ਸਾਹਿਤ

ਦੋ ਗ਼ਜ਼ਲਾਂ ✍️ਜਸਵਿੰਦਰ ਸ਼ਾਇਰ "ਪਪਰਾਲਾ "

1)

ਮੈਥੋਂ ਤਾਂ ਹੁਣ ਜੀ ਨੀ ਹੋਣਾ ।
ਘੁੱਟ ਗਮਾਂ ਦਾ ਪੀ ਨੀ ਹੋਣਾ ।

ਬੋਲਾਂ ਗਾ  ਸੱਚ ਰੁਕਣਾ ਔਖਾ,
ਬੁੱਲਾਂ ਨੂੰ ਵੀ ਸੀਅ ਨੀ ਹੋਣਾ ।

ਉਦੋਂ ਆਏ ਤਾਂ ਕੀ ਆਏ,
ਤਨ ਵਿੱਚ ਸਾਹ ਜਦ ਹੀ ਨੀ ਹੋਣਾ ।

ਧੱਕੇ ਮੁੱਕੇਬਾਜ਼ੀ ਤਾਹਨੇ ਗਾਲਾਂ,
ਬਿਨਾਂ ਤੇਰੇ ਕੀ ਕੀ ਨੀ ਹੋਣਾ ।

ਲੱਭੋਗੇ ਜਦ ਅਸਲ ਪਤੇ ਤੇ,
"ਸ਼ਾਇਰ " ਉੱਥੇ ਵੀ ਨੀ ਹੋਣਾ ।

ਬਾਲੋਂਗੇ ਜਦ ਨਾਂ ਦਾ ਦੀਵਾ ,
ਥੋਡੇ ਘਰ ਵਿੱਚ ਸੀ ਨੀ ਹੋਣਾ ।

 

2)

ਤੇਰੇ ਬਾਝੋਂ ਖਰਦਾ ਹਾਂ ।
ਜੀਂਦਾ ਹਾਂ ਨਾ ਮਰਦਾ ਹਾਂ ।

ਖਤਾ ਕਿਸੇ ਦੀ ਕੋਈ ਨਾ
ਆਪਣੀ ਕੀਤੀ ਭਰਦਾ ਹਾਂ ।

ਅਕਲ ਤੋਂ ਕੰਮ ਲੀਤਾ ਨਾ
ਜਿੱਤੀ ਬਾਜ਼ੀ ਹਰਦਾ ਹਾਂ ।

ਕੋਈ ਕੀ ਕਹਿ ਸਕਦਾ ਏ 
ਹੱਕ ਦੇ ਉੱਤੇ ਲੜਦਾ ਹਾਂ ।

ਸ਼ੋਰ ਮਚਾ ਨਾ ਸਕਦਾ ਮੈਂ 
ਮਾਈ ਬਾਪ ਤੋਂ ਡਰਦਾ ਹਾਂ ।

"ਸ਼ਾਇਰ "ਤੇਰੇ ਪੱਤਰਾਂ ਤੇ
ਮੈਂ ਪੀ ਐਚ ਡੀ ਕਰਦਾ ਹਾਂ ।

ਜਸਵਿੰਦਰ ਸ਼ਾਇਰ "ਪਪਰਾਲਾ "
9996568220

ਅਧਿਆਪਕ ✍️ ਸਲੇਮਪੁਰੀ ਦੀ ਚੂੰਢੀ

 ਤੂੰ ਮੋਮਬੱਤੀ ਵਾਂਗਰਾਂ ਜਲਕੇ,
ਹਰ ਵੇਲੇ ਰਹਿੰਦੈੰ
ਵਿੱਦਿਆ ਦਾ ਚਾਨਣ ਬਿਖੇਰਦਾ!
 ਨਵੀਂਆਂ ਲੀਹਾਂ ਪਾਉਣ ਖਾਤਰ
ਤੂੰ ਰਹੇੰ ਰੁੱਝਿਆ,
 ਭੁੱਲ ਜਾਨੈਂ ਫਰਕ
ਸ਼ਾਮ - ਸਵੇਰ ਦਾ!
ਕਿਤਾਬੀ ਤੇ ਬਾਹਰੀ ਗਿਆਨ
ਰਹੇੰ ਵੰਡਦਾ,
ਤੂੰ ਸੁਪਨਿਆਂ ਵਿੱਚ ਵੀ
ਅਨਪੜ੍ਹਤਾ ਨੂੰ ਰਹੇੰ  ਵੰਗਾਰਦਾ !
ਤੂੰ ਲੋਕਾਂ ਦੀਆਂ ਅੱਖਾਂ 'ਚ
ਰਹੇੰ ਰੜਕਦਾ!
ਪਰ ਤੂੰ ਸਮਾਜ ਦੀ ਜਿੰਦਗੀ
ਸੁਧਾਰ ਦਾ।
ਤੂੰ ਦੂਜਿਆਂ ਦੀ ਕਦਰ
ਰਹੇੰ ਕਰਦਾ,
ਤੂੰ ਆਪਣੀ ਵੀ ਕਦਰ ਭਾਲਦੈੰ!
ਤੂੰ ਦੂਜਿਆਂ ਨੂੰ ਮੰਜਿਲਾਂ 'ਤੇ
ਪਹੁੰਚਾਉਣ ਖਾਤਰ ,
ਨਾ ਥੱਕਦੈੰ, ਨਾ ਹਾਰਦੈੰ!
ਤੂੰ "ਸਵਿਤਰੀ ਬਾਈ ਫੂਲੇ" ਵਾਂਗਰਾਂ,
ਹਨੇਰਿਆਂ ਨੂੰ ਰਹੁ ਲਲਕਾਰਦਾ!
'ਉਨ੍ਹਾਂ' ਦਾ ਕੰਮ ਸਮਾਜ ਵਿਚ
ਗੰਦ ਪਾਉਣਾ!
ਪਰ ਤੂੰ ਗਿਆਨ ਦੀ ਬਹੁਕਰ
ਨਾਲ ਰਹੁ ਸੁਆਰਦਾ!
-ਸੁਖਦੇਵ ਸਲੇਮਪੁਰੀ
09780620233
5 ਸਤੰਬਰ, 2021
ਨੋਟ - ਸਵਿੱਤਰੀ ਬਾਈ ਫੂਲੇ ਭਾਰਤ ਦੀ ਉਹ ਮਹਾਨ ਔਰਤ ਹੈ, ਜਿਸ ਨੇ ਸੱਭ ਤੋਂ ਪਹਿਲਾਂ ਦੇਸ਼ ਵਿਚ ਔਰਤਾਂ ਨੂੰ ਪੜ੍ਹਾਉਣ ਲਈ ਸਕੂਲ ਖੋਲ੍ਹੇ ਸਨ)

ਮੇਰੇ ਵੱਲੋਂ ਮੇਰੇ ਸਾਰੇ ਗੁਰੂ-ਅਧਿਆਪਕਾਂ ਅਤੇ ਅਧਿਆਪਕ-ਸਾਥੀਆਂ ਨੂੰ ਅਧਿਆਪਕ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ

ਮੇਰੇ ਸਾਰੇ ਵਿਦਿਆਰਥੀਆਂ ਦਾ ਵੀ ਧੰਨਵਾਦ ਜਿਹਨਾਂ ਨੇ ਮੈਨੂੰ ਅਧਿਆਪਕ ਦੇ ਤੌਰ ਤੇ ਸਵੀਕਾਰ ਕੀਤਾ
ਪ੍ਰੋ.ਬੀਰਇੰਦਰ ਜੀਤ ਸਿੰਘ (ਇੰਦਰ ਸਰਾਂ)
ਸਰਕਾਰੀ ਕਾਲਜ ਆਫ਼ ਐਜੂਕੇਸ਼ਨ,ਫ਼ਰੀਦਕੋਟ

ਦੋ ਗ਼ਜ਼ਲਾਂ ✍️ਜਸਵਿੰਦਰ ਸ਼ਾਇਰ "ਪਪਰਾਲਾ "

ਸੱਜਣਾਂ ਇਸ਼ਕ ਤੇਰੇ ਦਾ ਸ਼ਰੂਰ ਮੇਰੇ ਤੇ ਛਾਇਆ ਏ।
ਤੂੰ ਮੰਨ ਜਾਂ ਨਹੀਂ ਤੂੰ ਮੇਰੇ ਲੂੰ ਲੂੰ ਵਿੱਚ ਸਮਾਇਆ ਏ।

ਮੈਂ ਤਾਂ ਝੱਲਾ ਬਣ ਭਟਕਦਾ ਫਿਰਦਾ ਸੀ ਗਲੀਆਂ ਵਿੱਚ 
ਐਪਰ ਤੇਰੀ ਮੁਹੱਬਤ ਨੇ ਜੀਣ ਦਾ ਰਾਹ ਦਿਖਾਇਆ ਏ।

ਐਸਾ ਰੰਗ ਚੜਿਆ ਤੇਰੀ ਚਾਹਤ ਦਾ ਮੇਰੇ ਤੇ
ਹੁਣ ਮੇਰਾ ਤਾਂ ਹਰ ਦਿਨ ਰਾਤ ਹੀ ਰੁਸ਼ਨਾਇਆ ਏ।

ਕਦੇ ਕਦੇ ਮੇਰਾ ਦਿਲ ਤੜਫ ਉੱਠਦਾ ਨਾਂ ਸੁਣ ਵਿਛੋੜੇ ਦਾ
ਕੱਲ੍ਹੇ ਬਹਿ ਕਈ ਵਾਰੀ ਦਿਲ ਨੂੰ ਸਮਝਾਇਆ ਏ ।

ਤੇਰੇ ਦੀਦਾਰ ਤੋਂ ਬਿਨਾਂ ਗੁਜਰੇ ਨਾ ਮੇਰਾ ਹੁਣ ਦਿਨ 
ਤਾਈਂ ਤਾਂ ਤੇਰੀ ਸੂਰਤ ਨੂੰ ਅੱਖਾਂ ਚ ਸਮਾਇਆ ਏ।

ਮੈਂ ਤਾਂ ਸਿਰਫ ਇਕ ਪੱਥਰ ਸੀ ਪੱਥਰ ਬਣਕੇ ਰਹਿ ਜਾਂਦਾ 
ਸਿਰਫ ਇਕ ਤੂੰ ਹੀ ਮੇਰੇ ਸੁੱਤੇ ਇਸ਼ਕ ਨੂੰ ਜਗਾਇਆ ਏ।

