ਸੰਗਰੂਰ/ਮੂਨਕ,ਜੁਲਾਈ 2019- ਸੰਗਰੂਰ ਜ਼ਿਲ੍ਹੇ ’ਚੋਂ ਲੰਘਦੇ ਘੱਗਰ ਦਰਿਆ ਦੇ ਬੰਨ੍ਹ ਵਿਚ ਮੂਨਕ ਦੇ ਪਿੰਡ ਫੂਲਦ ਕੋਲ ਅੱਜ ਸਵੇਰੇ ਵੱਡਾ ਪਾੜ ਪੈਣ ਕਾਰਨ ਨੇੜਲੇ ਕਈ ਪਿੰਡਾਂ ਦੀ ਕਰੀਬ ਤਿੰਨ ਤੋਂ ਚਾਰ ਹਜ਼ਾਰ ਏਕੜ ਫ਼ਸਲ ਪਾਣੀ ਵਿਚ ਡੁੱਬ ਗਈ ਹੈ। ਇਸ ਕਾਰਨ ਘੱਗਰ ਨੇੜਲੇ ਪਿੰਡਾਂ ਦੇ ਲੋਕਾਂ ’ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਘੱਗਰ ਦੇ ਬੰਨ੍ਹਾਂ ’ਚ ਕਈ ਥਾਈਂ ਆਈਆਂ ਦਰਾੜਾਂ ਕਾਰਨ ਲੋਕ ਸਹਿਮੇ ਹੋਏ ਹਨ। ਮੂਨਕ ਨੇੜਲੇ ਪਿੰਡਾਂ ਦੇ ਸੈਂਕੜੇ ਲੋਕ ਸਵੇਰ ਤੋਂ ਹੀ ਪਾੜ ਪੂਰਨ ਵਿਚ ਜੁਟੇ ਹੋਏ ਹਨ। ਇਸ ਸਥਿਤੀ ਨਾਲ ਨਜਿੱਠਣ ਲਈ ਬਾਅਦ ਦੁਪਹਿਰ ਭਾਰਤੀ ਫੌਜ, ਐਨ.ਡੀ.ਆਰ.ਐਫ. ਅਤੇ ਐਸ.ਡੀ.ਆਰ.ਐਫ. ਦੀਆਂ ਟੀਮਾਂ ਮੌਕੇ ’ਤੇ ਪੁੱਜ ਕੇ ਪਾੜ ਪੂਰਨ ਦੇ ਕਾਰਜ ਵਿਚ ਜੁਟ ਗਈਆਂ ਹਨ। ਘੱਗਰ ਦਰਿਆ ’ਚ ਪਾੜ ਪੈਣ ਕਾਰਨ ਲਗਾਤਾਰ ਫੈਲ ਰਹੇ ਪਾਣੀ ਦੇ ਮੱਦੇਨਜ਼ਰ ਮੂਨਕ ਸ਼ਹਿਰ ਅਤੇ ਨੇੜਲੇ ਪਿੰਡਾਂ ਵਿਚ ਸਪੀਕਰਾਂ ਰਾਹੀਂ ਹੋਕੇ ਦੇ ਕੇ ਲੋਕਾਂ ਨੂੰ ਸੁਚੇਤ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ 18/07/19 ਸਵੇਰੇ ਕਰੀਬ ਛੇ ਵਜੇ ਮੂਨਕ ਨੇੜਲੇ ਪਿੰਡ ਮਕੋਰੜ ਸਾਹਿਬ ਅਤੇ ਫੂਲਦ ਵਿਚਾਲੇ ਘੱਗਰ ਦਰਿਆ ਦੇ ਬੰਨ੍ਹ ਵਿਚ ਕਰੀਬ 25 ਫੁੱਟ ਪਾੜ ਪੈ ਗਿਆ। ਪਤਾ ਲੱਗਦਿਆਂ ਹੀ ਸੈਂਕੜੇ ਲੋਕ ਮੌਕੇ ’ਤੇ ਇਕੱਠੇ ਹੋ ਗਏ ਅਤੇ ਆਪ ਹੀ ਥੈਲਿਆਂ ਵਿਚ ਮਿੱਟੀ ਭਰ ਕੇ ਅਤੇ ਦਰੱਖਤ ਆਦਿ ਸੁੱਟ ਕੇ ਪਾੜ ਨੂੰ ਭਰਨ ਵਿਚ ਜੁਟ ਗਏ ਪ੍ਰੰਤੂ ਪਾਣੀ ਦੇ ਤੇਜ਼ ਵਹਾਅ ਕਾਰਨ ਉਨ੍ਹਾਂ ਨੂੰ ਸਫ਼ਲਤਾ ਨਾ ਮਿਲੀ। ਸੂਚਨਾ ਮਿਲਦਿਆਂ ਹੀ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਅਤੇ ਜ਼ਿਲ੍ਹਾ ਪੁਲੀਸ ਮੁਖੀ ਡਾ. ਸੰਦੀਪ ਗਰਗ ਵੀ ਮੌਕੇ ’ਤੇ ਪੁੱਜ ਗਏ। ਪਾੜ ਪੈਣ ਦੀ ਸੂਚਨਾ ਮਿਲਣ ’ਤੇ ਬਾਅਦ ਦੁਪਹਿਰ ਦੋ ਵਜੇ ਤੱਕ ਭਾਰਤੀ ਫੌਜ, ਐਨ.ਡੀ.ਆਰ.ਐਫ਼ ਅਤੇ ਐਸ.ਡੀ.ਆਰ.ਐਫ ਦੀਆਂ ਟੀਮਾਂ ਵੀ ਪੁੱਜ ਗਈਆਂ ਸਨ। ਪ੍ਰਸ਼ਾਸਨ ਵਲੋਂ ਮੌਕੇ ’ਤੇ ਥੈਲਿਆਂ ਵਿੱਚ ਮਿੱਟੀ ਭਰਨ ਲਈ ਜੇਸੀਬੀ ਮਸ਼ੀਨਾਂ ਮੰਗਵਾਈਆਂ ਗਈਆਂ ਅਤੇ ਮਨਰੇਗਾ ਮਜ਼ਦੂਰ ਔਰਤਾਂ ਨੂੰ ਵੀ ਬੁਲਾ ਲਿਆ ਗਿਆ। ਪਿੰਡ ਫੂਲਦ, ਮਕੋਰੜ ਸਾਹਿਬ ਅਤੇ ਸੁਰਜਨ ਭੈਣੀ ਆਦਿ ਦੇ ਕਿਸਾਨ ਅਤੇ ਲੋਕ ਪਾੜ ਪੂਰਨ ਲਈ ਹਰ ਸੰਭਵ ਯਤਨ ਕਰ ਰਹੇ ਸਨ। ਲੱਖ ਕੋਸ਼ਿਸ਼ਾਂ ਦੇ ਬਾਵਜੂਦ ਸ਼ਾਮ ਤੱਕ ਸਿਰਫ਼ ਤਿੰਨ ਫੁੱਟ ਤੱਕ ਹੀ ਪਾੜ ਪੂਰਿਆ ਜਾ ਸਕਿਆ ਸੀ ਪ੍ਰੰਤੂ ਪਾਣੀ ਦੇ ਤੇਜ਼ ਵਹਾਅ ਕਾਰਨ ਪਾੜ ਕਰੀਬ 20 ਫੁੱੱਟ ਹੋਰ ਵਧ ਗਿਆ ਅਤੇ ਇਹ ਪਾੜ ਕਰੀਬ 60 ਫੁੱਟ ਤੱਕ ਪੁੱਜ ਗਿਆ। ਪਿੰਡ ਮਕੋਰੜ ਸਾਹਿਬ, ਫੂਲਦ ਅਤੇ ਸੁਰਜਨ ਭੈਣੀ ਦੀ ਕਰੀਬ ਤਿੰਨ ਤੋਂ ਚਾਰ ਹਜ਼ਾਰ ਏਕੜ ਫਸਲ ਪਾਣੀ ਵਿਚ ਡੁੱਬ ਗਈ ਹੈ ਅਤੇ ਪਾਣੀ ਦਾ ਤੇਜ਼ ਵਹਾਅ ਲਗਾਤਾਰ ਅੱਗੇ ਵਧ ਰਿਹਾ ਹੈ। ਪਿੰਡ ਸੁਰਜਨ ਭੈਣੀ, ਸਲੇਮਗੜ੍ਹ, ਮਕੋਰੜ ਸਾਹਿਬ, ਕੜੈਲ ਆਦਿ ਵਿਚ ਸਹਿਮ ਦਾ ਮਾਹੌਲ ਹੈ ਕਿਉਂਕਿ ਇਨ੍ਹਾਂ ਪਿੰਡਾਂ ਦੇ ਲੋਕ ਪਹਿਲਾਂ ਵੀ ਘੱਗਰ ਦੀ ਮਾਰ ਝੱਲ ਚੁੱਕੇ ਹਨ। ਦੇਰ ਸ਼ਾਮ ਤੱਕ ਪਾੜ ਵੱਧ ਕੇ 70 ਫੁੱਟ ਤੱਕ ਪੁੱਜ ਚੁੱਕਿਆ ਸੀ ਅਤੇ ਮੂਨਕ ਸ਼ਹਿਰ ਦੀਆਂ ਨੇੜਲੀਆਂ ਬਸਤੀਆਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪੁੱਜਣ ਦੀ ਅਪੀਲ ਕੀਤੀ ਗਈ ਹੈ। ਇਸ ਮੌਕੇ ਪੁੱਜੇ ਹਲਕਾ ਲਹਿਰਾਗਾਗਾ ਦੇ ਵਿਧਾਇਕ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਘੱਗਰ ਦਰਿਆ ਵਿਚ ਪਏ ਪਾੜ ਲਈ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਦੋਸ਼ ਲਾਇਆ ਹੈ ਕਿ ਘੱਗਰ ਦਰਿਆ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਅਤੇ ਇਸ ਦੀ ਸਫ਼ਾਈ ਕਰਾਉਣ ਦੀ ਲੋੜ ਨਹੀਂ ਸਮਝੀ ਗਈ। ਭਾਕਿਯੂ (ਡਕੌਂਦਾ) ਦੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਵੀ ਪੰਜਾਬ ਸਰਕਾਰ ਦੀ ਲਾਪ੍ਰਵਾਹੀ ਦੀ ਨਿੰਦਾ ਕਰਦਿਆਂ ਕਿਸਾਨਾਂ ਅਤੇ ਲੋਕਾਂ ਦੇ ਹੋਏ ਮਾਲੀ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਹੈ।