ਸੂਖਮ ਸਿੰਚਾਈ ਪ੍ਰਣਾਲੀ ਸੰਬੰਧੀ ਵਿਸ਼ੇਸ਼ ਭਾਸ਼ਣ ਕਰਵਾਇਆ

ਲੁਧਿਆਣਾ 12 ਅਗਸਤ (ਟੀ ਕੇ) ਪੀ.ਏ.ਯੂ. ਦੇ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਨੇ ਕਾਸਟ ਪ੍ਰੋਜੈਕਟ ਤਹਿਤ ਕਰਵਾਈ ਜਾ ਰਹੀ ਭਾਸ਼ਣ ਲੜੀ ਦੇ ਰੂਪ ਵਿੱਚ ਬੀਤੇ ਦਿਨੀਂ ਸੂਖਮ ਸਿੰਚਾਈ ਅਤੀਤ ਅਤੇ ਵਰਤਮਾਨ ਵਿਸ਼ੇ ਤੇ ਇੱਕ ਭਾਸ਼ਣ ਕਰਵਾਇਆ | ਇਸ ਭਾਸ਼ਣ ਦੇ ਮੁੱਖ ਵਕਤਾ ਪਾਣੀ ਤਕਨਾਲੋਜੀ ਕੇਂਦਰ ਨਵੀਂ ਦਿੱਲੀ ਦੇ ਐਡਜੰਕਟ ਪ੍ਰੋਫੈਸਰ ਡਾ. ਟੀ ਬੀ ਐੱਸ ਰਾਜਪੂਤ ਸਨ | ਡਾ. ਰਾਜਪੂਤ ਨੇ ਆਪਣੇ ਭਾਸ਼ਣ ਵਿੱਚ ਸੂਖਮ ਸਿੰਚਾਈ ਪ੍ਰਣਾਲੀ ਦੀਆਂ ਤਕਨੀਕਾਂ ਨੂੰ ਕੁਦਰਤੀ ਸਰੋਤਾਂ ਦੀ ਸੰਭਾਲ ਦੇ ਖੇਤਰ ਵਿੱਚ ਮਹੱਤਵਪੂਰਨ ਖੋਜ ਕਿਹਾ | ਉਹਨਾਂ ਕਿਹਾ ਕਿ ਸਮੇਂ ਦੇ ਨਾਲ-ਨਾਲ ਇਸ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਹੋਈਆਂ ਹਨ | ਇਹਨਾਂ ਤਬਦੀਲੀਆਂ ਨੇ ਚੁਣੌਤੀਆਂ ਨਾਲ ਨਜਿੱਠਣ ਲਈ ਸੂਖਮ ਸਿੰਚਾਈ ਵਿਧੀ ਨੂੰ ਹੋਰ ਢੁੱਕਵੀਂ ਬਣਾਇਆ ਹੈ | ਡਾ. ਰਾਜਪੂਤ ਨੇ ਕਿਹਾ ਕਿ ਇਹਨਾਂ ਕਾਢਾਂ ਦੇ ਕਾਰਨ ਹੀ ਭੋਜਨ ਉਤਪਾਦਨ ਦੀ ਸਥਿਰਤਾ ਸੰਭਵ ਹੋਈ ਹੈ ਅਤੇ ਨਾਲ ਹੀ ਬਦਲਦੀਆਂ ਮੌਸਮੀ ਸਥਿਤੀਆਂ ਦੇ ਸਾਹਮਣੇ ਵਾਤਾਵਰਨ ਦੀ ਸੰਭਾਲ ਦਾ ਮਾਹੌਲ ਬਣਿਆ ਹੈ | 

ਵਿਭਾਗ ਦੇ ਮੁਖੀ ਡਾ. ਰਾਕੇਸ਼ ਸ਼ਾਰਦਾ ਨੇ ਡਾ. ਰਾਜਪੂਤ ਬਾਰੇ ਜਾਣ-ਪਛਾਣ ਕਰਾਉਂਦਿਆਂ ਦੱਸਿਆ ਕਿ ਉਹ ਪਿਛਲੇ 40 ਸਾਲਾਂ ਤੋਂ ਸੂਖਮ ਸਿੰਚਾਈ ਪ੍ਰਣਾਲੀਆਂ ਬਾਰੇ ਕਾਰਜ ਕਰ ਰਹੇ ਹਨ | ਉਹਨਾਂ ਨੂੰ ਡਾ. ਰਫੀ ਅਹਿਮਦ ਕਿਦਵਈ ਐਵਾਰਡ ਤੋਂ ਬਿਨਾਂ ਭਾਰਤ ਵਿੱਚ ਬਹੁਤ ਸਾਰੀਆਂ ਕਮੇਟੀਆਂ ਦੇ ਮੈਂਬਰ ਨਾਮਜ਼ਦ ਕੀਤਾ ਗਿਆ ਹੈ | 

ਸਮਾਰੋਹ ਦੌਰਾਨ ਕਾਸਟ ਪ੍ਰੋਜੈਕਟ ਦੇ ਮੁੱਖ ਨਿਗਰਾਨ ਡਾ. ਓ ਪੀ ਚੌਧਰੀ ਨੇ ਸੂਖਮ ਸਿੰਚਾਈ ਤਕਨੀਕਾਂ ਨੂੰ ਹੋਰ ਢੁੱਕਵੀਆਂ ਬਨਾਉਣ ਦੀ ਲੋੜ ਤੇ ਜ਼ੋਰ ਦਿੱਤਾ | ਉਹਨਾਂ ਇਹ ਵੀ ਦੱਸਿਆ ਕਿ ਇਹ ਤਕਨੀਕਾਂ ਹੜ੍ਹਾਂ ਦੇ ਮੱਦੇਨਜ਼ਰ ਮਿੱਟੀ ਦੇ ਵਹਾਅ ਦੇ ਨੁਕਸਾਨ ਨੂੰ ਕਾਫੀ ਹੱਦ ਤੱਕ ਰੋਕ ਸਕਦੀਆਂ ਹਨ | 

ਸਮਾਰੋਹ ਦੇ ਅੰਤ ਵਿੱਚ ਡਾ. ਅਮੀਨਾ ਰਹੇਜਾ ਨੇ ਡਾ. ਰਾਜਪੂਤ ਅਤੇ ਹੋਰ ਹਾਜ਼ਰੀਨ ਦਾ ਧੰਨਵਾਦ ਕੀਤਾ |