You are here

ਪੰਜਾਬ

ਕੈਪਟਨ ਵੱਲੋਂ ਖਾਲਿਸਤਾਨੀ ਲਹਿਰ ਨੂੰ ਸਮਰਥਨ ਦੇਣ ’ਤੇ ਕੈਨੇਡਾ ਦੀ ਆਲੋਚਨਾ

ਚੰਡੀਗੜ੍ਹ, ਜੂਨ 2019- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਾਲਿਸਤਾਨੀ ਲਹਿਰ ਨੂੰ ਸਮਰਥਨ ਦੇਣ ਲਈ ਕੈਨੇਡਾ ਸਰਕਾਰ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇ ਕੈਨੇਡਾ ਭਾਰਤ ਵਿਰੋਧੀ ਸਰਗਰਮੀਆਂ ਨੂੰ ਰੋਕਣ ’ਚ ਅਸਫਲ ਰਿਹਾ ਤਾਂ ਇਹ ਲੰਮੇ ਸਮੇਂ ’ਚ ਉਸ ਦੀ ਆਪਣੀ ਸੁਰੱਖਿਆ ਅਤੇ ਹਿੱਤਾਂ ਲਈ ਵੀ ਨੁਕਸਾਨਦੇਹ ਹੋਵੇਗਾ। ਉਨ੍ਹਾਂ ਕਿਹਾ ਕਿ ਕੈਨੇਡਾ ਆਪਣੀ ਧਰਤੀ ਤੋਂ ਖਾਲਿਸਤਾਨੀ ਸਰਗਰਮੀਆਂ ਵਿਰੁੱਧ ਕਾਰਵਾਈ ਕਰਨ ’ਚ ਅਸਫਲ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪਿਛਲੇ ਸਾਲ ਭਾਰਤ ਦੌਰੇ ਦੌਰਾਨ ਉਨ੍ਹਾਂ ਨੂੰ ਲੋੜੀਂਦੇ ਅਤਿਵਾਦੀਆਂ ਦੀ ਸੂਚੀ ਦਿੱਤੀ ਗਈ ਸੀ ਪਰ ਉਨ੍ਹਾਂ ਦੀ ਸਰਕਾਰ ਦਾ ਹੁੰਗਾਰਾ ਢਿੱਲਾ ਰਿਹਾ, ਜਿਸ ਨਾਲ ਉਨ੍ਹਾਂ ਦੀ ਮਨਸ਼ਾ ਪੂਰੀ ਤਰ੍ਹਾਂ ਨੰਗੀ ਹੋ ਗਈ ਹੈ। ਮੁੱਖ ਮੰਤਰੀ ਨੇ ਕੈਨੇਡੀਅਨ ਸਕਿਉਰਿਟੀ ਇੰਟੈਲੀਜੈਂਸ ਸਰਵਿਸ (ਸੀਐਸਆਈਐਸ) ਵੱਲੋਂ ਜਾਰੀ ਕੀਤੀ 2018 ਦੀ ਪਬਲਿਕ ਰਿਪੋਰਟ ਦੇ ਤੱਥਾਂ ’ਤੇ ਚਿੰਤਾ ਪ੍ਰਗਟ ਕੀਤੀ ਕਿ ਕੈਨੇਡਾ ਵਿਚ ਭਾਰਤ ਵਿਰੋਧੀ ਸਰਗਰਮੀਆਂ ਵਧੀਆਂ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਰਿਪੋਰਟਾਂ ਨੂੰ ਗੰਭੀਰਤਾ ਨਾਲ ਲੈਣ।

ਨਾਬਾਲਗ ਵੱਲੋਂ ਵਿਆਹ ਕਰਵਾਉਣ ’ਤੇ ਸੁਰੱਖਿਆ ਦੇਣ ਤੋਂ ਮੁੱਕਰ ਨਹੀਂ ਸਕਦੀ ਸਰਕਾਰ

ਚੰਡੀਗੜ੍ਹ,  ਜੂਨ 2019- ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਪੱਸ਼ਟ ਕਿਹਾ ਹੈ ਕਿ ਵਿਆਹ ਦਾ ਕਾਨੂੰਨੀ ਤੌਰ ’ਤੇ ਵੈਧ ਨਾ ਹੋਣਾ ਜਾਂ ਵਿਆਹ ਨਾ ਹੋਇਆ ਹੋਣਾ ਨਾਗਰਿਕਾਂ ਨੂੰ ਸੁਰੱਖਿਆ ਦੇਣ ਤੋਂ ਮੁੱਕਰਨ ਦਾ ਅਧਾਰ ਨਹੀਂ ਬਣ ਸਕਦਾ। ਅਦਾਲਤ ਨੇ ਕਿਹਾ ਕਿ ਰਾਜ ਦਾ ਫ਼ਰਜ਼ ਹੈ ਕਿ ਉਹ ਹਰੇਕ ਨਾਗਰਿਕ ਦੀ ਜ਼ਿੰਦਗੀ ਤੇ ਆਜ਼ਾਦੀ ਦੀ ਰਾਖ਼ੀ ਕਰੇ। ਜਸਟਿਸ ਅਰੁਣ ਮੋਂਗਾ ਨੇ ਕਿਹਾ ਕਿ ਹਿੰਦੂ ਮੈਰਿਜ ਐਕਟ ਤਹਿਤ ਵਿਆਹ ਦੇ ਕਾਨੂੰਨੀ ਤੌਰ ’ਤੇ ਵੈਧ ਹੋਣ ਲਈ ਬੇਸ਼ੱਕ ਲੜਕੇ ਦੇ 21 ਸਾਲ ਤੇ ਲੜਕੀ ਦੇ 18 ਸਾਲ ਦਾ ਹੋਣਾ ਲਾਜ਼ਮੀ ਹੈ ਪਰ ਇਹ ਸੁਰੱਖਿਆ ਪ੍ਰਦਾਨ ਕਰਨ ਤੋਂ ਮੁੱਕਰਨ ਦਾ ਕਾਰਨ ਨਹੀਂ ਹੋ ਸਕਦਾ। ਜਸਟਿਸ ਮੋਂਗਾ ਨੇ ਦਿੱਲੀ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਦੇ ਇਕ ਫ਼ੈਸਲਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਹਿੰਦੂ ਮੈਰਿਜ ਐਕਟ ਦੀ ਧਾਰਾ 11 ਦੀ ਸਮੀਖ਼ਿਆ ਕਰਨ ’ਤੇ ਕੁਝ ਹੋਰ ਤੱਥ ਵੀ ਸਾਹਮਣੇ ਆਉਂਦੇ ਹਨ। ਅਦਾਲਤ ਦਾ ਇਹ ਫ਼ੈਸਲਾ ਘਰਦਿਆਂ ਦੀ ਮਰਜ਼ੀ ਖ਼ਿਲਾਫ਼ ਵਿਆਹ ਕਰਵਾਉਣ ਵਾਲੇ ਇਕ ਜੋੜੇ ਦੀ ਪਟੀਸ਼ਨ ’ਤੇ ਆਇਆ ਹੈ। ਜੋੜੇ ਨੇ ਪਟੀਸ਼ਨ ਵਿਚ ਕਿਹਾ ਹੈ ਕਿ ਉਹ ਇਕ ਦੂਜੇ ਨੂੰ ਪਸੰਦ ਕਰਦੇ ਹਨ ਤੇ ਵਿਆਹ ਕਰਵਾਇਆ ਹੈ। ਅਦਾਲਤ ਨੇ ਦੇਖਿਆ ਕਿ ਲੜਕੇ ਦੀ ਉਮਰ 20 ਸਾਲ ਨੌਂ ਮਹੀਨੇ ਤੇ ਲੜਕੀ ਦੀ ਉਮਰ 19 ਸਾਲ ਤੋਂ ਥੋੜ੍ਹੀ ਵੱਧ ਹੈ। ਹਾਈ ਕੋਰਟ ਨੇ ਕਿਹਾ ਕਿ ਫ਼ਿਲਹਾਲ ਇਹ ਮਸਲਾ ਪਟੀਸ਼ਨਕਰਤਾ ਦੇ ਵਿਆਹ ਦਾ ਨਹੀਂ ਹੈ ਬਲਕਿ ਰਾਜ ਵੱਲ ਬਣਦੀ ਜ਼ਿੰਦਗੀ ਦੀ ਰਾਖ਼ੀ ਦੀ ਜ਼ਿੰਮੇਵਾਰੀ ਤੇ ਆਜ਼ਾਦੀ ਜਿਹੇ ਜਮਹੂਰੀ ਹੱਕਾਂ ਦੀ ਉਲੰਘਣਾ ਦਾ ਹੈ। ਜਸਟਿਸ ਮੋਂਗਾ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਗੱਲ ਕਹਿਣ ਵਿਚ ਕੋਈ ਝਿਜਕ ਨਹੀਂ ਹੈ ਕਿ ਇਹ ਆਰਟੀਕਲ 21 ਤਹਿਤ ਸੰਵਿਧਾਨਕ ਹੱਕਾਂ ਦਾ ਮਸਲਾ ਹੈ। ਕਿਸੇ ਵੀ ਹਾਲਤ ਵਿਚ ਇਨ੍ਹਾਂ ਦੀ ਮਰਿਆਦਾ ਬਰਕਰਾਰ ਰਹਿਣੀ ਚਾਹੀਦੀ ਹੈ ਫੇਰ ਚਾਹੇ ਵਿਆਹ ਵੈਧ ਹੋਵੇ ਜਾਂ ਨਾ ਹੀ ਹੋਇਆ ਹੋਵੇ। ਉਨ੍ਹਾਂ ਨਾਲ ਹੀ ਸਪੱਸ਼ਟ ਕੀਤਾ ਕਿ ਨਾਗਰਿਕ ਭਾਵੇਂ ਬਾਲਗ ਹੋਵੇ ਜਾਂ ਨਾਬਾਲਗ, ਹੱਕ ਸਾਰਿਆਂ ਨੂੰ ਬਰਾਬਰ ਮਿਲੇ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਇਹ ਤੱਥ ਕਿ ਲੜਕਾ ਵਿਆਹ ਵਾਲੀ ਉਮਰ ਤੱਕ ਨਹੀਂ ਅੱਪੜਿਆ, ਉਸ ਨੂੰ ਉਸ ਦੇ ਸੰਵਿਧਾਨਕ ਹੱਕਾਂ ਤੋਂ ਵਾਂਝਾ ਨਹੀਂ ਰੱਖਿਆ ਜਾ ਸਕਦਾ। ਅਦਾਲਤ ਨੇ ਫ਼ਾਜ਼ਿਲਕਾ ਦੇ ਐੱਸਐੱਸਪੀ ਨੂੰ ਪਟੀਸ਼ਨ ਵਿਚਲੇ ਤੱਥਾਂ ਦੀ ਪੜਚੋਲ ਕਰ ਕੇ, ਜਿਸ ਵਿਚ ਜਾਨ ਨੂੰ ਖ਼ਤਰੇ ਦਾ ਜ਼ਿਕਰ ਕੀਤਾ ਗਿਆ ਹੈ, ਪਟੀਸ਼ਨਕਰਤਾਵਾਂ ਨੂੰ ਲੋੜੀਂਦੀ ਸੁਰੱਖਿਆ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਹਨ।

ਭਗਤ ਕਬੀਰ ਜੀ ਦੀ ਬਾਣੀ ਸਮੁੱਚੀ ਮਾਨਵਤਾ ਦਾ ਮਾਰਗ ਦਰਸ਼ਨ ਕਰਦੀ ਰਹੇਗੀ-ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ

ਕਿਹਾ, ਧਰਮ ਨਿਰਪੱਖਤਾ ਅਤੇ ਸਮਾਜਿਕ ਬਰਾਬਰੀ ਬਣਾਈ ਰੱਖਣ ਲਈ ਪੰਜਾਬ ਸਰਕਾਰ ਵਚਨਬੱਧ

ਲੁਧਿਆਣਾ, ਜੂਨ 2019 ( ਮਨਜਿੰਦਰ ਗਿੱਲ )—ਭਗਤ ਕਬੀਰ ਜੀ ਦੀ ਬਾਣੀ ਸਮੁੱਚੀ ਮਾਨਵਤਾ ਲਈ ਹਮੇਸ਼ਾ ਪ੍ਰੇਰਣਾ ਸਰੋਤ ਬਣੀ ਰਹੇਗੀ। ਇਹ ਵਿਚਾਰ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਸਥਾਨਕ ਜਵਾਹਰ ਨਗਰ ਵਿਖੇ ਭਗਤ ਕਬੀਰ ਜੀ ਦੇ 621ਵੇਂ ਪ੍ਰਕਾਸ਼ ਪੁਰਬ 'ਤੇ ਸਤਿਗੁਰੂ ਕਬੀਰ ਸੇਵਾ ਸੰਘ (ਰਜਿ.) ਵੱਲੋਂ ਆਯੋਜਿਤ ਸ਼ਾਨਦਾਰ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਮੁੱਖ ਮਹਿਮਾਨ ਆਸ਼ੂ ਨੇ ਭਗਤ ਕਬੀਰ ਜੀ ਦੇ ਜਨਮ ਉਤਸਵ ਦਿਵਸ ਦੀ ਸਾਰਿਆਂ ਨੂੰ ਵਧਾਈ ਦਿੰਦੇ ਹੋਏ ਭਾਰਤ ਦੀ ਭਗਤੀ ਲਹਿਰ ਦੀ ਧਾਰਾ ਉਸਰੱਈਏ ਭਗਤ ਕਬੀਰ ਜੀ ਦੀ ਸਿੱਖਿਆਵਾਂ ਨੂੰ ਅਮਲ ਵਿੱਚ ਲਿਆਉਣ ਦਾ ਸੰਦੇਸ਼ ਦਿੱਤਾ। ਉਨਾਂ ਕਿਹਾ ਕਿ ਭਗਤ ਕਬੀਰ ਜੀ ਦੀ ਬਾਣੀ ਵਿੱਚ ਪਿਆਰ, ਸ਼ਾਂਤੀ, ਮਨੁੱਖੀ ਏਕਤਾ ਅਤੇ ਵਿਸ਼ਵ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ ਗਿਆ। ਉਨਾਂ ਕਿਹਾ ਕਿ ਭਗਤ ਕਬੀਰ ਜੀ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਹਮੇਸ਼ਾ ਹੀ ਮਾਨਵਤਾ ਦਾ ਮਾਰਗ ਦਰਸ਼ਨ ਕਰਦੀ ਰਹੇਗੀ, ਜੋ ਕਿ ਨਸਲ ਅਤੇ ਧਰਮ ਤੋਂ ਉਪਰ ਉਠਣ ਦਾ ਸੰਦੇਸ਼ ਦਿੰਦੀ ਰਹੇਗੀ। ਉਨਾਂ ਕਿਹਾ ਕਿ ਭਗਤ ਕਬੀਰ ਨੇ ਇਸ ਨੂੰ ਖਤਮ ਕਰਨ ਲਈ ਲੰਬਾ ਸੰਘਰਸ਼ ਕੀਤਾ। ਉਨਾਂ ਕਿਹਾ ਕਿ ਭਗਤ ਕਬੀਰ ਜੀ ਦੇ ਭਾਈਚਾਰਕ ਸਾਂਝ ਦੇ ਵਿਸ਼ਵ ਵਿਆਪਕ ਸੰਦੇਸ਼ ਨੂੰ ਅਪਣਾਉਣਾ ਪੂਰੀ ਮਾਨਵਤਾ ਦੀ ਭਲਾਈ ਲਈ ਜ਼ਰੂਰੀ ਹੈ। ਉਨਾਂ ਕਿਹਾ ਕਿ ਭਗਤ ਕਬੀਰ ਜੀ ਵਲੋਂ ਦਿਖਾਏ ਮਾਰਗ 'ਤੇ ਚੱਲਦੇ ਹੋਏ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰਾਜ ਅੰਦਰ ਧਰਮ ਨਿਰਪੱਖਤਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਉਨਾਂ ਕਿਹਾ ਕਿ ਸਮਾਜਿਕ ਬਰਾਬਰੀ 'ਤੇ ਧਰਮ ਨਿਰਪੱਖਤਾ ਨੂੰ ਮਜ਼ਬੂਤ ਕਰਨਾ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਹੈ। ਇਸ ਮੌਕੇ ਲੋਕ ਸਭਾ ਮੈਂਬਰ  ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਭਗਤ ਕਬੀਰ ਜੀ ਦੀਆਂ ਸਿੱਖਿਆਵਾਂ ਨੇ ਜਾਤ-ਪਾਤ ਅਤੇ ਹੋਰ ਬੁਰਾਈਆਂ ਨੂੰ ਖਤਮ ਕਰਕੇ ਸਿਹਤਮੰਦ ਸਮਾਜ ਬਣਾਉਣ ਲਈ ਹਮੇਸ਼ਾ ਮਾਨਵਤਾ ਦਾ ਸਹੀ ਮਾਰਗ ਦਰਸ਼ਨ ਕੀਤਾ। ਉਨਾਂ ਕਿਹਾ ਕਿ ਭਗਤ ਕਬੀਰ ਜੀ ਦੀਆਂ ਸਿੱਖਿਆਵਾਂ ਆਉਣ ਵਾਲੀਆਂ ਪੀੜੀਆਂ ਤਕ ਪਹੁੰਚਾ ਕੇ ਜਿਥੇ ਦੇਸ਼ ਅੰਦਰ, ਸ਼ਾਂਤੀ, ਪਿਆਰ ਭਾਵ ਅਤੇ ਏਕਤਾ ਕਾਇਮ ਰੱਖੀ ਜਾ ਸਕਦੀ ਹੈ, ਉਥੇ ਦੇਸ਼ ਦਾ ਭਵਿੱਖ ਉਜਵਲ ਬਣਾਇਆ ਜਾ ਸਕਦਾ ਹੈ। ਇਸ ਮੌਕੇ ਆਸ਼ੂ ਨੇ ਆਪਣੇ ਅਖ਼ਤਿਆਰੀ ਕੋਟੇ ਵਿੱਚੋਂ ਸਤਿਗੁਰੂ ਕਬੀਰ ਸੇਵਾ ਸੰਘ ਅਤੇ ਧਰਮਸ਼ਾਲਾ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸੇ ਤਰ ਬਿੱਟੂ ਨੇ ਵੀ ਇਲਾਕੇ ਲਈ ਦੋ ਸਟੀਲ ਦੇ ਪਾਣੀ ਵਾਲੀ ਟੈਂਕਰ ਅਤੇ ਸਕੂਲ ਲਈ 5 ਲੱਖ ਰੁਪਏ ਗਰਾਂਟ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਹਲਕਾ ਬੱਲੂਆਣਾ ਦੇ ਵਿਧਾਇਕ ਨੱਥੂ ਰਾਮ ਮੇਘ ਨੂੰ ਕਬੀਰ ਰਤਨ ਪੁਰਸਕਾਰ ਅਤੇ ਜੰਮੂ ਕਸ਼ਮੀਰ ਦੇ ਸਾਬਕਾ ਮੰਤਰੀ ਮੂਲਾ ਰਾਮ ਭਗਤ ਨੂੰ ਉਮਰ ਭਰ ਦੀਆਂ ਪ੍ਰਾਪਤੀਆਂ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਣਹਾਰ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਹਲਕਾ ਅਮਰਗੜ• ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ, ਨਗਰ ਨਿਗਮ ਲੁਧਿਆਣਾ ਦੇ ਮੇਅਰ  ਬਲਕਾਰ ਸਿੰਘ ਸੰਧੂ, ਜ਼ਿਲਾ ਕਾਂਗਰਸ ਪ੍ਰ੍ਰਧਾਨ ਅਸ਼ਵਨੀ ਸ਼ਰਮਾ,  ਗੁਰਦੇਵ ਸਿੰਘ ਲਾਪਰਾਂ, ਕੌਂਸਲਰ  ਬਲਜਿੰਦਰ ਸਿੰਘ ਬੰਟੀ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।

ਦੋ ਥਾਵਾਂ ਤੋਂ 31 ਕਰੋੜ ਰੁਪਏ ਦੀ ਹੈਰੋਇਨ ਬਰਾਮਦ

ਫਿਰੋਜ਼ਪੁਰ,  ਜੂਨ 2019- ਪੁਲੀਸ ਨੇ ਦੋ ਥਾਵਾਂ ਤੋਂ ਛੇ ਕਿਲੋ ਹੈਰੋਇਨ ਬਰਾਮਦ ਕੀਤੀ ਹੈ ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ 31 ਕਰੋੜ ਦੇ ਲਗਪਗ ਹੈ। ਪੁਲੀਸ ਨੂੰ ਹੈਰੋਇਨ ਦੀ ਵੱਡੀ ਖੇਪ ਸਰਹੱਦ ਨੇੜਿਉਂ ਮਿਲੀ ਜਦੋਂਕਿ ਦੋ ਹੋਰ ਥਾਵਾਂ ਤੋਂ ਹੈਰੋਇਨ ਸਣੇ ਤਿੰਨ ਜਣਿਆਂ ਨੂੰ ਕਾਬੂ ਕੀਤਾ ਗਿਆ ਹੈ।
ਸੀਆਈਏ ਸਟਾਫ਼ ਫਿਰੋਜ਼ਪੁਰ ਦੇ ਏਐਸਆਈ ਗੁਰਚਰਨ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨੂੰ ਸੂਚਨਾ ਮਿਲੀ ਕਿ ਭਾਰਤ ਤੇ ਪਾਕਿਸਤਾਨ ਦੇ ਨਸ਼ਾ ਤਸਕਰ ਮਿਲ ਕੇ ਨਸ਼ੇ ਅਤੇ ਅਸਲੇ ਦੀ ਤਸਕਰੀ ਕਰ ਰਹੇ ਹਨ। ਪੁਲੀਸ ਨੇ ਜਦੋਂ ਸਰਚ ਅਪਰੇਸ਼ਨ ਚਲਾਇਆ ਤਾਂ ਉਥੋਂ 4.820 ਕਿਲੋ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਅਣਪਛਾਤੇ ਤਸਕਰਾਂ ਵਿਰੁੱਧ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।
ਤਰਨ ਤਾਰਨ ਇਥੋਂ ਦੀ ਪੁਲੀਸ ਨੇ ਔਰਤ ਸਮੇਤ ਤਿੰਨ ਜਣਿਆਂ ਕੋਲੋਂ 1.260 ਕਿਲੋ ਹੈਰੋਇਨ ਬਰਾਮਦ ਕੀਤੀ ਹੈ ਜਿਸ ਦੀ ਅੰਤਰਰਾਸ਼ਟਰੀ ਮੰਡੀ ਵਿਚ ਕੀਮਤ 6.30 ਕਰੋੜ ਰੁਪਏ ਬਣਦੀ ਹੈ। ਇਸ ਦੇ ਨਾਲ ਹੀ ਪੁਲੀਸ ਨੇ ਤਿੰਨ ਹੋਰਨਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 1193 ਨਸ਼ੀਲੀਆਂ ਗੋਲੀਆਂ ਅਤੇ 360 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਹਨ। ਐਸਪੀ (ਜਾਂਚ) ਹਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਪੱਟੀ ਸ਼ਹਿਰ ਨੇੜਲੇ ਪਿੰਡ ਪ੍ਰਿੰਗੜੀ ਤੋਂ ਇਨੋਵਾ ਵਿਚ ਜਾਂਦੀ ਔਰਤ ਤੇ ਵਿਅਕਤੀ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਇਕ ਕਿਲੋਗਰਾਮ ਹੈਰੋਇਨ ਬਰਾਮਦ ਹੋਈ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਪੱਟੀ ਵਾਸੀ ਸੁਰਜੀਤ ਸਿੰਘ ਟੋਲੂ ਅਤੇ ਹਰਜੀਤ ਕੌਰ ਵਾਸੀ ਮੁੱਦਕੀ (ਫਿਰੋਜ਼ਪੁਰ) ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਦੀ ਕਾਰ ਵੀ ਕਬਜ਼ੇ ਵਿਚ ਲੈ ਲਈ ਹੈ। ਇਵੇਂ ਹੀ ਵਲਟੋਹਾ ਪੁਲੀਸ ਨੇ ਉਥੋਂ ਦੇ ਹੀ ਵਾਸੀ ਤਰਸੇਮ ਸਿੰਘ ਸ਼ੇਰੂ ਨੂੰ 260 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ।

ਬਿੱਟੂ ਨੇ ਪਾਰਲੀਮੈਂਟ 'ਚ ਚੁੱਕਿਆ ਦਿੱਲੀ ਪੁਲਿਸ ਵੱਲੋਂ ਕੀਤੀ ਗਈ ਸਿੱਖ ਪਿਓ-ਪੁੱਤ ਦੀ ਕੁੱਟਮਾਰ ਦਾ ਮਾਮਲਾ

ਨਵੀਂ ਦਿੱਲੀ, ਜੂਨ 2019 - ਲੁਧਿਆਣਾ ਤੋਂ ਐੱਮ ਪੀ ਰਵਨੀਤ ਸਿੰਘ ਬਿੱਟੂ ਨੇ ਪਾਰਲੀਮੈਂਟ 'ਚ ਦਿੱਲੀ ਪੁਲਿਸ ਵੱਲੋਂ ਸਿੱਖ ਪਿਓ-ਪੁੱਤ ਨਾਲ ਕੀਤੀ ਬੇਰਹਿਮੀ ਨਾਲ ਸੜਕ 'ਤੇ ਕੀਤੀ ਕੁੱਟਮਾਰ ਦਾ ਮਾਮਲਾ ਚੁੱਕਿਆ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਇੱਕ ਬੇਕਸੂਰ ਪਿਓ-ਪੁੱਤ ਤੋਂ ਪੈਸੇ ਲੈਣ ਲਈ ਪੁਲਿਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਜਦੋਂ ਪੀੜਤ ਸਿੱਖ ਸਰਬਜੀਤ ਸਿੰਘ ਵੱਲੋਂ ਪੁਲਿਸ ਦਾ ਵਿਰੋਧ ਕੀਤਾ ਗਿਆ ਤਾਂ ਉਸ ਦੀ ਕੁੱਟਮਾਰ ਕੀਤੀ ਗਈ ਜਦੋਂ ਇਸ ਦੇ ਵਿਰੋਧ 'ਚ ਸਰਬਜੀਤ ਦਾ ਪੁੱਤਰ ਆਇਆ ਤਾਂ ਪੁਲਿਸ ਵੱਲੋਂ ਉਸ ਦੀ ਵੀ ਕੁੱਟਮਾਰ ਕੀਤੀ ਗਈ। ਬਿੱਟੂ ਨੇ ਦੱਸਿਆ ਕਿ ਕਿਸ ਤਰ੍ਹਾਂ ਦਿੱਲੀ ਪੁਲਿਸ ਵੱਲੋਂ ਪੱਗ ਅਤੇ ਵਾਲਾ ਦੀ ਬੇਅਦਬੀ ਕੀਤੀ ਗਈ। ਇਸ ਤੋਂ ਬਿਨਾਂ ਉਨ੍ਹਾਂ ਨੇ ਇਸ ਮਾਮਲੇ 'ਚ  ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਐੱਸਜੀਪੀਸੀ ਦੀ ਚੁੱਪ 'ਤੇ ਵੀ ਸਵਾਲ ਚੁੱਕੇ।

