You are here

ਪੰਜਾਬ

ਹਰਿਮੰਦਰ ਸਾਹਿਬ ਨੇੜੇ ਗੁਰੂਆਂ ਦੀਆਂ ਮੂਰਤੀਆਂ ਵੇਚਣ ਦੇ ਰੁਝਾਨ ਨੂੰ ਠੱਲ੍ਹ ਪਈ

ਅੰਮ੍ਰਿਤਸਰ, ਜੂਨ 2019-
ਗੁਜਰਾਤ ਦੇ ਭਾਵ ਨਗਰ ਇਲਾਕੇ ਦੇ ਇਕ ਚੌਕ ਵਿਚ ਗੁਰੂ ਨਾਨਕ ਦੇਵ ਦੀ ਮੂਰਤੀ ਸਥਾਪਿਤ ਕਰਨ ਦੇ ਹੋਏ ਵਿਰੋਧ ਤੋਂ ਬਾਅਦ ਇੱਥੇ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੁਕਾਨਾਂ ’ਤੇ ਗੁਰੂਆਂ ਦੀਆਂ ਮੂਰਤੀਆਂ ਵੇਚਣ ਦੇ ਰੁਝਾਨ ਨੂੰ ਭਾਵੇਂ ਕੁਝ ਠੱਲ੍ਹ ਪਈ ਹੈ ਪਰ ਆਨਲਾਈਨ ਵਸਤਾਂ ਵੇਚਣ ਵਾਲੀਆਂ ਕੰਪਨੀਆਂ ਵੱਲੋਂ ਅਜੇ ਵੀ ਗੁਰੂਆਂ ਦੀਆਂ ਮੂਰਤੀਆਂ ਧੜੱਲੇ ਨਾਲ ਵੇਚੀਆਂ ਜਾ ਰਹੀਆਂ ਹਨ।
ਸਿੱਖ ਧਰਮ ਵਿਚ ਮੂਰਤੀ ਪੂਜਾ ਅਤੇ ਤਸਵੀਰ ਪੂਜਾ ਦੀ ਮਨਾਹੀ ਹੈ। ਸਿੱਖ ਧਰਮ ਵਿਚ ਸਿਰਫ਼ ਸ਼ਬਦ ਗੁਰੂ ਜਾਂ ਅਕਾਲ ਪੁਰਖ ਦੀ ਉਸਤਤ ਕੀਤੀ ਜਾਂਦੀ ਹੈ ਪਰ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਪਹਿਲਾਂ ਗੁਰੂਆਂ, ਸਿੱਖ ਯੋਧਿਆਂ ਅਤੇ ਨਿਹੰਗ ਸਿੰਘਾਂ ਦੀਆਂ ਮੂਰਤੀਆਂ ਆਮ ਵਿਕਦੀਆਂ ਸਨ। ਪੱਥਰ ਤੇ ਪਾਊਡਰ ਦੀਆਂ ਬਣੀਆਂ ਇਹ ਮੂਰਤੀਆਂ ਚੀਨ ਤੋਂ ਆਉਂਦੀਆਂ ਹਨ ਜਦੋਂਕਿ ਧਾਤਾਂ ਦੀਆਂ ਬਣੀਆਂ ਮੂਰਤੀਆਂ ਮੁਰਾਦਾਬਾਦ ਤੋਂ ਅਤੇ ਪੱਥਰ ਦੀਆਂ ਬਣੀਆਂ ਮੂਰਤੀਆਂ ਰਾਜਸਥਾਨ, ਆਗਰਾ ਤੇ ਮੁੰਬਈ ਤੋਂ ਬਣ ਕੇ ਆਉਂਦੀਆਂ ਹਨ। ਇਨ੍ਹਾਂ ਵਿਚ ਵਧੇਰੇ ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ ਦੀਆਂ ਮੂਰਤੀਆਂ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਬਾਬਾ ਦੀਪ ਸਿੰਘ ਅਤੇ ਨਿਹੰਗ ਸਿੰਘਾਂ ਦੀਆਂ ਮੂਰਤੀਆਂ ਵੀ ਵਿਕਦੀਆਂ ਹਨ। ਇਹ ਮੂਰਤੀਆਂ ਸੌ ਤੋਂ ਲੈ ਕੇ 1500 ਰੁਪਏ ਮੁੱਲ ਤਕ ਵਿਕਦੀਆਂ ਹਨ।
ਹਾਲ ਹੀ ਵਿਚ ਗੁਜਰਾਤ ਦੇ ਭਾਵ ਨਗਰ ਇਲਾਕੇ ਦੇ ਇਕ ਚੌਕ ਵਿਚ ਸਿੰਧੀ ਭਾਈਚਾਰੇ ਵੱਲੋਂ ਗੁਰੂ ਨਾਨਕ ਦੇਵ ਦਾ ਬੁੱਤ ਸਥਾਪਿਤ ਕੀਤਾ ਗਿਆ ਸੀ, ਜਿਸ ਦਾ ਸਿੱਖ ਜਗਤ ਵੱਲੋਂ ਵਿਰੋਧ ਪ੍ਰਗਟਾਇਆ ਗਿਆ। ਸ੍ਰੀ ਅਕਾਲ ਤਖ਼ਤ ਨੇ ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਨੂੰ ਜਾਂਚ ਦੇ ਆਦੇਸ਼ ਦਿੱਤੇ ਸਨ। ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧੀ ਜਾਂਚ ਟੀਮ ਭੇਜੀ ਜਾਣੀ ਸੀ ਕਿ ਇਸ ਤੋਂ ਪਹਿਲਾਂ ਹੀ ਸਿੰਧੀ ਭਾਈਚਾਰੇ ਵੱਲੋਂ ਇਹ ਬੁੱਤ ਹਟਾ ਦਿੱਤਾ ਗਿਆ। ਹੁਣ ਇਸ ਬੁੱਤ ਦੀ ਥਾਂ ਖੰਡਾ ਸਥਾਪਿਤ ਕੀਤਾ ਗਿਆ ਹੈ, ਜਿਸ ਨੂੰ ਸ਼੍ਰੋਮਣੀ ਕਮੇਟੀ ਨੇ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਘਟਨਾ ਦੌਰਾਨ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਗੁਰੂਆਂ ਦੀਆਂ ਵਿਕਦੀਆਂ ਮੂਰਤੀਆਂ ਦਾ ਵਿਰੋਧ ਕੀਤਾ ਸੀ। ਇਸ ਤੋਂ ਬਾਅਦ ਹਰਿਮੰਦਰ ਸਾਹਿਬ ਨੇੜਲੀਆਂ ਦੁਕਾਨਾਂ ਵਿਚ ਵਿਕਦੀਆਂ ਮੂਰਤੀਆਂ ਦੇ ਰੁਝਾਨ ਨੂੰ ਕੁਝ ਠੱਲ੍ਹ ਪਈ ਹੈ।
ਦੁਕਾਨਦਾਰਾਂ ਨੇ ਦਾਅਵਾ ਕੀਤਾ ਕਿ ਗੁਰੂਆਂ ਦੀਆਂ ਮੂਰਤੀਆਂ ਖਰੀਦਣ ਅਤੇ ਵੇਚਣ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ। ਹੁਣ ਇਨ੍ਹਾਂ ਦੁਕਾਨਾਂ ’ਤੇ ਗੁਰੂਆਂ ਦੀਆਂ ਮੂਰਤੀਆਂ ਦੀ ਥਾਂ ਗੁਰੂਆਂ ਦੀਆਂ ਤਸਵੀਰਾਂ ਵਿਕ ਰਹੀਆਂ ਹਨ। ਭਾਵੇਂ ਸਿੱਖ ਧਰਮ ਵਿਚ ਗੁਰੂਆਂ ਦੀ ਤਸਵੀਰ ਨੂੰ ਵੀ ਕੋਈ ਮਾਨਤਾ ਨਹੀਂ ਹੈ ਪਰ ਕੈਲੰਡਰਾਂ ਆਦਿ ‘ਤੇ ਗੁਰੂਆਂ ਦੀਆਂ ਤਸਵੀਰਾਂ ਛਾਪਣ ਦਾ ਰੁਝਾਨ ਲੰਮੇ ਸਮੇਂ ਤੋਂ ਜਾਰੀ ਹੈ।
ਦੁਕਾਨਾਂ ’ਤੇ ਗੁਰੂਆਂ ਦੀਆਂ ਮੂਰਤੀਆਂ ਵੇਚਣ ਦੇ ਰੁਝਾਨ ਵਿਚ ਭਾਵੇਂ ਕਮੀ ਆਈ ਹੈ ਪਰ ਆਨਲਾਈਨ ਵਸਤਾਂ ਵੇਚਣ ਵਾਲੀਆਂ ਕੰਪਨੀਆਂ ਅਜੇ ਵੀ ਧੜੱਲੇ ਨਾਲ ਇਹ ਮੂਰਤੀਆਂ ਵੇਚ ਰਹੀਆਂ ਹਨ। ਆਨਲਾਈਨ ਕੰਪਨੀਆਂ ਫਲਿੱਪਕਾਰਟ, ਐਮੇਜ਼ਨ, ਸਨੈਪਡੀਲ ਆਦਿ ’ਤੇ ਜਾ ਕੇ ਇਹ ਮੂਰਤੀਆਂ ਅਤੇ ਇਨ੍ਹਾਂ ਦੀ ਕੀਮਤ ਦੇਖੀ ਜਾ ਸਕਦੀ ਹੈ। ਮੂਰਤੀਆਂ ਮੰਗਵਾਉਣ ਲਈ ਆਰਡਰ ਵੀ ਕੀਤਾ ਜਾ ਸਕਦਾ ਹੈ।
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਪਹਿਲਾਂ ਹੀ ਆਖ ਚੁੱਕੇ ਹਨ ਕਿ ਸਿੱਖ ਧਰਮ ਵਿਚ ਮੂਰਤੀ ਜਾਂ ਤਸਵੀਰ ਪੂਜਾ ਦੀ ਕੋਈ ਥਾਂ ਨਹੀਂ ਹੈ। ਹਰ ਸਿੱਖ ਸਿਰਫ ਸ਼ਬਦ ਗੁਰੂ ਜਾਂ ਅਕਾਲ ਪੁਰਖ ਦੀ ਹੀ ਉਸਤਤ ਕਰਦਾ ਹੈ। ਉਨ੍ਹਾਂ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਗੁਰੂਆਂ ਦੀਆਂ ਮੂਰਤੀਆਂ ਨਾ ਖਰੀਦਣ। ਇਸ ਨਾਲ ਮੂਰਤੀਆਂ ਬਣਾਉਣ ਅਤੇ ਵੇਚਣ ਦੇ ਰੁਝਾਨ ਨੂੰ ਆਪੇ ਠੱਲ੍ਹ ਪੈ ਜਾਵੇਗੀ।

