ਸਾਡਾ ਵਿਰਸਾ ✍️ ਜਸਵੀਰ ਸ਼ਰਮਾਂ ਦੱਦਾਹੂਰ

"ਕੋਈ ਸਿਆਣੀ ਸਵਾਣੀ ਹੀ ਕਰਦੀ ਸੀ ਤੱਕਲਾ ਸਿੱਧਾ"

"ਆਮ ਕਹਾਵਤ ਹੈ ਦੋਸਤੋ ਕਿ ਫਲਾਣਾ ਸਿਉਂ ਨੂੰ ਤਾਂ ਓਹਦੀ ਔਲਾਦ ਨੇ ਹੀ ਤੱਕਲੇ ਵਾਂਗ ਸਿੱਧਾ ਕਰਕੇ ਰੱਖਿਆ ਹੈ,ਮਜਾਲ ਆ ਕਿ ਓਹ ਆਪਣੇ ਜੁਆਕਾਂ ਸਾਹਮਣੇ ਚੂੰ ਵੀ ਕਰੇ"

ਇਹ ਸਿਰਫ਼ ਤੇ ਸਿਰਫ਼ ਇੱਕ ਉਦਾਹਰਣ ਦੇ ਤੌਰ ਤੇ ਹੀ ਗੱਲ ਪਾਠਕਾਂ ਨਾਲ ਸਾਂਝੀ ਕੀਤੀ ਹੈ ਵੈਸੇ ਇਹ ਗੱਲ ਬਹੁਤ ਮਾੜੀ ਹੈ ਭਾਵ ਕਿ ਚਰਖੇ ਦਾ ਤੱਕਲਾ ਜੇਕਰ ਸਿੱਧਾ ਹੋਵੇਗਾ ਤਾਂ ਹੀ ਉਸ ਤੇ ਤੰਦ ਪਾਇਆ ਜਾਵੇਗਾ, ਨਹੀਂ ਤਾਂ ਵਿੰਗੇ ਤੱਕਲੇ ਤੇ ਤਾਂ ਇੱਕ ਵੀ ਤੰਦ ਨਹੀਂ ਸੀ ਪੈਂਦਾ ਕਿਉਂਕਿ ਧਾਗਾ ਟੁੱਟਣ ਨੂੰ ਤੰਦ ਤਰੇੜਿਆ ਕਿਹਾ ਜਾਂਦਾ ਰਿਹਾ ਹੈ,ਇਸ ਕਰਕੇ ਸੂਤ ਕੱਤਣ ਲਈ ਸੱਭ ਤੋਂ ਪਹਿਲਾਂ ਤੱਕਲੇ ਦਾ ਸਿੱਧਾ ਹੋਣਾ ਅਤਿ ਜ਼ਰੂਰੀ ਹੁੰਦਾ ਸੀ।

