ਸਾਹਿਤ

ਬਦਲਾਅ ✍️. ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਬਦਲਾਅ

ਕੁੱਝ ਸਮਾਂ ਬਦਲਿਆ
ਕੁੱਝ ਸੱਜਣ ਬਦਲੇ
ਕੁੱਝ ਤਰੀਕੇ ਬਦਲੇ
ਕੁੱਝ ਗ਼ੈਰ ਬਦਲੇ
ਕੁੱਝ ਆਪਣੇ ਬਦਲੇ
ਕੁੱਝ ਸ਼ਰੀਕੇ ਬਦਲੇ
ਕੁੱਝ ਮੌਸਮ ਬਦਲੇ
ਕੁੱਝ ਬੇ-ਰੁੱਤੇ ਬਦਲੇ
ਕੁੱਝ ਸਲੀਕੇ ਬਦਲੇ
ਕੁੱਝ ਆਪਣੇ ਬਣਾ ਸਾਹ ਬਦਲੇ
ਕੁੱਝ ਕੱਢ ਮਤਲਬ ਰਾਹ ਬਦਲੇ
ਕੁੱਝ ਪੱਥਰ ਤੇ ਕੁੱਝ ਫੁੱਲ ਬਦਲੇ
ਕੁੱਝ ਕੰਡਿਆਂ ਦੇ ਪਾ ਮੁੱਲ ਬਦਲੇ
ਕੁੱਝ ਪਿਆਰਾਂ ਦੇ ਵਿੱਚ ਘੋਲ ਜ਼ਹਿਰ ਬਦਲੇ
ਕੁੱਝ ਪਿੰਡੋਂ ਜਾ ਸ਼ਹਿਰ ਬਦਲੇ
ਕੁੱਝ ਬਣ ਨਗ ਮੁੰਦਰੀ ਦਾ ਬਦਲੇ
‘ਗਗਨ’ ਕੁੱਝ ਬਣ ਗਲ ਦਾ ਹਾਰ ਬਦਲੇ ।

ਵੱਖਰੀ ਹੀ ਸੋਚ ✍️. ਗਗਨਦੀਪ ਧਾਲੀਵਾਲ

ਵੱਖਰੀ ਹੀ ਸੋਚ, ਵੱਖਰੀ ਹਰ ਅਦਾ ਸਾਡੀ,

ਅਸੀਂ ਵੱਖਰੇ ਹੀ ਢੰਗ ਨਾਲ ਜਿਉਣ ਦੇ ਸ਼ੌਕੀਨ ਹਾਂ ,

ਬਣ ਜਾਈਏ ਕਦੇ ਦੁਆ,ਕਦੇ ਜ਼ਖ਼ਮਾਂ ਤੇ ਮਰਹਮ ,

ਕਦੇ ਝੂਠ ਉੱਤੇ ਵੱਜਦੀ ਸੱਚ ਦੀ ਤਿੱਖੀ ਨੌਕੀਲ ਹਾਂ। 

 

ਅੱਤ ਦੀ ਡੋਲਦੇ ਹਾਂ ਖੰਡ ਮਿੱਠੇ ਬੋਲਾਂ ਚੋਂ,

ਨਿਚੋੜਦੇ ਹਾਂ ਰੱਤ ਕੌੜੇ ਬੋਲਾਂ ਚੋਂ,

ਕਈਆ ਲਈ ਮਿੱਠੇ ਕਈਆ ਲਈ ਨਮਕੀਨ ਹਾਂ,

ਅਸੀਂ ਵੱਖਰੇ ਹੀ ਢੰਗ ਨਾਲ ਜਿਉਣ ਦੇ ਸ਼ੌਕੀਨ ਹਾਂ। 

 

ਦਲ ਬਦਲੂ ਤਾਂ ਨਾ  ਸਾਡੇ ਪੁਰਖਿਆ 'ਚ ਸੀ,

ਚਾਪਲੂਸੀ ਕਰਨੀ ਤਾਂ ਨਾ ਸਾਡੀ ਪੀੜੀਆਂ 'ਚ ਸੀ,

ਫੜ ਪਾ ਲਵੇ ਜੋ ਪਟਾਰੀ ਨਫ਼ਰਤਾਂ ਦੇ ਜ਼ਹਿਰ ਨੂੰ,

ਅਸੀਂ ਪਿਆਰ ਵਾਲੀ ਉਹ ਬੀਨ ਹਾਂ। 

 

ਕਿਸੇ ਦੇ ਕੰਮਾਂ 'ਚ ਅੜਿੱਕਾ ਅਸੀਂ ਲਾਉਂਦੇ ਨਹੀਂ ,

ਬਿਨਾਂ ਵਜ੍ਹਾ ਦਿਲ ਕਿਸੇ ਦਾ ਦੁਖਾਉਂਦੇ ਨਹੀਂ ,

ਹੱਸਦਿਆਂ ਦੇ ਨਾਲ ਹੱਸਦੇ, ਰੋਂਦਿਆਂ ਦੇ ਨਾਲ ਰੋਂਦੇ,

ਐਨੇ ਖੁਸ਼ ਮਿਜਾਜ਼ ਤੇ ਗ਼ਮਗੀਨ ਹਾਂ। 

 

ਵਹਿਮ ਪਾ ਲਿਆ ਏ ਜਿੰਨਾ ਕੱਢ ਦੇਣਾ ਏ,

ਕਰ ਮਿਹਨਤਾਂ ਮੰਜ਼ਿਲ ਨੂੰ ਪਾ ਲੈਣਾ ਏ ,

ਕਿਸੇ ਮੋਢੇ ਉੱਤੇ ਧਰ ਨਿਸ਼ਾਨਾ ਅਸੀਂ ਲਾਉਂਦੇ ਨਹੀਂ ,

ਸੱਚ ਦੇ ਪੁਜਾਰੀ ਅਸੀਂ ਨਾ ਦਿੰਦੇ ਕੋਈ ਦਲੀਲ ਹਾਂ।

 

ਜੀ ਕਹਿੰਦੇ ਹਾਂ ਜੀ ਕਹਾਉਂਦੇ ਹਾਂ ,

ਉੱਤੋ ਉੱਤੋ ਰੱਖਦੇ ਨਹੀਂ ਕਿਸੇ ਨਾਲ ਵੀ,

ਜਿਸ ਨਾਲ ਲਾਉਂਦੇ ਹਾਂ ਯਾਰੀ ਦਿਲੋਂ ਨਿਭਾਉਂਦੇ ਹਾਂ,

ਵਾਰ ਦੇਈਏ ਯਾਰਾਂ ਲਈ ਜਿੰਦ ਜਾਨ ,

ਧਾਲੀਵਾਲ ਦੋਸਤੀ ਦੇ ਰੰਗਾਂ ਨਾਲ ਰੰਗੀਨ ਹਾਂ ,

‘ਗਗਨ’ ਕਈਆਂ ਲਈ ਖੱਟੀ ਲੱਸੀ , 

ਕਈਆਂ ਲਈ ਦੁੱਧ ਤੇ ਕਰੀਮ ਹਾਂ ।

ਲਫਜ ✍️. ਤਰਵਿੰਦਰ ਕੌਰ ਝੰਡੋਕ

ਓਹਦਾ ਪਿਆਰ ਜਿਵੇਂ ਜਾਪੇ

ਸਦੀਵੀਆਂ ਕਾਲੀਆਂ ਰਾਤਾਂ ਵਿੱਚ,

ਖੋਹ ਗਿਆ 

ਓਹਦਾ ਨਾ ਆਉਣਾ,

ਮੇਰਾ ਦਿਲ ਬੈਚੇਨ ਹੋਣਾ,

ਘਬਰਾਉਟ ਦਾ ਅਹਿਸਾਸ ਕਰਵਾਉਦਾ,

ਪਰ ਬੀਤਿਆਂ ਸਮਾਂ ਮੁੜ ਨਹੀਂ ਅਾਉਂਦਾ,

"ਝੰਡੋਕ"ਜਿਵੇਂ  ਮੂੰਹੋ ਬੋਲੇ ਤਿੱਖੇ ਕਮਾਨੋਂ ਲਫਜ

ਅੱਖਾਂ ਭਰ ਭਰ ✍️.  ਸ਼ਿਵਨਾਥ ਦਰਦੀ

ਅੱਖਾਂ ਭਰ ਭਰ ਰੋਵਾਂ , ਨੀਂ ਮੈਂ ਰਾਤਾਂ ਨੂੰ ,

ਕੁਲਹਿਣੇ ਵੇਲੇ ਹੋਈਆਂ , ਓਨਾਂ ਮੁਲਾਕਾਤਾਂ ਨੂੰ ।

ਪਿਆਰ ਭਰੇ , ਤੇਰੇ ਖੱਤ ਕਿਵੇਂ ਮੈਂ ਪਾੜਾਂ ਨੀਂ ,

ਇਸ਼ਕ ਦੀ ਸ਼ੂਲੀ ,  ਆਪਣੇ ਆਪ ਨੂੰ ਚਾੜਾ ਨੀਂ ,

ਵੱਖ ਕਿਵੇਂ ਮੈਂ ਕਰਾਂ , ਦਿੱਤੀਆਂ ਤੇਰੀਆਂ ਸੌਗਾਤਾਂ ਨੂੰ ।

ਅੱਖਾਂ ਭਰ ਭਰ ....................................

ਭੁਲਦੇ ਨਾ ਭੁਲਾਇਆ , ਲੱਖ  ਓਹ ਥਾਂ ਨੀ ,

ਬਸ ਅਧੂਰੇ ਰਹਿ ਗਏ , ਦਿਨ ਵਿਚ ਚਾਅ ਨੀਂ ,

ਕਾਲੀਆਂ ਕਰ ਗਿਆ , ਮੇਰੀਆਂ ਤੂੰ ਪ੍ਰਭਾਤਾਂ ਨੂੰ ।

ਅੱਖਾਂ ਭਰ ਭਰ.....................................