ਕੈਪਟਨ ਤੇ ਸਿੱਧੂ ਵਿਚਾਲੇ ਦੂਰੀਆਂ ਮਿਟਾਉਣਗੇ ਅਹਿਮਦ ਪਟੇਲ

ਚੰਡੀਗੜ੍ਹ,  ਜੂਨ 2019 ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਮਿਲੇ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਉਨ੍ਹਾਂ ਦਾ ਸਥਾਨਕ ਸਰਕਾਰਾਂ ਬਾਰੇ ਵਿਭਾਗ ਬਦਲੇ ਜਾਣ ਸਬੰਧੀ ਜਾਣਕਾਰੀ ਦਿੱਤੀ। ਕਾਂਗਰਸ ਪ੍ਰਧਾਨ ਨੇ ਕੈਪਟਨ ਅਤੇ ਸਿੱਧੂ ਵਿਚਾਲੇ ਪੈਦਾ ਹੋਏ ਮਸਲੇ ਦੇ ਹੱਲ ਦੀ ਜ਼ਿੰਮੇਵਾਰੀ ਸੀਨੀਅਰ ਕਾਂਗਰਸ ਆਗੂ ਅਹਿਮਦ ਪਟੇਲ ਨੂੰ ਸੌਂਪੀ ਹੈ।
ਸ੍ਰੀ ਸਿੱਧੂ ਨੇ ਕਾਂਗਰਸ ਪ੍ਰਧਾਨ ਨੂੰ ਇਕ ਪੱਤਰ ਵੀ ਸੌਂਪਿਆ ਪਰ ਇਸ ਪੱਤਰ ਦੇ ਵੇਰਵੇ ਪਤਾ ਨਹੀਂ ਲੱਗ ਸਕੇ। ਜਾਣਕਾਰ ਹਲਕਿਆਂ ਦਾ ਕਹਿਣਾ ਹੈ ਕਿ ਕਾਂਗਰਸ ਪ੍ਰਧਾਨ ਨੇ ਸਿੱਧੂ ਨੂੰ ਆਪਣਾ ਕੰਮਕਾਜ ਜਾਰੀ ਰੱਖਣ ਲਈ ਕਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੀਨੀਅਰ ਕਾਂਗਰਸ ਆਗੂ ਅਹਿਮਦ ਪਟੇਲ ਨੂੰ ਕਿਹਾ ਹੈ ਕਿ ਜਿਸ ਢੰਗ ਨਾਲ ਪਿਛਲੇ ਦਿਨੀਂ ਕੈਪਟਨ ਸਰਕਾਰ ਵਲੋਂ ਮੰਤਰੀਆਂ ਦੇ ਵਿਭਾਗਾਂ ਵਿਚ ਫੇਰਬਦਲ ਕੀਤਾ ਗਿਆ ਹੈ, ਉਸ ਤੋਂ ਉਹ ਖੁਸ਼ ਨਹੀਂ ਹਨ ਅਤੇ ਇਹ ਗੱਲ ਮੁੱਖ ਮੰਤਰੀ ਤੱਕ ਪੁੱਜਦੀ ਕਰ ਦਿੱਤੀ ਜਾਵੇ। ਮੀਟਿੰਗ ਤੋਂ ਬਾਅਦ ਕਾਂਗਰਸ ਪ੍ਰਧਾਨ ਦਾ ਸੁਨੇਹਾ ਮੁੱਖ ਮੰਤਰੀ ਤੱਕ ਪੁੱਜਦਾ ਕਰ ਦਿੱਤਾ ਗਿਆ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੇ ਹਾਲ ਦੀ ਘੜੀ ਕੈਬਨਿਟ ਵਿਚ ਮੁੜ ਫੇਰਬਦਲ ਕਰਨ ਦੀ ਹਾਮੀ ਨਹੀਂ ਭਰੀ ਹੈ। ਇਸ ਸਥਿਤੀ ਵਿਚ ਸ੍ਰੀ ਸਿੱਧੂ ਦਿੱਤੇ ਗਏ ਨਵੇਂ ਬਿਜਲੀ ਵਿਭਾਗ ਦਾ ਚਾਰਜ ਲੈ ਲੈਣਗੇ ਜਾਂ ਉਡੀਕ ਕਰਨਗੇ ਜਾਂ ਇਨਕਾਰ ਕਰਨਗੇ, ਇਸ ਬਾਰੇ ਅਗਲੇ ਇਕ-ਦੋ ਦਿਨਾਂ ਵਿਚ ਸਥਿਤੀ ਸਪੱਸ਼ਟ ਹੋਵੇਗੀ। ਇਹ ਵੀ ਚਰਚਾ ਹੈ ਕਿ ਉਹ ਕਾਂਗਰਸ ਵਿਚ ਵਿਧਾਇਕ ਤਾਂ ਬਣੇ ਰਹਿਣ ਪਰ ਵਜ਼ਾਰਤ ਤੋਂ ਅਸਤੀਫ਼ਾ ਦੇ ਦੇਣ।
ਦੱਸਣਯੋਗ ਹੈ ਕਿ ਕੈਪਟਨ ਅਤੇ ਸਿੱਧੂ ਵਿਚਾਲੇ ਕਈਆਂ ਮਸਲਿਆਂ ਨੂੰ ਲੈ ਕੇ ਮੱਤਭੇਦ ਪੈਦਾ ਹੋ ਗਏ ਸਨ ਤੇ ਲੋਕ ਸਭਾ ਚੋਣਾਂ ਦੌਰਾਨ ਬਠਿੰਡਾ ਵਿਚ ਚੋਣ ਪ੍ਰਚਾਰ ਕਰਦਿਆਂ ਸਿੱਧੂ ਦੀ ਬਿਆਨਬਾਜ਼ੀ ਤੋਂ ਮੁੱਖ ਮੰਤਰੀ ਖਫ਼ਾ ਹੋ ਗਏ ਸਨ ਤੇ ਉਨ੍ਹਾਂ ਨੇ ਵੋਟਾਂ ਪੈਣ ਵਾਲੇ ਦਿਨ ਮੋੜਵਾਂ ਜਵਾਬ ਦਿੰਦਿਆਂ ਕਿਹਾ ਸੀ ਕਿ ਸਿੱਧੂ ਨੂੰ ਅਜਿਹਾ ਬਿਆਨ ਦੇਣ ਦੀ ਕੀ ਲੋੜ ਸੀ। ਚੋਣ ਨਤੀਜੇ ਆਉਣ ਤੋਂ ਬਾਅਦ ਮੁੱਖ ਮੰਤਰੀ ਨੇ ਇਕ ਕਦਮ ਅੱਗੇ ਵਧਦਿਆਂ ਕਿਹਾ ਸੀ ਕਿ ਸ਼ਹਿਰਾਂ ਵਿਚ ਕੰਮ-ਕਾਜ ਠੀਕ ਨਾ ਹੋਣ ਕਰਕੇ ਕਾਂਗਰਸ ਪਾਰਟੀ ਨੂੰ ਸ਼ਹਿਰਾਂ ਵਿਚ ਵੋਟਾਂ ਘੱਟ ਮਿਲੀਆਂ ਹਨ। ਇਸ ਕਰਕੇ ਕਾਂਗਰਸ ਬਠਿੰਡਾ ਲੋਕ ਸਭਾ ਹਲਕੇ ਦੀ ਚੋਣ ਹਾਰੀ ਹੈ। ਛੇ ਜੂਨ ਨੂੰ ਜਿਸ ਸਮੇਂ ਸਿੱਧੂ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ, ਉਸ ਸਮੇਂ ਵਜ਼ਾਰਤ ਦੀ ਮੀਟਿੰਗ ਚੱਲ ਰਹੀ ਸੀ। ਉਸ ਮੀਟਿੰਗ ਵਿਚ ਪ੍ਰੈੱਸ ਕਾਨਫਰੰਸ ਵੀ ਦਿਖਾਈ ਗਈ, ਜਿਸ ਵਿਚ ਕੁਝ ਮੰਤਰੀਆਂ ਨੇ ਮੁੱਖ ਮੰਤਰੀ ਨੂੰ ਸਿੱਧੂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਸੀ। ਉਸ ਸ਼ਾਮ ਹੀ ਉਨ੍ਹਾਂ ਦਾ ਵਿਭਾਗ ਬਦਲ ਦਿਤਾ ਗਿਆ। ਉਸ ਤੋਂ ਬਾਅਦ ਕਾਇਮ ਕੀਤੀਆਂ ਸਲਾਹਕਾਰ ਕਮੇਟੀਆਂ ਵਿਚ ਵੀ ਸਿੱਧੂ ਨੂੰ ਸ਼ਾਮਲ ਨਹੀਂ ਕੀਤਾ ਗਿਆ।

