ਜਲਦੀ ਬਨਾਮ.... ਕਾਹਲੀ(ਹਾਸੇ-ਠੱਠੇ) ✍️ ਸੰਦੀਪ ਦਿਉੜਾ

ਜਲਦੀ ਬਨਾਮ.... ਕਾਹਲੀ(ਹਾਸੇ-ਠੱਠੇ) 
                        ਮਨੋਜ ਕੁਮਾਰ ਤੇ ਪਰੀਤੀ ਨੇ ਸ਼ਹਿਰ ਵਿੱਚ ਨਵਾਂ ਘਰ ਬਣਾਇਆ। ਸ਼ਹਿਰ ਦੇ ਰੀਤੀ-ਰਿਵਾਜ਼ ਅਨੁਸਾਰ ਸਾਰਿਆਂ ਦੇ ਕਹਿਣ ਤੇ ਮਨੋਜ ਦੀ ਪਤਨੀ ਉਸਨੂੰ ਕਹਿਣ ਲੱਗੀ।
                    "ਮੈਂ ਕਿਹਾ ਜੀ ਜਿਵੇਂ ਸਾਰੇ ਸ਼ਹਿਰ ਵਾਲੇ ਕਰਵਾਉਂਦੇ ਹਨ ਆਪਾਂ ਵੀ ਇੱਕ ਫੰਕਸ਼ਨ ਨਾ ਰੱਖ ਲਈਏ।"
          "ਫੰਕਸ਼ਨ ਕਿਸ ਲਈ?"
               " ਆਹ ਨਵੇਂ ਘਰ ਦਾ। ਇਸ ਬਹਾਨੇ ਨਾਲੇ ਤਾਂ ਆਢ-ਗੁਆਢ ਨਾਲ ਜਾਣ ਪਹਿਚਾਣ ਹੋ ਜਾਵੇਗੀ ਤੇ ਨਾਲੇ ਆਪਣੇ ਰਿਸ਼ਤੇਦਾਰ ਘਰ ਵੇਖ ਲੈਣਗੇ। "
                "ਚੱਲ ਠੀਕ ਹੈ ਜਿਵੇਂ ਤੂੰ ਆਖੇ ਠੀਕ ਹੈ ਪਰ ਕਰਨਾ ਕੀ ਪਵੇਗਾ। "
               "ਉਹ ਸਭ ਕੁਝ ਮੈਂ ਆਂਟੀ ਕੋਲੋਂ ਪੁੱਛ ਲਿਆ। ਉਹ ਕਹਿੰਦੇ ,"ਮੈਂ ਮੰਦਰ ਵਾਲੇ ਪੰਡਤ ਜੀ ਨਾਲ ਗੱਲ ਕਰਵਾ ਦੇਵਾਂਗੀ ਤੇ ਉਹ ਹਵਨ ਕਰਕੇ  ਘਰ ਸ਼ੁੱਧ ਕਰ ਜਾਣਗੇ। "
     "ਚੱਲ ਆ ਤਾਂ ਤੂੰ ਬਹੁਤ ਵਧੀਆ ਕਰ ਲਿਆ।ਬਾਕੀ ਹਲਵਾਈ ਦਾ ਇੰਤਜ਼ਾਮ ਮੈਂ ਆਪ ਹੀ ਕਰ ਲਵਾਂਗਾ। ਬਾਕੀ ਪੰਡਤ ਜੀ ਤੋਂ ਸਾਰੀ ਗੱਲ ਧਿਆਨ ਨਾਲ ਸਮਝ ਆਉਣਾ ਕਿ ਉਹਨਾਂ ਨੂੰ ਪੂਜਾ ਲਈ ਕੀ ਕੁਝ ਚਾਹੀਦਾ ਹੈ। "
                      "ਤੁਸੀਂ ਬੇਫ਼ਿਕਰ ਹੋ ਕੇ ਕੰਮ ਉੱਤੈ ਜਾਉ ਜੀ ਇਹ ਪੰਡਤ ਵਾਲਾ ਸਾਰਾ ਕੰਮ ਮੈ ਕਰ ਲਵਾਂਗੀ। "
