You are here

ਪੰਜਾਬ

ਸਿੱਧੂ ਵਲੋਂ ਸਰਕਾਰੀ ਕੋਠੀ ਖ਼ਾਲੀ

ਮੀਡੀਆ ਤੋਂ ਦੂਰ ਹੀ ਰਹੇ ਪਰ ਖੁਦ ਆਏ ਕੋਠੀ ਖਾਲੀ ਕਰਨ

ਚੰਡੀਗੜ੍ਹ , ਜੁਲਾਈ 2019 - ਰਾਜਪਾਲ ਵੱਲੋਂ ਅਸਤੀਫ਼ਾ ਮਨਜ਼ੂਰ ਕੀਤੇ ਜਾਣ ਤੋਂ ਬਾਅਦ ਅੱਜ ਨਵਜੋਤ ਸਿੱਧੂ ਨੇ ਮੁਕੰਮਲ ਤੌਰ ਤੇ ਆਪਣੀ ਸਰਕਾਰੀ ਕੋਠੀ ਨੂੰ ਫਤਹਿ ਬੁਲਾ ਦਿੱਤੀ ।ਸੈਕਟਰ 2 ਵਿਚ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਦੇ ਨੇੜਲੀ ਇਸ ਕੋਠੀ ਨੂੰ ਖ਼ਾਲੀ ਕਰਨ ਲਾਈ ਖ਼ੁਦ ਸਿੱਧੂ ਇੱਥੇ ਪੁੱਜੇ ਪਰ ਮੀਡੀਆ ਤੋਂ ਉਹ ਦੂਰ ਹੀ ਰਹੇ। ਮੀਡੀਆ ਕਰਮੀਆਂ ਵੱਲੋਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਉਹ ਬੰਦ ਮੋਟਰ ਗੱਡੀਆਂ ਵਿਚ ਹੀ ਬੈਠ ਕੇ ਬਿਨਾਂ ਕੋਈ ਗੱਲਬਾਤ ਕੀਤਿਆਂ ਵਾਪਸ ਚਲੇ ਗਏ।
ਸਿੱਧੂ ਵਲੋਂ ਇਹ ਸਰਕਾਰੀ ਰਿਹਾਇਸ਼ ਖ਼ਾਲੀ ਕਰਕੇ ਸਰਕਾਰੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤੀ । ਉਨ੍ਹਾਂ ਟਵੀਟ ਕਰ ਕੇ ਵੀ ਜਾਣਕਾਰੀ ਦਿੱਤੀ ਕਿ " ਸਰਕਾਰੀ ਬੰਗਲਾ ਖ਼ਾਲੀ ਕਰ ਦਿੱਤਾ ਹੈ , ਅਤੇ ਪੰਜਾਬ ਸਰਕਾਰ ਦੇ ਹਵਾਲੇ ਕਰ ਦਿੱਤਾ ਹੈ । " 
ਉਂਜ ਕੱਲ੍ਹ ਹੀ ਕੋਠੀ ਦਾ ਕਾਫ਼ੀ ਸਮਾਨ ਟਰੱਕ ਰਾਹੀਂ ਲਿਜਾਇਆ ਗਿਆ ਗਿਆ ਸੀ ਬਾਕੀ ਸਮਾਂ ਅੱਜ ਉਹ ਖ਼ੁਦ ਆ ਕੇ ਲੈ ਗਏ ।ਸ਼ਾਇਦ ਅੱਜ ਉਹ ਇਸ ਲਈ ਆਏ ਕਿਉਂਕਿ ਸਰਕਾਰੀ ਕੋਠੀ ਹੈਂਡ ਓਵਰ ਕਰਨ ਲਈ ਉਨ੍ਹਾਂ ਨੂੰ ਖ਼ੁਦ ਹੀ ਆਉਣਾ ਪੈਣਾ ਸੀ ।
ਸਵਾ ਦੋ ਸਾਲ ਪਹਿਲਾਂ ਕੈਪਟਨ ਸਰਕਾਰ ਵਿਚ ਵਜ਼ੀਰ ਬਣ ਜਾਣ ਤੋਂ ਬਾਅਦ ਸਿੱਧੂ ਨੂੰ ਇਹ ਸਰਕਾਰੀ ਕੋਠੀ ਮਿਲੀ ਸੀ।

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ, ਲੁਧਿਆਣਾ ਵਲੋਂ ਨਕਲੀ ਖਾਦਾਂ ਤੇ ਦਵਾਈਆਂ ਵੇਚਣ ਵਾਲਿਆਂ ਤੇ ਕੱਸਿਆ ਸਿਕੰਜਾ

ਕਿਸਾਨਾਂ ਨੂੰ ਨਕਲੀ ਖਾਦ/ਕੀਟਨਾਸ਼ਕ ਦਵਾਈਆਂ ਵੇਚਣ ਵਾਲਿਆਂ ਖਿਲਾਫ ਸਖ਼ਤੀ ਨਾਲ ਹੋਵੇਗੀ ਕਾਰਵਾਈ - ਡਿਪਟੀ ਕਮਿਸ਼ਨਰ ਲੁਧਿਆਣਾ

ਲੁਧਿਆਣਾ, ਜੁਲਾਈ ( ਮਨਜਿੰਦਰ ਗਿੱਲ )- ਤੰਦਰੁਸਤ ਪੰਜਾਬ ਦੇ ਮਿਸ਼ਨ ਡਾਇਰੈਕਟਰ ਅਤੇ  ਸਕੱਤਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ. ਕਾਹਨ ਸਿੰਘ ਪੰਨੂੰ, ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ  ਡਾ. ਸਵਤੰਤਰ ਕੁਮਾਰ ਐਰੀ ਦੇ ਦਿਸ਼ਾ ਨਿਰਦੇਸ਼ਾਂ  ਤਹਿਤ ਮੁੱਖ ਖੇਤੀਬਾੜੀ ਅਫਸਰ,ਲੁਧਿਆਣਾ ਡਾ. ਬਲਦੇਵ ਸਿੰਘ ਦੀ ਯੋਗ ਅਗਵਾਈ ਹੇਠ  ਬਲਾਕ ਸਿਧਵਾਂ ਬੇਟ  ਦੇ ਖੇਤੀਬਾੜੀ ਅਫਸਰ ਡਾ. ਨਿਰਮਲ ਸਿੰਘ ਦੀ ਟੀਮ ਜਿਨ੍ਹਾਂ ਵਿਚ ਡਾ. ਕ੍ਰਿਪਾਲ ਸਿੰਘ, ਡਾ. ਸਾਹਬ ਅਹਿਮਦ, ਖੇਤੀਬਾੜੀ ਵਿਕਾਸ ਅਫਸਰ, ਡਾ. ਵਿਕਰਾਂਤ, ਡਾ.ਸ਼ੇਰਅਜੀਤ ਸਿੰਘ, ਜਸਕੀਰਤ ਸਿੰਘ ਨਾਲ ਭੂੰਦੜੀ ਵਿਖੇ  ਮੈ/ਸ ਭਰੋਵਾਲ ਕਿਸਾਨ ਸੇਵਾ ਕੇਂਦਰ 'ਤੇ ਛਾਪੇ ਮਾਰੀ ਦੌਰਾਨ ਨਕਲੀ ਖਾਦ ( ਜਿੰਕ ਸਲਫੇਟ 33) ਬਰਾਮਦ ਕੀਤੀ।  ਸਮੁੱਚੀ ਟੀਮ ਵਲੋਂ ਕਾਰਵਾਈ ਕਰਦੇ ਹੋਏ  ਨਕਲੀ ਖਾਦ ਦੇ ਸੈਂਪਲ ਭਰੇ ਗਏ ਅਤੇ ਸਟਾਕ ਨੂੰ ਆਪਣੇ ਕਬਜੇ ਵਿਚ ਲਿਆ ਅਤੇ ਸੈਂਪਲ  ਪਰਖ  ਕਰਵਾਉਣ ਲਈ ਲਬਾਰਟਰੀ ਨੂੰ ਭੇਜ ਦਿਤੇ ਗਏ ਹਨ। ਖੇਤੀਬਾੜੀ  ਵਿਭਾਗ ਦੀ ਟੀਮ ਵਲੋਂ ਛਾਪੇਮਾਰੀ ਦੌਰਾਨ  ਅਣ੍ਰਅਧਿਕਾਰਤ  ਅਤੇ ਗੈਰ ਮਿਆਰੀ ਖਾਦਾਂ ਅਤੇ ਕੀਟਨਾਸ਼ਕਾਂ ਦੀ ਸੇਲ ਬੰਦ ਕਰਕੇ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਇਹ ਖਾਦ  ਟਾਟਾ ਪਾਰਸ ਕੰਪਨੀ ਵਲੋਂ ਮਾਰਕੀਟ ਕੀਤੀ ਗਈ ਸੀ ਅਤੇ  ਗਨੇਸ਼ ਐਗਰੋ ਸੰਗਰੂਰ (ਬੈਚ ਨੰ: BA-115-08-919) ਵਲੋਂ ਜੂਨ, 2018 ਵਿੱਚ ਤਿਆਰ ਕੀਤੀ ਗਈ ਸੀ। ਮੁੱਖ ਖੇਤੀਬਾੜੀ ਅਫਸਰ, ਡਾ. ਬਲਦੇਵ ਸਿੰਘ ਵਲੋਂ ਨਕਲੀ ਖਾਦ ਦਾ ਮਾਮਲਾ ਮਾਨਯੋਗ  ਡਿਪਟੀ ਕਮਿਸਨਰ, ਲੁਧਿਆਣਾ, ਪ੍ਰਦੀਪ ਅਗਰਵਾਲ ਜੀ ਦੇ ਧਿਆਨ ਵਿਚ ਲਿਆਂਦਾ ਗਿਆ ਅਤੇ ਉਹਨਾਂ ਨੇ  ਕਿਹਾ ਕਿ  ਕਿਸਾਨਾਂ ਨੂੰ ਨਕਲੀ ਖਾਦ/ਕੀਟਨਾਸ਼ਕ ਦਵਾਈਆਂ ਵੇਚਣ ਵਾਲਿਆਂ  ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ ਅਤੇ ਕਿਸਾਨਾਂ ਦੀ ਲੁਟ ਬਰਦਾਸ਼ਤ ਨਹੀਂ ਹੋਵੇਗੀ । ਡਾ. ਬਲਦੇਵ ਸਿੰਘ ਨੇ ਕਿਹਾ ਕਿ  ਖੇਤੀਬਾੜੀ ਵਿਭਾਗ  ਦੀ ਹੈਲਪ ਲਾਈਨ ਨੰਬਰ 84373-12288 ਤੇ ਕਿਸੇ ਵੇਲੇ ਵੀ ਕੋਈ ਕਿਸਾਨ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ ਅਤੇ  ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਤੁਰੰਤ ਸਖਤੀ ਨਾਲ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸ਼ਿਕਾਇਤ ਕਰਤਾ ਕਿਸਾਨ  ਗੁਰਪ੍ਰੀਤ ਸਿੰਘ ਭਰੋਵਾਲ, ਕੁਲਦੀਪ ਸਿੰਘ, ਦਲਜੀਤ ਸਿੰਘ, ਪਲਵਿੰਦਰ ਸਿੰਘ ਗੋਰਾ, ਦਵਿੰਦਰ ਸਿੰਘ, ਅਮਰਜੀਤ ਸਿੰਘ  ਅਤੇ ਹੋਰ  ਕਿਸਾਨ  ਵੀ ਹਾਜਰ ਸਨ।

ਧਨੇਰ ਵਿਖੇ ਯੋਗਾ ਸਿਖਲਾਈ ਕੈਪ ਲਗਵਾਈਆ

ਮਹਿਲ  ਕਲਾ /ਬਰਨਾਲਾ,ਜੁਲਾਈ 2019- (ਗੁਰਸੇਵਕ ਸੋਹੀ) - ਹੈਲਥ ਸੈਟਰ ਧਨੇਰ ਵਿਖੇ ਐਸ ਐਮ ਓ ਮਹਿਲ  ਕਲਾ ਹਰਜਿੰਦਰ ਸਿੰਘ ਦੇ ਦਿਸਾ ਨਿਰਦੇਸ  ਦਸ ਦਿਨਾ ਯੋਗਾ ਟਰੇਨਿੰਗ ਕੈਪ ਲਗਾਈਆ ਗਿਆ । ਇਸ ਮੌਕੇ ਯੋਗਾ ਟਰੇਨਿੰਗ ਡਾ:  ਸਵਿੰਦਰਜੀਤ ਸਿੰਘ ਨੇ ਦੱਸਿਆ ਕੇ ਆਪਣੀ ਸਿਹਤ ਠੀਕ ਰੱਖਣ ਲਈ ਯੋਗਾ ਕਰਨਾ ਜਰੂਰੀ ਹੈ।ਯੋਗਾ ਕਰਨ ਨਾਲ ਸਰੀਰ ਵਿੱਚ ਚੁਸਤੀ ਫੁਰਤੀ ਤੇ ਤੰਦਰੁਸਤੀ ਆਉਂਦੀ ਹੈ।  ਬਿਮਾਰੀਆ ਤੋ ਛੁਟਕਾਰਾ ਮਿਲਦਾ ਹੈ ਇਸ ਕੈਪ ਵਿੱਚ ਦਰਜਨਾ  ਵਿਅਕਤੀਆ ਨੇ ਯੋਗੇ ਦੀ ਟਰੇਨਿੰਗ ਲਈ।ਇਸ ਸਮੇ ਅਰਸ਼ਦੀਪ ਕੌਰ ਕਮਿਉਨਟੀ ਹੈਲਥ  ਅਫਸਰ ,ਹਰਮਨਦੀਪ ਕੌਰ ਮਲਟੀਪਰਜ ਹੈਲਥ ਵਰਕਰ ਫੀਮੇਲ,ਬਲਜਿੰਦਰ ਸਿੰਘ ਮਲਟੀਪਰਜ ਹੈਲਥ ਵਰਕਰ ਆਦਿ।

ਪਿੰਡ ਗਹਿਲ ਵਿਖੇ ਛੱਪੜ ਦੀ ਵੀ ਸਾਰ ਲੈ ਲੋ ਕੈਪਟਨ ਸਰਕਾਰ

ਬਰਨਾਲਾ ,ਜੁਲਾਈ 2019 (ਗੁਰਸੇਵਕ ਸੋਹੀ)  ਪਿੰਡ ਗਹਿਲ ਵਿਖੇ ਛੱਪੜ ਦੀ ਐਨੀ ਕੁ ਬੁਰੀ ਹਾਲਤ  ਹੈ ਕਿ ਕੋਈ ਵੀ ਬੇਜਬਾਨ  ਪਸੂ ਅਚਾਨਕ ਹੋਰ  ਵੀ ਕੋਈ ਘਟਨਾ ਵਾਪਰ ਸਕਦੀ ਹੈ ਕੋਈ ਵੀ ਘਟਣਾ ਨੂੰ ਰੋਕਨ ਲਈ ਤਾਰ ਬਗੈਰਾ  ਦਾ ਪਰਬੰਦ ਨਈ ਹੈ।  ਪਰਸਾਸਨ ਕੁੰਭ ਕਰਨੀ ਨੀਦ ਸੁਤਾ ਪਿਆ ਹੈ।ਇਹ ਕਹਿਣਾ ਹੈ ਗਹਿਲਾ ਪਿੰਡ ਦੇ ਵਾਸੀਆਂ ਦਾ।