ਨਾ ਅੰਬਰਾਂ ਵਿੱਚ ਤਾਰੇ , ਨਾ ਚੰਨ ਹੀ ਦਿੱਸਦਾ ,

ਦਰਦੀ ਦੀ ਕਲਮ ਚੋਂ ,  ਖੂਨ ਪਿਆ ਰਿਸਦਾ ,

ਅੱਜ ਰੋਵੇਂ ਦੇਖ ਮਨੁੱਖੀ , ਓਹ ਜਾਤਾਂ ਪਾਤਾਂ ਨੂੰ ।

ਅੱਖਾਂ ਭਰ ਭਰ .............................      

   ਸ਼ਿਵਨਾਥ ਦਰਦੀ ਸੰਪਰਕ 98551/55392                                           

 ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਫ਼ਰੀਦਕੋਟ 

ਬੱਲੇ ਕੁਰਸੀ ✍️.  ਸਲੇਮਪੁਰੀ ਦੀ ਚੂੰਢੀ

       ਬੱਲੇ ਕੁਰਸੀ
ਸੁੱਤਿਆਂ ਨੂੰ ਜਗਾਉਣ ਨਿਕਲੇ ਸਾਂ!
ਰਾਜਨੀਤੀ ਬਦਲਾਉਣ ਨਿਕਲੇ ਸਾਂ!
ਜਿਥੋਂ ਤੁਰੇ ਸੀ ਉਥੇ ਆ ਗਏ!
ਅਖਬਾਰਾਂ ਦੇ ਵਿੱਚ ਚੰਗਾ ਛਾ ਗਏ!
 ਲੋਕ ਮਸਲੇ ਖੂਹ ਵਿਚ ਪੈਣ!
ਅਸੀਂ ਕਿਉਂ ਪਾਈਏ ਐਵੇਂ ਵੈਣ!
ਕੁਰਸੀ ਸਾਡੀ ਜਿੰਦਾਬਾਦ!
ਚੱਖੀਏ ਰੋਜ ਨਵਾਂ ਸੁਆਦ!
ਚੱਲ ਨਿਹਾਲਿਆ ਵਾਪਸ ਚੱਲੀਏ!
ਖੁਸ ਨਾ ਜਾਵੇ ਕੁਰਸੀ ਮੱਲੀਏ!
-ਸੁਖਦੇਵ ਸਲੇਮਪੁਰੀ
09780620233
3 ਜੂਨ 2021

ਚੱਲ ਚੱਲੀਏ ✍️. ਤਰਵਿੰਦਰ ਕੌਰ ਝੰਡੋਕ

ਚੱਲ ਚੱਲੀਏ .......

 

ਚੱਲ ਚੱਲੀਏ ......

ਉਹ ਨਗਰੀ ਜਿੱਥੇ ਤੂੰ ਹੋਵੇ ਮੈਂ ਹੋਵਾਂ ,

ਹੋਰ ਦੂਜਾ ਨਾ ਹੋਵੇ ਅਸਾੜਾ,

ਮਿਲ ਕੇ ਛੇੜ ਲਈਏ ਤੰਦ ਪਿਆਰ ਦੀ ,

ਨਾ ਬਾਤਾਂ ਮੁੱਕਣ ਦੁਬਾਰਾ ,

ਚੱਲ ਚੱਲੀਏ .......

ਉਹ ਨਗਰੀ ਜਿੱਥੇ ਤੂੰ ਹੋਵੇ ਮੈਂ ਹੋਵਾਂ , 

ਇਕ ਦੂਜੇ ਨੂੰ ਦੇਖਦੇ ਰਹੀਏ ,

ਰੂਹਾਂ ਦਾ ਵਿਛੜ ਕੇ ਮਿਲਣਾ

ਦੁਬਾਰਾ ਵਿਛੜਣ ਦਾ ਨਾਮ ਨਾ ਲਈਏ

 

ਚੱਲ ਚੱਲੀਏ .......

"ਤਰਵਿੰਦਰ "ਉਹ ਨਗਰੀ ਜਿੱਥੇ ਤੂੰ ਹੋਵੇ ਮੈਂ ਹੋਵਾਂ ,

ਛੇੜ ਲਈਏ ਪਿਆਰ ਦੀਆਂ ਬਾਤਾਂ ,

ਚੱਲ ਚੱਲੀਏ ....... 

 

 

ਤਰਵਿੰਦਰ ਕੌਰ ਝੰਡੋਕ

ਮੈਂ ਦੁਨੀਆਂ ਵੇਖਣੀ ✍️. ਤਰਵਿੰਦਰ ਕੌਰ ਝੰਡੋਕ

ਮੈਂ ਦੁਨੀਆਂ ਵੇਖਣੀ .........

ਚਾਰ ਦੀਵਾਰੀ ਤੋਂ ਉੱਪਰ ਜਾਂ ਕੇ ,

ਜਿਹੜੇ ਸੁਪਨਿਆਂ ਦਾ ਦਮ ਮੈਂ ਨਿੱਤ ਘੁੱਟਦੀ ,

ਮੈਂ ਦੁਨੀਆਂ ਵੇਖਣੀ .........

ਸੁਪਨਿਆਂ ਨੂੰ ਅੱਖੀ ਹਕੀਕਤ ਕਰਕੇ 

ਮੈਂ ਦੁਨੀਆਂ ਵੇਖਣੀ .........

ਜਿੱਥੇ ਦੱਬੇ ਨੇ ਮੇਰੇ ਸਭ ਅਰਮਾਨ ,

ਇਹਨਾਂ ਗਲਾ ਘੁੱਟੇ ਅਰਮਾਨਾਂ ਤੋਂ ਉੱਪਰ ਜਾ ਕੇ ,

ਮੈਂ ਦੁਨੀਆਂ ਵੇਖਣੀ .........

" ਤਰਵਿੰਦਰ "ਨਾ ਕਈ ਬੇੜੀ , ਨਾ ਕੋਈ ਬੰਦਿਸ਼ 

ਰੱਬਾ ਚਾਰੋਂ ਤਰਫ਼ ਹੋਵੇ ਤੇਰਾ ਹੀ ਨਾਮ 

ਮੈਂ ਦੁਨੀਆਂ ਵੇਖਣੀ .........

ਭੁੱਲ ਜਾਵਾਂ ਕੀਤੇ ਗੁਨਾਹਾਂ ਜਾ ਕਰਮਾਂ ਦੀ ਵੱਜੀ ਇਕ- ਮਾਰ ,

ਬੱਸ ਇਕ ਵਾਰ ਮੈਂ ਖੁੱਲ ਕੇ ਦੁਨੀਆਂ ਵੇਖਣੀ.......

ਸਿਵਿਆਂ ਤੱਕ ਜਾਣ ਤੋਂ ਪਹਿਲਾਂ , ਮੇਰਾ ਇਕੋ - ਇਕ ਚਾਅ ,

ਮੈਂ ਦੁਨੀਆਂ ਵੇਖਣੀ !

 

 

ਤਰਵਿੰਦਰ ਕੌਰ ਝੰਡਕ

ਕਦ ਮੁੜਕੇ ਆਉਣਗੇ ਉਹ ਦਿਨ ✍️. ਤਰਵਿੰਦਰ ਕੌਰ ਝੰਡੋਕ

ਕਦ ਮੁੜਕੇ ਆਉਣਗੇ ਉਹ ਦਿਨ

ਭਾਈਚਾਰੇ ਦਾ ਰਾਹ ਕਿੱਥੇ ਗਿਆ ,

ਜਿੱਥੇ ਸਾਰੇ ਰਲ ਮਿਲ ਖੁਸ਼ੀ ਦੇ ਗੀਤ ਗਾਉਂਦੇ ਸੀ ,

ਕਦਰਾਂ ਕੀਮਤਾਂ ਨੂੰ ਜੋ ਭੁੱਲੀ ਬੈਠੇ ਨੇ ਸਾਰੇ ,

ਜੋ ਸੱਚ ਦਾ ਰਾਹ ਦਿਖਾਉਂਦੇ ਸੀ,

 

ਕਦ ਮੁੜਕੇ ਆਉਣਗੇ ਉਹ ਦਿਨ ?

ਗੱਲ ਗੱਲ ਤੇ ਪਿਆਰ ਭਰੀ ਜੋ ਸਾਂਝ ਪਾਉਂਦੇ ਸੀ,

ਉਹ ਦਿਨ ਕਿੱਥੇ ਗਏ ,

ਜੋ ਆਪਣਾ ਕਹਿ ਕੇ ਅਾਪਣਾ ਹੱਕ ਜਤਾਉਂਦੇ ਸੀ,

 

ਕਦ ਮੁੜਕੇ ਆਉਣਗੇ ਉਹ ਦਿਨ ?

ਪੈਸਿਆਂ ਦੇ ਲੋਭ ਲਾਲਚ ਵਿਚ ਹੁਣ ,

ਆਪਣਿਆਂ ਦੀ ਕਦਰ ਜੋ ਗਵਾਈ ਬੈਠੇ ,

ਰਿਸ਼ਤਿਆਂ ਨੂੰ ਸੂਲੀ ਚਾੜ੍ਹ ,

ਮੋਹ ਮਾਇਆਂ ਦੇ ਚੱਕਰਾਂ ਵਿਚ ,

ਜੋ ਆਪਣੀ ਮੱਤ ਗਵਾਈ ਬੈਠੇ ,

ਨਾ ਰਿਹਾ ਕੋਈ ਆਪਸੀ ਪਿਆਰ ,

ਨਾ ਰਹੀ ਕੋਈ ਭਾਈਚਾਰਕ ਸਾਂਝ ,

ਰਿਸ਼ਤਿਆਂ ਨੂੰ ਪੈਸੇ ਦੇ ਛਿੱਕੂ ਵਿਚ ਟੰਗ ਕੇ ,

ਆਪਣਾ ਜ਼ਮੀਰ ਜੋ ਗਵਾਈ ਬੈਠੇ ,

 

ਕਦ ਮੁੜਕੇ ਆਉਣਗੇ ਉਹ ਦਿਨ?