ਆਓ ਅਸਲੀ ਮੁੱਦੇ ਵੱਲ ਆਈਏ।

      ਪੁਰਾਤਨ ਪੰਜਾਬ ਵਿੱਚ ਬਾਕੀ ਸਾਰੀਆਂ ਫਸਲਾਂ ਦੇ ਨਾਲ ਨਾਲ ਕਪਾਹ ਦੀ ਖੇਤੀ ਵੀ ਜ਼ੋਰਾਂ ਤੇ ਹੁੰਦੀ ਰਹੀ ਹੈ ਇਹ ਗੱਲ ਆਪਾਂ ਸਾਰੇ ਹੀ ਬਹੁਤ ਭਲੀ-ਭਾਂਤ ਜਾਣਦੇ ਹਾਂ, ਤੇ ਇਹ ਵੀ ਜਾਣਦੇ ਹਾਂ ਕਿ ਪੁਰਾਣੇ ਸਮਿਆਂ ਵਿੱਚ ਆਪਣੀਆਂ ਧੀਆਂ ਭੈਣਾਂ ਆਪਣੇ ਲਈ ਦਾਜ ਆਪਣੇ ਹੱਥੀਂ ਤਿਆਰ ਕਰਿਆ ਕਰਦੀਆਂ ਸਨ। ਦਰੀਆਂ,ਖੇਸ,ਚਤੱਈਆਂ,ਦੋੜੇ, ਪੱਖੀਆਂ,ਨਾਲੇ, ਫੁਲਕਾਰੀਆਂ, ਚਾਦਰਾਂ ਅਤੇ ਦਾਜ ਦਾ ਹੋਰ ਵੀ ਸਾਰਾ ਸਮਾਨ ਜੋ ਓਨਾਂ ਸਮਿਆਂ ਵਿੱਚ ਰਿਵਾਜ ਸਨ,ਓਹ ਘਰ ਦੀ ਕਪਾਹ ਨੂੰ ਵੇਲਣੇ ਤੋਂ ਵਲਾ ਲੈਣਾ ਪੇਂਜੇ ਤੇ ਪਿੰਜਾ ਕੇ ਰੂੰ ਬਣਾ ਕੇ ਘਰੀਂ ਪੂਣੀਆਂ ਵੱਟਣੀਆਂ,ਸੋ ਦੋਸਤੋ ਇੱਕ ਹੋਰ ਗੱਲ ਮੈਂ ਪਾਠਕਾਂ/ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਚਾਹੁੰਦਾ ਹਾਂ ਕਿ ਰੂੰ ਪਿੰਜਣ ਵਾਲੇ ਭਾਵ ਪੇਂਜੇ ਓਨਾਂ ਸਮਿਆਂ ਵਿੱਚ ਘਰੋ ਘਰੀ ਆ ਕੇ ਵੀ ਰੂੰ ਪਿੰਜ ਜਾਇਆ ਕਰਦੇ ਸਨ ਇਹ ਦਾਸ ਨੇ ਅੱਖੀਂ ਵੇਖਿਆ ਹੈ ਜੀ।ਸੂਤ ਬਣਾ ਕੇ ਘਰੀਂ ਹੀ ਖੱਡੀਆਂ ਪੱਟ ਕੇ ਖੁਲ੍ਹੇ ਦਲਾਨਾਂ ਵਿੱਚ ਸਾਡੀਆਂ ਮਾਵਾਂ ਭੈਣਾਂ ਤੇ ਦਾਦੀਆਂ ਦੀ ਉਮਰ ਦੀਆਂ ਸਵਾਣੀਆਂ ਨੇ ਚਰਖੇ ਕੱਤਣੇ ਕੱਤ ਕੱਤ ਕੇ ਛਿੱਕੂ ਗਲੋਟਿਆਂ ਨਾਲ ਭਰ ਲੈਣੇ।ਉਸ ਤੋਂ ਬਾਅਦ ਹੀ ਸਾਰਾ ਦਾਜ ਵਾਲਾ ਸਮਾਨ ਤਿਆਰ ਕਰਨ ਦੀ ਸ਼ੁਰੂਆਤ ਹੁੰਦੀ ਸੀ।

     ਸਾਡੀਆਂ ਮਾਵਾਂ ਦਾਦੀਆਂ ਭਾਵ ਵਡੇਰੀ ਉਮਰ ਦੀਆਂ ਸਵਾਣੀਆਂ ਤਾਂ ਘਰੀਂ ਹੀ ਰਾਤ ਪੁਰ ਦਿਨ ਪੂਣੀਆਂ ਕੱਤਿਆ ਕਰਦੀਆਂ ਸਨ, ਸਮੇਂ ਬਹੁਤ ਖੁਲ੍ਹੇ ਸਨ ਅਜੋਕੇ ਸਮਿਆਂ ਵਾਂਗ ਭੱਜ ਦੌੜ ਵਾਲੀ ਜ਼ਿੰਦਗੀ ਨਹੀਂ ਸੀ।ਪਰ ਕਵਾਰੀਆਂ ਕੁੜੀਆਂ ਤ੍ਰਿੰਜਣਾਂ ਵਿਚ ਬੈਠ ਕੇ ਛੋਪ ਪਾਕੇ ਭਾਵ ਰਲਮਿਲ ਕੇ ਕਾਫੀ ਸਾਰੀਆਂ ਕੁੜੀਆਂ ਰਲਮਿਲ ਕੇ ਕੱਤਿਆ ਕਰਦੀਆਂ ਸਨ। ਓਥੇ ਹੀ ਓਨਾਂ ਨੇ ਆਪਣੇ ਮਨਪਸੰਦ ਦੇ ਗੀਤ ਵੀ ਗਾਈ ਜਾਣੇਂ ਤੇ ਸ਼ਾਮਾਂ ਤੱਕ ਕਤਦੇ ਰਹਿਣਾ। ਵੇਲੇ ਬਹੁਤ ਚੰਗੇ ਸਨ, ਪਿਆਰ ਸਤਿਕਾਰ ਮੁਹੱਬਤ ਚਰਮ ਸੀਮਾ ਤੇ ਰਿਹਾ ਹੈ ਓਨਾ ਸਮਿਆਂ ਵਿੱਚ। ਇਜ਼ਤਾਂ ਦੇ ਸਾਰੇ ਰਖਵਾਲੇ ਹੁੰਦੇ ਸਨ, ਕੋਈ ਮਤਲਬ ਹੀ ਨਹੀਂ ਸੀ ਕਿ ਕੋਈ ਵੀ ਕਿਸੇ ਵੀ ਧੀ ਭੈਣ ਨੂੰ ਗਲਤ ਨਿਗਾਹ ਨਾਲ ਤੱਕ ਵੀ ਜਾਵੇ। ਅਪਣੱਤ ਭਰੇ ਸਮੇਂ ਰਹੇ ਹਨ ਪੰਜਾਬ ਤੇ ਕਿਸੇ ਸਮੇਂ।