ਲੁਧਿਆਣਾ ਸਿਟੀ ਸੈਂਟਰ ਘੁਟਾਲੇ ਦੀ ਫਾਈਲ ਗੁੰਮ

ਚੰਡੀਗੜ੍ਹ, ਜੁਲਾਈ 2019- ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਵਿੱਚੋਂ ਲੁਧਿਆਣਾ ਸਿਟੀ ਸੈਂਟਰ ਘੁਟਾਲੇ ਨਾਲ ਸਬੰਧਤ ਫਾਈਲ ਸਮੇਤ ਕੁੱਝ ਹੋਰ ਮਹੱਤਵਪੂਰਨ ਫਾਈਲਾਂ ਗੁੰਮ ਹਨ। ਇਨ੍ਹਾਂ ਫਾਈਲਾਂ ਨੂੰ ਲੱਭਣ ਲਈ ਗੰਭੀਰ ਯਤਨ ਕੀਤੇ ਜਾ ਰਹੇ ਹਨ। ਸਿਟੀ ਸੈਂਟਰ ਘੁਟਾਲੇ ਨਾਲ ਸਬੰਧਤ ਕੇਸ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਂਅ ਵੀ ਕਥਿਤ ਤੌਰ ’ਤੇ ਜੁੜਦਾ ਹੈ, ਇਸ ਕੇਸ ਲੁਧਿਆਣਾ ਦੀ ਅਦਾਲਤ ਵਿੱਚ ਚੱਲ ਰਿਹਾ ਹੈ।
ਪੰਜਾਬ ਵਿਜੀਲੈਂਸ ਬਿਊਰੋ ਪਹਿਲਾਂ ਹੀ 1144 ਕਰੋੜ ਰੁਪਏ ਦੇ ਕਥਿਤ ਲੁਧਿਆਣਾ ਸਿਟੀ ਸੈਂਟਰ ਘੁਟਾਲੇ ਵਿੱਚ ਮੁੱਖ ਮੰਤਰੀ ਨੂੰ ਕਲੀਨ ਚਿੱਟ ਦੇ ਚੁੱਕੀ ਹੈ ਤੇ ਇਸ ਕੇਸ ਨੂੰ ਬੰਦ ਕਰਵਾਉਣ ਦੀ ਤਿਆਰੀ ਵਿੱਚ ਹੈ। ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਜਿਹੜੀਆਂ ਪੰਜ ਫਾਈਲਾਂ ਗੁੰਮ ਹਨ, ਇਨ੍ਹਾਂ ਵਿੱਚ ਈਸ਼ਰ ਨਗਰ ਲੁਧਿਆਣਾ ਦੀ ਖੇਤੀਬਾੜੀ ਜ਼ਮੀਨ ਵਿੱਚ ਨਜਾਇਜ਼ ਉਸਾਰੀਆਂ ਨਾਲ ਸਬੰਧਤ ਫਾਈਲ, ਨਗਰ ਪਾਲਿਕਾਵਾਂ ਦੇ ਅਧਿਕਾਰ ਖੇਤਰ ਵਿਚੋ ਮਨੋਰੰਜਨ ਟੈਕਸ ਨਾਲ ਸਬੰਧਤ ਫਾਈਲ, ਨਗਰ ਪੰਚਾਇਤ ਮਹਿਰਾਜ ਬਠਿੰਡਾ ਵਿੱਚ ਨਵੇਂ ਕਰਵਾਏ ਜਾਣ ਵਾਲੇ ਵਿਕਾਸ ਕੰਮਾਂ ਨਾਲ ਸਬੰਧਤ ਫਾਈਲ ਵੀ ਸ਼ਾਮਲ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਸਥਾਨਕ ਸਰਕਾਰਾਂ ਬਾਰੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵਿਭਾਗ ਬਦਲੇ ਜਾਣ ਪਿਛੋਂ ਚਾਰਜ ਛੱਡਣ ਸਮੇਂ ਅਹਿਮ ਫਾਈਲਾਂ ਵਿਭਾਗ ਨੂੰ ਵਾਪਸ ਦੇ ਦਿੱਤੀਆਂ ਸਨ ਪਰ ਲੁਧਿਆਣਾ ਸਿਟੀ ਸੈਂਟਰ ਘੁਟਾਲੇ ਨਾਲ ਸਬੰਧਤ ਅਤੇ ਕੁੱਝ ਹੋਰ ਫਾਈਲਾਂ ਨਹੀਂ ਮਿਲ ਰਹੀਆਂ। ਜੇ ਇਹ ਫਾਈਲਾਂ ਨਹੀਂ ਮਿਲਦੀਆਂ ਤਾਂ ਇਨ੍ਹਾਂ ਫਾਈਲਾਂ ਨੂੰ ਮੁੜ ਤਿਆਰ ਕਰਨਾ ਪਵੇਗਾ ਪਰ ਵਿਭਾਗ ਗੁੰਮ ਫਾਈਲਾਂ ਨੂੰ ਲੱਭਣ ਲਈ ਪੂਰੀ ਵਾਹ ਲਾ ਰਿਹਾ ਹੈ। ਪਤਾ ਲੱਗਾ ਹੈ ਕਿ ਵਿਭਾਗ ਨੇ ਇਨ੍ਹਾਂ ਫਾਈਲਾਂ ਦੀ ਜਾਣਕਾਰੀ ਮੁੱਖ ਮੰਤਰੀ ਨੂੰ ਦੇਣ ਲਈ ਸੂਚੀ ਤਿਆਰ ਕਰ ਲਈ ਹੈ।
ਫਾਈਲਾਂ ਨਾ ਮਿਲਣ ਕਰਕੇ ਇਕ ਸੀਨੀਅਰ ਅਧਿਕਾਰੀ ਨੂੰ ਸਿੱਧੂ ਨਾਲ ਸੰਪਰਕ ਰੱਖਣ ਲਈ ਕਿਹਾ ਗਿਆ ਤਾਂ ਇਸ ਗੱਲ ਦਾ ਪਤਾ ਲਾਇਆ ਜਾ ਸਕੇ ਕਿ ਜਿਹੜੀਆਂ ਫਾਈਲਾਂ ਮਿਲ ਨਹੀਂ ਰਹੀਆਂ, ਉਹ ਸਿੱਧੂ ਕੋਲ ਹਨ ਜਾਂ ਨਹੀਂ। ਪਰ ਸਿੱਧੂ ਨਾਲ ਛੇ ਜੂਨ ਤੋਂ ਬਾਅਦ ਕਿਸੇ ਦਾ ਕੋਈ ਤਾਲਮੇਲ ਨਹੀਂ ਹੈ। ਉਨ੍ਹਾਂ ਨੇ ਆਪਣੇ ਅਸਤੀਫ਼ੇ ਦੀ ਜਾਣਕਾਰੀ ਵੀ ਟਵਿੱਟਰ ‘ਤੇ ਹੀ ਦਿੱਤੀ ਸੀ। ਉਨ੍ਹਾਂ ਨੇ ਆਪਣਾ ਅਸਤੀਫ਼ਾ ਆਪਣੇ ਇਕ ਕਰੀਬੀ ਮਿੱਤਰ ਰਾਹੀਂ ਮੁੱਖ ਮੰਤਰੀ ਦੇ ਸਰਕਾਰੀ ਨਿਵਾਸ ਸਥਾਨ ਉੱਤੇ ਭੇਜਿਆ ਸੀ। ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ, ਜੋ ਸਿੱਧੂ ਵਲੋਂ ਕਲੀਅਰ ਨਾ ਕੀਤੀਆ ਫਾਈਲਾਂ ਦੇ ਢੇਰ ਨੂੰ ਨਿਬੇੜਨ ਵਿੱਚ ਲੱਗੇ ਹਨ, ਨੇ ਕਿਹਾ ਕਿ ਉਨ੍ਹਾਂ ਨੇ ਵਿਭਾਗ ਕੋਲੋਂ ਫਾਈਲਾਂ ਦੀ ਸੂਚੀ ਮੰਗੀ ਹੈ ਤੇ ਸੂਚੀ ਮਿਲਣ ਤੋਂ ਬਾਅਦ ਹੀ ‘ਗੁੰਮ’ ਫਾਈਲਾਂ ਬਾਰੇ ਕੁੱਝ ਕਹਿਣ ਦੀ ਸਥਿਤੀ ਵਿੱਚ ਹੋਣਗੇ।

ਮੂਨਕ ਨੇੜੇ ਘੱਗਰ ’ਚ ਪਿਆ 70 ਫੁੱਟ ਚੌੜਾ ਪਾੜ

ਸੰਗਰੂਰ/ਮੂਨਕ,ਜੁਲਾਈ 2019- ਸੰਗਰੂਰ ਜ਼ਿਲ੍ਹੇ ’ਚੋਂ ਲੰਘਦੇ ਘੱਗਰ ਦਰਿਆ ਦੇ ਬੰਨ੍ਹ ਵਿਚ ਮੂਨਕ ਦੇ ਪਿੰਡ ਫੂਲਦ ਕੋਲ ਅੱਜ ਸਵੇਰੇ ਵੱਡਾ ਪਾੜ ਪੈਣ ਕਾਰਨ ਨੇੜਲੇ ਕਈ ਪਿੰਡਾਂ ਦੀ ਕਰੀਬ ਤਿੰਨ ਤੋਂ ਚਾਰ ਹਜ਼ਾਰ ਏਕੜ ਫ਼ਸਲ ਪਾਣੀ ਵਿਚ ਡੁੱਬ ਗਈ ਹੈ। ਇਸ ਕਾਰਨ ਘੱਗਰ ਨੇੜਲੇ ਪਿੰਡਾਂ ਦੇ ਲੋਕਾਂ ’ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਘੱਗਰ ਦੇ ਬੰਨ੍ਹਾਂ ’ਚ ਕਈ ਥਾਈਂ ਆਈਆਂ ਦਰਾੜਾਂ ਕਾਰਨ ਲੋਕ ਸਹਿਮੇ ਹੋਏ ਹਨ। ਮੂਨਕ ਨੇੜਲੇ ਪਿੰਡਾਂ ਦੇ ਸੈਂਕੜੇ ਲੋਕ ਸਵੇਰ ਤੋਂ ਹੀ ਪਾੜ ਪੂਰਨ ਵਿਚ ਜੁਟੇ ਹੋਏ ਹਨ। ਇਸ ਸਥਿਤੀ ਨਾਲ ਨਜਿੱਠਣ ਲਈ ਬਾਅਦ ਦੁਪਹਿਰ ਭਾਰਤੀ ਫੌਜ, ਐਨ.ਡੀ.ਆਰ.ਐਫ. ਅਤੇ ਐਸ.ਡੀ.ਆਰ.ਐਫ. ਦੀਆਂ ਟੀਮਾਂ ਮੌਕੇ ’ਤੇ ਪੁੱਜ ਕੇ ਪਾੜ ਪੂਰਨ ਦੇ ਕਾਰਜ ਵਿਚ ਜੁਟ ਗਈਆਂ ਹਨ। ਘੱਗਰ ਦਰਿਆ ’ਚ ਪਾੜ ਪੈਣ ਕਾਰਨ ਲਗਾਤਾਰ ਫੈਲ ਰਹੇ ਪਾਣੀ ਦੇ ਮੱਦੇਨਜ਼ਰ ਮੂਨਕ ਸ਼ਹਿਰ ਅਤੇ ਨੇੜਲੇ ਪਿੰਡਾਂ ਵਿਚ ਸਪੀਕਰਾਂ ਰਾਹੀਂ ਹੋਕੇ ਦੇ ਕੇ ਲੋਕਾਂ ਨੂੰ ਸੁਚੇਤ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ 18/07/19 ਸਵੇਰੇ ਕਰੀਬ ਛੇ ਵਜੇ ਮੂਨਕ ਨੇੜਲੇ ਪਿੰਡ ਮਕੋਰੜ ਸਾਹਿਬ ਅਤੇ ਫੂਲਦ ਵਿਚਾਲੇ ਘੱਗਰ ਦਰਿਆ ਦੇ ਬੰਨ੍ਹ ਵਿਚ ਕਰੀਬ 25 ਫੁੱਟ ਪਾੜ ਪੈ ਗਿਆ। ਪਤਾ ਲੱਗਦਿਆਂ ਹੀ ਸੈਂਕੜੇ ਲੋਕ ਮੌਕੇ ’ਤੇ ਇਕੱਠੇ ਹੋ ਗਏ ਅਤੇ ਆਪ ਹੀ ਥੈਲਿਆਂ ਵਿਚ ਮਿੱਟੀ ਭਰ ਕੇ ਅਤੇ ਦਰੱਖਤ ਆਦਿ ਸੁੱਟ ਕੇ ਪਾੜ ਨੂੰ ਭਰਨ ਵਿਚ ਜੁਟ ਗਏ ਪ੍ਰੰਤੂ ਪਾਣੀ ਦੇ ਤੇਜ਼ ਵਹਾਅ ਕਾਰਨ ਉਨ੍ਹਾਂ ਨੂੰ ਸਫ਼ਲਤਾ ਨਾ ਮਿਲੀ। ਸੂਚਨਾ ਮਿਲਦਿਆਂ ਹੀ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਅਤੇ ਜ਼ਿਲ੍ਹਾ ਪੁਲੀਸ ਮੁਖੀ ਡਾ. ਸੰਦੀਪ ਗਰਗ ਵੀ ਮੌਕੇ ’ਤੇ ਪੁੱਜ ਗਏ। ਪਾੜ ਪੈਣ ਦੀ ਸੂਚਨਾ ਮਿਲਣ ’ਤੇ ਬਾਅਦ ਦੁਪਹਿਰ ਦੋ ਵਜੇ ਤੱਕ ਭਾਰਤੀ ਫੌਜ, ਐਨ.ਡੀ.ਆਰ.ਐਫ਼ ਅਤੇ ਐਸ.ਡੀ.ਆਰ.ਐਫ ਦੀਆਂ ਟੀਮਾਂ ਵੀ ਪੁੱਜ ਗਈਆਂ ਸਨ। ਪ੍ਰਸ਼ਾਸਨ ਵਲੋਂ ਮੌਕੇ ’ਤੇ ਥੈਲਿਆਂ ਵਿੱਚ ਮਿੱਟੀ ਭਰਨ ਲਈ ਜੇਸੀਬੀ ਮਸ਼ੀਨਾਂ ਮੰਗਵਾਈਆਂ ਗਈਆਂ ਅਤੇ ਮਨਰੇਗਾ ਮਜ਼ਦੂਰ ਔਰਤਾਂ ਨੂੰ ਵੀ ਬੁਲਾ ਲਿਆ ਗਿਆ। ਪਿੰਡ ਫੂਲਦ, ਮਕੋਰੜ ਸਾਹਿਬ ਅਤੇ ਸੁਰਜਨ ਭੈਣੀ ਆਦਿ ਦੇ ਕਿਸਾਨ ਅਤੇ ਲੋਕ ਪਾੜ ਪੂਰਨ ਲਈ ਹਰ ਸੰਭਵ ਯਤਨ ਕਰ ਰਹੇ ਸਨ। ਲੱਖ ਕੋਸ਼ਿਸ਼ਾਂ ਦੇ ਬਾਵਜੂਦ ਸ਼ਾਮ ਤੱਕ ਸਿਰਫ਼ ਤਿੰਨ ਫੁੱਟ ਤੱਕ ਹੀ ਪਾੜ ਪੂਰਿਆ ਜਾ ਸਕਿਆ ਸੀ ਪ੍ਰੰਤੂ ਪਾਣੀ ਦੇ ਤੇਜ਼ ਵਹਾਅ ਕਾਰਨ ਪਾੜ ਕਰੀਬ 20 ਫੁੱੱਟ ਹੋਰ ਵਧ ਗਿਆ ਅਤੇ ਇਹ ਪਾੜ ਕਰੀਬ 60 ਫੁੱਟ ਤੱਕ ਪੁੱਜ ਗਿਆ। ਪਿੰਡ ਮਕੋਰੜ ਸਾਹਿਬ, ਫੂਲਦ ਅਤੇ ਸੁਰਜਨ ਭੈਣੀ ਦੀ ਕਰੀਬ ਤਿੰਨ ਤੋਂ ਚਾਰ ਹਜ਼ਾਰ ਏਕੜ ਫਸਲ ਪਾਣੀ ਵਿਚ ਡੁੱਬ ਗਈ ਹੈ ਅਤੇ ਪਾਣੀ ਦਾ ਤੇਜ਼ ਵਹਾਅ ਲਗਾਤਾਰ ਅੱਗੇ ਵਧ ਰਿਹਾ ਹੈ। ਪਿੰਡ ਸੁਰਜਨ ਭੈਣੀ, ਸਲੇਮਗੜ੍ਹ, ਮਕੋਰੜ ਸਾਹਿਬ, ਕੜੈਲ ਆਦਿ ਵਿਚ ਸਹਿਮ ਦਾ ਮਾਹੌਲ ਹੈ ਕਿਉਂਕਿ ਇਨ੍ਹਾਂ ਪਿੰਡਾਂ ਦੇ ਲੋਕ ਪਹਿਲਾਂ ਵੀ ਘੱਗਰ ਦੀ ਮਾਰ ਝੱਲ ਚੁੱਕੇ ਹਨ। ਦੇਰ ਸ਼ਾਮ ਤੱਕ ਪਾੜ ਵੱਧ ਕੇ 70 ਫੁੱਟ ਤੱਕ ਪੁੱਜ ਚੁੱਕਿਆ ਸੀ ਅਤੇ ਮੂਨਕ ਸ਼ਹਿਰ ਦੀਆਂ ਨੇੜਲੀਆਂ ਬਸਤੀਆਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪੁੱਜਣ ਦੀ ਅਪੀਲ ਕੀਤੀ ਗਈ ਹੈ। ਇਸ ਮੌਕੇ ਪੁੱਜੇ ਹਲਕਾ ਲਹਿਰਾਗਾਗਾ ਦੇ ਵਿਧਾਇਕ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਘੱਗਰ ਦਰਿਆ ਵਿਚ ਪਏ ਪਾੜ ਲਈ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਦੋਸ਼ ਲਾਇਆ ਹੈ ਕਿ ਘੱਗਰ ਦਰਿਆ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਅਤੇ ਇਸ ਦੀ ਸਫ਼ਾਈ ਕਰਾਉਣ ਦੀ ਲੋੜ ਨਹੀਂ ਸਮਝੀ ਗਈ। ਭਾਕਿਯੂ (ਡਕੌਂਦਾ) ਦੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਵੀ ਪੰਜਾਬ ਸਰਕਾਰ ਦੀ ਲਾਪ੍ਰਵਾਹੀ ਦੀ ਨਿੰਦਾ ਕਰਦਿਆਂ ਕਿਸਾਨਾਂ ਅਤੇ ਲੋਕਾਂ ਦੇ ਹੋਏ ਮਾਲੀ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਹੈ।