ਮੈਨੂੰ ਪਰਖ ਨਾ ਸੀ ਸੱਜਣਾ ਆਪਣੇ ਆਪ ਦੀ ਵੀ 
ਇਕ ਤੂੰ ਹੀ ਤਾਂ ਮੈਨੂੰ "ਜਸਵਿੰਦਰ ਤੋਂ ਸ਼ਾਇਰ " ਬਣਾਇਆ ਏ।

ਜਸਵਿੰਦਰ ਸ਼ਾਇਰ "ਪਪਰਾਲਾ "
9996568220

ਇੱਛਾਧਾਰੀ ਮੌਤ ✍️ ਰਮੇਸ਼ ਕੁਮਾਰ ਜਾਨੂੰ

ਤੂੰ ਬਣ ਜਾ ਮੇਰਾ ਗੀਤ ਕੋਈ
     ਤੇ ਮੈਂ ਅੱਖਰ-ਅੱਖਰ ਹੋ ਜਾਵਾਂ।
ਕੋਈ ਇਸ਼ਕ ਦੀ ਬਾਤ ਸੁਣਾ ਮੈਨੂੰ
     ਮੈਂ ਗਹਿਰੀ ਨੀਂਦੇ ਸੋਂ ਜਾਵਾਂ।
                            ***
ਕਦੇ-ਕਦੇ ਮੇਰਾ ਦਿਲ ਪਿਆ ਕਰਦੈ
     ਉੱਡ ਜਾਵਾਂ ਨਾਲ ਹਵਾਵਾਂ ਦੇ।
ਪਰ ਕਦੇ ਤਾਂ ਮੇਰਾ ਦਿਲ ਪਿਆ ਕਰਦੈ
     ਮੈਂ ਰੁਲ ਜਾਵਾਂ ਵਿੱਚ ਰਾਵਾਂ ਦੇ।।
ਹੁਣ ਫੈਸਲਾ ਤੇਰੇ ਹੱਥ ਵਿੱਚ ਏ
      ਮੈਂ ਕਿਹੜੇ ਪਾਸੇ ਹੋ ਜਾਵਾਂ---
                     ਕੋਈ ਇਸ਼ਕ---
ਮੈਨੂੰ ਦੇਵੋ ਬਦ-ਅਸੀਸ ਕੋਈ
     ਕੋਈ ਲੱਗ ਜਾਏ ਬਦ-ਦੁਵਾ ਮੈਨੂੰ।
ਮੈਥੋਂ ਕਰਜ ਚੁਕਾਇਆ ਜਾਣਾ ਨਹੀਂ
     ਨਾ ਦਿਓ ਉਧਾਰੇ ਸਾਹ ਮੈਨੂੰ।।
ਇੱਕ ਪਲ ਲਈ ਤੇਰੇ ਕੋਲ ਹੋਵਾਂ
     ਤੇ ਦੂਜੇ ਪਲ ਵਿੱਚ ਔਹ ਜਾਵਾਂ---
                          ਕੋਈ ਇਸ਼ਕ---
ਰਮੇਸ਼ ਨੇ ਆਪਣੇ ਚਿੱਟੇ ਕੱਪੜੇ
     ਆਪੇ ਟੰਗ ਲਏ ਕਿੱਲੀ ਤੇ।
ਮੇਰੇ ਸਿਰਹਾਣੇ ਰੋਂਦੀ ਪਈ ਏ
     ਹੁਣ ਗੁੱਸਾ ਕਾਹਦਾ ਬਿੱਲੀ ਤੇ।
ਅੱਜ ਨੀਂਦ ਨੇ ਜਾਨੂੰ ਮੋਹ ਲਿਆ ਏ
     ਮੈਂ ਕਿੱਦਾਂ ਉੱਠ ਖਲੋ ਜਾਵਾਂ---
                      ਕੋਈ ਇਸ਼ਕ---
        ਲੇਖਕ-ਰਮੇਸ਼ ਕੁਮਾਰ ਜਾਨੂੰ
      ਫੋਨ ਨੰ:-98153-20080

ਦੋ ਗ਼ਜ਼ਲਾਂ ✍️ਜਸਵਿੰਦਰ ਸ਼ਾਇਰ "ਪਪਰਾਲਾ "

1)

ਪਵੇ ਨਾ ਨੀਂਦਰ ਅੱਖਾਂ ਚ ਜਾਗ ਰਾਤ ਲੰਘਾਵਾਂ ।
ਕਾਲੀ ਰਾਤ ਨਾਗ ਵਾਂਗੂੰ ਡੰਗੇ ਜਾਵਾਂ ਤਾਂ ਕਿੱਥੇ ਜਾਵਾਂ ।

ਖੋਈ ਲੱਗੀ ਰਹਿੰਦੀ ਦਿਲ ਅੰਦਰ ਪੱਲ ਨਾ ਚੈਨ ਆਵੇ 
ਭੁੱਲੀ ਸ਼ੁੱਧ ਬੁੱਧ ਮੈਨੂੰ ਆਪਣੀ ਕੀ ਖਾਵਾਂ ਤੇ ਕੀ ਖਾਵਾਂ ।

ਤੇਰੇ ਗਿਣ ਗਿਣ ਭੁੱਲੀ ਮੈਨੂੰ ਗਿਣਤੀ ਲੱਖ ਵਾਰੀ 
ਤੇਰੀਆਂ ਯਾਦਾਂ ਤੋਂ ਹੁਣ ਪਿੱਛਾ ਕਿਵੇਂ ਮੈਂ ਛੁਡਾਵਾਂ ।

ਚੌਰਾਹੇ ਤੇ ਖੜਾ ਵੇਖਾ ਰਸਤੇ ਮੈਂ ਚਾਰ ਚੁਫੇਰੇ 
ਹੁਣ ਤਾਂ ਭੁੱਲਿਆ ਮੈਨੂੰ ਆਪਣਾ ਹੀ ਸਿਰਨਾਵਾਂ ।

ਹਾਲਤ ਮੇਰੀ ਵੇਖ ਹੱਸਣ ਲੋਕੀਂ ਮਾਰ ਮਾਰ ਤਾੜੀਆਂ 
ਰੋਂਦੇ ਦਿਲ ਨੂੰ ਦੱਸੋ ਕਿਵੇਂ ਹੁਣ ਮੈਂ  ਸਮਝਾਵਾਂ ।

ਮੇਰੀ ਵੇਖ ਹਾਲਤ ਰੋਂਦੇ ਨੇ ਗਲੀਆ ਦੇ ਕੱਖ ਵੀ
ਮਿਲਦੇ ਸੀ ਜਿੱਥੇ "ਸ਼ਾਇਰ "ਭੁੱਲੀਆਂ ਨਾ ਉਹ ਥਾਵਾਂ ।

 

2)

ਅੱਜ ਦਿਲ ਮੇਰਾ ਬੜਾ ਹੀ ਉਦਾਸ ਏ।
ਮੈਨੂੰ ਹਨੇਰਿਆਂ ਚੋਂ ਚਾਨਣ ਦੀ ਆਸ ਏ।

ਕੀਤਾ ਨਹੀਉਂ ਮਾੜਾ ਮੈਂ ਕਦੇ ਕਿਸੇ ਦਾ
ਪਰ ਜ਼ਿੰਦਗੀ ਮੇਰੇ ਤੋਂ ਹੀ ਨਿਰਾਸ਼ ਏ।

ਉਹ ਕਰਦਾ ਰਿਹਾ ਮਹਿਲ ਤੇ ਮੁਨਾਰਿਆਂ ਦਾ
ਅੱਜ ਪਤਾ ਲੱਗਾ ਉਨੂੰ ਉਹ ਤੁਰਦੀ ਫਿਰਦੀ ਲਾਸ਼ ਏ।

ਅਸੀਂ ਤਾਂ ਮੰਨ ਬੈਠੇ ਸਾ ਉਹਨੂੰ ਆਪਣਾ ਰੱਬ 
ਪਰ ਉਹ ਸਾਡੇ ਲਈ ਨਹੀਂ ਗੈਰਾਂ ਲਈ ਖਾਸ ਏ।

ਆਪਣਾ ਦਿਲ ਬਹਿਲਾਉਣ ਖ਼ਾਤਿਰ ਖੇਡਦੇ ਰਹੇ ਮੇਰੇ ਨਾਲ 
ਐਪਰ ਹੁਣ ਉਹ ਆਪ ਆਖਦੇ ਨੇ ਜ਼ਿੰਦਗੀ ਬਕਵਾਸ ਏ।

"ਸ਼ਾਇਰ " ਨੂੰ ਰੋਲ ਦਿੱਤਾ ਗਲੀਆਂ ਦੇ ਕੱਖਾਂ ਵਾਂਗ 
ਉਨ੍ਹਾਂ ਦਾ ਨਾ ਇਤਿਹਾਸ ਏ ਨਾ ਮਿਥਿਹਾਸ ਏ।

ਜਸਵਿੰਦਰ ਸ਼ਾਇਰ "ਪਪਰਾਲਾ "
9996568220

ਪੱਤਰਕਾਰੀ

1..ਸਵਾਰਥ ਛੱਡ ਕੇ ਮੱਦਦ ਕਰੀਏ,
 ਦੁਖੀ ਲਾਚਾਰ ਬਿਮਾਰਾਂ ਨੂੰ।
 ਹਰ ਥਾਂ ਫ਼ਤਿਹ ਨਸੀਬ ਹੁੰਦੀ ਏ, 
ਸਾਡੇ ਤਰਕ ਵਿਚਾਰਾਂ ਨੂੰ ।
ਸ਼ੋਹਰਤ ਦੌਲਤ ਮਗਰ ਨਹੀਂ ਭੱਜਦੇ, 
ਸਬਕ ਗ਼ਲਤਿਓਂ ਲੈਂਦੇ ਆਂ।
ਗਹਿ ਗੱਡਵੀਂ ਸਾਡੀ ਪੱਤਰਕਾਰੀ,
 ਕਾਇਮ ਸਿਦਕ ਤੇ ਰਹਿੰਦੇ ਆਂ।
 