ਜ਼ਿੰਦਗੀ ਦੀ ਜੰਗ ਹਾਰੇ 'ਫਤਿਹ' ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ

ਸੁਨਾਮ ਊਧਮ ਸਿੰਘ ਵਾਲਾ, ਜੂਨ 2019 (    )- ਬੀਤੇ ਵੀਰਵਾਰ ਨੂੰ ਬੋਲਵੈੱਲ 'ਚ ਡਿੱਗਣ ਤੋਂ ਬਾਅਦ ਮੌਤ ਦੇ ਮੂੰਹ 'ਚ ਗਏ ਦੋ ਸਾਲਾ ਮਾਸੂਮ ਫਤਿਹਵੀਰ ਸਿੰਘ ਦਾ ਅੰਤਿਮ ਸਸਕਾਰ ਭਗਵਾਨਪੁਰਾ ਨੇੜਲੇ ਸ਼ੇਰੋ ਪਿੰਡ ਦੀ ਅਨਾਜ ਮੰਡੀ ਵਿਖੇ ਬਣੇ ਸ਼ਮਸ਼ਾਨ ਘਾਟ 'ਚ ਕਰ ਦਿੱਤਾ ਗਿਆ ਹੈ। ਫਤਿਹ ਦੀ ਚਿਤਾ ਨੂੰ ਅਗਨੀ ਉਸ ਦੇ ਦਾਦਾ ਜੀ ਵਲੋਂ ਭੇਟ ਕੀਤੀ ਗਈ। ਇਸ ਮੌਕੇ ਇੱਥੇ ਪਰਿਵਾਰਕ ਮੈਂਬਰਾਂ ਇਲਾਵਾ ਤੋਂ ਵੱਖ-ਵੱਖ ਪਾਰਟੀਆਂ ਦੇ ਆਗੂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਹਜ਼ਾਰਾਂ ਦੀ ਗਿਣਤੀ 'ਚ ਲੋਕ ਪਹੁੰਚੇ ਹੋਏ ਸਨ ਅਤੇ ਫਤਿਹ ਨੂੰ ਆਖ਼ਰੀ ਵਿਦਾਈ ਦੇਣ ਮੌਕੇ ਇੱਥੇ ਮੌਜੂਦ ਹਰ ਵਿਅਕਤੀ ਦੀ ਅੱਖ ਨਮ ਸੀ।

ਸੋਸ਼ਲ ਮੀਡੀਆ 'ਤੇ ਬਜ਼ੁਰਗ ਨੂੰ ਬਣਾਇਆ ਦੋਸਤ, ਬੈਲਕਮੇਲ ਕਰਕੇ ਠੱਗੇ 14 ਲੱਖ

ਜਗਰਾਓ , ਜਗਰਾਓ ਦੇ ਇਕ ਪਤੀ-ਪਤਨੀ ਵਲੋਂ ਦਿੱਲੀ ਦੇ ਇਕ ਬਜ਼ੁਰਗ ਵਿਅਕਤੀ ਤੋਂ ਸਾਢੇ 14 ਲੱਖ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਐੱਨ.ਐੱਨ. ਸਿੰਘ ਦੀ ਸ਼ਿਕਾਇਤ 'ਤੇ ਪੁਲਸ ਨੇ ਜਾਂਚ ਤੋਂ ਬਾਅਦ ਸਤਿੰਦਰਪਾਲ ਵਰਮਾ ਉਰਫ ਸ਼ਿੰਦਾ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਉਸ ਦੀ ਪਤਨੀ ਅਜੇ ਫਰਾਰ ਹੈ। ਥਾਣਾ ਸਿਟੀ ਦੇ ਇੰਚਾਰਜ ਨਿਧਾਨ ਸਿੰਧ ਨੇ ਦੱਸਿਆ ਕਿ ਦੋਸ਼ੀਆਂ ਨੇ ਦਿੱਲੀ ਦੇ ਇਕ ਬਜ਼ੁਰਗ ਨੂੰ ਫੇਸਬੁੱਕ 'ਤੇ ਦੋਸਤ ਬਣਾ ਕੇ ਆਪਣੇ ਜਾਲ 'ਚ ਫਸਾਇਆ। ਫਿਰ ਹੋਲੀ-ਹੋਲੀ ਉਸ ਤੋਂ ਪੈਸੇ ਠੱਗਣ ਲੱਗੇ। ਦੋਸ਼ੀਆਂ ਨੇ ਚਾਰ ਮਹੀਨੇ 'ਚ ਪੀੜਤ ਤੋਂ 14 ਲੱਖ ਰੁਪਏ ਬੈਂਕ ਦੇ ਜਰੀਏ ਲੈ ਲਏ। ਇਸ ਦਾ ਪਤਾ ਚੱਲਦੇ ਹੀ ਉਸ ਵਿਅਕਤੀ ਦੇ ਲੜਕੇ ਨੇ ਦਿੱਲੀ ਪੁਲਸ ਨੂੰ ਸ਼ਿਕਾਇਤ ਦਿੱਤੀ। ਪੁਲਸ ਨੇ ਜਾਂਚ ਦੇ ਬਾਅਦ ਦੋਸ਼ੀ ਪਤੀ-ਪਤਨੀ 'ਤੇ ਮਾਮਲਾ ਦਰਜ ਕਰ ਲਿਆ। ਦਿੱਲੀ ਪੁਲਸ ਮੁਤਾਬਕ ਦੋਸ਼ੀਆਂ ਨੇ ਗੈਂਗ ਬਣਾ ਰੱਖਿਆ ਜੋ ਸੋਸ਼ਲ ਮੀਡੀਆ 'ਤੇ ਜਾਅਲੀ ਆਈ.ਡੀ. ਬਣਾ ਕੇ ਅਮੀਰ ਪਰਿਵਾਰ ਦੇ ਲੋਕਾਂ ਨੂੰ ਆਪਣੇ ਜਾਲ 'ਚ ਫਸਾ ਕੇ ਬਲੈਕਮੇਲ ਕਰਦਾ ਹੈ। ਦੋਸ਼ੀਆਂ ਨੇ ਹੁਣ ਤੱਕ ਕਿੰਨੇ ਲੋਕਾਂ ਨੂੰ ਸ਼ਿਕਾਰ ਬਣਾਇਆ ਹੈ, ਇਸ ਦੀ ਪੁੱਛਗਿੱਛ ਜਾਰੀ ਹੈ। ਹੁਣ ਤੱਕ ਦੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀਆਂ ਨੇ ਉਨ੍ਹਾਂ ਪੈਸਿਆਂ ਨਾਲ 9 ਲੱਖ ਦਾ ਇਕ ਘਰ ਖਰੀਦਿਆਂ ਹੈ ਤੇ ਕੁਝ ਪੈਸੇ ਦੇ ਦਿੱਤੇ ਹਨ।  ਦੂਜੇ ਪਾਸੇ ਇਸ ਸਬੰਧੀ ਦੋਸ਼ੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦਿੱਲੀ ਵਾਸੀ ਵਿਅਕਤੀ ਨਾਲ ਕੋਈ ਠੱਗੀ ਨਹੀਂ ਕੀਤੀ। ਉਸ ਦੇ ਲੜਕੇ ਨੂੰ ਕੋਈ ਗਲਤੀ ਲੱਗੀ ਹੈ। ਉਸ ਨੇ ਕਿਹਾ ਕਿ ਉਨ੍ਹਾਂ ਨੇ ਇਹ ਪੈਸੇ ਉਧਾਰ ਲਏ ਹਨ ਜੋ ਕਿ ਉਹ ਵਾਪਸ ਕਰ ਦੇਣਗੇ। ਉਸ ਨੇ ਕਿਹਾ ਕਿ ਉਸ ਨੂੰ ਤੇ ਉਸ ਦੀ ਪਤਨੀ ਨੂੰ ਫਸਾਇਆ ਜਾ ਰਿਹਾ ਹੈ।  