ਗੁਰਦੁਆਰੇ ,ਮੰਦਿਰਾਂ ਤੇ ਮਸਜਿਦਾਂ ਵਿਚ ,

ਪੈਸਿਆਂ ਦੇ ਜੋ ਗੋਰਖ ਧੰਦੇ ਚੱਲਦੇ ,

ਗੁਰਬਾਣੀ ਨੂੰ ਪੜ੍ਹਣੋ ਛੱਡ ,

ਪੈਸਿਆਂ ਦੀ ਹਨੇਰੀ ਪਿੱਛੇ ਲੱਗ ਕੇ  ,

ਆਪਣਾ ਸੁਨਹਿਰੀ ਜੀਵਨ ,

ਜੋ ਗਵਾਈ ਬੈਠੇ ,

 

 " ਤਰਵਿੰਦਰ " ਕਦ ਮੁੜਕੇ ਆਉਣਗੇ ਉਹ ਦਿਨ !!

 

ਤਰਵਿੰਦਰ ਕੌਰ ਝੰਡੋਕ

ਕੋਰੜਾ  ✍️  ਵੀਰਪਾਲ ਕੌਰ ਕਮਲ

ਕੋਰੜਾ  

ਉੱਠ ਕੇ ਸਵੇਰੇ ਟਹਿਲਣੇ ਚੱਲੀਏ

 ਨਾਮ ਜੋ ਗੁਰਾਂ ਦਾ ਧਿਆਉਂਦੇ ਚੱਲੀਏ 

ਸੋਚ ਰੱਖੋ ਸਾਫ ਤੇ ਸੁਚੱਜੀ ਬੋਲਣੀ 

ਮਿੱਠੇ ਬੋਲਾਂ ਨਾਲ ਮਿਸ਼ਰੀ ਹੈ ਘੋਲਣੀ  

 

ਸਾੜਾ ਛੱਡ ਦਿਓ ਦਿਲੀ ਜੀ ਪਾਵਣਾ 

ਸਭਨਾਂ ਦੇ ਦੁੱਖ ਸੁੱਖ ਹਿੱਸੇ ਆਵਣਾ

 ਚੰਗੇ ਕਮੀ ਕਦੇ ਕਰੀਏ ਨਾ ਦੇਰ ਜੀ

 ਕੁਦਰਤ ਆਪੇ ਦੇਣੇ ਦਿਨ ਫੇਰ ਜੀ  

 

ਮਾੜੀ ਸੋਚ ਲੈ ਜੇ ਪਿੱਛੇ ਵੱਲ ਬੰਦੇ ਨੂੰ 

ਸਿੱਧੀ ਨੀਤ ਨਾਲ ਕਰੋ ਕੰਮ ਧੰਦੇ ਨੂੰ

ਬੰਦਿਆਂ ਦੀ ਦਾਰੂ ਕਹਿੰਦੇ ਹੈਗਾ ਬੰਦਾ ਜੀ  

ਬੋਲੋ ਨਾ ਜ਼ੁਬਾਨੋ ਕਦੇ ਮੰਦਾ ਚੰਗਾ ਜੀ  

 

 ਕਾਨੀ ਤੇ ਦਵਾਤ ਨਾਲ ਲਿਖੋ ਸੱਚ ਜੀ 

ਹੀਰਿਆਂ ਨੂੰ ਹੀਰਾ ਕਹੋ ਕੱਚ ਕੱਚ ਜੀ 

‘ਕਮਲਵੀਰ, ਤੋਂ ਕੱਚਾ ਪੱਕਾ ਲਿਖ ਦੀ 

ਵੱਡਿਆਂ ਦੇ ਕੋਲੋਂ ਰਹੀਂ ਸਦਾ ਸਿੱਖਦੀ  

 ਵੀਰਪਾਲ ਕੌਰ ਕਮਲ  8569001590

ਰੋਸ਼ਨ ਚਿਰਾਗ ✍️. ਜਸਵੰਤ ਕੌਰ ਬੈਂਸ ਲੈਸਟਰ ਯੂ ਕੇ

ਰੋਸ਼ਨ ਚਿਰਾਗ

ਤੁਫ਼ਾਨਾਂ ਦਾ ਸ਼ਾਹ ਅਸਵਾਰ,
ਸ਼ਹੀਦ ਕਰਤਾਰ ਸਿੰਘ ਸਰਾਭਾ,
ਬੇਮਿਸਾਲ ਸੂਝ ਦ੍ਰਿਸ਼ਟੀ ਦਾ ਮਾਲਕ।
ਜਿਸਨੇ ਆਪਣੇ ਮੁਲਕ ਦੀ ਅਜ਼ਾਦੀ ਲਈ,
ਫ਼ੌਜੀ ਛਾਉਣੀਆਂ ਵਿੱਚ ਜਾ ਜਾ ਕੇ,
ਪਾਇਆ ਸੀ ਆਪਣਾ ਵੱਡਮੁੱਲਾ ਯੋਗਦਾਨ,
ਚਲਾਉਣ ਲਈ ਗ਼ਦਰ ਲਹਿਰ।
ਮੁਜੱਸਮਾ ਸੀ ਉਹ ਤੁਫ਼ਾਨਾਂ ਜਿਹੀ,
ਦਲੇਰੀ ਅਤੇ ਸਿਆਣਪ ਦਾ।
ਦੇ ਕੇ ਕੁਰਬਾਨੀ ਆਪਣੇ ਦੇਸ਼ ਲਈ,
ਬਣਿਆ ਸੀ ਉਹ ਵੀਹਵੀਂ ਸਦੀ ਦਾ,
ਲਾਸਾਨੀ ਮਹਾਨ ਇਨਕਲਾਬੀ ਸ਼ਹੀਦ।
ਅੰਦਰ ਸੀ ਉਸਦੇ ਬਹੁਪੱਖੀ,
ਪ੍ਰਤਿਭਾ ਦਾ ਜਗਦਾ, ਮੱਘਦਾ,
ਦੱਘ ਦੱਘ ਕਰਦਾ ਜਲੌਅ।
ਸੀ ਉਹ ਹਨੇਰੀਆਂ , ਝੱਖੜਾਂ ਵਾਲੇ,
ਤੱਤੇ ਤੱਤੇ ਰਾਹਾਂ ਦਾ ਪਾਂਧੀ।
ਜੋ ਚਮਕਿਆ ਹੈ ਉੱਚੇ ਅਸਮਾਨਾਂ ਵਿੱਚ,
ਬਣ ਕੇ ਰੋਸ਼ਨੀ ਦੇਣ ਵਾਲਾ ਤਾਰਾ।
ਬਣਿਆਂ ਹੈ ਆਉਣ ਵਾਲੀਆਂ ਪੀੜ੍ਹੀਆਂ,
ਲਈ ਜਿੰਦ ਜਾਨ ਵਾਰਨ ਵਾਲਾ,
ਚਾਰ ਚੁਫੇਰੇ ਰੋਸ਼ਨੀ ਵਿਖੇਰਦਾ ਹੋਇਆ,
ਪੰਜਾਬੀ ਬਹਾਦਰ ਸੂਰਮਾ,
ਲੋਅ ਵੰਡਣ ਵਾਲਾ ਰੋਸ਼ਨ ਚਿਰਾਗ਼ ।
          

     
ਜਸਵੰਤ ਕੌਰ ਬੈਂਸ
     ਲੈਸਟਰ
      ਯੂ ਕੇ

ਕਿਸਾਨ ਮੋਰਚਾ (ਗੀਤ) ✍️ ਸੁਖਦੇਵ ਸਿੰਘ

ਵੋਟਾਂ ਲੈ ਕੇ ਕਰਨੇ ਧੱਕੇ

‘ਮਨ ਕੀ ਬਾਤ’ ਨੂੰ ਸੁਣ- ਸੁਣ ਥੱਕੇ

ਨੀ ਦਿੱਲੀਏ ਤੈਨੂੰ ਦੱਸਣ ਲੱਗੇ

ਤੇਰੇ ਲਾਉਣ ਬਰੂਹੀਂ, ਡੇਰੇ ਲੱਗੇ

ਇਨਸਾਫ ਨਾ ਮਿਲਿਆ ਜਦ ਤਾਈਂ, ਇਥੇ ਹੀ ਦੇਗਾਂ ਚੜ੍ਹਨਗੀਆਂ

ਕਿਸਾਨ ਮੋਰਚਾ ਉੱਠਿਆ ਸੀ ਇਕ , ਗੱਲਾਂ ਹੋਇਆ ਕਰਨਗੀਆਂ

ਭਲ੍ਹਕ ਨੂੰ, ਗੱਲਾਂ ਹੋਇਆ ਕਰਨਗੀਆਂ . . . . . !

 

ਆਪਣੇ ਖੇਤ ਅਸਾਂ ਹੀ ਵਾਹੁਣੇ

ਨਹੀਂ ਸਰਮਾਏਦਾਰ ਲਿਆਉਣੇ

‘ਤਿੰਨ ਕਾਨੂੰਨ’ ਇਹ ਕਿਉਂ ਬਣਾਏ?

ਨਹੀਂ ਅਸੀਂ ਚਾਹੁੰਦੇ, ਨਹੀਂ ਅਸਾਂ ਚਾਹੇ

ਬਹਿ ਗਏ ਜੇ ਚੁੱਪ ਕਰਕੇ ਤਾਂ ਫਿਰ ਪੀੜ੍ਹੀਆਂ ਲੇਖੇ ਭਰਨਗੀਆਂ

ਕਿਸਾਨ ਮੋਰਚਾ ਉੱਠਿਆ ਸੀ ਇੱਕ, ਗੱਲਾਂ ਹੋਇਆ ਕਰਨਗੀਆਂ

ਭਲ੍ਹਕ ਨੂੰ, ਗੱਲਾਂ ਹੋਇਆ ਕਰਨਗੀਆਂ . . . . !

 

ਡਿੱਗਦਾ ਪਾਰਾ ਵੱਧਦੇ ਹੌਸਲੇ

ਜਜ਼ਬੇ ਵੇਖੇ ਸ਼ੇਰਾਂ ਦੇ

ਸਾਰੇ ਆਖਣ ਕੁਝ ਨ੍ਹੀ ਹੁੰਦਾ

ਗੁਰੂ ਦੀਆਂ ਸਭ ਮੇਹਰਾਂ ਨੇ

ਵਾਪਸ ਮੁੜੀਏ ਨਾ ਮੁੜੀਏ ਪਰ, ਫੌਜਾਂ ਇਹ ਨਹੀਂ ਹਰਨਗੀਆਂ

ਕਿਸਾਨ ਮੋਰਚਾ ਉੱਠਿਆ ਸੀ ਇੱਕ, ਗੱਲਾਂ ਹੋਇਆ ਕਰਨਗੀਆਂ

ਭਲ੍ਹਕ ਨੂੰ, ਗੱਲਾਂ ਹੋਇਆ ਕਰਨਗੀਆਂ . . . . !