ਸੀਬੀਆਈ ਨੂੰ ਕੇਸ ਦੀ ਮੁੜ ਜਾਂਚ ਕਰਨ ਲਈ ਕਹੇਗੀ ਪੰਜਾਬ ਸਰਕਾਰ

ਚੰਡੀਗੜ੍ਹ, ਜੁਲਾਈ 2019-
ਪੰਜਾਬ ਦੀ ਕਾਂਗਰਸ ਸਰਕਾਰ ਸੀਬੀਆਈ ਨੂੰ ਬਰਗਾੜੀ ਦੇ ਬੇਅਦਬੀ ਕੇਸ ਨੂੰ ਬੰਦ ਕਰਨ ਦੀ ਥਾਂ ਇਸ ਦੀ ਮੁੜ ਜਾਂਚ ਕਰਨ ਲਈ ਕਹੇਗੀ ਅਤੇ ਅਦਾਲਤ ਵਿਚ ਸੁਣਵਾਈ ਦੌਰਾਨ ਕੇਸ ਨੂੰ ਬੰਦ ਕੀਤੇ ਜਾਣ ਦਾ ਵਿਰੋਧ ਕਰੇਗੀ। ਕੈਪਟਨ ਸਰਕਾਰ ਨੇ ਇਸ ਕੇਸ ਨੂੰ ਸਿਰੇ ਲਾਉਣ ਦਾ ਮੁੜ ਵਾਅਦਾ ਕੀਤਾ ਹੈ।
ਸੂਤਰਾਂ ਅਨੁਸਾਰ ਪੰਜਾਬ ਪੁਲੀਸ ਹੀ ਬਰਗਾੜੀ ਕੇਸ ਦੀ ਮੁੱਢਲੀ ਤਫਤੀਸ਼ੀ ਏਜੰਸੀ ਹੈ ਅਤੇ ਇਸ ਦੀਆਂ ਰਿਪੋਰਟਾਂ ਦੇ ਆਧਾਰ ’ਤੇ ਹੀ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਇਹ ਕੇਸ ਸੀਬੀਆਈ ਨੂੰ ਸੌਂਪਿਆ ਸੀ। ਇਸ ਲਈ ਮੁੱਢਲੀ ਜਾਂਚ ਏਜੰਸੀ ਕੇਸ ਦੀ ਮੁੜ ਘੋਖ ਕਰਨ ਲਈ ਸੀਬੀਆਈ ਨੂੰ ਕਹਿ ਸਕਦੀ ਹੈ।
ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੇ ਕਹਿਣ ’ਤੇ ਸੂਬਾ ਪੁਲੀਸ ਦੇ ਮੁਖੀ ਦਿਨਕਰ ਗੁਪਤਾ ਵਲੋਂ ਸੀਬੀਆਈ ਨੂੰ ਕੇਸ ਬੰਦ ਕਰਨ ਦੀ ਥਾਂ ਮੁੜ ਜਾਂਚ ਕਰਨ ਲਈ ਆਖਿਆ ਜਾਵੇਗਾ ਕਿਉਂਕਿ ਪੰਜਾਬ ਪੁਲੀਸ ਵਲੋਂ ਕੀਤੀ ਜਾਂਚ ਵਿਚ ਕੁਝ ਨਵੇਂ ਤੱਥ ਸਾਹਮਣੇ ਆਏ ਹਨ। ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ ਵਲੋਂ ਕੀਤੀ ਜਾਂਚ ਵਿੱਚ ਡੇਰਾ ਸਿਰਸਾ ਦੇ ਅਹਿਮ ਕਾਰਕੁਨ ਮਹਿੰਦਰਪਾਲ ਬਿੱਟੂ, ਜਿਸ ਦਾ ਪਿਛਲੇ ਦਿਨੀਂ ਨਾਭਾ ਜੇਲ੍ਹ ਵਿਚ ਕਤਲ ਹੋ ਗਿਆ ਸੀ, ਨੇ ਬੇਅਦਬੀ ਮਾਮਲਿਆਂ ਵਿਚ ਸ਼ਮੂਲੀਅਤ ਪ੍ਰਵਾਨ ਕੀਤੀ ਸੀ ਅਤੇ ਉਸ ਨੇ ਡੇਰੇ ਦੇ ਇਕ ਹੋਰ ਅਹਿਮ ਆਗੂ ਦਾ ਵੀ ਜ਼ਿਕਰ ਕੀਤਾ ਸੀ, ਜਿਸ ਦੇ ਇਸ਼ਾਰੇ ’ਤੇ ਬੇਅਦਬੀ ਕੀਤੀ ਗਈ।
ਪੁਲੀਸ ਨੇ ਅਜੇ ਤਕ ਉਸ ਸ਼ਖ਼ਸ, ਜਿਸ ਦੇ ਨਾਂ ਦਾ ਬਿੱਟੂ ਨੇ ਜ਼ਿਕਰ ਕੀਤਾ ਸੀ, ਤੋਂ ਤਫਤੀਸ਼ ਨਹੀਂ ਕੀਤੀ ਹੈ। ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੇ ਡੇਰਾ ਮੁਖੀ ਤੋਂ ਵੀ ਪੁੱਛ-ਪੜਤਾਲ ਕਰਨ ਸਬੰਧੀ ਪ੍ਰਵਾਨਗੀ ਮੰਗੀ ਹੈ। ਕੈਪਟਨ ਸਰਕਾਰ ਵਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਆਧਾਰ ’ਤੇ ਏਡੀਜੀਪੀ ਪ੍ਰਮੋਦ ਕੁਮਾਰ ਦੀ ਅਗਵਾਈ ਹੇਠ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ਵਿਚ ਵੀ ਕੁਝ ਨਵੇਂ ਤੱਥ ਸਾਹਮਣੇ ਆਏ ਹਨ। ਇਸ ਵਿਸ਼ੇਸ਼ ਜਾਂਚ ਟੀਮ ਦੇ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਨੇ ਸਿੱਟ ਦੀ ਅੰਤਰਿਮ ਰਿਪੋਰਟ ਫ਼ਰੀਦਕੋਟ ਦੀ ਅਦਾਲਤ ਵਿਚ ਪੇਸ਼ ਕਰ ਦਿੱਤੀ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਬਰਗਾੜੀ ਦੇ ਬੇਅਦਬੀ ਕੇਸ ਨੂੰ ਬੰਦ ਕਰਨ ਦਾ ਵਿਰੋਧ ਕਰੇਗੀ ਤੇ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਸਾਰੇ ਕਾਨੂੰਨੀ ਪਹਿਲੂ ਘੋਖਣ ਲਈ ਕਿਹਾ ਗਿਆ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬਰਗਾੜੀ ਮੁੱਦੇ ’ਤੇ ਮਗਰਮੱਛ ਦੇ ਹੰਝੂ ਵਹਾਉਣ ਦੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਬਰਗਾੜੀ ਘਟਨਾ ਨਾਲ ਜੁੜੇ ਮਾਮਲਿਆਂ ਦੀ ਤਹਿ ਤੱਕ ਜਾਣ ਲਈ ਪੂਰੀ ਪੈਰਵੀ ਕਰੇਗੀ। ਬਰਗਾੜੀ ਮਾਮਲਿਆਂ ਵਿੱਚ ਸੀ.ਬੀ.ਆਈ. ਦੀ ਕਲੋਜ਼ਰ ਰਿਪੋਰਟ ਨੂੰ ਅਕਾਲੀ ਦਲ ਵੱਲੋਂ ਚੁਣੌਤੀ ਦੇਣ ਦੇ ਫ਼ੈਸਲੇ ’ਤੇ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਇਸ ਮੁੱਦੇ ’ਤੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ, ਜੋ ਉਦੋਂ ਸੂਬੇ ਦਾ ਉਪ-ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੀ, ਨੇ ਖੁਦ ਜਾਂਚ ਕਰਾਉਣ ਦੀ ਬਜਾਏ ਬਰਗਾੜੀ ਕਾਂਡ ਨਾਲ ਸਬੰਧਤ ਪਹਿਲੇ ਤਿੰਨ ਮਾਮਲਿਆਂ ਨੂੰ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਕੋਲ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਜਦੋਂ ਸੀਬੀਆਈ ਨੇ ਜਾਂਚ ਮੁਕੰਮਲ ਕਰ ਕੇ ਕੇਸ ਬੰਦ ਕਰਨ ਦੀ ਰਿਪੋਰਟ ਦਾਇਰ ਕਰ ਦਿੱਤੀ ਤਾਂ ਉਹ ਬੌਖਲਾ ਗਿਆ, ਜਿਸ ਨਾਲ ਇਸ ਮਾਮਲੇ ਵਿੱਚ ਕਿਸੇ ਪੱਧਰ ’ਤੇ ਸਾਜ਼ਿਸ਼ ਹੋਣ ਦਾ ਸੰਕੇਤ ਮਿਲਦਾ ਹੈ।

ਸੀਬੀਆਈ ਅਦਾਲਤ ਵੱਲੋਂ ਕਲੋਜ਼ਰ ਰਿਪੋਰਟ ਸਬੰਧੀ ਅਪੀਲ ਮਨਜ਼ੂਰ

ਮੁਹਾਲੀ. ਜੁਲਾਈ 2019- ਪੰਜਾਬ ਵਿੱਚ ਵੱਖ-ਵੱਖ ਥਾਵਾਂ ’ਤੇ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਸਬੰਧੀ ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਸ਼ਿਕਾਇਤਕਰਤਾਵਾਂ ਦੀ ਅਪੀਲ ਮਨਜ਼ੂਰ ਕਰ ਲਈ ਹੈ। ਸ਼ਿਕਾਇਤਕਰਤਾ ਰਣਜੀਤ ਸਿੰਘ ਵਾਸੀ ਪਿੰਡ ਬੁਰਜ ਜਵਾਹਰ (ਜ਼ਿਲ੍ਹਾ ਫਰੀਦਕੋਟ) ਅਤੇ ਇਸੇ ਪਿੰਡ ਦੇ ਗੁਰਦੁਆਰੇ ਦੇ ਗ੍ਰੰਥੀ ਗੋਰਾ ਸਿੰਘ ਆਪਣੇ ਵਕੀਲ ਗਗਨਪ੍ਰਦੀਪ ਸਿੰਘ ਬੱਲ ਅਤੇ ਨਵਦੀਪ ਸਿੰਘ ਬਿੱਟਾ ਨਾਲ ਅੱਜ ਨਿੱਜੀ ਤੌਰ ’ਤੇ ਸੀਬੀਆਈ ਦੇ ਵਿਸ਼ੇਸ਼ ਜੱਜ ਜੀ.ਐੱਸ. ਸੇਖੋਂ ਦੀ ਅਦਾਲਤ ਵਿੱਚ ਪੇਸ਼ ਹੋਏ ਅਤੇ ਪਿਛਲੇ ਦਿਨੀਂ ਸੀਬੀਆਈ ਵੱਲੋਂ ਬੇਅਦਬੀ ਮਾਮਲੇ ਵਿੱਚ ਦਾਇਰ ਕੀਤੀ ਕਲੋਜ਼ਰ ਰਿਪੋਰਟ ਦੀ ਕਾਪੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਜੱਜ ਨੂੰ ਬੇਅਦਬੀ ਮਾਮਲਿਆਂ ਦੇ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾਇਆ। ਜਿਰ੍ਹਾ ਦੌਰਾਨ ਜ਼ਿਲ੍ਹਾ ਅਟਾਰਨੀ ਸੰਦੀਪ ਬੱਤਰਾ ਅਤੇ ਉਪ ਜ਼ਿਲ੍ਹਾ ਅਟਾਰਨੀ ਮਨਜੀਤ ਸਿੰਘ ਅਤੇ ਪੰਜਾਬ ਪੁਲੀਸ ਦੇ ਏਆਈਜੀ (ਅਪਰਾਧ) ਸਰਬਜੀਤ ਸਿੰਘ ਵੀ ਮੌਜੂਦ ਸਨ। ਪੁਲੀਸ ਨੇ ਅੱਜ ਅਦਾਲਤ ਦੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਸ਼ਿਕਾਇਤਕਰਤਾਵਾਂ, ਉਨ੍ਹਾਂ ਦੇ ਵਕੀਲਾਂ, ਪੁਲੀਸ ਅਧਿਕਾਰੀਆਂ ਅਤੇ ਸਰਕਾਰੀ ਵਕੀਲਾਂ ਤੋਂ ਬਿਨਾਂ ਕਿਸੇ ਨੂੰ ਅਦਾਲਤ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ ਅਤੇ ਅਦਾਲਤ ਦਾ ਕੋਈ ਵੀ ਨੁਮਾਇੰਦਾ ਕੁਝ ਵੀ ਦੱਸਣ ਲਈ ਤਿਆਰ ਨਹੀਂ ਸੀ।

