ਜਗਰਾਉਂ (ਅਮਿਤ ਖੰਨਾ, ਪੱਪੂ )-ਜਗਰਾਓਂ ਪੁਲਿਸ ਨੂੰ ਤਣਾਅ ਮੁਕਤ ਰਹਿਣ ਲਈ ਮਾਹਰਾਂ ਨੇ ਸੈਮੀਨਾਰ ਦੌਰਾਨ ਸਿਖਾਏ ਗੁਰ। ਡਿਊਟੀ ਦੇ ਪਰੈਸ਼ਰ ਵਿਚ ਹਰ ਸਮੇਂ ਬੋਝ ਤੋਂ ਮੁਕਤ ਹੋਣ ਲਈ ਯੋਗਾ, ਸੈਰ ਅਤੇ ਕਸਰਤ ਤੇ ਜ਼ੋਰ ਦੇਣ ਲਈ ਕਿਹਾ ਗਿਆ। ਸਥਾਨਕ ਦੀਪਕ ਮੈਰਿਜ ਪੈਲੇਸ ਵਿਖੇ ਐੱਸਐੱਸਪੀ ਗੁਰਦਿਆਲ ਸਿੰਘ ਦੀ ਜੇਰੇ ਨਿਗਰਾਨੀ, ਐੱਸਪੀ ਪਰਮਾਰ ਸਿੰਘ ਦੀ ਰਹਿਨੁਮਾਈ ਹੇਠ ਕਰਵਾਏ ਗਏ ਸੈਮੀਨਾਰ ਦਾ ਉਦਘਾਟਨ ਡੀਐੱਸਪੀ ਸਬ-ਡਵੀਜ਼ਨ ਦਲਜੀਤ ਸਿੰਘ ਖੱਖ ਅਤੇ ਡੀਐੱਸਪੀ (ਐੱਚ) ਦਲਜੀਤ ਸਿੰਘ ਵਿਰਕ ਨੇ ਕੀਤਾ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਮਨੋ-ਅਰੋਗ ਡਾ. ਜਸਵਿੰਦਰ ਸਿੰਘ ਨੇ ਪੁਲਿਸ ਮੁਲਾਜ਼ਮਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਉਨਾਂ੍ਹ ਨੂੰ ਡਿਊਟੀ ਦੇ ਪਰੈਸ਼ਰ ਵਿਚ ਬੋਝ ਮੁਕਤ ਰਹਿਣ ਲਈ ਬੱਚਿਆਂ, ਪਰਿਵਾਰ ਅਤੇ ਦੋਸਤਾਂ ਵਿਚ ਸਮਾਂ ਗੁਜਾਰਨ ਨੂੰ ਪਹਿਲ ਦੇਣੀ ਚਾਹੀਦੀ ਹੈ। ਇਸ ਦੇ ਨਾਲ ਸਵੇਰੇ 45 ਮਿੰਟ ਦੀ ਸੈਰ, ਯੋਗਾ ਅਤੇ ਕਸਰਤ ਉਨਾਂ੍ਹ ਨੂੰ ਤਣਾਅ ਮੁਕਤ ਰੱਖੇਗੀ। ਸ਼ਰੀਰ ਨੂੰ ਨਰੋਗ ਅਤੇ ਤੰਦਰੁਸਤ ਰੱਖਣ ਦੇ ਲਈ ਪਰਿਵਾਰਕ ਮੇਲ-ਮਿਲਾਪ, ਦੋਸਤਾਂ ਨਾਲ ਗੱਲਾਂ-ਬਾਤਾਂ ਦੀ ਸਾਂਝ ਅਤੇ ਕਸਰਤ ਤੋਂ ਇਲਾਵਾ ਸ਼ਰੀਰ ਨੂੰ ਤਾਕਤਵਰ ਰੱਖਣ ਲਈ ਚੰਗੀ ਖੁਰਾਕ ਅਤੇ ਸਹੀ ਸਮੇਂ ਸੇਵਨ 'ਤੇ ਵੀ ਪਹਿਰਾ ਦੇਣਾ ਜ਼ਰੂਰੀ ਹੈ। ਪੁਲਿਸ ਲਾਈਨ ਦੇ ਡਾ. ਅਮਨ ਸ਼ਰਮਾ ਨੇ ਤਣਾਅ ਮੁਕਤ ਰਹਿਣ ਲਈ ਪੁਲਿਸ ਨੂੰ ਗੁੱਸਾ ਨਾ ਕਰਨ ਅਤੇ ਸ਼ਾਂਤ ਸੁਭਾਅ ਰੱਖਦਿਆਂ ਡਿਊਟੀ ਕਰਨ ਦੀ ਪੇ੍ਰਰਣਾ ਦਿੱਤੀ। ਇਸ ਮੌਕੇ ਟੈ੍ਫਿਕ ਇੰਚਾਰਜ ਦੇ ਮੁਖੀ ਇੰਸਪੈਕਟਰ ਸਤਪਾਲ ਸਿੰਘ, ਮਹਿਲਾ ਥਾਣਾ ਦੇ ਮੁਖੀ ਇੰਸਪੈਕਟਰ ਦਮਨਜੀਤ ਕੌਰ, ਬੱਸ ਸਟੈਂਡ ਚੌਂਕੀ ਇੰਚਾਰਜ ਅਮਰਜੀਤ ਸਿੰਘ ਸਮੇਤ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।