2...ਨਹੀਂ ਅੜਿੱਕਾ ਬਣ ਸਕਦੀ,
 ਮਜ਼ਬੂਰੀ, ਮੁਸ਼ਕਲ ਰਾਹਾਂ ਦਾ। 
ਵਿੱਚ ਮੈਦਾਨਾਂ ਆ ਕੇ ਪਰਖੀਏ,
 ਜ਼ੋਰ ਡੌਲਿਆਂ ਬਾਹਾਂ ਦਾ ।
ਚੰਡੇ ਹਾਂ ਅਸੀਂ ਗੁਰੂਆਂ ਦੇ,
 ਭਾਰੀ ਕਾਫ਼ਲਿਆਂ ਤੇ ਪੈਂਦੇ ਹਾਂ ।
ਗਹਿ ਗੱਡਵੀਂ ਸਾਡੀ ਪੱਤਰਕਾਰੀ,
 ਕਾਇਮ ਸਿਦਕ ਤੇ ਰਹਿੰਦੇ ਆਂ ।

3..ਸਾਦਗੀਆਂ ਵਿੱਚ ਰਹੀਏ ਹਰਦਮ,
 ਭੁੱਲਦੇ ਨਹੀਂ ਔਕਾਤ ਬਈ।  
ਸਭਨਾਂ ਦੇ ਲਈ ਕਰੀਏ ਦੁਆਵਾਂ,
 ਉੱਠ  ਵੇਲੇ ਪ੍ਰਭਾਤ ਬਈ।  
ਮੈਂ -ਮੈਂ ਨਹੀਂਂ ਕਰਦੇ,
 ਹਰ ਪਲ " ਤੂੰ ਹੀ ਤੂੰ" ਕਹਿੰਦੇ ਹਾਂ।   
ਗਹਿ ਗੱਡਵੀਂ ਸਾਡੀ ਪੱਤਰਕਾਰੀ,
 ਕਾਇਮ ਸਿਦਕ ਤੇ ਰਹਿੰਦੇ ਆਂ ।
 
4....ਥੁੜਕੇ ਨਹੀਂ ਬੈਠਦੇ,
 ਆਪਾਂ ਹਿੰਮਤ ਯਾਰ ਬਣਾ ਲਈ ਏ । 
ਮਰਨੋਂ ਨਹੀਂ ਘਬਰਾਉਂਦੇ ,
ਜੈਕਟ ਨਿਡਰਤਾ ਦੀ ਪਾ ਲਈ ਏ ।
ਜ਼ੁਲਮ ਨਹੀਂ ਜਰਦੇ ,
ਘਾਟਿਆਂ ਤਾਈਂ ਹੱਸ ਹੱਸ ਸਹਿੰਦੇ ਹਾਂ। 
ਗਹਿ ਗੱਡਵੀਂ ਸਾਡੀ ਪੱਤਰਕਾਰੀ,
 ਕਾਇਮ ਸਿਦਕ ਤੇ ਰਹਿੰਦੇ ਆਂ।
  
5..ਧੂਰਕੋਟੀਏ ਮੁੱਲ ਪਾਈਏ ,
ਪੱਗ ਵਟਾਈ ਦਾ।
ਬੇ-ਗੁਰਿਆਂ ਨਾਲ ਨਹੀਂਓ ,
ਜਗਦੀਪ ਹੱਥ ਮਿਲਾਈ ਦਾ।
ਯਾਰਾਂ ਨਾਲ ਵਿਚਾਰਾਂ ਦੀ,
 ਮਹਿਫ਼ਿਲ ਲਾ ਕੇ ਬਹਿੰਦੇ ਹਾਂ।
 ਗਹਿ ਗੱਡਵੀਂ ਸਾਡੀ ਪੱਤਰਕਾਰੀ,
 ਕਾਇਮ ਸਿਦਕ ਤੇ ਰਹਿੰਦੇ ਆਂ।

ਲੇਖਕ :-ਜਗਦੀਪ ਧੂਰਕੋਟੀਆ।
 ਰਾਹੀਂ:- ਪੱਤਰਕਾਰ  ਡਾ ਮਿੱਠੂ ਮੁਹੰਮਦ।

ਚਲ ਬਖਤੌਰਿਆ ਚੱਲੀਏ ਕਨੇਡਾ! ✍️  ਸਲੇਮਪੁਰੀ ਦੀ ਚੂੰਢੀ

ਚਲ ਬਖਤੌਰਿਆ ਚੱਲੀਏ ਕਨੇਡਾ! 

ਆ ਬਖਤੌਰਿਆ ਚੱਲੀਏ ਕਨੇਡਾ।
ਕੰਮ ਤਾਂ ਇਹੇ ਡਾਹਡਾ ਟੇਢਾ।
ਮਾਰ ਮੋਰਚਾ ਲੈ ਲਾ ਬੈਂਡ।
ਕਨੇਡਾ ਕਰੂ ਜਹਾਜ਼ ਲੈਂਡ।
ਵੇਚ ਦੇ ਮੱਝਾਂ, ਵੇਚ ਦੇ ਪੈਲੀ।
ਭਰ ਨੋਟਾਂ ਦੀ ਵੱਡੀ  ਥੈਲੀ।
ਏਜੰਟਾਂ ਦੇ ਕੋਲੇ ਜਾ ਕੇ ਬਹਿਜਾ।
ਪੈਰਾਂ ਦੇ ਵਿਚ ਜਾ ਕੇ ਪੈ ਜਾ।
ਬੈਂਕਾਂ ਤੋਂ ਵੀ ਚੁੱਕ ਲੈ ਕਰਜਾ।
 ਆੜਤੀਏ ਕੋਲੇ ਜਾ ਕੇ ਖੜਜਾ।
ਘਰ ਵਿੱਚ ਹੀ ਵਿਆਹ ਰਚਾ ਲੈ।
ਫਰਜੀ ਚਾਚੀ, ਤਾਈ ਬਣਾ ਲੈ।
ਬੰਨ ਕੇ ਸਿਹਰਾ ਵਿਆਹ ਕਰਾ ਲੈ।
ਝੂਠੇ  ਮੂਠੇ ਕਾਗਜ ਬਣਾ ਲੈ।
ਕਾਨੂੰਨ ਦਾ ਉਥੇ ਚੱਲਦਾ ਰਾਜ।
ਕੋਈ ਨਾ ਪੁੱਛੇ ਧਰਮ ਨਾ ਜਾਤ।
ਤੇਰੀ ਡਿਗਰੀ ਕਾਲਾ ਅੱਖਰ।
ਵਿਹਲੇ ਨੇ ਬਣ ਜਾਣਾ ਭੁਲੱਕੜ।
ਹੋਣ ਨਾ ਇਥੇ ਕਾਮੇ ਪੱਕੇ।
ਜਿਹੜੇ ਪੱਕੇ ਉਹ ਵੀ ਕੱਚੇ।
ਜਾਂ ਫਿਰ ਡੋਡੇ ਜਾਂ ਫਿਰ ਭੁੱਕੀ।
ਚਿੱਟਾ ਮਿਲਦਾ ਭਰ ਭਰ ਮੁੱਠੀ।
ਚੱਲ ਬਖਤੌਰਿਆ ਟਿਕਟ ਕਟਾ ਲੈ।
ਆਪਣੇ ਆਪ ਨੂੰ ਤੂੰ ਬਚਾ ਲੈ।
ਇਥੇ ਤੈਨੂੰ ਹੱਕ ਨਹੀਂ ਮਿਲਣਾ!
ਹੱਕ ਦੀ ਖਾਤਰ ਡੰਡਾ ਮਿਲਣਾ!
ਚੱਲ ਬਖਤੌਰਿਆ ਚੱਲੀਏ ਕਨੇਡਾ।
ਕੰਮ ਤਾਂ ਭਾਵੇਂ ਡਾਹਡਾ ਟੇਢਾ।

-ਸੁਖਦੇਵ ਸਲੇਮਪੁਰੀ
09780620233
29 ਅਗਸਤ, 2021

ਜਲਦੀ ਬਨਾਮ.... ਕਾਹਲੀ(ਹਾਸੇ-ਠੱਠੇ) ✍️ ਸੰਦੀਪ ਦਿਉੜਾ

ਜਲਦੀ ਬਨਾਮ.... ਕਾਹਲੀ(ਹਾਸੇ-ਠੱਠੇ) 
                        ਮਨੋਜ ਕੁਮਾਰ ਤੇ ਪਰੀਤੀ ਨੇ ਸ਼ਹਿਰ ਵਿੱਚ ਨਵਾਂ ਘਰ ਬਣਾਇਆ। ਸ਼ਹਿਰ ਦੇ ਰੀਤੀ-ਰਿਵਾਜ਼ ਅਨੁਸਾਰ ਸਾਰਿਆਂ ਦੇ ਕਹਿਣ ਤੇ ਮਨੋਜ ਦੀ ਪਤਨੀ ਉਸਨੂੰ ਕਹਿਣ ਲੱਗੀ।
                    "ਮੈਂ ਕਿਹਾ ਜੀ ਜਿਵੇਂ ਸਾਰੇ ਸ਼ਹਿਰ ਵਾਲੇ ਕਰਵਾਉਂਦੇ ਹਨ ਆਪਾਂ ਵੀ ਇੱਕ ਫੰਕਸ਼ਨ ਨਾ ਰੱਖ ਲਈਏ।"
          "ਫੰਕਸ਼ਨ ਕਿਸ ਲਈ?"
               " ਆਹ ਨਵੇਂ ਘਰ ਦਾ। ਇਸ ਬਹਾਨੇ ਨਾਲੇ ਤਾਂ ਆਢ-ਗੁਆਢ ਨਾਲ ਜਾਣ ਪਹਿਚਾਣ ਹੋ ਜਾਵੇਗੀ ਤੇ ਨਾਲੇ ਆਪਣੇ ਰਿਸ਼ਤੇਦਾਰ ਘਰ ਵੇਖ ਲੈਣਗੇ। "
                "ਚੱਲ ਠੀਕ ਹੈ ਜਿਵੇਂ ਤੂੰ ਆਖੇ ਠੀਕ ਹੈ ਪਰ ਕਰਨਾ ਕੀ ਪਵੇਗਾ। "
               "ਉਹ ਸਭ ਕੁਝ ਮੈਂ ਆਂਟੀ ਕੋਲੋਂ ਪੁੱਛ ਲਿਆ। ਉਹ ਕਹਿੰਦੇ ,"ਮੈਂ ਮੰਦਰ ਵਾਲੇ ਪੰਡਤ ਜੀ ਨਾਲ ਗੱਲ ਕਰਵਾ ਦੇਵਾਂਗੀ ਤੇ ਉਹ ਹਵਨ ਕਰਕੇ  ਘਰ ਸ਼ੁੱਧ ਕਰ ਜਾਣਗੇ। "
     "ਚੱਲ ਆ ਤਾਂ ਤੂੰ ਬਹੁਤ ਵਧੀਆ ਕਰ ਲਿਆ।ਬਾਕੀ ਹਲਵਾਈ ਦਾ ਇੰਤਜ਼ਾਮ ਮੈਂ ਆਪ ਹੀ ਕਰ ਲਵਾਂਗਾ। ਬਾਕੀ ਪੰਡਤ ਜੀ ਤੋਂ ਸਾਰੀ ਗੱਲ ਧਿਆਨ ਨਾਲ ਸਮਝ ਆਉਣਾ ਕਿ ਉਹਨਾਂ ਨੂੰ ਪੂਜਾ ਲਈ ਕੀ ਕੁਝ ਚਾਹੀਦਾ ਹੈ। "
                      "ਤੁਸੀਂ ਬੇਫ਼ਿਕਰ ਹੋ ਕੇ ਕੰਮ ਉੱਤੈ ਜਾਉ ਜੀ ਇਹ ਪੰਡਤ ਵਾਲਾ ਸਾਰਾ ਕੰਮ ਮੈ ਕਰ ਲਵਾਂਗੀ। "
             ਦਿਨ ਨਿਸ਼ਚਿਤ ਕਰ ਲਿਆ ਤੇ ਸਾਰੇ ਰਿਸ਼ਤੇਦਾਰਾਂ ਤੇ ਗੁਆਂਢੀਆਂ ਨੂੰ ਸੱਦਾ ਦੇ ਦਿੱਤਾ ਗਿਆ। ਸਹੀ ਸਮੇਂ ਉੱਤੇ ਪੰਡਤ ਜੀ ਹਵਨ ਕਰਨ ਵੀ ਆ ਗਏ। 
                 "ਪਰੀਤੀ ਪੰਡਤ ਜੀ ਜਿਆਦਾ ਹੀ ਬੁੱਢੇ ਨਹੀਂ ਲੱਗ ਰਹੇ", ਪੰਡਤ ਨੂੰ ਵੇਖ ਕੇ ਮਨੋਜ ਬੋਲਿਆ। 
      "ਆਪਾਂ ਤਾਂ ਹਵਨ ਹੀ ਕਰਵਾਉਣਾ ਹੈ।ਤੁਸੀਂ ਕਿਹੜਾ ਕੁਸ਼ਤੀ ਕਰਨੀ ਹੈ ਪੰਡਤ ਜੀ ਨਾਲ। "
         " ਯਾਰ ਮੇਰਾ ਮਤਲਬ ਸਹੀ ਪਾਠ ਪੂਜਾ ਤਾਂ ਕਰ ਦੇਣਗੇ। "
       " ਉਮਰ ਦੇ ਹਿਸਾਬ ਨਾਲ ਤਾਂ ਤਜਰਬਾ ਹੀ ਐਨਾ ਹੋ ਗਿਆ ਹੋਣਾ ਹੈ ਕਿ ਸਾਰੇ ਮੰਤਰ ਬਿਨਾਂ ਕਿਤਾਬ ਦੇਖੇ ਹੀ ਇਹਨਾਂ ਨੇ ਪੜ੍ਹ ਦੇਣੇ ਹਨ। ਤੁਸੀਂ ਬਸ ਦੇਖਦੇ ਹੀ ਜਾਉ। "
           "ਚਲੋ ਠੀਕ ਹੈ ਪਰ ਮੈਨੂੰ ਲੱਗਦਾ ਨਹੀਂ ਪਿਆ। "
            ਹਵਨ ਦੀ ਸਾਰੀਂ ਤਿਆਰੀ ਪੰਡਤ ਜੀ ਨੇ ਕਰ ਲਈ। ਪਹਿਲੇਂ ਦੋ ਤਿੰਨ ਮੰਤਰ ਤਾਂ ਉਹਨਾਂ ਨੇ ਜੁਬਾਨੀ ਹੀ ਬੋਲ ਦਿੱਤੇ ਤੇ ਬਾਅਦ ਵਿੱਚ ਆਪਣੇ ਥੈਲੇ ਵਿੱਚੋਂ ਕਿਤਾਬ ਕੱਢ ਲਈ। ਪੰਡਤ ਜੀ ਪਾਠ ਕਰਨ ਲੱਗ ਪਏ। 
        ਪੰਡਤ ਜੀ ਨੇ ਗਲਤੀ ਨਾਲ ਗਰੁੜ-ਪੁਰਾਣ ਦੀ ਕਿਤਾਬ ਖੋਲ੍ਹ ਲਈ ਤੇ ਉਸੇ ਦਾ ਹੀ ਪਾਠ ਸ਼ੁਰੂ ਕਰ ਦਿੱਤਾ। ਸਾਨੂੰ ਤਾਂ ਕੁਝ ਪਤਾ ਨਹੀਂ ਸੀ ਕਿ ਕਿਹੜਾ ਪਾਠ ਕਰਨਾ ਹੈ ਪਰ ਕੋਲ ਬੈਠੇ ਸਾਡੇ ਇੱਕ ਬਜ਼ੁਰਗ ਗੁਆਂਢੀ ਨੇ ਪੰਡਤ ਜੀ ਨੂੰ ਪੁੱਛ ਲਿਆ। 
        "ਪੰਡਤ ਜੀ ਤੁਸੀਂ ਤਾਂ ਨਵੇਂ ਘਰ ਦੇ ਮਹੁੱਰਤ ਲਈ ਹਵਨ ਕਰਨ ਲਈ ਆਏ ਹੋ ਪਰ ਤੁਸੀਂ ਤਾਂ  ਗਰੁੜ-ਪੁਰਾਣ ਦਾ ਪਾਠ ਕਰ ਰਹੇ ਹੋ ਜੋ ਕਿਸੇ ਦੇ ਮਰਨ ਉੱਤੇ ਕੀਤਾ ਜਾਂਦਾ ਹੈ। "
           " ਕੋਈ ਗੱਲ ਨਹੀਂ ਜਜਮਾਨਾਂ ਜਲਦੀ ਨਾਲ ਮੈਂ ਗਰੁੜ-ਪੁਰਾਣ ਦੇ ਪਾਠ ਵਾਲੀ ਕਿਤਾਬ ਲੈ ਕੇ ਆ ਗਿਆ ਹਾਂ।ਮੈਂ ਇਸ ਪੋ੍ਗਰਾਮ ਤੋਂ ਬਾਅਦ ਕਿਸੇ ਦੇ ਘਰ ਗਰੁੜ-ਪੁਰਾਣ ਦਾ ਪਾਠ ਕਰਨ ਜਾਣਾ ਸੀ। ਮੈਂ ਹੁਣੇ ਹੀ ਦੂਜੀ ਕਿਤਾਬ ਮੰਗਵਾ ਲੈਂਦਾ ਹਾਂ ਤੇ ਘਰ ਦੇ ਮਹੁੱਰਤ ਵਾਲਾ ਪਾਠ ਕਰ ਦਿੰਦਾ ਹਾਂ ।ਨਾਲੇ ਹਵਨ ਤਾਂ ਦੋਨਾਂ ਵਿੱਚ ਹੀ ਇੱਕ ਹੀ ਹੁੰਦਾ ਹੈ। ਹਵਨ ਵਿੱਚ ਕੋਈ ਫ਼ਰਕ ਨਹੀਂ ਹਾ। ", ਪੰਡਤ ਜੀ ਨੇ ਬੜੀ ਸਰਲਤਾ ਨਾਲ ਜਵਾਬ ਦੇ ਦਿੱਤਾ। 
           " ਪੰਡਤ ਜੀ ਸਾਡਾ ਤਾਂ ਠੀਕ ਹੈ ਪਰ ਜੇ ਉਹਨਾਂ ਦੇ ਘਰ ਖੁਸ਼ੀ ਵਾਲਾ ਪਾਠ ਕਰ ਦਿੰਦੇ ਤਾਂ ਕੀ ਬਣਦਾ? "ਮੈਂ  ਵੀ ਨਾਲ ਦੀ ਨਾਲ ਪੰਡਤ ਜੀ ਨੂੰ ਸਵਾਲ ਪੁੱਛ ਲਿਆ।ਮੇਰੇ ਸਵਾਲ ਤੋਂ ਬਾਅਦ ਪੰਡਤ ਜੀ ਦਾ ਮੂੰਹ ਦੇਖਣ ਵਾਲਾ ਸੀ। 
        ਸਾਨੂੰ ਸਮਝ ਨਹੀਂ ਆ ਰਿਹਾ ਸੀ ਕਿ ਅਸੀਂ ਪੰਡਤ ਜੀ ਉੱਤੇ ਹੈਰਾਨ ਹੋਈਏ ਕਿ ਗੁੱਸਾ ਕਰੀਏ ਜਾਂ ਹੱਸੀਏ। 
                               ਸੰਦੀਪ ਦਿਉੜਾ
                           8437556667

ਗ਼ਜ਼ਲ ✍️. ਜਸਵਿੰਦਰ ਸ਼ਾਇਰ "ਪਪਰਾਲਾ "

ਇਹ ਤੂੰ ਕੀ ਕੁੱਝ ਦੇ ਗਈ ਮੈਨੂੰ ਇਕ ਵਿਦਾ ਦੇ ਬਾਅਦ 
ਅੰਦਰੋਂ ਸਭ ਕੁੱਝ ਟੁੱਟਿਆ ਟੁੱਟਿਆ ਬਾਹਰੋਂ ਸਭ ਕੁੱਝ ਠੀਕ ਏ ।

ਦਿਲ ਆਪਣੇ ਚੋਂ ਕਿਵੇਂ ਦਸ ਤੈਨੂੰ ਭੁਲਾ ਦੇਵਾਂ ਸੱਜਣਾ 
ਵੱਸ ਗਈ ਯਾਦ ਤੇਰੀ ਸਾਹਾਂ ਅੰਦਰ ਮੇਰੇ ਉਮਰਾਂ ਤੀਕ ਏ।

ਮਾਰੂਥਲ ਦੀ ਜਿਹੜੀ ਪਿਆਸੀ ਰੇਤ ਮੇਰੇ ਦਿਲ ਵਿੱਚ ਏ
ਹੋਰ ਪਤਾ ਨਹੀਂ ਕਿੰਨੇ ਕੁ ਸਮੁੰਦਰ ਲੈਣੇ ਉਹਨੇ ਡੀਕ ਏ ।

ਰਹਿੰਦੇ ਵੱਗਦੇ ਹੰਝੂ ਯਾਦ ਤੇਰੀ ਚ ਲੋਕੀਂ ਆਖਦੇ ਨੇ ਮੈਨੂੰ ਪਾਗਲ 
ਐਪਰ ਉਨ੍ਹਾਂ ਬੇਸਮਝ ਲੋਕਾਂ ਨੂੰ ਕੀ ਪਤਾ ਇਹ ਮੇਰੇ ਦਿਲ ਦੀ ਚੀਕ ਏ ।

ਵਿਹਲਾ ਨਾ ਹੋਵਾਂ ਯਾਦ ਤੇਰੀ ਤੋਂ ਇਕ ਪਲ ਵੀ ਸੱਜਣਾ 
ਖਿੱਚੀ ਹੋਈ ਤੂੰ ਐਸੀ ਏ ਮੇਰੇ ਕਦਮਾਂ ਅੱਗੇ ਲੀਕ ਏ।

ਮੈਨੂੰ ਤਾਂ ਇਸ ਬੇਦਰਦ ਦੁਨੀਆਂ ਨੇ ਬੇਵਤਨ ਕਰਾਰ ਦੇ ਦਿੱਤਾ 
ਪਰ ਤੇਰਾ ਤਾਂ ਬਣਿਆ ਹੋਇਆ ਹਰ।ਕੋਈ ਮੀਤ ਏ।

ਨਾਲ ਮੇਰੇ ਪ੍ਰੀਤਾ ਪਾ ਲਈਆ ਤੂੰ ਹੱਸ ਹੱਸ ਕੇ ਮਹਿਰਮਾ 
ਫੇਰ ਕੱਚ ਵਾਂਗ ਦਿਲ ਤੋੜ ਦਿੱਤਾ ਆਖੇ ਇਹ ਤਾਂ ਜੱਗ ਦੀ ਰੀਤ ਏ ।

ਤੈਨੂੰ ਤਾਂ ਪੂਜਦਾ ਹਰ ਸ਼ਖ਼ਸ਼ ਰੱਬ ਦੀ ਬੰਦਗੀ ਵਾਂਗਰ 
ਪਰ "ਸ਼ਾਇਰ " ਦੀ ਤਾਂ ਸੁੰਨੀ ਪਈ ਮਸੀਤ ਏ ।

ਜਸਵਿੰਦਰ ਸ਼ਾਇਰ "ਪਪਰਾਲਾ "
9996568220

ਗ਼ਜ਼ਲ ✍️. ਜਸਵਿੰਦਰ ਸ਼ਾਇਰ "ਪਪਰਾਲਾ "

 

ਕੀਤਾ ਸੀ ਸੌਦਾ ਦਿਲ ਦਾ ਨਾਲ ਮੇਰੇ 
 ਤੁਰ ਗਈਉ ਮੈਨੂੰ ਬਰਬਾਦ ਕਰਕੇ ।

ਖੁਸ਼ੀਆਂ ਖੋਹ ਲਈਆ ਦਿਲ ਮੇਰੇ ਦੀਆਂ 
ਰੋਵੇਗਾ ਤੂੰ ਵੀ ਤਾਂ ਕਦੇ ਮੈਨੂੰ ਯਾਦ ਕਰਕੇ ।

ਅਣਜਾਣ ਪੁਣੇ ਲਾ ਬੈਠੇ ਸੀ ਤੇਰੇ ਸੰਗ ਪ੍ਰੀਤਾ 
ਹੋਸ਼ ਆਈ ਤਾਂ ਪਤਾ ਲੱਗਾ ਬਹਿ ਗਏ ਜਿੰਦ ਖਰਾਬ ਕਰਕੇ ।

ਪਿਆਰ ਦਾ ਰਸ ਸੀ ਸ਼ਹਿਦ ਵਾਂਗ ਮਿੱਠਾ ਸੱਜਣਾ 
ਪਰ ਤੁਰ ਗਈਉ ਸ਼ਹਿਦ ਨੂੰ ਕੌੜੀ ਸ਼ਰਾਬ ਕਰਕੇ ।

ਦਿੰਦੇ ਰਹੇ ਜਿਹੜੇ ਬੂਟਿਆਂ ਨੂੰ ਪਾਣੀ ਨਿੱਤ ਹੀ 
ਅੱਜ ਤੁਰ ਗਈਉ ਉਨ੍ਹਾਂ ਨੂੰ  ਨਰਾਜ਼ ਕਰਕੇ ।

"ਸ਼ਾਇਰ " ਨਿਮਾਣੇ ਕਰ ਦਿੱਤਾ ਤੈਨੂੰ ਮੁਆਫ ਸੱਜਣਾ 
ਇਸ ਦੁਨੀਆਂ ਦੀ ਲਾਜ ਕਰਕੇ ।

ਜਸਵਿੰਦਰ ਸ਼ਾਇਰ "ਪਪਰਾਲਾ "
9996568220

ਬੰਦਾ ( ਮਿੰਨੀ ਕਹਾਣੀ ) ✍️. ਸ਼ਿਵਨਾਥ ਦਰਦੀ

                 ਆਪਸ ਵਿੱਚ ਗੱਲਾਂ ਕਰਦੀਆਂ , ਗੋਗੀ ਤੇ ਸ਼ਾਂਤੀ , ਨੀਂ ਮੈਂ ਸੁਣਿਆ , ਸ਼ਾਂਤੀ ! ਸਵਰਨੋ ਬਹੁਤ ਬੀਮਾਰ ਹੋ ਗਈ ।
        ਨੀਂ ਨਹੀਂ  , ਪਿਛਲੇ ਐਤਵਾਰ ਮਿਲੀ ਸੀ । ਮਣ ਮਣ ਸੁਰਖੀ ਲੱਗੀ ਸੀ , ਚੰਗੀ ਭਲੀ ਲਗਦੀ ਸੀ । ਓਹਨੂੰ ਕੀ ਹੋਇਆ ? 
        ਘਰ ਦਾ ਸਾਰਾ ਕੰਮ ਤਾਂ , ਓਹਦੇ ਘਰ ਵਾਲਾ ਕਰਦਾ । ਓਹ ਤਾਂ ਟੌਰ ਸ਼ਕੀਨੀ ਲਾਈਂ ਰੱਖਦੀ ‌। ਕੱਲਾ ਰੋਟੀ ਟੁੱਕ ਬਣਾਉਂਦੀ । ਉਹ ਵੀ ਟਾਈਮ ਨਾਲ ਨਹੀਂ । ਨੀਂ , ਉਹਦੇ ਜਵਾਕ ਵੀ , ਓਹਦੀ ਬੋਲੀ ਬੋਲਦੇ । ਉਹ ਵੀ ਪਿਉ ਨੂੰ , ਕੁਝ ਨਹੀਂ ਸਮਝਦੇ ।
          ਨੀਂ ਚੰਦਰੀ ਨੂੰ , ਬੰਦਾ ਸਾਊ ਮਿਲ ਗਿਆ । ਨੀਂ , ਓਹ ਵੀ ਨਿਰਾ ਗਊ । ਨੀਂ ਮੈਂਂ ਤਾਂ , ਕਿਤੇ ਉੱਚੀ ਬੋਲਦਾ ਨਹੀਂ ਦੇਖਿਆ । ਨੀਂ , ਕੁਆਰੇ ਹੁੰਦੇ ਨੂੰ , ਪਹਿਲਾਂ ਪਿਉ ਨੇ , ਪੂਰਾ ਵਾਹਿਆ । ਹੁਣ ,ਇਹ ਵਾਹੀ ਜਾਂਦੀ ।
           ਨੀਂ ਛੱਡ ਭੈਣੇ ! ਆਪਾਂ ਕੀ ਲੈਣਾ । ਰੱਬ ਸਭ ਦਾ ਨਿਆਂ ਕਰਦਾ । ਓਹਦੀ ਲਾਠੀ ਚ ਆਵਾਜ਼ ਨਹੀਂ ਹੁੰਦੀ । ਨੀਂ ਕਿਸੇ ਸਾਊ ਬੰਦੇ ਨੂੰ ਤੰਗ ਕਰਨ ਵਾਲੇ ਨੂੰ , ਏਥੇ ਨਰਕ ਭੋਗਣੇ ਪੈਂਦੇ । ਰੱਬ ਸਭ ਕੁਝ ਏਥੇ ਦਿਖਾਉਂਦਾ । ਐਵੇਂ , ਕਿਸੇ ਨੂੰ ਨਜਾਇਜ਼ ਤੰਗ ਨਹੀਂ ਕਰੀਦਾ । ਬਾਕੀ ਬੰਦਾ ਤਾਂ ਬੰਦਾ ਹੁੰਦਾ । ਜਨਾਨੀ ਨੂੰ , ਆਪਣੇ ਬੰਦੇ ਨੂੰ ਬੰਦਾ ਬਣਾ ਕੇ ਰੱਖਣਾ ਚਾਹੀਦਾ ਹੈ ।
         ਠੀਕ ਕਿਹਾ ਭੈਣੇ , ਬੰਦੇ ਨੂੰ ਵੀ ਜਨਾਨੀ ਨੂੰ ਜਨਾਨੀ ਸਮਝਣਾ ਚਾਹੀਦਾ । ਫੇਰ ਹੀ ਪਰਿਵਾਰ ਚਲਦਾ ।
          ਨੀਂ ਭੈਣੇ , ਮੈਂ ਤਾਂ ਕਹਿੰਦੀ ਹਾਂ , ਜ਼ੋ ਕੰਮ ਬੰਦੇ ਦੇ , ਓਹ ਬੰਦੇ ਨੂੰ ਕਰਨੇ ਚਾਹੀਦੇ । ਜ਼ੋ ਕੰਮ ਜਨਾਨੀ ਦੇ ਕੰਮ , ਓਹ ਜਨਾਨੀ ਨੂੰ ਕਰਨੇ ਚਾਹੀਦੇ ।
            ਨੀਂ ਬੰਦਾ ਤਾਂ , ਬੱਚਿਆਂ ਦੇ ਜਨਮ ਤੋਂ ਪੜ੍ਹਾਈ ਲਿਖਾਈ , ਵਿਆਹ ਸ਼ਾਦੀਆਂ ਤੇ ਘਰ ਬਾਰ ਬਣਾਉਣ ਤੱਕ ਸੋਚਦਾ ਹੈ । ਫੇਰ ਬੰਦੇ ਦੀ ਜ਼ੁਬਾਨ ਦਾ ਮੁੱਲ ਪੈਂਦਾ । ਜਨਾਨੀ ਤਾਂ ਜਨਾਨੀ ਹੁੰਦੀ । ਜਨਾਨੀ ਦਾ ਦਿਲ ਪਾਣੀ ਵਾਂਗੂੰ ਡੋਲਦਾ । ਨੀਂ ਬੰਦੇ ਬਿਨਾਂ ਕੀ ਜਿੰਦਗੀ ।
              ਨੀਂ ਚੱਲ ਛੱਡ ਭੈਣੇ , ਹੈਪੀ ਦਾ ਡੈਡੀ ਆਉਣ ਵਾਲਾ । ਘਰੇ ਨਾ ਦੇਖ ਕੇ , ਗੁਸਾ ਹੋਊ । 
          ਨੀਂ ਗੁਸਾ ਕਿਉਂ ਹੋਊ । ਨੀਂ ਓਹ ਵੀ ਤਾਂ ਬੰਦਾ ਏ ।
                                ਸ਼ਿਵਨਾਥ ਦਰਦੀ
                         ਸੰਪਰਕ :- 98551/55392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਫ਼ਰੀਦਕੋਟ

