You are here

ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ’ਚ ਲੋੜੀਂਦੀਆਂ ਸੋਧਾਂ ਜ਼ਰੂਰੀ- ਡਾ.ਚੀਮਾ

ਸ੍ਰੀ ਆਨੰਦਪੁਰ ਸਾਹਿਬ,  ਜੁਲਾਈ 2019-(gurwinder singh)- ‘ਪਾਰਟੀ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ 100 ਸਾਲਾਂ ਤੋਂ ਚੱਲਦੇ ਆ ਰਹੇ ਸੰਵਿਧਾਨ ’ਚ ਲੋੜ ਅਨੁਸਾਰ ਸੋਧਾਂ ਕਰਨੀਆਂ ਬਹੁਤ ਜ਼ਰੂਰੀ ਹਨ। ਇਸੇ ਤਹਿਤ ਪਾਰਟੀ ਪ੍ਰਧਾਨ ਨੇ ਕੋਰ ਕਮੇਟੀ ’ਚ ਲਏ ਗਏ ਫ਼ੈਸਲੇ ਅਨੁਸਾਰ ਵਰਕਿੰਗ ਕਮੇਟੀ ਨੂੰ ਸਿਫਾਰਿਸ਼ਾਂ ਕਰਨ ਲਈ ਕਿਹਾ ਹੈ’, ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਕੀਤਾ। ਡਾ. ਚੀਮਾ ਨੇ ਕਿਹਾ ਕਿ 100 ਸਾਲ ਪਹਿਲਾਂ ਦੀ ਆਬਾਦੀ ਨੂੰ ਵੇਖਦੇ ਹੋਏ ਪਾਰਟੀਆਂ ਵੱਲੋਂ ਜ਼ਿਲ੍ਹਾ ਪੱਧਰੀ ਜਥੇਬੰਦੀਆਂ, ਸਰਕਲਾਂ, ਜ਼ੋਨਾਂ ਆਦਿ ਦੀ ਵੰਡ ਕੀਤੀ ਗਈ ਸੀ ਪਰ ਹੁਣ ਇੱਕ ਸਦੀ ਬੀਤ ਜਾਣ ’ਤੇ ਜ਼ਮੀਨੀ ਹਕੀਕਤ ਕਾਫੀ ਬਦਲ ਚੁੱਕੀ ਹੈ। ਇਸ ਲਈ ਮੁੱਢਲੇ ਤੌਰ ’ਤੇ ਲਏ ਗਏ ਫ਼ੈਸਲੇ ਦੇ ਅਨੁਸਾਰ ਹੁਣ ਸ਼੍ਰੋਮਣੀ ਕਮੇਟੀ ਦੀ ਮੁੱਢਲੀ ਇਕਾਈ, ਜੋ ਕਿ ਸਰਕਲ ਪੱਧਰ ਦੀ ਜਥੇਬੰਦੀ ਹੁੰਦੀ ਹੈ, ਦਾ ਪੁਨਰਗਠਨ ਕੀਤਾ ਜਾ ਰਿਹਾ ਹੈ ਅਤੇ 25 ਹਜ਼ਾਰ ਵੋਟਰਾਂ ਪਿੱਛੇ ਇਕ ਹਲਕਾ ਬਣਾਇਆ ਜਾਵੇਗਾ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਡਾ. ਚੀਮਾ ਨੇ ਦੱਸਿਆ ਕਿ ਜਿਹੜੇ ਮਿਹਨਤਕਸ਼ ਵਰਕਰ ਯੋਗ ਭਰਤੀ ਕਰਨਗੇ ਉਨ੍ਹਾਂ ਨੂੰ ਹੀ ਸਰਕਲ, ਜ਼ਿਲ੍ਹਾ, ਸੂਬਾਈ ਜਥੇਬੰਦੀਆਂ ’ਚ ਥਾਂ ਦਿੱਤੀ ਜਾਵੇਗੀ। ਮੁੱਖ ਮੰਤਰੀ ਵੱਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਫੋਨ ਕਰਕੇ ਸ੍ਰੀ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਦੀ ਕੀਤੀ ਪਹਿਲ ਬਾਰੇ ਪੁੱਛਣ ’ਤੇ ਡਾ.ਚੀਮਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾਂ ਪ੍ਰਕਾਸ਼ ਪੁਰਬ ਸਾਰਿਆਂ ਨੂੰ ਰਲਕੇ ਮਨਾਉਣਾ ਚਾਹੀਦਾ ਹੈ।