You are here

ਰਾਏਕੋਟ ਇਲਾਕੇ ’ਚ ਚਿੱਟੇ ਦਾ ਕਾਲਾ ਕਾਰੋਬਾਰ ਜ਼ੋਰਾਂ ’ਤੇ

ਵੱਡੀ ਗਿਣਤੀ ’ਚ ਨੌਜਵਾਨ ਪੀੜ੍ਹੀ ਚਿੱਟੇ ਦੇ ਨਸ਼ੇ ਦੀ ਗਿ੍ਰਫਤ ’ਚ

 ਰਾਏਕੋਟ6ਜਨਵਰੀ( ਗੁਰਭਿੰਦਰ ਗੁਰੀ  ) ਬੇਸ਼ੱਕ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਸੌਦਾਗਰਾਂ ਨੂੰ ਨੱਥ ਪਾਉਣ ਲਈ ਵੱਡੇ ਪੱਧਰ ’ਤੇ ਵੱਡੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਪ੍ਰੰਤੂ ਰਾਏਕੋਟ ਸ਼ਹਿਰ ਤੇ ਆਸ-ਪਾਸ ਦੇ ਇਲਾਕੇ ਅੰਦਰ ਇਸ ਮੁਹਿੰਮ ਦਾ ਕੋਈ ਅਸਰ ਵਿਖਾਈ ਨਹੀਂ ਦੇ ਰਿਹਾ ਹੈ ਕਿਉਂਕਿ ਸਥਾਨਕ ਸ਼ਹਿਰ ਅਤੇ ਇਲਾਕੇ ’ਚ ਚਿੱਟੇ ਦਾ ਕਾਲਾ ਕਾਰੋਬਾਰ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ, ਜਿਸ ਕਾਰਨ ਵੱਡੀ ਗਿਣਤੀ ’ਚ ਨੌਜਵਾਨ ਪੀੜ੍ਹੀ ਇਸ ਮਾਰੂ ਨਸ਼ੇ ਦੀ ਗਿ੍ਰਫਤ ’ਚ ਧੱਸ ਕੇ ਜਿੱਥੇ ਜਵਾਨੀ ਬਰਬਾਦ ਕਰ ਰਹੀ ਹੈ, ਉਥੇ ਹੀ ਨਸ਼ੇ ਦੇ ਸੁਦਾਗਰਾਂ ਵੱਲੋਂ ਚੰਦ ਛਿੱਲੜਾਂ (ਪੈਸੇ) ਦੀ ਖਾਤਰ ਸਕੂਲੀ ਵਿਦਿਆਰਥੀਆਂ ਨੂੰ ਵੀ ਆਪਣੇ ਜਾਲ ਵਿਚ ਫਸਾਉਣ ਲਈ ਪੂਰੀ ਵਾਹ ਲਾਈ ਜਾ ਰਹੀ ਹੈ। ਸੂਤਰਾਂ ਅਨੁਸਾਰ ਬੇਸ਼ਕ ਪੁਲਿਸ ਪ੍ਰਸ਼ਾਸਨ ਵਲੋਂ ਨਸ਼ੇ ਦੇ ਸੁਦਾਗਰਾਂ ਨੂੰ ਦਬੋਚਨ ਲਈ ਸ਼ਹਿਰ ਅੰਦਰ ਲਗਾਤਾਰ ਛਾਪੇਮਾਰੀ ਕੀਤੀ ਜਾਂਦੀ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਫਿਰ ਵੀ ਚਿੱਟੇ ਦਾ ਕਾਲਾ ਕਾਰੋਬਾਰ ਨਿਰੰਤਰ ਜਾਰੀ ਹੈ, ਹਾਲਾਂਕਿ ਪੁਲਿਸ ਵੱਲੋਂ ਸਥਾਨਕ ਸ਼ਹਿਰ ਦੇ ਕੁਝ ਮੁਹੱਲਿਆਂ ’ਚ ਖੂਫੀਆ ਸੂਚਨਾ ਦੇ ਅਧਾਰ ’ਤੇ ਚਿੱਟੇ ਦੇ ਕਾਰੋਬਾਰ ਨੂੰ ਠੱਲ ਪਾਉਣ ਲਈ ਮੂੰਹ ਹਨੇਰੇ ਛਾਪੇਮਾਰੀ ਕਰਕੇ ਨਸ਼ੇ ਦੇ ਸੌਦਾਗਰਾਂ ਨੂੰ ਫੜ੍ਹਨ ਲਈ ਪੂਰੀ ਵਾਹ ਲਾਉਂਦੀ ਹੈ ਪਰ ਪੁਲਿਸ ਦੇ ਹੱਥ ਕੋਈ ਵੱਡੀ ਸਫ਼ਲਤਾ ਨਹੀਂ ਲੱਗਦੀ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੁਝ ਚਿੱਟੇ ਦੇ ਸਮਗਲਰ ਇੱਥੋਂ ਤੱਕ ਕਹਿ ਰਹੇ ਹਨ ਕਿ ਪੁਲਿਸ ਤਾਂ ਸਾਡੀ ਜੇਬ ’ਚ ਹੈ, ਉਥੇ ਹੀ ਪੁਲਿਸ ਨੂੰ ਪਤਾ ਹੋਣ ’ਤੇ ਵੀ ਉਕਤ ਨਸ਼ਾ ਤਸਕਰ ਖਿਲਾਫ਼ ਕੋਈ ਕਾਰਵਾਈ ਨਾ ਹੋਣਾ ਕਈ ਪ੍ਰਕਾਰ ਦੇ ਸ਼ੰਕੇ ਪੈਦਾ ਕਰ ਰਿਹਾ ਹੈ, ਜਦਕਿ ਲੋਕਾਂ ਵੱਲੋਂ ਕਥਿਤ ਮਿਲੀ ਭੁਗਤ ਵੱਲ ਵੀ ਇਸ਼ਾਰਾ ਕੀਤਾ ਜਾ ਰਿਹਾ, ਸਗੋਂ ਫੜ੍ਹੇ ਚਿੱਟੇ ਦੇ ਦੋ ਸਮਗਲਰਾਂ ਨੂੰ ਛੱਡਿਆ ਜਾਣਾ ਵੀ ਸ਼ਹਿਰ ਅੰਦਰ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿਕਰਯੋਗ ਹੈ ਕਿ ਕੁਝ ਪਿੰਡਾਂ ਵਿਚ ਕਈ ਨੌਜਵਾਨ ਚਿੱਟੇ ਦੀ ਦਲਦਲ ’ਚ ਫਸਣ ਤੋਂ ਬਾਅਦ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ, ਜੋ ਕਿ ਚਿੰਤਾਂ ਦਾ ਵਿਸ਼ਾ ਹੈ।