             ਦਿਨ ਨਿਸ਼ਚਿਤ ਕਰ ਲਿਆ ਤੇ ਸਾਰੇ ਰਿਸ਼ਤੇਦਾਰਾਂ ਤੇ ਗੁਆਂਢੀਆਂ ਨੂੰ ਸੱਦਾ ਦੇ ਦਿੱਤਾ ਗਿਆ। ਸਹੀ ਸਮੇਂ ਉੱਤੇ ਪੰਡਤ ਜੀ ਹਵਨ ਕਰਨ ਵੀ ਆ ਗਏ। 
                 "ਪਰੀਤੀ ਪੰਡਤ ਜੀ ਜਿਆਦਾ ਹੀ ਬੁੱਢੇ ਨਹੀਂ ਲੱਗ ਰਹੇ", ਪੰਡਤ ਨੂੰ ਵੇਖ ਕੇ ਮਨੋਜ ਬੋਲਿਆ। 
      "ਆਪਾਂ ਤਾਂ ਹਵਨ ਹੀ ਕਰਵਾਉਣਾ ਹੈ।ਤੁਸੀਂ ਕਿਹੜਾ ਕੁਸ਼ਤੀ ਕਰਨੀ ਹੈ ਪੰਡਤ ਜੀ ਨਾਲ। "
         " ਯਾਰ ਮੇਰਾ ਮਤਲਬ ਸਹੀ ਪਾਠ ਪੂਜਾ ਤਾਂ ਕਰ ਦੇਣਗੇ। "
       " ਉਮਰ ਦੇ ਹਿਸਾਬ ਨਾਲ ਤਾਂ ਤਜਰਬਾ ਹੀ ਐਨਾ ਹੋ ਗਿਆ ਹੋਣਾ ਹੈ ਕਿ ਸਾਰੇ ਮੰਤਰ ਬਿਨਾਂ ਕਿਤਾਬ ਦੇਖੇ ਹੀ ਇਹਨਾਂ ਨੇ ਪੜ੍ਹ ਦੇਣੇ ਹਨ। ਤੁਸੀਂ ਬਸ ਦੇਖਦੇ ਹੀ ਜਾਉ। "
           "ਚਲੋ ਠੀਕ ਹੈ ਪਰ ਮੈਨੂੰ ਲੱਗਦਾ ਨਹੀਂ ਪਿਆ। "
            ਹਵਨ ਦੀ ਸਾਰੀਂ ਤਿਆਰੀ ਪੰਡਤ ਜੀ ਨੇ ਕਰ ਲਈ। ਪਹਿਲੇਂ ਦੋ ਤਿੰਨ ਮੰਤਰ ਤਾਂ ਉਹਨਾਂ ਨੇ ਜੁਬਾਨੀ ਹੀ ਬੋਲ ਦਿੱਤੇ ਤੇ ਬਾਅਦ ਵਿੱਚ ਆਪਣੇ ਥੈਲੇ ਵਿੱਚੋਂ ਕਿਤਾਬ ਕੱਢ ਲਈ। ਪੰਡਤ ਜੀ ਪਾਠ ਕਰਨ ਲੱਗ ਪਏ। 
        ਪੰਡਤ ਜੀ ਨੇ ਗਲਤੀ ਨਾਲ ਗਰੁੜ-ਪੁਰਾਣ ਦੀ ਕਿਤਾਬ ਖੋਲ੍ਹ ਲਈ ਤੇ ਉਸੇ ਦਾ ਹੀ ਪਾਠ ਸ਼ੁਰੂ ਕਰ ਦਿੱਤਾ। ਸਾਨੂੰ ਤਾਂ ਕੁਝ ਪਤਾ ਨਹੀਂ ਸੀ ਕਿ ਕਿਹੜਾ ਪਾਠ ਕਰਨਾ ਹੈ ਪਰ ਕੋਲ ਬੈਠੇ ਸਾਡੇ ਇੱਕ ਬਜ਼ੁਰਗ ਗੁਆਂਢੀ ਨੇ ਪੰਡਤ ਜੀ ਨੂੰ ਪੁੱਛ ਲਿਆ। 
