You are here

ਵੱਖਰੀ ਹੀ ਸੋਚ ✍️. ਗਗਨਦੀਪ ਧਾਲੀਵਾਲ

ਵੱਖਰੀ ਹੀ ਸੋਚ, ਵੱਖਰੀ ਹਰ ਅਦਾ ਸਾਡੀ,

ਅਸੀਂ ਵੱਖਰੇ ਹੀ ਢੰਗ ਨਾਲ ਜਿਉਣ ਦੇ ਸ਼ੌਕੀਨ ਹਾਂ ,

ਬਣ ਜਾਈਏ ਕਦੇ ਦੁਆ,ਕਦੇ ਜ਼ਖ਼ਮਾਂ ਤੇ ਮਰਹਮ ,

ਕਦੇ ਝੂਠ ਉੱਤੇ ਵੱਜਦੀ ਸੱਚ ਦੀ ਤਿੱਖੀ ਨੌਕੀਲ ਹਾਂ। 

 

ਅੱਤ ਦੀ ਡੋਲਦੇ ਹਾਂ ਖੰਡ ਮਿੱਠੇ ਬੋਲਾਂ ਚੋਂ,

ਨਿਚੋੜਦੇ ਹਾਂ ਰੱਤ ਕੌੜੇ ਬੋਲਾਂ ਚੋਂ,

ਕਈਆ ਲਈ ਮਿੱਠੇ ਕਈਆ ਲਈ ਨਮਕੀਨ ਹਾਂ,

ਅਸੀਂ ਵੱਖਰੇ ਹੀ ਢੰਗ ਨਾਲ ਜਿਉਣ ਦੇ ਸ਼ੌਕੀਨ ਹਾਂ। 

 

ਦਲ ਬਦਲੂ ਤਾਂ ਨਾ  ਸਾਡੇ ਪੁਰਖਿਆ 'ਚ ਸੀ,

ਚਾਪਲੂਸੀ ਕਰਨੀ ਤਾਂ ਨਾ ਸਾਡੀ ਪੀੜੀਆਂ 'ਚ ਸੀ,

ਫੜ ਪਾ ਲਵੇ ਜੋ ਪਟਾਰੀ ਨਫ਼ਰਤਾਂ ਦੇ ਜ਼ਹਿਰ ਨੂੰ,

ਅਸੀਂ ਪਿਆਰ ਵਾਲੀ ਉਹ ਬੀਨ ਹਾਂ। 

 

ਕਿਸੇ ਦੇ ਕੰਮਾਂ 'ਚ ਅੜਿੱਕਾ ਅਸੀਂ ਲਾਉਂਦੇ ਨਹੀਂ ,

ਬਿਨਾਂ ਵਜ੍ਹਾ ਦਿਲ ਕਿਸੇ ਦਾ ਦੁਖਾਉਂਦੇ ਨਹੀਂ ,

ਹੱਸਦਿਆਂ ਦੇ ਨਾਲ ਹੱਸਦੇ, ਰੋਂਦਿਆਂ ਦੇ ਨਾਲ ਰੋਂਦੇ,

ਐਨੇ ਖੁਸ਼ ਮਿਜਾਜ਼ ਤੇ ਗ਼ਮਗੀਨ ਹਾਂ। 

 

ਵਹਿਮ ਪਾ ਲਿਆ ਏ ਜਿੰਨਾ ਕੱਢ ਦੇਣਾ ਏ,

ਕਰ ਮਿਹਨਤਾਂ ਮੰਜ਼ਿਲ ਨੂੰ ਪਾ ਲੈਣਾ ਏ ,

ਕਿਸੇ ਮੋਢੇ ਉੱਤੇ ਧਰ ਨਿਸ਼ਾਨਾ ਅਸੀਂ ਲਾਉਂਦੇ ਨਹੀਂ ,

ਸੱਚ ਦੇ ਪੁਜਾਰੀ ਅਸੀਂ ਨਾ ਦਿੰਦੇ ਕੋਈ ਦਲੀਲ ਹਾਂ।

 

ਜੀ ਕਹਿੰਦੇ ਹਾਂ ਜੀ ਕਹਾਉਂਦੇ ਹਾਂ ,

ਉੱਤੋ ਉੱਤੋ ਰੱਖਦੇ ਨਹੀਂ ਕਿਸੇ ਨਾਲ ਵੀ,

ਜਿਸ ਨਾਲ ਲਾਉਂਦੇ ਹਾਂ ਯਾਰੀ ਦਿਲੋਂ ਨਿਭਾਉਂਦੇ ਹਾਂ,

ਵਾਰ ਦੇਈਏ ਯਾਰਾਂ ਲਈ ਜਿੰਦ ਜਾਨ ,

ਧਾਲੀਵਾਲ ਦੋਸਤੀ ਦੇ ਰੰਗਾਂ ਨਾਲ ਰੰਗੀਨ ਹਾਂ ,

‘ਗਗਨ’ ਕਈਆਂ ਲਈ ਖੱਟੀ ਲੱਸੀ , 

ਕਈਆਂ ਲਈ ਦੁੱਧ ਤੇ ਕਰੀਮ ਹਾਂ ।