ਦਾਦੀ ਦਾ ਪਿਆਰ ✍️ ਗਗਨਦੀਪ ਧਾਲੀਵਾਲ ਝਲੂਰ

ਬੜਾ ਯਾਦ ਆਉਂਦੈ ਦਾਦੀ ਦਾ ਪਿਆਰ ,
ਮਿੱਠੀ-ਮਿੱਠੀ ਘੂਰੀ ਤੇ ਦੁਲਾਰ ।

ਜੋ ਪਲ ਦਾਦੀ ਤੇਰੇ ਸੰਗ ਗੁਜ਼ਾਰੇ ,
ਕਰਦੀ ਰਹਾਂ ਮੈਂ ਹਮੇਸ਼ਾ ਸਤਿਕਾਰ ।

ਦਾਦੀ ਨੇ ਸੀ ਮੇਰੀ ਫੱਟੀ ਪੋਚਣੀ ,
ਛੱਡ ਵਿਚੇ ਸਾਰੇ ਕੰਮ-ਕਾਰ ।

ਸੁੱਤੇ ਉੱਠਦੇ ਹੀ ਮੂੰਹ ਨੂੰ ਚਾਹ ਲਾ ਦੇਣੀ ,
ਕੱਚੀ ਨੀਂਦਰੇ ਸੀ ਹੁੰਦੇ ਅੱਧ - ਵਿਚਕਾਰ ।

ਮਾਲ ਮੇਰੇ ਤੋਂ ਸੀ ਟੁੱਟ ਜਾਂਦੀ  ,
ਚਰਖਾ ਘੁੰਮਾਉਂਦੀ ਜਦੋਂ ਵਾਰ -ਵਾਰ ।

ਬੋਹੀਏ ਵਿਚੋਂ ਚੁੱਕ ਕੇ ਗਲੋਟੇ ਭੱਜ ਜਾਣਾ ,
ਥੱਕ ਜਾਂਦੀ ਦਾਦੀ ਫਿਰ ਹਾਕਾਂ ਮਾਰ ਮਾਰ ।

ਫੜ੍ਹ ਉਂਗਲ ਸਕੂਲੇ ਛੱਡ ਆਉਂਦੀ ਸੀ,
ਕਰਕੇ ਸਵੇਰੇ ਰੋਜ਼ ਤਿਆਰ ਬਰ ਤਿਆਰ।

ਦਾਦੀ ਤੂੰ ਮੁੜ ਆ ਜਾ ਸਾਡੇ ਕੋਲ ,
‘ਗਗਨ’ ਅੱਜ ਵੀ ਕਰੇ ਤੇਰਾ ਇੰਤਜ਼ਾਰ ।

ਗਗਨਦੀਪ ਕੌਰ ।