 

ਪੁੱਛਿਆ ਸੀ ਕਿਸੇ ਬੇਬੇ ਤਾਂਈ

ਕਾਸ ਨੂੰ ਮਾਂ ਧਰਨੇ ਵਿੱਚ ਆਈ?

‘ਉਮਰ ਨਹੀਂ ਪੁੱਤ ਹਿੰਮਤ ਵੇਖ

ਨਹੀਂ ਅਸੀਂ ਖੁੱਸਣ ਦੇਣੇ ਖੇਤ’

ਇਨ੍ਹਾਂ ਹੌਸਲਿਆਂ ਦੀਆਂ ਵਾਰਾਂ ਤੁਰਿਆ ਕਰਨਗੀਆਂ

ਕਿਸਾਨ ਮੋਰਚਾ ਉੱਠਿਆ ਸੀ ਇੱਕ, ਗੱਲਾਂ ਹੋਇਆ ਕਰਨਗੀਆਂ

ਭਲ੍ਹਕ ਨੂੰ, ਗੱਲਾਂ ਹੋਇਆ ਕਰਨਗੀਆਂ . . . . . !

 

ਇਤਿਹਾਸ ਕਹਿੰਦੇ ਆਪਾ ਦੁਹਰਾਉਂਦਾ

ਪੋਹ ਮਹੀਨੇ ਚੇਤਾ ਆਉਂਦਾ

ਨਿੱਕੀਆਂ ਜਿੰਦਾਂ ਦਾ ਸੀ ਕਹਿਣਾ

ਹਠ ਨਹੀਂ ਛੱਡਣਾ, ਡਟ ਕੇ ਰਹਿਣਾ

ਮਾਂ ਗੁਜਰੀ ਤੋਂ ਬਲ ਲੈ ਕੇ ਹੁਣ, ਸੰਗਤਾਂ ਫਿਰ ਤੋਂ ਜੁੜਨਗੀਆਂ

ਕਿਸਾਨ ਮੋਰਚਾ ਉੱਠਿਆ ਸੀ ਇੱਕ, ਗੱਲਾਂ ਹੋਇਆ ਕਰਨਗੀਆਂ

ਭਲ੍ਹਕ ਨੂੰ, ਗੱਲਾਂ ਹੋਇਆ ਕਰਨਗੀਆਂ . . . . . !

 

ਵੰਡ ਛਕਣ ਦੀ ਪਿਰਤ ਵੇਖ ਕੇ

ਸਿਰ ਝੁਕਦਾ ਏ ‘ਸੁਖਦੇਵ ’ ਦਾ

ਮਾਨਵਤਾ ਇਥੇ ਡੁੱਲ੍ਹ-ਡੁੱਲ੍ਹ ਪੈਂਦੀ

ਵੇਖ ਕੇ ਜਲਵਾ ਲੰਗਰ ਦਾ

ਜਿੱਤ ਜ਼ਰੂਰ ਹੈ ਕਿਰਤੀ ਜਾਣਾ, ‘ਵਡਾਲਾ ਕਲਾ ’ ਵੀ ਖੁਸ਼ੀਆਂ ਚੜ੍ਹਨਗੀਆਂ

ਕਿਸਾਨ ਮੋਰਚਾ ਉੱਠਿਆ ਸੀ ਇੱਕ, ਗੱਲਾਂ ਹੋਇਆ ਕਰਨਗੀਆਂ

ਭਲ੍ਹਕ ਨੂੰ, ਗੱਲਾਂ ਹੋਇਆ ਕਰਨਗੀਆਂ . . . .!

ਸੁਖਦੇਵ ਸਿੰਘ     0091-6283011456

ਸੁਪਨਾ ✍️ ਗਗਨਦੀਪ ਧਾਲੀਵਾਲ ਝਲੂਰ

ਮੈਂ ਦੁੱਖਾਂ-ਸੁੱਖਾਂ ਦੇ ਘੇਰੇ ਤੋਂ ਜਦ ਬਾਹਰ ਆਵਾਂਗੀ 
ਆਪਣਾ ਹਰ ਸੁਪਨਾ ਨਵਾਂ ਸਜਾਵਾਂਗੀ 
ਨਾ ਖ਼ੁਦ ਤੋਂ ਜਿਆਦਾ ਕਿਸੇ ‘ਤੇ ਵਿਸ਼ਵਾਸ ਕਰਾਂਗੀ 
ਨਾ ਕਿਸੇ ਨੂੰ ਜਿਆਦਾ ਚਾਹਾਂਗੀ 
ਆਪਣੀ ਜ਼ਿੰਦਗੀ ਖੁਸ਼ੀਆਂ ਸੰਗ ਬਿਤਾਵਾਂਗੀ 
ਨਾ ਕੋਈ ਹੋਵੇਗੀ ਕਮਜ਼ੋਰੀ ਮੇਰੀ 
ਨਾ ਕਿਸੇ ਨੂੰ ਖ਼ਾਸ ਬਣਾਵਾਂਗੀ 
ਜੇ ਹੋਊ ਪੈਦਾ ਮੇਰੇ ਰਾਸਤੇ ਵਿੱਚ ਕੋਈ ਰੁਕਾਵਟ 
ਤਾਂ ਮੈਂ ਖ਼ੁਦ ਹੀ ਨਿਪਟਾਵਾਂਗੀ 
ਸਾਬਿਤ ਕਰ ਸਕਾਂ ਮੈਂ ਖ਼ੁਦ ਨੂੰ ਨਿਰਦੋਸ਼ 
ਨਾ ਕਿਸੇ 'ਤੇ ਇਲਜਾਮ ਲਾਗਾਵਾਂਗੀ 
ਖੁਦਗਰਜ ਬੇਵਫ਼ਾ ਨਾਲ ਨਾ ਪਿਆਰ ਜਤਾਵਾਂਗੀ 
ਇਨਾਂ ਗੱਲਾਂ ਨਾਲ ਮੈਂ ਆਪਣੀ ਜ਼ਿੰਦਗੀ ਰੁਸ਼ਨਾਵਾਂਗੀ
ਹਰ ਇੱਕ ਸੁਪਨਾ ਲਿਖਣ ਤੋਂ ਪਹਿਲਾਂ 
ਗਗਨ ਹਕੀਕਤ ਵਿੱਚ ਅਜਮਾਵਾਂਗੀ।

ਗਗਨਦੀਪ ਕੌਰ

ਦਾਦੀ ਦਾ ਪਿਆਰ ✍️ ਗਗਨਦੀਪ ਧਾਲੀਵਾਲ ਝਲੂਰ

ਬੜਾ ਯਾਦ ਆਉਂਦੈ ਦਾਦੀ ਦਾ ਪਿਆਰ ,
ਮਿੱਠੀ-ਮਿੱਠੀ ਘੂਰੀ ਤੇ ਦੁਲਾਰ ।

ਜੋ ਪਲ ਦਾਦੀ ਤੇਰੇ ਸੰਗ ਗੁਜ਼ਾਰੇ ,
ਕਰਦੀ ਰਹਾਂ ਮੈਂ ਹਮੇਸ਼ਾ ਸਤਿਕਾਰ ।

ਦਾਦੀ ਨੇ ਸੀ ਮੇਰੀ ਫੱਟੀ ਪੋਚਣੀ ,
ਛੱਡ ਵਿਚੇ ਸਾਰੇ ਕੰਮ-ਕਾਰ ।

ਸੁੱਤੇ ਉੱਠਦੇ ਹੀ ਮੂੰਹ ਨੂੰ ਚਾਹ ਲਾ ਦੇਣੀ ,
ਕੱਚੀ ਨੀਂਦਰੇ ਸੀ ਹੁੰਦੇ ਅੱਧ - ਵਿਚਕਾਰ ।

ਮਾਲ ਮੇਰੇ ਤੋਂ ਸੀ ਟੁੱਟ ਜਾਂਦੀ  ,
ਚਰਖਾ ਘੁੰਮਾਉਂਦੀ ਜਦੋਂ ਵਾਰ -ਵਾਰ ।

ਬੋਹੀਏ ਵਿਚੋਂ ਚੁੱਕ ਕੇ ਗਲੋਟੇ ਭੱਜ ਜਾਣਾ ,
ਥੱਕ ਜਾਂਦੀ ਦਾਦੀ ਫਿਰ ਹਾਕਾਂ ਮਾਰ ਮਾਰ ।

ਫੜ੍ਹ ਉਂਗਲ ਸਕੂਲੇ ਛੱਡ ਆਉਂਦੀ ਸੀ,
ਕਰਕੇ ਸਵੇਰੇ ਰੋਜ਼ ਤਿਆਰ ਬਰ ਤਿਆਰ।

ਦਾਦੀ ਤੂੰ ਮੁੜ ਆ ਜਾ ਸਾਡੇ ਕੋਲ ,
‘ਗਗਨ’ ਅੱਜ ਵੀ ਕਰੇ ਤੇਰਾ ਇੰਤਜ਼ਾਰ ।

ਗਗਨਦੀਪ ਕੌਰ ।

ਮਾਂ ਤਾਂ ਆਖਿਰ ਮਾਂ ਹੈ ਹੁੰਦੀ (ਕਵਿਤਾ)✍️ ਇੰਦਰ ਸਰਾਂ (ਫ਼ਰੀਦਕੋਟ)

ਮਾਂ ਤਾਂ ਆਖਿਰ ਮਾਂ ਹੈ ਹੁੰਦੀ (ਕਵਿਤਾ)

