You are here

ਆੜ੍ਹਤੀ ਖ਼ਿਲਾਫ਼ ਕੇਸ ਦਰਜ ਕਰਨ ਵਿਰੁੱਧ ਹੜਤਾਲ

ਧੂਰੀ, ਮਈ 2019  ਆੜ੍ਹਤੀਏ ਹਰਮਨਜੀਤ ਸਿੰਘ ਖ਼ਿਲਾਫ਼ ਸ਼ੇਰਪੁਰ ਪੁਲੀਸ ਵੱਲੋਂ ਗਲਤ ਢੰਗ ਨਾਲ ਪਰਚਾ ਦਰਜ ਕਰਨ ਵਿਰੁੱਧ ਆੜ੍ਹਤੀਆ ਐਸੋਸੀਏਸ਼ਨ ਧੂਰੀ ਵੱਲੋਂ ਰੋਸ ਮਾਰਚ ਕੱਢਿਆ ਗਿਆ। ਆੜ੍ਹਤੀਆ ਐਸੋਸੀਏਸ਼ਨ ਵੱਲੋਂ ਪ੍ਰਧਾਨ ਜਗਤਾਰ ਸਿੰਘ ਸਮਰਾ ਦੀ ਅਗਵਾਈ ਹੇਠ ਧੂਰੀ ਅਨਾਜ ਮੰਡੀ ਵਿਚ ਹੜਤਾਲ ਕਰਦਿਆਂ ਡੀਐੱਸਪੀ ਧੂਰੀ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਦੱਸਿਆ ਕਿ ਉਕਤ ਆੜ੍ਹਤੀਏ ਅਤੇ ਕਿਸਾਨ ਸੁਖਵਿੰਦਰ ਸਿੰਘ ਦਾ ਧੂਰੀ ਅਦਾਲਤ ਵਿਚ ਪੈਸੇ ਦੇ ਲੈਣ-ਦੇਣ ਦਾ ਕੇਸ ਚੱਲ ਰਿਹਾ ਹੈ ਪਰ ਕਿਸਾਨ ਸੁਖਵਿੰਦਰ ਸਿੰਘ ਨੇ ਆਪਣੇ ਤਾਏ ਕਰਨੈਲ ਸਿੰਘ ਨੂੰ ਉਕਸਾ ਕੇ ਪਿੰਡ ਰਾਮ ਨਗਰ ਛੰਨਾਂ ਦੀ ਸਰਕਾਰੀ ਪਾਣੀ ਵਾਲੀ ਟੈਂਕੀ ’ਤੇ ਚੜ੍ਹਾ ਦਿੱਤਾ ਸੀ। ਉਕਤ ਕਿਸਾਨ ਵੱਲੋਂ ਪਰਚਾ ਦਰਜ ਨਾ ਕੀਤੇ ਜਾਣ ’ਤੇ ਪ੍ਰਸ਼ਾਸਨ ਨੂੰ ਖ਼ੁਦਕੁਸ਼ੀ ਦੀਆਂ ਧਮਕੀਆਂ ਦਿੱਤੀਆਂ ਗਈਆਂ ਜਿਸ ਦੇ ਡਰ ਕਾਰਨ ਪ੍ਰਸ਼ਾਸਨ ਨੇ ਆਪਣਾ ਖਹਿੜਾ ਛੁਡਵਾਉਣ ਲਈ ਉਕਤ ਆੜ੍ਹਤੀਏ ’ਤੇ ਪਰਚਾ ਦਰਜ ਕੀਤਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਦੁਆਰਾ ਇਸ ਤਰ੍ਹਾਂ ਦੀਆਂ ਧਮਕੀਆਂ ਕਾਰਨ ਆੜ੍ਹਤੀਆਂ ਤੇ ਹੋਰ ਕਾਰੋਬਾਰੀਆਂ ’ਤੇ ਕੇਸ ਦਰਜ ਕੀਤੇ ਜਾਣ ਲੱਗ ਪਏ ਤਾਂ ਆੜ੍ਹਤੀਆਂ ਅਤੇ ਕਿਸਾਨਾਂ ਦੇ ਰਿਸ਼ਤੇ ਵਿਚ ਤਰੇੜਾਂ ਆਉਣੀਆਂ ਸੁਭਾਵਿਕ ਹਨ। ਆੜ੍ਹਤੀਆਂ ਨੇ ਮੰਗ ਕੀਤੀ ਕਿ ਆੜ੍ਹਤੀਏ ਹਰਮਨਜੀਤ ਸਿੰਘ ਖ਼ਿਲਾਫ਼ ਦਰਜ ਕੀਤਾ ਕੇਸ ਰੱਦ ਕੀਤਾ ਜਾਵੇ। ਉਨ੍ਹਾਂ ਨੇ ਖੁਦਕੁਸ਼ੀ ਦੀ ਧਮਕੀ ਦੇਣ ਵਾਲੇ ਕਿਸਾਨ ਅਤੇ ਉਸ ਨੂੰ ਅਜਿਹਾ ਕਰਨ ਲਈ ਉਕਸਾਉਣ ਵਾਲੇ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਆੜ੍ਹਤੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੇ ਜਾਣ ’ਤੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਵੀ ਦਿੱਤੀ।