ਅਦਾਲਤੀ ਕਾਰਵਾਈ ਮਗਰੋਂ ਬਾਹਰ ਆਏ ਸ਼ਿਕਾਇਤਕਰਤਾਵਾਂ ਦੇ ਵਕੀਲਾਂ ਗਗਨਪ੍ਰਦੀਪ ਸਿੰਘ ਬੱਲ ਅਤੇ ਨਵਦੀਪ ਸਿੰਘ ਬਿੱਟਾ ਨੇ ਦੱਸਿਆ ਕਿ ਜੱਜ ਨੇ ਉਨ੍ਹਾਂ ਨੂੰ ਕਲੋਜ਼ਰ ਰਿਪੋਰਟ ਦੇਣ ਦੀ ਅਪੀਲ ਮਨਜ਼ੂਰ ਕਰਦਿਆਂ ਹਦਾਇਤ ਕੀਤੀ ਹੈ ਕਿ ਕਾਨੂੰਨੀ ਤੌਰ ’ਤੇ ਇਹ ਅਹਿਮ ਦਸਤਾਵੇਜ਼ ਹਾਸਲ ਕਰਨ ਲਈ ਅਰਜ਼ੀ ਦਾਇਰ ਕੀਤੀ ਜਾਵੇ। ਵਕੀਲਾਂ ਨੇ ਦੱਸਿਆ ਕਿ ਭਲਕੇ ਵੀਰਵਾਰ ਨੂੰ ਸਵੇਰੇ ਸੀਬੀਆਈ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੀਬੀਆਈ ਵੱਲੋਂ ਅਦਾਲਤ ’ਚ ਦਾਇਰ ਕੀਤੀ ਗਈ ਕਲੋਜ਼ਰ ਰਿਪੋਰਟ ਵਿਚਲੇ ਵੱਖ-ਵੱਖ ਪਹਿਲੂਆਂ ਨੂੰ ਵਾਚਣ ਤੋਂ ਬਾਅਦ ਉਸ ਰਿਪੋਰਟ ਨੂੰ ਚੁਣੌਤੀ ਦੇਣ ਬਾਰੇ ਫ਼ੈਸਲਾ ਲਿਆ ਜਾਵੇਗਾ। ਵਕੀਲਾਂ ਨੇ ਦੱਸਿਆ ਕਿ ਪੰਜਾਬ ਪੁਲੀਸ ਦੀ ਸਿੱਟ ਵੱਲੋਂ ਮੁਲਜ਼ਮਾਂ ਖ਼ਿਲਾਫ਼ ਚਲਾਨ ਪੇਸ਼ ਕੀਤਾ ਜਾ ਚੁੱਕਿਆ ਹੈ ਅਤੇ ਇਹ ਕੇਸ ਵੱਖ-ਵੱਖ ਅਦਾਲਤਾਂ ਵਿੱਚ ਚੱਲ ਰਹੇ ਹਨ ਪਰ ਹੁਣ ਕਲੋਜ਼ਰ ਰਿਪੋਰਟ ਪੇਸ਼ ਹੋਣ ਨਾਲ ਉਨ੍ਹਾਂ ਕੇਸਾਂ ਦੀ ਸੁਣਵਾਈ ਪ੍ਰਭਾਵਿਤ ਹੋ ਸਕਦੀ ਹੈ।
ਉਧਰ, ਪੰਜਾਬ ਸਰਕਾਰ ਵੱਲੋਂ ਸੀਬੀਆਈ ਦੀ ਤਸਦੀਕਸ਼ੁਦਾ ਕਲੋਜ਼ਰ ਰਿਪੋਰਟ ਦੀ ਕਾਪੀ ਹਾਸਲ ਕਰਨ ਲਈ ਸੂਬਾ ਸਰਕਾਰ ਵਲੋਂ ਜ਼ਿਲ੍ਹਾ ਅਟਾਰਨੀ ਸੰਦੀਪ ਬੱਤਰਾ ਅਤੇ ਉਪ ਜ਼ਿਲ੍ਹਾ ਅਟਾਰਨੀ ਮਨਜੀਤ ਸਿੰਘ ਮੁਹਾਲੀ ਅਦਾਲਤ ਵਿੱਚ ਹਾਜ਼ਰ ਸਨ। ਇਸ ਸਬੰਧੀ ਵਕੀਲਾਂ ਨੇ ਅਦਾਲਤ ਵਿੱਚ ਜਿਰ੍ਹਾ ਕੀਤੀ। ਉਪ ਜ਼ਿਲ੍ਹਾ ਅਟਾਰਨੀ ਮਨਜੀਤ ਸਿੰਘ ਨੇ ਦੱਸਿਆ ਕਿ ਤਸਦੀਕਸ਼ੁਦਾ ਕਾਪੀ ਲੈਣ ਲਈ ਏਆਈਜੀ (ਅਪਰਾਧ) ਸਰਬਜੀਤ ਸਿੰਘ ਵੱਲੋਂ ਅਰਜ਼ੀ ਦਾਇਰ ਕੀਤੀ ਗਈ ਸੀ। ਜੱਜ ਨੇ ਵੱਖ-ਵੱਖ ਪਹਿਲੂਆਂ ’ਤੇ ਗੌਰ ਕਰਦਿਆਂ ਕੇਸ ਦੀ ਅਗਲੀ ਸੁਣਵਾਈ 23 ਜੁਲਾਈ ’ਤੇ ਪਾ ਦਿੱਤੀ। ਉਸੇ ਦਿਨ ਸੀਬੀਆਈ ਦੀ ਕਲੋਜ਼ਰ ਰਿਪੋਰਟ ’ਤੇ ਵੀ ਸੁਣਵਾਈ ਹੋਣੀ ਹੈ।

ਰਾਜੋਆਣਾ ਦੀ ਭੈਣ ਦਾ ਰਵਨੀਤ ਬਿੱਟੂ ਨੂੰ ਜਵਾਬ, ਪਹਿਲਾਂ '84 ਦੇ ਕਾਤਲਾਂ' ਨੂੰ ਦਿਓ ਫ਼ਾਸੀ

ਕੱਲ੍ਹ ਦੇਸ਼ ਦੀ ਪਾਰਲੀਮੈਂਟ ਦੇ ਵਿੱਚ NIA ਦੇ ਸੋਧ ਬਿੱਲ ਤੇ ਹੋਈ ਬਹਿਸ ਦੇ ਦੌਰਾਨ ਕਾਂਗਰਸ ਦੇ ਐੱਮ.ਪੀ ਰਵਨੀਤ ਸਿੰਘ ਬਿੱਟੂ ਨੇ ਬਲਵੰਤ ਸਿੰਘ ਰਾਜੋਆਣਾ ਜੀ ਨੂੰ ਜਲਦ ਫਾਂਸੀ ਦੇਣ ਦੀ ਮੰਗ ਕੀਤੀ ਸੀ। ਜਿਸ ਦੇ ਜੁਆਬ 'ਚ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਅਤੇ ਕਾਂਗਰਸੀ ਹੁਕਮਰਾਨ ਉਨ੍ਹਾਂ ਨੂੰ ਫਾਸੀ ਦੀ ਸਜ਼ਾ ਦੀ ਮੰਗ ਕਿਉਂ ਨਹੀਂ ਕਰਦੇ ਜਿਹਨਾਂ ਨੇ ਦਿੱਲੀ ਦੀਆਂ ਗਲੀਆਂ ਵਿੱਚ ਹਜ਼ਾਰਾਂ ਨਿਰਦੋਸ਼ ਸਿੱਖਾਂ ਮਾਰਿਆ, ਸਿੱਖਾਂ ਦੀਆਂ ਧੀਆਂ-ਭੈਣਾਂ ਦੀ ਬੇਪਤੀ ਕੀਤੀ। ਇਸ ਤੋਂ ਬਿਨਾਂ ਉਨ੍ਹਾਂ ਨੇ ਕਿਹਾ ਕਿ ਬਿੱਟੂ ਨੇ 8% ਵੋਟਾਂ ਨਾਲ ਬਣੇ ਗੈਰ ਸੰਵਿਧਾਨਕ ਮੁੱਖ ਮੰਤਰੀ ਬੇਅੰਤ ਸਿੰਘ ਵੱਲੋਂ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਘਰਾਂ ਤੋਂ ਚੁੱਕ ਕੇ ਕਤਲ ਕੀਤੇ ਗਏ 25,000 ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਦੇਸ਼ ਦੀ ਪਾਰਲੀਮੈਂਟ ਵਿੱਚ ਖੜ੍ਹ ਕੇ ਫਾਂਸੀ ਦੇਣ ਦੀ ਮੰਗ ਕਿਉਂ ਨਹੀਂ ਕੀਤੀ ? ਜੇਕਰ ਦੇਸ਼ ਦਾ ਸੰਵਿਧਾਨ ਅਤੇ ਕਾਨੂੰਨ ਸਾਰਿਆਂ ਲਈ ਬਰਾਬਰ ਹੈ ਤਾਂ ਉਨ੍ਹਾਂ ਹਜ਼ਾਰਾਂ ਕਾਤਲਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਨੂੰ ਫਾਂਸੀ ਦੀਆਂ ਸਜਾਵਾਂ ਕਿਉਂ ਨਹੀਂ ਦਿੱਤੀਆਂ ਗਈਆਂ।

ਰਵਨੀਤ ਸਿੰਘ ਬਿੱਟੂ ਪਿਛਲੇ ਸਮੇਂ ਕਾਂਗਰਸ ਦੀ ਸਰਕਾਰ ਵੇਲੇ ਝੂਠੇ ਪੁਲਿਸ ਮੁਕਾਬਲੇ ਵਿੱਚ ਕਤਲ ਕੀਤੇ ਗਏ ਇੱਕ ਸਿੱਖ ਨੌਜਵਾਨ ਦੇ ਕਤਲ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਚਾਰ ਪੁਲਿਸ ਮੁਲਾਜ਼ਮਾਂ ਨੂੰ ਚਾਰ ਸਾਲਾਂ ਬਾਅਦ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਰਿਹਾਅ ਕਰਨ ਦੇ ਵਿਰੁੱਧ ਪਾਰਲੀਮੈਂਟ ਵਿੱਚ ਆਵਾਜ਼ ਕਿਉਂ ਨਹੀਂ ਚੁੱਕੀ। ਇਸ ਤੋਂ ਬਿਨਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਟੈਕਾਂ ਅਤੇ ਤੋਪਾਂ ਨਾਲ ਢਹਿ ਢੇਰੀ ਕਰਕੇ, ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਅਤੇ ਹੋਰ ਵੀ ਅਫ਼ਸੋਸ ਦੀ ਗੱਲ ਹੈ ਕਿ ਇਹੀ ਕਾਤਲ ਅਤੇ ਜ਼ਾਲਮ ਲੋਕ ਅੱਜ ਵੀ ਸਾਡੇ ਤੇ ਰਾਜ ਕਰਦੇ ਹਨ ਅਤੇ ਸਾਡੇ ਤਖ਼ਤਾਂ ਤੇ ਬੈਠੇ ਜਥੇਦਾਰ ਇਨ੍ਹਾਂ ਨਾਲ ਮਿਲਕੇ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਿਲਕੇ ਮਨਾਉਣ ਲਈ ਆਦੇਸ਼ ਜਾਰੀ ਕਰਦੇ ਹਨ ਅਤੇ ਕਾਂਗਰਸੀ ਹੁਕਮਰਾਨਾਂ ਦੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਹੀ ਸਿਰੋਪੇ ਪਾਏ ਜਾਂਦੇ ਹਨ। ਇਹੀ ਕਾਂਗਰਸੀ ਹੁਕਮਰਾਨ ਸਾਡੇ ਭਰਾਵਾਂ ਨੂੰ ਫਾਂਸੀ ਦੇਣ ਦੀ ਮੰਗ ਕਰਦੇ ਹਨ ਅਤੇ ਜਦੋਂ ਕਿ ਸਿੱਖਾਂ ਦੇ ਕਾਤਲਾਂ ਨੂੰ ਉਮਰ ਕੈਦ ਦੀ ਸਜ਼ਾ ਦੇ ਬਾਵਜੂਦ ਵੀ ਚਾਰ ਸਾਲ ਬਾਅਦ ਹੀ ਰਿਹਾਅ ਕੀਤਾ ਜਾਂਦਾ ਹੈ।

ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਵਲੋਂ ਬੇਟ ਇਲਾਕੇ 'ਚ ਲਗਾਏ ਮੁਫ਼ਤ ਕੈਂਪ

ਧਾਰਮਿਕ ਅਸਥਾਨਾਂ ਤੇ ਸੋਨਾ ਚੜ੍ਹਾਉਣ ਦੀ ਥਾਂ ਪਰਮਾਤਮਾ ਵਲੋਂ ਸਿਰਜਿਆ ਇਨਸਾਨੀ ਜਿੰਦਗੀਆ ਨੂੰ ਬਚਾਉਣਾ ਜਰੂਰੀ-ਧਾਲੀਵਾਲ