3 ਗ਼ਜ਼ਲਾਂ  -✍️. ਜਸਵਿੰਦਰ ਸ਼ਾਇਰ "ਪਪਰਾਲਾ "

1. ਗ਼ਜ਼ਲ

ਕੋਈ ਨਾ ਕਿਸੇ ਦਾ ਦਰਦੀ ਇੱਥੇ ।
ਸੱਭ ਮਤਲਬ ਦਾ ਸੰਸਾਰ ਯਾਰੋਂ ।

ਹੋ ਗਿਆ ਮੁਸ਼ਕਿਲ ਕਰਨਾ ਅੱਜ ਕੱਲ੍ਹ
ਹਰੇਕ ਉੱਤੇ ਹੱਦੋਂ ਵੱਧ ਇਤਵਾਰ ਯਾਰੋਂ

ਨਾਲ ਜੀਣ ਤੇ ਮਰਨ ਦੀਆਂ ਖਾਂਦੇ ਸੀ ਜੋ ਕਸਮਾਂ ।
ਦੁੱਖ ਵੇਲੇ ਛੱਡ ਗਏ ਉਹੀ ਦਿਲਦਾਰ ਯਾਰੋਂ ।

ਦਿਲ ਚ ਰਿਹਾ ਨਾ ਦਰਦ ਕਿਸੇ ਦੇ ਲਈ
ਵਿਰਲਾ ਹੀ ਤੋੜ ਚੜਾਉਂਦਾ ਪਿਆਰ ਯਾਰੋਂ ।

ਆਪਣੇ ਹੱਕਾਂ ਲਈ ਹਰ ਕੋਈ ਲੱਗਦਾ ਏ
ਮਜ਼ਲੂਮਾ ਤੇ ਦੁਖੀਆਂ ਦੀ ਕੌਣ ਸੁਣੇ ਪੁਕਾਰ ਯਾਰੋਂ ।

ਆਪਣੀ ਕਲਮ ਦੇ ਲਈ ਅੱਜ ਕੁਰਬਾਨ ਹੋ ਗਿਆ
ਉਹ ਨਿਮਾਣਾ,ਉਹ ਝੱਲਾ,ਉਹ "ਸ਼ਾਇਰ " ਯਾਰੋਂ ।

2. ਗ਼ਜ਼ਲ

ਮੇਰਾ ਦਿਲ ਕਰਦਾ ਏ ਕੁੱਝ ਕਹਿਣ ਨੂੰ
ਐਪਰ ਕੁੱਝ ਕਹਿਆ ਨਹੀਂ ਜਾਂਦਾ ।

ਮੇਰਾ ਖਾਮੋਸ਼ ਰਹਿਣ ਨੂੰ ਦਿਲ ਕਰਦਾ ਏ
ਐਪਰ ਖਾਮੋਸ਼ ਮੈਥੋਂ ਰਹਿਆ ਨਹੀਂ ਜਾਂਦਾ ।

ਮੇਰਾ ਉੱਚੀ ਉੱਚੀ ਰੋਣ ਨੂੰ ਦਿਲ ਕਰਦਾ ਏ
ਪਰ ਮੇਰੇ ਤੋਂ ਰੋਇਆ ਨਹੀਂ ਜਾਂਦਾ ।

ਹੱਸਣੇ ਨੂੰ ਮੇਰਾ ਦਿਲ ਕਰਦਾ ਏ
ਤਾਂ ਮੇਰੇ ਕੋਲੋਂ ਹੱਸਿਆ ਨਹੀਂ ਜਾਂਦਾ ।

ਦਿਲ ਕਰਦਾ ਏ ਕਿ ਕੁੱਝ ਲਿਖਾਂ ਮੈਂ
ਪਰ ਕੁੱਝ ਲਿਖਿਆ ਵੀ ਨਹੀਂ ਜਾਂਦਾ ।

ਕਿਸੇ ਚੀਜ਼ ਨੂੰ ਪਾਉਣ ਲਈ ਦਿਲ ਤੜਫਦਾ ਏ
ਪਰ ਉਸ ਨੂੰ ਪਾਇਆ ਨਹੀਂ ਜਾਂਦਾ ।

ਕਿਸੇ ਦੀ ਉਡੀਕ ਕਰਨ  ਨੂੰ ਦਿਲ ਕਰਦਾ ਏ
ਪਰ ਉਹਨੂੰ ਉਡੀਕਿਆ ਨਹੀਂ ਜਾਂਦਾ ।
ਹਰ ਕੋਈ ਮੈਨੂੰ "ਸ਼ਾਇਰ ਸ਼ਾਇਰ " ਆਖਦਾ
ਪਰ "ਸ਼ਾਇਰ "ਅਖਵਾਉਣ ਨੂੰ ਦਿਲ ਨੀ ਕਰਦਾ ।

3. ਗ਼ਜ਼ਲ

ਰੁੱਲ ਜਾਂਦੇ ਮਿੱਟੀ ਚ ਵੱਡੇ ਆਪਣੇ ਆਪ ਨੂੰ ਕਹਾਉਣ ਵਾਲੇ ।
ਖੁਦ ਕਦੇ ਅਮਲ ਨੀ ਕਰਦੇ ਹੋਰਾਂ ਨੂੰ ਸਮਝਾਉਣ ਵਾਲੇ ।

ਮੰਦਿਰ ਮਸੀਤਾਂ ਗੁਰੂਦੁਵਾਰਿਆ ਚ ਕੀਹਨੂੰ ਲੱਭਦੇ ਨੇ
ਵੱਸਦੇ ਘਰਾਂ ਦਿਆਂ ਦੀਵਿਆਂ ਨੂੰ ਨਿੱਤ ਬੁਝਾਉਣ ਵਾਲੇ ।

ਕਿਸੇ ਨੂੰ ਕੋਈ ਕੀ ਰਸਤਾ ਵਿਖਾਵੇ ਇਸ ਜੱਗ ਉੱਤੇ
ਗੁੰਮਰਾਹ ਹੋ ਰਹੇ ਨੇ ਖੁਦ ਰਸਤਾ ਦਿਖਾਉਣ ਵਾਲੇ ।

ਤੂੰ ਵੀ ਤਾਂ ਰਹਿ ਰਿਹਾ ਏ ਇਸੇ ਦੇਸ਼ ਦੇ ਅੰਦਰ
ਝੰਡਾ ਆਫ਼ਤਾ ਦਾ ਨਿੱਤ ਹੀ ਝੁਲਾਉਣ ਵਾਲੇ ।

ਉਹੀ ਜ਼ਿੰਦਗੀ ਤੋਂ ਧੋਖਾ ਨੇ ਖਾ ਜਾਂਦੇ ਅਕਸਰ
ਜ਼ਿੰਦਗੀ ਦਾ ਪਾਠ ਹੋਰਾਂ ਨੂੰ ਪੜਾਉਣ ਵਾਲੇ ।

ਮਾਸੂਮਾਂ ਦੀਆਂ ਸੱਧਰਾਂ ਦਾ ਕਤਲ ਕਰਕੇ ਵੇਖੇ ਨੇ
ਇੱਥੇ ਫੇਰ ਗੰਗਾ ਚ ਡੁੱਬਕੀਆ ਲਾਉਣ ਵਾਲੇ ।

"ਸ਼ਾਇਰ " ਨਾ ਮਾਣ ਕਰ ਇਸ ਚੰਦਰੀ ਦੁਨੀਆਂ ਦਾ
ਬਹੁਤ ਬੈਠੇ ਨੇ ਇੱਥੇ ਆਣ ਤੇ ਜਾਣ ਵਾਲੇ ।

ਜਸਵਿੰਦਰ ਸ਼ਾਇਰ "ਪਪਰਾਲਾ "
9996568220

 

ਗੱਲਾਂ ਪਹਿਲਾਂ ਵਾਲੀਆਂ ✍️. ਰਮੇਸ਼ ਕੁਮਾਰ ਜਾਨੂੰ

ਗੱਲਾਂ ਪਹਿਲਾਂ ਵਾਲੀਆਂ

ਹੱਥਾਂ ਨਾਲ ਪਹਿਲਾਂ ਕੰਮਕਾਰ ਹੁੰਦਾ ਸੀ
     ਹਰ ਬੰਦੇ ਕੋਲ ਰੁਜ਼ਗਾਰ ਹੁੰਦਾ ਸੀ
ਬੰਦਿਆਂ ਦੀ ਜਗ੍ਹਾ ਤੇ ਮਸ਼ੀਨਾਂ ਹੁਣ ਲਾ ਲਈਆਂ
     ਹੁਣ ਕਿੱਥੇ ਰਹਿ ਗਈਆਂ ਨੇ ਗੱਲਾਂ ਪਹਿਲਾਂ ਵਾਲੀਆਂ

ਫੇਸਬੁੱਕ ਉੱਤੇ ਹੁਣ ਯਾਰ ਮਿਲਦੇ
     ਫੋਨ ਤੇ ਸੁਣਾਉਂਦੇ ਰਹਿੰਦੇ ਹਾਲ ਦਿਲ ਦੇ
ਬੋਹੜ ਥੱਲੇ ਬਹਿ ਕੇ ਜਿਹੜੇ ਸੀਪਾਂ ਲਾਉਂਦੇ ਸੀ
     ਭੱਠੀ ਉੱਤੇ ਬਹਿ ਕੇ ਜਿਹੜੇ ਬਾਤਾਂ ਪਾਉਂਦੇ ਸੀ
ਫੋਨ ਤੇ ਮਨਾਉਂਦੇ ਹੁਣ ਲੋਹੜੀਆਂ-ਦਿਵਾਲੀਆਂ
       ਹੁਣ ਕਿੱਥੇ ਰਹਿ ਗਈਆਂ ਨੇ-----