ਮਾਂ ਤਾਂ ਆਖਿਰ ਮਾਂ ਹੈ ਹੁੰਦੀ
ਬੱਚਿਆਂ ਲਈ ਠੰਡੀ ਛਾਂ ਹੈ ਹੁੰਦੀ
ਮਾਂ ਤਾਂ ਹੁੰਦੀ ਜ਼ਿੰਦਗੀ ਦਾ ਸਾਰ
ਮਾਂ ਤੋਂ ਵੱਧ ਨਾ ਕੋਈ ਕਰੇ ਪਿਆਰ
ਤੀਰਥ ਚਾਹੇ ਲੱਖ ਘੁੰਮ ਆਓ
ਦੁਨੀਆਂ ਦੇ ਸਭ ਰਿਸ਼ਤੇ ਨਿਭਾਓ
ਕੋਈ ਰਿਸ਼ਤਾ ਨਾ ਐਨਾ ਵਫ਼ਾਦਾਰ
ਨਾ ਹੀ ਕੋਈ ਅਜਿਹਾ ਕਿਰਦਾਰ
ਮਾਂ ਬੱਚਿਆਂ ਤੋਂ ਵਾਰੇ ਜਾਂਦੀ
ਦੁੱਖੜੇ ਸਹਿ ਕੇ ਹੱਸਦੀ ਰਹਿੰਦੀ
ਮਾਂ ਨਾਲ ਸੋਹਣਾ ਲੱਗੇ ਪਰਿਵਾਰ
ਮਾਂ ਦਾ ਕਰੀਏ ਦਿਲੋਂ ਸਤਿਕਾਰ
ਜਿੱਥੇ ਮਾਂ ਦਾ ਚਿਹਰਾ ਹੱਸਦਾ
ਉਸ ਵਿਹੜੇ ਵਿੱਚ ਰੱਬ ਹੈ ਵੱਸਦਾ
ਦੌਲਤ ਨਾਲ ਚਾਹੇ ਜਿੱਤ ਸੰਸਾਰ
ਪਰ ਭੁੱਲੀਂ ਨਾ ਕਦੇ ਮਾਂ ਦਾ ਉਪਕਾਰ
ਆਓ ਅੱਜ ਮਦਰਜ਼ ਡੇਅ ਮਨਾਈਏ
ਤੇ ਬਾਕੀ ਦਿਨ ਵੀ ਮਾਂ ਨਾਲ ਬਿਤਾਈਏ
'ਇੰਦਰ' ਸੱਜਦਾ ਕਰਦਾ ਲੱਖ ਵਾਰ
ਸਭ ਤੋਂ ਸੱਚਾ ਹੈ ਮਾਂ ਦਾ ਪਿਆਰ
                   
             - ਇੰਦਰ ਸਰਾਂ (ਫ਼ਰੀਦਕੋਟ)
               ਸੰਪਰਕ: 97805-50466
               ਈ ਮੇਲ: birinderjitsingh10@gmail.com

ਸਾਡਾ ਵਿਰਸਾ ✍️ ਜਸਵੀਰ ਸ਼ਰਮਾਂ ਦੱਦਾਹੂਰ

"ਕੋਈ ਸਿਆਣੀ ਸਵਾਣੀ ਹੀ ਕਰਦੀ ਸੀ ਤੱਕਲਾ ਸਿੱਧਾ"

"ਆਮ ਕਹਾਵਤ ਹੈ ਦੋਸਤੋ ਕਿ ਫਲਾਣਾ ਸਿਉਂ ਨੂੰ ਤਾਂ ਓਹਦੀ ਔਲਾਦ ਨੇ ਹੀ ਤੱਕਲੇ ਵਾਂਗ ਸਿੱਧਾ ਕਰਕੇ ਰੱਖਿਆ ਹੈ,ਮਜਾਲ ਆ ਕਿ ਓਹ ਆਪਣੇ ਜੁਆਕਾਂ ਸਾਹਮਣੇ ਚੂੰ ਵੀ ਕਰੇ"

ਇਹ ਸਿਰਫ਼ ਤੇ ਸਿਰਫ਼ ਇੱਕ ਉਦਾਹਰਣ ਦੇ ਤੌਰ ਤੇ ਹੀ ਗੱਲ ਪਾਠਕਾਂ ਨਾਲ ਸਾਂਝੀ ਕੀਤੀ ਹੈ ਵੈਸੇ ਇਹ ਗੱਲ ਬਹੁਤ ਮਾੜੀ ਹੈ ਭਾਵ ਕਿ ਚਰਖੇ ਦਾ ਤੱਕਲਾ ਜੇਕਰ ਸਿੱਧਾ ਹੋਵੇਗਾ ਤਾਂ ਹੀ ਉਸ ਤੇ ਤੰਦ ਪਾਇਆ ਜਾਵੇਗਾ, ਨਹੀਂ ਤਾਂ ਵਿੰਗੇ ਤੱਕਲੇ ਤੇ ਤਾਂ ਇੱਕ ਵੀ ਤੰਦ ਨਹੀਂ ਸੀ ਪੈਂਦਾ ਕਿਉਂਕਿ ਧਾਗਾ ਟੁੱਟਣ ਨੂੰ ਤੰਦ ਤਰੇੜਿਆ ਕਿਹਾ ਜਾਂਦਾ ਰਿਹਾ ਹੈ,ਇਸ ਕਰਕੇ ਸੂਤ ਕੱਤਣ ਲਈ ਸੱਭ ਤੋਂ ਪਹਿਲਾਂ ਤੱਕਲੇ ਦਾ ਸਿੱਧਾ ਹੋਣਾ ਅਤਿ ਜ਼ਰੂਰੀ ਹੁੰਦਾ ਸੀ।

ਆਓ ਅਸਲੀ ਮੁੱਦੇ ਵੱਲ ਆਈਏ।

      ਪੁਰਾਤਨ ਪੰਜਾਬ ਵਿੱਚ ਬਾਕੀ ਸਾਰੀਆਂ ਫਸਲਾਂ ਦੇ ਨਾਲ ਨਾਲ ਕਪਾਹ ਦੀ ਖੇਤੀ ਵੀ ਜ਼ੋਰਾਂ ਤੇ ਹੁੰਦੀ ਰਹੀ ਹੈ ਇਹ ਗੱਲ ਆਪਾਂ ਸਾਰੇ ਹੀ ਬਹੁਤ ਭਲੀ-ਭਾਂਤ ਜਾਣਦੇ ਹਾਂ, ਤੇ ਇਹ ਵੀ ਜਾਣਦੇ ਹਾਂ ਕਿ ਪੁਰਾਣੇ ਸਮਿਆਂ ਵਿੱਚ ਆਪਣੀਆਂ ਧੀਆਂ ਭੈਣਾਂ ਆਪਣੇ ਲਈ ਦਾਜ ਆਪਣੇ ਹੱਥੀਂ ਤਿਆਰ ਕਰਿਆ ਕਰਦੀਆਂ ਸਨ। ਦਰੀਆਂ,ਖੇਸ,ਚਤੱਈਆਂ,ਦੋੜੇ, ਪੱਖੀਆਂ,ਨਾਲੇ, ਫੁਲਕਾਰੀਆਂ, ਚਾਦਰਾਂ ਅਤੇ ਦਾਜ ਦਾ ਹੋਰ ਵੀ ਸਾਰਾ ਸਮਾਨ ਜੋ ਓਨਾਂ ਸਮਿਆਂ ਵਿੱਚ ਰਿਵਾਜ ਸਨ,ਓਹ ਘਰ ਦੀ ਕਪਾਹ ਨੂੰ ਵੇਲਣੇ ਤੋਂ ਵਲਾ ਲੈਣਾ ਪੇਂਜੇ ਤੇ ਪਿੰਜਾ ਕੇ ਰੂੰ ਬਣਾ ਕੇ ਘਰੀਂ ਪੂਣੀਆਂ ਵੱਟਣੀਆਂ,ਸੋ ਦੋਸਤੋ ਇੱਕ ਹੋਰ ਗੱਲ ਮੈਂ ਪਾਠਕਾਂ/ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਚਾਹੁੰਦਾ ਹਾਂ ਕਿ ਰੂੰ ਪਿੰਜਣ ਵਾਲੇ ਭਾਵ ਪੇਂਜੇ ਓਨਾਂ ਸਮਿਆਂ ਵਿੱਚ ਘਰੋ ਘਰੀ ਆ ਕੇ ਵੀ ਰੂੰ ਪਿੰਜ ਜਾਇਆ ਕਰਦੇ ਸਨ ਇਹ ਦਾਸ ਨੇ ਅੱਖੀਂ ਵੇਖਿਆ ਹੈ ਜੀ।ਸੂਤ ਬਣਾ ਕੇ ਘਰੀਂ ਹੀ ਖੱਡੀਆਂ ਪੱਟ ਕੇ ਖੁਲ੍ਹੇ ਦਲਾਨਾਂ ਵਿੱਚ ਸਾਡੀਆਂ ਮਾਵਾਂ ਭੈਣਾਂ ਤੇ ਦਾਦੀਆਂ ਦੀ ਉਮਰ ਦੀਆਂ ਸਵਾਣੀਆਂ ਨੇ ਚਰਖੇ ਕੱਤਣੇ ਕੱਤ ਕੱਤ ਕੇ ਛਿੱਕੂ ਗਲੋਟਿਆਂ ਨਾਲ ਭਰ ਲੈਣੇ।ਉਸ ਤੋਂ ਬਾਅਦ ਹੀ ਸਾਰਾ ਦਾਜ ਵਾਲਾ ਸਮਾਨ ਤਿਆਰ ਕਰਨ ਦੀ ਸ਼ੁਰੂਆਤ ਹੁੰਦੀ ਸੀ।

     ਸਾਡੀਆਂ ਮਾਵਾਂ ਦਾਦੀਆਂ ਭਾਵ ਵਡੇਰੀ ਉਮਰ ਦੀਆਂ ਸਵਾਣੀਆਂ ਤਾਂ ਘਰੀਂ ਹੀ ਰਾਤ ਪੁਰ ਦਿਨ ਪੂਣੀਆਂ ਕੱਤਿਆ ਕਰਦੀਆਂ ਸਨ, ਸਮੇਂ ਬਹੁਤ ਖੁਲ੍ਹੇ ਸਨ ਅਜੋਕੇ ਸਮਿਆਂ ਵਾਂਗ ਭੱਜ ਦੌੜ ਵਾਲੀ ਜ਼ਿੰਦਗੀ ਨਹੀਂ ਸੀ।ਪਰ ਕਵਾਰੀਆਂ ਕੁੜੀਆਂ ਤ੍ਰਿੰਜਣਾਂ ਵਿਚ ਬੈਠ ਕੇ ਛੋਪ ਪਾਕੇ ਭਾਵ ਰਲਮਿਲ ਕੇ ਕਾਫੀ ਸਾਰੀਆਂ ਕੁੜੀਆਂ ਰਲਮਿਲ ਕੇ ਕੱਤਿਆ ਕਰਦੀਆਂ ਸਨ। ਓਥੇ ਹੀ ਓਨਾਂ ਨੇ ਆਪਣੇ ਮਨਪਸੰਦ ਦੇ ਗੀਤ ਵੀ ਗਾਈ ਜਾਣੇਂ ਤੇ ਸ਼ਾਮਾਂ ਤੱਕ ਕਤਦੇ ਰਹਿਣਾ। ਵੇਲੇ ਬਹੁਤ ਚੰਗੇ ਸਨ, ਪਿਆਰ ਸਤਿਕਾਰ ਮੁਹੱਬਤ ਚਰਮ ਸੀਮਾ ਤੇ ਰਿਹਾ ਹੈ ਓਨਾ ਸਮਿਆਂ ਵਿੱਚ। ਇਜ਼ਤਾਂ ਦੇ ਸਾਰੇ ਰਖਵਾਲੇ ਹੁੰਦੇ ਸਨ, ਕੋਈ ਮਤਲਬ ਹੀ ਨਹੀਂ ਸੀ ਕਿ ਕੋਈ ਵੀ ਕਿਸੇ ਵੀ ਧੀ ਭੈਣ ਨੂੰ ਗਲਤ ਨਿਗਾਹ ਨਾਲ ਤੱਕ ਵੀ ਜਾਵੇ। ਅਪਣੱਤ ਭਰੇ ਸਮੇਂ ਰਹੇ ਹਨ ਪੰਜਾਬ ਤੇ ਕਿਸੇ ਸਮੇਂ।

      ਜਦੋਂ ਕਿਤੇ ਚਰਖ਼ੇ ਨੂੰ ਸ਼ਾਮਾਂ ਵੇਲੇ ਚੱਕਣਾਂ ਭਾਵ ਖੜਾ ਕਰਨਾ ਕੲੀ ਵਾਰ ਗ਼ਲਤੀ ਨਾਲ ਕੰਧ ਨਾਲ ਲੱਗ ਕੇ ਤੱਕਲਾ ਵਿੰਗਾ ਹੋ ਜਾਂਦਾ, ਤੇ ਉਸ ਨੂੰ ਸਿੱਧਾ ਕਰਾਉਣ ਲਈ ਬਹੁਤ ਹੀ ਸਿਆਣੀ ਅਤੇ ਇਸ ਕੰਮ ਦੇ ਤਜਰਬੇ ਵਾਲੀ ਸਵਾਣੀ ਹੀ ਤੱਕਲਾ ਸਿੱਧਾ ਕਰਿਆ ਕਰਦੀ ਸੀ,ਹਾਰੀ ਸਾਰੀ ਸਵਾਣੀ ਤੋਂ ਛੇਤੀ ਕੀਤੇ ਤੱਕਲਾ ਸਿੱਧਾ ਨਹੀਂ ਸੀ ਹੁੰਦਾ ਭਾਵ ਜਿਸ ਸਵਾਣੀ ਨੂੰ ਇਹ ਤਜਰਬਾ ਸੀ ਇਹ ਕਾਰਜ ਸਿਰਫ਼ ਓਹ ਸਵਾਣੀ ਹੀ ਕਰਦੀ ਸੀ। ਕੲੀ ਕੲੀ ਪਿੰਡਾਂ ਵਿੱਚ ਬਹੁਤ ਸਿਆਣੇ ਲੁਹਾਰ ਜਾਂ ਤਰਖਾਣ ਵੀ ਹੁੰਦੇ ਸਨ ਜਿਹੜੇ ਇਹ ਕੰਮ ਵਧੀਆ ਢੰਗ ਨਾਲ ਕਰ ਲੈਂਦੇ ਸਨ ਭਾਵ ਤੱਕਲੇ ਨੂੰ ਕੱਤਣ ਯੋਗ ਬਣਾ ਦਿੰਦੇ ਸਨ।ਪਰ ਆਮ ਇਹ ਕਾਰਜ ਸਿਆਣੀਆਂ ਸਵਾਣੀਆਂ ਹੀ ਕਰਿਆ ਕਰਦੀਆਂ ਸਨ।ਜਿਸ ਘਰ ਵਿੱਚ ਦਿਉਰ ਭਰਜਾਈ ਹੋਣੇ ਓਥੇ ਤੱਕਲੇ ਨੂੰ ਭਰਜਾਈ ਦਾ ਦਿਉਰ ਵੀ ਜਾਣ ਬੁੱਝ ਕੇ ਵਿੰਗੇ ਕਰਦੇ ਰਹੇ ਹਨ। ਕਿਉਂਕਿ ਆਮ ਕਹਾਵਤ ਹੈ ਕਿ" ਹੱਸਣਾ ਖੇਡਣਾ ਮਨ ਦਾ ਚਾਓ ਲਿਖਿਆ ਵਿੱਚ ਗੁਰਬਾਣੀ"ਸਮੇਂ ਵਧੀਆ ਅਤੇ ਸਹਿਣਸ਼ੀਲਤਾ ਵਾਲੇ ਕਰਕੇ ਹੀ ਇਹ ਸੱਭ ਸੰਭਵ ਸੀ।ਦਿਉਰ ਭਰਜਾਈ ਨੇ ਹਸਦੇ ਖੇਡਦੇ ਰਹਿਣਾ ਇਸ ਪ੍ਰਤੀ ਕੲੀ ਗੀਤ ਵੀ ਪ੍ਰਚੱਲਤ ਰਹੇ ਹਨ ਕਿ ਦਿਉਰ ਭਰਜਾਈ ਦੀ ਚਰਖੇ ਦੇ ਤੱਕਲੇ ਦੀ ਬਾਬਤ ਨੋਕ ਝੋਕ ਵਾਲੇ।ਕਦੇ ਕੋਈ ਕਿਸੇ ਕਿਸਮ ਦਾ ਗੁੱਸਾ ਗਿਲਾ ਨਹੀਂ ਸੀ ਕਰਦਾ, ਇੱਕ ਦੂਸਰੇ ਦੀ ਗੱਲ ਸਹਿਣ ਦਾ ਸਭਨਾਂ ਵਿੱਚ ਮਾਦਾ ਸੀ, ਤੇ ਸਹਿ ਲੈਂਦੇ ਸਨ। ਜੇਕਰ ਓਨਾਂ ਸਮਿਆਂ ਦੀ ਤੁਲਨਾ ਆਪਾਂ ਅਜੋਕੇ ਸਮਿਆਂ ਨਾਲ ਕਰੀਏ ਤਾਂ ਜ਼ਮੀਨ ਅਸਮਾਨ ਦਾ ਅੰਤਰ ਆ ਚੁੱਕਾ ਹੈ, ਹੁਣ ਕੋਈ ਵੀ ਕਿਸੇ ਦੀ ਗੱਲ ਸੁਣ ਕੇ ਰਾਜੀ ਨਹੀਂ ਨਾ ਅਜੋਕੀ ਭਰਜਾਈ ਤੇ ਨਾ ਹੀ ਦਿਉਰ। ਐਸੀਆਂ ਇੱਕ ਨਹੀਂ ਹਜ਼ਾਰਾਂ ਉਦਾਹਰਣਾਂ ਆਪਾਂ ਹਰ ਰੋਜ਼ ਸੁਣਦੇ ਅਤੇ ਪੜ੍ਹਦੇ ਰਹਿੰਦੇ ਹਾਂ। ਸਹਿਣਸ਼ੀਲਤਾ ਦਾ ਮਾਦਾ ਖਤਮ ਹੋ ਚੁੱਕਾ ਹੈ।ਹਰ ਕੋਈ ਕਿਲੋ ਕਿਲੋ ਨਮਕ ਪੱਲੇ ਬੰਨ੍ਹੀ ਫਿਰਦਾ ਹੈ।

     ਸੋ ਓਹੋ ਹੀ ਗੱਲ ਹੈ ਦੋਸਤੋ ਕਿ ਸਮੇਂ ਦੇ ਨਾਲ ਨਾਲ ਆਪਾਂ ਤੇ ਆਪਣੇ ਸੁਭਾਅ ਸੱਭ ਬਦਲ ਗੲੇ ਹਨ, ਬਦਲੇ ਸਮੇਂ ਵਿੱਚ ਚਰਖੇ ਨਹੀਂ ਰਹੇ ਚਰਖੇ ਕੱਤਣ ਵਾਲੀਆਂ ਨਹੀਂ ਰਹੀਆਂ।ਜੋ ਪਹਿਲਾਂ ਸੀ ਓਹ ਅੱਜ ਨਹੀਂ ਦਿਸਦਾ ਜੋ ਅੱਜ ਹੈ ਇਹ ਵੀ ਇੱਕ ਦਿਨ ਬੀਤੇ ਦੀ ਬਾਤ ਹੋਕੇ ਰਹਿ ਜਾਣਾ ਹੈ।ਭਾਵ ਹੋਰ ਈ ਗੁੱਡੀਆਂ ਤੇ ਹੋਰ ਈ ਪਟੋਲੇ ਹੋ ਰਹੇ ਹਨ।ਪਰ ਦੋਸਤੋ ਉਮਰ ਦੇ ਹਿਸਾਬ ਨਾਲ ਇਹ ਉਪਰੋਕਤ ਸੱਭ ਕੁੱਝ ਅੱਖੀਂ ਵੇਖਿਆ ਕਰਕੇ ਹੀ ਦੋਸਤਾਂ ਨਾਲ ਸਾਂਝਾ ਕਰ ਲਈਦਾ ਹੈ।ਇਹ ਜ਼ਰੂਰ ਹੈ ਕਿ ਜੋ ਹਮ ਉਮਰ ਦੋਸਤ ਮਿੱਤਰ ਪੜ੍ਹਦੇ ਹਨ ਓਹ ਜਰੂਰ ਆਪਣੇ ਮਨ ਦੇ ਹਾਵ ਭਾਵ ਸਾਂਝੇ ਕਰ ਲੈਂਦੇ ਹਨ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