ਹੰਬੜਾਂ, ਜੁਲਾਈ ( ਮਨਜਿੰਦਰ ਗਿੱਲ )-ਕੈਂਸਰ ਜਿਹੀ ਨਾ-ਮੁਰਾਦ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ | ਇਸ ਨੂੰ ਖ਼ਤਮ ਕਰਨ ਦਾ ਬੀੜਾ ਚੁੱਕ ਕੇ ਵਰਲਡ ਕੇਅਰ ਚੈਰੀਟਬਲ ਸੁਸਾਇਟੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੂਰੇ ਪੰਜਾਬ 'ਚ ਮੁਫ਼ਤ ਕੈਂਪ ਲਗਾਏ ਜਾ ਰਹੇ ਹਨ ਤੇ ਜਾਂਚ ਦੌਰਾਨ ਪਾਏ ਗਏ ਕੈਂਸਰ ਪੀੜ੍ਹਤ ਮਰੀਜ਼ਾਂ ਦਾ ਇਲਾਜ ਮੁਫ਼ਤ ਕੀਤਾ ਜਾ ਰਿਹਾ ਹੈ | ਇਹ ਜਾਣਕਾਰੀ ਸੁਸਾਇਟੀ ਦੇ ਸੰਸਥਾਪਕ ਕੁਲਵੰਤ ਸਿੰਘ ਧਾਲੀਵਾਲ ਨੇ ਉਦੋਂ ਦਿੱਤੀ ਜਦੋਂ ਉਹ ਆਪਣੀ ਡਾਕਟਰੀ ਟੀਮ ਸਮੇਤ ਵਲੀਪੁਰ ਕਲਾਂ, ਮਾਣੀਏਵਾਲ, ਘਮਣੇਵਾਲ, ਵਲੀਪੁਰ ਖੁਰਦ, ਤਲਵੰਡੀ ਨੌਅਬਾਦ, ਕੁਲਗਹਿਣਾ ਆਦਿ ਬੇਟ ਏਰੀਏ 'ਚ ਦਰਜਨ ਦੇ ਕਰੀਬ ਪਿੰਡਾਂ 'ਚ ਕੈਂਪ ਲਗਾਉਣ ਮੌਕੇ ਸਤਲੁਜ ਦਰਿਆ ਦੇ ਬੰਨ੍ਹ 'ਤੇ ਵਸੀ ਅਬਾਦੀ 'ਚ ਕੈਂਪ ਲਗਾਉਣ ਪਹੁੰਚੇ | ਇਸ ਮੌਕੇ ਉਨ੍ਹਾਂ ਬੁੱਢੇ ਨਾਲੇ ਨਾਲ ਗੰਦੇ ਹੋ ਰਹੇ ਸਤਲੁਜ ਦਰਿਆ ਦੇ ਪਾਣੀ ਨੂੰ ਵੀ ਦੇਖਿਆ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸ਼ਹਿਰ ਅਤੇ ਫੈਕਟਰੀਆਂ ਦਾ ਗੰਦਾ ਤੇਜ਼ਾਬੀ ਪਾਣੀ ਸਤਲੁਜ ਦਰਿਆ 'ਚ ਸਿੱਧਾ ਰਲਣਾ ਬੜਾ ਹੀ ਮੰਦਭਾਗਾ ਹੈ ਤੇ ਇਹ ਗੰਭੀਰ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ | ਇਹ ਸਰਕਾਰਾਂ ਦੀ ਵੱਡੀ ਨਾਕਾਮੀ ਰਹੀ ਹੈ, ਪਰ ਸਾਡੀ ਸੁਸਾਇਟੀ ਕੈਂਸਰ ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕ ਵੀ ਕਰ ਰਹੀ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਧਾਰਮਿਕ ਸਥਾਨਾਂ 'ਤੇ ਸੋਨਾ ਚੜ੍ਹਾਉਣ ਨੂੰ ਪਹਿਲ ਦੇਣ ਦੀ ਥਾਂ ਪ੍ਰਮਾਤਮਾ ਵੱਲੋਂ ਸਿਰਜੀਆਂ ਇਨਸਾਨੀ ਜ਼ਿੰਦਗੀਆਂ ਨੂੰ ਬਚਾਉਣਾ ਜ਼ਰੂਰੀ ਹੈ ਕਿਉਂਕਿ ਸਾਡੇ ਗੁਰੂਆਂ ਨੇ ਵੀ ਹਮੇਸ਼ਾ ਮਾਨਵਤਾ ਦੇ ਭਲੇ ਦੀ ਹੀ ਗੱਲ ਕੀਤੀ ਹੈ | ਕੈਂਸਰ ਜਾਂ ਹੋਰ ਬਿਮਾਰੀਆਂ ਦੀ ਰੋਕਥਾਮ ਲਈ ਅੱਜ ਸਾਨੂੰ ਤਨੋਂ, ਮਨੋਂ ਤੇ ਧਨੋਂ ਵੱਡਾ ਯੋਗਦਾਨ ਪਾਉਣ ਦੀ ਲੋੜ ਹੈ |ਉਸ ਸਮੇ ਅਮਨਜੀਤ ਸਿੰਘ ਖਹਿਰਾ ਨੇ ਸ ਕੁਲਵੰਤ ਸਿੰਘ ਧਾਲੀਵਾਲ ਦੀ ਸੋਚ ਨੂੰ ਸਲਾਮ ਕਰਦਿਆਂ ਆਖਿਆ ਕਿ ਜਦੋ ਸਵਰੇ ਉਠੇ ਫੋਨ ਆਇਆ ਕੇ ਅੱਜ ਆਪਾ ਆਪਣੇ ਹੱਥੀ ਬੁਢੇ ਨਾਲੇ ਤੇ ਬਸੇ ਲੋਕਾ ਨੂੰ ਕੈਂਸਰ ਪ੍ਰੀਤ ਜਾਗਰੂਕ ਕਰਨਾ ਹੈ ਅਤੇ ਦਵਾਈਆਂ ਦੇਣੀਆਂ ਹਨ ਮੈਂ ਹਰਾਂਨ ਸੀ ਕਿ ਦੋ ਦਿਨ ਪਹਿਲਾਂ ਸ਼੍ਰੀ ਲੰਕਾ ਵਿਚ ਇਹ ਕੰਮ ਕਰਦੇ ਸੀ ਕੱਲ ਬੀੜ ਰਾਉਂਕੇ ਸੀ ਅਤੇ ਅੱਜ ਦਰਿਆ ਸਤਲੁਜ ਲੁਧਿਆਣਾ ਕੱਲ ਨੂੰ ਸ਼੍ਰੀ ਅੰਮ੍ਰਿਤਸਰ ਅਤੇ ਅਗਲੇ ਦਿਨ ਵਾਪਸੀ ਇੰਗਲੈਂਡ ਵਾਹਿਗੁਰੂ ਇਸ ਇਨਸਾਨ ਨੂੰ ਕਿਵੇਂ ਤਾਕਤ ਦਿਦਾ ਹੈ ਉਹ ਹੀ ਜਾਣਦਾ ਹੈ।  ਇਸ ਮੌਕੇ ਡਾਕਟਰੀ ਟੀਮ ਵੱਲੋਂ ਲੋਕਾਂ ਦੇ ਮੁਫ਼ਤ ਟੈਸਟ ਕੀਤੇ ਗਏ | ਇਸ ਮੌਕੇ ਕੁਲਵੰਤ ਸਿੰਘ ਧਾਲੀਵਾਲ ਤੋਂ ਇਲਾਵਾ ਹੰਬੜਾਂ ਸਹਿਕਾਰੀ ਸਭਾ ਦੇ ਪ੍ਰਧਾਨ ਹਰਮੋਹਨ ਸਿੰਘ ਚੌਹਾਨ, ਡਾ. ਧਰਮਿੰਦਰ ਸਿੰਘ ਢਿੱਲੋਂ, ਡਾ: ਮਾਲਤੀ, ਸਮਾਜ ਸੇਵੀ ਅਧਿਆਪਕ ਹਰਨਰਾਇਣ ਸਿੰਘ, ਹਰਪਾਲ ਸਿੰਘ ਜੱਸਲ ਤੇ ਹੋਰ ਡਾ. ਸਹਿਬਾਨ ਆਦਿ ਹਾਜ਼ਰ ਸਨ |

ਅਕਾਲੀ ਦਲ ਵੱਲੋਂ ਬਰਗਾੜੀ ਬੇਅਦਬੀ ਮਾਮਲਿਆਂ 'ਚ ਦਖ਼ਲ ਕੀਤੀ ਕਲੋਜ਼ਰ ਰਿਪੋਰਟ ਦਾ ਵਿਰੋਧ

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਲੋਜ਼ਰ ਰਿਪੋਰਟ ਵਾਪਸ ਲਈ ਜਾਣੀ ਚਾਹੀਦੀ ਹੈ

ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਦਾ ਪਰਦਾਫਾਸ਼ ਕਰਨ ਲਈ ਅਕਾਲੀ ਦਲ ਵੱਲੋਂ ਲੋੜੀਂਦੇ ਕਦਮ ਚੁੱਕੇ ਜਾਣਗੇ

ਚੰਡੀਗੜ੍ਹ, ਜੁਲਾਈ 2019-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਬਰਗਾੜੀ ਵਿਖੇ ਵਾਪਰੀਆਂ ਬੇਅਦਬੀ ਦੀਆਂ ਤਿੰਨ ਘਟਨਾਵਾਂ ਸੰਬੰਧੀ ਮੁਹਾਲੀ ਦੀ ਇੱਕ ਅਦਾਲਤ ਵਿਚ ਸੀਬੀਆਈ ਵੱਲੋਂ ਕਲੋਜ਼ਰ ਰਿਪੋਰਟ ਦਾਖ਼ਲ ਕੀਤੇ ਜਾਣ ਦਾ ਸਖ਼ਤ ਵਿਰੋਧ ਕੀਤਾ ਹੈ ਅਤੇ ਮੰਗ ਕੀਤੀ ਹੈ ਕਿ ਇਹ ਰਿਪੋਰਟ ਨੂੰ ਵਾਪਸ ਲਿਆ ਜਾਵੇ ਅਤੇ ਬੇਅਦਬੀ ਕੇਸਾਂ ਦੀ ਜਾਂਚ ਨੂੰ ਸਿਰੇ ਚੜ੍ਹਾਇਆ ਜਾਵੇ।

ਇਸ ਨੂੰ ਇੱਕ ਮੰਦਭਾਗੀ ਕਾਰਵਾਈ ਕਰਾਰ ਦਿੰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਨੇ ਪੂਰੀ ਸਿੱਖ ਕੌਮ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਉਹਨਾਂ ਕਿਹਾ ਕਿ ਇਹ ਕੋਈ ਮਾਮੂਲੀ ਅਪਰਾਧ ਨਹੀ, ਸਗੋਂ ਇੱਕ ਅਜਿਹਾ ਜੁਰਮ ਹੈ, ਜਿਸ ਨੇ ਭਾਵਨਾਵਾਂ ਨੂੰ ਸੱਟ ਮਾਰੀ ਹੈ। ਅਕਾਲੀ ਦਲ ਇਸ ਅਪਰਾਧ ਦੇ ਦੋਸ਼ੀਆਂ ਦਾ ਪਰਦਾਫਾਸ਼ ਕਰਨ ਅਤੇ ਉਹਨਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਲਿਆਉਣ ਲਈ ਵਚਨਬੱਧ ਹੈ, ਕਿਉਂਕਿ ਇਹ ਮਸਲੇ ਦਾ ਸੰਬੰਧ ਪੂਰੀ ਸਿੱਖ ਕੌਮ ਨਾਲ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਮੰਗ ਕਰਦੇ ਹਾਂ ਕਿ ਸੀਬੀਆਈ ਕਲੋਜ਼ਰ ਰਿਪੋਰਟ ਨੂੰ ਤੁਰੰਤ ਵਾਪਸ ਲਵੇ।

ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਪਾਰਟੀ ਸਿਰਫ ਇਸ ਕਲੋਜ਼ਰ ਰਿਪੋਰਟ ਨੂੰ ਵਾਪਸ ਲੈਣ ਦੇ ਹੀ ਹੱਕ ਵਿਚ ਨਹੀਂ, ਸਗੋਂ ਇਹ ਵੀ ਚਾਹੁੰਦੀ ਹੈ ਕਿ ਸੀਬੀਆਈ ਇਸ ਕੇਸ ਦੀ ਜਾਂਚ ਨੂੰ ਸਿਰੇ ਚੜਾਉਣ ਲਈ ਆਪਣੇ ਯਤਨਾਂ ਵਿਚ ਦੁੱਗਣੀ ਤੇਜ਼ੀ ਲਿਆਵੇ। ਉਹਨਾਂ ਕਿਹਾ ਕਿ ਅਕਾਲੀ ਦਲ ਸੀਬੀਆਈ ਲਈ ਇੱਕ ਸਮਾਂ-ਸੀਮਾਂ ਨਿਸ਼ਚਿਤ ਕਰਨ ਦੇ ਵੀ ਹੱਕ ਵਿਚ ਹੈ ਤਾਂ ਕਿ ਇਸ ਕੇਸ ਦੀ ਦੁਬਾਰਾ ਜਾਂਚ ਜਲਦੀ ਮੁਕੰਮਲ ਹੋਵੇ। ਉਹਨਾਂ ਕਿਹਾ ਕਿ ਅਸੀਂ ਇਸ ਬਾਰੇ ਕੇਂਦਰ ਕੋਲ ਪਹੁੰਚ ਕਰਾਂਗੇ ਅਤੇ ਜੇਕਰ ਲੋੜ ਪਈ ਤਾਂ ਕੇਂਦਰੀ ਗ੍ਰਹਿ ਮੰਤਰੀ ਨੂੰ ਵੀ ਮਿਲਾਂਗੇ।ਇਸ ਸਮੇ ਉਹਨਾਂ ਨਾਲ ਜਥੇਦਾਰ ਤੋਤਾ ਸਿੰਘ ਵੀ ਮਜੂਦ ਸਨ।

ਪੰਜਾਬ ਅੰਦਰ ਸਰਕਾਰ ਦੇ ਸਾਰੇ ਪਿੰਡ ਨੂੰ ਜਾਂਦੇ ਰਸਤੇ ਪੱਕੇ ਕਰਨ ਦੇ ਦਾਵਿਆਂ ਨੂੰ ਝੁਠਲਾਇਆ ਬਿਹਲੇ ਤੋਂ ਨਰੈਣਗੜ ਦੇ ਰਸਤੇ ਨੇ

ਬਰਨਾਲਾ,ਜੁਲਾਈ 2019- (,ਗੁਰਸੇਵਕ ਸੋਹੀ )-ਬੀਹਲਾ ਤੋ ਨਰੈਣਗੜ ਸੋਹੀਆ ਦੇ ਕੱਚੇ ਰਾਹ ਨੂੰ ਸੜਕ ਬਨਾੳੁਣ ਦੀ ਮੰਗ ਕਰਦਿਅਾ ਜਨਸਕਤੀ ਨਿੳੁਜ ਪੰਜਾਬ ਦੀ ਟੀਮ ਪਾੳੁਚੀ ਦੇਖਿਅਾ ਕੱਚੇ ਰਾਹ ਨੂੰ ਸਵਾਰਨ ਲੲੀ ਪਿੰਡਾ ਵਿੱਚੋ ਦਸ ਬਾਰਾ ਟਰੈਕਟਰ ਅਤੇ ਵੀਹ ਦੇ ਕਰੀਬ ਬਜੁਰਗ  ਅਤੇ ਨੌਜਵਾਨ ਮੁੰਡੇ ਕੰਮ ਕਰਦੇ ਸਨ! ਬਜੁਰਗ ਾ ਨੂੰ ਪੁਛਿਅਾ ਗਿਅਾ ਕੇ ਕਿਸੇ ਗੌਰਮਿਟ ਤੋ ਮੰਗ ਕੀਤੀ ੳੁਹਨਾ  ਦਾ ਕਹਿਣਾ ਕੇ ਅਸੀ ਪੱਚੀ ਤੀਹ ਸਾਲ ਤੋ ਮੰਗ ਕਰਦੇ ਅਾ ਰਹੇ ਹਾਂ ਕਿਸੇ ਵੀ ਸਰਕਾਰ ਦੇ ਕੰਨ ਤੇ ਯੂ ਨੀ ਸਰਕੀ ੲਿਹ ਕੀਤੀ ਅਾ ਪੰਜਾਬ ਨੇ ਤਰੱਕੀ ਅੱਤ ਦੀ ਗਰਮੀ ਵਿੱਚ ਬਜੁਰਗ  ਰਾਹ ਸਵਾਰ ਦੇ ਸੁਪਨੇ ਸੜਕ ਬਨਣ ਦੇ ਲੈ ਰਹੇ ਨੇ ਅਤੇ ਕੋਸ ਰਹੇ ਨੇ ਸਰਕਾਰ ਨੂੰ !