ਲੱਸੀ-ਦੁੱਧ ਹੋ ਗਈ ਏ ਵਈ ਗੱਲ ਕੱਲ੍ਹ ਦੀ
     ਹਰ ਥਾਂ ਤੇ ਹੁਣ ਤਾਂ ਸ਼ਰਾਬ ਚਲਦੀ
ਘਰੋ-ਘਰੀ ਵਿਆਹ ਦੀ ਵੇਖੋ ਗੱਲ ਮੁੱਕ ਗਈ
     ਕੋਰਟ ਵਿੱਚ ਹੁੰਦੇ ਨੇ ਵਕੀਲ ਬੁੱਕ ਵਈ
ਵੇਖੋ-ਵੇਖੀ ਕੋਰਟ ਵਿੱਚ ਮੈਰਿਜਾਂ ਕਰਾ ਲਈਆਂ
     ਹੁਣ ਕਿੱਥੇ ਰਹਿ ਗਈਆਂ ਨੇ-----

ਗੱਲ ਭਾਵੇਂ ਬੜੀ ਏ ਪੁਰਾਣੀ ਦੋਸਤੋ
     ਬਦਲੀ ਨਾ ਜਰਾ ਵੀ ਕਹਾਣੀ ਦੋਸਤੋ
ਵੋਟਾਂ ਵੇਲੇ ਲਾਰੇ-ਲੱਪੇ ਲਾਈ ਜਾਂਦੇ ਨੇ
     ਸਾਰਿਆਂ ਦਾ ਘੁੱਗੂ ਵੀ ਵਜਾਈ ਜਾਂਦੇ ਨੇ
ਗੱਲਾਂ ਸੁਣ ਐਵੇਂ ਨਾ ਵਜਾਈ ਜਾਓ ਤਾਲੀਆਂ
     ਹੁਣ ਕਿੱਥੇ ਰਹਿ ਗਈਆਂ ਨੇ-----

ਉਲਟਾ ਰਮੇਸ਼ ਕੀ ਜਮਾਨਾ ਆ ਗਿਆ
     ਸਾਦਗੀ ਨੂੰ ਜਾਨੂੰ ਕਿਹੜਾ ਕੀੜਾ ਖਾ ਗਿਆ
ਫੈਸ਼ਨ ਦੀ ਰੱਖ ਦਿੱਤੀ ਹੱਦ ਭੰਨ ਕੇ
     ਜੀਨ ਪਾ ਕੇ ਕੁੜੀ ਫਿਰੇ ਮੁੰਡਾ ਬਣ ਕੇ
ਮੁੰਡਿਆਂ ਨੇ ਪਾਈਆਂ ਹੁਣ ਝਾਂਜਰਾਂ ਤੇ ਵਾਲੀਆਂ
     ਹੁਣ ਕਿੱਥੇ ਰਹਿ ਗਈਆਂ ਨੇ-----

              ਲੇਖਕ-ਰਮੇਸ਼ ਕੁਮਾਰ ਜਾਨੂੰ
             ਫੋਨ ਨੰ:-98153-20080

ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਪ੍ਰੋ .ਮਨਦੀਪਪਾਲ ਕੌਰ ਧਾਲੀਵਾਲ 

ਪ੍ਰੋ ਮਨਦੀਪ ਪਾਲ ਕੌਰ ਧਾਲੀਵਾਲ ਨੂੰ ਉਨ੍ਹਾਂ ਦੇ ਜਨਮ ਦਿਨ ਉੱਪਰ ਲੇਖਕ ਗਗਨਦੀਪ ਧਾਲੀਵਾਲ ਵੱਲੋਂ  ਕਵਿਤਾ ਰਾਹੀਂ ਅਧਿਆਪਕ ਦੀ ਸਿਰਫ਼ ਅਤੇ ਸੁਨੇਹਾ

ਅਧਿਆਪਕ
ਅਧਿਆਪਕ ਬੜੇ ਹੀ ਪਿਆਰੇ ਹੁੰਦੇ ,
ਇਹ ਤਾਂ ਦੀਪ ਮੁਨਾਰੇ ਹੁੰਦੇ ,
ਅੱਖਰਾਂ ਦੇ ਵਣਜਾਰੇ ਹੁੰਦੇ ,
ਗਿਆਨ ਦੇ ਭੰਡਾਰੇ ਹੁੰਦੇ ।

ਇਹ ਨੈਤਿਕ ਮੁੱਲ ਸਿਖਾਉਂਦੇ ਨੇ ,
ਗਿਆਨ ਦਾ ਦੀਪ ਜਗਾਉਂਦੇ ਨੇ,
ਤਾਹੀਓ ਦਰਜਾ ਗੁਰੂ ਦਾ ਦਿੱਤਾ ,ਵੱਲੋਂ  
ਲੋਹੇ ਤੋਂ ਸੋਨਾ ਬਣਾਉਂਦੇ ਨੇ।

ਮਾਂ-ਬਾਪ ਤੋਂ ਵਧ ਕੇ ਕਰਨ ਪਿਆਰ ,
ਅਸੀਂ ਵੀ ਦੇਈਏ ਬਣਦਾ ਸਤਿਕਾਰ ,
ਪੜਾਈ ਦਾ ਉੱਚਾ ਚੁੱਕਣ ਮਿਆਰ ,
ਚਿਹਰਿਆਂ ‘ਤੇ ਲਿਆਉਣ ਸਦਾ ਬਹਾਰ।

ਅਧਿਆਪਕ ਵਿੱਦਿਆ ਯੰਤਰ-ਮੰਤਰ ,
ਤਾਂ ਜੋ ਪੜੀਏ ਹੋ ਕੇ ਸੁਤੰਤਰਰ ।
ਸਾਨੂੰ ਸਾਡੇ ਫਰਜ ਸਮਝਾਉਂਦੇ ,
‘ਗਗਨ’ ਤਾਹੀਓ ਅਸੀਂ ਅਧਿਆਪਕਾਂ ਨੂੰ ਚਾਹੁੰਦੇ ।
ਗਗਨਦੀਪ ਧਾਲੀਵਾਲ ।

ਕੇਹੀ ਅਜਾਦੀ! ✍️ ਸਲੇਮਪੁਰੀ ਦੀ ਚੂੰਢੀ 

ਕੇਹੀ ਅਜਾਦੀ!
ਕੇਹੀ ਅਜਾਦੀ ਆਈ,
ਕੰਨੋੰ ਬੋਲ੍ਹੀ,
ਅੱਖੋਂ ਕਾਣੀ,
ਪੈਰੋਂ ਲੰਗੜੀ,
ਹੱਥੋਂ ਟੁੰਡੀ,
ਇਸ ਦੀ ਹੈ,
ਬਸ, ਅਜਬ ਕਹਾਣੀ।
ਅਮੀਰਾਂ ਲਈ
 ਬਣ ਗਈ ਪਟਰਾਣੀ!
ਕੇਹੀ ਅਜਾਦੀ ਆਈ?
ਕੇਹੀ ਅਜਾਦੀ ਆਈ!
ਥੋੜ੍ਹਿਆਂ ਲਈ
ਵਰਦਾਨ ਬਣੀ ਆਂ!
ਬਹੁਤਿਆਂ ਲਈ
ਬੇ-ਜਾਨ ਬਣੀ ਆਂ!
ਦੋ ਧਿਰਾਂ ਵਿਚ
ਕੰਧ ਬਣੀ ਆਂ!
ਇੱਕ ਲੋਕਾਂ ਦੀ!
ਇੱਕ ਜੋਕਾਂ ਦੀ!
ਕੇਹੀ ਅਜਾਦੀ ਆਈ!
ਕੇਹੀ ਅਜਾਦੀ ਆਈ?
ਲੂਲੀ ਲੰਗੜੀ!
ਲਕਵਾ ਮਾਰੀ!
ਨਾ ਵਿਆਹੀ,
ਨਾ ਕੁਆਰੀ!
ਹੱਥੋਂ ਟੁੰਡੀ!
ਅੱਖੋਂ ਕਾਣੀ!
ਇਸ ਦੀ ਵੀ
ਬਸ ਅਜੀਬ ਕਹਾਣੀ!
ਮਹਿਲਾਂ ਵਾਲਿਆਂ
ਪਿੰਜਰੇ ਤਾੜੀ!
ਨੋਟਾਂ ਉਪਰ
ਕਰੇ ਸਵਾਰੀ!
ਦੇਸ਼ ਭਗਤਾਂ ਨੂੰ
ਦੰਦ ਚਿੜਾਉਂਦੀ!
ਦੇਸ਼ ਧ੍ਰੋਹੀਆਂ ਦੇ
ਸੋਹਲੇ ਗਾਉਂਦੀ!
ਸੜਕਾਂ ਨਿਗਲੇ ,
ਰੇਤਾ ਖਾਵੇ,
ਖਜਾਨੇ ਨੂੰ ਖੁਦ
ਲੁੱਟੀ ਜਾਵੇ।
ਕੀ ਕੀ ਨਿਗਲੇ,
ਕੀ ਕੁਝ ਛੱਡੇ ?
ਲੁੱਟਣ ਵਾਲੇ
ਚੁੱਕੇ ਫੱਟੇ!
ਕਿਥੇ ਰਹਿੰਦੀ,
ਨਜ਼ਰ ਨਾ ਆਵੇ।
ਥਹੁ-ਪਤਾ ਨਾ,
ਕਿਤੇ ਥਿਆਵੇ!
ਕੇਹੀ ਅਜਾਦੀ ਆਈ?
ਕੇਹੀ ਅਜਾਦੀ ਆਈ!
ਲੀਡਰਾਂ ਦੇ ਨਾਲ
ਗਈ ਵਿਆਹੀ!
ਧਨਾਢਾਂ ਦੀ
ਬਣ ਗਈ ਭਰਜਾਈ!
ਵਾਅਦਿਆਂ ਦੀ ਪੰਡ
ਲੈ ਕੇ ਆਈ!
15 ਅਗਸਤ ਨੂੰ
ਪਾਵੇ ਦੁਹਾਈ!
ਕੇਹੀ ਅਜਾਦੀ ਆਈ!
ਕੇਹੀ ਅਜਾਦੀ ਆਈ!!
-ਸੁਖਦੇਵ ਸਲੇਮਪੁਰੀ
15 ਅਗਸਤ, 2021.

