You are here

ਦੋ ਥਾਵਾਂ ਤੋਂ 31 ਕਰੋੜ ਰੁਪਏ ਦੀ ਹੈਰੋਇਨ ਬਰਾਮਦ

ਫਿਰੋਜ਼ਪੁਰ,  ਜੂਨ 2019- ਪੁਲੀਸ ਨੇ ਦੋ ਥਾਵਾਂ ਤੋਂ ਛੇ ਕਿਲੋ ਹੈਰੋਇਨ ਬਰਾਮਦ ਕੀਤੀ ਹੈ ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ 31 ਕਰੋੜ ਦੇ ਲਗਪਗ ਹੈ। ਪੁਲੀਸ ਨੂੰ ਹੈਰੋਇਨ ਦੀ ਵੱਡੀ ਖੇਪ ਸਰਹੱਦ ਨੇੜਿਉਂ ਮਿਲੀ ਜਦੋਂਕਿ ਦੋ ਹੋਰ ਥਾਵਾਂ ਤੋਂ ਹੈਰੋਇਨ ਸਣੇ ਤਿੰਨ ਜਣਿਆਂ ਨੂੰ ਕਾਬੂ ਕੀਤਾ ਗਿਆ ਹੈ।
ਸੀਆਈਏ ਸਟਾਫ਼ ਫਿਰੋਜ਼ਪੁਰ ਦੇ ਏਐਸਆਈ ਗੁਰਚਰਨ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨੂੰ ਸੂਚਨਾ ਮਿਲੀ ਕਿ ਭਾਰਤ ਤੇ ਪਾਕਿਸਤਾਨ ਦੇ ਨਸ਼ਾ ਤਸਕਰ ਮਿਲ ਕੇ ਨਸ਼ੇ ਅਤੇ ਅਸਲੇ ਦੀ ਤਸਕਰੀ ਕਰ ਰਹੇ ਹਨ। ਪੁਲੀਸ ਨੇ ਜਦੋਂ ਸਰਚ ਅਪਰੇਸ਼ਨ ਚਲਾਇਆ ਤਾਂ ਉਥੋਂ 4.820 ਕਿਲੋ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਅਣਪਛਾਤੇ ਤਸਕਰਾਂ ਵਿਰੁੱਧ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।
ਤਰਨ ਤਾਰਨ ਇਥੋਂ ਦੀ ਪੁਲੀਸ ਨੇ ਔਰਤ ਸਮੇਤ ਤਿੰਨ ਜਣਿਆਂ ਕੋਲੋਂ 1.260 ਕਿਲੋ ਹੈਰੋਇਨ ਬਰਾਮਦ ਕੀਤੀ ਹੈ ਜਿਸ ਦੀ ਅੰਤਰਰਾਸ਼ਟਰੀ ਮੰਡੀ ਵਿਚ ਕੀਮਤ 6.30 ਕਰੋੜ ਰੁਪਏ ਬਣਦੀ ਹੈ। ਇਸ ਦੇ ਨਾਲ ਹੀ ਪੁਲੀਸ ਨੇ ਤਿੰਨ ਹੋਰਨਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 1193 ਨਸ਼ੀਲੀਆਂ ਗੋਲੀਆਂ ਅਤੇ 360 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਹਨ। ਐਸਪੀ (ਜਾਂਚ) ਹਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਪੱਟੀ ਸ਼ਹਿਰ ਨੇੜਲੇ ਪਿੰਡ ਪ੍ਰਿੰਗੜੀ ਤੋਂ ਇਨੋਵਾ ਵਿਚ ਜਾਂਦੀ ਔਰਤ ਤੇ ਵਿਅਕਤੀ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਇਕ ਕਿਲੋਗਰਾਮ ਹੈਰੋਇਨ ਬਰਾਮਦ ਹੋਈ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਪੱਟੀ ਵਾਸੀ ਸੁਰਜੀਤ ਸਿੰਘ ਟੋਲੂ ਅਤੇ ਹਰਜੀਤ ਕੌਰ ਵਾਸੀ ਮੁੱਦਕੀ (ਫਿਰੋਜ਼ਪੁਰ) ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਦੀ ਕਾਰ ਵੀ ਕਬਜ਼ੇ ਵਿਚ ਲੈ ਲਈ ਹੈ। ਇਵੇਂ ਹੀ ਵਲਟੋਹਾ ਪੁਲੀਸ ਨੇ ਉਥੋਂ ਦੇ ਹੀ ਵਾਸੀ ਤਰਸੇਮ ਸਿੰਘ ਸ਼ੇਰੂ ਨੂੰ 260 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ।