ਜਲੰਧਰ,- ਰਾਮਾ ਮੰਡੀ ਇਲਾਕੇ 'ਚ ਐਤਵਾਰ ਨੂੰ ਇਕ ਮਾਸੂਮ ਬੱਚੀ ਨਾਲ ਹੋਏ ਜਬਰ-ਜ਼ਨਾਹ ਦੇ ਮਾਮਲੇ 'ਚ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਮੁਲਜ਼ਮ ਪੱਪੂ ਕੁਮਾਰ ਯਾਦਵ ਦੀ ਮੌਤ ਨੂੰ ਲੈ ਕੇ ਉਸ ਨੂੰ ਕੁੱਟਣ ਵਾਲੇ ਲੋਕਾਂ 'ਤੇ ਕੇਸ ਦਰਜ ਕਰ ਲਿਆ ਹੈ। ਥਾਣਾ ਮੁਖੀ ਇੰਸਪੈਕਟਰ ਸੁਖਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਪੱਪੂ ਨੂੰ ਉਥੇ ਜਮ੍ਹਾ ਹੋਈ ਭੀੜ ਨੇ ਬੇਰਹਿਮੀ ਨਾਲ ਕੁੱਟਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਅਣਪਛਾਤੇ ਲੋਕਾਂ 'ਤੇ ਆਈ. ਪੀ. ਸੀ. ਦੀ ਧਾਰਾ 304 ਲਾਈ ਗਈ ਹੈ ਪਰ ਇਸ ਮਾਮਲੇ 'ਚ ਅਜੇ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਪੁਲਸ ਦਾ ਮੰਨਣਾ ਹੈ ਕਿ ਘਟਨਾ ਨੂੰ ਅੰਜਾਮ ਦਿੰਦੇ ਸਮੇਂ ਮੁਲਜ਼ਮ ਨਸ਼ੇ ਦੀ ਹਾਲਤ 'ਚ ਸੀ ਤੇ ਗਰਮੀ ਵੀ ਕਹਿਰ ਦੀ ਪੈ ਰਹੀ ਸੀ, ਜਿਸ ਕਾਰਨ ਉਹ ਬੱਚੀ ਨਾਲ ਹੋਏ ਜਬਰ-ਜ਼ਨਾਹ ਨੂੰ ਲੈ ਕੇ ਗੁੱਸੇ 'ਚ ਆਏ ਲੋਕਾਂ ਦੀ ਮਾਰ ਨਹੀਂ ਝੱਲ ਸਕਿਆ ਤੇ ਉਸ ਨੇ ਦਮ ਤੋੜ ਦਿੱਤਾ ਦੂਜੇ ਪਾਸੇ ਘਟਨਾ ਵਾਲੀ ਜਗ੍ਹਾ 'ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨਸ਼ੇ 'ਚ ਧੁੱਤ ਮੁਲਜ਼ਮ ਪੱਪੂ ਕੁਮਾਰ ਯਾਦਵ ਨੂੰ ਜਿਊਂਦਾ ਪੁਲਸ ਹਵਾਲੇ ਕੀਤਾ ਸੀ, ਜਿਸ ਦੀ ਉਨ੍ਹਾਂ ਨੇ ਵੀਡੀਓ ਵੀ ਦਿਖਾਈ। ਵੀਡੀਓ 'ਚ ਸਾਫ ਸਪੱਸ਼ਟ ਦਿਖਾਈ ਦੇ ਰਿਹਾ ਹੈ ਕਿ ਪੁਲਸ ਮੁਲਜ਼ਮ ਨੂੰ ਜਿਊਂਦਾ ਆਪਣੀ ਗੱਡੀ 'ਚ ਬਿਠਾ ਕੇ ਲਿਜਾ ਰਹੀ ਹੈ। ਲੋਕਾਂ ਮੁਤਾਬਕ ਮੁਲਜ਼ਮ ਦੀ ਮੌਤ ਪੁਲਸ ਵਲੋਂ ਉਸ ਨੂੰ ਕੁੱਟਣ ਕਾਰਨ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਪੁਲਸ ਆਪਣਾ ਬਚਾਅ ਕਰਦਿਆਂ ਮੁਲਜ਼ਮ ਦੀ ਮੌਤ ਦੀ ਗਾਜ ਲੋਕਾਂ 'ਤੇ ਸੁੱਟ ਰਹੀ ਹੈ।