ਰੋਸ਼ਨ ਚਿਰਾਗ
ਤੁਫ਼ਾਨਾਂ ਦਾ ਸ਼ਾਹ ਅਸਵਾਰ,
ਸ਼ਹੀਦ ਕਰਤਾਰ ਸਿੰਘ ਸਰਾਭਾ,
ਬੇਮਿਸਾਲ ਸੂਝ ਦ੍ਰਿਸ਼ਟੀ ਦਾ ਮਾਲਕ।
ਜਿਸਨੇ ਆਪਣੇ ਮੁਲਕ ਦੀ ਅਜ਼ਾਦੀ ਲਈ,
ਫ਼ੌਜੀ ਛਾਉਣੀਆਂ ਵਿੱਚ ਜਾ ਜਾ ਕੇ,
ਪਾਇਆ ਸੀ ਆਪਣਾ ਵੱਡਮੁੱਲਾ ਯੋਗਦਾਨ,
ਚਲਾਉਣ ਲਈ ਗ਼ਦਰ ਲਹਿਰ।
ਮੁਜੱਸਮਾ ਸੀ ਉਹ ਤੁਫ਼ਾਨਾਂ ਜਿਹੀ,
ਦਲੇਰੀ ਅਤੇ ਸਿਆਣਪ ਦਾ।
ਦੇ ਕੇ ਕੁਰਬਾਨੀ ਆਪਣੇ ਦੇਸ਼ ਲਈ,
ਬਣਿਆ ਸੀ ਉਹ ਵੀਹਵੀਂ ਸਦੀ ਦਾ,
ਲਾਸਾਨੀ ਮਹਾਨ ਇਨਕਲਾਬੀ ਸ਼ਹੀਦ।
ਅੰਦਰ ਸੀ ਉਸਦੇ ਬਹੁਪੱਖੀ,
ਪ੍ਰਤਿਭਾ ਦਾ ਜਗਦਾ, ਮੱਘਦਾ,
ਦੱਘ ਦੱਘ ਕਰਦਾ ਜਲੌਅ।
ਸੀ ਉਹ ਹਨੇਰੀਆਂ , ਝੱਖੜਾਂ ਵਾਲੇ,
ਤੱਤੇ ਤੱਤੇ ਰਾਹਾਂ ਦਾ ਪਾਂਧੀ।
ਜੋ ਚਮਕਿਆ ਹੈ ਉੱਚੇ ਅਸਮਾਨਾਂ ਵਿੱਚ,
ਬਣ ਕੇ ਰੋਸ਼ਨੀ ਦੇਣ ਵਾਲਾ ਤਾਰਾ।
ਬਣਿਆਂ ਹੈ ਆਉਣ ਵਾਲੀਆਂ ਪੀੜ੍ਹੀਆਂ,
ਲਈ ਜਿੰਦ ਜਾਨ ਵਾਰਨ ਵਾਲਾ,
ਚਾਰ ਚੁਫੇਰੇ ਰੋਸ਼ਨੀ ਵਿਖੇਰਦਾ ਹੋਇਆ,
ਪੰਜਾਬੀ ਬਹਾਦਰ ਸੂਰਮਾ,
ਲੋਅ ਵੰਡਣ ਵਾਲਾ ਰੋਸ਼ਨ ਚਿਰਾਗ਼ ।
ਜਸਵੰਤ ਕੌਰ ਬੈਂਸ
ਲੈਸਟਰ
ਯੂ ਕੇ