ਅੰਮ੍ਰਿਤਸਰ, ਜੁਲਾਈ 2019-
ਸ਼ਹੀਦ ਬਾਬਾ ਦੀਪ ਸਿੰਘ ਨਾਲ ਸਬੰਧਤ ਗੁਰਦੁਆਰਾ ਸ਼ਹੀਦਾਂ ਵਿਖੇ ਇਕ ਕਮਰੇ ਵਿੱਚ ਚਲ ਰਹੇ ਅਖੰਡ ਪਾਠ ਦੌਰਾਨ ਰਾਤ ਨੂੰ ਗੋਲਕ ਵਿਚੋਂ ਪੈਸੇ ਚੋਰੀ ਕਰਨ ਦੇ ਮਾਮਲੇ ਤਿੰਨ ਵਿਅਕਤੀ ਨਾਮਜ਼ਦ ਕੀਤੇ ਹਨ ਜਦੋਂਕਿ ਇਨ੍ਹਾਂ ਵਿਚੋਂ ਦੋ ਗ੍ਰਿਫ਼ਤਾਰ ਕੀਤੇ ਗਏ ਹਨ। ਗ੍ਰਿਫ਼ਤਾਰ ਕੀਤੇ ਦੋਵੇਂ ਵਿਅਕਤੀ ਪਾਠੀ ਹਨ।
ਇਹ ਮਾਮਲਾ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਅਤੇ ਗੁਰਦੁਆਰਾ ਸ਼ਹੀਦਾਂ ਵਿਖੇ ਸੀਸੀਟੀਵੀ ਕੈਮਰਿਆਂ ਦੇ ਇੰਚਾਰਜ ਰਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਨਾਮਜ਼ਦ ਕੀਤੇ ਤਿੰਨ ਵਿਅਕਤੀਆਂ ਵਿਚ ਹਰਜਿੰਦਰ ਸਿੰਘ ਢਿੱਲੋਂ, ਅਮਰੀਕ ਸਿੰਘ ਤੇ ਗੁਰਦੀਪ ਸਿੰਘ ਸ਼ਾਮਲ ਹਨ, ਜਿਨ੍ਹਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 380 ਹੇਠ ਥਾਣਾ ਸੀ ਡਿਵੀਜ਼ਨ ਵਿਖੇ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਇਨ੍ਹਾਂ ਕੋਲੋਂ ਗੋਲਕ ਵਿਚੋਂ ਚੁਰਾਏ 710 ਰੁਪਏ ਹੀ ਬਰਾਮਦ ਕੀਤੇ ਹਨ।
ਦਰਜ ਕਰਾਈ ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਗੁਰਦੁਆਰਾ ਸ਼ਹੀਦਾਂ ਵਿੱਚ ਗੁੰਬਦ ਨੰਬਰ ਇਕ ਵਿਚ ਸ਼ਰਧਾਲੂ ਮਲਕੀਤ ਸਿੰਘ ਵਾਸੀ ਗੁਰਦਾਸਪੁਰ ਦੇ ਨਾਂ ’ਤੇ ਅਖੰਡ ਪਾਠ ਚੱਲ ਰਿਹਾ ਸੀ। ਇਸ ਦੌਰਾਨ ਤੜਕੇ ਲਗਪਗ 4 ਵਜੇ ਇਹ ਵਿਅਕਤੀ ਇਥੇ ਪੁੱਜੇ ਅਤੇ ਗੋਲਕ ਵਿਚੋਂ ਪੈਸੇ ਚੋਰੀ ਕਰ ਲਏ। ਇਨ੍ਹਾਂ ਨੂੰ ਗੋਲਕ ਵਿਚੋਂ ਪੈਸੇ ਚੋਰੀ ਕਰਦਿਆਂ ਸੇਵਾਦਾਰ ਸਤਨਾਮ ਸਿੰਘ ਨੇ ਮੌਕੇ ’ਤੇ ਦੇਖ ਲਿਆ ਅਤੇ ਇਸ ਦੀ ਸ਼ਿਕਾਇਤ ਕੀਤੀ। ਮਗਰੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੋਂ ਵੀ ਇਸ ਦੀ ਪੁਸ਼ਟੀ ਹੋਈ ਹੈ। ਪੁਲੀਸ ਨੇ ਇਸ ਮਾਮਲੇ ਵਿਚ ਹਰਜਿੰਦਰ ਸਿੰਘ ਅਤੇ ਕੁਲਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ।