You are here

ਪੰਜਾਬ

ਪ੍ਰਨੀਤ ਕੌਰ ਦਾ ਪੈਰ ਫਿਸਲਣ ਕਾਰਨ ਮੱਥੇ ’ਤੇ ਸੱਟ ਵੱਜੀ

ਚੰਡੀਗੜ੍ਹ, ਜੂਨ 2019  ਪੈਰ ਫਿਸਲਣ ਕਾਰਨ ਅੱਜ ਸਾਬਕਾ ਕੇਂਦਰੀ ਰਾਜ ਮੰਤਰੀ ਤੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਦੇ ਮੱਥੇ ’ਤੇ ਸੱਟ ਲੱਗ ਗਈ। ਉਨ੍ਹਾਂ ਨੂੰ ਇਲਾਜ ਲਈ ਦਿੱਲੀ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅੁਨਸਾਰ ਸੰਸਦ ਮੈਂਬਰ ਪ੍ਰਨੀਤ ਕੌਰ ਇਕ ਦਿਨ ਪਹਿਲਾਂ ਕਾਂਗਰਸ ਪਾਰਟੀ ਦੀ ਪਾਰਲੀਮਾਨੀ ਮੀਟਿੰਗ ਵਿੱਚ ਹਿੱਸਾ ਲੈਣ ਤੋਂ ਬਾਅਦ ਦਿੱਲੀ ਵਿਚਲੇ ਆਪਣੇ ਨਿਵਾਸ ਸਥਾਨ ’ਤੇ ਗਏ ਸਨ ਤੇ ਕਿਧਰੇ ਜਾਣ ਦੀ ਤਿਆਰੀ ਵਿੱਚ ਸਨ। ਇਸ ਦੌਰਾਨ ਉਨ੍ਹਾਂ ਦਾ ਪੈਰ ਫਿਸਲ ਗਿਆ ਤੇ ਉਨ੍ਹਾਂ ਦਾ ਸਿਰ ਕੰਧ ਵਿੱਚ ਵੱਜਣ ਕਾਰਨ ਉਨ੍ਹਾਂ ਦੇ ਮੱਥੇ ’ਤੇ ਸੱਟ ਵੱਜ ਗਈ। ਉਨ੍ਹਾਂ ਨੂੰ ਦਿੱਲੀ ਦੇ ਗੰਗਾ ਰਾਮ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੇ ਮੱਥੇ ’ਤੇ ਤਿੰਨ-ਚਾਰ ਟਾਂਕੇ ਲੱਗੇ ਹਨ। ਡਾਕਟਰਾਂ ਨੇ ਉਨ੍ਹਾਂ ਨੂੰ ਅਗਲੇ ਦਸ ਦਿਨਾਂ ਤੱਕ ਆਰਾਮ ਕਰਨ ਦੀ ਸਲਾਹ ਦਿੱਤੀ ਹੈ।

ਕੌਮੀ ਡਰੱਗ ਨੀਤੀ ਬਾਰੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ

ਚੰਡੀਗੜ੍ਹ,  ਜੂਨ 2019  ਨਸ਼ਿਆਂ ਦੀ ਰੋਕਥਾਮ ਲਈ ਕੌਮੀ ਡਰੱਗ ਪਾਲਿਸੀ ਲਈ ਆਪਣੀ ਮੰਗ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਗ੍ਰਹਿ, ਸਮਾਜਿਕ ਨਿਆਂ ਤੇ ਸਸ਼ਕਤੀਕਰਨ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਿਆਂ ਨੂੰ ਇਸ ਮਹੱਤਵਪੂਰਨ ਮਸਲੇ ਨੂੰ ਹੋਰ ਵੱਧ ਗੰਭੀਰਤਾ ਨਾਲ ਸੁਲਝਾਉਣ ਦੀ ਸਲਾਹ ਦੇਣ। ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਮੁੱਖ ਮੰਤਰੀ ਨੇ ਮੁਲਕ ਵਿੱਚ ਨਸ਼ਿਆਂ ਦੀ ਲਾਹਣਤ ਦੇ ਖਾਤਮੇ ਲਈ ਤਿੰਨ ਪੜਾਵੀ ਰਣਨੀਤੀ- ਕਾਰਵਾਈ, ਨਸ਼ਾ ਮੁਕਤੀ ਅਤੇ ਰੋਕਥਾਮ (ਈ.ਡੀ.ਪੀ.) ਲਈ ਕੌਮੀ ਨੀਤੀ ਘੜਨ ਵਾਸਤੇ ਪ੍ਰਧਾਨ ਮੰਤਰੀ ਦੇ ਨਿੱਜੀ ਦਖ਼ਲ ਦੀ ਮੰਗ ਕੀਤੀ ਹੈ ਤਾਂ ਕਿ ਸਾਰੇ ਸੂਬੇ ਇਸ ਸਮੱਸਿਆ ਪ੍ਰਤੀ ਪੂਰਨ ਤੌਰ ’ਤੇ ਨਹੀਂ ਤਾਂ ਘੱਟੋ-ਘੱਟ ਮਿਲਦੀ-ਜੁਲਦੀ ਪਹੁੰਚ ਅਤੇ ਰਣਨੀਤੀ ਅਪਣਾ ਸਕਣ ਕਿਉਂ ਜੋ ਇਸ ਸਮੱਸਿਆ ਨੇ ਲੋਕਾਂ ਖਾਸ ਕਰਕੇ ਨੌਜਵਾਨਾਂ ਦੀ ਸਿਹਤ ਦਾ ਨੁਕਸਾਨ ਕੀਤਾ ਹੈ। ਕੈਪਟਨ ਨੇ ਵਡੇਰੇ ਕੌਮੀ ਹਿੱਤ ਵਿੱਚ ਨਾ ਸਿਰਫ਼ ਇਹ ਨੀਤੀ ਘੜਨ ਸਗੋਂ ਇਸ ਨੂੰ ਅਮਲ ਵਿੱਚ ਲਿਆਉਣ ਲਈ ਪ੍ਰਭਾਵੀ ਵਿਧੀ ਵਿਧਾਨ ਲਾਗੂ ਕਰਨ ਲਈ ਭਾਰਤ ਸਰਕਾਰ ਦੇ ਸਬੰਧਤ ਅਧਿਕਾਰੀਆਂ ਨਾਲ ਉਨ੍ਹਾਂ ਦੇ ਸੂਬੇ ਵੱਲੋਂ ਸਹਿਯੋਗ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ।
ਪੰਜਾਬ ਦੀ ਪਾਕਿਸਤਾਨ ਨਾਲ 553 ਕਿਲੋਮੀਟਰ ਲੰਮੀ ਸਰਹੱਦ ਅਤੇ ਮੁਲਕ ਦੀ ਸੁਰੱਖਿਆ ਦੇ ਲਿਹਾਜ਼ ਤੋਂ ਰਣਨੀਤਿਕ ਅਹਿਮੀਅਤ ਦਾ ਹਵਾਲਾ ਦਿੰਦਿਆਂ ਕੈਪਟਨ ਨੇ ਨਾਰਕੋ ਅਤਿਵਾਦ ਨਾਲ ਪੈਦਾ ਹੋਈਆਂ ਸੁਰੱਖਿਆ ਚਿੰਤਾਵਾਂ ਦਾ ਜ਼ਿਕਰ ਕੀਤਾ ਹੈ ਜੋ ਪੰਜਾਬ ਦੇ ਸੰਦਰਭ ਵਿੱਚ ਵਧੇਰੇ ਚਿੰਤਾਜਨਕ ਹੈ। ਕੈਪਟਨ ਨੇ ਜ਼ਿਕਰ ਕੀਤਾ ਹੈ ਕਿ ਪਿਛਲੇ ਦੋ ਦਹਾਕਿਆਂ ਵਿਚ ਨਸ਼ਿਆਂ ਦੀ ਨਾਜਾਇਜ਼ ਤਸਕਰੀ ਭਾਰਤ ’ਚ ਖ਼ਤਰਨਾਕ ਪੱਧਰ ’ਤੇ ਪਹੁੰਚ ਚੁੱਕੀ ਹੈ। ਇਸ ਨਾਲ ਨਜਿੱਠਣ ਲਈ ਬਹੁ-ਪੜਾਵੀ ਅਤੇ ਸਾਂਝੀ ਨੀਤੀ ਦੀ ਲੋੜ ਹੈ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਫਰਾਖ਼ਦਿਲੀ ਨਾਲ ਵਿੱਤੀ ਮਦਦ ਦੇਣ ਦੀ ਵੀ ਅਪੀਲ ਕੀਤੀ ਹੈ ਤਾਂ ਕਿ ਪੰਜਾਬ ਵਿਚ ਨਸ਼ਾ ਛੱਡਣ ਵਾਲਿਆਂ ਦਾ ਇਲਾਜ ਕਰਨ ਲਈ ਸਥਾਪਤ ਕੀਤੇ ਓ.ਓ.ਏ.ਟੀ. ਕਲੀਨਿਕਾਂ ਦੀ ਗਿਣਤੀ ਵਧਾਉਣ ਦੇ ਨਾਲ ਇਨ੍ਹਾਂ ਨੂੰ ਮਜ਼ਬੂਤ ਬਣਾਇਆ ਜਾ ਸਕੇ।

ਜਸਪਾਲ ਦੇ ਕਾਤਲਾਂ ਨੂੰ ਸੀਖਾਂ ਪਿੱਛੇ ਬੰਦ ਕਰਾਉਣ ਅਤੇ ਕਾਂਗਰਸੀ ਵਿਧਾਇਕ ਦਾ ਚਿਹਰਾ ਬੇਨਕਾਬ ਕਰਨ ਲਈ 5 ਜੂਨ ਦੇ ਰੋਸ ਮਾਰਚ ਵਿੱਚ ਸ਼ਾਮਿਲ ਹੋਵਾਂਗੇ-ਅਵਤਾਰ ਸਿੰਘ ਰਸੂਲਪੁਰ

ਜਗਰਾਉਂ (ਜਨ ਸ਼ਕਤੀ ਨਿਊਜ਼) ਫਰੀਦਕੋਟ ਪੁਲਿਸ ਵੱਲੋਂ ਕਤਲ ਕੀਤੇ ਨਿਰਦੋਸ਼ ਨੌਜਵਾਨ ਜਸਪਾਲ ਸਿੰਘ ਪੰਜਾਵਾਂ ਦੀ ਲਾਸ ਨੂੰ ਖੁਰਦ-ਬੁਰਦ ਕਰਨ ਦੇ ਖਿਲਾਫ ਪੀੜਤ ਪਰਿਵਾਰ ਅਤੇ ਇਨਕਲਾਬੀ ਜੱਥੇਬੰਦੀਆ ਵੱਲੋਂ ਕਈ ਦਿਨਾਂ ਤੋਂ ਐਸ.ਐਸ.ਪੀ ਦਫਤਰ ਫਰੀਦਕੋਟ ਅੱਗੇ ਦਿੱਤੇ ਜਾ ਰਹੇ ਲਗਾਤਾਰ ਧਰਨੇ ਤੋਂ ਬਾਅਦ 5 ਜੂਨ ਨੂੰ ਇਲਾਕੇ ਦੇ ਕਾਂਗਰਸੀ ਦੇ ਵਿਧਾਇਕ ਦੇ ਘਰ ਵੱਲ ਨੂੰ ਹੋਣ ਵਾਲੇ ਰੋਸ ਮਾਰਚ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ।ਇਸ ਸੰਬਧੀ ਅੱਜ ਪੱਤਰਕਾਰਾਂ ਨੂੰ ਸਬੋਧਨ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਦੇ ਮੀਤ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾਂ ਪ੍ਰਧਾਨ ਤਰਲੋਚਨ ਸਿੰਘ ਝੋਰੜਾ ਨੇ ਦੱਸਿਆ ਕੇ ਕਾਤਲ ਪੁਲਿਸ ਅਫਸਰਾਂ ਨੂੰ ਸੀਖਾਂ ਪਿੱਛੇ ਬੰਦ ਕਰਾਉਣ ਲਈ ਅਤੇ ਸਤਾਧਾਰੀ ਲੀਡਰਾਂ ਦਾ ਚਿਹਰਾ ਬੇਨਕਾਬ ਕਰਨ ਲਈ ਸਮੂਹ ਇਨਸਾਫ ਪਸੰਦ ਲੋਕਾਂ ਵੱਲੋਂ 5 ਜੂਨ ਨੂੰ ਕਾਂਗਰਸੀ ਵਿਧਾਇਕ ਦੇ ਘਰ ਵੱਲ ਵਿਸ਼ਾਲ ਰੋਸ ਮਾਰਚ ਕੱਢਿਆ ਜਾਵੇਗਾ। ਇਸ ਸਬੰਧੀ ਜਗਰਾਉਂ ਇਲਾਕੇ ਦੇ ਪਿੰਡਾਂ ਵਿੱਚ ਮੀਟਿੰਗਾਂ ਦਾ ਸਿਲਸਿਲਾ ਸ਼ੂਰੂ ਕਰ ਦਿੱਤਾ ਗਿਆ ਹੈ ਅਤੇ ਭਾਰੀ ਗਿਣਤੀ ’ਚ ਕਿਸਾਨ ਮਜ਼ਦੂਰ ਇਸ ਰੋਸ ਮਾਰਚ ਵਿੱਚ ਸ਼ਾਮਿਲ ਹੋਣਗੇ। ਉਹਨਾ ਇਕ ਵੱਖਰੇ ਬਿਆਨ ’ਚ ਕਿਹਾ ਕਿ ਪੰਜਾਬ ਦੀ ਧਰਤੀ ਤੇ ਪੁਲਿਸ ਦਾ ਅੱਤਿਅਚਾਰ ਦਿਨੋ-ਦਿਨ ਵੱਧ ਰਿਹਾ ਹੈ। ਪੁਲਿਸ ਅਧਿਕਾਰੀ ਲੋਕਾਂ ਨੂੰ ਇਸਨਾਫ ਦੇਣ ਲਈ ਬਿਜਾਏ ਟਾਲ ਮਟੋਲ ਦੀ ਨੀਤੀ ਅਪਣਾ ਕੇ ਮਾਨਵਅਧਿਕਾਰਾਂ ਦੀ ਉਲੰਘਣਾ ਕਰ ਰਹੇ ਹਨ।  

ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ’ਚ ਖੜਕੀ

ਬਠਿੰਡਾ,  ਜੂਨ 2019- ਸਿੱਖਿਆ ਮੰਤਰੀ ਪੰਜਾਬ ਅਤੇ ਸਿੱਖਿਆ ਸਕੱਤਰ ਦਰਮਿਆਨ ਹੁਣ ਖੜਕ ਪਈ ਹੈ। ਮੌਸਮੀ ਤਪਸ਼ ਨਾਲ ਸਿੱਖਿਆ ਮਹਿਕਮੇ ਦੇ ਅੰਦਰੋਂ ਸੇਕ ਨਿਕਲਿਆ ਹੈ। ਸਿੱਖਿਆ ਮੰਤਰੀ ਓ.ਪੀ.ਸੋਨੀ ਨੇ 27 ਮਈ ਨੂੰ ਉਨ੍ਹਾਂ 31 ਅਧਿਆਪਕਾਂ ਦੀਆਂ ਬਦਲੀਆਂ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਹਨ ਜੋ ਬਦਲੀਆਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕੀਤੀਆਂ ਸਨ। ਵਿਵਾਦ ਉਦੋਂ ਤੋਂ ਸ਼ੁਰੂ ਹੋਇਆ ਜਦੋਂ ਤੋਂ ਸਿੱਖਿਆ ਸਕੱਤਰ ਨੇ ਕੈਬਨਿਟ ਵੱਲੋਂ ਪਾਸ ‘ਬਦਲੀ ਨੀਤੀ’ ਨੂੰ ਅਮਲੀ ਜਾਮਾ ਦੇਣ ਲਈ ਅੱਗੇ ਕਦਮ ਵਧਾਏ। ਸਿਆਸੀ ਤੌਰ ’ਤੇ ਬਦਲੀ ਨੀਤੀ ਵਾਰਾ ਨਹੀਂ ਖਾਂਦੀ ਹੈ।
ਵੇਰਵਿਆਂ ਅਨੁਸਾਰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਨਵੰਬਰ 2018 ਤੋਂ ਮਾਰਚ 2019 ਤੱਕ ਉਨ੍ਹਾਂ 31 ਅਧਿਆਪਕਾਂ (ਸਮੇਤ ਇੱਕ ਪ੍ਰਿੰਸੀਪਲ) ਦੀਆਂ ਬਦਲੀਆਂ ਖੁਦ ਕੀਤੀਆਂ, ਜਿਨ੍ਹਾਂ ਦੇ ਤਰਕ ਵਿਚਾਰਨ ਯੋਗ ਸਨ। ਇਨ੍ਹਾਂ ’ਚੋਂ 10 ਅਧਿਆਪਕਾਂ ਨੇ ‘ਮਿਊਚਲ’ ਬਦਲੀ ਕਰਾਈ ਸੀ। ਬਦਲੀ ਕੀਤੇ ਅਧਿਆਪਕਾਂ ’ਚ 23 ਮਹਿਲਾ ਅਧਿਆਪਕ ਸਨ। ਸਿੱਖਿਆ ਮੰਤਰੀ ਸ੍ਰੀ ਸੋਨੀ ਨੇ ਪਹਿਲਾਂ ਬਦਲੀਆਂ ਦੀ ਸੂਚੀ ਹਾਸਲ ਕੀਤੀ ਅਤੇ ਮਗਰੋਂ ਲੜੀ ਨੰਬਰ 57 ਤੋਂ ਲੜੀ ਨੰਬਰ 98 ਤੱਕ (ਲੜੀ ਨੰ. 83 ਨੂੰ ਛੱਡ ਕੇ) ਬਦਲੀਆਂ ਰੱਦ ਕਰਨ ਦੇ ਹੁਕਮ ਜਾਰੀ ਕੀਤੇ, ਜੋ ਉਨ੍ਹਾਂ ਦੀ ਪ੍ਰਵਾਨਗੀ ਤੋਂ ਬਿਨਾਂ ਹੋਈਆਂ ਸਨ।
ਸਿੱਖਿਆ ਮੰਤਰੀ ਨੇ ਡੀਪੀਆਈ (ਸੈ.ਸਿ) ਨੂੰ ਸਪੱਸ਼ਟ ਹੁਕਮ ਕੀਤੇ ਕਿ ਭਵਿੱਖ ਵਿਚ ਉਨ੍ਹਾਂ ਦੀ ਪ੍ਰਵਾਨਗੀ ਬਿਨਾਂ ਕੋਈ ਵੀ ਬਦਲੀ/ਅਡਜਸਟਮੈਂਟ ਆਪਣੇ ਪੱਧਰ ’ਤੇ ਨਾ ਕੀਤੀ ਜਾਵੇ। ਮਤਲਬ ਸਾਫ ਹੈ ਕਿ ਹੁਣ ਸਿੱਖਿਆ ਮਹਿਕਮੇ ’ਚ ਮੰਤਰੀ ਤੋਂ ਬਿਨਾਂ ਪੱਤਾ ਨਹੀਂ ਹਿੱਲੇਗਾ। ਕੈਪਟਨ ਸਰਕਾਰ ਵੱਲੋਂ ਬਣਾਈ ‘ਬਦਲੀ ਨੀਤੀ’ ਪਹਿਲੀ ਅਪਰੈਲ 2019 ਤੋਂ ਲਾਗੂ ਹੋਣੀ ਸੀ ਜੋ ਅੱਜ ਤੱਕ ਹਕੀਕਤ ਨਹੀਂ ਬਣ ਸਕੀ। ਬਦਲੀ ਨੀਤੀ ਤਹਿਤ ਅਧਿਆਪਕਾਂ ਦੀਆਂ ਬਦਲੀਆਂ ਆਨ ਲਾਈਨ ਅਤੇ ਮੈਰਿਟ ਮੁਤਾਬਕ ਹੋਣੀਆਂ ਸਨ। ਅੰਗਹੀਣਾਂ, ਵਿਧਵਾ ਅਤੇ ਨਵ ਵਿਆਹੁਤਾ ਮਹਿਲਾ ਅਧਿਆਪਕਾਂ ਨੂੰ ਛੋਟ ਦਿੱਤੇ ਜਾਣ ਦੀ ਵਿਵਸਥਾ ਵੀ ਹੈ। ਬਦਲੀ ਨੀਤੀ ਨਾਲ ਸਿਆਸੀ ਕੁੰਡੇ ਤੋਂ ਮੁਕਤੀ ਮਿਲਣੀ ਸੀ।

ਡੀਪੀਆਈ ਨੇ 31 ਅਧਿਆਪਕਾਂ ਦੀਆਂ ਬਦਲੀਆਂ 31 ਮਈ ਨੂੰ ਰੱਦ ਕਰ ਦਿੱਤੀਆਂ ਹਨ, ਜਿਨ੍ਹਾਂ ਵਿਚ ਇੱਕ ਪ੍ਰਿੰਸੀਪਲ ਸਵਿਤਾ ਦੀ ਬਦਲੀ ਵੀ ਰੱਦ ਕੀਤੀ ਗਈ ਹੈ। ਨਿਯਮ ਆਖਦੇ ਹਨ ਕਿ ਪ੍ਰਿੰਸੀਪਲ ਦੀ ਬਦਲੀ ਕਰਨ ਤੇ ਰੱਦ ਕਰਨ ਦੇ ਅਧਿਕਾਰ ਸਿੱਖਿਆ ਸਕੱਤਰ ਕੋਲ ਹਨ। ਸੂਤਰਾਂ ਅਨੁਸਾਰ ਸਿੱਖਿਆ ਸਕੱਤਰ ਅੰਦਰੋਂ ਅੰਦਰੀਂ ਕਾਫ਼ੀ ਖਫ਼ਾ ਹਨ। ਜਦੋਂ ਸਕੂਲੀ ਵਰਦੀਆਂ ਦੀ ਖਰੀਦ ਦੀ ਗੱਲ ਚੱਲੀ ਸੀ ਤਾਂ ਉਦੋਂ ਹੀ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ’ਚ ਠੰਢੀ ਜੰਗ ਸ਼ੁਰੂ ਹੋ ਗਈ ਸੀ।
ਪੁਰਾਣਾ ਪ੍ਰਬੰਧ ਇਹੋ ਰਿਹਾ ਹੈ ਕਿ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਪ੍ਰਤੀ ਵਿਦਿਆਰਥੀ 400 ਰੁਪਏ ਵਿਚ ਵਰਦੀ ਖਰੀਦੀ ਜਾਂਦੀ ਸੀ। ਜਦੋਂ ਪ੍ਰਤੀ ਵਰਦੀ ਰਾਸ਼ੀ ਵਧ ਕੇ 600 ਹੋ ਗਈ ਤਾਂ ਸਿੱਖਿਆ ਸਕੱਤਰ ਨੇ ਪੁਰਾਣੀ ਖਰੀਦ ਨੀਤੀ ਜਾਰੀ ਰੱਖ ਕੇ ਸਕੂਲਾਂ ਨੂੰ ਪੈਸੇ ਵੀ ਭੇਜ ਦਿੱਤੇ ਸਨ। ਸੂਤਰ ਆਖਦੇ ਹਨ ਕਿ ਸਿਆਸੀ ਦਬਾਅ ਮਗਰੋਂ ਪੈਸੇ ਵਾਪਸ ਮੰਗਵਾਏ ਗਏ। ਖਰੀਦ ਦਾ ਕੇਂਦਰੀਕਰਨ ਕਰਕੇ ਫਰਮਾਂ ਨੂੰ ਕਾਰੋਬਾਰ ਦੇ ਦਿੱਤਾ। ਬਾਕੀ ਵਰਦੀਆਂ ਤੋਂ ਪਿਆ ਰੌਲਾ ਸਭ ਦੇ ਸਾਹਮਣੇ ਹੈ। ਚਰਚੇ ਹਨ ਕਿ ਵਰਦੀ ਦੀ ਖਰੀਦ ਦਾ ਕੰਮ ਇੱਕ ਪਾਈਪਾਂ ਬਣਾਉਣ ਵਾਲੀ ਫਰਮ ਨੂੰ ਵੀ ਦਿੱਤਾ ਗਿਆ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਚੋਣਾਂ ਵਿਚ ਵਰਦੀ ਮਾਮਲਾ ਉਛਾਲਿਆ ਸੀ। ਸੂਤਰਾਂ ਅਨੁਸਾਰ ਸਿੱਖਿਆ ਸਕੱਤਰ ਨੇ ਵਰਦੀਆਂ ਦੀ ਅਦਾਇਗੀ ਰੋਕੀ ਹੋਈ ਹੈ। ਸੂਤਰ ਦੱਸਦੇ ਹਨ ਕਿ ਆਉਂਦੇ ਦਿਨਾਂ ਵਿਚ ਐਲਸੀਡੀ ਅਤੇ ਮਿੱਡ ਡੇਅ ਮੀਲ ਨੂੰ ਲੈ ਕੇ ਵੀ ਵਿਵਾਦ ਭਖ ਸਕਦਾ ਹੈ। ਸਿੱਖਿਆ ਸਕੱਤਰ ਦਾ ਪੱਖ ਲੈਣਾ ਚਾਹਿਆ ਪ੍ਰੰਤੂ ਉਨ੍ਹਾਂ ਫੋਨ ਨਹੀਂ ਚੁੱਕਿਆ।

ਸਿੱਖਿਆ ਮੰਤਰੀ ਓ.ਪੀ.ਸੋਨੀ ਨੇ ਕਿਹਾ ਕਿ ਬਦਲੀਆਂ ਰੱਦ ਕਰਨ ਦਾ ਮਾਮਲਾ ਧਿਆਨ ’ਚ ਨਹੀਂ ਹੈ ਅਤੇ ਅਗਰ ਕੋਈ ਬਦਲੀ ਗ਼ਲਤ ਰੱਦ ਹੋਈ ਹੈ, ਉਸ ਨੂੰ ਬਹਾਲ ਵੀ ਕਰ ਦਿੱਤਾ ਜਾਵੇਗਾ। ਏਦਾਂ ਦੀ ਕੋਈ ਗੱਲ ਨਹੀਂ ਕਿ ਸਿੱਖਿਆ ਸਕੱਤਰ ਵੱਲੋਂ ਕੀਤੀਆਂ ਬਦਲੀਆਂ ਰੱਦ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਸਕੱਤਰ ਨਾਲ ਕਿਸੇ ਤਰ੍ਹਾਂ ਦਾ ਕੋਈ ਵਿਵਾਦ ਨਹੀਂ ਹੈ। ਬਦਲੀ ਨੀਤੀ ਜਲਦੀ ਲਾਗੂ ਹੋਵੇਗੀ। ਈ-ਟੈਂਡਰਿੰਗ ਨਾਲ ਵਰਦੀ ਖਰੀਦ ’ਚ ਪਾਰਦਰਸ਼ਤਾ ਆਈ ਹੈ। ਕਿਧਰੋਂ ਕੋਈ ਸ਼ਿਕਾਇਤ ਨਹੀਂ ਮਿਲੀ ਤੇ ਇਸ ਮਾਮਲੇ ਤੇ ਸਿਆਸਤ ਹੋਈ ਹੈ।

ਡੀ.ਟੀ.ਐਫ ਦੇ ਜਨਰਲ ਸਕੱਤਰ ਸ੍ਰੀ ਦਵਿੰਦਰ ਪੂਨੀਆ ਨੇ ਕਿਹਾ ਕਿ ਪੰਜਾਬ ਵਿਚ ਬਦਲੀ ਮਾਫੀਆ ਚੱਲ ਰਿਹਾ ਹੈ ਜਿਸ ਦੇ ਵਜੋਂ ਬਦਲੀ ਨੀਤੀ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਹੈ। ਸਿੱਖਿਆ ਸਕੱਤਰ ਨੇ ਅਧਿਆਪਕਾਂ ਦੀ ਸਹਿਮਤੀ ਨਾਲ ਜੋ ਬਦਲੀ ਨੀਤੀ ਬਣਾਈ, ਉਹੀ ਕੈਬਨਿਟ ਨੇ ਪ੍ਰਵਾਨ ਕੀਤੀ। ਫਿਰ ਢਿੱਲ ਕਾਹਦੀ ਹੈ। ਮੰਤਰੀ ਸੁਹਿਰਦ ਹਨ ਤਾਂ ਫੌਰੀ ਨੀਤੀ ਲਾਗੂ ਕਰਨ।

ਜਲੰਧਰ ਰੇਪ ਕੇਸ ਦੇ ਦੋਸ਼ੀ ਨੂੰ ਕੁੱਟ-ਕੁੱਟ ਕੇ ਮਾਰਨ ਵਾਲਿਆਂ 'ਤੇ ਕੇਸ ਦਰਜ

ਜਲੰਧਰ,-  ਰਾਮਾ ਮੰਡੀ ਇਲਾਕੇ 'ਚ ਐਤਵਾਰ ਨੂੰ ਇਕ ਮਾਸੂਮ ਬੱਚੀ ਨਾਲ ਹੋਏ ਜਬਰ-ਜ਼ਨਾਹ ਦੇ ਮਾਮਲੇ 'ਚ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਮੁਲਜ਼ਮ ਪੱਪੂ ਕੁਮਾਰ ਯਾਦਵ ਦੀ ਮੌਤ ਨੂੰ ਲੈ ਕੇ ਉਸ ਨੂੰ ਕੁੱਟਣ ਵਾਲੇ ਲੋਕਾਂ 'ਤੇ ਕੇਸ ਦਰਜ ਕਰ ਲਿਆ ਹੈ। ਥਾਣਾ ਮੁਖੀ ਇੰਸਪੈਕਟਰ ਸੁਖਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਪੱਪੂ ਨੂੰ ਉਥੇ ਜਮ੍ਹਾ ਹੋਈ ਭੀੜ ਨੇ ਬੇਰਹਿਮੀ ਨਾਲ ਕੁੱਟਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਅਣਪਛਾਤੇ ਲੋਕਾਂ 'ਤੇ ਆਈ. ਪੀ. ਸੀ. ਦੀ ਧਾਰਾ 304 ਲਾਈ ਗਈ ਹੈ ਪਰ ਇਸ ਮਾਮਲੇ 'ਚ ਅਜੇ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਪੁਲਸ ਦਾ ਮੰਨਣਾ ਹੈ ਕਿ ਘਟਨਾ ਨੂੰ ਅੰਜਾਮ ਦਿੰਦੇ ਸਮੇਂ ਮੁਲਜ਼ਮ ਨਸ਼ੇ ਦੀ ਹਾਲਤ 'ਚ ਸੀ ਤੇ ਗਰਮੀ ਵੀ ਕਹਿਰ ਦੀ ਪੈ ਰਹੀ ਸੀ, ਜਿਸ ਕਾਰਨ ਉਹ ਬੱਚੀ ਨਾਲ ਹੋਏ ਜਬਰ-ਜ਼ਨਾਹ ਨੂੰ ਲੈ ਕੇ ਗੁੱਸੇ 'ਚ ਆਏ ਲੋਕਾਂ ਦੀ ਮਾਰ ਨਹੀਂ ਝੱਲ ਸਕਿਆ ਤੇ ਉਸ ਨੇ ਦਮ ਤੋੜ ਦਿੱਤਾ ਦੂਜੇ ਪਾਸੇ ਘਟਨਾ ਵਾਲੀ ਜਗ੍ਹਾ 'ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨਸ਼ੇ 'ਚ ਧੁੱਤ ਮੁਲਜ਼ਮ ਪੱਪੂ ਕੁਮਾਰ ਯਾਦਵ ਨੂੰ ਜਿਊਂਦਾ ਪੁਲਸ ਹਵਾਲੇ ਕੀਤਾ ਸੀ, ਜਿਸ ਦੀ ਉਨ੍ਹਾਂ ਨੇ ਵੀਡੀਓ ਵੀ ਦਿਖਾਈ। ਵੀਡੀਓ 'ਚ ਸਾਫ ਸਪੱਸ਼ਟ ਦਿਖਾਈ ਦੇ ਰਿਹਾ ਹੈ ਕਿ ਪੁਲਸ ਮੁਲਜ਼ਮ ਨੂੰ ਜਿਊਂਦਾ ਆਪਣੀ ਗੱਡੀ 'ਚ ਬਿਠਾ ਕੇ ਲਿਜਾ ਰਹੀ ਹੈ। ਲੋਕਾਂ ਮੁਤਾਬਕ ਮੁਲਜ਼ਮ ਦੀ ਮੌਤ ਪੁਲਸ ਵਲੋਂ ਉਸ ਨੂੰ ਕੁੱਟਣ ਕਾਰਨ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਪੁਲਸ ਆਪਣਾ ਬਚਾਅ ਕਰਦਿਆਂ ਮੁਲਜ਼ਮ ਦੀ ਮੌਤ ਦੀ ਗਾਜ ਲੋਕਾਂ 'ਤੇ ਸੁੱਟ ਰਹੀ ਹੈ।

ਇਟਲੀ ਤੋਂ ਆਏ ਨੌਜਵਾਨ ਦੀ ਜੰਗਲ 'ਚੋਂ ਮਿਲੀ ਲਾਸ਼

ਫਗਵਾੜਾ, ਜੂਨ 2019   ਪਿੰਡ ਬਲਾਲੋਂ ਦੇ ਵਸਨੀਕ ਮਹਿੰਦਰ ਪਾਲ ਉਰਫ ਲਾਲਾ (42) ਪੁੱਤਰ ਦੇਸਰਾਜ ਦੀ ਪਿੰਡ ਤੋਂ ਕਰੀਬ ਚਾਰ ਕਿਲੋਮੀਟਰ ਦੂਰ ਪਿੰਡ ਬੀੜ ਸਾਰੰਗਵਾਲ (ਨਵਾਂਸ਼ਹਿਰ) ਦੇ ਜੰਗਲ 'ਚ ਅੱਜ ਸਵੇਰੇ ਲਾਸ਼ ਮਿਲਣ ਨਾਲ ਇਲਾਕੇ ਭਰ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ।ਪਰਿਵਾਰਕ ਸੂਤਰਾਂ ਅਨੁਸਾਰ ਮਹਿੰਦਰ ਪਾਲ ਉਰਫ ਲਾਲਾ ਜੋ ਕਿ ਦੋ ਦਿਨ ਪਹਿਲਾਂ 31 ਮਈ ਨੂੰ ਹੀ ਇਟਲੀ ਤੋਂ ਵਾਪਸ ਇੰਡੀਆ ਪਰਤਿਆ ਸੀ ਉਹ 1 ਜੂਨ ਨੂੰ ਸਵੇਰੇ ਘਰੋਂ ਐਕਟਿਵਾ ਦੀ ਸਰਵਿਸ ਕਰਵਾਉਣ ਲਈ ਫਗਵਾੜਾ ਆਇਆ ਸੀ ਪਰ ਜਦੋਂ ਸ਼ਾਮ ਤਕ ਉਹ ਵਾਪਸ ਘਰ ਨਾ ਪਰਤਿਆ ਤਾਂ ਘਰਦਿਆਂ ਨੇ ਉਸਦੀ ਭਾਲ ਸ਼ੁਰੂ ਕੀਤੀ। ਅੱਜ ਸਵੇਰੇ ਪਿੰਡ ਤੋਂ ਕੁਝ ਕਿਲੋਮੀਟਰ ਦੂਰ ਬੀੜ ਸਾਰੰਗਵਾਲ ਜ਼ਿਲਾ ਨਵਾਂਸ਼ਹਿਰ ਦੀ ਹੱਦ 'ਚ ਆਉਂਦੇ ਜੰਗਲਾਂ 'ਚ ਉਸਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਐਕਟਿਵਾ ਵੀ ਉਸਦੀ ਲਾਸ਼ ਤੋਂ ਕੁਝ ਹੀ ਦੂਰੀ ਤੇ ਸਟਾਰਟ ਹਾਲਤ 'ਚ ਬਰਾਮਦ ਹੋਈ ਹੈ, ਜਾਣਕਾਰੀ ਅਨੁਸਾਰ ਮ੍ਰਿਤਕ ਦਾ ਬਟੂਆ, ਮੋਬਾਇਲ ਪੁਲਸ ਨੇ ਬਰਾਮਦ ਕੀਤੇ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀ ਮੌਕੇ 'ਤੇ ਪੁੱਜੇ। ਇਸ ਸਬੰਧੀ ਸੰਪਰਕ ਕਰਨ 'ਤੇ ਐੱਸ. ਐੱਚ. ਓ. ਬਹਿਰਾਮ ਰਜੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਇਸ ਸਬੰਧੀ ਧਾਰਾ 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹਰਸਿਮਰਤ ਦੀ ਝੋਲੀ ਪਈ ਵਜ਼ੀਰੀ

ਬਠਿੰਡਾ, 30 ਮਈ  ਬਠਿੰਡਾ ਹਲਕੇ ਤੋਂ ਐਮ.ਪੀ ਹਰਸਿਮਰਤ ਕੌਰ ਬਾਦਲ ਦੂਸਰੀ ਦਫ਼ਾ ਕੇਂਦਰੀ ਵਜ਼ੀਰ ਬਣੇ ਹਨ, ਜਿਨ੍ਹਾਂ ਨੇ ਸਿਆਸੀ ਜ਼ਿੰਦਗੀ ਬਾਰੇ ਕਦੇ ਸੁਫ਼ਨੇ ’ਚ ਵੀ ਨਹੀਂ ਸੋਚਿਆ ਸੀ। ਜਦੋਂ ਉਨ੍ਹਾਂ ਨੇ ਸਿਆਸੀ ਪਿੜ ’ਚ ਪੈਰ ਧਰਿਆ ਤਾਂ ਉਨ੍ਹਾਂ ਨੇ ਇਸ ਨੂੰ ਗੁਰੂ ਵੱਲੋਂ ਲਾਈ ਜ਼ਿੰਮੇਵਾਰੀ ਸਮਝਿਆ। ਹਰਸਿਮਰਤ ਖੁਦ ਦੱਸਦੀ ਹੈ ਕਿ ਉਦੋਂ ਉਹ ਗੁਰੂ ਘਰ ਵਿਚ ਬਰਤਨ ਧੋ ਰਹੀ ਸੀ ਜਦੋਂ ਉਸ ਨੂੰ ਬਠਿੰਡਾ ਤੋਂ ਪਹਿਲੀ ਦਫ਼ਾ ਟਿਕਟ ਐਲਾਨੀ ਗਈ ਸੀ। ਸੁਰੱਖਿਆ ਗਾਰਦ ਨੇ ਆ ਕੇ ਦੱਸਿਆ ਸੀ ਕਿ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਦੇ ਦਿੱਤੀ ਹੈ। ਹਰਸਿਮਰਤ ਕੌਰ ਨੇ ਦੱਸਿਆ ਕਿ ਉਹ ਟਿਕਟ ਮਿਲਣ ਮੌਕੇ ਬਹੁਤ ਰੋਈ ਸੀ। ਇੱਥੋਂ ਤੱਕ ਕਿ ਬੱਚੇ ਵੀ ਰੋਏ ਸਨ, ਜੋ ਉਦੋਂ ਛੋਟੇ ਸਨ। ਫਿਰ ਉਸ ਨੇ ਇਸ ਨੂੰ ਗੁਰੂ ਦੀ ਰਜ਼ਾ ਸਮਝਿਆ।
ਹਰਸਿਮਰਤ ਕੌਰ ਆਖਦੀ ਹੈ ਕਿ ਉਹ ਸਿਆਸਤ ਵਿੱਚ ਆਉਣ ਦੀ ਇੱਛੁਕ ਨਹੀਂ ਸੀ। ਜਦੋਂ ਸੁਖਬੀਰ ਬਾਦਲ ਫਰੀਦਕੋਟ ਹਲਕੇ ਤੋਂ ਚੋਣ ਲੜਦੇ ਸਨ ਤਾਂ ਉਦੋਂ ਹਰਸਿਮਰਤ ਕੌਰ ਉਨ੍ਹਾਂ ਲਈ ਪ੍ਰਚਾਰ ਕਰਦੇ ਹੁੰਦੇ ਸਨ। ਉਨ੍ਹਾਂ ਨੇ ਸਰਗਰਮ ਸਿਆਸਤ ਵਿੱਚ ਆਉਣ ਮਗਰੋਂ ਪੂੂਰੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਈ। ਵੇਰਵਿਆਂ ਅਨੁਸਾਰ ਹਰਸਿਮਰਤ ਕੌਰ ਬਾਦਲ ਨੇ 27 ਅਗਸਤ 2008 ਨੂੰ ਨੰਨ੍ਹੀ ਛਾਂ ਪ੍ਰਾਜੈਕਟ ਸ਼ੁਰੂ ਕੀਤਾ। ਉਹ ਪਹਿਲੀ ਵਾਰ ਕਾਂਗਰਸੀ ਉਮੀਦਵਾਰ ਰਣਇੰਦਰ ਸਿੰਘ ਦੇ ਮੁਕਾਬਲੇ ਉਤਰੇ ਤੇ ਕਰੀਬ 1.20 ਲੱਖ ਵੋਟਾਂ ਨਾਲ ਜਿੱਤ ਹਾਸਲ ਕੀਤੀ। ਉਸ ਮਗਰੋਂ 2014 ਵਿਚ ਹਰਸਿਮਰਤ ਨੇ ਮਨਪ੍ਰੀਤ ਬਾਦਲ ਨੂੰ ਹਰਾਇਆ ਅਤੇ ਪਹਿਲੀ ਦਫਾ ਮੋਦੀ ਵਜ਼ਾਰਤ ਵਿਚ ਮੰਤਰੀ ਬਣੇ।
ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਮੰਤਰੀ ਵਜੋਂ ਸਹੁੰ ਚੁੱਕ ਕੇ ਦੂਸਰੀ ਪਾਰੀ ਦੀ ਸ਼ੁਰੂਆਤ ਕੀਤੀ ਹੈ। ਪਿੰਡ ਬਾਦਲ ਵਿਚ ਅੱਜ ਢੋਲ ਵੱਜੇ ਹਨ ਅਤੇ ਬਠਿੰਡਾ ਹਲਕੇ ਦੇ ਵਿਕਾਸ ਨੂੰ ਨਵੀਂ ਬੁਲੰਦੀ ਮਿਲਣ ਦਾ ਮੁੱਢ ਬੱਝਾ ਹੈ। ਅਧੂਰੇ ਪ੍ਰਾਜੈਕਟ ਨੇਪਰੇ ਚੜ੍ਹਨਗੇ ਅਤੇ ਨਵੇਂ ਹੋਰ ਕੇਂਦਰੀ ਪ੍ਰਾਜੈਕਟਾਂ ਦੀ ਆਸ ਬੱਝੀ ਹੈ। ਟੈਕਸਟਾਈਲ ਡਿਜ਼ਾਈਨਰ ਹਰਸਿਮਰਤ ਬਾਦਲ ਪੰਜਾਬ ਲਈ ਵਿਕਾਸ ਦਾ ਨਵਾਂ ਖਾਕਾ ਬੁਣਨਗੇ। ਹਉਮੇ ਤੋਂ ਬਚਣ ਉਹ ਪਾਠ ਪੂਜਾ ਕਰਦੇ ਹਨ ਅਤੇ ਕਿਸੇ ਵੇਲੇ ਉਨ੍ਹਾਂ ਨੇ ਦਿੱਲੀ ਦੇ ਬਸੰਤ ਕੁੰਜ ਵਿਚ ਸਟਰੀਟ ਚਿਲਡਰਨ ਲਈ ਸਕੂਲ ਵੀ ਖੋਲ੍ਹਿਆ ਸੀ ਅਤੇ ਪਿੰਡ ਬਾਦਲ ਵਿੱਚ ਬਣੇ ਬਿਰਧ ਆਸ਼ਰਮ ਵਿਚ ਵੀ ਉਹ ਸਹਿਯੋਗੀ ਬਣੇ ਹੋਏ ਹਨ। ਉਨ੍ਹਾਂ ਦਾ ਨੰਨ੍ਹੀ ਛਾਂ ਪ੍ਰੋਜੈਕਟ ਕਾਫ਼ੀ ਚਰਚਾ ਵਿੱਚ ਰਿਹਾ ਹੈ ਅਤੇ ਉਹ ਔਰਤਾਂ ਨੂੰ ਮਜ਼ਬੂਤ ਕਰਨ ਨੂੰ ਆਪਣਾ ਏਜੰਡਾ ਮੰਨਦੇ ਹਨ।
ਬਾਦਲ ਪਰਿਵਾਰ ਨੂੰ ਹੁਣ ਤੱਕ ਕੇਂਦਰ ਵਿਚ ਤਿੰਨ ਵਜ਼ੀਰੀਆਂ ਮਿਲੀਆਂ ਹਨ। ਪਹਿਲੋਂ ਪ੍ਰਕਾਸ਼ ਸਿੰਘ ਬਾਦਲ ਵੀ ਕੇਂਦਰ ਵਿਚ ਵਜ਼ੀਰ ਰਹੇ ਅਤੇ ਉਸ ਮਗਰੋਂ ਸੁਖਬੀਰ ਸਿੰਘ ਬਾਦਲ ਵਾਜਪਾਈ ਸਰਕਾਰ ਵਿਚ ਕੇਂਦਰੀ ਰਾਜ ਮੰਤਰੀ ਰਹੇ। ਹੁਣ ਹਰਸਿਮਰਤ ਕੌਰ ਬਾਦਲ ਕੇਂਦਰੀ ਵਜ਼ਾਰਤ ਵਿਚ ਦੂਸਰੀ ਵਾਰ ਕੈਬਨਿਟ ਮੰਤਰੀ ਬਣੇ ਹਨ। ਇਸ ਲਿਹਾਜ਼ ਨਾਲ ਤਾਂ ਹਰਸਿਮਰਤ ਕੌਰ ਬਾਦਲ ਕੇਂਦਰੀ ਵਜ਼ੀਰੀ ’ਚ ਵੱਡੇ ਤੇ ਛੋਟੇ ਬਾਦਲ ਤੋਂ ਸੀਨੀਅਰ ਹੋ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਨਕਈ ਨੇ ਅੱਜ ਆਖਿਆ ਕਿ ਹਰਸਿਮਰਤ ਬਾਦਲ ਨੂੰ ਵਜ਼ੀਰੀ ਮਿਲਣ ਨਾਲ ਬਠਿੰਡਾ ਇਲਾਕੇ ਦੇ ਮੁੜ ਭਾਗ ਖੁੱਲ੍ਹ ਗਏ ਹਨ।

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਬੰਧੀ ਕੰਧ ਕਲਾਕ੍ਰਿਤੀ ਸਥਾਪਿਤ

ਰੋਮ,ਮਈ 2019 ਸਿੱਖ ਰਾਜ ਦੇ ਸੁਨਹਿਰੀ ਯੁੱਗ ਸਮੇਂ ਮਹਾਰਾਜਾ ਰਣਜੀਤ ਸਿੰਘ ਦੀ ਸਿੱਖ ਫੌਜ ਵਿਚ ਜਰਨੈਲ ਰਹੇ ਇਟਲੀ ਦੇ ਵਸਨੀਕ ਰੂਬੀਨੋ ਵੈਂਤੁਰਾ ਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਬੰਧਾਂ ਨੂੰ ਦਰਸਾਉਂਦੀ ਅਤੇ ਉਸ ਸਮੇਂ ਦੀ ਯਾਦ ਤਾਜ਼ਾ ਕਰਦੀ ਇੱਕ ਕੰਧ ਕਲਾਕ੍ਰਿਤੀ ਸਥਾਪਿਤ ਕੀਤੀ ਗਈ ਹੈ। ਇਸ ਕਲਾਕ੍ਰਿਤੀ ਵਿੱਚ ਜਰਨੈਲ ਵੈਂਤੁਰਾ ਮਹਾਰਾਜਾ ਰਣਜੀਤ ਸਿੰਘ ਦੇ ਚੱਲ ਰਹੇ ਦਰਬਾਰ ਵਿੱਚ ਉਨ੍ਹਾਂ ਦੇ ਸਾਹਮਣੇ ਬੈਠੇ ਨਜ਼ਰ ਆ ਰਹੇ ਹਨ। ਇਸ ਸਬੰਧੀ ਇੱਕ ਪ੍ਰਭਾਵਸ਼ਾਲੀ ਸਮਾਗਮ ਇਟਲੀ ਦੀ ਸਿੱਖੀ ਸੇਵਾ ਸੁਸਾਇਟੀ ਦੀ ਮੈਂਬਰ ਇਤਾਲਵੀ ਲੇਖਕਾ ਮਾਰੀਆ ਪੀਆ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਦੌਰਾਨ ਮੇਅਰ ਪਲਾਸੀ ਸਾਂਦਰੋ ਅਤੇ ਕੌਂਸਲ ਦੇ ਸਮੂਹ ਅਧਿਕਾਰੀ ਸਮਾਗਮ ਵਿੱਚ ਮੌਜੂਦ ਸਨ। ਇਸ ਕਲਾਕ੍ਰਿਤੀ ਨੂੰ ਲਗਾਉਣ ਵਿਚ ਮੁੱਖ ਭੂਮਿਕਾ ਨਿਭਾਉਣ ਵਾਲਿਆਂ ਵਿਚ ਬੌਬੀ ਸਿੰਘ ਬਾਂਸਲ ਹਨ।

ਆੜ੍ਹਤੀ ਖ਼ਿਲਾਫ਼ ਕੇਸ ਦਰਜ ਕਰਨ ਵਿਰੁੱਧ ਹੜਤਾਲ

ਧੂਰੀ, ਮਈ 2019  ਆੜ੍ਹਤੀਏ ਹਰਮਨਜੀਤ ਸਿੰਘ ਖ਼ਿਲਾਫ਼ ਸ਼ੇਰਪੁਰ ਪੁਲੀਸ ਵੱਲੋਂ ਗਲਤ ਢੰਗ ਨਾਲ ਪਰਚਾ ਦਰਜ ਕਰਨ ਵਿਰੁੱਧ ਆੜ੍ਹਤੀਆ ਐਸੋਸੀਏਸ਼ਨ ਧੂਰੀ ਵੱਲੋਂ ਰੋਸ ਮਾਰਚ ਕੱਢਿਆ ਗਿਆ। ਆੜ੍ਹਤੀਆ ਐਸੋਸੀਏਸ਼ਨ ਵੱਲੋਂ ਪ੍ਰਧਾਨ ਜਗਤਾਰ ਸਿੰਘ ਸਮਰਾ ਦੀ ਅਗਵਾਈ ਹੇਠ ਧੂਰੀ ਅਨਾਜ ਮੰਡੀ ਵਿਚ ਹੜਤਾਲ ਕਰਦਿਆਂ ਡੀਐੱਸਪੀ ਧੂਰੀ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਦੱਸਿਆ ਕਿ ਉਕਤ ਆੜ੍ਹਤੀਏ ਅਤੇ ਕਿਸਾਨ ਸੁਖਵਿੰਦਰ ਸਿੰਘ ਦਾ ਧੂਰੀ ਅਦਾਲਤ ਵਿਚ ਪੈਸੇ ਦੇ ਲੈਣ-ਦੇਣ ਦਾ ਕੇਸ ਚੱਲ ਰਿਹਾ ਹੈ ਪਰ ਕਿਸਾਨ ਸੁਖਵਿੰਦਰ ਸਿੰਘ ਨੇ ਆਪਣੇ ਤਾਏ ਕਰਨੈਲ ਸਿੰਘ ਨੂੰ ਉਕਸਾ ਕੇ ਪਿੰਡ ਰਾਮ ਨਗਰ ਛੰਨਾਂ ਦੀ ਸਰਕਾਰੀ ਪਾਣੀ ਵਾਲੀ ਟੈਂਕੀ ’ਤੇ ਚੜ੍ਹਾ ਦਿੱਤਾ ਸੀ। ਉਕਤ ਕਿਸਾਨ ਵੱਲੋਂ ਪਰਚਾ ਦਰਜ ਨਾ ਕੀਤੇ ਜਾਣ ’ਤੇ ਪ੍ਰਸ਼ਾਸਨ ਨੂੰ ਖ਼ੁਦਕੁਸ਼ੀ ਦੀਆਂ ਧਮਕੀਆਂ ਦਿੱਤੀਆਂ ਗਈਆਂ ਜਿਸ ਦੇ ਡਰ ਕਾਰਨ ਪ੍ਰਸ਼ਾਸਨ ਨੇ ਆਪਣਾ ਖਹਿੜਾ ਛੁਡਵਾਉਣ ਲਈ ਉਕਤ ਆੜ੍ਹਤੀਏ ’ਤੇ ਪਰਚਾ ਦਰਜ ਕੀਤਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਦੁਆਰਾ ਇਸ ਤਰ੍ਹਾਂ ਦੀਆਂ ਧਮਕੀਆਂ ਕਾਰਨ ਆੜ੍ਹਤੀਆਂ ਤੇ ਹੋਰ ਕਾਰੋਬਾਰੀਆਂ ’ਤੇ ਕੇਸ ਦਰਜ ਕੀਤੇ ਜਾਣ ਲੱਗ ਪਏ ਤਾਂ ਆੜ੍ਹਤੀਆਂ ਅਤੇ ਕਿਸਾਨਾਂ ਦੇ ਰਿਸ਼ਤੇ ਵਿਚ ਤਰੇੜਾਂ ਆਉਣੀਆਂ ਸੁਭਾਵਿਕ ਹਨ। ਆੜ੍ਹਤੀਆਂ ਨੇ ਮੰਗ ਕੀਤੀ ਕਿ ਆੜ੍ਹਤੀਏ ਹਰਮਨਜੀਤ ਸਿੰਘ ਖ਼ਿਲਾਫ਼ ਦਰਜ ਕੀਤਾ ਕੇਸ ਰੱਦ ਕੀਤਾ ਜਾਵੇ। ਉਨ੍ਹਾਂ ਨੇ ਖੁਦਕੁਸ਼ੀ ਦੀ ਧਮਕੀ ਦੇਣ ਵਾਲੇ ਕਿਸਾਨ ਅਤੇ ਉਸ ਨੂੰ ਅਜਿਹਾ ਕਰਨ ਲਈ ਉਕਸਾਉਣ ਵਾਲੇ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਆੜ੍ਹਤੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੇ ਜਾਣ ’ਤੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਵੀ ਦਿੱਤੀ।

ਚਰਨਜੀਤ ਸ਼ਰਮਾ ਨੂੰ ਅੰਤਰਿਮ ਜ਼ਮਾਨਤ ਮਿਲੀ

ਚੰਡੀਗੜ੍ਹ,  ਮਈ 2019-ਪੰਜਾਬ ਪੁਲੀਸ ਦੇ ਸੇਵਾਮੁਕਤ ਐੱਸਐੱਸਪੀ ਚਰਨਜੀਤ ਸ਼ਰਮਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਾੜੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਸ਼ਰਮਾ ਅੱਜ-ਕੱਲ੍ਹ ਬੇਅਦਬੀ ਮਾਮਲੇ ਵਿੱਚ ਵਿਖਾਵਾਕਾਰੀਆਂ ਉੱਤੇ ਗੋਲੀ ਚਲਾਉਣ ਦੇ ਦੋਸ਼ ਵਿੱਚ ਜੇਲ੍ਹ ਵਿੱਚ ਬੰਦ ਹੈ। ਸ਼ਰਮਾ ਦੀ ਜ਼ਮਾਨਤ ਅਰਜ਼ੀ ਪ੍ਰਵਾਨ ਕਰਦਿਆਂ ਜਸਟਿਸ ਰਾਜ ਸ਼ੇਖ਼ਰ ਅੱਤਰੀ ਨੇ ਕਿਹਾ ਕਿ ਮੈਡੀਕਲ ਰਿਪੋਰਟਾਂ ਅਤੇ ਕੇਸ ਨੂੰ ਮਨੁੱਖੀ ਆਧਾਰ ਉੱਤੇ ਹਮਦਰਦੀ ਨਾਲ ਵਿਚਾਰਨ ਬਾਅਦ ਅਦਾਲਤ ਮੰਨਦੀ ਹੈ ਕਿ ਪਟੀਸ਼ਨਰ ਅੰਤਰਿਮ ਜ਼ਮਾਨਤ ਦਾ ਹੱਕਦਾਰ ਹੈ। ਅਦਾਲਤ ਨੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਸ਼ਰਮਾ ਇਲਾਕਾ ਮੈਜਿਸਟ੍ਰੇਟ ਨੂੰ ਜ਼ਮਾਨਤ ਭਰ ਕੇ ਦੇਣ ਬਾਅਦ ਰਿਹਾਈ ਦਾ ਹੱਕਦਾਰ ਹੈ। ਅਦਾਲਤ ਨੇ ਚਰਨਜੀਤ ਸ਼ਰਮਾ ਨੂੰ ਕਿਹਾ ਹੈ ਕਿ ਉਹ ਅਗਲੀ ਪੇਸ਼ੀ ਉੱਤੇ ਅਦਾਲਤ ਵਿੱਚ ਤਾਜ਼ਾ ਮੈਡੀਕਲ ਰਿਕਾਰਡ ਪੇਸ਼ ਕਰਨ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਪੇਸ਼ੀ 2 ਜੁਲਾਈ ਨੂੰ ਨਿਰਧਾਰਤ ਕੀਤੀ ਹੈ। ਜ਼ਿਕਰਯੋਗ ਹੈ ਕਿ ਸਾਬਕਾ ਐੱਸਐੱਸਪੀ ਵੱਲੋਂ ਅਦਾਲਤ ਵਿੱਚ ਦਾਇਰ ਅਰਜ਼ੀ ਵਿੱਚ ਦੱਸਿਆ ਗਿਆ ਹੈ ਕਿ ਉਹ ਦਿਲ ਦਾ ਗੰਭੀਰ ਰੋਗੀ ਹੈ। ਉਸ ਦੇ ਸਟੈਂਟ ਪੁਆਏ ਜਾਣਾ ਜ਼ਰੂਰੀ ਹੈ। ਇਸ ਲਈ ਉਸਨੂੰ ਤੁਰੰਤ ਅੰਤਰਿਮ ਜ਼ਮਾਨਤ ਦਿੱਤੇ ਜਾਣ ਦੀ ਲੋੜ ਹੈ।

ਪੰਜਾਬ ਪ੍ਰਦੇਸ਼ ਖੱਤਰੀ ਸਭਾ ਦੀ ਚੋਣ, ਮੁਕੇਸ਼ ਮਲਹੋਰਤਾ ਨੂੰ ਜਿਲਾ ਇੰਚਾਰਜ ਜਗਰਾਉਂ ਅਤੇ ਸੈਕਟਰੀ ਸੰਦੀਪ ਲੇਖੀ ਸੋਨੀ ਨਿਯੁਕਤ 22 ਜਿਲ੍ਹਾ ਤੇ 2 ਪੁਲਿਸ ਜਿਲ੍ਹਾ ਇੰਚਾਰਜਾਂ ਸਮੇਤ 254 ਬਲਾਕ ਪੇਂਡੂ ਤੇ ਸ਼ਹਿਰੀ ਪ੍ਰਧਾਨਾਂ ਦੀਆਂ ਨਿਯੁਕਤੀਆਂ ਸੰਪਨ

ਲੁਧਿਆਣਾ, ਮਈ 2019 ( ਮਨਜਿੰਦਰ ਗਿੱਲ) – ਪੰਜਾਬ ਪ੍ਰਦੇਸ਼ ਖੱਤਰੀ ਸਭਾ ਰਜਿ : ਦੀ ਇਕ ਪੰਜਾਬ ਸਟੇਟ ਮੀਟਿੰਗ ਬੀਤੇ ਦਿਨੀ ਲੁਧਿਆਣਾ ਫਰੈਂਡ  ਹੋਟਲ ਵਿਖੇ ਹੋਈ ਜਿੱਥੇ ਪੁਲਿਸ ਜਿਲ੍ਹਾ ਜਗਰਾਉਂ ਦੇ ਖੱਤਰੀ ਸਭਾ ਦੇ ਜਿਲ੍ਹਾ ਇੰਚਾਰਜ ਮੁਕੇਸ਼ ਮਲਹੋਤਰਾ ਅਤੇ ਜਿਲ੍ਹਾ ਸੈਕਟਰੀ ਸੰਦੀਪ ਲੇਖੀ ਸੋਨੀ ਅਤੇ ਖੱਤਰੀ ਸਭਾ ਜਗਰਾਉਂ ਦੇ ਪ੍ਰਧਾਨ ਹਰਮੇਸ਼ ਭਗਰੀਆ ਮੇਛੀ ਨਿਯੁਕਤ ਕੀਤਾ। ਇਸ ਮੌਕੇ ਨਰੇਸ਼ ਕੁਮਾਰ ਸਹਿਗਲ ਨੇ ਹਾਜਰ ਮੁਕੇਸ਼ ਮਲਹੋਤਰਾ ਅਤੇ ਸੰਦੀਪ ਲੇਖੀ ਤੇ ਹਰਮੇਸ਼ ਭਗਰੀਆ ਮੇਛੀ ਨੂੰ ਇਕ ਇਕ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕਰਦੇ ਹੋਏ ਨਿਯੁਕਤੀ ਪੱਤਰੀ ਦਿੱਤੇ। ਉਕਤ ਤੋਂ ਇਲਾਵਾ ਪੰਜਾਬ ਪ੍ਰਦੇਸ਼ ਖੱਤਰੀ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਸ਼ਿੰਦਰਪਾਲ ਵਰਮਾ, ਮੀਤ ਪ੍ਰਧਾਨ ਵਿਜੈ ਧੀਰ ਐਡਵੋਕੇਟ, ਪੰਜਾਬ ਸੈਕਟਰੀ ਲਲਿਤ ਮੈਣੀ ਐਡਵੋਕੇਟ, ਪੰਜਾਬ ਯੂਥ ਸੈਕਟਰੀ ਚੇਤਨ ਸਹਿਗਲ, ਜਿਲ੍ਹਾ ਲੁਧਿਆਣਾ ਦੇ ਇੰਚਾਰਜ ਹਰਵਿੰਦਰ ਜੋਲੀ, ਸੈਕਟਰੀ ਸੰਜੀਵ ਤਾਂਗੜੀ ਸਮੇਤ ਵੱਖ ਵੱਖ 22 ਜਿਲ੍ਹਿਆ ਦੇ ਜਿਲ੍ਹਾ ਇੰਚਾਰਜ ਪ੍ਰਧਾਨ, ਸੈਕਟਰੀ ਤੇ 37 ਮੈਂਬਰੀ ਕਾਰਜਕਾਰਨੀ ਕਮੇਟੀ ਤੋਂ ਇਲਾਵਾ 14 ਮੈਂਬਰੀ ਲੇਡੀਜ ਕਾਰਜਕਾਰਨੀ ਪੰਜਾਬ ਪ੍ਰਦੇਸ਼ ਖੱਤਰੀ ਸਭਾ ਰਜਿ: ਹਾਜਰ ਸੀ। ਇਸ ਮੌਕੇ ਨਰੇਸ਼ ਕੁਮਾਰ ਸਹਿਗਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਪੰਜਾਬ ਵਿਚ ਜਿਸ ਤਰ੍ਹਾਂ ਹਰ ਜਿਲ੍ਹੇ ਵਿਚ ਜਿਲ੍ਹਾ ਪ੍ਰਧਾਨ ਤੇ ਸੇਕਟਰੀ ਨਿਯੁਕਤ ਹਨ ਤੇ ਹੁਣ 2 ਪੁਲਿਸ ਜਿਲ੍ਹਿਆ ਵਿਚ ਵੀ ਜਿਲ੍ਹਾ ਇੰਚਾਰਜ ਸੈਕਟਰੀ ਨਿਯੁਕਤ ਕਰ ਦਿੱਤੇ ਗਏ ਹਨ। ਜਿੱਥੇ ਪਹਿਲਾਂ ਹੀ ਪੰਜਾਬ ਵਿਚ ਪੰਜਾਬ ਪ੍ਰਦੇਸ਼ ਖੱਤਰੀ ਸਭਾ ਦੇ 254 ਯੂਨਿਟ ਸ਼ਹਿਰੀ ਤੇ ਪੇਂਡੂ ਖੇਤਰ ਵਿਚ ਪ੍ਰਧਾਨ ਤੇ ਕਾਰਜਕਾਰਨੀ ਕਮੇਟੀ ਆਪਣਾ ਕੰਮ ਕਰ ਰਹੀ ਹੈ। ਲੋਕ ਭਲਾਈ ਤੇ ਸ਼ਹਿਰੀ ਵਿਕਾਸ ਅਤੇ ਖਾਸ ਕਰਕੇ ਅੱਤਵਾਦ ਤੇ ਨਸ਼ਿਆਂ ਦੇ ਖਿਲਾਫ ਸਮਾਜਿਕ ਕੁਰੀਤੀਆਂ ਦੇ ਖਿਲਾਫ ਅਵਾਜ਼ ਬੁਲੰਦ ਕਰ ਰਹੀ ਹੈ। ਕਿਸੇ ਇਕ ਨਾਲ ਹੋ ਰਹੀ ਧੱਕਾ ਸ਼ਾਹੀ ਵਿਰੁੱਧ ਆਵਾਜ਼ ਬੁਲੰਦ ਕਰਕੇ ਉਸਨੂੰ ਆਵਾਜ਼ ਦਵਾਉਣਾ ਪੰਜਾਬ ਪ੍ਰਦੇਸ਼ ਖੱਤਰੀ ਸਭਾ ਦਾ ਪਹਿਲਾ ਫਰਜ ਹੈ। ਇਸ ਮੌਕੇ ਨਰੇਸ਼ ਸਹਿਗਲ ਤੋਂ ਇਲਾਵਾ ਹੋਰ ਵੀ ਵੱਖ ਵੱਖ ਬੁਲਾਰਿਆ ਤੇ ਆਗੂਆਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕਰਦੇ ਕਿਹਾ ਕਿ ਜਲਦ ਹੀ ਖੱਤਰੀ ਸਭਾ ਦੇ ਹਰ ਪਿੰਡ ਤੇ ਸ਼ਹਿਰ  ਵਿਚ ਖੱਤਰੀ ਸਭਾ ਆਪਣੀਆਂ ਕਮੇਟੀਆਂ ਸਥਾਪਿਤ ਕਰੇਗੀ। ਉਕਤ ਆਗੂਆਂ ਤੋਂ ਇਲਾਵਾ ਖੱਤਰੀ ਸਭਾ ਦੇ ਪ੍ਰਦੀਪ ਮੈਣੀ, ਬਲਰਾਜ ਓਬਰਾਏ ਬਾਜੀ, ਪ੍ਰਦੀਪ ਵਰਮਾ, ਨੀਰਜ ਖੁਲਰ, ਰਵੀ ਮਲਹੋਤਰਾ, ਅਰੁਣ ਪਾਠਕ, ਪ੍ਰਿੰਸੀ ਜੋਲੀ, ਰਵੀ ਸੰਕਰ ਸੋਢੀ ਐਡਵੋਕੇਟ, ਪ੍ਰਦੀਪ ਭੰਬਰੀ, ਬਾਲ ਕ੍ਰਿਸ਼ਨ ਓਪਲ, ਨਰੇਸ਼ ਜੈਤਕਾ, ਮਹਿੰਦਰ ਪਾਲ ਸਬਰਵਾਲ, ਬਨਾਰਸੀ ਦਾਸ ਕੱਕੜ ਅਤੇ ਹੋਰ ਬਹੁਤ ਸਾਰੇ ਹਾਜਰ ਸਨ।

ਪੰਜਾਬ ਸਰਕਾਰ ਨੇ ਬਿਜਲੀ ਮਹਿੰਗੀ ਕਰਕੇ ਆਮ ਲੋਕਾਂ ਤੇ ਕੋਰੜਾਂ ਰੁਪਏ ਦਾ ਵਾਧੂ ਬੋਝ ਪਾਇਆ:ਵਿਧਾਇਕ ਮਾਣੰੂਕੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਦੀ ਕੈਪਟਨ ਸਰਕਾਰ ਨੇ ਸੂਬੇ ਵਿੱਚ ਲੋਕ ਸਭਾ ਚੋਣਾਂ ਮੱੁਕਣ ਤੋ ਐਨ ਮਗਰੋ ਪੰਜਾਬ ਖਪਤਕਾਰਾਂ ਤੇ ਬਿਜਲੀ ਰੇਟਾਂ ਵਿੱਚ ਇਜ਼ਾਫਾ ਕਰਕੇ ਕੋਰੜਾਂ ਪਾਏ ਦਾ ਵਾਧੂ ਬੋਝ ਪਾਕੇ ਰੱਖ ਦਿੱਤਾ ਹੈ।ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਹਲਕਾ ਜਗਰਾਉ ਦੀ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੰੂਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਲੋਕ ਪਹਿਲਾਂ ਹੀ ਆਰਥਿਕ ਮੰਦਹਾਲੀ ਵਿੱਚੌ ਲੰਘ ਰਹੇ ਹਨ ਤੇ ਜਿਉ ਹੀ ਪੰਜਾਬ ਸਰਕਾਰ ਨੇ ਬਿਜਲੀ ਦੇ ਰੇਟ ਵਧਾਏ ਤਾਂ ਜਿਉ ਹੀ ਆਮ ਲੋਕਾਂ ਵਿੱਚ ਸਾਰੇ ਪਾਸੇ ਹਾਹਾਕਾਰ ਮੱਚ ਗਈ ਹੈ।ਬੀਬੀ ਮਾਣੰੂਕੇ ਕਿਹਾ ਕਿ ਸੂਬਾ ਕਾਂਗਰਸ ਸਰਕਾਰ ਕਿਸਾਨਾਂ ਅਤੇ ਗਰੀਬਾਂ ਪ੍ਰਤੀ ਕੋਈ ਹਮਦਰਦੀ ਨਹੀ ਰੱਖਦੀ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੁਦ ਬਿਜਲੀ ਪੈਦਾ ਕਰਦੀ ਹੈ ਪਰ ਫਿਰ ਵੀ ਬਹੁਤ ਮਹਿੰਗੀ ਬਿਜਲੀ ਲੋਕਾਂ ਨੂੰ ਦਿੱਤੀ ਜਦੋ ਦਿੱਲੀ 'ਚ ਆਪ ਸਰਕਾਰ ਹੈ ਉਥੇ ਸਰਕਾਰ ਬਹੁਤ ਸਸਤੀ ਬਿਜਲੀ ਲੋਕਾਂ ਨੂੰ ਮੁਹੱਈਆ ਕਰਵਾ ਰਹੀ ਹੈ। ਬੀਬੀ ਮਾਣੂੂੰਕੇ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਉਹ ਇਸ ਫੈਸਲੇ ਤੇ ਪੁਨਰ ਵਿਚਾਰ ਕਰਨ ਅਤੇ ਸੂਬੇ ਵਿੱਚ ਵਧੀਆਂ ਬਿਜਲੀ ਦੀਆਂ ਕੀਮਤਾਂ ਨੂੰ ਵਾਪਸ ਲੈਣ।

ਖਹਿਰਾ, ਬੈਂਸ ਅਤੇ ਗਾਂਧੀ ਰਵਾਇਤੀ ਪਾਰਟੀਆਂ ਤੋਂ ਛੁਡਵਾਉਣਗੇ ਪੰਜਾਬ ਦਾ ਖਹਿੜਾ

ਚੰਡੀਗੜ੍ਹ, ਮਈ 2019 ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ, ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਨਵਾਂ ਪੰਜਾਬ ਪਾਰਟੀ ਦੇ ਮੋਢੀ ਡਾਕਟਰ ਧਰਮਵੀਰ ਗਾਂਧੀ ਆਪੋ-ਆਪਣੀਆਂ ਪਾਰਟੀਆਂ ਚਲਾਉਣ ਦੀ ਥਾਂ ਇਕੋ ਸਾਂਝੀ ਪਾਰਟੀ ਦੇ ਝੰਡੇ ਹੇਠ ਇਕੱਠੇ ਹੋ ਕੇ ਸੂਬੇ ਵਿਚ ਤੀਸਰਾ ਫਰੰਟ ਬਣਾਉਣ ਦੀ ਤਿਆਰੀ ਵਿਚ ਹਨ। ਇਨ੍ਹਾਂ ਆਗੂਆਂ ਦਾ ਨਿਸ਼ਾਨਾ ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਦੀਆਂ ਤਿੰਨ ਰਵਾਇਤੀ ਪਾਰਟੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਰਤੀ ਜਨਤਾ ਪਾਰਟੀ ਦੇ ਬਰਾਬਰ ਤੀਸਰਾ ਸਿਆਸੀ ਬਦਲ ਉਸਾਰ ਕੇ ਪੰਜਾਬੀਆਂ ਨੂੰ ਪਰਿਵਾਰਵਾਦ ਅਤੇ ਰਜਵਾੜਿਆਂ ਦੇ ਗਲਬੇ ਵਿਚੋਂ ਬਾਹਰ ਕੱਢਣਾ ਹੈ।
ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਤੇ ਪੰਜਾਬ ਜਮਹੂਰੀ ਗੱਠਜੋੜ (ਪੀਡੀਏ) ਦੇ ਮੁੱਖ ਆਗੂ ਸੁਖਪਾਲ ਖਹਿਰਾ ਨੇ ਇਸ ਤਜਵੀਜ਼ ਦਾ ਖ਼ੁਲਾਸਾ ਕਰਦਿਆਂ ਕਿਹਾ ਕਿ ਡਾ. ਗਾਧੀ ਅਤੇ ਸ੍ਰੀ ਬੈਂਸ ਸਮੇਤ ਉਨ੍ਹਾਂ (ਖਹਿਰਾ) ਦੀ ਸਿਆਸੀ ਸੋਚ ਤਕਰੀਬਨ ਇਕੋ ਜਿਹੀ ਹੈ, ਜਿਸ ਕਾਰਨ ਉਨ੍ਹਾਂ ਵੱਲੋਂ ਇਕੋ ਪਾਰਟੀ ਦੇ ਝੰਡੇ ਹੇਠ ਲੜਨ ਦੀ ਰਣਨੀਤੀ ਬਣਾਈ ਜਾ ਰਹੀ ਹੈ। ਪਾਰਟੀ ਦਾ ਇਕ ਨਿਸ਼ਾਨ, ਇਕ ਵਿਧਾਨ ਅਤੇ ਇਕ ਪ੍ਰਧਾਨ ਹੋਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨਾਂ ਧਿਰਾਂ ਦੀ ਇਕ ਪਾਰਟੀ ਬਣਾ ਕੇ ਬਹੁਜਨ ਸਮਾਜ ਪਾਰਟੀ (ਬਸਪਾ), ਸੀਪੀਆਈ ਅਤੇ ਆਰਐੱਮਪੀਆਈ ਆਦਿ ਨਾਲ ਗੱਠਜੋੜ ਕੀਤਾ ਜਾ ਸਕਦਾ ਹੈ। ਸ੍ਰੀ ਖਹਿਰਾ ਨੇ ਐਲਾਨ ਕੀਤਾ ਕਿ ਤਿੰਨਾਂ ਧਿਰਾਂ ਦੀ ਬਣਾਈ ਜਾਣ ਵਾਲੀ ਇਕੋ ਸਾਂਝੀ ਪਾਰਟੀ ਵਿਚ ਉਹ ਕੋਈ ਅਹੁਦਾ ਨਹੀਂ ਲੈਣਗੇ ਅਤੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਰਵਾਇਤੀ ਪਾਰਟੀਆਂ ਨੂੰ ਟੱਕਰ ਦੇਣ ਲਈ ਤੀਸਰਾ ਸਿਆਸੀ ਬਦਲ ਉਸਾਰਿਆ ਜਾਵੇਗਾ।
ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਸੰਪਰਕ ਕਰਨ ’ਤੇ ਕਿਹਾ ਕਿ ਉਹ ਤਾਂ ਚੋਣਾਂ ਤੋਂ ਪਹਿਲਾਂ ਹੀ ਇਕ ਪਾਰਟੀ ਵੱਲੋਂ ਚੋਣ ਲੜਨ ਦੇ ਹਾਮੀ ਸਨ ਪਰ ਹੁਣ 2022 ਦੀਆਂ ਚੋਣਾਂ ਤੋਂ ਪਹਿਲਾਂ ਉਹ ਤਿੰਨੇ ਧਿਰਾਂ ਇਕ ਪਾਰਟੀ ਬਣਾ ਕੇ ਪੰਜਾਬੀਆਂ ਨੂੰ ਤੀਸਰਾ ਸਿਆਸੀ ਬਦਲ ਦੇਣਗੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਉਸਾਰੀ ਜਾ ਰਹੀ ਪਾਰਟੀ ਪੰਜਾਬ ਵਿਚੋਂ ਨੋਟ ਤੇ ਧੌਂਸ ਦੀ ਰਾਜਨੀਤੀ ਦਾ ਖਾਤਮਾ ਕਰੇਗੀ।
ਨਵਾਂ ਪੰਜਾਬ ਪਾਰਟੀ ਦੇ ਮੋਢੀ ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਕਿ ਬਾਦਲ ਦਲ ਆਪਣੇ ਅਸੂਲ ਤੇ ਸਿਧਾਂਤ ਤਿਆਗ ਕੇ ਨਰਿੰਦਰ ਮੋਦੀ ਦੀ ਉਪਮਾ ਕਰਨ ਤਕ ਸੀਮਿਤ ਰਹਿ ਗਿਆ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਜਿੱਥੇ ਸ੍ਰੀ ਮੋਦੀ ਦੇ ਏਜੰਡਿਆਂ ਨੂੰ ਪੱਠੇ ਪਾ ਰਹੇ ਹਨ, ਉਥੇ ਹੀ ਬਾਦਲਾਂ ਨਾਲ ਗੁਪਤ ਸਿਆਸੀ ਯਾਰੀ ਪਾ ਕੇ ਸੂਬੇ ਨੂੰ ਗੁਮਰਾਹ ਕਰ ਰਹੇ ਹਨ। ਇਸ ਕਾਰਨ ਪੰਜਾਬੀਆਂ ਨੂੰ ਖ਼ੁਦਮੁਖ਼ਤਿਆਰੀ ਦਿਵਾਉਣ, ਜਮਹੂਰੀ ਪੰਜਾਬ ਸਿਰਜਣ, 21ਵੀਂ ਸਦੀ ਦਾ ਨਵਾਂ ਪੰਜਾਬ ਉਸਾਰਨ ਲਈ ਖੇਤਰੀ ਪੱਧਰ ਦਾ ਤੀਸਰਾ ਸਿਆਸੀ ਫਰੰਟ ਸਮੇਂ ਦੀ ਮੰਗ ਹੈ। ਉਹ ਸ੍ਰੀ ਖਹਿਰਾ ਤੇ ਸ੍ਰੀ ਬੈਂਸ ਨਾਲ ਮਿਲ ਕੇ ਆਪੋ-ਆਪਣੀਆਂ ਪਾਰਟੀਆਂ ਦੀ ਥਾਂ ਇਕ ਪਾਰਟੀ ਬਣਾ ਕੇ ਲਾਵਾਰਸ ਹੋ ਰਹੇ ਪੰਜਾਬ ਦੀ ਬਾਂਹ ਫੜਨ ਲਈ ਹਰੇਕ ਕੁਰਬਾਨੀ ਦੇਣ ਲਈ ਤਿਆਰ ਹਨ।

ਲੋਕਾਂ ਨੇ ਪਿਆਰ ਤਾਂ ਦਿਖਾਇਆ ਪਰ ਵੋਟਾਂ ਘੱਟ ਮਿਲੀਆਂ: ਗਾਂਧੀ

ਪਟਿਆਲਾ, ਮਈ 2019  ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਇੱਥੇ ਕਿਹਾ ਕਿ ਲੋਕਾਂ ਵੱਲੋਂ ਪੀਡੀਏ ਨੂੰ ਪਿਆਰ ਤਾਂ ਕਾਫ਼ੀ ਦਿੱਤਾ ਗਿਆ ਪਰ ਵੋਟਾਂ ਬਹੁਤ ਘੱਟ ਮਿਲੀਆਂ ਹਨ। ਪੰਜਾਬ ਡੈਮੋਕ੍ਰੈਟਿਕ ਅਲਾਇੰਸ (ਪੀਡੀਏ) ਦੀ ਅਗਲੇ ਹਫ਼ਤੇ ਹੋਣ ਵਾਲੀ ਮੀਟਿੰਗ ਵਿਚ ਪੰਜਾਬ ਦੇ ਲੋਕਾਂ ਵੱਲੋਂ ਪੀਡੀਏ ਨਾਲ ਦਿਖਾਏ ਪਿਆਰ ਜਿੰਨੀਆਂ ਵੋਟਾਂ ਨਾ ਪੈਣ ਦੇ ਕਾਰਨਾਂ ਬਾਰੇ ਪਤਾ ਲਾਇਆ ਜਾਵੇਗਾ। ਇਸ ਹਫ਼ਤੇ ਪੀਡੀਏ ਵਿਚ ਸ਼ਾਮਲ ਸਾਰੀਆਂ ਸਿਆਸੀ ਪਾਰਟੀਆਂ ਆਪੋ-ਆਪਣੀ ਮੀਟਿੰਗ ਕਰਨਗੀਆਂ ਤੇ ਚੋਣਾਂ ਵਿਚ ਆਪੋ-ਆਪਣੀ ਕਾਰਗੁਜ਼ਾਰੀ ਬਾਰੇ ਚਰਚਾ ਕਰਨਗੀਆਂ। ਆਮ ਆਦਮੀ ਪਾਰਟੀ ਨਾਲ ਪੀਡੀਏ ਦਾ ਸਮਝੌਤਾ ਸ਼ਰਤਾਂ ਦੇ ਆਧਾਰ ’ਤੇ ਹੋਵੇਗਾ। ਡਾ. ਧਰਮਵੀਰ ਗਾਂਧੀ ਨੇ ਅੱਜ ਮੁੜ ਚੋਣ ਕਮਿਸ਼ਨ ’ਤੇ ਦੋਸ਼ ਲਾਏ ਤੇ ਕਿਹਾ ਕਿ ਵੋਟਿੰਗ ਮਸ਼ੀਨਾਂ ਵਿਚ ਕੀਤੀ ਕਥਿਤ ਹੇਰਾਫੇਰੀ ਕਾਰਨ ਹੀ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਮਿਲੀਆਂ ਅਤੇ ਸੁਖਬੀਰ ਬਾਦਲ ਨੂੰ ਫ਼ਿਰੋਜ਼ਪੁਰ, ਹਰਸਿਮਰਤ ਕੌਰ ਬਾਦਲ ਨੂੰ ਬਠਿੰਡਾ ਅਤੇ ਪ੍ਰਨੀਤ ਕੌਰ ਨੂੰ ਪਟਿਆਲਾ ਤੋਂ ਜਿਤਾਇਆ ਗਿਆ ਹੈ। ਸ੍ਰੀ ਗਾਂਧੀ ਨੇ ਕਿਹਾ ਕਿ ‘ਆਪ’ ਨਾਲ ਉਨ੍ਹਾਂ ਦਾ ਕੋਈ ਸਮਝੌਤਾ ਨਹੀਂ ਹੋਵੇਗਾ।

ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਭਾਰਤ-ਪਾਕਿਸਤਾਨ ਦੀ ਮੀਟਿੰਗ ਬੇਸਿੱਟਾ

ਬਟਾਲਾ, ਮਈ 2019  ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨੀ ਉੱਚ ਅਧਿਕਾਰੀਆਂ ਦੀ ਜ਼ੀਰੋ ਲਾਈਨ ’ਤੇ ਤਕਨੀਕੀ ਕਮੇਟੀ ਦੀ ਅੱਜ ਹੋਈ ਚੌਥੀ ਮੀਟਿੰਗ ਬੇਸਿੱਟਾ ਰਹੀ। ਮੀਟਿੰਗ ਦੌਰਾਨ ਭਾਰਤ ਵੱਲੋਂ ਸੁਝਾਅ ਦਿੱਤਾ ਗਿਆ ਕਿ ਰਾਵੀ ਦਰਿਆ ’ਤੇ 800 ਮੀਟਰ ਦਾ ਪੁਲ ਬਣਾਇਆ ਜਾਣਾ ਚਾਹੀਦਾ ਹੈ ਜਦਕਿ ਪਾਕਿਸਤਾਨੀ ਵਫ਼ਦ ਨੇ ਮੌਨਸੂਨ ਦੇ ਦਿਨਾਂ ਵਿੱਚ ਹੜ੍ਹਾਂ ਦੇ ਖ਼ਤਰੇ ਦੇ ਮੱਦੇਨਜ਼ਰ ਕਾਜ਼ਵੇਅ (ਸੜਕ) ਬਣਾਏ ਜਾਣ ਦੀ ਗੱਲ ਕਹੀ।ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨੀ ਉੱਚ ਅਧਿਕਾਰੀਆਂ ਦੀ ਜ਼ੀਰੋ ਲਾਈਨ ’ਤੇ ਤਕਨੀਕੀ ਕਮੇਟੀ ਦੀ ਅੱਜ ਹੋਈ ਚੌਥੀ ਮੀਟਿੰਗ ਬੇਸਿੱਟਾ ਰਹੀ। ਮੀਟਿੰਗ ਦੌਰਾਨ ਭਾਰਤ ਵੱਲੋਂ ਸੁਝਾਅ ਦਿੱਤਾ ਗਿਆ ਕਿ ਰਾਵੀ ਦਰਿਆ ’ਤੇ 800 ਮੀਟਰ ਦਾ ਪੁਲ ਬਣਾਇਆ ਜਾਣਾ ਚਾਹੀਦਾ ਹੈ ਜਦਕਿ ਪਾਕਿਸਤਾਨੀ ਵਫ਼ਦ ਨੇ ਮੌਨਸੂਨ ਦੇ ਦਿਨਾਂ ਵਿੱਚ ਹੜ੍ਹਾਂ ਦੇ ਖ਼ਤਰੇ ਦੇ ਮੱਦੇਨਜ਼ਰ ਕਾਜ਼ਵੇਅ (ਸੜਕ) ਬਣਾਏ ਜਾਣ ਦੀ ਗੱਲ ਕਹੀ। ਗੱਲਬਾਤ ਦੇ ਆਖ਼ਰੀ ਗੇੜ ਦੌਰਾਨ ਪੁਲ-ਸੜਕ ਵਿਵਾਦ ਸੁਲਝਾਇਆ ਨਹੀਂ ਜਾ ਸਕਿਆ ਅਤੇ ਦੋਵੇਂ ਧਿਰਾਂ ਆਪੋ-ਆਪਣੀ ਗੱਲ ’ਤੇ ਅੜੀਆਂ ਰਹੀਆਂ। ਦੋ ਘੰਟੇ ਤੱਕ ਚੱਲੀ ਇਸ ਮੀਟਿੰਗ ਦੌਰਾਨ ਸ਼ਰਧਾਲੂਆਂ ਦੀ ਗਿਣਤੀ ਸਮੇਤ ਸੜਕ ਦੇ ਪੱਧਰ, ਹੜ੍ਹ ਦੀ ਸਥਿਤੀ ਨਾਲ ਨਜਿੱਠਣ ਸਮੇਤ ਹੋਰ ਕਈ ਤਕਨੀਕੀ ਪੱਖਾਂ ’ਤੇ ਚਰਚਾ ਕੀਤੀ ਗਈ।
ਰਾਵੀ ਦਰਿਆ ਦੋਵਾਂ ਸਰਹੱਦਾਂ ਦਰਮਿਆਨ ਵਗਦਾ ਹੈ। ਭਾਰਤ ਸਰਕਾਰ ਦੀ ਢਾਂਚਾ ਬਣਾਉਣ ਦੀ ਜ਼ਿੰਮੇਵਾਰੀ ਆਪਣੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ 300 ਮੀਟਰ ਖੇਤਰ ਦੀ ਹੈ ਜਦਕਿ ਪਾਕਿਸਤਾਨ ਵਾਲੇ ਪਾਸੇ ਇਹ ਇਲਾਕਾ 500 ਮੀਟਰ ਹੈ। ਮੀਟਿੰਗ ਦੌਰਾਨ ਚਰਚਾ ਹੋਈ ਕਿ ਜੇਕਰ ਪਾਕਿਸਤਾਨ ਸਰਕਾਰ ਪੁਲ ਦੀ ਥਾਂ ਕਾਜ਼ਵੇਅ ਬਣਾਉਂਦੀ ਹੈ ਤਾਂ ਬਰਸਾਤੀ ਦਿਨਾਂ ਵਿੱਚ ਹੜ੍ਹਾਂ ਕਰਕੇ ਸਭ ਤੋਂ ਵੱਧ ਨੁਕਸਾਨ ਡੇਰਾ ਬਾਬਾ ਨਾਨਕ ਖੇਤਰ ਦਾ ਹੁੰਦਾ ਹੈ। ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਹਰ ਸਾਲ ਨੁਕਸਾਨੀ ਜਾਂਦੀ ਹੈ। ਇਹ ਵੀ ਚਰਚਾ ਹੋਈ ਕਿ ਮੌਨਸੂਨ ਦੌਰਾਨ ਦਰਿਆ ’ਚ ਪਾਣੀ ਦਾ ਪੱਧਰ ਵੱਧਣ ਕਾਰਨ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਰੁਕਾਵਟ ਬਣ ਸਕਦੀ ਹੈ। ਭਾਰਤ ਵੱਲੋਂ ਜਿਨ੍ਹਾਂ ਵਿਭਾਗਾਂ ਦੇ ਅਧਿਕਾਰੀ ਮੀਟਿੰਗ ਵਿੱਚ ਸ਼ਾਮਲ ਹੋਏ, ਉਨ੍ਹਾਂ ਵਿੱਚ ਗ੍ਰਹਿ ਮਾਮਲੇ ਮੰਤਰਾਲੇ, ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ, ਲੈਂਡ ਪੋਰਟਸ ਅਥਾਰਿਟੀ ਆਫ਼ ਇੰਡੀਆ, ਬੀਐਸਐਫ ਅਤੇ ਡਰੇਨਜ਼ ਵਿਭਾਗ ਦੇ ਅਧਿਕਾਰੀ ਸ਼ਾਮਿਲ ਸਨ। ਪਾਕਿਸਤਾਨ ਵਾਲੇ ਪਾਸਿਉਂ ਫ਼ਰੰਟੀਅਰ ਵਰਕਸ ਆਰਗੇਨਾਈਜ਼ੇਸ਼ਨ (ਐੱਫ ਡਬਲਯੂ ਓ) ਦੇ ਅਧਿਕਾਰੀ ਸ਼ਾਮਲ ਸਨ। ਇਹ ਪਾਕਿਸਤਾਨ ਦਾ ਮਿਲਟਰੀ ਇੰਜਨੀਅਰਿੰਗ ਸੰਗਠਨ ਹੈ, ਜੋ ਪਾਕਿਸਤਾਨੀ ਸੈਨਾ ਦਾ ਪ੍ਰਮੁੱਖ ਤਕਨੀਕੀ ਅਦਾਰਾ ਹੈ। ਇਹ ਸੰਗਠਨ ਪਾਕਿਸਤਾਨ ਵਿੱਚ ਪੁਲਾਂ, ਸੜਕਾਂ, ਸੁਰੰਗਾਂ, ਹਵਾਈ ਖੇਤਰ ਦੇ ਕੰਮਾਂ ਅਤੇ ਡੈਮ ਬਣਾਉਣ ਦਾ ਕੰਮ ਵੇਖਦਾ ਹੈ। ਦੋ ਘੰਟੇ ਦੇ ਸਮੇਂ ਲਈ ਦੋਵਾਂ ਮੁਲਕਾਂ ਦੇ ਅਧਿਕਾਰੀਆਂ ਦੀ ਬਹਿਸ ਦੌਰਾਨ ਬੀਐੱਸਐੱਫ ਅਤੇ ਪਾਕਿਸਤਾਨੀ ਰੇਂਜਰ ਸੁਰੱਖਿਆ ਦੇ ਮੱਦੇਨਜ਼ਰ ਪੂਰੀ ਤਰਾਂ ਮੁਸਤੈਦ ਰਹੇ। ਉੱਚ ਸੂਤਰਾਂ ਅਨੁਸਾਰ ਜੇਕਰ ਦੋਵਾਂ ਪਾਸਿਉਂ ਗੱਲਬਾਤ ਸਿਰੇ ਨਾ ਚੜ੍ਹੀ ਤਾਂ ਭਾਰਤ ਅਤੇ ਪਾਕਿਸਤਾਨ ਦੇ ਰਾਜਦੂਤ ਦਖ਼ਲਅੰਦਾਜ਼ੀ ਕਰ ਸਕਦੇ ਹਨ। ਸੂਤਰਾਂ ਨੇ ਇਹ ਵੀ ਦੱਸਿਆ ਕਿ ਮੀਟਿੰਗ ਦੌਰਾਨ ਪਾਸਪੋਰਟ ਅਤੇ ਵੀਜ਼ਾ ਸਬੰਧੀ ਵਿਵਾਦ ਤੋਂ ਇਲਾਵਾ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦਸ ਮੈਂਬਰੀ ਕਮੇਟੀ ਵੱਲੋਂ ਸ਼ਰਧਾਲੂਆਂ ਦੀ ਸਕਰੀਨਿੰਗ ਸਬੰਧੀ ਕੋਈ ਚਰਚਾ ਨਹੀਂ ਕੀਤੀ ਗਈ।
ਲਾਂਘੇ ਲਈ ਜ਼ਮੀਨ ਐਕੁਆਇਰ ਕਰਨ ਦੇ ਅਮਲ ਦੀ ਨਿਗਰਾਨੀ ਕਰ ਰਹੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੁਲ-ਕਾਜ਼ਵੇਅ (ਸੜਕ) ਵਿਵਾਦ ਛੇਤੀ ਹੀ ਸੁਲਝ ਜਾਵੇਗਾ।

ਥਾਣਾ ਭੁਲੱਥ ਦੇ ਪਿੰਡ ਟਾਂਡੀ ਔਲਖ ਵਿੱਚ ਪਿਉ-ਪੁੱਤ ਦਾ ਕਤਲ, ਔਰਤ ਗੰਭੀਰ ਜ਼ਖ਼ਮੀ

ਭੁਲੱਥ, ਮਈ 2019  ਥਾਣਾ ਭੁਲੱਥ ਵਿਚ ਪੈਂਦੇ ਪਿੰਡ ਟਾਂਡੀ ਔਲਖ ਦੇ ਫ਼ਤਹਿ ਪੁਰ ਨੇੜੇ ਸਥਿਤ ਡੇਰੇ ਵਿੱਚ ਰਹਿੰਦੇ ਪਰਿਵਾਰ ’ਤੇ 26-27 ਮਈ ਦੀ ਦਰਮਿਆਨੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰਕੇ ਪਿਉ-ਪੁੱਤਰ ਦਾ ਕਤਲ ਕਰ ਦਿੱਤਾ ਗਿਆ ਜਦਕਿ ਪਰਿਵਾਰ ਦੀ ਮਹਿਲਾ ਗੰਭੀਰ ਜ਼ਖ਼ਮੀ ਹੋ ਗਈ। ਘਟਨਾ ਬਾਰੇ ਸਰਬਜੀਤ ਕੌਰ ਪੁੱਤਰੀ ਸੰਤੋਖ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਸੰਤੋਖ ਸਿੰਘ, ਮਾਤਾ ਬਲਵੀਰ ਕੌਰ ਅਤੇ ਭਰਾ ਕ੍ਰਿਪਾਲ ਸਿੰਘ (40 ਸਾਲ), ਜੋ ਅਜੇ ਅਣਵਿਆਹਿਆ ਹੋਇਆ ਸੀ, ਪਿਛਲੇ ਲੰਮੇ ਸਮੇਂ ਤੋਂ ਡੇਰੇ ਰਹਿ ਕੇ ਖੇਤੀਬਾੜੀ ਕਰਦੇ ਸਨ। ਉਨ੍ਹਾਂ ਦਾ ਪਰਿਵਾਰ ਧਾਰਮਿਕ ਪ੍ਰਵਿਰਤੀ ਵਾਲਾ ਸੀ ਅਤੇ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ। ਸਰਬਜੀਤ ਕੌਰ ਨੇ ਦੱਸਿਆ ਕਿ ਕੱਲ੍ਹ ਤੋਂ ਉਹ ਆਪਣੇ ਮਾਪਿਆਂ ਤੇ ਭਰਾ ਨੂੰ ਫੋਨ ਕਰ ਰਹੀ ਸੀ ਪਰ ਕੋਈ ਵੀ ਉਸ ਦਾ ਫੋਨ ਨਹੀਂ ਚੁੱਕ ਰਿਹਾ ਸੀ। ਇਸ ਕਾਰਨ ਅੱਜ ਸਵੇਰੇ ਕਰੀਬ 9 ਵਜੇ ਉਹ ਡੇਰੇ ’ਤੇ ਆਪਣੇ ਮਾਪਿਆਂ ਨੂੰ ਮਿਲਣ ਆਈ ਪਰ ਘਰ ਦਾ ਗੇਟ ਬੰਦ ਸੀ। ਉਸ ਨੇ ਗੇਟ ਖੋਲ੍ਹ ਕੇ ਦੇਖਿਆ ਤਾਂ ਘਰ ਵਿੱਚ ਹਰ ਪਾਸੇ ਖੂਨ ਖਿੱਲਰਿਆ ਹੋਇਆ ਸੀ ਅਤੇ ਵਰਾਂਡੇ ਵਿਚ ਉਸਦੇ ਭਰਾ ਕ੍ਰਿਪਾਲ ਸਿੰਘ ਦੀ ਲਾਸ਼ ਪਈ ਸੀ। ਘਰ ਅੰਦਰ ਉਸ ਦੀ ਮਾਤਾ ਬਲਵੀਰ ਕੌਰ, ਜਿਸ ਨੂੰ ਰੱਸੀਆਂ ਨਾਲ ਬੰਨ੍ਹਿਆ ਹੋਇਆ ਸੀ, ਪਾਣੀ ਲਈ ਆਵਾਜ਼ਾਂ ਮਾਰ ਦੀ ਸੀ। ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਕਮਰੇ ਵਿੱਚ ਉਸਦੇ ਪਿਤਾ ਦੀ ਵੱੱਢੀ-ਟੁੱਕੀ ਲਾਸ਼ ਪਈ ਸੀ। ਉਸ ਨੇ ਆਪਣੇ ਰਿਸ਼ਤੇਦਾਰਾਂ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ। ਗੰਭੀਰ ਜ਼ਖ਼ਮੀ ਹਾਲਤ ਵਿੱਚ ਉਸ ਦੀ ਮਾਤਾ ਬਲਵੀਰ ਕੌਰ ਨੂੰ ਸਰਕਾਰੀ ਹਸਪਤਾਲ ਭੁਲੱਥ ਦਾਖ਼ਲ ਕਰਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਕਪੂਰਥਲਾ ਦੇ ਸਰਕਾਰੀ ਹਸਪਤਾਲ ਲਈ ਰੈਫਰ ਕਰ ਦਿੱਤਾ ਹੈ। ਸਰਬਜੀਤ ਕੌਰ ਨੇ ਦੱਸਿਆ ਕਿ ਉਸਦੀ ਮਾਤਾ ਬਲਵੀਰ ਕੌਰ ਅਨੁਸਾਰ ਐਤਵਾਰ ਦੀ ਰਾਤ ਚਾਰ ਵਿਅਕਤੀ, ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸਨ, ਕਾਰ ਵਿਚ ਸਵਾਰ ਹੋ ਕੇ ਡੇਰੇ ਆਏ ਅਤੇ ਆਉਂਦਿਆਂ ਹੀ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਪਹਿਲਾਂ ਤਾਂ ਉਨ੍ਹਾਂ ਨੇ ਹਮਲਾਵਰਾਂ ਦਾ ਡੱਟ ਕੇ ਮੁਕਾਬਲਾ ਕੀਤਾ ਪਰ ਅਖੀਰ ਹਮਲਾਵਰਾਂ ਨੇ ਕ੍ਰਿਪਾਲ ਸਿੰਘ ਨੂੰ ਕਾਬੂ ਕਰਕੇ ਰੱਸੀਆਂ ਨਾਲ ਬੰਨ੍ਹਿਆ ਤੇ ਬਿਜਲੀ ਦਾ ਕਰੰਟ ਲਾਇਆ। ਹਮਲਾਵਰਾਂ ਨੇ ਘਰ ਦੇ ਸਾਮਾਨ ਦੀ ਫਰੋਲਾ-ਫਰੋਲੀ ਵੀ ਕੀਤੀ। ਘਟਨਾ ਸਥਾਨ ’ਤੇ ਪੁੱਜੇ ਐੱਸ.ਐੱਸ.ਪੀ. ਕਪੂਰਥਲਾ ਸਤਿੰਦਰ ਸਿੰਘ, ਐੱਸ.ਪੀ. (ਡੀ) ਕਪੂਰਥਲਾ ਹਰਪ੍ਰੀਤ ਸਿੰਘ ਮੰਡੇਰ, ਏ.ਐੱਸ.ਪੀ. ਭੁਲੱਥ ਡਾ. ਸਿਮਰਤ ਕੌਰ ਤੇ ਥਾਣਾ ਮੁਖੀ ਭੁਲੱਥ ਇੰਸਪੈਕਟਰ ਕਰਨੈਲ ਸਿੰਘ ਨੇ ਮੌਕਾ ਦੇਖਣ ਉਪਰੰਤ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਗਏ ਹਨ ਅਤੇ ਪੁਲੀਸ ਜਾਂਚ ਜਾਰੀ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਕਾਤਲਾਂ ਨੂੰ ਛੇਤੀ ਵਿੱਚ ਫੜਿਆ ਜਾਵੇਗਾ।

ਹਿਰਾਸਤੀ ਮੌਤ ਸਰਕਾਰ ਵੱਲੋਂ ਐੱਸਆਈਟੀ ਦਾ ਗਠਨ

ਜੁਡੀਸ਼ੀਅਲ ਜਾਂਚ ਵੀ ਸ਼ੁਰੂ, ਧਰਨਾ ਚੁਕਵਾਉਣ ਲਈ ਸਰਗਰਮੀਆਂ ਵਧੀਆਂ

ਫ਼ਰੀਦਕੋਟ, ਮਈ 2019  ਫ਼ਰੀਦਕੋਟ ਪੁਲੀਸ ਦੀ ਹਿਰਾਸਤ ’ਚ ਮਾਰੇ ਗਏ ਨੌਜਵਾਨ ਜਸਪਾਲ ਸਿੰਘ ਦੇ ਮਾਮਲੇ ’ਚ ਜਾਂਚ ਲਈ ਪੰਜਾਬ ਸਰਕਾਰ ਨੇ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦਾ ਗਠਨ ਕੀਤਾ ਹੈ। ਡੀਜੀਪੀ ਦੇ ਹੁਕਮਾਂ ਅਨੁਸਾਰ ਆਈਜੀ ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਵਿਚ ਚਾਰ ਮੈਂਬਰੀ ਕਮੇਟੀ ਬਣਾਈ ਗਈ ਹੈ। ਮਾਮਲੇ ਦੀ ਜੁਡੀਸ਼ੀਅਲ ਜਾਂਚ ਦੇ ਵੀ ਹੁਕਮ ਦਿੱਤੇ ਗਏ ਹਨ ਤੇ ਫ਼ਰੀਦਕੋਟ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਤੇਜਪ੍ਰਤਾਪ ਸਿੰਘ ਰੰਧਾਵਾ ਮਾਮਲੇ ਦੀ ਪੜਤਾਲ ਕਰਨਗੇ। ਆਈਜੀ ਛੀਨਾ ਨੇ ਅੱਜ ਇੱਥੇ ਰੋਸ ਧਰਨੇ ਤੋਂ ਪਹਿਲਾਂ ਉੱਚ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਪੀੜਤ ਪਰਿਵਾਰ ਅਤੇ ਐਕਸ਼ਨ ਕਮੇਟੀ ਨੂੰ ਗੱਲਬਾਤ ਦਾ ਸੱਦਾ ਦਿੱਤਾ। ਹਾਲਾਂਕਿ ਦੇਰ ਸ਼ਾਮ ਤੱਕ ਗੱਲਬਾਤ ਕਿਸੇ ਸਿਰੇ ਨਹੀਂ ਲੱਗੀ ਅਤੇ 29 ਮਈ ਨੂੰ ਇਕੱਠ ਕਰਨ ’ਤੇ ਕਮੇਟੀ ਅੜੀ ਹੋਈ ਹੈ। ਲਾਸ਼ ਮਿਲਣ ਤੱਕ ਪੀੜਤ ਪਰਿਵਾਰ ਤੇ ਐਕਸ਼ਨ ਕਮੇਟੀ ਨੇ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਹੁਣ ਤੱਕ ਦੀ ਪੜਤਾਲ ਤੋਂ ਇਹ ਸਪੱਸ਼ਟ ਹੈ ਕਿ ਸੀਆਈਏ ਸਟਾਫ਼ ਦੇ ਇੰਚਾਰਜ ਨਰਿੰਦਰ ਸਿੰਘ ਨੇ ਹੀ ਜਸਪਾਲ ਸਿੰਘ ਨੂੰ ਹਿਰਾਸਤ ਵਿਚ ਲਿਆ ਸੀ ਤੇ ਇਸ ਬਾਰੇ ਵਿਭਾਗ ਦੇ ਕਿਸੇ ਵੀ ਉੱਚ ਅਧਿਕਾਰੀ ਨੂੰ ਕੋਈ ਸੂਚਨਾ ਨਹੀਂ ਦਿੱਤੀ। ਉੱਚ ਅਧਿਕਾਰੀਆਂ ਨੂੰ ਇਸ ਬਾਰੇ ਉਦੋਂ ਪਤਾ ਲੱਗਾ ਜਦ ਜਸਪਾਲ ਸਿੰਘ ਦਾ ਪਰਿਵਾਰ ਉਸ ਦੀ ਰਿਹਾਈ ਲਈ ਪੁਲੀਸ ਅਧਿਕਾਰੀਆਂ ਨੂੰ ਮਿਲਿਆ। ਆਈਜੀ ਛੀਨਾ ਨੇ ਕਿਹਾ ਹੈ ਕਿ ਇਸ ਹਿਰਾਸਤੀ ਮੌਤ ਨਾਲ ਕਿਸੇ ਸਿਆਸੀ ਆਗੂ ਦਾ ਕੋਈ ਸਬੰਧ ਨਹੀਂ ਹੈ। ਭਲਕ ਦੇ ਰੋਸ ਮੁਜ਼ਾਹਰੇ ਤੇ ਇਕੱਠ ਨੂੰ ਨਾਕਾਮ ਕਰਨ ਲਈ ਹਾਕਮ ਧਿਰ ਕਾਫ਼ੀ ਸਰਗਰਮ ਨਜ਼ਰ ਆ ਰਹੀ ਹੈ। ਪਿੰਡ ਨੱਥਲਵਾਲਾ ਵਿੱਚ ਵਿਕਾਸ ਕਾਰਜਾਂ ਲਈ ਭੇਜੀ ਗਈ ਸਮੱਗਰੀ

ਸਿਰਫ਼ ਇਸੇ ਕਰਕੇ ਵਾਪਸ ਮੰਗਵਾ ਲਈ ਕਿਉਂਕਿ ਇਸ ਪਿੰਡ ਦੇ ਲੋਕ 29 ਮਈ ਦੇ ਧਰਨੇ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਪੀੜਤ ਪਰਿਵਾਰ ਨੂੰ ਮਨਾਉਣ ਲਈ ਪੰਜਾਬ ਸਰਕਾਰ ਨੇ ਇੱਕ ਵਾਰਿਸ ਨੂੰ ਸਰਕਾਰੀ ਨੌਕਰੀ ਅਤੇ ਆਰਥਿਕ ਮਦਦ ਦੇਣ ਦੀ ਪੇਸ਼ਕਸ਼ ਕੀਤੀ ਹੈ, ਜੋ ਕਿ ਪੀੜਤ ਪਰਿਵਾਰ ਵੱਲੋਂ ਅਜੇ ਸਵੀਕਾਰ ਨਹੀਂ ਕੀਤੀ ਗਈ। ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਜਸਪਾਲ ਸਿੰਘ ਨੂੰ ਹਿਰਾਸਤ ਵਿੱਚ ਲੈਣ ਵੇਲੇ ਇੰਸਪੈਕਟਰ ਨਰਿੰਦਰ ਸਿੰਘ ਨਾਲ ਦੋ ਹੋਰ ਮੁਲਾਜ਼ਮ ਵੀ ਮੌਜੂਦ ਸਨ ਅਤੇ ਪੁਲੀਸ ਉਨ੍ਹਾਂ ਦੀ ਸ਼ਨਾਖ਼ਤ ਕਰਨ ਵਿੱਚ ਲੱਗੀ ਹੋਈ ਹੈ। ਐਕਸ਼ਨ ਕਮੇਟੀ ਦੇ ਆਗੂਆਂ ਨੇ ਦੋਸ਼ ਲਾਇਆ ਹੈ ਕਿ ਪੁਲੀਸ ਜਾਣਬੁੱਝ ਕੇ ਲਾਸ਼ ਲੱਭਣ ਵਿਚ ਦੇਰੀ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਨੇ ਪਿਛਲੇ ਦਸ ਦਿਨਾਂ ਵਿੱਚ ਘਟਨਾ ਨਾਲ ਜੁੜੇ ਅਹਿਮ ਸਬੂਤ ਮਿਟਾ ਦਿੱਤੇ ਹਨ।

ਅਫ਼ਵਾਹਾਂ ਫੈਲਾਉਣ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਨ ਦਾ ਹੁਕਮ 
ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਮ੍ਰਿਤਕ ਜਸਪਾਲ ਸਿੰਘ ਦੀ ਨਿੱਜੀ ਜ਼ਿੰਦਗੀ ਬਾਰੇ ਅਫ਼ਵਾਹਾਂ ਫੈਲਾਉਣ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਨ ਦਾ ਹੁਕਮ ਦਿੱਤਾ ਗਿਆ ਹੈ। ਬੂਟਾ ਸਿੰਘ, ਰਾਜਿੰਦਰ ਸਿੰਘ ਅਤੇ ਲੱਖਾ ਸਿਧਾਣਾ ਨੇ ਦੱਸਿਆ ਕਿ ਜਸਪਾਲ ਸਿੰਘ ਬਾਰੇ ਫ਼ਰਜ਼ੀ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਗਈਆਂ ਸਨ ਤਾਂ ਜੋ ਉਸ ਦੇ ਅਕਸ ਨੂੰ ਢਾਹ ਲਾ ਕੇ ਨਿਆਂ ਲਈ ਚੱਲ ਰਹੇ ਸੰਘਰਸ਼ ਨੂੰ ਮੱਠਾ ਕੀਤਾ ਜਾ ਸਕੇ। ਆਈਜੀ ਨੇ ਕਿਹਾ ਕਿ ਪੁਲੀਸ ਸਮੁੱਚੇ ਮਾਮਲੇ ਵਿੱਚ ਕੁਝ ਵੀ ਲੁਕਾਉਣਾ ਨਹੀਂ ਚਾਹੁੰਦੀ ਅਤੇ ਨਾ ਹੀ ਇਹ ਪੁਲੀਸ ਦੇ ਹਿੱਤ ਵਿੱਚ ਹੈ।

ਪਿੰਡਾਂ ’ਚ ਵੋਟਾਂ ਨੂੰ ਲੱਗੇ ਖੋਰੇ ਤੋਂ ਅਕਾਲੀ ਫ਼ਿਕਰਮੰਦ ਸ਼ਹਿਰਾਂ ਵਿੱਚੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ’ਤੇ ਪਈ-ਕੋਰ ਕਮੇਟੀ

ਚੰਡੀਗੜ੍ਹ, ਮਈ 2019  ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬੇ ਦੇ ਦਿਹਾਤੀ ਖੇਤਰ ਵਿਚ ਵੋਟ ਬੈਂਕ ਨੂੰ ਖੋਰਾ ਲੱਗਣ ਦੇ ਮਾਮਲੇ ਨੂੰ ਖ਼ਤਰੇ ਦੀ ਘੰਟੀ ਮੰਨਿਆ ਜਾ ਰਿਹਾ ਹੈ। ਇਹ ਮੁੱਦਾ ਅੱਜ ਇੱਥੇ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਭਾਰੂ ਰਿਹਾ ਤੇ ਪਾਰਟੀ ਦੇ ਸੀਨੀਅਰ ਆਗੂਆਂ ਨੇ ਦਿਹਾਤੀ ਖੇਤਰ ਵਿੱਚ ਅਧਾਰ ਮਜ਼ਬੂਤ ਕਰਨ ਲਈ ਕਦਮ ਚੁੱਕਣ ’ਤੇ ਜ਼ੋਰ ਦਿੱਤਾ। ਅਕਾਲੀ ਦਲ ਵੱਲੋਂ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਅਕਾਲੀ-ਭਾਜਪਾ ਗੱਠਜੋੜ ਵੱਲੋਂ ਸੰਸਦੀ ਚੋਣਾਂ ਦੌਰਾਨ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਦਿਖਾਈ ਗਈ ਹੈ ਤੇ 35 ਵਿਧਾਨ ਸਭਾ ਹਲਕਿਆਂ ਵਿਚ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਪਛਾੜ ਦਿੱਤਾ ਗਿਆ ਜਦਕਿ 2017 ਵਿੱਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਗੱਠਜੋੜ ਪਾਰਟੀਆਂ ਨੇ 18 ਹਲਕਿਆਂ ’ਚ ਜਿੱਤ ਹਾਸਲ ਕੀਤੀ ਸੀ। ਪਾਰਟੀ ਦੇ ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਦਿਹਾਤੀ ਖੇਤਰ ਵਿੱਚੋਂ ਵੋਟ ਬੈਂਕ ਨੂੰ ਖੋਰਾ ਲੱਗਣ ਦਾ ਮਾਮਲਾ ਚਿੰਤਾਜਨਕ ਹੈ। ਪਾਰਟੀ ਸੂਤਰਾਂ ਮੁਤਾਬਕ ਫਤਿਹਗੜ੍ਹ ਸਾਹਿਬ ਤੋਂ ਪਾਰਟੀ ਦੇ ਉਮੀਦਵਾਰ ਰਹੇ ਦਰਬਾਰਾ ਸਿੰਘ ਗੁਰੂ, ਫ਼ਰੀਦਕੋਟ ਤੋਂ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ, ਲੁਧਿਆਣਾ ਤੋਂ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਹੋਰਨਾਂ ਹਾਰੇ ਹੋਏ ਉਮੀਦਵਾਰਾਂ ਨੇ ਕਿਹਾ ਕਿ ਸੰਸਦੀ ਚੋਣਾਂ ਦੇ ਨਤੀਜਿਆਂ ਨੇ ਸਪੱਸ਼ਟ ਕੀਤਾ ਹੈ ਕਿ ਪਾਰਟੀ ਨੂੰ ਪੰਜਾਬ ਦੇ ਪਿੰਡਾਂ ਵਿੱਚੋਂ ਵੋਟ ਸ਼ਹਿਰਾਂ ਦੇ ਮੁਕਾਬਲੇ ਘੱਟ ਪਈ ਹੈ। ਮੀਟਿੰਗ ਦੌਰਾਨ ਕੁੱਝ ਆਗੂਆਂ ਨੇ ਇਹ ਵੀ ਕਿਹਾ ਕਿ ਸ਼ਹਿਰਾਂ ਵਿੱਚੋਂ ਗੱਠਜੋੜ ਪਾਰਟੀਆਂ ਦੇ ਉਮੀਦਵਾਰਾਂ ਨੂੰ ਜੋ ਵੋਟ ਮਿਲੀ ਹੈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ’ਤੇ ਹੀ ਪਈ ਹੈ। ਇਸ ਲਈ ਦਿਹਾਤੀ ਖੇਤਰ ਵਿੱਚੋਂ ਵੋਟ ਘਟਣਾ ਚਿੰਤਾ ਦਾ ਵਿਸ਼ਾ ਹੈ। ਅਕਾਲੀ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਪਾਰਟੀ ਦਾ ਮੁੱਖ ਅਧਾਰ ਸਿੱਖ ਤੇ ਕਿਸਾਨੀ ਵੋਟ ਰਿਹਾ ਹੈ ਤੇ ਇਹ ਵੋਟ ਮੁੱਖ ਤੌਰ ’ਤੇ ਪਿੰਡਾਂ ਵਿੱਚ ਹੀ ਹੈ। ਸੂਤਰਾਂ ਦਾ ਦੱਸਣਾ ਹੈ ਕਿ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ’ਤੇ ਲੱਗੇ ਕਰੋੜਾਂ ਰੁਪਏ ਦੇ ਘਪਲੇ ਤੇ ਬੇਨਿਯਮੀਆਂ ਦੇ ਦੋਸ਼ਾਂ ਸਬੰਧੀ ਵੀ ਚਰਚਾ ਹੋਈ। ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਗੱਠਜੋੜ ਪਾਰਟੀਆਂ ਦੀ ਵੋਟ ਫ਼ੀਸਦ ਵਧਣ ’ਤੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਤੇ ਆਪ ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ, ਸਿਮਰਨਜੀਤ ਸਿੰਘ ਮਾਨ ਅਤੇ ਪਾਰਟੀ ਨਾਲੋਂ ਅਲਿਹਦਾ ਹੋਏ ‘ਟਕਸਾਲੀ’ ਆਗੂਆਂ ’ਤੇ ਗੁਰੂ ਗ੍ਰੰਥ ਸਾਹਿਬ ਦੇ ਸਿਆਸੀਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਨ੍ਹਾਂ ਆਗੂਆਂ ਨੂੰ ‘ਸਿਆਸੀ’ ਸਜ਼ਾ ਇਸੇ ਕਰ ਕੇ ਮਿਲੀ ਹੈ। ਪਾਰਟੀ ਦੀ ਕੋਰ ਕਮੇਟੀ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹੇ ਅਤੇ ਛੋਟੇ ਬਾਦਲ ਨੂੰ ਅਣਥੱਕ ਮਿਹਨਤ ਕਰਨ ਤੇ ਚੋਣਾਂ ਦੌਰਾਨ ਪ੍ਰਭਾਵਸ਼ਾਲੀ ਅਗਵਾਈ ਦੇਣ ਦੀ ਪ੍ਰਸ਼ੰਸਾ ਕੀਤੀ। ਪਾਰਟੀ ਨੇ ਕਿਹਾ ਕਿ ਕਾਂਗਰਸ ਸਮੇਤ ਹੋਰਨਾਂ ਵਿਰੋਧੀ ਪਾਰਟੀਆਂ ਵੱਲੋਂ ਵਿਰੋਧ ਦੇ ਬਾਵਜੂਦ ਸੁਖਬੀਰ ਸਿੰਘ ਬਾਦਲ ਨੇ ਵੱਡੇ ਫ਼ਰਕ ਨਾਲ ਫਿਰੋਜ਼ਪੁਰ ਤੋਂ ਜਿੱਤ ਹਾਸਲ ਕੀਤੀ ਹੈ। ਇਸੇ ਤਰ੍ਹਾਂ ਬਠਿੰਡਾ ਤੋਂ ਵੀ ਹਰਸਿਮਰਤ ਕੌਰ ਬਾਦਲ ਤੀਜੀ ਵਾਰੀ ਜਿੱਤ ਹਾਸਲ ਕਰਨ ਵਿਚ ਕਾਮਯਾਬ ਹੋਏ ਹਨ। ਕੋਰ ਕਮੇਟੀ ਨੇ ਕਿਹਾ ਕਿ ਜਿਨ੍ਹਾਂ ਸਿਆਸੀ ਆਗੂਆਂ ਨੇ ਗੁਰੂ ਗ੍ਰੰਥ ਸਾਹਿਬ ਆਸਰੇ ਅਕਾਲੀ ਦਲ ਦੇ ਆਗੂਆਂ ਨੂੰ ਨਿਸ਼ਾਨਾ ਬਣਾਉਣ ਦਾ ਯਤਨ ਕੀਤਾ, ਉਨ੍ਹਾਂ ਨੂੰ ਵੋਟਰਾਂ ਨੇ ਨਕਾਰ ਦਿੱਤਾ ਹੈ। ਪਾਰਟੀ ਪ੍ਰਧਾਨ ਨੇ ਬਿਜਲੀ ਦਰਾਂ ’ਚ ਕੀਤੇ ਵਾਧੇ ਤੇ ਅਧਿਆਪਕਾਂ ਦੀਆਂ ਤਨਖ਼ਾਹਾਂ ਘਟਾਏ ਜਾਣ ਦੀ ਵੀ ਨਿੰਦਾ ਕੀਤੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਬਲਵਿੰਦਰ ਸਿੰਘ ਭੂੰਦੜ, ਜਥੇਦਾਰ ਤੋਤਾ ਸਿੰਘ, ਬਲਦੇਵ ਸਿੰਘ ਮਾਨ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ, ਬੀਬੀ ਜਗੀਰ ਕੌਰ, ਪਰਮਿੰਦਰ ਸਿੰਘ ਢੀਂਡਸਾ, ਬਿਕਰਮ ਸਿੰਘ ਮਜੀਠੀਆ ਤੇ ਹੋਰ ਹਾਜ਼ਰ ਸਨ।

ਜਸਪਾਲ ਸਿੰਘ ਹਿਰਾਸਤੀ ਮੌਤ ਮਾਮਲੇ 'ਚ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਜਾਂਚ ਟੀਮ ਗਠਿਤ

ਫ਼ਰੀਦਕੋਟ, ਮਈ 2019- ਫ਼ਰੀਦਕੋਟ ਪੁਲਿਸ ਦੀ ਹਿਰਾਸਤ ਵਿੱਚ ਮਾਰੇ ਗਏ ਨੌਜਵਾਨ ਜਸਪਾਲ ਸਿੰਘ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਅਤੇ ਜਿਲਾ ਪੁਲਿਸ ਖਿਲਾਫ਼ ਭਖੇ ਲੋਕ ਰੋਹ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ। ਡੀ.ਜੀ.ਪੀ ਦੇ ਹੁਕਮਾਂ ਅਨੁਸਾਰ ਆਈ.ਜੀ. ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਵਿੱਚ ਚਾਰ ਮੈਂਬਰੀ ਕਮੇਟੀ ਬਣਾਈ ਗਈ ਹੈ।।ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਜੁਡੀਸ਼ੀਅਲ ਜਾਂਚ ਦੇ ਵੀ ਹੁਕਮ ਦਿੱਤੇ ਹਨ।।ਇਸ ਸਮੁੱਚੇ ਮਾਮਲੇ ਦੀ ਪੜਤਾਲ ਫ਼ਰੀਦਕੋਟ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਤੇਜਪ੍ਰਤਾਪ ਸਿੰਘ ਰੰਧਾਵਾ ਕਰਨਗੇ

ਚੋਣਾਂ ਤੋਂ ਬਾਅਦ ਕਾਂਗਰਸ ਦਾ ਜਨਤਾ ਨੂੰ ਝਟਕਾ, ਬਿਜਲੀ ਦਰਾਂ 'ਚ ਵਾਧਾ

ਚੰਡੀਗੜ੍ਹ , ਮਈ 2019   ਸੂਬੇ ਵਿਚ ਚੋਣਾਂ ਦਾ ਕੰਮ ਮੁਕੰਮਲ ਹੁੰਦੇ ਹੀ ਸੂਬਾ ਸਰਕਾਰ ਨੇ ਲੋਕਾਂ ਨੂੰ ਬਿਜਲੀ ਦਾ ਝਟਕਾ ਦਿੱਤਾ ਹੈ। ਸੂਬਾ ਰੈਗੂਲੇਟਰੀ ਕਮਿਸ਼ਨ ਨੇ ਬਿਜਲੀ ਦੀਆਂ ਦਰਾਂ ਵਿਚ 2.14 ਫੀਸਦ ਦਾ ਵਾਧਾ ਕੀਤਾ ਹੈ। ਵਧੀਆਂ ਦਰਾਂ ਪਹਿਲੀ ਜੂਨ ਤੋਂ ਲਾਗੂ ਹੋਣਗੀਆਂ। ਦਰਅਸਲ ਬਿਜਲੀ ਦਰਾਂ ਵਿਚ ਵਾਧਾ ਪਹਿਲਾਂ 1 ਅਪ੍ਰੈਲ ਤੋਂ ਹੋਣਾ ਸੀ ਪਰ ਚੋਣਾਂ ਕਾਰਨ ਸਰਕਾਰ ਵੱਲੋਂ ਵਾਧੇ ਦੀ ਯੋਜਨਾ ਨੂੰ ਰੋਕ ਦਿੱਤਾ ਗਿਆ ਸੀ।  ਹੁਣ ਚੋਣਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਚੋਣ ਜ਼ਾਬਤਾ ਵੀ ਐਤਵਾਰ ਤੋਂ ਹਟਾ ਦਿੱਤਾ ਗਿਆ। ਇਸ ਦਰਮਿਆਨ ਸਰਕਾਰ ਵਲੋਂ ਬਿਜਲੀ ਦਰਾਂ ਵਿਚ ਵਾਧੇ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।