ਰੱਖਿਅਕ ਧੀ ✍️ ਜਸਵੰਤ ਕੌਰ ਕੰਗ ਬੈਂਸ

ਆਪਣੀ ਧੀ ਨੂੰ ਵੀ ਦਿਉ

ਸਿੱਖਿਆ 

ਬਚਪਨ ਤੋਂ ਹੀ,

ਕਿਵੇਂ ਲੜਨਾ ਹੈ

ਨਾਲ ਖਤਰਿਆਂ ਦੇ।

ਜ਼ਰੂਰਤ ਹੈ ਧੀਆਂ ਨੂੰ 

ਕਰਨ ਲਈ ਉਤਸ਼ਾਹਿਤ,

ਹਰ ਪੱਖ ਤੋਂ ।

ਜੂਝਣ ਦੀ ਹਰ ਕਰੜੀ

ਅਜਮਾਇਸ਼ ਤੋਂ 

ਅਤੇ ਜ਼ਿੰਦਗੀ ਦੀ

ਹਰ ਲੜਾਈ ਲੜਨੇ ਲਈ।

ਸਿਖਾਉਣੀ ਪਵੇਗੀ ਉਸਨੂੰ

ਕਰਨੀ ਹੈ

ਕਿਵੇਂ “ ਸੈਲਫ ਡੀਫੈਂਸ”

ਦਵਾ ਦਿਉ ਪੂਰੀ ਦੀ ਪੂਰੀ

ਟਰੇਨਿੰਗ

ਮਾਰਸ਼ਲ ਆਰਟਸ ਦੀ।

ਸਿਖਣੀ ਪਵੇਗੀ ਹਰ

ਮਰਦਾਨਵੀਂ ਖੇਡ 

ਕਰਨ ਲਈ ਹਰ ਮੈਦਾਨ

ਫ਼ਤਿਹ ।

ਉਸਦੀ ਅੰਦਰੂਨੀ ਤਾਕਤ ਨੂੰ 

ਲੋੜ ਹੈ ਜਗਾਉਣ ਦੀ।

ਹਰ ਧੀ ਦੀ,

ਅੰਤਰ ਆਤਮਾਂ ਨੂੰ 

ਚਾਹੀਦਾ ਹੈ ਉਸਦੇ,

ਮਾਂ-ਬਾਪ ਵੱਲੋਂ ਦਿੱਤਾ ਹੌਸਲਾ।

ਛੱਡ ਦਿਉ ਉਸਦੇ ਜਨਮ ਤੋਂ ਹੀ,

ਕਹਿਣਾ ਬੇਗਾਨੀ ਧੀ।

ਜਾਣਾ ਏ ਬੇਗਾਨੇ ਘਰ।

ਸਮਾਜ ਦੇ ਕਹੇ

ਅਜਿਹੇ ਲਫ਼ਜ਼ ਹੀ 

ਕਰ ਦਿੰਦੇ ਨੇ ਔਰਤ ਦੇ

ਮਨੋਬਲ ਦਾ ਖਾਤਮਾਂ

ਹਮੇਸ਼ਾਂ ਲਈ।

ਨਾ ਕਰੋ ਉਸਨੂੰ ਕਹਿ ਕੇ

ਖਫਾ ਕਿ ਤੂੰ ਤਾਂ ਭਾਰ ਏਂ,

ਸਾਡੇ ਤੇ।

ਆਪਣੀ ਸਿੱਖਿਆ ਵਿੱਚ

ਦੱਸ ਦਿਉ ਧੀ ਆਪਣੀ ਨੂੰ

ਤੂੰ ਬਣਨਾ ਏ

ਆਪਣੀ ਅਤੇ ਸਮਾਜ ਦੀ

ਹਰ ਧੀ ਦੀ,

ਰੱਖਿਅਕ ਧੀ।

ਦੇ ਕੇ ਔਰਤ ਨੂੰ 

ਉੱਚਾ ਰੁੱਤਬਾ ਆਪ।

ਨਹੀਂ ਮਰਨ ਦੇਣਾ ਕੁੱਖ ਵਿੱਚ

ਨਾਂ ਹੀ ਦੇਣਾ ਹੈ ਜਿਉਦਿਆਂ 

ਹੀ ਸੜਨ।

ਹਰ ਧੀ ਨੇ ਵੀ 

ਰਹਿਣਾ ਹੈ 

ਤਿਆਰ-ਬਰ-ਤਿਆਰ

ਲੜਨ ਲਈ ਸਮੇਂ ਦੀ ਹਰ

ਛੋਟੀ ਅਤੇ ਵੱਡੀ

ਲੜਾਈ।

ਤਾਂ ਜੋ ਨਾਂ ਹੋਵੇ

ਕਿਸੇ ਧੀ ਦਾ ਕੁੱਖ ਤੋਂ ਲੈ ਕੇ,

ਸਹੁਰੇ ਘਰ ਦੀਆਂ

ਦਹਿਲੀਜ਼ਾਂ ਤੱਕ ਦਾ

ਕਦੇ ਕੋਈ ਕਤਲ ।

        

     

ਜਸਵੰਤ ਕੌਰ ਕੰਗ ਬੈਂਸ

    ਲੈਸਟਰ ਯੂ ਕੇ

ਅਜ ਦੇ ਹਲਾਤ ✍️  ਹਰੀ ਸਿੰਘ ਸੰਧੂ ਸੁਖੇ ਵਾਲਾ

ਅਜ ਦੇ ਹਲਾਤ 

ਸਭ ਨੂੰ ਮੇਰੀ ਸਤਿ ਸ੍ਰੀ ਅਕਾਲ,ਤੇ ਪਿਆਰ ਹੈ,,
ਲੀਡਰਾਂ ਦਾ ਬੇੜਾ ਡੁੱਬਣਾ ਜੀ ਅਧ ਵਿੱਚਕਾਰ ਹੈ,,

ਗਲ਼ੀ-ਗਲ਼ੀ ਮੋੜ ਦੇ ਉੱਤੇ ,ਠੇਕਾ ਅਜ ਖੁਲਿਆ ,,
ਗੁਰੂ ਦੀਆਂ ਕਸਮਾਂ ਖਾਕੇ, ਕੈਪਟਨ ਸੀ ਭੁਲਿਆ,,

ਪਿੰਡ, ਪਿੰਡ ਜਾਕੇ ਵੇਖੋ ਮਿਲਦੀ ਪਈ ਭੁੱਕੀ ਸੀ,,
ਨਸ਼ੇ ਸਾਰੇ ਬੰਦ ਕਰਾਂਗਾ, ਸੌਂਹ ਇਹ ਨੇ ਚੁੱਕੀ ਸੀ,,

ਦਸ ਲੱਖ ਖਾਤੇ ਪਾਂਉ, ਮੋਦੀ ਮਾਮਾ ਕਹਿੰਦਾ ਹੈ,,
ਫੁੱਲਾਂ ਜਿਹਾ ਪੰਜਾਬ ਮੇਰਾ,ਸਦਾ ਦੁਖੀ ਰਹਿੰਦਾ ਹੈ ,,

ਸਾਧਾਂ ਦੇ ਡੇਰੇ ਬੰਦ ਹੋਣੇ, ਚਾਹੀਦੇ ਦੇ ਪੰਜਾਬ ਚੋਂ,,
ਇਹਨਾਂ ਸਾਧਾਂ ਨੇ ਲਹੂ ਪੀ ਲਿਆ ਗੁਲਾਬ ਚੋ,,

ਜਿੰਨੇ ਮਾੜੇ ਲੀਡਰ ਨੇ,ਜੇਂਲੀ ਬੰਦ ਕਰ ਦਿਓ,,
ਵੋਟਾਂ ਮੰਗਣ ਆਉਂਣ ਜੇ,ਖੱਟੇ ਦੰਦ ਕਰ ਦਿਓ,,

ਪੰਜਾਬ ਮੇਰਾ ਧਾਂਹੀ ਮਾਰੇ, ਸੌਦਾ੍ਂ ਨਾ ਰਾਤਾਂ ਨੂੰ,
ਸੰਧੂ ਦੀ ਵੀ ਅੱਖ ਰੋਂਦੀ ਹੈ,ਵੇਖਕੇ ਹਲਾਤਾਂ ਨੂੰ,,
          ਮਾੜੇ ਵੇਖ ਹਲਾਤਾਂ ਨੂੰ,,,,,,,