      ਜਦੋਂ ਕਿਤੇ ਚਰਖ਼ੇ ਨੂੰ ਸ਼ਾਮਾਂ ਵੇਲੇ ਚੱਕਣਾਂ ਭਾਵ ਖੜਾ ਕਰਨਾ ਕੲੀ ਵਾਰ ਗ਼ਲਤੀ ਨਾਲ ਕੰਧ ਨਾਲ ਲੱਗ ਕੇ ਤੱਕਲਾ ਵਿੰਗਾ ਹੋ ਜਾਂਦਾ, ਤੇ ਉਸ ਨੂੰ ਸਿੱਧਾ ਕਰਾਉਣ ਲਈ ਬਹੁਤ ਹੀ ਸਿਆਣੀ ਅਤੇ ਇਸ ਕੰਮ ਦੇ ਤਜਰਬੇ ਵਾਲੀ ਸਵਾਣੀ ਹੀ ਤੱਕਲਾ ਸਿੱਧਾ ਕਰਿਆ ਕਰਦੀ ਸੀ,ਹਾਰੀ ਸਾਰੀ ਸਵਾਣੀ ਤੋਂ ਛੇਤੀ ਕੀਤੇ ਤੱਕਲਾ ਸਿੱਧਾ ਨਹੀਂ ਸੀ ਹੁੰਦਾ ਭਾਵ ਜਿਸ ਸਵਾਣੀ ਨੂੰ ਇਹ ਤਜਰਬਾ ਸੀ ਇਹ ਕਾਰਜ ਸਿਰਫ਼ ਓਹ ਸਵਾਣੀ ਹੀ ਕਰਦੀ ਸੀ। ਕੲੀ ਕੲੀ ਪਿੰਡਾਂ ਵਿੱਚ ਬਹੁਤ ਸਿਆਣੇ ਲੁਹਾਰ ਜਾਂ ਤਰਖਾਣ ਵੀ ਹੁੰਦੇ ਸਨ ਜਿਹੜੇ ਇਹ ਕੰਮ ਵਧੀਆ ਢੰਗ ਨਾਲ ਕਰ ਲੈਂਦੇ ਸਨ ਭਾਵ ਤੱਕਲੇ ਨੂੰ ਕੱਤਣ ਯੋਗ ਬਣਾ ਦਿੰਦੇ ਸਨ।ਪਰ ਆਮ ਇਹ ਕਾਰਜ ਸਿਆਣੀਆਂ ਸਵਾਣੀਆਂ ਹੀ ਕਰਿਆ ਕਰਦੀਆਂ ਸਨ।ਜਿਸ ਘਰ ਵਿੱਚ ਦਿਉਰ ਭਰਜਾਈ ਹੋਣੇ ਓਥੇ ਤੱਕਲੇ ਨੂੰ ਭਰਜਾਈ ਦਾ ਦਿਉਰ ਵੀ ਜਾਣ ਬੁੱਝ ਕੇ ਵਿੰਗੇ ਕਰਦੇ ਰਹੇ ਹਨ। ਕਿਉਂਕਿ ਆਮ ਕਹਾਵਤ ਹੈ ਕਿ" ਹੱਸਣਾ ਖੇਡਣਾ ਮਨ ਦਾ ਚਾਓ ਲਿਖਿਆ ਵਿੱਚ ਗੁਰਬਾਣੀ"ਸਮੇਂ ਵਧੀਆ ਅਤੇ ਸਹਿਣਸ਼ੀਲਤਾ ਵਾਲੇ ਕਰਕੇ ਹੀ ਇਹ ਸੱਭ ਸੰਭਵ ਸੀ।ਦਿਉਰ ਭਰਜਾਈ ਨੇ ਹਸਦੇ ਖੇਡਦੇ ਰਹਿਣਾ ਇਸ ਪ੍ਰਤੀ ਕੲੀ ਗੀਤ ਵੀ ਪ੍ਰਚੱਲਤ ਰਹੇ ਹਨ ਕਿ ਦਿਉਰ ਭਰਜਾਈ ਦੀ ਚਰਖੇ ਦੇ ਤੱਕਲੇ ਦੀ ਬਾਬਤ ਨੋਕ ਝੋਕ ਵਾਲੇ।ਕਦੇ ਕੋਈ ਕਿਸੇ ਕਿਸਮ ਦਾ ਗੁੱਸਾ ਗਿਲਾ ਨਹੀਂ ਸੀ ਕਰਦਾ, ਇੱਕ ਦੂਸਰੇ ਦੀ ਗੱਲ ਸਹਿਣ ਦਾ ਸਭਨਾਂ ਵਿੱਚ ਮਾਦਾ ਸੀ, ਤੇ ਸਹਿ ਲੈਂਦੇ ਸਨ। ਜੇਕਰ ਓਨਾਂ ਸਮਿਆਂ ਦੀ ਤੁਲਨਾ ਆਪਾਂ ਅਜੋਕੇ ਸਮਿਆਂ ਨਾਲ ਕਰੀਏ ਤਾਂ ਜ਼ਮੀਨ ਅਸਮਾਨ ਦਾ ਅੰਤਰ ਆ ਚੁੱਕਾ ਹੈ, ਹੁਣ ਕੋਈ ਵੀ ਕਿਸੇ ਦੀ ਗੱਲ ਸੁਣ ਕੇ ਰਾਜੀ ਨਹੀਂ ਨਾ ਅਜੋਕੀ ਭਰਜਾਈ ਤੇ ਨਾ ਹੀ ਦਿਉਰ। ਐਸੀਆਂ ਇੱਕ ਨਹੀਂ ਹਜ਼ਾਰਾਂ ਉਦਾਹਰਣਾਂ ਆਪਾਂ ਹਰ ਰੋਜ਼ ਸੁਣਦੇ ਅਤੇ ਪੜ੍ਹਦੇ ਰਹਿੰਦੇ ਹਾਂ। ਸਹਿਣਸ਼ੀਲਤਾ ਦਾ ਮਾਦਾ ਖਤਮ ਹੋ ਚੁੱਕਾ ਹੈ।ਹਰ ਕੋਈ ਕਿਲੋ ਕਿਲੋ ਨਮਕ ਪੱਲੇ ਬੰਨ੍ਹੀ ਫਿਰਦਾ ਹੈ।