ਗੁਰੂ ਨਾਨਕ ਦਾ ਪ੍ਰਕਾਸ਼ ਪੁਰਬ ਸਾਂਝੇ ਤੌਰ ’ਤੇ ਮਨਾਉਣ ਦੇ ਆਸਾਰ

ਚੰਡੀਗੜ੍ਹ, ਜੂਨ 2019  ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸਾਂਝੇ ਤੌਰ ’ਤੇ ਮਨਾਉਣ ਲਈ ਸਹਿਮਤ ਹੋਣ ਦੇ ਆਸਾਰ ਬਣ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀਆਂ ਦੀ ਕਮੇਟੀ ਨੂੰ ਕਿਹਾ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਤਾਲਮੇਲ ਕਰਨ ਤਾਂ ਕਿ ਗੁਰਪੁਰਬ ਮੌਕੇ ਕੀਤੇ ਜਾਣ ਵਾਲੇ ਬਹੁਤ ਵੱਡੇ ਸਮਾਗਮਾਂ ਨੂੰ ਸਾਂਝੇ ਤੌਰ ’ਤੇ ਕੀਤਾ ਜਾ ਸਕੇ। ਇਸ ਤੋਂ ਪਹਿਲਾਂ ਅਕਾਲ ਤਖ਼ਤ ਦੇ ਜਥੇਦਾਰ ਨੇ ਕਮੇਟੀ ਦੇ ਪ੍ਰਧਾਨ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਗੁਰੂ ਨਾਨਕ ਦੇਵ ਦੇ 550ਵੇਂ ਗੁਰਪੁਰਬ ਦੇ ਸਮਾਗਮ ਸਾਂਝੇ ਤੌਰ ’ਤੇ ਮਨਾਏ ਜਾਣੇ ਚਾਹੀਦੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਵੀ ਲਿਖਿਆ ਸੀ ਤੇ ਇਸ ਸਿਲਸਿਲੇ ’ਚ ਸਮਾਂ ਵੀ ਮੰਗਿਆ ਸੀ। ਜਥੇਦਾਰ ਲੌਂਗੋਵਾਲ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 550ਵੇਂ ਗੁਰਪੁਰਬ ਮੌਕੇ ਸਾਂਝੀ ਸਟੇਜ ਲਾਉਣ ਗੁਰੂ ਨਾਨਕ ਦਾ ਪ੍ਰਕਾਸ਼ ਪੁਰਬ ਸਾਂਝੇ ਤੌਰ ’ਤੇ ਮਨਾਉਣ ਦੇ ਆਸਾਰ ਬਣੇ
ਲਈ ਤਿਆਰ ਹੈ ਜਿਸ ਵਿਚ ਪੰਜਾਬ ਸਰਕਾਰ, ਕੇਂਦਰ ਸਰਕਾਰ ਹੋਰ ਸਰਕਾਰਾਂ ਦੇ ਪ੍ਰਤੀਨਿਧ ਅਤੇ ਹੋਰ ਸਿੱਖ ਜਥੇਬੰਦੀਆਂ ਸ਼ਾਮਲ ਹੋਣ। ਉਨ੍ਹਾਂ ਦੱਸਿਆ ਕਿ ਉਹ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਨੀ ਨੂੰ ਸੱਦਾ ਦੇ ਆਏ ਹਨ ਤੇ ਇਸ ਤੋਂ ਪਹਿਲਾਂ ਕੁਝ ਹੋਰ ਮੁੱਖ ਮੰਤਰੀਆਂ ਨੂੰ ਵੀ ਸੱਦਾ ਪੱਤਰ ਦੇ ਚੁੱਕੇ ਹਨ। ਮੁੱਖ ਮੰਤਰੀ ਨੇ ਗੁਰਪੁਰਬ ਸਮਾਗਮਾਂ ਲਈ ਮੰਤਰੀਆਂ ਦੀ ਕਮੇਟੀ ਨੂੰ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਬਕਾਇਦਾ ਲਿਖਤੀ ਸੱਦਾ ਪੱਤਰ ਦੇਣ ਅਤੇ ਸਮਾਗਮਾਂ ਦੀ ਸਫ਼ਲਤਾ ਲਈ ਅਗਵਾਈ ਤੇ ਸਹਿਯੋਗ ਲਈ ਬੇਨਤੀ ਕਰਨ। ਇਸ ਸਬੰਧੀ ਬਣਾਈ ਮੰਤਰੀਆਂ ਦੀ ਕਮੇਟੀ ਵਿਚ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਚਰਨਜੀਤ ਸਿੰਘ ਚੰਨੀ, ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਕੈਬਨਿਟ ਮੰਤਰੀ ਓ.ਪੀ. ਸੋਨੀ ਸ਼ਾਮਲ ਹਨ। ਉਨ੍ਹਾਂ ਨੂੰ ਪ੍ਰਬੰਧਾਂ ਦਾ ਹਰ ਰੋਜ਼ ਸਮੀਖ਼ਿਆ ਕਰਨ ਲਈ ਵੀ ਕਿਹਾ ਗਿਆ ਹੈ। ਮੁੱਖ ਮੰਤਰੀ ਨੇ ਮੰਤਰੀਆਂ ਦੀ ਕਮੇਟੀ ਨੂੰ ਗੁਰਪੁਰਬ ਮੌਕੇ ਦਸ ਰੋਜ਼ਾ ਸਮਾਗਮਾਂ ਲਈ ਪੰਜ ਨਵੰਬਰ ਤੋਂ ਲੈ ਕੇ 15 ਨਵੰਬਰ ਤਕ ਰੂਪ ਰੇਖਾ ਤਿਆਰ ਕਰਨ ਲਈ ਵੀ ਕਿਹਾ ਹੈ। ਉਨ੍ਹਾਂ ਨੇ ਮੁੱਖ ਸਕੱਤਰ ਕਰਨ ਅਵਤਾਰ ਨੂੰ ਕਿਹਾ ਕਿ ਉਹ 136 ਕਿਲੋਮੀਟਰ ਲੰਮੇ ਗੁਰੂ ਨਾਨਕ ਦੇਵ ਜੀ ਮਾਰਗ ਦੇ ਨਵੀਨੀਕਰਨ ਦੇ ਪ੍ਰਬੰਧਾਂ ਦੀ ਖ਼ੁਦ ਨਿਗਰਾਨੀ ਕਰਨ। ਮੁੱਖ ਮੰਤਰੀ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਸੀਨੀਅਰ ਅਧਿਕਾਰੀ ਨੂੰ ਕਿਹਾ ਕਿ ਵਿਰਾਸਤੀ ਸ਼ਹਿਰ ਸੁਲਤਾਨਪੁਰ ਲੋਧੀ ਨੂੰ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਵਿਕਸਿਤ ਕਰਨ ਲਈ ਕੇਂਦਰ ਸਰਕਾਰ ਕੋਲ ਜ਼ੋਰਦਾਰ ਢੰਗ ਨਾਲ ਮਾਮਲਾ ਉਠਾਇਆ ਜਾਵੇ। ਮੁੱਖ ਮੰਤਰੀ ਨੇ ਲੜਕੀਆਂ ਲਈ ਸੁਲਤਾਨਪੁਰ ਲੋਧੀ ਵਿਚ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਦੀਆਂ ਕਲਾਸਾਂ ਵੀ ਇਸੇ ਸੈਸ਼ਨ ਤੋਂ ਸ਼ੁਰੂ ਕਰਨ ਲਈ ਸਹਿਮਤੀ ਦੇ ਦਿੱਤੀ ਹੈ। ਪਹਿਲੇ ਤਿੰਨ ਸਾਲ ਕਾਲਜ ਵਿਚ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ। ਆਈਕੇ ਗੁਜਰਾਲ ਤਕਨੀਕੀ ਯੂਨੀਵਰਸਿਟੀ ਜਲੰਧਰ ਵਿਚ ਗੁਰੂ ਨਾਨਕ ਦੇਵ ਸੈਂਟਰ ਦੇ ਉਦਘਾਟਨ ਨੂੰ ਵੀ ਸਹਿਮਤੀ ਦਿੱਤੀ ਗਈ ਹੈ। ਗੁਰਪੁਰਬ ਤੋਂ ਪਹਿਲਾਂ ਤਿਆਰੀਆਂ ਦੇ ਪਾਸਾਰ ਅਤੇ ਪ੍ਰਚਾਰ ਲਈ ਸਾਈਕਲ ਰੈਲੀ, ਕਬੱਡੀ ਚੈਪੀਅਨਸ਼ਿਪ ਕਰਵਾਈ ਜਾਵੇਗੀ।
ਅੱਜ ਹੋਈ ਕਾਰਜਕਾਰਨੀ ਮੀਟਿੰਗ ਵਿਚ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ, ਚਰਨਜੀਤ ਸਿੰਘ ਚੰਨੀ, ਰਜ਼ੀਆ ਸੁਲਤਾਨਾ ਤੇ ਕਈ ਸੀਨੀਅਰ ਅਧਿਕਾਰੀ ਹਾਜ਼ਰ ਸਨ। ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਨੂੰ ਕਾਰਜਕਾਰਨੀ ਵਿਚ ਸ਼ਾਮਲ ਕਰ ਲਿਆ ਗਿਆ ਹੈ।

ਕਾਂਗਰਸ ਸਰਕਾਰ ਸਾਬਿਤ ਕਰੇ ਕਿ ਕਾਤਿਲ ਪੁਲਿਸ ਅਧਿਕਾਰੀਆਂ ਨੂੰ ਮੁਆਫੀ ਦੇਣ ਦੀ ਸਿਫਾਰਿਸ਼ ਮੈਂ ਕੀਤੀ ਸੀ- ਸੁਖਬੀਰ ਸਿੰਘ ਬਾਦਲ

ਸਰਕਾਰ ਨੂੰ ਕਿਹਾ ਕਿ ਉਹ ਈਮਾਨਦਾਰੀ ਨਾਲ ਜੁਆਬ ਦੇਵੇ ਕਿ ਕਿਸਦੇ ਕਾਰਜਕਾਲ ਦੌਰਾਨ ਫਾਇਲ ਰਾਜਪਾਲ ਕੋਲ ਫਾਇਲ ਭੇਜੀ ਸੀ ਅਤੇ ਕਿਸਦੇ ਕਾਰਜਕਾਲ ਦੌਰਾਨ ਹੁਕਮ ਲਾਗੂ ਹੋਇਆ ਸੀ

ਚੰਡੀਗੜ੍ਹ, ਜੂਨ 2019 - ਸਾਬਕਾ ਡਿਪਟੀ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸ ਸਰਕਾਰ ਨੂੰ ਇਹ ਸਾਬਿਤ ਕਰਨ ਦੀ ਚੁਣੌਤੀ ਦਿੱਤੀ ਹੈ ਕਿ  ਵਾਰੀ ਤੋਂ ਪਹਿਲਾਂ ਤਰੱਕੀਆਂ ਲੈਣ ਲਈ ਇੱਕ ਨਿਰਦੋਸ਼ ਸਿੱਖ ਨੌਜਵਾਨ ਦਾ ਕਤਲ ਕਰਨ ਵਾਲੇ ਚਾਰ ਪੁਲਿਸ ਅਧਿਕਾਰੀਆਂ ਨੂੰ ਮੁਆਫੀ ਦਿੱਤੇ ਜਾਣ ਦੀ ਸਿਫਾਰਿਸ਼ ਉਹਨਾਂ ਨੇ ਕੀਤੀ ਸੀ।  ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਮੇਰੇ ਖ਼ਿਲਾਫ ਅਜਿਹੇ ਝੂਠ ਫੈਲਾਉਣਾ ਇੱਕ ਬਹੁਤ ਹੀ ਘਿਨੌਣੀ ਹਰਕਤ ਹੈ। ਉਹਨਾਂ ਕਿਹਾ ਕਿ ਇਹਨਾਂ ਚਾਰੇ ਪੁਲਿਸ ਅਧਿਕਾਰੀਆਂ ਨੂੰ ਮੁਆਫੀ ਦੇਣ ਸੰਬੰਧੀ ਤਿਆਰ ਕੀਤੇ ਕੇਸ ਦੀ ਫਾਇਲ ਕਿਸੇ ਵੀ ਰੂਪ ਵਿਚ ਮੇਰੇ ਕੋਲ ਨਹੀਂ ਸੀ ਪੁੱੁਜੀ। ਉਹਨਾਂ ਕਿਹਾ ਕਿ ਮੈਂ ਇਹ ਸਪੱਸ਼ਟ ਕਰਨਾ ਚਾਹਾਂਗਾ ਕਿ ਅਜਿਹੀ ਕਿਸੇ ਫਾਇਲ ਉੱਤੇ ਮੇਰੇ ਵੱਲੋਂ ਦਸਤਖ਼ਤ ਕਰਨ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਅਕਾਲੀ ਦਲ ਪ੍ਰਧਾਨ ਨੇ ਇਸ ਮੁੱਦੇ ਉੱਤੇ ਸਰਕਾਰ ਨੂੰ ਆਪਣਾ ਪੱਖ ਸਪੱਸ਼ਟ ਕਰਨ ਅਤੇ ਸਾਰੇ ਤੱਥ ਲੋਕਾਂ ਸਾਹਮਣੇ ਰੱਖਣ ਲਈ ਆਖਿਆ। ਉਹਨਾਂ ਕਿਹਾ ਕਿ ਇਹ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਕਿ ਕਿਸਦੇ ਕਾਰਜਕਾਲ ਦੌਰਾਨ ਫਾਇਲ ਰਾਜਪਾਲ ਕੋਲ ਭੇਜੀ ਸੀ ਅਤੇ ਕਿਸਦੇ ਕਾਰਜਕਾਲ ਦੌਰਾਨ ਕਾਤਿਲ ਪੁਲਿਸ ਅਧਿਕਾਰੀਆਂ ਨੂੰ ਮੁਆਫੀ ਦੇਣ ਵਾਲੇ ਹੁਕਮ ਨੂੰ ਲਾਗੂ ਕੀਤਾ ਸੀ।

ਸ਼ਹੀਦਾਂ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ

ਬਰਨਾਲਾ, ਜੂਨ 2019- (ਗੁਰਸੇਵਕ  ਸੋਹੀ ) ਪਿੰਡ ਦੀਵਾਨੇ ਵਿਖੇ ਸਹੀਦਾ ਯਾਦ ਨੂੰ ਸਮਰਪਿਤ ਠੰਡੇ ਮਿਠੇ ਜਲ ਦੀ ਛਬੀਲ ਲਗਾਈ ਸੇਵਾਦਾਰ  ਪੰਜਾਬੀ ਸਿੰਗਰ ਰਵੀ ਦੀਵਾਨਾ ਮਿਸਤਰੀ ਗੇਜਾ ਸਿੰਘ ਲ਼ਵਪੀ੍ਤ ਸਿੰਘ ਹਰਪੀ੍ਤ ਸਿੰਘ ਮਨਪੀ੍ਤ ਸਿੰਘ ਹਰਦੀਪ ਸਿੰਘ ਅਰਸਦੀਪ ਆਦਿ ਹਾਜਰ  ਸਨ।

ਪਤਾ ਨਈਂ ਕਦੋ ਹੋਵੇਗੀ ਡਰੇਨ ਦੀ ਸਫ਼ਾਈ

ਬਰਨਾਲ਼ਾ, ਜੂਨ 2019- (ਗੁਰਸੇਵਕ ਸੋਹੀ) ਪਿੰਡ ਦੀਵਾਨੇ ਅਤੇ ਸੋਹੀ ਦਰਮਿਆਨ  ਲੰਘਦੀ ਡਰੇਨ ਦਾ ਹਾਲ ਏਨਾਂ ਮਾੜਾ ਕਿ ਕੁੰਭਕਰਨੀ ਨੀਂਦ ਸੁੱਤੇ ਡਰੇਨ ਵਿਭਾਗ ਨੂੰ ਸ਼ਾਇਦ ਇਹ ਵੀ ਭੁੱਲ ਗਿਆ ਕਿ ਬਰਸਾਤਾਂ ਦਾ ਮੌਸਮ ਹੇ ਇਹਨਾਂ ਡਰੇਨਾਂ ਦੀ ਸਫਾਈ ਕਰਵਾਉਣਾ ਬਹੁਤ ਜਰੂਰੀ ਹੈ। ਵੱਡੀ 2  ਬੂਟੀ ਨੇ ਡਰੇਨ ਨੂੰ ਪੂਰੀ ਤਰਾਂ ਨਾਲ ਬੰਦ ਕੀਤਾ ਹੌਇਆ ਜਿਸ ਕਾਰਨ ਕਿਸਾਨਾਂ ਨੂੰ ਮੁਸੀਬਤ ਦਾ ਸਾਹਮਣ ਕਰਨਾ  ਪੈ ਸਕਦਾ । ਪੰਜਾਬ ਦੀ ਕਿਸਾਨੀ ਤਾਂ ਪਹਿਲਾਂ ਹੀ ਆਰਥਿਕ ਤੰਗੀ ਚੋਂ ਗੁਜਰ ਰਹੀ ਹੈ ਮਹਿੰਗੇ ਤੇਲ, ਮਹਿੰਗੀਆ ਕੀਟਨਾਸਕ ਦੀਵਾਈਆਂ ਮਹਿੰਗੀ ਲੇਬਰ ਨੇ ਕਿਸਾਨਾਂ ਦਾ ਜਿਉਣਾਂ ਦੁਭਰ ਕਰ ਰਖਿਆ  ਸੋ ਡਰੇਨ ਵਿਭਾਗ ਕੁੰਭਕਰਨੀ ਨੀਂਦ ਤੋਂ ਜਾਗੇ ਅਤੇ ਦੀਵਾਨੇ ਤੈ ਸੋਹੀਆਂ ਦਰਮਿਆਨ ਲੰਘਦੀ ਡਰੇਨ ਦੀ ਸਾਰ ਲਵੇ।

ਕੁੱਲੂ ਵਿੱਚ ਬੱਸ ਖੱਡ ’ਚ ਡਿੱਗੀ, 44 ਮੌਤਾਂ

 

ਸ਼ਿਮਲਾ,  ਜੂਨ 2019- ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ’ਚ ਇਕ ਪ੍ਰਾਈਵੇਟ ਬੱਸ ਦੇ ਵੀਰਵਾਰ ਨੂੰ ਡੂੰਘੇ ਨਾਲੇ ’ਚ ਡਿੱਗ ਜਾਣ ਕਰਕੇ 44 ਜਣਿਆਂ ਦੀ ਮੌਤ ਹੋ ਗਈ ਅਤੇ 35 ਜਣੇ ਜ਼ਖ਼ਮੀ ਹੋ ਗਏ। ਬੱਸ ਵਿਚ 79 ਸਵਾਰੀਆਂ ਸਨ। ਮ੍ਰਿਤਕਾਂ ਵਿੱਚ ਵਧੇਰੇ ਕੁੱਲੂ ਜ਼ਿਲ੍ਹੇ ਨਾਲ ਸਬੰਧਤ ਹਨ।
ਕੁੱਲੂ ਦੀ ਐੱਸਪੀ ਸ਼ਾਲਿਨੀ ਅਗਨੀਹੋਤਰੀ ਨੇ ਦੱਸਿਆ ਕਿ ਪ੍ਰਾਈਵੇਟ ਬੱਸ ਕੁੱਲੂ ਤੋਂ 50 ਕਿਲੋਮੀਟਰ ਦੂਰ ਬੰਜਾਰ ਤਹਿਸੀਲ ’ਚ ਢੋਥ ਮੋੜ ਨੇੜੇ 300 ਮੀਟਰ ਡੂੰਘੀ ਖੱਡ, ਜਿਸ ’ਚ ਨਾਲਾ ਵੱਗਦਾ ਹੈ ਵਿੱਚ ਡਿੱਗ ਗਈ। ਬੱਸ (ਐਚਪੀ 66-7065) ਗੜ੍ਹ ਗੁਸ਼ਾਨੀ ਜਾ ਰਹੀ ਸੀ। ਹਾਦਸੇ ਦਾ ਜਿਵੇਂ ਹੀ ਪਤਾ ਲੱਗਾ ਤਾਂ ਵੱਡੇ ਪੱਧਰ ’ਤੇ ਬਚਾਅ ਕਾਰਜ ਚਲਾਏ ਗਏ। ਮੌਕੇ ਤੋਂ ਜ਼ਖ਼ਮੀਆਂ ਨੂੰ ਤੁਰੰਤ ਨੇੜਲੇ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ’ਚੋਂ ਜ਼ਿਆਦਾਤਰ ਕੁੱਲੂ ਦੇ ਹਸਪਤਾਲ ’ਚ ਜ਼ੇਰੇ ਇਲਾਜ ਹਨ। ਬੱਸ ਦੀ ਸਮਰੱਥਾ 42 ਸਵਾਰੀਆਂ ਦੀ ਸੀ, ਭੀੜ ਜ਼ਿਆਦਾ ਹੋਣ ਕਾਰਨ ਅਤੇ ਚਾਲਕ ਦੀ ਲਾਪਰਵਾਹੀ ਕਾਰਨ ਹਾਦਸਾ ਵਾਪਰਿਆ ਹੈ। ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਅਚਾਰੀਆ ਦੇਵਾਰਤ ਅਤੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਇਸ ਹਾਦਸੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਰਕਾਰੀ ਤਰਜਮਾਨ ਅਨੁਸਾਰ ਸੋਗ ਸੰਦੇਸ਼ ਵਿੱਚ ਉਨ੍ਹਾਂ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਅਤੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ। ਅਧਿਕਾਰੀ ਅਨੁਸਾਰ ਮੁੱਖ ਮੰਤਰੀ ਨੇ ਇਸ ਹਾਦਸੇ ਦੀ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਪ੍ਰਸ਼ਾਸਨ ਨੂੰ ਜ਼ਖ਼ਮੀਆਂ ਦੇ ਇਲਾਜ ਲਈ ਵਧੀਆ ਸਿਹਤ ਸਹੂਲਤਾਂ ਦੇਣਾ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਹਨ। ਕੁੱਲੂ ਜ਼ਿਲ੍ਹਾ ਪ੍ਰਸ਼ਾਸਨ ਨੇ ਮ੍ਰਿਤਕਾਂ ਦੇ ਵਾਰਸਾਂ ਅਤੇ ਜ਼ਖ਼ਮੀਆਂ ਲਈ ਤੁਰੰਤ 50-50 ਹਜ਼ਾਰ ਰੁਪਏ ਦੀ ਰਾਹਤ ਦਾ ਐਲਾਨ ਕੀਤਾ ਹੈ
 

550ਵਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਿੱਲੀ ਤੋਂ ਨਨਕਾਣਾ ਸਾਹਿਬ ਤੱਕ ਨਗਰ ਕੀਰਤਨ ਸਜਾਉਣ ਦੀ ਮਨਜ਼ੂਰੀ

ਅੰਮ੍ਰਿਤਸਰ, ਜੂਨ 2019  ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਨਗਰ ਕੀਰਤਨ ਦਿੱਲੀ ਤੋਂ ਗੁਰਦੁਆਰਾ ਨਨਕਾਣਾ ਸਾਹਿਬ (ਪਾਕਿਸਤਾਨ) ਤਕ ਸਜਾਇਆ ਜਾਵੇਗਾ। ਇਸ ਸਬੰਧ ਵਿੱਚ ਪਾਕਿਸਤਾਨ ਸਰਕਾਰ ਵੱਲੋਂ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਦੀ ਪੁਸ਼ਟੀ ਕਰਦਿਆਂ ਸ੍ਰੀ ਸਰਨਾ ਨੇ ਦੱਸਿਆ ਕਿ ਪਾਕਿਸਤਾਨ ਸਰਕਾਰ ਵਲੋਂ ਇਹ ਪ੍ਰਵਾਨਗੀ ਭਾਵੇਂ ਪਹਿਲਾਂ ਹੀ ਦੇ ਦਿੱਤੀ ਗਈ ਸੀ ਪਰ ਇਸ ਸਬੰਧੀ ਰਸਮੀ ਪ੍ਰਵਾਨਗੀ ਪੱਤਰ ਅਪਰੈਲ ਮਹੀਨੇ ਜਾਰੀ ਕੀਤਾ ਗਿਆ ਹੈ।
ਇਹ ਪ੍ਰਵਾਨਗੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੱਤਰ ਰਾਹੀਂ ਦਿੱਤੀ ਗਈ ਹੈ, ਜਿਸ ਉਪਰ ਪ੍ਰਧਾਨ ਤਾਰਾ ਸਿੰਘ ਦੇ ਦਸਤਖ਼ਤ ਹਨ। ਸ੍ਰੀ ਸਰਨਾ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਨਗਰ ਕੀਰਤਨ 28 ਅਕਤੂਬਰ ਨੂੰ ਦਿੱਲੀ ਸਥਿਤ ਗੁਰਦੁਆਰਾ ਬੰਗਲਾ ਸਾਹਿਬ ਤੋਂ ਰਵਾਨਾ ਹੋਵੇਗਾ। ਅੰਮ੍ਰਿਤਸਰ ਵਿੱਚ ਠਹਿਰਾਅ ਮਗਰੋਂ ਨਗਰ ਕੀਰਤਨ 31 ਅਕਤੂਬਰ ਨੂੰ ਅਟਾਰੀ ਵਾਹਗਾ ਸਰਹੱਦ ਪਾਰ ਕਰਕੇ ਗੁਰਦੁਆਰਾ ਨਨਕਾਣਾ ਸਾਹਿਬ ਲਈ ਰਵਾਨਾ ਹੋਵੇਗਾ। ਪਾਵਨ ਸਰੂਪ ਵਾਲੀ ਬੱਸ ਸਰਹੱਦ ਪਾਰ ਕਰਕੇ ਨਨਕਾਣਾ ਸਾਹਿਬ ਤਕ ਜਾਵੇਗੀ। ਜਦੋਂਕਿ ਸੁਨਹਿਰੀ ਪਾਲਕੀ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸੁਸ਼ੋਭਿਤ ਕਰਨ ਦੀ ਯੋਜਨਾ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਲਗਪਗ 1500 ਵਿਅਕਤੀਆਂ ਨੂੰ ਸੰਗਤ ਦੇ ਰੂਪ ਵਿਚ ਵੀਜ਼ਾ ਦੇਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਹ ਸੰਗਤ ਦਿੱਲੀ ਤੋਂ ਨਗਰ ਕੀਰਤਨ ਦੇ ਰੂਪ ਵਿਚ ਸਰਹੱਦ ਤਕ ਪੁੱਜੇਗੀ ਅਤੇ ਸਰਹੱਦ ਪਾਰ ਕਰਕੇ ਨਨਕਾਣਾ ਸਾਹਿਬ ਜਾਵੇਗੀ। ਪੀਜੀਪੀਸੀ ਵੱਲੋਂ ਜਾਰੀ ਕੀਤੇ ਪੱਤਰ ਵਿਚ ਸ੍ਰੀ ਪਰਮਜੀਤ ਸਿੰਘ ਸਰਨਾ ਵਲੋਂ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੀ ਕੀਤੀ ਗਈ ਕਾਰ ਸੇਵਾ ਦੀ ਸ਼ਲਾਘਾ ਕੀਤੀ ਗਈ ਹੈ।

ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦਾ ਸੀਨੀਅਰ ਸਹਾਇਕ 15 ਹਜ਼ਾਰ ਰਿਸ਼ਵਤ ਲੈਂਦਾ ਕਾਬੂ

ਫ਼ਿਰੋਜ਼ਪੁਰ,  ਜੂਨ 2019-  ਫ਼ਿਰੋਜ਼ਪੁਰ ਵਿਜੀਲੈਂਸ ਦੇ ਸੀਨੀਅਰ ਪੁਲਿਸ ਕਪਤਾਨ ਹਰਗੋਬਿੰਦ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠ ਟੀਮ ਦੇ ਇੰਚਾਰਜ ਸਤ ਪ੍ਰੇਮ ਸਿੰਘ ਨੇ ਸ਼ਿਕਾਇਤ ਕਰਤਾ ਜਸਵੰਤ ਸਿੰਘ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਟੀਮ ਸਹਿਤ ਛਾਪੇਮਾਰੀ ਕਰ ਫ਼ਿਰੋਜ਼ਪੁਰ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਸੀਨੀਅਰ ਸਹਾਇਕ ਜਸਮੀਤ ਸਿੰਘ ਨੂੰ 15 ਹਜ਼ਾਰ ਰਿਸ਼ਵਤ ਲੈਣ ਮੌਕੇ ਰੰਗੇ ਹੱਥ ਕਾਬੂ ਕਾਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਦੋਸ਼ੀ ਜਸਮੀਤ ਸਿੰਘ ਲਗਾਤਾਰ ਸ਼ਿਕਾਇਤ ਕਰਤਾ ਤੋਂ ਬਿੱਲ ਪਾਸ ਕਰਨ ਲਈ ਰਿਸ਼ਵਤ ਦੀ ਮੰਗ ਕਰ ਰਿਹਾ ਸੀ

ਤਿੰਨ ਥਾਈਂ ਸੂਇਆਂ ’ਚ ਪਾੜ, ਸੈਂਕੜੇ ਏਕੜ ਝੋਨਾ ਡੁੱਬਿਆ ਨਹਿਰ ਵਿੱਚ ਪਾਣੀ ਦੀ ਸਪਲਾਈ ਰੋਕੀ- ਐਸ ਡੀ ਓ

ਮੋਗਾ, ਜੂਨ 2019- ਇਥੇ ਧਰਮਕੋਟ ਨੇੜਲੇ ਪਿੰਡ ਨੂਰਪੁਰ ਹਕੀਮਾਂ ਕੋਲੋਂ ਲੰਘਦੀ ਅਲਾਈ ਵਾਲਾ ਨਹਿਰ ਅਤੇ ਬਾਘਾਪੁਰਾਣਾ ਨੇੜੇ ਪਿੰਡ ਮੰਡੀਰਾਂ ਵਾਲਾ ਨਵਾਂ ਵਿੱਚ ਸੂਏ ’ਚ ਪਾੜ ਪੈਣ ਕਾਰਨ ਝੋਨੇ ਦੀ ਸੈਂਕੜੇ ਏਕੜ ਫ਼ਸਲ ਡੁੱਬ ਗਈ ਅਤੇ ਸੈਂਕੜੇ ਏਕੜ ਜ਼ਮੀਨ ’ਚ ਪਾਣੀ ਜਮ੍ਹਾਂ ਹੋ ਗਿਆ।
ਸਰਪੰਚ ਪਿੱਪਲ ਸਿੰਘ ਨੇ ਦੱਸਿਆ ਕਿ ਉਕਤ ਨਹਿਰ ’ਚ ਪਾੜ ਪੈਣ ਕਾਰਨ 50 ਏਕੜ ਦੇ ਕਰੀਬ ਝੋਨੇ ਦੀ ਫ਼ਸਲ ਪਾਣੀ ’ਚ ਡੁੱਬ ਗਈ ਅਤੇ 200 ਏਕੜ ਦੇ ਕਰੀਬ ਖੇਤਾਂ ’ਚ ਪਾਣੀ ਭਰ ਗਿਆ ਹੈ। ਉਨ੍ਹਾਂ ਦੱਸਿਆ ਕਿ ਪਾਣੀ ਹਵੇਲੀਆ ’ਚ ਵੀ ਦਾਖ਼ਲ ਹੋ ਗਿਆ। ਪਾਣੀ ਕਾਰਨ ਤੂੜੀ, ਹਰਾ ਚਾਰਾ ਅਤੇ ਸਬਜ਼ੀ ਦਾ ਵੀ ਕਾਫੀ ਨੁਕਸਾਨ ਹੋਇਆ ਹੈ।
ਖੇਤਾਂ ਵਿੱਚ ਪਾਣੀ ਭਰਨ ਦਾ ਮਾਮਲਾ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਦੇ ਧਿਆਨ ’ਚ ਆਉਣ ਮਗਰੋਂ ਸਿੰਜਾਈ ਵਿਭਾਗ ਹਰਕਤ ’ਚ ਆਇਆ। ਵਿਧਾਇਕ ਲੋਹਗੜ ਨੇ ਸਰਕਾਰ ਤੋਂ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਇਥੇ ਬਾਘਾਪੁਰਾਣਾ ਨੇੜੇ ਪਿੰਡ ਮੰਡੀਰਾਂ ਵਾਲਾ ਨਵਾਂ ਵਿੱਚ ਨਹਿਰ (ਸੂਏ) ’ਚ ਪਾੜ ਪੈਣ ਕਾਰਨ ਖੇਤਾਂ ’ਚ ਪਾਣੀ ਭਰ ਗਿਆ ਅਤੇ ਤਾਜ਼ਾ ਲੱਗਿਆ ਝੋਨਾ ਡੁੱਬ ਗਿਆ। ਕਿਸਾਨਾਂ ਨੇ ਦੱਸਿਆ ਕਿ ਪਿੰਡ ਮੰਡੀਰਾਵਾਲਾ ਨਵਾਂ ਕੋਲੋਂ ਲੰਘਦੇ ਸੂਏ ਸਬੰਧੀ ਸਿੰਜਾਈ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਪਰ ਪਾਣੀ ਅਜੇ ਤੱਕ ਬੰਦ ਨਹੀਂ ਹੋਇਆ। ਇਸ ਕਾਰਨ ਕਿਸਾਨਾਂ ਦਾ 50 ਏਕੜ ਤੋਂ ਵੱਧ ਝੋਨਾ ਡੁੱਬ ਗਿਆ। ਹੋਰ ਫ਼ਸਲਾਂ ਵੀ ਪਾਣੀ ਦੀ ਲਪੇਟ ’ਚ ਆ ਕੇ ਨੁਕਸਾਨੀਆਂ ਗਈਆਂ ਹਨ।
 ਟੂ-ਆਰ ਮਾਈਨਰ ਗੋਲੇਵਾਲਾ ਵਿੱਚ ਪਾੜ ਪੈਣ ਕਾਰਨ 50 ਏਕੜ ਤੋਂ ਵਧ ਰਕਬੇ ਵਿੱਚ ਪਾਣੀ ਭਰ ਗਿਆ। ਪਾਣੀ ਦੇ ਤੇਜ਼ ਵਹਾਅ ਕਾਰਨ ਨੇੜਲੇ ਖੇਤਾਂ ਵਿੱਚ ਝੋਨੇ ਲਈ ਤਿਆਰ ਪਨੀਰੀ ਵੀ ਰੁੜ੍ਹ ਗਈ। ਮਾਈਨਰ ਟੁੱਟਣ ਦਾ ਕਾਰਨ ਬੀਤੀ ਰਾਤ ਆਏ ਝੱਖੜ੍ਹ ਦੌਰਾਨ ਡਿੱਗ ਰੁੱਖਾਂ ਦਾ ਰੁਪਈਆਂ ਵਾਲੇ ਪੁਲ ਕੋਲ ਪੈਂਦੀ ਝਾਲ ਵਿੱਚ ਫਸਣਾ ਦੱਸਿਆ ਜਾਂਦਾ ਹੈ। ਜਦੋਂ ਤੜਕਸਾਰ ਕਿਸਾਨਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨਹਿਰੀ ਵਿਭਾਗ ਨੂੰ ਸੂਚਿਤ ਕਰਨ ਉਪਰੰਤ ਵਰ੍ਹਦੇ ਮੀਂਹ ਵਿੱਚ ਆਪੋ-ਆਪਣੇ ਟਰੈਕਟਰਾਂ ਨਾਲ ਪਾੜ ਨੂੰ ਭਰਨਾ ਸ਼ੁਰੂ ਕਰ ਦਿੱਤਾ।
ਕਿਸਾਨ ਰੂਪ ਸਿੰਘ , ਕਰਮ ਸਿੰਘ , ਗੁਰਵਿੰਦਰ ਸਿੰਘ ਤੇ ਮਨਿੰਦਰ ਸਿੰਘ ਨੇ ਦੱਸਿਆ ਕਿ ਮਾਈਨਰ ਦੇ ਆਸ-ਪਾਸ ਜ਼ਮੀਨਾਂ ਵਾਲਿਆਂ ਵੱਲੋਂ ਸਾਫ ਸਫਾਈ ਦੌਰਾਨ ਲਗਾਤਾਰ ਪਟੜੀ ਵੱਢੀ ਗਈ ਪਰ ਲੋੜੀਂਦੀ ਮਿੱਟੀ ਨਹੀਂ ਲਾਈ ਗਈ ਜਿਸ ਕਾਰਨ ਅਜਿਹੇ ਹਾਦਸੇ ਵਾਪਰਨ ਦਾ ਖਦਸ਼ਾ ਬਣਿਆ ਹੋਇਆ ਸੀ। ਖ਼ਬਰ ਲਿਖੇ ਜਾਣ ਤੱਕ ਪਾੜ ਨੂੰ ਪੂਰਨ ਦੇ ਯਤਨ ਜਾਰੀ ਸਨ।

ਸਿੰਜਾਈ ਵਿਭਾਗ ਦੇ ਐੱਸਡੀਓ ਗਗਨਦੀਪ ਸਿੰਘ ਅਤੇ ਜੁੂਨੀਅਰ ਇੰਜੀਨੀਅਰ ਅਮਨਦੀਪ ਸਿੰਘ ਨੇ ਦੱਸਿਆ ਕਿ ਨਹਿਰ ’ਚ ਪਾਣੀ ਦੀ ਸਪਲਾਈ ਪਿੱਛੋਂ ਰੋਕ ਦਿੱਤੀ ਗਈ ਹੈ। ਉਕਤ ਪਾੜ ਨੂੰ ਪੂਰਨ ਲਈ ਰਾਹਤ ਕਾਰਜ ਚੱਲ ਰਹੇ ਹਨ ਤੇ ਛੇਤੀ ਹੀ ਪਾੜ ਭਰਿਆ ਜਾਵੇਗਾ।

ਨਸ਼ੇ ਦੀ ਹਾਲਤ 'ਚ ਛੱਪੜ ਵਿਚ ਡਿੱਗਿਆ ਵਿਅਕਤੀ, ਡੁੱਬਣ ਕਾਰਨ ਹੋਈ ਮੌਤ

ਖਡੂਰ ਸਾਹਿਬ, ਜੂਨ 2019 - ਪੁਲਿਸ ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਕੁੜੀ ਵਲਾਹ ਵਿਖੇ ਇਕ ਵਿਅਕਤੀ ਦੀ ਛੱਪੜ 'ਚ ਡੁੱਬਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪੁਲਿਸ ਥਾਣਾ ਵੈਰੋਵਾਲ ਦੇ ਐੱਸ.ਐੱਚ.ਓ. ਨੇ ਦੱਸਿਆ ਕਿ ਬਲਵਿੰਦਰ ਸਿੰਘ ਵਾਸੀ ਮੰਡਾਲਾ ਜੋ ਕਿ ਸ਼ਰਾਬ ਪੀਣ ਦਾ ਆਦੀ ਸੀ ਅਤੇ ਪਿਛਲੇ ਕੁੱਝ ਦਿਨਾਂ ਤੋਂ ਲਾਪਤਾ ਸੀ। ਜਿਸ ਦੀ ਲਾਸ਼ ਅੱਜ ਪਿੰਡ ਕੁੜੀ ਵਲਾਹ ਦੇ ਛੱਪੜ 'ਚ ਤੈਰਦੀ ਹੋਈ ਮਿਲੀ ਹੈ ਜਿਸ ਦੇ ਪਰਿਵਾਰ ਵਾਲਿਆਂ ਨੇ ਸ਼ਨਾਖ਼ਤ ਕੀਤੀ ਅਤੇ ਕੋਈ ਵੀ ਕਾਰਵਾਈ ਨਹੀ ਕਰਵਾਈ ਜਿਸ ਕਾਰਨ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।

ਅੰਤਰਰਾਸ਼ਟਰੀ ਯੋਗਾ ਦਿਵਸ ਵਾਲੇ ਦਿਨ ਅਕਾਲੀ ਦਲ (ਅ) ਹਰ ਜ਼ਿਲ੍ਹੇ 'ਚ ਮਨਾਏਗੀ ਗਤਕਾ ਦਿਹਾੜਾ

ਫ਼ਤਹਿਗੜ੍ਹ ਸਾਹਿਬ, ਜੂਨ 2019 - ਬੀਤੇ 5 ਸਾਲਾ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜ਼ਿਲ੍ਹਾ ਪੱਧਰ 'ਤੇ 21 ਜੂਨ ਦੇ ਦਿਹਾੜੇ ਨੂੰ ਬਤੌਰ 'ਗਤਕਾ ਦਿਹਾੜਾ' ਮਨਾਉਂਦੀ ਆ ਰਹੀ ਹੈ । ਉਸ ਰਵਾਇਤ ਨੂੰ ਜਾਰੀ ਰੱਖਦੇ ਹੋਏ ਇਸ 21 ਜੂਨ ਨੂੰ ਵੀ ਪਾਰਟੀ ਵੱਲੋਂ ਆਪੋ-ਆਪਣੇ ਤੌਰ 'ਤੇ ਜ਼ਿਲ੍ਹਾ ਪੱਧਰ 'ਤੇ ਗਤਕਾ ਦਿਹਾੜਾ ਮਨਾਇਆ ਜਾ ਰਿਹਾ ਹੈ। ਜਿਸ 'ਚ ਗਤਕਾ ਖਿਡਾਰੀਆਂ ਦੀਆਂ ਟੀਮਾਂ ਭਾਗ ਲੈਣਗੀਆਂ ਅਤੇ ਪ੍ਰਬੰਧਕਾਂ ਵੱਲੋਂ ਉਸ ਉਪਰੰਤ ਟੀਮਾਂ ਨੂੰ ਸਿੱਖੀ ਰਵਾਇਤਾਂ ਅਨੁਸਾਰ ਸਨਮਾਨ ਵੀ ਦਿੱਤੇ ਜਾਣਗੇ। ਇਹ ਐਲਾਨ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੇ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ, ਰਾਜਸਥਾਨ, ਜੰਮੂ-ਕਸ਼ਮੀਰ 'ਚ ਵੱਸਣ ਵਾਲੇ ਸਿੱਖਾਂ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਹੁਦੇਦਾਰਾਂ ਨੂੰ ਇਸ ਗਤਕੇ ਦਿਹਾੜੇ ਨੂੰ ਹਮੇਸ਼ਾ ਦੀ ਤਰ੍ਹਾਂ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਉਣ 'ਤੇ ਆਪਣੀ ਸਿੱਖ ਕੌਮ ਦੀ ਵੱਖਰੀ ਅਣਖੀਲੀ ਕੌਮੀ ਪਹਿਚਾਣ ਨੂੰ ਕੌਮਾਂਤਰੀ ਪੱਧਰ ਤੇ ਕਾਇਮ ਰੱਖਣ ਦੀ ਗੱਲ ਕਰਦੇ ਹੋਏ ਦਿੱਤੀ ਅਤੇ ਸਮੁੱਚੀ ਸਿੱਖ ਕੌਮ ਨੂੰ ਇਨ੍ਹਾਂ ਸਮਾਗਮਾਂ 'ਚ ਹਿੱਸਾ ਲੈਣ ਦੀ ਜ਼ੋਰਦਾਰ ਅਪੀਲ ਵੀ ਕੀਤੀ ।

ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਲਈ ਮ੍ਰਿਤਕਾਂ ਦੇ ਪਰਿਵਾਰਾਂ ਵਲੋਂ ਧਰਨੇ

ਫਾਜ਼ਿਲਕਾ, ਜੂਨ 2019- ਇੱਥੋਂ ਦੇ ਗਾਂਧੀ ਨਗਰ ਵਾਸੀ ਮਦਨ ਲਾਲ ਨਾਮੀਂ ਵਿਅਕਤੀ ਵੱਲੋਂ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਨਹਿਰ ਵਿਚ ਛਾਲ ਮਾਰ ਕੇ ਖ਼ੁਦਕਸ਼ੀ ਕਰਨ ਸਬੰਧੀ ਕਥਿਤ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਦੀ ਮੰਗ ਲਈ ਪਰਿਵਾਰਕ ਮੈਂਬਰਾਂ ਨੇ ਥਾਣਾ ਸਿਟੀ ਫਾਜ਼ਿਲਕਾ ਦੇ ਬਾਹਰ ਧਰਨਾ ਲਾਇਆ।
ਮ੍ਰਿਤਕ ਮਦਨ ਲਾਲ ਦੇ ਸਾਢੂ ਕੁੰਦਨ ਲਾਲ ਨੇ ਦੱਸਿਆ ਕਿ ਮਦਨ ਲਾਲ ਦਾ ਫਾਜ਼ਿਲਕਾ, ਮੁਕਤਸਰ ਅਤੇ ਹੋਰਨਾਂ ਸ਼ਹਿਰਾਂ ਦੇ ਵਾਸੀ ਆਪਣੇ ਰਿਸ਼ਤੇਦਾਰਾਂ ਅਤੇ ਹੋਰਨਾਂ ਲੋਕਾਂ ਨਾਲ ਪੈਸਿਆਂ ਦੇ ਲੈਣ ਦੇਣ ਦਾ ਮਾਮਲਾ ਸੀ। ਉਸ ਨੇ ਦੋਸ਼ ਲਾਇਆ ਕਿ ਉਕਤ ਵਿਅਕਤੀ ਪੈਸਿਆਂ ਨੂੰ ਲੈ ਕੇ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ। ਉਨ੍ਹਾਂ ਦੱਸਿਆ ਕਿ ਮਦਨ ਲਾਲ ਪਰੇਸ਼ਾਨ ਹੋ ਕੇ ਕੱਲ੍ਹ ਸਵੇਰੇ ਲਗਭਗ 9 ਵਜੇ ਘਰ ਤੋਂ ਇਹ ਕਹਿਕੇ ਚਲਾ ਗਿਆ ਕਿ ਉਹ ਨੇੜਲੇ ਪਿੰਡ ਪੰਨੀ ਵਾਲਾ ਜਾ ਰਿਹਾ ਹੈ ਅਤੇ ਦੁਪਹਿਰ 3 ਵਜੇ ਤੱਕ ਵਾਪਸ ਆ ਜਾਵੇਗਾ। ਜਦੋਂ ਮਦਨ ਲਾਲ ਵਾਪਸ ਨਹੀਂ ਆਇਆ ਤਾਂ ਉਨ੍ਹਾਂ ਅਤੇ ਹੋਰਨਾਂ ਰਿਸ਼ਤੇਦਾਰਾਂ ਨੇ ਉਸ ਦੀ ਭਾਲ ਸ਼ੁਰੂ ਕੀਤੀ। ਭਾਲ ਦੌਰਾਨ ਮਦਨ ਲਾਲ ਦੀ ਲਾਸ਼ ਨਹਿਰ ਵਿਚੋਂ ਮਿਲੀ। ਪਰਿਵਾਰਕ ਮੈਂਬਰਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਮੰਗ ਕੀਤੀ ਕਿ ਕਥਿਤ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਸਚਿਨ ਕੁਮਾਰ ਨੇ ਦੱਸਿਆ ਕਿ ਮਾਮਲੇ ਸਬੰਧੀ ਭਾਰਤੀ ਦੰਡਾਵਲੀ ਦੀ ਧਾਰਾ 306 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਪੰਜਾਬੀ ਫਿਲਮ “ਅੰਗਰੇਜ਼ ਪੁੱਤ” ਦਾ ਪੋਸਟਰ ਰਲੀਜ

ਇਸ ਫਿਲਮ ਵਿੱਚ ਅਰਸ਼ ਚਾਵਲਾ ਅਤੇ ਸਮਿਤ ਗੁਲਾਟੀ ਮੁੱਖ ਭੁਮਿਕਾ ’ਚ ਨਜ਼ਰ ਆਉਣਗੇ

ਜਗਰਾਉਂ (ਰਾਣਾ ਸੇਖਦੌਲਤ) ਕਿਸੇ ਵੀ ਪ੍ਰੋਜੈਕਟ ਨੂੰ ਸਫਲ ਬਣਾਉਣ ਪਿੱਛੇ ਉਸ ਦੀ ਕਹਾਣੀ ਆਮ ਫਿਲਮਾ ਨਾਲੋ ਹੱਟ ਕੇ ਹੁੰਦੀ ਹੈ। ਇਸ ਗੱਲ ਤੇ ਵਿਸ਼ਵਾਸ ਕਰਦੇ ਹੋਏ ਫਿਲਮ ਨਿਰਮਾਤਾ ਅਤੇ ਦਰਸ਼ਕਾ ਲਈ ਵੱਖਰੀਆ ਅਤੇ ਅਰਥਾ ਪੁਰਨ ਕਹਾਣੀਆ ਨੂੰ ਪੇਸ਼ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਇਸ ਭਰਪੂਰ ਫਿਲਮਾ ’ਚ ਨਾਮ ਜੁੜਨ ਜਾ ਰਿਹਾ ਹੈ। ਆਉਣ ਵਾਲੀ ਫਿਲਮ ਅੰਗਰੇਜ਼ ਪੱੁੱਤ ਦਾ ਹਾਲ ਹੀ ਵਿੱਚ ਫਿਲਮ ਦੇ ਨਿਰਮਾਤਵਾਂ ਨੇ ਇਕ ਵਿਸ਼ੇਸ਼ ਪ੍ਰੈਸ਼ ਕਾਨਪ੍ਰੈਸ ਚੰਡੀਗੜ੍ਹ ਆਯੋਜਨ ਕੀਤਾ। ਇਸ ਫਿਲਮ ਦੀ ਘੌਸ਼ਣਾ ਦੇ ਨਾਲ ਹੀ ਫਿਲਮ ਦੇ ਬਾਰੇ ਹੋਰ ਵੀ ਜਾਣਕਾਰੀ ਸਾਝੀ ਕੀਤੀ । ਪਾਲੀਵੁੱਡ ਤੋਂ ਅਰਸ਼ ਚਾਵਲਾ ਅਤੇ ਬਾਲੀਵੁੱਡ ਫਿਲਮ ਬਾਗ ਮਿਲਖਾਂ ਬਾਗ ਅਤੇ ਬਾਗੀ ਦੇ ਪ੍ਰਸਿੱਧ ਅਦਾਕਾਰ ਸਮਿਤ ਗੁਲਾਟੀ ਇਸ ਫਿਲਮ ਦੇ ਮੁੱਖ ਅਦਾਕਾਰ ਵਜੋਂ ਮੁੱਖ ਭੁਮਿਕਾ ਨਿਭਾਉਣਗੇ। ਫਿਲਮ ਦਾ ਮਿਊਜ਼ਕ ਅਤੇ ਬੈਕਗਰਾਊਡ ਸਕੋਰ ਪ੍ਰਸਿੱਧ  ਸੰਗੀਤਕਾਰ ਗੁਰਮੀਤ ਸਿੰਘ ਦੁਆਰਾ ਕੀਤਾ ਜਾਵੇਗਾ।ਫਿਲਮ ਦਾ ਡਾਇਰੈਕਟਰ ਸ਼ਿਵਮ ਸ਼ਰਮਾ (ਮੁੰਬਈ) ਦੁਆਰਾ ਕੀਤਾ ਜਾਵੇਗਾ। ਬਾਲੀਵੱੁਡ ਪ੍ਰੋਡਿਊਸਰ ਮੰਯਕ ਸ਼ਰਮਾ ਇਸ ਫਿਲਮ ਨੂੰ ਪ੍ਰੋਡਿਊਸਰ ਕਰਨਗੇ ਅਤੇ ਇਸ ਫਿਲਮ ਦੇ ਲੇਖਕ ਰਿਸ਼ੀ ਮੱਲ੍ਹੀ ਹਨ।ਇਸ ਫਿਲਮ ਨੂੰ ਐਮ.ਐਸ.ਏਸ਼ੀਅਨ ਮੂਵੀ ਸਟੂਡੀਓ ਅਤੇ ਰੰਗਲਾ ਪੰਜਾਬ ਮੋਸ਼ਨ ਪਿਕਚਰਜ਼ ਵੱਲੋਂ ਮੋਗਾ ਫਿਲਮ ਸਟੂਡੀਓ ਅਤੇ ਪੰਜਾਬ ਸਟਾਰ ਲਾਈਵ ਇਵੈਟ ਮੈਨੇਜਮੈਟ ਪ੍ਰਾਈਵੇਟ ਲਿਿਮਟੇਡ ਨਾਲ ਪੇਸ਼ ਕੀਤਾ ਜਾਵੇਗਾ। ਸ਼ਿਵਮ ਸ਼ਰਮਾ ਪਹਿਲਾ ਵੀ ਕਈ ਫਿਲਮਾ ਜਿਵੇਂ ਢੋਲ ਰੱਤ, ਭਰਤ ਸਿੰਘ ਦੀ ਉਡੀਕ, ਸਿੱਖੀ ਵਰਗੀਆ ਫਿਲਮਾ ਕੀਤੀਆਂ। ਇਸ ਫਿਲਮ ਦਾ ਕਨਸੈਪਟ ਬੜਾਂ ਹੀ ਅਲੱਗ ਹੈ। ਅੱਜ ਕੱਲ ਫਿਲਮਾ ਦੀ ਕਹਾਣੀ ਸਿਰਫ ਵਿਆਹਾ ਅਤੇ ਅਰਥ ਹੀਨ ਹਾਸੋਹੀਣ ਤੱਕ ਹੀ ਸੀਮਿਤ ਰਿਹ ਗਈ ਹੈ। ਇਸ ਕਰਕੇ ਇਸ ਫਿਲਮ ਦੇ ਡਾਇਰੈਕਟ ਸ਼ਿਵਮ ਸ਼ਰਮਾ ਅਤੇ ਅਰਸ਼ ਚਾਵਲਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਇਸ ਫਿਲਮ ਦੀ ਕਹਾਣੀ ਸਿਰਫ ਹਲਕੀ ਫੁੱਲਕੀ ਕਮੇਡੀ ਹੀ ਨਹੀ ਬਲ ਕੇ ਇਹ ਫਿਲਮ ਪੰਜਾਬੀ ਸਨੇਮੇ ਵਿੱਚ ਨਿਵੇਕਲਪ ਦੀ ਇਕ ਨਵੀ ਲਹਿਰ ਲੈ ਕੇ ਆਵੇਗੀ। ਇਸ ਫਿਲਮ ਵਿੱਚ ਜਗਰਾਉਂ ਦੇ ਚਿਹਰੇ ਗੁਰਮੀਤ ਦਮਨ (ਸੇਖਦੌਲਤ) ਜੋਂ ਪਹਿਲਾ ਵੀ ਸਾਡੀਆ ਫਿਲਮਾ ਵਿੱਚ ਕੰਮ ਕਰ ਚੁੱਕੇ ਹਨ। ਇਸ ਫਿਲਮ ਵਿੱਚ ਵੀ ਇਕ ਵੱਖਰੀ ਭੂਮਿਕਾ ਵਿੱਚ ਨਜ਼ਰ ਆਉਣਗੇ। 
 

ਪੰਜਾਬ ਵਿਧਾਨ ਸਭਾ ਦੀਆਂ ਵੱਖ-ਵੱਖ ਕਮੇਟੀਆਂ ਗਠਿਤ, ਨੋਟੀਫਿਕੇਸ਼ਨ ਜਾਰੀ

ਚੰਡੀਗੜ੍ਹ,ਜੂਨ 2019-  ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਸਾਲ 2019-20 ਲਈ ਸਦਨ ਦੀਆਂ ਵੱਖ-ਵੱਖ ਕਮੇਟੀਆਂ ਦੇ ਚੇਅਰਮੈਨ ਅਤੇ ਮੈਂਬਰ ਨਾਮਜ਼ਦ ਕੀਤੇ ਗਏ ਹਨ। ਇਸ ਸਬੰਧੀ ਅੱਜ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। 
 ਇਸ ਬਾਰੇ ਇਕ ਬੁਲਾਰੇ ਨੇ ਦੱਸਿਆ ਕਿ ਕੁੱਲ 13 ਕਮੇਟੀਆਂ ਦੇ ਚੇਅਰਮੈਨਾਂ ਅਤੇ ਮੈਂਬਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਵੱਖ-ਵੱਖ ਕਮੇਟੀਆਂ ਦੇ ਨਾਂ ਅਤੇ ਵੇਰਵੇ ਇਸ ਪ੍ਰਕਾਰ ਹਨ: 
        ਲੋਕ ਲੇਖਾ ਕਮੇਟੀ  ਦਾ ਚੇਅਰਮੈਨ ਸ੍ਰੀ ਕੁਲਤਾਰ ਸਿੰਘ ਸੰਧਵਾਂ ਨੂੰ ਬਣਾਇਆ ਗਿਆ ਹੈ ਜਦੋਂਕਿ ਮੈਂਬਰਾਂ ਵਿੱਚ ਸ੍ਰੀ ਰਣਦੀਪ ਸਿੰਘ ਨਾਭਾ, ਸ੍ਰੀ ਸੁਰਜੀਤ ਸਿੰਘ ਧੀਮਾਨ, ਸ੍ਰੀ ਸੰਗਤ ਸਿੰਘ ਗਿਲਜ਼ੀਆਂ, ਸ੍ਰੀ ਰਮਨਜੀਤ ਸਿੰਘ ਸਿੱਕੀ, ਸ੍ਰੀ ਨਵਤੇਜ ਸਿੰਘ ਚੀਮਾ, ਸ੍ਰੀ ਫਤਹਿਜੰਗ ਸਿੰਘ ਬਾਜਵਾ, ਸ੍ਰੀ ਬਲਵਿੰਦਰ ਸਿੰਘ, ਸ੍ਰੀ ਅਰੁਣ ਡੋਗਰਾ, ਸ੍ਰੀ ਲਖਵੀਰ ਸਿੰਘ ਲੱਖਾ, ਸ੍ਰੀ ਕੁਲਵੰਤ ਸਿੰਘ ਪੰਡੋਰੀ, ਸ੍ਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਸ੍ਰੀ ਦਿਲਰਾਜ ਸਿੰਘ ਭੂੰਦੜ ਸ਼ਾਮਲ ਹਨ।

      ਸਰਕਾਰੀ ਕਾਰੋਬਾਰ ਕਮੇਟੀ ਦਾ ਚੇਅਰਮੈਨ ਸ੍ਰੀ ਕੁਲਜੀਤ ਸਿੰਘ ਨਾਗਰਾ ਨੂੰ ਬਣਾਇਆ ਗਿਆ ਹੈ ਜਦੋਂਕਿ ਮੈਂਬਰਾਂ ਵਜੋਂ ਸ੍ਰੀ ਦਰਸ਼ਨ ਸਿੰਘ ਬਰਾੜ, ਸ੍ਰੀ ਰਜਨੀਸ਼ ਕੁਮਾਰ ਬੱਬੀ, ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ, ਸ੍ਰੀ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਸ੍ਰੀ ਰਾਜਿੰਦਰ ਬੇਰੀ, ਸ੍ਰੀ ਪਵਨ ਕੁਮਾਰ ਆਦੀਆ, ਸ੍ਰੀ ਦਵਿੰਦਰ ਸਿੰਘ ਘੁਬਾਇਆ, ਸ੍ਰੀ ਸੰਤੋਖ ਸਿੰਘ, ਸ੍ਰੀ ਅਮਨ ਅਰੋੜਾ, ਸ੍ਰੀ ਕੰਵਰ ਸੰਧੂ, ਸ੍ਰੀ ਪਰਕਾਸ਼ ਸਿੰਘ ਬਾਦਲ ਅਤੇ ਸ੍ਰੀ ਪਵਨ ਕੁਮਾਰ ਟੀਨੂ ਨੂੰ ਸ਼ਾਮਲ ਕੀਤਾ ਗਿਆ ਹੈ।

      ਅਨੁਮਾਨ ਕਮੇਟੀ ਦਾ ਚੇਅਰਮੈਨ ਸ੍ਰੀ ਹਰਦਿਆਲ ਸਿੰਘ ਕੰਬੋਜ ਨੂੰ ਲਾਇਆ ਗਿਆ ਹੈ ਅਤੇ ਇਸ ਦੇ ਮੈਂਬਰਾਂ ਵਿੱਚ ਸ੍ਰੀ ਮਦਨ ਲਾਲ ਜਲਾਲਪੁਰ, ਸ੍ਰੀ ਜੋਗਿੰਦਰ ਪਾਲ, ਸ੍ਰੀ ਸੁਨੀਲ ਦੱਤੀ, ਸ੍ਰੀ ਧਰਮਵੀਰ ਅਗਨੀਹੋਤਰੀ, ਸ੍ਰੀ ਸੁਸ਼ੀਲ ਕੁਮਾਰ ਰਿੰਕੂ, ਸ੍ਰੀ ਅਰੁਣ ਡੋਗਰਾ, ਸ੍ਰੀ ਹਰਜੋਤ ਕਮਲ ਸਿੰਘ, ਸ੍ਰੀ ਦਲਵੀਰ ਸਿੰਘ ਗੋਲਡੀ, ਸ੍ਰੀ ਜੈ ਕ੍ਰਿਸ਼ਨ ਸਿੰਘ ਰੋੜੀ, ਸ੍ਰੀਮਤੀ ਸਰਵਜੀਤ ਕੌਰ ਮਾਣੂੰਕੇ, ਸ੍ਰੀ ਬਿਕਰਮ ਸਿੰਘ ਮਜੀਠੀਆ ਅਤੇ ਸ੍ਰੀ ਹਰਿੰਦਰਪਾਲ ਸਿੰਘ ਚੰਦੂਮਾਜਰਾ ਸ਼ਾਮਲ ਹਨ।

      ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੀ ਭਲਾਈ ਲਈ ਕਮੇਟੀ ਦਾ ਚੇਅਰਮੈਨ ਸ੍ਰੀ ਨੱਥੂ ਰਾਮ ਨੂੰ ਲਾਇਆ ਗਿਆ ਹੈ ਅਤੇ ਮੈਂਬਰ ਵਜੋਂ ਸ੍ਰੀ ਸੁਰਜੀਤ ਸਿੰਘ ਧੀਮਾਨ, ਸ੍ਰੀ ਨਿਰਮਲ ਸਿੰਘ, ਸ੍ਰੀ ਜੋਗਿੰਦਰ ਪਾਲ, ਸ੍ਰੀ ਸੰਤੋਖ ਸਿੰਘ, ਚੌਧਰੀ ਸੁਰਿੰਦਰ ਸਿੰਘ, ਸ੍ਰੀ ਪਵਨ ਕੁਮਾਰ ਆਦੀਆ, ਡਾ. ਰਾਜ ਕੁਮਾਰ ਚੱਬੇਵਾਲ, ਸ੍ਰੀਮਤੀ ਸਤਕਾਰ ਕੌਰ, ਸ੍ਰੀ ਕੁਲਵੰਤ ਸਿੰਘ ਪੰਡੋਰੀ, ਸ੍ਰੀਮਤੀ ਸਰਵਜੀਤ ਕੌਰ ਮਾਣੂੰਕੇ, ਸ੍ਰੀ ਬਲਦੇਵ ਸਿੰਘ ਖਹਿਰਾ ਅਤੇ ਸ੍ਰੀ ਸੁਖਵਿੰਦਰ ਕੁਮਾਰ ਨੂੰ ਸ਼ਾਮਲ ਕੀਤਾ ਗਿਆ ਹੈ।

      ਹਾਊਸ ਕਮੇਟੀ ਦਾ ਚੇਅਰਮੈਨ ਸ੍ਰੀ ਅਜਾਇਬ ਸਿੰਘ ਭੱਟੀ, ਡਿਪਟੀ ਸਪੀਕਰ (ਅਹੁਦੇ ਦੇ ਆਧਾਰ ਤੇ ਸਭਾਪਤੀ), ਨੂੰ ਬਣਾਇਆ ਗਿਆ ਹੈ ਜਦੋਂਕਿ ਮੈਂਬਰਾਂ ਵਿੱਚ ਸ੍ਰੀ ਅਮਰੀਕ ਸਿੰਘ ਢਿੱਲੋਂ, ਸ੍ਰੀ ਰਮਨਜੀਤ ਸਿੰਘ ਸਿੱਕੀ, ਸ੍ਰੀ ਪਰਗਟ ਸਿੰਘ ਪੋਆਰ, ਸ੍ਰੀ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਸ੍ਰੀ ਹਰਜੋਤ ਕਮਲ ਸਿੰਘ, ਸ੍ਰੀ ਅਮਨ ਅਰੋੜਾ, ਸ੍ਰੀ ਬੁੱਧ ਰਾਮ ਅਤੇ ਸ੍ਰੀ ਐਨ.ਕੇ. ਸ਼ਰਮਾ ਸ਼ਾਮਲ ਹਨ।

      ਸਥਾਨਕ ਸੰਸਥਾਵਾਂ ਅਤੇ ਪੰਚਾਇਤੀ ਰਾਜ ਇਕਾਈਆਂ ਸਬੰਧੀ ਕਮੇਟੀ ਦਾ ਚੇਅਰਮੈਨ ਸ੍ਰੀ ਹਰਪ੍ਰਤਾਪ ਸਿੰਘ ਅਜਨਾਲਾ ਨੂੰ ਬਣਾਇਆ ਗਿਆ ਹੈ ਜਦੋਂਕਿ ਮੈਂਬਰਾਂ ਵਿੱਚ ਸ੍ਰੀ ਅਮਿਤ ਵਿੱਜ, ਸ੍ਰੀ ਸੁਨੀਲ ਦੱਤੀ, ਸ੍ਰੀ ਰਾਜਿੰਦਰ ਬੇਰੀ, ਸ੍ਰੀ ਸੰਜੀਵ ਤਲਵਾੜ, ਸ੍ਰੀ ਕੁਲਦੀਪ ਸਿੰਘ ਵੈਦ ਬੁਲਾਰਾ, ਸ੍ਰੀ ਕੁਲਬੀਰ ਸਿੰਘ ਜ਼ੀਰਾ, ਸ੍ਰੀ ਪ੍ਰੀਤਮ ਸਿੰਘ ਕੋਟਭਾਈ, ਸ੍ਰੀ ਜਗਤਾਰ ਸਿੰਘ ਜੱਗਾ ਹਿੱਸੋਵਾਲ, ਪ੍ਰੋ. ਬਲਜਿੰਦਰ ਕੌਰ, ਸ੍ਰੀ ਸ਼ਰਨਜੀਤ ਸਿੰਘ ਢਿੱਲੋਂ, ਸ੍ਰੀ ਲਖਬੀਰ ਸਿੰਘ ਲੋਧੀਨੰਗਲ ਅਤੇ ਸ੍ਰੀ ਅਰੁਣ ਨਾਰੰਗ ਦੇ ਨਾਂ ਸ਼ਾਮਲ ਹਨ।

      ਸਰਕਾਰੀ ਆਸ਼ਵਾਸਨਾਂ ਸਬੰਧੀ ਕਮੇਟੀ ਦਾ ਚੇਅਰਮੈਨ ਸ੍ਰੀ ਪਰਮਿੰਦਰ ਸਿੰਘ ਪਿੰਕੀ ਨੂੰ ਬਣਾਇਆ ਗਿਆ ਹੈ ਅਤੇ ਮੈਂਬਰਾਂ ਵਜੋਂ ਸ੍ਰੀ ਦਰਸ਼ਨ ਸਿੰਘ ਬਰਾੜ, ਸ੍ਰੀ ਨਿਰਮਲ ਸਿੰਘ, ਸ੍ਰੀ ਬਰਿੰਦਰਮੀਤ ਸਿੰਘ ਪਾਹੜਾ, ਸ੍ਰੀ ਹਰਮਿੰਦਰ ਸਿੰਘ ਗਿੱਲ, ਸ੍ਰੀ ਗੁਰਪ੍ਰੀਤ ਸਿੰਘ, ਸ੍ਰੀ ਕੁਲਬੀਰ ਸਿੰਘ ਜ਼ੀਰਾ, ਸ੍ਰੀ ਪ੍ਰੀਤਮ ਸਿੰਘ ਕੋਟਭਾਈ, ਸ੍ਰੀ ਬਲਦੇਵ ਸਿੰਘ, ਸ੍ਰੀ ਗੁਰਮੀਤ ਸਿੰਘ ਮੀਤ ਹੇਅਰ, ਸ੍ਰੀ ਸ਼ਰਨਜੀਤ ਸਿੰਘ ਢਿੱਲੋਂ, ਸ੍ਰੀ ਕੰਵਰਜੀਤ ਸਿੰਘ ਅਤੇ ਸ੍ਰੀ ਸਿਮਰਜੀਤ ਸਿੰਘ ਬੈਂਸ ਨੂੰ ਸ਼ਾਮਲ ਕੀਤਾ ਗਿਆ ਹੈ।  

      ਅਧੀਨ ਵਿਧਾਨ ਕਮੇਟੀ ਦਾ ਚੇਅਰਮੈਨ ਸ੍ਰੀ ਤਰਸੇਮ ਸਿੰਘ ਡੀ.ਸੀ. ਨੂੰ ਲਾਇਆ ਗਿਆ ਹੈ ਜਦੋਂਕਿ ਮੈਂਬਰਾਂ ਵਿੱਚ ਸ੍ਰੀ ਰਾਕੇਸ਼ ਪਾਂਡੇ, ਸ੍ਰੀ ਸੰਗਤ ਸਿੰਘ ਗਿਲਜ਼ੀਆਂ, ਸ੍ਰੀ ਅਮਿਤ ਵਿੱਜ, ਸ੍ਰੀ ਹਰਮਿੰਦਰ ਸਿੰਘ ਗਿੱਲ, ਸ੍ਰੀ ਅਵਤਾਰ ਸਿੰਘ ਜੂਨੀਅਰ, ਸ੍ਰੀ ਸੁਖਜੀਤ ਸਿੰਘ, ਸ੍ਰੀ ਹਰਵਿੰਦਰ ਸਿੰਘ ਫੂਲਕਾ, ਸ੍ਰੀ ਮਨਜੀਤ ਸਿੰਘ, ਸ੍ਰੀ ਪਰਮਿੰਦਰ ਸਿੰਘ ਢੀਂਡਸਾ, ਸ੍ਰੀ ਐਨ.ਕੇ. ਸ਼ਰਮਾ, ਸ੍ਰੀ ਬਲਵਿੰਦਰ ਸਿੰਘ ਬੈਂਸ ਅਤੇ ਐਡਵੋਕੇਟ ਜਨਰਲ ਸ਼ਾਮਲ ਹਨ।

      ਪਟੀਸ਼ਨ ਕਮੇਟੀ ਦਾ ਚੇਅਰਮੈਨ ਸ੍ਰੀ ਗੁਰਕੀਰਤ ਸਿੰਘ ਕੋਟਲੀ ਨੂੰ ਬਣਾਇਆ ਗਿਆ ਹੈ ਜਦੋਂਕਿ ਮੈਂਬਰਾਂ ਵਿੱਚ ਨਵਤੇਜ ਸਿੰਘ ਚੀਮਾ, ਸ੍ਰੀ ਗੁਰਪ੍ਰੀਤ ਸਿੰਘ, ਸ੍ਰੀ ਸੁਖਪਾਲ ਸਿੰਘ ਭੁੱਲਰ, ਸ੍ਰੀ ਅੰਗਦ ਸਿੰਘ, ਸ੍ਰੀ ਸੰਜੀਵ ਤਲਵਾੜ, ਸ੍ਰੀ ਲਖਵੀਰ ਸਿੰਘ ਲੱਖਾ, ਸ੍ਰੀ ਦਲਵੀਰ ਸਿੰਘ ਗੋਲਡੀ, ਸ੍ਰੀ ਅਮਰਜੀਤ ਸਿੰਘ ਸੰਦੋਆ, ਸ੍ਰੀਮਤੀ ਰੁਪਿੰਦਰ ਕੌਰ ਰੂਬੀ, ਸ੍ਰੀ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸ੍ਰੀ ਕੰਵਰਜੀਤ ਸਿੰਘ ਅਤੇ ਸ੍ਰੀ ਦਿਨੇਸ਼ ਸਿੰਘ ਸ਼ਾਮਲ ਹਨ।

      ਮੇਜ਼ 'ਤੇ ਰੱਖੇ ਗਏ/ਰੱਖੇ ਜਾਣ ਵਾਲੇ ਕਾਗਜ਼-ਪੱਤਰਾਂ ਸਬੰਧੀ ਕਮੇਟੀ ਦਾ ਚੇਅਰਮੈਨ ਸ੍ਰੀ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਲਾਇਆ ਗਿਆ ਹੈ ਅਤੇ ਮੈਂਬਰਾਂ ਵਿੱਚ ਸ੍ਰੀ ਬਰਿੰਦਰਮੀਤ ਸਿੰਘ ਪਾਹੜਾ, ਸ੍ਰੀ ਰਜਨੀਸ਼ ਕੁਮਾਰ ਬੱਬੀ, ਸ੍ਰੀ ਬਲਵਿੰਦਰ ਸਿੰਘ, ਚੌਧਰੀ ਸੁਰਿੰਦਰ ਸਿੰਘ, ਸ੍ਰੀਮਤੀ ਸਤਕਾਰ ਕੌਰ, ਸ੍ਰੀ ਦਵਿੰਦਰ ਸਿੰਘ ਘੁਬਾਇਆ, ਸ੍ਰੀ ਰਾਜਿੰਦਰ ਸਿੰਘ, ਸ੍ਰੀ ਸੁਖਪਾਲ ਸਿੰਘ ਖਹਿਰਾ ਅਤੇ ਸ੍ਰੀ ਪਿਰਮਲ ਸਿੰਘ ਧੌਲਾ ਸ਼ਾਮਲ ਹਨ।

      ਲਾਇਬ੍ਰੇਰੀ ਕਮੇਟੀ ਦਾ ਚੇਅਰਮੈਨ ਸ੍ਰੀ ਸੁਰਿੰਦਰ ਕੁਮਾਰ ਡਾਵਰ ਨੂੰ ਬਣਾਇਆ ਗਿਆ ਹੈ ਜਦੋਂਕਿ ਮੈਂਬਰਾਂ ਵਿੱਚ ਡਾ. ਰਾਜ ਕੁਮਾਰ, ਸ੍ਰੀ ਦਰਸ਼ਨ ਲਾਲ, ਸ੍ਰੀ ਸੁਸ਼ੀਲ ਕੁਮਾਰ ਰਿੰਕੂ, ਸ੍ਰੀ ਸੁਖਜੀਤ ਸਿੰਘ, ਸ੍ਰੀ ਹਰਦੇਵ ਸਿੰਘ ਲਾਡੀ, ਸ੍ਰੀ ਨਾਜ਼ਰ ਸਿੰਘ ਮਾਨਸ਼ਾਹੀਆ, ਸ੍ਰੀ ਜੈ ਕ੍ਰਿਸ਼ਨ ਸਿੰਘ ਰੋੜੀ ਅਤੇ ਸ੍ਰੀ ਲਖਬੀਰ ਸਿੰਘ ਲੋਧੀਨੰਗਲ ਸ਼ਾਮਲ ਹਨ।

      ਸਵਾਲ ਅਤੇ ਹਵਾਲਾ ਕਮੇਟੀ ਦਾ ਚੇਅਰਮੈਨ ਸ੍ਰੀ ਇੰਦਰਬੀਰ ਸਿੰਘ ਬੁਲਾਰੀਆ ਨੂੰ ਬਣਾਇਆ ਗਿਆ ਹੈ ਜਦਕਿ ਮੈਂਬਰਾਂ ਵਜੋਂ ਸ੍ਰੀ ਮਦਨ ਲਾਲ ਜਲਾਲਪੁਰ, ਸ੍ਰੀ ਸੁਖਪਾਲ ਸਿੰਘ ਭੁੱਲਰ, ਸ੍ਰੀ ਅੰਗਦ ਸਿੰਘ, ਸ੍ਰੀ ਰਾਜਿੰਦਰ ਸਿੰਘ, ਸ੍ਰੀ ਹਰਦੇਵ ਸਿੰਘ ਲਾਡੀ, ਸ੍ਰੀ ਬੁੱਧ ਰਾਮ, ਸ੍ਰੀ ਮਨਜੀਤ ਸਿੰਘ ਅਤੇ ਸ੍ਰੀ ਬਲਦੇਵ ਸਿੰਘ ਖਹਿਰਾ ਨੂੰ ਸ਼ਾਮਲ ਕੀਤਾ ਗਿਆ ਹੈ।

      ਵਿਸ਼ੇਸ਼ ਅਧਿਕਾਰ ਕਮੇਟੀ ਦਾ ਚੇਅਰਮੈਨ ਸ੍ਰੀ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਲਾਇਆ ਗਿਆ ਹੈ ਅਤੇ ਮੈਂਬਰਾਂ ਵਿੱਚ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ, ਸ੍ਰੀ ਪਰਗਟ ਸਿੰਘ, ਸ੍ਰੀ ਫਤਹਿਜੰਗ ਸਿੰਘ ਬਾਜਵਾ, ਸ੍ਰੀ ਧਰਮਵੀਰ ਅਗਨੀਹੋਤਰੀ, ਸ੍ਰੀ ਅਵਤਾਰ ਸਿੰਘ ਜੂਨੀਅਰ, ਸ੍ਰੀ ਦਰਸ਼ਨ ਲਾਲ, ਸ੍ਰੀ ਕੁਲਦੀਪ ਸਿੰਘ ਵੈਦ ਬੁਲਾਰਾ, ਸ੍ਰੀ ਜਗਦੇਵ ਸਿੰਘ, ਸ੍ਰੀ ਅਮਰਜੀਤ ਸਿੰਘ ਸੰਦੋਆ, ਸ੍ਰੀ ਪਵਨ ਕੁਮਾਰ ਟੀਨੂ ਅਤੇ ਸ੍ਰੀ ਸੁਖਵਿੰਦਰ ਕੁਮਾਰ ਸ਼ਾਮਲ ਹਨ।

ਕਾਂਗਰਸੀ ਕੌਂਸਲਰ ਦੇ ਭਰਾ ਅਤੇ ਭਾਣਜਿਆਂ ਵੱਲੋਂ ਔਰਤ ਦੀ ਬੇਤਹਾਸ਼ਾ ਕੁੱਟਮਾਰ

ਸ੍ਰੀ ਮੁਕਤਸਰ ਸਾਹਿਬ,ਜੂਨ 2019 - ਸਥਾਨਕ ਬੂੜਾ ਗੁੱਜਰ ਰੋਡ 'ਤੇ ਕਾਂਗਰਸੀ ਕੌਂਸਲਰ ਦੇ ਭਰਾ, ਭਾਣਜੇ ਅਤੇ ਹੋਰ ਸਾਥੀਆਂ ਵੱਲੋਂ ਇਕ ਔਰਤ ਦੀ ਬੇਤਹਾਸ਼ਾ ਕੁੱਟਮਾਰ ਕਰਨ ਦੀ ਵਾਇਰਲ ਹੋਈ ਵੀਡੀਓ ਨੇ ਸਭ ਦੇ ਰੌਂਗਟੇ ਖੜ੍ਹੇ ਕਰ ਦਿੱਤੇ ਹਨ। ਉਕਤ ਦੋਸ਼ੀਆਂ ਦਾ ਫਾਈਨਾਂਸ ਦਾ ਕਾਰੋਬਾਰ ਹੈ ਅਤੇ ਪਤਾ ਲੱਗਿਆ ਹੈ ਕਿ ਉਕਤ ਵਿਅਕਤੀ ਔਰਤ ਦੇ ਘਰ ਪੈਸੇ ਲੈਣ ਗਏ ਸਨ, ਪ੍ਰੰਤੂ ਉਸ ਨੇ ਕਿਹਾ ਕਿ ਸਾਡੇ ਕੋਲ ਅੱਜ ਪੈਸੇ ਨਹੀਂ ਹਨ ਅਤੇ ਬਾਅਦ 'ਚ ਦੇ ਦਿਆਂਗੇ। ਇਸ ਮਗਰੋਂ ਗ਼ੁੱਸੇ 'ਚ ਆਏ ਇਨ੍ਹਾਂ ਵਿਅਕਤੀਆਂ ਨੇ ਸੜਕ 'ਤੇ ਲਿਜਾ ਕੇ ਔਰਤ ਦੀ ਬੈਲਟਾਂ ਨਾਲ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਕਤ ਗੰਭੀਰ ਜ਼ਖ਼ਮੀ ਔਰਤ ਨੂੰ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਦਾਖ਼ਲ ਕਰਵਾਇਆ ਗਿਆ। ਇਸ ਸਮੇਂ ਜੋ ਔਰਤਾਂ ਛੁਡਵਾਉਣਾ ਆਈਆਂ, ਉਨ੍ਹਾਂ ਦੀ ਵੀ ਕੁੱਟਮਾਰ ਕੀਤੀ ਗਈ। ਇਸ ਸਮੇਂ ਕੋਲ ਖੜ੍ਹੇ ਬੇਵੱਸ ਬੱਚੇ ਰੋ-ਕੁਰਲਾ ਰਹੇ ਸਨ। ਗੁੰਡਾਗਰਦੀ ਦੇ ਇਸ ਨੰਗੇ ਨਾਚ ਨੇ ਅਮਨ-ਕਾਨੂੰਨ ਦੀ ਸਥਿਤੀ 'ਤੇ ਵੀ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ।

ਯੂਪੀ ਬਾਰ ਕੌਂਸਲ ਪ੍ਰਧਾਨ ਦੀ ਗੋਲੀ ਮਾਰ ਕੇ ਹੱਤਿਆ

ਆਗਰਾ,  ਜੂਨ 2019- ਉੱਤਰ ਪ੍ਰਦੇਸ਼ ਬਾਰ ਕੌਂਸਲ ਦੀ ਪ੍ਰਧਾਨ ਦਰਵੇਸ਼ ਸਿੰਘ ਦੀ ਅੱਜ ਅਦਾਲਤੀ ਕੰਪਲੈਕਸ ਵਿਚ ਹੀ ਇਕ ਵਕੀਲ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਉਸ ਨੇ ਬਾਅਦ ਵਿਚ ਖ਼ੁਦ ਨੂੰ ਵੀ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ। ਦਰਵੇਸ਼ ਦੋ ਦਿਨ ਪਹਿਲਾਂ ਹੀ ਪ੍ਰਧਾਨ ਬਣੀ ਸੀ ਤੇ ਸਿਵਲ ਕੋਰਟ ਦਾ ਦੌਰਾ ਕਰਨ ਲਈ ਆਈ ਸੀ। ਕਰੀਬ 2.30 ਵਜੇ ਵਕੀਲ ਮਨੀਸ਼ ਸ਼ਰਮਾ ਨੇ ਦਰਵੇਸ਼ ਦੇ ਤਿੰਨ ਗੋਲੀਆਂ ਮਾਰੀਆਂ ਤੇ ਮਗਰੋਂ ਖ਼ੁਦ ਨੂੰ ਵੀ ਗੋਲੀ ਮਾਰ ਲਈ। ਏਐੱਸਪੀ ਪਰਵੀਨ ਵਰਮਾ ਨੇ ਦੱਸਿਆ ਕਿ ਮਨੀਸ਼ ਤੇ ਕੌਂਸਲ ਪ੍ਰਧਾਨ ਇਕ-ਦੂਜੇ ਨੂੰ ਲੰਮੇ ਸਮੇਂ ਤੋਂ ਜਾਣਦੇ ਸਨ। ਸ਼ਰਮਾ ਇਸ ਵੇਲੇ ਹਸਪਤਾਲ ਦਾਖ਼ਲ ਹੈ ਤੇ ਉਸ ਦੀ ਹਾਲਤ ਗੰਭੀਰ ਹੈ।