ਹਾਈ ਕੋਰਟ ਵਲੋਂ ਸੁਖਬੀਰ ਤੇ ਮਜੀਠੀਆ ਨੂੰ ਜ਼ਮਾਨਤ

ਚੰਡੀਗੜ੍ਹ, ਜੁਲਾਈ 2019- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਦੇਣ ਮੌਕੇ ਦੋਵਾਂ ਆਗੂਆਂ ਦੀ ਝਾੜ-ਝੰਬ ਕਰਦਿਆਂ ਕਿਹਾ ਕਿ ਕਿਸੇ ਨੂੰ ਵੀ ਨਿਆਂ ਪ੍ਰਣਾਲੀ ਦੀ ਖਿੱਲੀ ਉਡਾਉਣ ਅਤੇ ਨੁਕਸਾਨ ਪਹੁੰਚਾਉਣ ਦੀ ਇਜਾਜ਼ਤ ਨਹੀਂ ਹੈ। ਅਕਾਲੀ ਦਲ ਦੇ ਇਹ ਦੋਵੇਂ ਆਗੂ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਾਲੇ ਬੇਅਦਬੀ ਕੇਸਾਂ ਦੀ ਜਾਂਚ ਲਈ ਗਠਿਤ ਕਮਿਸ਼ਨ ਦੀ ਤੌਹੀਨ ਕਰਨ ਦੇ ਦੋਸ਼ਾਂ ਸਬੰਧੀ ਕੇਸ ਦਾ ਸਾਹਮਣਾ ਕਰ ਰਹੇ ਹਨ। ਇਸ ਸਬੰਧੀ ਕੇਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਰਣਜੀਤ ਸਿੰਘ ਵਲੋਂ ਦਿੱਤੀ ਗਈ ਫੌਜਦਾਰੀ ਸ਼ਿਕਾਇਤ ’ਤੇ ਦਰਜ ਹੋਇਆ ਸੀ। ਸ਼ਿਕਾਇਤ ਵਿੱਚ ਉਨ੍ਹਾਂ ਕਿਹਾ ਸੀ ਕਿ ਦੋਵਾਂ ਆਗੂਆਂ ਨੇ ਜਨਤਕ ਤੌਰ ’ਤੇ ਉਨ੍ਹਾਂ ਵਿਰੁਧ ਜਾਣਬੁੱਝ ਕੇ ‘ਝੂਠੀਆਂ, ਅਪਮਾਨਜਨਕ ਅਤੇ ਅਣਉਚਿਤ’ ਟਿੱਪਣੀਆਂ ਕੀਤੀਆਂ ਸਨ। ਜਸਟਿਸ ਰਣਜੀਤ ਸਿੰਘ ਦਾ ਕਹਿਣਾ ਸੀ ਕਿ ਅਜਿਹੀਆਂ ਟਿੱਪਣੀਆਂ ਕਰਨ ਪਿੱਛੇ ਇਨ੍ਹਾਂ ਦੋਵਾਂ ਆਗੂਆਂ ਦੀ ਮਨਸ਼ਾ ਪਿਛਲੀ ਅਕਾਲੀ ਦਲ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਵਿੱਚ ਵਾਪਰੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੇ ਕਮਿਸ਼ਨ ਅਤੇ ਉਨ੍ਹਾਂ (ਜਸਟਿਸ ਰਣਜੀਤ ਸਿੰਘ) ਦੀ ਤੌਹੀਨ ਕਰਨਾ ਸੀ।
ਅੱਜ ਬਾਅਦ ਦੁਪਹਿਰ ਜਸਟਿਸ ਅਮਿਤ ਰਾਵਲ ਦੀ ਅਗਵਾਈ ਵਾਲੇ ਬੈਂਚ ਅੱਗੇ ਪੇਸ਼ ਹੋਏ ਦੋਵਾਂ ਆਗੂਆਂ ਨੂੰ ਕੇਸ ਦੀ ਸੁਣਵਾਈ ਦੌਰਾਨ ਇੱਕ-ਇੱਕ ਲੱਖ ਦੇ ਨਿੱਜੀ ਮੁਚੱਲਕੇ ’ਤੇ ਜ਼ਮਾਨਤ ਦੇ ਦਿੱਤੀ ਗਈ। ਮਾਮਲੇ ਦੀ ਸੁਣਵਾਈ ਦੌਰਾਨ ਜਸਟਿਸ ਰਾਵਲ ਨੇ ਜਸਟਿਸ ਰਣਜੀਤ ਸਿੰਘ ਵਲੋਂ ਸ਼ਿਕਾਇਤ ਨਾਲ ਸਬੂਤ ਵਜੋਂ ਦਿੱਤੀਆਂ ਸੀਡੀਜ਼ ਦੇ ਹਵਾਲੇ ਨਾਲ ਸੁਖਬੀਰ ਬਾਦਲ ਦੇ ਵਕੀਲ ਅਸ਼ੋਕ ਅਗਰਵਾਲ ਨੂੰ ਸਵਾਲ ਕੀਤਾ ਕਿ ਕੀ ਉਨ੍ਹਾਂ ਨੇ ਰਿਕਾਰਡਿੰਗਾਂ ਸੁਣੀਆਂ ਹਨ। ਜਸਟਿਸ ਰਾਵਲ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਰਿਕਾਰਡਿੰਗਾਂ ਸੁਣਨ ਤੋਂ ਬਾਅਦ (ਦੋਹਾਂ ਨੂੰ) ਨੋਟਿਸ ਜਾਰੀ ਕੀਤਾ ਸੀ। ਉਨ੍ਹਾਂ ਕਿਹਾ, ‘‘ਨਿਆਂ ਪ੍ਰਣਾਲੀ ਦੀ ਇਸ ਤਰ੍ਹਾਂ ਖਿੱਲੀ ਉਡਾ ਕੇ ਨੁਕਸਾਨ ਨਹੀਂ ਕਰਨਾ ਚਾਹੀਦਾ। ਭਾਰਤੀ ਸੰਵਿਧਾਨ ਸਾਨੂੰ ਆਪਣੀ ਗੱਲ ਕਹਿਣ ਅਤੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਦੀ ਆਜ਼ਾਦੀ ਦਿੰਦਾ ਹੈ ਪਰ ਇਹ ਵੀ ਕਿਸੇ ਦਾਇਰੇ ਵਿਚ ਹੁੰਦੀ ਹੈ।’’
ਦੋਵਾਂ ਆਗੂਆਂ ਨੂੰ ਸੀਨੀਅਰ ਸਿਆਸਤਦਾਨ ਆਖਦਿਆਂ ਜਸਟਿਸ ਰਾਵਲ ਨੇ ਕਿਹਾ, ‘‘ਇਸ ਕੇਸ ਨੂੰ ਫਾਲਤੂ ਵਿੱਚ ਸੱਦਾ ਦਿੱਤਾ ਗਿਆ ਹੈ ਅਤੇ ਇਸ ਨੂੰ ਟਾਲਿਆ ਵੀ ਜਾ ਸਕਦਾ ਸੀ। ਸਿਆਸਤਦਾਨ ਅਕਸਰ ਆਪਣਾ ਦਿਮਾਗ ਵਰਤਣ ਦੀ ਬਜਾਏ ਭਾਵਨਾਵਾਂ ਵਿੱਚ ਵਹਿ ਜਾਂਦੇ ਹਨ।’’
ਜਸਟਿਸ ਰਣਜੀਤ ਸਿੰਘ ਵਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਏਪੀਐੱਸ ਦਿਓਲ ਨੇ ਅਦਾਲਤ ਨੂੰ ਦੱਸਿਆ ਕਿ ਸ਼ਿਕਾਇਤਕਰਤਾ ਵਲੋਂ ਉਨ੍ਹਾਂ ਗਵਾਹਾਂ ਦੀ ਸੂਚੀ ਦਿੱਤੀ ਜਾਵੇਗੀ, ਜਿਨ੍ਹਾਂ ਤੋਂ ਪੁੱਛ-ਪੜਤਾਲ ਕਰਨੀ ਹੈ। ਦੂਜੇ ਪਾਸੇ ਸੁਖਬੀਰ ਦੇ ਵਕੀਲ ਅਗਰਵਾਲ ਅਤੇ ਮਜੀਠੀਆ ਦੇ ਵਕੀਲ ਆਰ.ਐੱਸ. ਚੀਮਾ ਨੇ ਅਦਾਲਤ ਨੂੰ ਦੱਸਿਆ ਕਿ ਉਹ ਅਗਲੀ ਸੁਣਵਾਈ ਮੌਕੇ ਇਸ ਮੁੱਦੇ ’ਤੇ ਆਪਣਾ ਪੱਖ ਪੇਸ਼ ਕਰਨਗੇ। ਅਦਾਲਤ ਨੇ ਇਸ ਮਾਮਲੇ ਲਈ ਅਗਲੀ ਸੁਣਵਾਈ 21 ਅਗਸਤ ਲਈ ਤੈਅ ਕਰਦਿਆਂ ਕਿਹਾ ਕਿ ਨਿੱਜੀ ਪੇਸ਼ੀ ਤੋਂ ਛੋਟ ਨਾ ਮਿਲਣ ਦੀ ਸੂਰਤ ਵਿੱਚ ਦੋਹਾਂ ਆਗੂਆਂ ਨੂੰ ਅਗਲੀ ਪੇਸ਼ੀ ਮੌਕੇ ਹਾਜ਼ਰ ਰਹਿਣਾ ਹੋਵੇਗਾ।

ਖਚਾਖਚ ਭਰੀ ਅਦਾਲਤ ਵਿੱਚ ਕਰੀਬ 1:45 ਵਜੇ ਸੁਖਬੀਰ ਅਤੇ ਮਜੀਠੀਆ ਪਾਰਟੀ ਆਗੂਆਂ ਨਾਲ ਪੁੱਜੇ। ਜਸਟਿਸ ਰਾਵਲ ਨੇ ਦੁਪਹਿਰ ਦੇ ਖਾਣੇ ਤੋਂ ਬਾਅਦ ਸਹੀ 2 ਵਜੇ ਕੇਸਾਂ ਦੀ ਸੁਣਵਾਈ ਸ਼ੁਰੂ ਕੀਤੀ। ਉਨ੍ਹਾਂ ਇਸ ਕੇਸ ਨੂੰ ਪ੍ਰਮੁੱਖਤਾ ਨਾ ਦਿੱਤੀ ਅਤੇ ਕਰੀਬ ਅੱਧਾ ਘੰਟਾ ਹੋਰ ਕੇਸਾਂ ਦੀ ਸੁਣਵਾਈ ਕਰਦੇ ਰਹੇ। ਸੁਣਵਾਈ ਤੋਂ ਬਾਅਦ ਦੋਵਾਂ ਆਗੂਆਂ ਦੇ ਵਕੀਲ ਉਨ੍ਹਾਂ ਨੂੰ ਜ਼ਮਾਨਤ ਸਬੰਧੀ ਕਾਨੂੰਨੀ ਕਾਰਵਾਈਆਂ ਪੂਰੀਆਂ ਕਰਨ ਲਈ ਇੱਕ ਕਮਰੇ ਵਿੱਚ ਲੈ ਗਏ।

ਮੁਹਾਲੀ ਹਵਾਈ ਅੱਡਾ ਦੇ ਨਾਮਕਰਨ ਦਾ ਮੁੱਦਾ ਸੰਸਦ ’ਚ ਗੂੰਜਿਆ

ਮੁਹਾਲੀ,  ਜੁਲਾਈ 2019-
ਪਿੰਡ ਝਿਊਰਹੇੜੀ ਦੀ ਜ਼ਮੀਨ ਵਿੱਚ ਉਸਾਰੇ ਗਏ ਮੁਹਾਲੀ ਦੇ ਕੌਮਾਂਤਰੀ ਹਵਾਈ ਅੱਡੇ ਦੇ ਨਾਮਕਰਮ ਦਾ ਮਾਮਲਾ ਅੱਜ ਫਿਰ ਲੋਕ ਸਭਾ ਵਿੱਚ ਗੂੰਜਿਆ। ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਲੋਕ ਸਭਾ ਵਿੱਚ ਸਵਾਲ ਪੁੱਛਿਆ ਸੀ ਕਿ ਉਨ੍ਹਾਂ ਨੂੰ ਦੱਸਿਆ ਜਾਵੇ ਕਿ ਕੀ ਕੇਂਦਰ ਸਰਕਾਰ ਨੂੰ ਵੱਖ ਵੱਖ ਸੰਸਥਾਵਾਂ, ਸਮਾਜ ਦੇ ਮੋਹਤਬਰ ਵਿਅਕਤੀਆਂ ਜਾਂ ਸੂਬਾ ਸਰਕਾਰਾਂ ਤੋਂ ਅਜਿਹੀ ਕੋਈ ਅਪੀਲ ਮਿਲੀ ਹੈ ਜਿਸ ਵਿੱਚ ਮੁਹਾਲੀ ਦੇ ਕੌਮਾਂਤਰੀ ਹਵਾਈ ਅੱਡੇ ਦਾ ਨਾਮ ਬਦਲ ਕੇ ਸ਼ਹੀਦ ਭਗਤ ਸਿੰਘ ਹਵਾਈ ਅੱਡਾ ਰੱਖਣ ਦੀ ਮੰਗ ਕੀਤੀ ਗਈ ਹੋਵੇ ਅਤੇ ਕੀ ਕੇਂਦਰ ਸਰਕਾਰ ਵੱਲੋਂ ਇਸ ਸਬੰਧੀ ਕੋਈ ਯੋਗ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਇਹ ਵੀ ਪੁੱਛਿਆ ਕਿ ਕੇਂਦਰ ਸਰਕਾਰ ਕਿੰਨੇ ਸਮੇਂ ਵਿੱਚ ਇਸ ਹਵਾਈ ਅੱਡੇ ਦਾ ਨਾਮ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਮ ’ਤੇ ਰੱਖੇਗੀ ਅਤੇ ਜੇਕਰ ਸਰਕਾਰ ਅਜਿਹਾ ਨਹੀਂ ਕਰਨਾ ਚਾਹੁੰਦੀ ਤਾਂ ਇਸ ਦਾ ਕਾਰਨ ਦੱਸਿਆ ਜਾਵੇ।
ਸ੍ਰੀ ਤਿਵਾੜੀ ਦੇ ਇਸ ਸਵਾਲ ਦੇ ਜਵਾਬ ਵਿੱਚ ਕੇਂਦਰੀ ਸਿਵਲ ਹਵਾਬਾਜ਼ੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਲ 2008 ਵਿੱਚ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਸੀ ਕਿ ਮੁਹਾਲੀ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਮੁਹਾਲੀ ਰੱਖਿਆ ਜਾਵੇ ਜਦੋਂਕਿ ਹਰਿਆਣਾ ਸਰਕਾਰ ਵੱਲੋਂ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਚੰਡੀਗੜ੍ਹ ਰੱਖਣ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਇਸ ਗੱਲ ’ਤੇ ਸਹਿਮਤ ਸਨ ਕਿ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਿਆ ਜਾਵੇ ਪਰ ਹਰਿਆਣਾ ਨੇ ਨਾਮ ਨਾਲ ਮੁਹਾਲੀ ਜੋੜਨ ’ਤੇ ਇਤਰਾਜ਼ ਕੀਤਾ ਸੀ।
ਸ੍ਰੀ ਪੁਰੀ ਨੇ ਹਾਊਸ ਨੂੰ ਦੱਸਿਆ ਕਿ ਹਵਾਈ ਅੱਡੇ ਵਿੱਚ ਪੰਜਾਬ ਅਤੇ ਹਰਿਆਣਾ ਬਰਾਬਰ ਦੇ ਹਿੱਸੇਦਾਰ ਹਨ। ਹਰਿਆਣਾ ਨੇ ਹਵਾਈ ਅੱਡੇ ਦੇ ਨਾਮ ਦੇ ਨਾਲ ਮੁਹਾਲੀ ਸ਼ਬਦ ਜੋੜਨ ’ਤੇ ਸਖ਼ਤ ਇਤਰਾਜ਼ ਕਰਦਿਆਂ ਕਿਹਾ ਸੀ ਕਿ ਇਸ ਨਾਲ ਇਹ ਪ੍ਰਭਾਵ ਪਵੇਗਾ ਕਿ ਇਹ ਹਵਾਈ ਅੱਡਾ ਪੰਜਾਬ ਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੇਂਦਰ ਸਰਕਾਰ ਵੱਲੋਂ ਦੋਵਾਂ ਸਰਕਾਰਾਂ ਨਾਲ ਕਈ ਵਾਰ ਗੱਲ ਵੀ ਕੀਤੀ ਗਈ ਅਤੇ ਹਰਿਆਣਾ ਵੱਲੋਂ ਇਸ ਸਬੰਧੀ ਹਰਿਆਣਾ ਵਿਧਾਨ ਸਭਾ ਵਿੱਚ ਇਹ ਮਤਾ ਪਾਸ ਕਰਵਾ ਕੇ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਸੀ ਕਿ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਚੰਡੀਗੜ੍ਹ ਰੱਖਿਆ ਜਾਵੇ ਪਰ ਪੰਜਾਬ ਵੱਲੋਂ ਇਸ ਸਬੰਧੀ ਆਪਣਾ ਪੁਰਾਣਾ ਸਟੈਂਡ ਦੁਹਰਾਏ ਜਾਣ ਕਰਨ ਇਹ ਮਾਮਲਾ ਵਿਚਾਲੇ ਹੀ ਲਮਕ ਰਿਹਾ ਹੈ। ਪੰਜਾਬ ਨੇ ਇਹ ਆਪਣੀ ਦਲੀਲ ਵਿੱਚ ਇਹ ਤਰਕ ਦਿੱਤਾ ਸੀ ਕਿ ਹਵਾਈ ਅੱਡੇ ਲਈ ਲੋੜੀਂਦੀ ਜ਼ਮੀਨ ਮੁਹਾਲੀ ਨੇੜਲੇ ਪਿੰਡਾਂ ਦੀ ਐਕੁਆਇਰ ਕੀਤੀ ਗਈ ਸੀ। ਲਿਹਾਜ਼ਾ ਕਿਸੇ ਵੀ ਸੂਰਤ ਵਿੱਚ ਹਵਾਈ ਅੱਡੇ ਨਾਲੋਂ ਮੁਹਾਲੀ ਨਹੀਂ ਹਟਾਇਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਯੂਥ ਆਫ਼ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਵੱਲੋਂ ਮਨੀਸ਼ ਤਿਵਾੜੀ ਤੱਕ ਪਹੁੰਚ ਕਰਕੇ ਮੁਹਾਲੀ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਰੱਖਣ ਦੀ ਮੰਗ ਕੀਤੀ ਗਈ ਸੀ। ਨੌਜਵਾਨਾਂ ਦੀ ਇਸ ਮੰਗ ਨੂੰ ਜਾਇਜ਼ ਮੰਨਦਿਆਂ ਅੱਜ ਸ੍ਰੀ ਤਿਵਾੜੀ ਵੱਲੋਂ ਲੋਕ ਸਭਾ ਵਿੱਚ ਇਹ ਸਵਾਲ ਪੁੱਛਿਆ ਗਿਆ ਸੀ। ਸੰਸਥਾ ਦੇ ਮੈਂਬਰਾਂ ਨੇ ਲੋਕ ਸਭਾ ਵਿੱਚ ਇਹ ਅਹਿਮ ਮੁੱਦਾ ਚੁੱਕਣ ਲਈ ਸ੍ਰੀ ਤਿਵਾੜੀ ਦਾ ਧੰਨਵਾਦ ਕੀਤਾ।

ਗੁਰਦੁਆਰੇ ਦੀ ਗੋਲਕ ’ਚੋਂ ਪੈਸੇ ਚੋਰੀ ਕਰਨ ਦੇ ਦੋਸ਼ ਵਿਚ ਦੋ ਪਾਠੀ ਗ੍ਰਿਫ਼ਤਾਰ

ਅੰਮ੍ਰਿਤਸਰ,  ਜੁਲਾਈ 2019-
ਸ਼ਹੀਦ ਬਾਬਾ ਦੀਪ ਸਿੰਘ ਨਾਲ ਸਬੰਧਤ ਗੁਰਦੁਆਰਾ ਸ਼ਹੀਦਾਂ ਵਿਖੇ ਇਕ ਕਮਰੇ ਵਿੱਚ ਚਲ ਰਹੇ ਅਖੰਡ ਪਾਠ ਦੌਰਾਨ ਰਾਤ ਨੂੰ ਗੋਲਕ ਵਿਚੋਂ ਪੈਸੇ ਚੋਰੀ ਕਰਨ ਦੇ ਮਾਮਲੇ ਤਿੰਨ ਵਿਅਕਤੀ ਨਾਮਜ਼ਦ ਕੀਤੇ ਹਨ ਜਦੋਂਕਿ ਇਨ੍ਹਾਂ ਵਿਚੋਂ ਦੋ ਗ੍ਰਿਫ਼ਤਾਰ ਕੀਤੇ ਗਏ ਹਨ। ਗ੍ਰਿਫ਼ਤਾਰ ਕੀਤੇ ਦੋਵੇਂ ਵਿਅਕਤੀ ਪਾਠੀ ਹਨ।
ਇਹ ਮਾਮਲਾ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਅਤੇ ਗੁਰਦੁਆਰਾ ਸ਼ਹੀਦਾਂ ਵਿਖੇ ਸੀਸੀਟੀਵੀ ਕੈਮਰਿਆਂ ਦੇ ਇੰਚਾਰਜ ਰਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਨਾਮਜ਼ਦ ਕੀਤੇ ਤਿੰਨ ਵਿਅਕਤੀਆਂ ਵਿਚ ਹਰਜਿੰਦਰ ਸਿੰਘ ਢਿੱਲੋਂ, ਅਮਰੀਕ ਸਿੰਘ ਤੇ ਗੁਰਦੀਪ ਸਿੰਘ ਸ਼ਾਮਲ ਹਨ, ਜਿਨ੍ਹਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 380 ਹੇਠ ਥਾਣਾ ਸੀ ਡਿਵੀਜ਼ਨ ਵਿਖੇ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਇਨ੍ਹਾਂ ਕੋਲੋਂ ਗੋਲਕ ਵਿਚੋਂ ਚੁਰਾਏ 710 ਰੁਪਏ ਹੀ ਬਰਾਮਦ ਕੀਤੇ ਹਨ।
ਦਰਜ ਕਰਾਈ ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਗੁਰਦੁਆਰਾ ਸ਼ਹੀਦਾਂ ਵਿੱਚ ਗੁੰਬਦ ਨੰਬਰ ਇਕ ਵਿਚ ਸ਼ਰਧਾਲੂ ਮਲਕੀਤ ਸਿੰਘ ਵਾਸੀ ਗੁਰਦਾਸਪੁਰ ਦੇ ਨਾਂ ’ਤੇ ਅਖੰਡ ਪਾਠ ਚੱਲ ਰਿਹਾ ਸੀ। ਇਸ ਦੌਰਾਨ ਤੜਕੇ ਲਗਪਗ 4 ਵਜੇ ਇਹ ਵਿਅਕਤੀ ਇਥੇ ਪੁੱਜੇ ਅਤੇ ਗੋਲਕ ਵਿਚੋਂ ਪੈਸੇ ਚੋਰੀ ਕਰ ਲਏ। ਇਨ੍ਹਾਂ ਨੂੰ ਗੋਲਕ ਵਿਚੋਂ ਪੈਸੇ ਚੋਰੀ ਕਰਦਿਆਂ ਸੇਵਾਦਾਰ ਸਤਨਾਮ ਸਿੰਘ ਨੇ ਮੌਕੇ ’ਤੇ ਦੇਖ ਲਿਆ ਅਤੇ ਇਸ ਦੀ ਸ਼ਿਕਾਇਤ ਕੀਤੀ। ਮਗਰੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੋਂ ਵੀ ਇਸ ਦੀ ਪੁਸ਼ਟੀ ਹੋਈ ਹੈ। ਪੁਲੀਸ ਨੇ ਇਸ ਮਾਮਲੇ ਵਿਚ ਹਰਜਿੰਦਰ ਸਿੰਘ ਅਤੇ ਕੁਲਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ।

ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ’ਚ ਲੋੜੀਂਦੀਆਂ ਸੋਧਾਂ ਜ਼ਰੂਰੀ- ਡਾ.ਚੀਮਾ

ਸ੍ਰੀ ਆਨੰਦਪੁਰ ਸਾਹਿਬ,  ਜੁਲਾਈ 2019-(gurwinder singh)- ‘ਪਾਰਟੀ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ 100 ਸਾਲਾਂ ਤੋਂ ਚੱਲਦੇ ਆ ਰਹੇ ਸੰਵਿਧਾਨ ’ਚ ਲੋੜ ਅਨੁਸਾਰ ਸੋਧਾਂ ਕਰਨੀਆਂ ਬਹੁਤ ਜ਼ਰੂਰੀ ਹਨ। ਇਸੇ ਤਹਿਤ ਪਾਰਟੀ ਪ੍ਰਧਾਨ ਨੇ ਕੋਰ ਕਮੇਟੀ ’ਚ ਲਏ ਗਏ ਫ਼ੈਸਲੇ ਅਨੁਸਾਰ ਵਰਕਿੰਗ ਕਮੇਟੀ ਨੂੰ ਸਿਫਾਰਿਸ਼ਾਂ ਕਰਨ ਲਈ ਕਿਹਾ ਹੈ’, ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਕੀਤਾ। ਡਾ. ਚੀਮਾ ਨੇ ਕਿਹਾ ਕਿ 100 ਸਾਲ ਪਹਿਲਾਂ ਦੀ ਆਬਾਦੀ ਨੂੰ ਵੇਖਦੇ ਹੋਏ ਪਾਰਟੀਆਂ ਵੱਲੋਂ ਜ਼ਿਲ੍ਹਾ ਪੱਧਰੀ ਜਥੇਬੰਦੀਆਂ, ਸਰਕਲਾਂ, ਜ਼ੋਨਾਂ ਆਦਿ ਦੀ ਵੰਡ ਕੀਤੀ ਗਈ ਸੀ ਪਰ ਹੁਣ ਇੱਕ ਸਦੀ ਬੀਤ ਜਾਣ ’ਤੇ ਜ਼ਮੀਨੀ ਹਕੀਕਤ ਕਾਫੀ ਬਦਲ ਚੁੱਕੀ ਹੈ। ਇਸ ਲਈ ਮੁੱਢਲੇ ਤੌਰ ’ਤੇ ਲਏ ਗਏ ਫ਼ੈਸਲੇ ਦੇ ਅਨੁਸਾਰ ਹੁਣ ਸ਼੍ਰੋਮਣੀ ਕਮੇਟੀ ਦੀ ਮੁੱਢਲੀ ਇਕਾਈ, ਜੋ ਕਿ ਸਰਕਲ ਪੱਧਰ ਦੀ ਜਥੇਬੰਦੀ ਹੁੰਦੀ ਹੈ, ਦਾ ਪੁਨਰਗਠਨ ਕੀਤਾ ਜਾ ਰਿਹਾ ਹੈ ਅਤੇ 25 ਹਜ਼ਾਰ ਵੋਟਰਾਂ ਪਿੱਛੇ ਇਕ ਹਲਕਾ ਬਣਾਇਆ ਜਾਵੇਗਾ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਡਾ. ਚੀਮਾ ਨੇ ਦੱਸਿਆ ਕਿ ਜਿਹੜੇ ਮਿਹਨਤਕਸ਼ ਵਰਕਰ ਯੋਗ ਭਰਤੀ ਕਰਨਗੇ ਉਨ੍ਹਾਂ ਨੂੰ ਹੀ ਸਰਕਲ, ਜ਼ਿਲ੍ਹਾ, ਸੂਬਾਈ ਜਥੇਬੰਦੀਆਂ ’ਚ ਥਾਂ ਦਿੱਤੀ ਜਾਵੇਗੀ। ਮੁੱਖ ਮੰਤਰੀ ਵੱਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਫੋਨ ਕਰਕੇ ਸ੍ਰੀ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਦੀ ਕੀਤੀ ਪਹਿਲ ਬਾਰੇ ਪੁੱਛਣ ’ਤੇ ਡਾ.ਚੀਮਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾਂ ਪ੍ਰਕਾਸ਼ ਪੁਰਬ ਸਾਰਿਆਂ ਨੂੰ ਰਲਕੇ ਮਨਾਉਣਾ ਚਾਹੀਦਾ ਹੈ।

 

 

 

ਕੂੜਾ ਡੰਪ ਮਾਮਲਾ- ਸੰਘਰਸ਼ ਅੱਗੇ ਝੁਕਿਆ ਪ੍ਰਸ਼ਾਸਨ

ਮਾਨਸਾ,  ਜੁਲਾਈ 2019-
ਕੂੜਾ ਡੰਪ ਚੁੱਕਵਾਉਣ ਲਈ ਭਾਵੇਂ ਲੋਕ ਏਕਤਾ ਦੀ ਜਿੱਤ ਹੋਈ ਹੈ, ਪਰ ਵਾਰਡ ਨੰਬਰ 14 ਅਤੇ 15 ਦੇ ਕੌਂਸਲਰਾਂ ਵਿਚਾਲੇ ਡੰਪ ਨੂੰ ਲੈ ਕੇ ਹੋਈ ਤਕਰਾਰ ਦਾ ਮਾਮਲਾ ਥਾਣੇ ਪੁੱਜ ਗਿਆ ਹੈ। ਕੌਸਲਰਾਂ ਨੇ ਪੁਲੀਸ ਨੂੰ ਅਰਜ਼ੀ ਦੇ ਕੇ ਕੁੱਟਮਾਰ ਕੀਤੇ ਜਾਣ ਦੋਸ਼ ਲਾਏ ਹਨ। ਇਸ ਸਬੰਧੀ ਪ੍ਰਧਾਨ ਸਮੇਤ ਹੋਰ ਕੌਂਸਲਰ ਉਨ੍ਹਾਂ ਦੀ ਹਮਾਇਤ ‘ਤੇ ਉਤਰ ਆਏ ਹਨ। ਦੂਜੇ ਪਾਸੇ ਦੋਨੋਂ ਵਾਰਡਾਂ ਦੇ ਲੋਕਾਂ ਵੱਲੋਂ ਵਿਖਾਈ ਲੋਕ ਏਕਤਾ ਮੁੂਹਰੇ ਝੁਕਦਿਆਂ ਪ੍ਰਸ਼ਾਸਨ ਵੱਲੋਂ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਕੂੜਾ ਡੰਪ ਨਾ ਬਣਾਉਣ ਦਾ ਵਾਅਦਾ ਕੀਤਾ ਹੈ।
ਜਾਣਕਾਰੀ ਅਨੁਸਾਰ ਕੂੜਾ ਡੰਪ ਚੁਕਵਾਉਣ ਲਈ ਚੱਲ ਰਹੇ ਧਰਨੇ ਵਿੱਚ ਸ਼ਾਮਲ ਹੋ ਕੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਲੋਕਾਂ ਦਾ ਦੱਖ ਸੁਣਿਆ ਤੇ ਡੰਪ ਨਾ ਬਣਾਉਣ ਦਾ ਮੰਚ ਤੋਂ ਭਰੋਸਾ ਦਿੱਤਾ। ਇਸੇ ਦੌਰਾਨ ਕੌਸਲਰ ਡਾ. ਬਖਸ਼ੀਸ ਸਿੰਘ ਅਤੇ ਸੁਰਿੰਦਰ ਨਭੋਰੀਆ ਵੀ ਉਥੇ ਪੁੱਜ ਗਏ। ਉਨ੍ਹਾਂ ਦੀ ਧਰਨੇ ਦੀ ਅਗਵਾਈ ਕਰ ਕੇ ਆਗੂਆਂ ਨਾਲ ਕਿਸੇ ਗੱਲ ’ਤੇ ਬਹਿਸ ਹੋ ਗਈ। ਇਹ ਬਹਿਸ ਧੱਕਾ-ਮੁੱਕੀ ਤੋਂ ਬਾਅਦ ਹੱਥੋਪਾਈ ਤਕ ਪੁੱਜ ਗਈ। ਕੁਝ ਲੋਕਾਂ ਨੇ ਵਿੱਚ ਪੈ ਕੇ ਮਾਮਲਾ ਸ਼ਾਂਤ ਕੀਤਾ ਪਰ ਬਾਅਦ ਵਿੱਚ ਦੋਨਾਂ ਕੌਸਲਰਾਂ ਨੇ ਸਫ਼ਾਈ ਠੇਕੇਦਾਰ ਸੁਨੀਲ ਕੁਮਾਰ ਨੀਨੂੰ, ਰੂਪ ਚੰਦ ਪਰੋਚਾ, ਪਾਲਾ ਰਾਮ ਪਰੋਚਾ ਸਮੇਤ ਹੋਰ ਆਗੂਆਂ ਖਿਲਾਫ਼ ਕੁੱਟਮਾਰ ਦੇ ਦੋਸ਼ ਲਗਾ ਕੇ ਪੁਲੀਸ ਸਟੇਸ਼ਨ ਵਿੱਚ ਅਰਜ਼ੀ ਦੇ ਦਿੱਤੀ। ਇਸ ਤੋਂ ਬਾਅਦ ਕੌਂਸਲ ਪ੍ਰਧਾਨ ਮਨਦੀਪ ਸਿੰਘ ਗੋਰਾ ਸਮੇਤ ਲਗਭਗ ਅੱਠ ਕੌਸਲਰਾਂ ਨੇ ਮਾਨਸਾ ਦੇ ਐਸ.ਐਸ.ਪੀ ਨੂੰ ਮਿਲ ਕੇ ਇਸ ਮਾਮਲੇ ਸਬੰਧੀ ਇਨਸਾਫ਼ ਦੇਣ ਦੀ ਮੰਗ ਕੀਤੀ ਹੈ।
ਦਿਲਚਸਪ ਹੈ ਕਿ ਕੂੜਾ ਡੰਪ ਚੁਕਵਾਉਣ ਦੇ ਇਸ ਸੰਘਰਸ਼ ਦੀ ਸ਼ੁਰੂਆਤ ਦੋਨੋਂ ਕੌਸਲਰਾਂ ਡਾ. ਬਖਸੀਸ ਸਿੰਘ ਅਤੇ ਸੁਰਿੰਦਰ ਨਭੋਰੀਆ ਨੇ ਹੀ ਕੀਤੀ ਸੀ ਪਰ ਬਾਅਦ ਵਿੱਚ ਉਹ ਕਿਸੇ ਦਬਾਅ ਕਾਰਨ ਇਸ ਸੰਘਰਸ਼ ‘ਚੋਂ ਬਾਹਰ ਹੋ ਗਏ ਅਤੇ ਅੱਜ ਧਰਨੇ ਦੀ ਸਮਾਪਤੀ ‘ਤੇ ਅਚਾਨਕ ਉਥੇ ਪੁੱਜੇ ਸਨ।

ਕੁਲਵੰਤ ਸਿੰਘ ਧਾਲੀਵਾਲ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਏ

ਬੀੜ ਰਾਊਕੇ,ਜੁਲਾਈ 2019-(ਮਨਜਿੰਦਰ ਗਿੱਲ)- ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 550 ਪੌਦੇ ਪਿੰਡ ਬੀੜ ਰਾਊਕੇ ਵਿਚ  ਲਾਉਣ ਦੀ ਮੁਹਿੰਮ ਦੀ ਸ਼ੁਰੂਆਤ  ਕੁਲਵੰਤ ਸਿੰਘ ਧਾਲੀਵਾਲ ਦੁਆਰਾ ਕੀਤੀ ਗਈ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਬੂਟੇ ਲਗਾਉਣ ਤੋਂ ਬਿਨਾਂ ਇਹਨਾਂ ਦੀ ਸਾਂਭ ਸੰਭਾਲ ਵੀ ਕਰਨੀ ਚਾਹੀਦੀ ਹੈ। ਇਸ ਵਿੱਚ ਸੁਹੰਜਨਾ,ਅਮਲਤਾਸ,ਔਲੇ,ਜਾਮਣ,ਅਰਜੁਨ,ਕਨੇਰ,ਬਹੇੜਾ, ਨਿੰਮ,ਸਰੀਂਹ,ਪਿਲਕਨ,ਸਾਗਵਾਨ,ਜਕਰੰਡਾ,ਟਾਹਲੀ ਆਦਿ ਪੌਦੇ ਲਾਏ ਗਏ ।ਇਸ ਸਮੇਂ ਕੁਲਵੰਤ ਸਿੰਘ ਧਾਲੀਵਾਲ, ਸੰਤ ਸਿੰਘ ਧਾਲੀਵਾਲ ਟਰੱਸਟ ਦੇ ਪ੍ਰਧਾਨ ਬਲਦੇਵ ਸਿੰਘ , ਡਾ. ਰਣਜੀਤ ਸਿੰਘ, ਗੁਰਚਰਨ ਸਿੰਘ, ਮਨਦੀਪ ਸਿੰਘ ਨੰਬਰਦਾਰ, ਗੁਰਪ੍ਰੀਤ ਸਿੰਘ, ਗੁਰਜੀਤ ਸਿੰਘ, ਪਰਮਜੀਤ ਸਿੰਘ, ਰਾਜ ਕੁਮਾਰ, ਭਜਨ ਸਿੰਘ, ਸਰਪੰਚ ਜੋਗਿੰਦਰ ਸਿੰਘ, ਪ੍ਰਧਾਨ ਬਲਦੇਵ ਸਿੰਘ, ਬੂਟਾ ਸਿੰਘ ਸਾਬਕਾ ਸਰਪੰਚ, ਸੰਦੀਪ ਸਿੰਘ, ਹਰਪ੍ਰੀਤ ਸਿੰਘ, ਮਨਵੀਰ ਸਿੰਘ, ਹਰਦੀਪ ਸਿੰਘ, ਡਾ.ਲਖਵਿੰਦਰ ਸਿੰਘ, ਦਵਿੰਦਰ ਸਿੰਘ, ਦਲਜੀਤ ਸਿੰਘ, ਪਾਲ ਸਿੰਘ, ਮਾਸਟਰ ਗੁਰਪ੍ਰੀਤ ਸਿੰਘ, ਹਰਦੇਵ ਸਿੰਘ ਅਤੇ ਸਮੂਹ ਸਕੂਲ ਸਟਾਫ ਹਾਜਰ ਸੀ ।

ਨਿਤਿਨ ਗਡਕਰੀ ਵੱਲੋਂ ਸਮਰਾਲਾ ਖੇਤਰ ਦੇ ਪਿੰਡਾਂ ਦੀ ਸਮੱਸਿਆ ਜਲਦ ਹੱਲ ਕਰਨ ਦਾ ਭਰੋਸਾ-ਡਾ ਅਮਰ ਸਿੰਘ

ਰਾਸ਼ਟਰੀ ਰਾਜ ਮਾਰਗ ਨਾਲ ਸੰਬੰਧਤ ਮੁੱਦਿਆਂ ਦੇ ਹੱਲ ਲਈ ਡਾ. ਅਮਰ ਸਿੰਘ  ਕੇਂਦਰੀ ਸੜਕ ਆਵਾਜਾਈ ਅਤੇ ਹਾਈਵੇਜ਼ ਮੰਤਰੀ ਨੂੰ ਮਿਲੇ

 

ਫਤਹਿਗੜ੍ਹ ਸਾਹਿਬ, ਜੁਲਾਈ 2019 ( ਮਨਜਿੰਦਰ ਗਿੱਲ)-ਚੰਡੀਗੜ ਤੋਂ ਲੁਧਿਆਣਾ ਤੱਕ ਬਣ ਰਹੇ ਰਾਸ਼ਟਰੀ ਰਾਜ ਮਾਰਗ ਦੇ ਸੁਸਤ ਚਾਲ ਚੱਲਦੇ ਕੰਮ ਤੋਂ ਆਮ ਰਾਹਗੀਰਾਂ ਨੂੰ ਨਿੱਤ ਦਿਨ ਹੋ ਰਹੀ ਪ੍ਰੇਸ਼ਾਨੀ ਤੋਂ ਜਾਣੂ ਕਰਾਉਣ ਲਈ ਹਲਕਾ ਫਤਹਿਗੜ ਸਾਹਿਬ ਦੇ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਕੇਂਦਰੀ ਸੜਕ ਆਵਾਜਾਈ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਨਾਲ ਨਵੀਂ ਦਿੱਲੀ ਵਿਖੇ ਮੀਟਿੰਗ ਕੀਤੀ। ਡਾ. ਅਮਰ ਸਿੰਘ ਨੇ ਕੇਂਦਰੀ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਚੰਡੀਗੜ ਤੋਂ ਲੁਧਿਆਣਾ ਤੱਕ ਬਣ ਰਹੇ ਰਾਸ਼ਟਰੀ ਰਾਜ ਮਾਰਗ ਦਾ ਜਿਆਦਾਤਰ ਹਿੱਸਾ ਹਲਕਾ ਫਤਹਿਗੜ ਸਾਹਿਬ ਵਿੱਚੋਂ ਗੁਜ਼ਰਦਾ ਹੈ। ਅਲਾਂਈਨਮੈਂਟ ਅਤੇ ਡੀਜ਼ਾਈਨ ਵਿੱਚ ਹੋ ਰਹੀ ਦੇਰੀ ਦੇ ਚੱਲਦਿਆਂ ਇਸ ਰਾਜ ਮਾਰਗ 'ਤੇ ਪੈਂਦੇ ਸਮਰਾਲਾ ਸ਼ਹਿਰ ਅਤੇ ਨਾਲ ਲੱਗਦੇ ਪਿੰਡਾਂ ਦੇ ਰਾਹਗੀਰਾਂ ਨੂੰ ਕਾਫੀ ਆਵਾਜਾਈ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਨੂੰ ਤੁਰੰਤ ਹੱਲ ਕਰਨ ਦੀ ਜ਼ਰੂਰਤ ਹੈ। ਗਡਕਰੀ ਨੇ ਡਾ. ਅਮਰ ਸਿੰਘ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਮੁੱਦੇ 'ਤੇ ਨੈਸ਼ਨਲ ਹਾਈਵੇਜ਼ ਅਥਾਰਟੀ ਆਫ਼ ਇੰਡੀਆ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲ ਕਰਕੇ ਇਸ ਪ੍ਰੇਸ਼ਾਨੀ ਨੂੰ ਜਲਦ ਤੋਂ ਜਲਦ ਹੱਲ ਕਰਾਉਣਗੇ। ਉਨਾਂ ਕਿਹਾ ਕਿ ਇਸ ਮੁੱਦੇ 'ਤੇ ਜਲਦ ਹੀ ਉੱਚ ਪੱਧਰੀ ਮੀਟਿੰਗ ਬੁਲਾਉਣਗੇ, ਜਿਸ ਵਿੱਚ ਨੈਸ਼ਨਲ ਹਾਈਵੇਜ਼ ਅਥਾਰਟੀ ਆਫ਼ ਇੰਡੀਆ ਦੇ ਸੀਨੀਅਰ ਅਧਿਕਾਰੀਆਂ ਅਤੇ ਹੋਰ ਸੰਬੰਧਤ ਧਿਰਾਂ ਨਾਲ ਮੁੱਦਾ ਵਿਚਾਰਿਆ ਜਾਵੇਗਾ।

ਸਿਹਤ ਮੰਤਰੀ ਸ ਬਲਬੀਰ ਸਿੰਘ ਸਿੱਧੂ ਵਲੋਂ ਵਰਲਡ ਕੈਂਸਰ ਕੇਅਰ ਦਾ ਮੈਗਜ਼ੀਨ ਜਾਰੀ

ਚੰਡੀਗੜ੍ਹ , ਜੁਲਾਈ 2019-(ਇਕਬਾਲ ਸਿੰਘ ਸਿੱਧੂ)- ਪੰਜਾਬ ਦੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਜੀ ਵੱਲੋਂ ਅੱਜ ਚੰਡੀਗੜ੍ਹ ਵਿਖੇ ਵਰਲਡ ਕੈਂਸਰ ਕੇਅਰ ਦਾ ਨਵਾਂ ਮੈਗਜ਼ੀਨ ਰਿਲੀਜ਼ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਕੁਲਵੰਤ ਸਿੰਘ ਧਾਲੀਵਾਲ ਜੀ ਵਲੋਂ ਚਲਾਈ ਇਸ ਸੰਸਥਾ ਦੇ ਕੀਤੇ ਜਾ ਰਹੇ ਮਨੁੱਖਤਾ ਦੀ ਸੇਵਾ ਦੇ ਕਾਰਜਾਂ ਦੀ ਸ਼ਲਾਘਾ ਕੀਤੀ, ਅਤੇ ਸਰਕਾਰ ਵਲੋਂ ਹਰ ਮਦਦ ਦਾ ਭਰੋਸਾ ਦਿੱਤਾ। ਇਸ ਸਮੇਂ ਸੰਸਥਾ ਦੇ ਪ੍ਰੈਜੀਡੈਂਟ ਸ. ਜਗਮੋਹਨ ਸਿੰਘ ਕਾਹਲੋਂ, ਐੱਮਡੀ ਧਰਮਿੰਦਰ ਸਿੰਘ ਢਿੱਲੋਂ, ਐਮ ਐਲ ਏ ਸ. ਪ੍ਰੀਤਮ ਸਿੰਘ ਭੁਚੋ, ਸ. ਬਿਕਰਮ ਸਿੰਘ ਚੌਧਰੀ ਅਤੇ ਸ. ਹਰਚਰਨ ਸਿੰਘ ਬਰਾੜ ਵੀ ਮੌਜੂਦ ਸਨ, ਵਰਲਡ ਕੈਂਸਰ ਕੇਅਰ ਵੱਲੋਂ ਬਣਾਇਆ ਇਹ ਮੈਗਜ਼ੀਨ ਕੈਂਸਰ ਦੀ ਹਰ ਪੱਖ ਦੀ ਜਾਣਕਾਰੀ ਤੋਂ ਭਰਪੂਰ ਹੈ, ਸੰਸਥਾ ਦੇ ਪ੍ਰੈਜੀਡੈਂਟ ਸਰਦਾਰ ਜਗਮੋਹਨ ਸਿੰਘ ਕਾਹਲੋਂ ਜੀ ਨੇ ਦੱਸਿਆ ਕਿ ਇਹ ਮੈਗਜ਼ੀਨ ਆਮ ਲੋਕਾਂ ਨੂੰ ਸਮਰਪਿਤ ਹੈ ਅਤੇ ਲੋਕ ਇਸ ਮੈਗਜ਼ੀਨ ਤੋਂ ਕੈਂਸਰ ਬਾਰੇ ਸੰਪੂਰਨ ਜਾਣਕਾਰੀ ਹਾਸਲ ਸਕਦੇ ਹਨ, ਉਨ੍ਹਾਂ ਨੇ ਦੱਸਿਆ ਕਿ ਇਸ ਮੈਗਜ਼ੀਨ ਵਿੱਚ ਦੁਨੀਆਂ ਭਰ ਦੇ ਡਾਕਟਰਾਂ ਦੀ ਕੈਂਸਰ ਤੇ ਕੀਤੀ ਖੋਜ ਨੂੰ ਦਰਸਾਇਆ ਗਿਆ ਹੈ ਕਿ ਕਿਵੇਂ ਕੈਂਸਰ ਬਣਦਾ ਹੈ ਕਿਵੇਂ ਵਧਦਾ ਹੈ ਅਤੇ ਕਿਵੇਂ ਅਸੀਂ ਕੈਂਸਰ ਨੂੰ ਪਹਿਲੀ ਸਟੇਜ ਤੇ ਫੜਕੇ ਉਸ ਤੇ ਕਾਬੂ ਪਾ ਸਕਦੇ ਹਾਂ, ਉਨ੍ਹਾਂ ਨੇ ਅੱਗੇ ਦੱਸਿਆ ਕਿ ਪੂਰੇ ਭਾਰਤ ਵਿੱਚ 12 ਲੱਖ ਲੋਕ ਹਰ ਸਾਲ ਕੈਂਸਰ ਨਾਲ ਪੀੜਤ ਹੁੰਦੇ ਹਨ ਜਿਨ੍ਹਾਂ ਵਿੱਚੋਂ 7.5 ਲੱਖ ਲੋਕਾਂ ਦੀ ਕੈਂਸਰ ਨਾਲ ਮੌਤ ਹੋ ਜਾਂਦੀ ਹੈ ਜਿਸ ਦਾ ਵੱਡਾ ਕਾਰਨ ਅਗਿਆਨਤਾ ਹੈ, ਲੋਕਾਂ ਨੂੰ ਕੈਂਸਰ ਬਾਰੇ ਜਾਣਕਾਰੀ ਨਾ ਹੋਣ ਦੇ ਕਾਰਨ ਅਕਸਰ ਉਨ੍ਹਾਂ ਨੂੰ ਕੈਂਸਰ ਦੇ ਬਾਰੇ ਅਖੀਰਲੀ ਸਟੇਜ ਤੇ ਪਤਾ ਲੱਗਦਾ ਹੈ, ਜਿਸ ਕਾਰਨ ਇਲਾਜ ਵਿੱਚ ਜਿਆਦਾ ਖਰਚ ਆਉਂਦਾ ਹੈ ਅਤੇ ਮਰੀਜ਼ ਦੀ ਜਾਨ ਵੀ ਨਹੀਂ ਬਚਦੀ ਲੇਕਿਨ ਮੌਤ ਦੇ ਇਸ ਅੰਕੜੇ ਨੂੰ ਕਾਫੀ ਹੱਦ ਤਕ ਕੰਟਰੋਲ ਕੀਤਾ ਜਾ ਸਕਦਾ ਹੈ ਅਗਰ ਕੈਂਸਰ ਨੂੰ ਪਹਿਲੀ ਸਟੇਜ ਤੇ ਹੀ ਫੜ ਲਿਆ ਜਾਵੇ, ਉਨ੍ਹਾਂ ਦੱਸਿਆ ਕਿ ਵਰਲਡ ਕੈਂਸਰ ਕੇਅਰ ਵੱਲੋਂ ਰਿਲੀਜ਼ ਕੀਤਾ ਗਿਆ ਇਹ ਮੈਗਜ਼ੀਨ ਆਮ ਲੋਕਾਂ ਨੂੰ ਜੀਵਨ ਦਾਨ ਦੇਵੇਗਾ ਅਤੇ ਕੈਂਸਰ ਦੇ ਅੰਕੜੇ ਨੂੰ ਘੱਟ ਕਰਨ ਵਿੱਚ ਸਰਕਾਰ ਦੀ ਵੀ ਮੱਦਦ ਕਰੇਗਾ।