ਚੇਤੇ ਆਉਂਦੇ ਨੇ ਮਾਪੇ ✍️. ਰਮੇਸ਼ ਕੁਮਾਰ ਜਾਨੂੰ

ਮਾਂ ਪਿਓ ਦੇ ਪਿਆਰ ਜਿਹੀ
    ਕਿਤੇ ਛਾਂ ਨਹੀਂ ਲੱਭਣੀ
ਤੇ ਮਾਂ ਪਿਓ ਦੀ ਗੋਦ ਜਿਹੀ
    ਕੋਈ ਥਾਂ ਨਹੀਂ ਲੱਭਣੀ।
ਸਿਰ ਤੇ ਟੁੱਟੇ ਪਹਾੜ ਤਾਂ ਚੇਤੇ ਆਉਂਦੇ ਨੇ ਮਾਪੇ
ਬੱਚਿਆਂ ਲਈ ਤਾਂ ਨਿੱਤ ਹੀ ਖ਼ੁਸ਼ੀਆਂ ਚਾਹੁੰਦੇ ਨੇ ਮਾਪੇ।

ਨਸ਼ਿਆਂ ਦੇ ਵਿੱਚ ਪੈ ਕੇ
    ਦਿੱਤਾ ਰੋਲ ਜਵਾਨੀ ਨੂੰ
ਕੌਡੀਆਂ ਦੇ ਭਾਅ ਦਿੱਤਾ ਏ
    ਤੂੰ ਤੋਲ ਜਵਾਨੀ ਨੂੰ
ਵਿੱਚ ਜਵਾਨੀ ਤੁਰ ਜਾਏ ਪੁੱਤ ਤਾਂ ਰੋਂਦੇ ਨੇ ਮਾਪੇ
ਬੱਚਿਆਂ ਲਈ ਤਾਂ ਨਿੱਤ ਹੀ ਖ਼ੁਸ਼ੀਆਂ ਚਾਹੁੰਦੇ ਨੇ ਮਾਪੇ।

ਘਰ ਵਿੱਚ ਬੈਠੀ ਧੀ ਦੀ ਚਿੰਤਾ
    ਖਾਈ ਜਾਂਦੀ ਏ
ਲਾਡਾਂ ਦੇ ਨਾਲ ਪਾਲੀ ਕਦੋਂ
    ਵਿਆਹੀ ਜਾਂਦੀ ਏ
ਸੋਚਾਂ ਸੋਚਦੇ ਰਹਿੰਦੇ ਕਿੱਥੇ ਸੋਂਦੇ ਨੇ ਮਾਪੇ
ਬੱਚਿਆਂ ਲਈ ਤਾਂ ਨਿੱਤ ਹੀ ਖ਼ੁਸ਼ੀਆਂ ਚਾਹੁੰਦੇ ਨੇ ਮਾਪੇ।

'ਰਮੇਸ਼' ਵੇ ਮਾਪੇ ਹੋਣ ਤਾਂ ਨਇਓਂ
    ਲੋੜ ਹਜ਼ਾਰਾਂ ਦੀ
'ਜਾਨੂੰ' ਤੂੰ ਵੀ ਕੁਝ ਤਾਂ ਕਰ ਲੈ
    ਕਦਰ ਪਿਆਰਾਂ ਦੀ
ਤੁਰ ਜਾਵਣ ਇੱਕ ਵਾਰ ਤਾਂ ਮੁੜ ਨਾ ਆਉਂਦੇ ਨੇ ਮਾਪੇ
ਬੱਚਿਆਂ ਲਈ ਤਾਂ ਨਿੱਤ ਹੀ ਖ਼ੁਸ਼ੀਆਂ ਚਾਹੁੰਦੇ ਨੇ ਮਾਪੇ।
                               
                          ਲੇਖਕ- ਰਮੇਸ਼ ਕੁਮਾਰ ਜਾਨੂੰ
                          ਫੋਨ ਨੰ:-98153-20080

ਖ਼ਾਰਾਂ ✍️. ਸ਼ਿਵਨਾਥ ਦਰਦੀ

ਖ਼ਾਰਾਂ

 ਹੱਕਾਂ ਦੇ ਲਈ ਲੜਨ ਵਾਲੇ ,

ਮੈਂ ਵਿਕਦੇ ਵੇਖੇ ਵਿਚ ਬਜ਼ਾਰਾਂ ,

ਕੁਝ ਵਿਕ ਜਾਂਦੇ , ਕੁਝ ਦਬ ਜਾਂਦੇ 

ਹੇਠ , ਸਮੇਂ ਦੀਆਂ ਸਰਕਾਰਾਂ ।

ਫੋਕੀ ਟੋਹਰ ਜੋਗਾ ਬੰਦਾ ਰਹਿ ਗਿਆ ,

ਲੋਨ ਤੇ ਲੈਂਦਾ ਕੋਠੀਆਂ ਕਾਰਾਂ ।

ਕੁਦਰਤ ਦਾ , ਅੱਜ ਬਣਕੇ ਵੈਰੀ ,

ਮਾਰੇ , ਚਿੜੀਆਂ , ਘੁੱਗੀਆਂ , ਗਟਾਰਾਂ ।

ਗੰਗਾ ਦੇ ਵਿਚ ਸੁੱਟ ਕੇ ਗੰਦ ,

ਪਾਣੀ ਭਾਲਦਾ , ਠੰਡਾ ਮਿੱਠਾ ਠਾਰਾਂ ।

ਕਾਰਖਾਨੇ ਲਾ , ਹਵਾ ਜ਼ਹਿਰੀਲੀ ਕੀਤੀ 

ਪ੍ਰਦੂਸ਼ਣ ਪਾਇਆ , ਆਪਣੇ ਤੇ ਭਾਰਾ ।

ਰੱਬ ਦਾ ਕੋਈ , ਦੋਸ਼ ਨਾ 'ਦਰਦੀ' 

ਬੰਦਾ ਬੰਦੇ ਨਾਲ ਕੱਢਦਾ ਖ਼ਾਰਾਂ ।

           ਸ਼ਿਵਨਾਥ ਦਰਦੀ 

    ਸੰਪਰਕ:- 9855155392

ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਫ਼ਰੀਦਕੋਟ 

ਨਵੀਂ ਪੀੜੀ ਦਾ ਅੰਤ ✍️. ਡਾ ਮਿੱਠੂ ਮੁਹੰਮਦ ਮਹਿਲ ਕਲਾਂ 

ਨਵੀਂ ਪੀੜੀ ਦਾ ਅੰਤ

ਵਾਟਰ ਕੂਲਰਾਂ ਨਾਲ ਬੰਨੇ ਗਿਲਾਸ,
ਬੈਕਾਂ ਚ ਧਾਗਿਆ ਨਾਲ ਨੂੜੇ ਪੈਨ
ਸਾਡੀ ਇਮਾਨਦਾਰੀ ਦੇ ਮੂੰਹ ਤੇ ਚਪੇੜ ਮਾਰਦੇ ਨੇ

ਮੰਦਰਾਂ ਗੁਰਦੁਆਰਿਆ ਦੇ ਵਿੱਚ ਲੱਗੇ ਸੀਸੀ ਟੀਵੀ ਕੈਮਰੇ ਸਾਡੀ ਸ਼ਰਧਾ ਦਾ ਜਲੂਸ ਕੱਢਦੇ ਨੇ
ਹਰਮਨ ਚੀਮੇ,ਮੁੱਖ ਮੰਤਰੀ ਹੁਰਾਂ ਦੇ ਗੀਤ ਮਾਰਕਿਟ ਵਿੱਚ ਆ ਜਾਣੇ ਤੇ ਚੜ ਜਾਣੇ
ਇਹ ਸਭ ਸਾਡੇ ਚੰਗੇ ਸਰੋਤੇ ਹੋਣ ਦਾ ਭਰਮ ਤੋੜਦੇ ਨੇ
ਪੁਲਾੜਾਂ ਵਿੱਚ ਸੈਟਲਾਇਟ ਭੇਜੇ ਜਾਣ ਤੋ ਪਹਿਲਾਂ ਕੀਤੇ ਹਵਨ,ਭੰਨੇ ਨਾਰੀਅਲ ਸਾਡੇ 21ਵੀਂ ਸਦੀ ਵਿੱਚ ਹੋਣ ਤੇ ਥੁੱਕਦੇ ਨੇ
 

ਤੇ ਬਿਨਾ ਪੇਪਰਾਂ ਤੋਂ ਪਾਸ ਹੁੰਦੇ ਬੱਚੇ
ਸਾਡੀ ਪੀੜੀ ਦਾ ਅੰਤ ਹੈ ਦੋਸਤੋ....

 
ਲੇਖਕ-ਡਾ ਮਿੱਠੂ ਮੁਹੰਮਦ ਮਹਿਲ ਕਲਾਂ 

ਪਜਾਮੀ ਬਨਾਮ ਸਲਵਾਰ! ✍️. ਸਲੇਮਪੁਰੀ ਦੀ ਚੂੰਢੀ

ਪਜਾਮੀ ਬਨਾਮ ਸਲਵਾਰ!
ਬਾਪੂ ਕਹੇ ਪਜਾਮੀ ਚੰਗੀ ,
ਪੁੱਤ ਕਹੇ ਸਲਵਾਰਾਂ!
ਚਾਚਾ ਆਖੇ ਰੁੱਤ ਬਦਲ ਗਈ,
ਨਵੀਂਆਂ ਸਭ ਬਹਾਰਾਂ!
ਕਹੇ ਭਤੀਜਾ ਆਪਾ ਬਦਲੀਏ ,
ਬਦਲ ਗਈਆਂ ਸਰਕਾਰਾਂ!
ਨੁਹਾਰ ਬਦਲਜੂ ਪੋਤਾ ਆਖੇ ,
ਪੜ੍ਹਿਆ ਵਿਚ ਅਖਬਾਰਾਂ !
ਦਾਦਾ ਆਖੇ ਕੁਝ ਨ੍ਹੀਂ ਬਦਲਿਆ,
ਸਾਰੀ ਉਮਰ ਲੰਘਾ ਲਈ ਯਾਰਾਂ!
-ਸੁਖਦੇਵ ਸਲੇਮਪੁਰੀ
09780620233
22 ਜੁਲਾਈ, 2021