 ✍️  ਹਰੀ ਸਿੰਘ ਸੰਧੂ ਸੁਖੇ ਵਾਲਾ
      ਮੋਬਾ---98774,76161

ਦੱਸੋ ਕਿੱਧਰ ਜਾਵਾਂ ✍️ਜਸਵਿੰਦਰ ਸ਼ਾਇਰ

ਨਾ ਕੋਈ ਸਹਾਰਾ ਨਾ ਕੋਈ ਕਿਨਾਰਾ ਦੱਸੋ ਕਿੱਧਰ ਜਾਵਾਂ ।

ਵਿੱਚ ਹਨੇਰੀ ਰਾਤਾਂ ਦੇ ਪਿਆਰ ਆਪੇ ਹੀ ਠੇਡੇ ਖਾਵਾਂ ।

ਜਿਸਦੀ ਖੁਸ਼ੀ ਲਈ ਮੰਗੀਆਂ ਸੀ  ਰੱਬ ਕੋਲੋਂ ਦੁਆਵਾਂ 

ਪਰ ਉਹਨਾਂ ਸੱਜਣਾ ਸਾਨੂੰ ਦਿੱਤੇ ਨੇ ਕੁਝ ਹੰਝੂ ਤੇ ਹਾਵਾਂ 

ਉਹ ਵੇਲਾ ਸੀ ਜਦੋਂ ਖੁਦ ਦੱਸਦੇ ਸੀ ਲੋਕਾਂ ਨੂੰ ਰਾਹ 

ਵਕਤ ਨੇ  ਅਜਿਹੀ ਕਰਵਟ ਬਦਲੀ ਖੁਦ ਨੂੰ ਭੁੱਲੀਆਂ ਰਾਵਾਂ ।

ਰਾਤਾਂ ਦੇ ਇਕਲਾਪੇ ਡੰਗਦੇ ਨੇ ਮੈਨੂੰ ਕਾਲੇ ਨਾਗਾਂ  ਵਾਂਗੂੰ 

ਹੰਝੂ ਪੁੰਝੇ ਨਾ ਆਕੇ  ਕੀਹਨੂੰ ਦਿਲ ਦਾ ਦਰਦ ਸੁਣਾਵਾਂ ।

ਚਾਰ -ਚੁਫੇਰੇ ਮਜ਼ਬੂਰੀ ਦੀਆਂ ਕੰਧਾਂ ਵਾਹ ਨਾ ਚੱਲਦੀ ਮੇਰੀ 

ਗ਼ਮ ਦੇ ਪੈਂਡੇ ਮੁੱਕਣੇ ਨਹੀਂ ਮੈਂ ਜਾਵਾਂ ਤਾਂ ਕਿੱਧਰ ਜਾਵਾਂ ।

ਸੱਧਰਾਂ ਮੇਰੀਆਂ ਟੋਟੇ ਟੋਟੇ ਹੋਈਆਂ ਆਸਾਂ ਦੇ ਸਾਹ ਉੱਖੜੇ 

ਦਿਲ ਦੀ ਲਾਸ਼ ਚੁੱਕੀ ਫਿਰਾਂ ਇਹ ਜਲਾਵਾਂ ਤਾਂ ਕਿਵੇਂ ਜਲਾਵਾਂ 

"ਸ਼ਾਇਰ "ਬਣਦਾ ਰਿਹਾ ਹਰੇਕ ਸਖ਼ਸ  ਦੀ ਹਮਾਇਤੀ 

ਐਪਰ ਹੁਣ ਲੋਕਾਂ ਨੂੰ ਭੁੱਲ ਗਿਆ ਉਹਦਾ ਸਿਰਨਾਵਾਂ ।

 

ਜਸਵਿੰਦਰ ਸ਼ਾਇਰ ਸੰਚਾਲਕ  ਮਹਿਕ ਲਾਇਬ੍ਰੇਰੀ ਪਿੰਡ ਪਪਰਾਲਾ ਡਾਕ ਗਗੜਪੁਰ ਤਹਿ ਗੂਹਲਾ ਜਿਲਾ ਕੈਥਲ ਹਰਿਆਣਾ 136034 

PH 9996568220

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ✍️  ਜਸਵੰਤ ਕੌਰ ਬੈਂਸ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ,ਹਿੰਦ ਦੀ ਚਾਦਰ,

ਨਿਰਭੈ-ਸੁਭਾ ਦੇ ਸਨ ਮਾਲਕ,ਆਪਣੇ ਬਚਪਨ ਤੋਂ ਹੀ।

 

ਗੰਭੀਰ, ਅਡੋਲ ਚਿੱਤ ਅਤੇ ਧਰਮ ਦੇ ਬਣ ਕੇ ਰਾਖੇ,

ਆਪਾ ਵਾਰਨ ਵਾਲੇ ਸਨ ਉਹ ਮਹਾਨ ਗੁਰੂ।

 

ਉੱਚਕੋਟੀ ਦੇ ਵਿਦਵਾਨ, ਸ਼ਸਤਰਧਾਰੀ ਰਾਜਨੀਤੀ ਅਤੇ 

ਧਰਮ ਵਿੱਚ ਸਨ ਉਹ ਨਿਪੁੰਨ ਅਤੇ ਸੂਰਬੀਰ ਯੋਧੇ।

 

ਹੋਇਆ ਸੀ ਯੁੱਧ ਜਦੋਂ,ਕਰਤਾਰਪੁਰ ਦਾ,ਦਿਖਾਏ ਸਨ 

ਗੁਰੂ ਜੀ ਨੇ ਆਪਣੀ ਸ਼ਾਹੀ ਤਲਵਾਰ ਦੇ ਜੌਹਰ।

 

ਕਹਿਲੂਰ ਦੇ ਰਾਜੇ ਤੋਂ,ਖ੍ਰੀਦ ਕੇ ਆਪ ਜ਼ਮੀਨ,

ਵਸਾਇਆ ਗੁਰੂ ਜੀ ਨੇ,ਅਨੰਦਪੁਰ ਸਾਹਿਬ ਨਗਰ।

 

ਭਾਰੀ ਮੱਖਣ ਸ਼ਾਹ ਲੁਬਾਣਾ,ਜਿਸਦਾ ਜਹਾਜ਼ ਸਮੁੰਦਰ 

ਦੀ ਘੁੰਮਣ ਘੇਰੀ ਤੋਂ,ਲਾਇਆ ਸੀ ਗੁਰੂ ਜੀ ਨੇ ਪਾਰ।

 

ਉਹ ਆਪਣੇ ਗੁਰੂ ਦੀ ਪਰਖ ਵਿੱਚ,

ਹੋਇਆ ਸੀ, ਖੁਸ਼ੀ ਵਿੱਚ ਨਿਹਾਲ।

 

ਦੇਖ ਕੇ ਗੁਰੂ ਜੀ ਨੂੰ,ਚਾਉ ਵਿੱਚ ਹੋ ਉੱਠਿਆ ਸੀ ਉਹ,

ਗੱਦ-ਗੱਦ ਤੇ ਲੱਗਾ ਕਹਿਣ,ਗੁਰੂ ਲਾਧੋ ਰੇ, ਗੁਰੂ ਲਾਧੋ ਰੇ।

 

ਆਪਣੀ ਤਲਵਾਰ ਦੇ,ਜ਼ੋਰ ਤੇ ਕਸ਼ਮੀਰੀ ਸੂਬੇਦਾਰ,

ਸ਼ੇਰ ਅਫ਼ਗ਼ਾਨ,ਜਦੋਂ ਰਿਹਾ ਸੀ ਬਣਾ ਲੋਕਾਂ ਨੂੰ,ਹਿੰਦੂ ਤੋਂ ਮੁਸਲਮਾਨ।

 

ਉਸ ਵੇਲੇ ਬਣ ਕੇ ਗੁਰੂ ਜੀ,ਦੇਸ਼ ਦੇ ਅਤੇ ਧਰਮ ਦੇ ਰਾਖੇ,

ਆਪ ਅੱਗੇ ਹੋਕੇ,ਵਾਰ ਕੇ ਆਪਣਾ ਸੀਸ,ਪਾ ਗਏ ਸੀ ਸ਼ਹੀਦੀ।

 

ਸਿਖਾ ਗਏ ਆਪਣੇ ਦੇਸ਼ ਦੀ, ਸਾਰੀ ਕੌਮ ਨੂੰ,

ਕਿ ਹੁੰਦੇ ਨੇ ਸ਼ਹੀਦ,ਉਹ ਬਹਾਦਰ ਰਣ ਨੂੰ ਜਿੱਤਣ ਵਾਲੇ,

ਜੋ ਸਿੰਜ ਦਿੰਦੇ ਨੇ ਆਪਣੇਲਹੂ ਨਾਲ ਹੀ,ਆਪਣੇ ਧਰਮ ਦੇ ਬੂਟੇ ਨੂੰ ਅਤੇ 

ਆਪਣੀ ਕੌਮ ਦੀ ਉਸਾਰੀ ਲਈ,ਰੱਖਣ ਵਾਲੇ ਹੁੰਦੇ ਨੇ,ਨੀਂਹ-ਪੱਥਰ।

 

ਜਸਵੰਤ ਕੌਰ ਬੈਂਸ

ਲੈਸਟਰ ਯੂ ਕੇ

07533370268

ਅੱਖਾਂ ਦੇ ਤਾਰੇ ✍️ਗਗਨਦੀਪ ਧਾਲੀਵਾਲ ਝਲੂਰ

ਕੋਈ ਜੌਹਈ ਰੀ ਵੀ ਨਹੀਂ ਪਰਖ ਸਕਿਆ ,
ਜੋ ਇਹ ਚਮਕਦੇ ਸਿਤਾਰੇ ਨੇ,
ਲਾਹੌਰ ਵੀ ਕਹਿੰਦਾ ਸੱਟ ਨਹੀਂ ਲੱਗਣੀ ,
ਇਹ ਤਾਂ ਮਜ਼ਬੂਤ ਸਹਾਰੇ ਨੇ ,
ਮਾਂ-ਬਾਪ ਅੱਖਾਂ ਦੇ ਤਾਰੇ ਨੇ।

ਇੰਨਾਂ ਦਾ ਨਾ ਕੋਈ ਸਾਨੀ ਏ ,
ਇੰਨ੍ਹਾਂ ਤੋਂ ਵੱਡਾ ਨਾ ਕੋਈ ਦਾਨੀ ਏ,
ਰੱਬ ਵਾਂਗੂੰ ਪੂਜਦੇ ਸਾਰੇ ਨੇ ,
ਮਾਂ-ਬਾਪ ਅੱਖਾਂ ਦੇ ਤਾਰੇ ਨੇ।

ਜਿੰਨਾਂ ਭੁੱਖੇ ਰਹਿ ਕੇ ਕੀਤੀ ਮਿਹਨਤ ਮਜ਼ਦੂਰੀ ਏ,
ਜਿੰਨਾਂ ਦੇਸੀ ਘਿਓ ਦੀ ਕੁੱਟ ਖਵਾਈ ਚੂਰੀ ਏ,
ਹਰ ਪਲ ਰਹਿਣ ਜਿੱਤਦੇ ਨਾ ਕਦੇ ਹਾਰੇ ਨੇ ,
ਮਾਂ-ਬਾਪ ਅੱਖਾਂ ਦੇ ਤਾਰੇ ਨੇ।

ਜੋ ਸੁਪਨਿਆਂ ਦੇ ਸੌਦਾਗਰ ਨੇ ,
ਮੇਰੇ ਲਈ ਸਾਗਰ ਦੇ ਵਿੱਚ ਗਾਗਰ ਨੇ ,
ਗਗਨ ਲਈ ਪ੍ਰੀਤ ਦੇ ਵਣਜਾਰੇ ਨੇ ,
ਧਾਲੀਵਾਲ ਮਾਂ-ਬਾਪ ਅੱਖਾਂ ਦੇ ਤਾਰੇ ਨੇ।

ਗਗਨਦੀਪ ਧਾਲੀਵਾਲ ਝਲੂਰ ਬਰਨਾਲਾ।