You are here

“ਲੁਟੇਰੇ ਕਾਰਪੋਰੇਟੋ ਭਾਰਤ ਛੱਡੋ” ਦਾ ਕਿਸਾਨੀ ਨੇ ਦਿੱਤਾ ਹੋਕਾ

ਮੋਦੀ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਪੱਖ ਦੀਆਂ ਨੀਤੀਆਂ ਲਾਗੂ ਕਰਨ ਦਾ ਹੋਇਆ ਤਿੱਖਾ ਵਿਰੋਧ

ਡੇਹਲੋ- 10 ਅਗਸਤ ( ਦਲਜੀਤ ਸਿੰਘ ਰੰਧਾਵਾ ) 1942 ਵਿੱਚ ਦੇਸ਼ ਦੀ ਅਜ਼ਾਦੀ ਦੀ ਲੜਾਈ ਲਈ ਸ਼ੁਰੂ ਕੀਤੇ ਗਏ ਅੰਦੋਲਨ “ਭਾਰਤ ਛੱਡੋ” ਦੀ ਵਰ੍ਹੇਗੰਡ ਮੌਕੇ “ਲੁਟੇਰੇ ਕਾਰਪੋਰੇਟੋ ਭਾਰਤ ਛੱਡੋ” ਦਾ ਨਾਹਰਾ ਬੁਲੰਦ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਵੱਲੋ ਦੇਸ਼ ਦੀ ਰਾਸ਼ਟਰਪਤੀ ਨੂੰ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਮੰਗ ਪੱਤਰ ਸੋਪੇ ਗਏ। ਇਸੇ ਕੜੀ ਤਹਿਤ ਅੱਜ ਸਬ ਤਹਿਸੀਲ ਡੇਹਲੋ ਵਿਖੇ ਵੀ ਜਮਹੂਰੀ ਕਿਸਾਨ ਸਭਾ ਪੰਜਾਬ, ਪੰਜਾਬ ਕਿਸਾਨ ਯੂਨੀਅਨ ਅਤੇ ਪੀ.ਐਸ.ਈ.ਬੀ ਇੰਪਲਾਈਜ ਫੈਡਰੇਸ਼ਨ (ਏਟਕ) ਵੱਲੋ ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ ਪੱਬੀ ਦੇ ਟੀਏ ਮੁਨੀਸ਼ ਸ਼ਰਮਾ ਨੂੰ ਮੰਗ ਪੱਤਰ ਸੋਪਿਆ। ਇਸ ਮੌਕੇ ਤੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਭਾਈ ਸ਼ਮਸ਼ੇਰ ਸਿੰਘ ਆਸੀ ਕਲਾਂ, ਪੀ.ਐਸ.ਈ.ਬੀ ਇੰਪਲਾਈਜ ਫੈਡਰੇਸ਼ਨ (ਇੰਟਕ) ਦੇ ਸੂਬਾਈ ਆਗੂ ਕਰਤਾਰ ਸਿੰਘ ਨੇ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਵਿੱਚ ਕਾਰਪੋਰੇਟ ਘਰਾਣਿਆਂ ਦੇ ਦਬਾਅ ਅਧੀਨ ਕੰਮ ਕਰ ਰਹੀ ਹੈ। ਜਿਸ ਕਰਕੇ ਕੇਂਦਰ ਸਰਕਾਰ ਜਨਤਕ ਖੇਤਰ ਦੇ ਅਦਾਰਿਆਂ ਨੂੰ ਜਾਣ ਬੁੱਝ ਕੇ ਘਾਟੇ ਵਿੱਚ ਪਾ ਰਹੀ ਹੈ। ਮੋਦੀ ਸਰਕਾਰ ਇਹਨਾਂ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਅਡਾਨੀਆਂ ਅੰਬਾਨੀਆ ਨੂੰ ਵੇਚ ਕੇ ਦੇਸ਼ ਦੀ ਸਾਰੀ ਪੂੰਜੀ ਹੜਪ ਕਰਕੇ ਕਾਰਪੋਰਟਾ ਦਾ ਢਿੱਡ ਭਰਨਾ ਚਾਹੁੰਦੀ ਹੈ। ਪਰ ਦੇਸ਼ ਦੇ ਲੋਕ ਮੋਦੀ ਸਰਕਾਰ ਤੇ ਲੁਟੇਰੇ ਕਾਰਪੋਰੇਟਾ ਦੀਆਂ ਕੋਝੀਆਂ ਚਾਲਾਂ ਕਾਮਯਾਬ ਨਹੀਂ ਹੋਣ ਦੇਣਗੇ। ਆਗੂਆ ਨੇ ਅੱਜ ਦੇ ਇਤਿਹਾਸਕ ਦਿਨ ਤੇ ਲੁਟੇਰੇ ਕਾਰਪਰੇਟਾ ਨੂੰ ਭਾਰਤ ਛੱਡ ਕੇ ਚਲੇ ਜਾਣ ਲਈ ਕਿਹਾ। ਇਸ ਮੌਕੇ ਤੇ ਹੋਰਨਾ ਤੋ ਇਲਾਵਾ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਗੁਰਉਪਦੇਸ਼ ਸਿੰਘ ਘੁੰਗਰਾਣਾ, ਸੁਰਜੀਤ ਸਿੰਘ ਸੀਲੋ, ਨੱਛਤਰ ਸਿੰਘ, ਜਗਪਾਲ ਸਿੰਘ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਸਵਰਨ ਸਿੰਘ, ਨੰਬਰਦਾਰ ਬਲਦੇਵ ਸਿੰਘ, ਸਾਬਕਾ ਸਰਪੰਚ ਸੁਰਜੀਤ ਸਿੰਘ, ਪੀ.ਐਸ.ਈ.ਬੀ ਇੰਪਲਾਈਜ ਫੈਡਰੇਸ਼ਨ (ਇੰਟਕ) ਦੇ ਆਗੂ ਕਰਨੈਲ ਸਿੰਘ, ਗੁਰਮੀਤ ਸਿੰਘ, ਦੀਪਕ ਖੋਖਰ, ਜਸਵਿੰਦਰ ਸਿੰਘ ਲਾਡੀ ਹਾਜ਼ਰ ਸਨ। ਇਸ ਮੌਕੇ ਤੇ ਆਗੂਆਂ ਵੱਲੋਂ ਮੋਦੀ ਸਰਕਾਰ ਤੇ ਲੁਟੇਰੇ ਕਾਰਪੋਰੇਟ ਘਰਾਣਿਆਂ ਵਿਰੁੱਧ ਜੰਮ ਕੇ ਨਾਹਰੇਬਾਜ਼ੀ ਵੀ ਕੀਤੀ।