     ਸੋ ਓਹੋ ਹੀ ਗੱਲ ਹੈ ਦੋਸਤੋ ਕਿ ਸਮੇਂ ਦੇ ਨਾਲ ਨਾਲ ਆਪਾਂ ਤੇ ਆਪਣੇ ਸੁਭਾਅ ਸੱਭ ਬਦਲ ਗੲੇ ਹਨ, ਬਦਲੇ ਸਮੇਂ ਵਿੱਚ ਚਰਖੇ ਨਹੀਂ ਰਹੇ ਚਰਖੇ ਕੱਤਣ ਵਾਲੀਆਂ ਨਹੀਂ ਰਹੀਆਂ।ਜੋ ਪਹਿਲਾਂ ਸੀ ਓਹ ਅੱਜ ਨਹੀਂ ਦਿਸਦਾ ਜੋ ਅੱਜ ਹੈ ਇਹ ਵੀ ਇੱਕ ਦਿਨ ਬੀਤੇ ਦੀ ਬਾਤ ਹੋਕੇ ਰਹਿ ਜਾਣਾ ਹੈ।ਭਾਵ ਹੋਰ ਈ ਗੁੱਡੀਆਂ ਤੇ ਹੋਰ ਈ ਪਟੋਲੇ ਹੋ ਰਹੇ ਹਨ।ਪਰ ਦੋਸਤੋ ਉਮਰ ਦੇ ਹਿਸਾਬ ਨਾਲ ਇਹ ਉਪਰੋਕਤ ਸੱਭ ਕੁੱਝ ਅੱਖੀਂ ਵੇਖਿਆ ਕਰਕੇ ਹੀ ਦੋਸਤਾਂ ਨਾਲ ਸਾਂਝਾ ਕਰ ਲਈਦਾ ਹੈ।ਇਹ ਜ਼ਰੂਰ ਹੈ ਕਿ ਜੋ ਹਮ ਉਮਰ ਦੋਸਤ ਮਿੱਤਰ ਪੜ੍ਹਦੇ ਹਨ ਓਹ ਜਰੂਰ ਆਪਣੇ ਮਨ ਦੇ ਹਾਵ ਭਾਵ ਸਾਂਝੇ ਕਰ ਲੈਂਦੇ ਹਨ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556