਸਲੇਮਪੁਰੀ, ਆਂਗਣਵਾੜੀ ਅਧਿਆਪਕ ਜਥੇਬੰਦੀ ਦੀ ਆਗੂ ਰਣਜੀਤ ਕੌਰ, ਆਮ ਆਦਮੀ ਪਾਰਟੀ ਦੇ ਸੀਨੀਅਰ ਯੂਥ ਆਗੂ ਮੋਹਨ ਸਿੰਘ ਵਿਰਕ ਹੰਬੜਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਭਰ ਦੇ ਸੀਨੀਅਰ ਪੱਤਰਕਾਰ ਜਿਸ ਵਿਚ ਵਿਸ਼ੇਸ਼ ਕਰਕੇ ਸਤਿਨਾਮ ਸਿੰਘ ਹੰਬੜਾਂ, ਮਲਕੀਤ ਸਿੰਘ ਭੱਟੀਆਂ , ਹਰਵਿੰਦਰ ਸਿੰਘ ਮੱਕੜ, ਮਨਜੀਤ ਸਿੰਘ ਲੀਲਾਂ, ਮਨਜੀਤ ਸਿੰਘ ਚੱਕ, ਮਨਜਿੰਦਰ ਸਿੰਘ, ਸਮਾਜ ਸੇਵਕ ਮਾਨ ਸਿੰਘ ਗੌਂਸਪੁਰੀ, ਕੁਲਦੀਪ ਮਾਨ ਭੂੰਦੜੀ, ਜਰਨੈਲ ਸਿੰਘ ਸਿੱਧੂ ਸਿੱਧਵਾਂ ਬੇਟ, ਰਾਣਾ ਮੱਲ ਤੇਜੀ, ਜਸਵਿੰਦਰ ਸਿੰਘ ਮੋਗਾ, ਹਰਬੰਸ ਸਿੰਘ ਰੌਲੀ ਤੋਂ ਇਲਾਵਾ ਵੱਡੀ ਗਿਣਤੀ ਪੱਤਰਕਾਰ, ਬੁਧੀਜੀਵੀ ਅਤੇ ਕਈ ਨਾਮੀ ਸਖਸ਼ੀਅਤਾਂ ਹਾਜ਼ਰ ਸਨ।