        "ਪੰਡਤ ਜੀ ਤੁਸੀਂ ਤਾਂ ਨਵੇਂ ਘਰ ਦੇ ਮਹੁੱਰਤ ਲਈ ਹਵਨ ਕਰਨ ਲਈ ਆਏ ਹੋ ਪਰ ਤੁਸੀਂ ਤਾਂ  ਗਰੁੜ-ਪੁਰਾਣ ਦਾ ਪਾਠ ਕਰ ਰਹੇ ਹੋ ਜੋ ਕਿਸੇ ਦੇ ਮਰਨ ਉੱਤੇ ਕੀਤਾ ਜਾਂਦਾ ਹੈ। "
           " ਕੋਈ ਗੱਲ ਨਹੀਂ ਜਜਮਾਨਾਂ ਜਲਦੀ ਨਾਲ ਮੈਂ ਗਰੁੜ-ਪੁਰਾਣ ਦੇ ਪਾਠ ਵਾਲੀ ਕਿਤਾਬ ਲੈ ਕੇ ਆ ਗਿਆ ਹਾਂ।ਮੈਂ ਇਸ ਪੋ੍ਗਰਾਮ ਤੋਂ ਬਾਅਦ ਕਿਸੇ ਦੇ ਘਰ ਗਰੁੜ-ਪੁਰਾਣ ਦਾ ਪਾਠ ਕਰਨ ਜਾਣਾ ਸੀ। ਮੈਂ ਹੁਣੇ ਹੀ ਦੂਜੀ ਕਿਤਾਬ ਮੰਗਵਾ ਲੈਂਦਾ ਹਾਂ ਤੇ ਘਰ ਦੇ ਮਹੁੱਰਤ ਵਾਲਾ ਪਾਠ ਕਰ ਦਿੰਦਾ ਹਾਂ ।ਨਾਲੇ ਹਵਨ ਤਾਂ ਦੋਨਾਂ ਵਿੱਚ ਹੀ ਇੱਕ ਹੀ ਹੁੰਦਾ ਹੈ। ਹਵਨ ਵਿੱਚ ਕੋਈ ਫ਼ਰਕ ਨਹੀਂ ਹਾ। ", ਪੰਡਤ ਜੀ ਨੇ ਬੜੀ ਸਰਲਤਾ ਨਾਲ ਜਵਾਬ ਦੇ ਦਿੱਤਾ। 
           " ਪੰਡਤ ਜੀ ਸਾਡਾ ਤਾਂ ਠੀਕ ਹੈ ਪਰ ਜੇ ਉਹਨਾਂ ਦੇ ਘਰ ਖੁਸ਼ੀ ਵਾਲਾ ਪਾਠ ਕਰ ਦਿੰਦੇ ਤਾਂ ਕੀ ਬਣਦਾ? "ਮੈਂ  ਵੀ ਨਾਲ ਦੀ ਨਾਲ ਪੰਡਤ ਜੀ ਨੂੰ ਸਵਾਲ ਪੁੱਛ ਲਿਆ।ਮੇਰੇ ਸਵਾਲ ਤੋਂ ਬਾਅਦ ਪੰਡਤ ਜੀ ਦਾ ਮੂੰਹ ਦੇਖਣ ਵਾਲਾ ਸੀ। 
        ਸਾਨੂੰ ਸਮਝ ਨਹੀਂ ਆ ਰਿਹਾ ਸੀ ਕਿ ਅਸੀਂ ਪੰਡਤ ਜੀ ਉੱਤੇ ਹੈਰਾਨ ਹੋਈਏ ਕਿ ਗੁੱਸਾ ਕਰੀਏ ਜਾਂ ਹੱਸੀਏ। 
                               ਸੰਦੀਪ ਦਿਉੜਾ
                           8437556667