ਆਗਰਾ, ਜੂਨ 2019- ਉੱਤਰ ਪ੍ਰਦੇਸ਼ ਬਾਰ ਕੌਂਸਲ ਦੀ ਪ੍ਰਧਾਨ ਦਰਵੇਸ਼ ਸਿੰਘ ਦੀ ਅੱਜ ਅਦਾਲਤੀ ਕੰਪਲੈਕਸ ਵਿਚ ਹੀ ਇਕ ਵਕੀਲ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਉਸ ਨੇ ਬਾਅਦ ਵਿਚ ਖ਼ੁਦ ਨੂੰ ਵੀ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ। ਦਰਵੇਸ਼ ਦੋ ਦਿਨ ਪਹਿਲਾਂ ਹੀ ਪ੍ਰਧਾਨ ਬਣੀ ਸੀ ਤੇ ਸਿਵਲ ਕੋਰਟ ਦਾ ਦੌਰਾ ਕਰਨ ਲਈ ਆਈ ਸੀ। ਕਰੀਬ 2.30 ਵਜੇ ਵਕੀਲ ਮਨੀਸ਼ ਸ਼ਰਮਾ ਨੇ ਦਰਵੇਸ਼ ਦੇ ਤਿੰਨ ਗੋਲੀਆਂ ਮਾਰੀਆਂ ਤੇ ਮਗਰੋਂ ਖ਼ੁਦ ਨੂੰ ਵੀ ਗੋਲੀ ਮਾਰ ਲਈ। ਏਐੱਸਪੀ ਪਰਵੀਨ ਵਰਮਾ ਨੇ ਦੱਸਿਆ ਕਿ ਮਨੀਸ਼ ਤੇ ਕੌਂਸਲ ਪ੍ਰਧਾਨ ਇਕ-ਦੂਜੇ ਨੂੰ ਲੰਮੇ ਸਮੇਂ ਤੋਂ ਜਾਣਦੇ ਸਨ। ਸ਼ਰਮਾ ਇਸ ਵੇਲੇ ਹਸਪਤਾਲ ਦਾਖ਼ਲ ਹੈ ਤੇ ਉਸ ਦੀ ਹਾਲਤ ਗੰਭੀਰ ਹੈ।