ਲੰਡਨ, ਜੂਨ 2019 ( ਗਿਆਨੀ ਅਮਰੀਕ ਸਿੰਘ ਰਾਠੌਰ )- - ਯੂ. ਕੇ. ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਲੰਡਨ ਵਿਖੇ ਬਰਤਾਨਵੀ ਸੰਸਦ 'ਚ ਹਵਾਬਾਜ਼ੀ ਤੇ ਕੌਮਾਂਤਰੀ ਟਰਾਂਸਪੋਰਟ ਮੰਤਰੀ ਬੈਰੋਨੈਸ ਵੇਅਰ ਨਾਲ ਮੁਲਾਕਾਤ ਕਰਦਿਆਂ ਲੰਡਨ-ਅੰਮਿ੍ਤਸਰ ਦੀ ਸਿੱਧੀ ਉਡਾਣ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਇਸ ਨਾਲ ਬਰਤਾਨੀਆ ਨੂੰ ਸੈਰ-ਸਪਾਟੇ, ਸੱਭਿਆਚਾਰਕ ਗਤੀਵਿਧੀਆਂ ਅਤੇ ਵਪਾਰਕ ਤੌਰ 'ਤੇ ਕਾਫ਼ੀ ਲਾਭ ਹੋਵੇਗਾ | ਉਨ੍ਹਾਂ ਨੇ ਮੰਤਰੀ ਨੂੰ ਦੱਸਿਆ ਕਿ ਮਈ, 2019 'ਚ ਭਾਰਤ ਦੇ ਸੈਂਟਰ ਫਾਰ ਏਸ਼ੀਆ ਪੈਸੀਫਿਕ ਏਵੀਏਸ਼ਨ (ਸੀ. ਏ. ਪੀ. ਏ.) ਨੇ ਐਲਾਨ ਕੀਤਾ ਸੀ ਕਿ ਭਾਰਤ ਅਤੇ ਯੂਰਪ ਵਿਚਕਾਰ ਸਿੱਧੀ ਹਵਾਈ ਸੇਵਾ ਲਈ ਇੰਟਰਨੈਟ ' ਤੇ ਸਭ ਤੋਂ ਵੱਧ ਅੰਮਿ੍ਤਸਰ-ਹੀਥਰੋ ਰੂਟ ਲਈ ਭਾਲ ਕੀਤੀ ਗਈ | ਢੇਸੀ ਨੇ ਕਿਹਾ ਕਿ 2018 ਤੋਂ ਬਰਤਾਨੀਆ 'ਚ ਲੰਡਨ-ਅੰਮਿ੍ਤਸਰ ਸਿੱਧੀ ਹਵਾਈ ਉਡਾਣ ਲਈ ਮੁਹਿੰਮ ਸ਼ੁਰੂ ਕੀਤੇ ਜਾਣ ਤੋਂ ਬਾਅਦ ਹੋਰਨਾਂ ਤੋਂ ਇਲਾਵਾ ਯੂ. ਕੇ ਦੇ ਸੰਸਦ ਮੈਂਬਰਾਂ ਤੋਂ ਵੀ ਹਮਾਇਤ ਹਾਸਲ ਹੋਈ ਹੈ | ਮੀਟਿੰਗ ਦੌਰਾਨ ਬਰਤਾਨਵੀ ਸੰਸਦ ਮੈਂਬਰ ਨੇ ਮੰਤਰੀ ਨੂੰ ਦੱਸਿਆ ਕਿ ਸੰਸਾਰ ਭਰ 'ਚੋਂ ਰੋਜ਼ਾਨਾ ਇੱਕ ਲੱਖ ਤੋਂ ਵੱਧ ਯਾਤਰੀ ਸ੍ਰੀ ਹਰਿਮੰਦਰ ਸਾਹਿਬ, ਅੰਮਿ੍ਤਸਰ ਦੇ ਦਰਸ਼ਨਾਂ ਲਈ ਆਉਂਦੇ ਹਨ | ਅੰਮਿ੍ਤਸਰ ਹਵਾਈ ਅੱਡਾ ਭਾਰਤ ਦਾ ਸਾਲ 2018 'ਚ ਸਭ ਤੋਂ ਵੱਧ ਯਾਤਰੀਆਂ ਦੀ ਆਮਦ ਵਾਲਾ ਹਵਾਈ ਅੱਡਾ ਬਣ ਗਿਆ ਹੈ, ਜੋ ਇੱਥੇ ਆਉਣ ਵਾਲੇ ਵਧ ਰਹੇ ਮੁਸਾਫ਼ਿਰਾਂ ਦੀ ਗਿਣਤੀ ਤੋਂ ਪਤਾ ਲਗਦਾ ਹੈ | ਢੇਸੀ ਨੇ ਲੰਮੇਂ ਚਿਰ ਤੋਂ ਇਹ ਮੁਹਿੰਮ ਵਿੱਢੀ ਹੋਈ ਹੈ |