ਫਤਿਹਵੀਰ ਦੇ ਸੁਸਤ ਅਤੇ ਗੈਰ-ਪੇਸ਼ਾਵਰ 'ਬਚਾਓ ਆਪਰੇਸ਼ਨ' ਲਈ ਮੁੱਖ ਮੰਤਰੀ ਜ਼ਿੰਮੇਵਾਰ ਹਨ-ਸੁਖਬੀਰ ਸਿੰਘ ਬਾਦਲ

ਮੁੱਖ ਮੰਤਰੀ ਨੂੰ ਤੁਰੰਤ ਸੂਬੇ ਦੇ ਸਿਵਲ ਇੰਜਨੀਅਰਿੰਗ ਵਿੰਗ ਅਤੇ ਫੌਜੀ ਇੰਜਨੀਅਰਾਂ ਨੂੰ ਬੁਲਾਉਣਾ ਚਾਹੀਦਾ ਸੀ

 ਕਾਂਗਰਸ ਸਰਕਾਰ ਨੂੰ ਬਚਾਓ ਆਪਰੇਸ਼ਨ ਲਈ ਹੱਥਾਂ ਨਾਲ ਖੁਦਾਈ ਕਰਨ ਦੀ ਬਜਾਇ ਉੱਚ ਤਕਨੀਕ ਵਾਲੀ ਮਸ਼ੀਨਰੀ ਮੰਗਵਾਉਣੀ ਚਾਹੀਦੀ ਸੀ

ਫਤਿਹਵੀਰ ਦੀ ਸਲਾਮਤੀ ਲਈ ਅਕਾਲੀ ਦਲ ਪ੍ਰਧਾਨ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ

 

ਚੰਡੀਗੜ੍ਹ, ਜੂਨ 2019-(ਜਨ ਸ਼ਕਤੀ ਨਿਉਜ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ ਵਿਖੇ ਇੱਕ 120 ਫੁੱਟ ਡੂੰਘੇ ਬੋਰ ਵਿਚ ਡਿੱਗੇ 2 ਸਾਲ ਦੇ ਬੱਚੇ ਫਤਿਹਵੀਰ ਨੂੰ ਬਚਾਉਣ ਲਈ ਰਾਜ ਸਰਕਾਰ ਵੱਲੋਂ ਆਰੰਭੇ ਸੁਸਤ ਅਤੇ ਗੈਰ-ਪੇਸ਼ਾਵਰ 'ਬਚਾਓ ਆਪਰੇਸ਼ਨ' ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਤੁਰੰਤ ਕਾਰਵਾਈ ਕਰਦਿਆਂ ਬੱਚੇ ਅਤੇ ਪੀੜਤ ਪਰਿਵਾਰ ਦੀ ਮੱਦਦ ਲਈ ਮਾਹਿਰਾਂ ਨੂੰ ਸੱਦਿਆ ਹੁੰਦਾ ਤਾਂ ਇਸ ਬਚਾਓ ਕਾਰਜ ਦੇ ਨਤੀਜੇ ਬਿਲਕੁੱਲ ਹੋਰ ਹੋਣੇ ਸਨ। 

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਨੇ ਫਤਿਹਵੀਰ ਨੂੰ ਬਚਾਉਣ ਲਈ ਵਿਸ਼ੇਸ਼ ਬਚਾਓ ਆਪਰੇਸ਼ਨ ਦਾ ਹੁਕਮ ਨਾ ਦੇ ਕੇ ਬੱਚੇ ਅਤੇ ਉਸ ਦੇ ਪਰਿਵਾਰ ਨੂੰ ਬੁਰੀ ਤਰ੍ਹਾਂ ਨਿਰਾਸ਼ ਕੀਤਾ ਹੈ। ਮੁੱਖ ਮੰਤਰੀ ਨੇ ਇਹ ਕੰਮ ਜ਼ਿਲ੍ਹਾ ਪ੍ਰਸਾਸ਼ਨ ਅਤੇ ਵਲੰਟੀਅਰਾਂ ਦੇ ਆਸਰੇ ਛੱਡ ਕੇ ਖ਼ੁਦ ਆਪਣੀ ਜ਼ਿੰਮੇਵਾਰੀ ਤੋਂ ਮੂੰਹ ਮੋੜ ਲਿਆ। ਉਹਨਾਂ ਕਿਹਾ ਕਿ ਪੀੜਤ ਪਰਿਵਾਰ ਬਾਰੇ ਸੋਚ ਕੇ ਮੇਰਾ ਮਨ ਭਰ ਆਉਂਦਾ ਹੈ, ਜਿਹਨਾਂ ਦੀ ਕਾਂਗਰਸ ਸਰਕਾਰ ਨੇ ਬਿਪਤਾ ਦੀ ਘੜੀ ਵਿਚ ਵੀ ਮੱਦਦ ਨਹੀਂ ਕੀਤੀ।ਸਰਕਾਰ ਮਾਹਿਰਾਂ ਦੀ ਮੱਦਦ ਨਾਲ ਬਚਾਓ ਕਾਰਜ ਪੇਸ਼ਾਵਰ ਤਰੀਕੇ ਨਾਲ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ, ਜਿਸ ਨਾਲ ਕੀਮਤੀ ਸਮਾਂ ਬਚਣਾ ਸੀ। ਸਰਕਾਰ ਦੀ ਇਸ ਸੁਸਤੀ ਅਤੇ ਲਾਪਰਵਾਹੀ ਨੇ ਫਤਿਹਵੀਰ ਦੀ ਜ਼ਿੰਦਗੀ  ਖ਼ਤਰੇ ਵਿਚ ਪਾ ਦਿੱਤੀ ਹੈ ਅਤੇ ਸਾਨੂੰ ਸਾਰਿਆਂ ਨੂੰ ਨਿਰਾਸ਼ ਅਤੇ ਬੇਬਸ ਕਰ ਦਿੱਤਾ ਹੈ।

ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਦੋ ਦਿਨ ਤਕ ਇਸ ਦੁਖਾਂਤ ਪ੍ਰਤੀ ਮੁੱਖ ਮੰਤਰੀ ਅੱਖਾਂ ਮੀਟੀ ਬੈਠਾ ਰਿਹਾ। ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਪਹਿਲੇ ਦਿਨ ਹੀ ਇਸ ਬਚਾਓ ਕਾਰਜ ਵਿਚ ਦਿਲਚਸਪੀ ਲਈ ਹੁੰਦੀ ਤਾਂ ਸੂਬੇ ਦੇ ਸਿਵਲ ਇੰਜਨੀਅਰਿੰਗ ਵਿਭਾਗ ਦੀ ਟੀਮ ਇਸ ਕਾਰਜ ਵਿਚ ਲਾਈ ਜਾ ਸਕਦੀ ਸੀ। ਉਹਨਾਂ ਕਿਹਾ ਕਿ ਦੂਜੇ ਦਿਨ ਹੀ ਇਹ ਗੱਲ ਸਪੱਸ਼ਟ ਹੋ ਗਈ ਸੀ ਕਿ ਬਚਾਓ ਕਾਰਜ ਲਈ ਲਾਈ ਐਨਡੀਆਰਐਫ ਦੀ ਟੀਮ ਕੋਲ ਸਥਿਤੀ ਨਾਲ ਨਜਿੱਠਣ ਦੇ ਸਾਧਨ ਨਹੀਂ ਸਨ ਅਤੇ ਨਾ ਹੀ ਇਸ ਕੋਲ ਫਹਿਤਵੀਰ ਨੂੰ ਬਚਾਉਣ ਲਈ ਸਹੀ ਖੁਦਾਈ ਕਰਵਾਉਣ ਵਾਸਤੇ ਮਾਹਿਰ ਇੰਜਨੀਅਰ ਸਨ। ਉਹਨਾਂ ਕਿਹਾ ਕਿ ਇਹੀ ਕਾਰਣ ਹੈ ਕਿ ਗਲਤ ਤਰੀਕੇ ਨਾਲ ਬਚਾਓ ਪਾਇਪਾਂ ਲਗਾਉਣ, ਦੂਜੀ ਸੁਰੰਗ ਦੀ ਫਾਲਤੂ ਖੁਦਾਈ ਅਤੇ ਸਮਾਨੰਤਰ ਪਾਇਪ ਨੂੰ ਬਚਾਓ ਪਾਇਪ ਨਾਲ ਜੋੜਣ ਵਿਚ ਪੂਰਾ ਇੱਕ ਦਿਨ ਖਰਾਬ ਹੋ ਗਿਆ। 

ਸਰਦਾਰ ਬਾਦਲ ਨੇ ਕਿਹਾ ਕਿ ਫਤਿਹਵੀਰ ਨੂੰ ਬਚਾਉਣ ਲਈ ਤੁਰੰਤ ਰਾਜ ਸਿਵਲ ਇੰਜਨੀਅਰਿੰਗ ਵਿਭਾਗ ਦੇ ਅਧਿਕਾਰੀਆਂ ਅਤੇ ਫੌਜੀ ਇੰਜਨੀਅਰਾਂ ਨੂੰ ਬੁਲਾਉਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਪੇਸ਼ਵਾਰ ਜਾਣਕਾਰੀ ਤੋਂ ਕੋਰੇ ਸਥਾਨਕ ਵਰਕਰਾਂ ਨੂੰ ਕੰਮ ਵਿਚ ਲਾਉਣ ਨਾਲ ਬਚਾਓ ਕਾਰਜ ਵਿਚ ਬੇਲੋੜੀ ਦੇਰੀ ਹੋ ਗਈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਨੇ ਹੱਥਾਂ ਨਾਲ ਖੁਦਾਈ ਕਰਵਾਉਣ ਦੀ ਥਾਂ ਉੱਚ ਪੱਧਰੀ ਤਕਨੀਕ ਵਾਲੀ ਮਸ਼ੀਨਰੀ ਇਸਤੇਮਾਲ ਵਿਚ ਲਿਆਉਣੀ ਚਾਹੀਦੀ ਸੀ, ਜਿਸ ਨਾਲ ਕੀਮਤੀ ਸਮੇਂ ਦੀ ਬਰਬਾਦੀ ਨਹੀਂ ਸੀ ਹੋਣੀ। ਅਕਾਲੀ ਦਲ ਪ੍ਰਧਾਨ ਨੇ ਫਤਿਹਵੀਰ ਦੀ ਸਲਾਮਤੀ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ ਅਤੇ ਉਮੀਦ ਪ੍ਰਗਟ ਕੀਤੀ ਕਿ ਬੱਚਾ ਜਲਦੀ ਦੁਬਾਰਾ ਆਪਣੇ ਮਾਪਿਆਂ ਕੋਲ ਹੋਵੇਗਾ।

ਸਿੱਖਾਂ ’ਤੇ ਹਮਲੇ ਦਾ ਨੋਟਿਸ ਲਿਆ

ਅੰਮ੍ਰਿਤਸਰ,  ਜੂਨ 2019 ਕਸ਼ਮੀਰੀ ਪੰਡਿਤਾਂ ਵੱਲੋਂ ਕਸ਼ਮੀਰ ਦੀ ਮਾਈਗ੍ਰੇਟ ਕਲੋਨੀ ਵਿਚ ਕੁਝ ਸਿੱਖਾਂ ’ਤੇ ਕੀਤੇ ਹਮਲੇ ਬਾਰੇ ਖ਼ਬਰ ਦਾ ਨੋਟਿਸ ਲੈਂਦਿਆਂ ਮਨਜੀਤ ਸਿੰਘ ਭੋਮਾ ਨੇ ਕਿਹਾ ਕਿ ਜੇਕਰ ਕਸ਼ਮੀਰੀ ਸਿੱਖਾਂ ਦਾ ਕੋਈ ਜਾਨੀ-ਮਾਲੀ ਨੁਕਸਾਨ ਹੋਇਆ ਤਾਂ ਉਸ ਲਈ ਸਿੱਧੇ ਤੌਰ ‘ਤੇ ਮੋਦੀ ਤੇ ਅਮਿਤ ਸ਼ਾਹ ਜ਼ਿੰਮੇਵਾਰ ਹੋਣਗੇ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ, ਮੁੱਖ ਸਲਾਹਕਾਰ ਸਰਬਜੀਤ ਸਿੰਘ ਜੰਮੂ, ਸਲਾਹਕਾਰ ਸਤਨਾਮ ਸਿੰਘ ਕੰਡਾ ਤੇ ਬਲਵਿੰਦਰ ਸਿੰਘ ਖੋਜਕੀਪੁਰ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਸਰਕਾਰ ਦੀ ਸ਼ਹਿ ’ਤੇ ਭੂਤਰੇ ਹੋਏ ਕਸ਼ਮੀਰੀ ਪੰਡਿਤਾਂ ਤੇ ਆਰ.ਐਸ.ਐਸ ਨੇ ਕਸ਼ਮੀਰ ਦੀ ਸਿੱਖ ਘੱਟ-ਗਿਣਤੀ ਨੂੰ ਡਰਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਇਹ ਭਾਰਤ ਦੇ ਨਵੇਂ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦੀ ਘਟ-ਗਿਣਤੀਆਂ ਪ੍ਰਤੀ ਨੀਤੀ ਦਾ ਸੰਕੇਤ ਵੀ ਹੈ। ਫੈਡਰੇਸ਼ਨ ਨੇਤਾਵਾਂ ਕਿਹਾ ਕਿ ਕਸ਼ਮੀਰ ਦੇ ਸਿੱਖ ਲਾਵਾਰਸ ਨਹੀਂ ਹਨ, ਭਾਰਤ ਦਾ ਹਰ ਸਿੱਖ ਉਨ੍ਹਾਂ ਦੇ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਇਸ ਮਸਲੇ ਵਿਚ ਅਗਰ ਗਲਤੀ ਕਿਸੇ ਸਿੱਖ ਦੀ ਸੀ ਤਾਂ ਕਾਨੂੰਨ ਅਨੁਸਾਰ ਕਾਰਵਾਈ ਹੋ ਸਕਦੀ ਸੀ ਪਰ ਆਰਐੱਸਐੱਸ ਦੀ ਸ਼ਹਿ ‘ਤੇ ਕਸ਼ਮੀਰੀ ਪੰਡਿਤਾਂ ਨੇ ਕਾਨੂੰਨ ਹੱਥ ’ਚ ਲੈਣ ਦੀ ਜੁਰਅਤ ਕੀਤੀ ਹੈ ਜਿਸਨੂੰ ਫੈਡਰੇਸ਼ਨ ਬਰਦਾਸ਼ਤ ਨਹੀਂ ਕਰੇਗੀ। ਭੋਮਾ ਨੇ ਕਿਹਾ ਕਿ ਇਸ ਘਟਨਾ ਸਬੰਧੀ ਦੋ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਜੋ ਇੱਕ ਹਫਤੇ ਅੰਦਰ ਆਪਣੀ ਰਿਪੋਰਟ ਪੇਸ਼ ਕਰੇਗੀ।

ਚੰਡੀਗੜ੍ਹ ਦੇ ਸੁੰਦਰ ਮੁੱਖੜੇ ’ਤੇ ਲੱਗਿਆ ਵੈਲਪੁਣੇ ਦਾ ਦਾਗ

 

ਚੰਡੀਗੜ੍ਹ, ਜੂਨ 2019 ਚੰਡੀਗੜ੍ਹ ਵਿਚ ਰੋਜ਼ਾਨਾ ਜਨਤਕ ਥਾਵਾਂ ’ਤੇ ਸ਼ਰਾਬ ਦੀਆਂ ਗਲਾਸੀਆਂ ਖੜਕਾਉਂਦੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਬਾਵਜੂਦ ਇਹ ਸਿਲਸਿਲਾ ਜਾਰੀ ਹੈ ਅਤੇ ਜੂਏ ਦੇ ਨਵੇਂ ਅੱਡੇ ਬੇਨਕਾਬ ਹੋਣ ਸਮੇਤ ਕਈ ਡਿਸਕੋ ਘਰ ਤੇ ਹੋਟਲ ਜਿਸਮਫਰੋਸ਼ੀ ਦੇ ਅੱਡੇ ਬਣੇ ਹੋਏ ਹਨ। ਪੁਲੀਸ ਨੇ ਸ਼ਹਿਰ ਦੇ ਕਈ ਹਿੱਸਿਆਂ ਵਿਚ ਜਨਤਕ ਤੌਰ ’ਤੇ ‘ਅਹਾਤੇ’ ਬਣਾ ਕੇ ਸ਼ਰਾਬ ਪੀ ਰਹੇ 37 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਨ੍ਹਾਂ ਵਿੱਚੋਂ ਸਭ ਤੋਂ ਵੱਧ ਪੰਜ ਵਿਅਕਤੀ ਸੈਕਟਰ 36 ਥਾਣੇ ਅਧੀਨ ਖੇਤਰ ਵਿੱਚੋਂ ਗ੍ਰਿਫ਼ਤਾਰ ਕੀਤੇ ਗਏ ਹਨ। ਇਨ੍ਹਾਂ ਵਿਰੁੱਧ ਪੰਜਾਬ ਪੁਲੀਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਇਸ ਵਰ੍ਹੇ ਹੁਣ ਤੱਕ ਪੁਲੀਸ ਜਨਤਕ ਥਾਵਾਂ ’ਤੇ ਸ਼ਰਾਬ ਪੀਂਦੇ ਕਰੀਬ 500 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਸ ਤੋਂ ਇਲਾਵਾ ਪੁਲੀਸ ਇਸ ਵਰ੍ਹੇ ਹੁਣ ਤੱਕ ਨਾਜਾਇਜ਼ ਢੰਗ ਨਾਲ ਸ਼ਰਾਬ ਵੇਚਣ ਵਾਲੇ 85 ਦੇ ਕਰੀਬ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ, ਜਿਨ੍ਹਾਂ ਵਿਚ ਕੁਝ ਮਹਿਲਾਵਾਂ ਵੀ ਸ਼ਾਮਲ ਹਨ। ਦੱਸਣਯੋਗ ਹੈ ਕਿ ਐੱਸਐੱਸਪੀ ਨੀਲਾਂਬਰੀ ਜਗਦਲੇ ਨੇ ਜਨਤਕ ਥਾਵਾਂ ’ਤੇ ਸ਼ਰਾਬ ਪੀਣ ਵਾਲਿਆਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਹੈ। ਇਸੇ ਦੌਰਾਨ ਪੁਲੀਸ ਨੇ ਜੂਏ ਦੇ ਇੱਕ ਅੱਡੇ ਨੂੰ ਵੀ ਬੇਨਕਾਬ ਕੀਤਾ ਹੈ। ਸੈਕਟਰ 17 ਥਾਣੇ ਦੀ ਪੁਲੀਸ ਨੇ ਸੈਕਟਰ 38 ਵੈਸਟ ਦੇ ਅਮਰਜੀਤ ਅਤੇ ਨਵਾਂ ਗਾਓਂ ਦੇ ਅਜੀਤ ਨੂੰ ਸੈਕਟਰ 22 ਦੇ ਪਾਰਕ ਨੇੜਿਓਂ ਜੂਆ ਖੇਡਦਿਆਂ ਕਾਬੂ ਕਰਕੇ 12,490 ਰੁਪਏ ਬਰਾਮਦ ਕੀਤੇ ਹਨ। ਪੁਲੀਸ ਇਸ ਸਾਲ ਹੁਣ ਤਕ ਜੂਆ ਖੇਡਣ ਦੇ ਦੋਸ਼ ਹੇਠ 70 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਪੁਲੀਸ ਅਨੁਸਾਰ ਸ਼ਹਿਰ ਵਿਚ ਕਲੋਨੀਆਂ ਦੇ ਵਸਨੀਕਾਂ ਤੋਂ ਲੈ ਕੇ ਵੀਵੀਆਈਪੀਜ਼ ਸੈਕਟਰਾਂ ਦੇ ਵਸਨੀਕ ਜੂਆ ਖੇਡਣ ਤੇ ਸੱਟਾ ਲਾਉਣ ਦੇ ਆਦੀ ਹਨ। ਪੁਲੀਸ ਅਨੁਸਾਰ ਜਿੱਥੇ ਵੱਡੇ ਘਰਾਂ ਦੇ ਲੋਕ ਵੱਡੀਆਂ ਰਕਮਾਂ ਲਾ ਕੇ ਜੂਆ ਖੇਡਦੇ ਹਨ, ਉੱਥੇ ਕਲੋਨੀਆਂ ਦੇ ਵਸਨੀਕ ਅਤੇ ਅਪਰਾਧੀ ਅਨਸਰ ਵੀ ਇਸ ਦੇ ਆਦੀ ਹਨ। ਸਾਬਕਾ ਮੇਅਰ ਪੂਨਮ ਸ਼ਰਮਾ ਨੇ ਆਪਣੇ ਸਮੇਂ ਰਾਤਾਂ ਨੂੰ ਖੁਦ ਛਾਪੇ ਮਾਰਕੇ ਜੂਏ ਦੇ ਅੱਡੇ ਬੇਨਕਾਬ ਕਰਨ ਦੀ ਮੁਹਿੰਮ ਚਲਾਈ ਸੀ। ਉਨ੍ਹਾਂ ਮਲੋਆ ਸਮੇਤ ਸੈਕਟਰ 26 ਦੀ ਅਨਾਜ ਮੰਡੀ ਵਿਚ ਚੱਲਦੇ ਜੁੂਏ ਦੇ ਅੱਡੇ ਬੇਨਕਾਬ ਕੀਤੇ ਸਨ। ਇਸ ਕਾਰਨ ਪੁਲੀਸ ਨੂੰ ਉਸ ਵੇਲੇ ਨਮੋਸ਼ੀ ਝੱਲਣੀ ਪਈ ਸੀ ਕਿਉਂਕਿ ਸ਼ਹਿਰ ਵਿਚ ਚਰਚਾ ਸੀ ਕਿ ਅਜਿਹੇ ਅਪਰਾਧ ਪੁਲੀਸ ਦੀ ਨੱਕ ਹੇਠ ਮਾਫ਼ੀਆ ਚਲਾ ਰਿਹਾ ਹੈ।
ਇਸ ਤੋਂ ਇਲਾਵਾ ਸ਼ਹਿਰ ਜਿਸਮਫਰੋਸ਼ੀ ਦਾ ਅੱਡਾ ਵੀ ਬਣਦਾ ਜਾ ਰਿਹਾ ਹੈ। ਪੁਲੀਸ ਸੂਤਰਾਂ ਅਨੁਸਾਰ ਹੋਰ ਰਾਜਾਂ ਦੇ ਲੋਕ ਚੰਡੀਗੜ੍ਹ ਵਿਚ ਵਿਸ਼ੇਸ਼ ਤੌਰ ’ਤੇ ‘ਮੌਜ-ਮਸਤੀ’ ਕਰਨ ਲਈ ਆਉਂਦੇ ਹਨ। ਇਸ ਦਾ ਮੁੱਖ ਕਾਰਨ ਡਿਸਕੋ ਹਨ, ਜਿਥੇ ਦੇਰ ਰਾਤ ਤੱਕ ‘ਮਸਤ ਨਾਚ’ ਦੇ ਦੌਰ ਚੱਲਦੇ ਹਨ। ਪੁਲੀਸ ਸੂਤਰਾਂ ਅਨੁਸਾਰ ਇਨ੍ਹਾਂ ਡਿਸਕੋ ਘਰਾਂ ਦੇ ਇਰਦ-ਗਿਰਦ ਨਸ਼ੇ ਦੀਆਂ ਪੁੜੀਆਂ ਵੇਚਣ ਵਾਲੇ ਵੀ ਸਰਗਰਮ ਹੋਣ ਦੇ ਸੰਕੇਤ ਮਿਲੇ ਹਨ ਅਤੇ ਪਿਛਲੇ ਸਮੇਂ ਕੁਝ ਡਿਸਕੋ ਘਰਾਂ ਦੇ ਬਾਹਰ ਨਸ਼ੇ ਦੀਆਂ ਪੁੜੀਆਂ ਵੇਚਦੇ ਨਾਇਜੀਰੀਅਨ ਆਦਿ ਵੀ ਫੜੇ ਸਨ। ਸੂਤਰਾਂ ਅਨੁਸਾਰ ਇਨ੍ਹਾਂ ਡਿਸਕੋ ਘਰਾਂ ਦੇ ਨੇੜੇ-ਤੇੜੇ ਜਿਸਮਫਿਰੋਸ਼ੀ ਦਾ ਧੰਦਾ ਕਰਨ ਵਾਲੇ ਦਲਾਲ ਵੀ ਸਰਗਰਮ ਹਨ, ਜੋ ਮੌਕੇ ’ਤੇ ਹੀ ਗਾਹਕਾਂ ਨਾਲ ਸੌਦੇ ਤੈਅ ਕਰਦੇ ਹਨ। ਇਸ ਤੋਂ ਇਲਾਵਾ ਅਕਸਰ ਪੁਲੀਸ ਨੂੰ ਅੱਧੀ ਰਾਤ ਤੋਂ ਬਾਅਦ ਨਸ਼ੇ ਵਿਚ ਮਦਹੋਸ਼ ਮੁੰਡੇ-ਕੁੜੀਆਂ ਡਿਸਕੋ ਘਰਾਂ ਦੇ ਬਾਹਰ ਮਿਲਦੇ ਹਨ ਅਤੇ ਕਈ ਵਾਰ ਤਾਂ ਖੁਦ ਪੁਲੀਸ ਨਸ਼ੇ ਵਿਚ ਟੱਲੀ ਕੁੜੀਆਂ ਨੂੰ ਉਨ੍ਹਾਂ ਦੇ ਘਰਾਂ ਤੱਕ ਛੱਡ ਕੇ ਆਈ ਹੈ। ਸੂਤਰਾਂ ਅਨੁਸਾਰ ਸ਼ਹਿਰ ਵਿਚ ਕਈ ਹੋਟਲਾਂ ਵਿਚ ਵੀ ਇਕ-ਦੋ ਘੰਟੇ ਲਈ ਕਮਰੇ ਕਿਰਾਏ ’ਤੇ ਦੇ ਕੇ ਦੇਹ ਵਪਾਰ ਦਾ ਧੰਦਾ ਕਰਵਾਇਆ ਜਾ ਰਿਹਾ ਹੈ। ਪੁਲੀਸ ਕਈ ਹੋਟਲਾਂ ਨੂੰ ਇਸ ਮਾਮਲੇ ਵਿਚ ਬੇਨਕਾਬ ਵੀ ਕਰ ਚੁੱਕੀ ਹੈ। ਸੂਤਰਾਂ ਅਨੁਸਾਰ ਅਜਿਹੇ ਅੱਡੇ ਪੁਲੀਸ ਦੀ ਮੁੱਠੀ ਗਰਮ ਕਰਕੇ ਹੀ ਚਲਾਏ ਜਾ ਰਹੇ ਹਨ। ਦਲਾਲ ਮੋਬਾਈਲ ਫੋਨਾਂ ਅਤੇ ਸੋਸ਼ਲ ਮੀਡੀਆ ਰਾਹੀਂ ਸ਼ਰੇਆਮ ਜਿਸਮਫਰੋਸ਼ੀ ਦਾ ਧੰਦਾ ਕਰ ਰਹੇ ਹਨ। ਇਸ ਤੋਂ ਇਲਾਵਾ ਪਿਕਾਡਲੀ ਚੌਕ ਨੇੜੇ ਸੈਕਟਰ 21 ਤੇ 34 ਨੂੰ ਵੰਡਦੀ ਸੜਕ ਕਿਨਾਰੇ ਕਈ ਸਾਲਾਂ ਤੋਂ ਦੇਹ ਵਪਾਰ ਦਾ ਧੰਦਾ ਸ਼ਰੇਆਮ ਚੱਲ ਰਿਹਾ ਹੈ।

ਐਂਬੂਲੈਂਸ ਵਿੱਚ ਹੀ ਗੂੰਜੀ ਕਿਲਕਾਰੀ

ਭਗਤਾ ਭਾਈ, ਜੂਨ 2019  ਸਿਵਲ ਹਸਪਤਾਲ ਭਗਤਾ ਭਾਈ ਦੀ 108 ਐਂਬੂਲੈਂਸ ਵਿੱਚ ਅੱਜ ਇੱਕ ਬੱਚੀ ਨੇ ਜਨਮ ਲਿਆ। 108 ਐਂਬੂਲੈਂਸ ਬਠਿੰਡਾ ਦੇ ਜ਼ਿਲ੍ਹਾ ਇੰਚਾਰਜ ਰਮੇਸ਼ਵਰ ਦਿਆਲ ਨੇ ਦੱਸਿਆ ਕਿ ਐਂਬੂਲੈਂਸ ਦੇ ਕੰਟਰੋਲ ਰੂਮ ਤੋਂ ਸੂਚਨਾ ਮਿਲਣ ’ਤੇ ਈਐੱਮਟੀ ਪ੍ਰਦੀਪ ਕੁਮਾਰ ਅਤੇ ਪਾਇਲਟ ਸੁਖਮੰਦਰ ਸਿੰਘ ਐਬੂਲੈਂਸ ਸਮੇਤ ਤਰੁੰਤ ਸਿਵਲ ਹਸਪਤਾਲ ਭਗਤਾ ਭਾਈ ਪਹੁੰਚੇ, ਜਿਥੋਂ ਜਸਪ੍ਰੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਪਿੰਡ ਸਿਰੀਏਵਾਲਾ ਦੇ ਜਣੇਪਾ ਕੇਸ ਸਬੰਧੀ ਉਸ ਨੂੰ ਭਗਤਾ ਭਾਈ ਤੋਂ ਸਿਵਲ ਹਸਪਤਾਲ ਬਠਿੰਡਾ ਲਈ ਰੈਫਰ ਕੀਤਾ ਗਿਆ ਸੀ। ਜਦੋਂ ਔਰਤ ਨੂੰ ਬਠਿੰਡਾ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਜਸਪ੍ਰੀਤ ਕੌਰ ਦਾ ਐਂਬੂਲੈਂਸ ਵਿੱਚ ਹਾਜ਼ਰ ਸਟਾਫ਼ ਨੇ ਜਣੇਪਾ ਕੀਤਾ। ਇਸ ਦੌਰਾਨ ਜਸਪ੍ਰੀਤ ਕੌਰ ਨੇ ਲੜਕੀ ਨੂੰ ਜਨਮ ਦਿੱਤਾ। ਇਸ ਮਗਰੋਂ ਮਾਂ ਅਤੇ ਬੱਚੀ ਨੂੰ ਸਰਕਾਰੀ ਹਸਪਤਾਲ ਗੋਨਿਆਣਾ ਦਾਖਲ ਕਰਵਾ ਦਿੱਤਾ, ਜਿੱਥੇ ਜ਼ੱਚਾ-ਬੱਚਾ ਠੀਕ-ਠਾਕ ਹਨ।

ਪ੍ਰਸ਼ਾਸਨ ਦੀ ਅਣਗਿਹਲੀ ਕਾਰਨ ਲੋਕ ਗੰਦਾ ਪਾਣੀ ਲਈ ਮਜ਼ਬੂਰ

ਮਾਨਸਾ, ਜੂਨ 2019  ਮਾਨਸਾ ਨਜ਼ਦੀਕ ਗੁਜ਼ਰਦੇ ਜਵਾਹਰਕੇ ਸੂਏ ਰਾਹੀਂ ਜੋ ਮਾਨਸਾ ਦੇ ਵਾਟਰ ਵਰਕਸ ਨੂੰ ਅਤੇ ਜਿਲ੍ਹੇ ਦੇ ਪਿੰਡਾਂ ਦੇ ਵਾਟਰ ਵਰਕਸਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਹੁੰਦਾ ਹੈ, ਇਹ ਪਾਣੀ ਬਹੁਤ ਪ੍ਰਦੂਸ਼ਿਤ ਹੋ ਚੁੱਕਾ ਹੈ। ਇਹ ਮਸਲਾ ਕਈ ਵਾਰ ਗੁਰਲਾਭ ਸਿੰਘ ਮਾਹਲ ਐਡਵੋਕੇਟ ਵੱਲੋਂ ਜਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਅਤੇ ਮਾਨਸਾ ਸ਼ਹਿਰ ਅਤੇ ਜਿਲ੍ਹੇ ਦੇ ਵਸਨੀਕਾਂ ਨੂੰ ਗੰਦਾ ਪਾਣੀ ਪੀਣ ਲਈ ਮਜ਼ਬੂਰ ਹੋਣ ਪੈ ਰਿਹਾ ਹੈ। ਪ੍ਰੈਸ ਦੇ ਨਾਮ ਜਾਰੀ ਸੰਦੇਸ਼ ਵਿੱਚ ਗੁਰਲਾਭ ਸਿੰਘ ਮਾਹਲ ਐਡਵੋਕੇਟ ਨੇ ਮੰਗ ਕੀਤੀ ਕਿ ਇਹ ਗੰਦਾ ਪਾਣੀ ਇਸ ਸੂਏ ਵਿੱਚ ਪੈਣ ਤੋਂ ਤੁਰੰਤ ਰੋਕਿਆ ਜਾਵੇ ਅਤੇ ਵਾਟਰ ਵਰਕਸ ਮਾਨਸਾ ਦੇ ਨਾਲ ਨਾਲ ਹੋਰਨਾਂ ਪੇਂਡੂ ਖੇਤਰਾਂ ਦੀਆਂ ਡਿੱਗੀਆਂ ਦੀ ਵੀ ਸਫਾਈ ਕਰਵਾਈ ਜਾਵੇ ਤਾਂ ਕਿ ਲੋਕਾਂ ਨੂੰ ਸਾਫ ਪਾਣੀ ਉਪਲੱਬਧ ਹੋ ਸਕੇ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਪਾਣੀ ਦੀ ਸੁਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਕਿ ਪੀਲੀਏ, ਡੇਂਗੂ ਅਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਿਆ ਜਾ ਸਕੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਗਰ ਦੂਸ਼ਿਤ ਪਾਣੀ ਦੀ ਸਪਲਾਈ ਨਾਲ ਪਬਲਿਕ ਨੂੰ ਕਿਸੇ ਅਜਿਹੀ ਬਿਮਾਰੀ ਦਾ ਸਾਹਮਣਾ ਕਰਨਾ ਪਿਆ ਤਾਂ ਇਸ ਪ੍ਰਤੀ ਨਗਰ ਕੌਂਸਲ ਅਤੇ ਜਿਲ੍ਹਾ ਪ੍ਰਸ਼ਾਸਨ ਜ਼ਿੰਮੇਵਾਰ ਹੋਣਗੇ। ਇਸ ਮੌਕੇ ਜਿਹੜਾ ਗੰਦਾ ਪਾਣੀ ਵਾਟਰ ਵਰਕਸ ਦੀ ਡਿੱਗੀ ਵਿੱਚ ਰਲਿਆ ਹੋਇਆ ਹੈ, ਉਹ ਤੁਰੰਤ ਕਢਵਾ ਕੇ ਡਿੱਗੀਆਂ ਅਤੇ ਪਾਈਪ ਲਾਇਨਾਂ ਦੀ ਸਫਾਈ ਕਰਵਾਈ ਜਾਵੇ। ਇਸਦੇ ਨਾਲ ਹੀ ਜਿਹੜੇ ਵਿਅਕਤੀ ਇਸ ਗੰਦੇ ਪਾਣੀ ਨੂੰ ਸੂਏ ਵਿੱਚ ਪਾਉਦੇ ਹਨ, ਉਨ੍ਹਾਂ ਖਿਲਾਫ ਵੀ ਬਣਦੀ ਫੌਜਦਾਰੀ ਕਾਰਵਾਈ ਕੀਤੀ ਜਾਵੇ ਅਤੇ ਅਣਗਹਿਲੀ ਕਰਨ ਵਾਲੇ ਦੋਸ਼ੀ ਅਧਿਕਾਰੀਆਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ।

ਖ਼ੁਦ ਨੂੰ ਸੰਗਲਾਂ ਨਾਲ ਨੂੜ ਕੇ ਸਾਬਕਾ ਅਕਾਲੀ ਕੌਂਸਲਰ ਵੱਲੋਂ ਪ੍ਰਦਰਸ਼ਨ

ਬਠਿੰਡਾ, ਜੂਨ 2019- ਅੱਜ ਬਠਿੰਡਾ ਦੇ ਪਰਸ ਰਾਮ ਚੌਕ ਵਿੱਚ ਸਾਬਕਾ ਅਕਾਲੀ ਕੌਂਸਲਰ ਵਿਜੇ ਕੁਮਾਰ ਵੱਲੋਂ ਆਪਣੇ ਆਪ ਨੂੰ ਸੰਗਲਾਂ ਨਾਲ ਨੂੜ ਕੇ ਅਨੋਖਾ ਪ੍ਰਦਰਸ਼ਨ ਕੀਤਾ ਅਤੇ ਨੀਲੇ ਕਾਰਡਧਾਰਕਾਂ ਨੂੰ ਨਾਲ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਵਿਜੇ ਕੌਂਸਲਰ ਵੱਲੋਂ ਆਪਣੇ ਸਾਹਮਣੇ ਖੰਡ, ਘਿਉ, ਆਟਾ-ਦਾਲ ਰੱਖ ਕੇ ਇਨ੍ਹਾਂ ਦਾ ਥੋੜਾ-ਥੋੜਾ ਸਵਾਦ ਚੱਖਦਿਆਂ ਪੰਜਾਬ ਦੀ ਕਾਂਗਰਸ ਸਰਕਾਰ ਖ਼ਿਲਾਫ਼ ਟਿੱਪਣੀ ਕੀਤੀ ਅਤੇ ਸੰਗਲਾਂ ਨਾਲ ਨੂੜੇ ਆਮ ਆਦਮੀ ਦੀ ਝਲਕ ਪੇਸ਼ ਕਰਦੇ ਹੋਏ ਕੈਪਟਨ ਸਰਕਾਰ ਨੂੰ ਸ਼ੀਸ਼ਾ ਦਿਖਾਇਆ। ਅੱਜ ਇਸ ਪ੍ਰਦਰਸ਼ਨ ਤੋਂ ਪਹਿਲਾ ਵਿਜੇ ਕੁਮਾਰ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਅਕਾਲੀ ਦਲ ਵੇਲੇ ਬਣਾਏ ਗਏ ਨੀਲਾ ਕਾਰਡ ’ਤੇ ਕੱਟ ਲਗਾ ਕੇ ਗ਼ਰੀਬਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਅਤੇ ਨਵੇਂ ਕਾਰਡ ਬਣਾਉਣ ਦਾ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਸਾਬਕਾ ਕੌਂਸਲਰ ਨੇ ਪੰਜਾਬ ਸਰਕਾਰ ’ਤੇ ਦੋਸ਼ ਲਗਾਏ ਕਿ ਆਧਾਰ ਕਾਰਡ ਨਾਲ ਲਿੰਕ ਕਰ ਕੇ ਪੰਜਾਬ ਦੀ ਕੈਪਟਨ ਸਰਕਾਰ ਆਟਾ-ਦਾਲ ਸਕੀਮ ਤੋਂ ਪੱਲਾ ਛੁਡਾਉਣਾ ਚਾਹੁੰਦੀ ਹੈ ਅਤੇ ਸਰਕਾਰ ਵੱਲੋਂ 150 ਰੁਪਏ ਤੋਂ ਲੈ ਕੇ 200 ਰੁਪਏ ਤੱਕ ਕਾਰਡ ਧਾਰਕਾਂ ਦੇ ਖਾਤਿਆਂ ਵਿੱਚ ਪੈਸੇ ਪਾ ਕੇ ਵੱਡਾ ਖੇਲ ਖੇਡ ਰਹੀ ਹੈ ਕਿ ਪੈਸਿਆਂ ਨਾਲ ਆਟਾ-ਦਾਲ, ਖੰਡ-ਘਿਉ ਖ਼ਰੀਦੋ।

7 ਜੂਨ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਉਣ ਲਈ ਨਾ ਮਿਲੇ ਵੀਜ਼ੇ

ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਹੀਦੀ ਪੁਰਬ 16 ਜੂਨ ਨੂੰ ਮਨਾਂ ਰਹੀ ਹੈ

ਸਰਧਾਲੂਆਂ ਦੇ ਜਥੇ ਲਈ 14 ਤੋਂ 23 ਤੱਕ ਵੀਜੇ ਦੀ ਪ੍ਰਵਾਨਗੀ

 

ਅੰਮ੍ਰਿਤਸਰ,  ਜੂਨ 2019 -(ਗੁਰਦੇਵ ਸਿੰਘ ਗਾਲਿਬ)- ਨਾਨਕਸ਼ਾਹੀ ਕੈਲੰਡਰ ਵਿਵਾਦ ਦੇ ਚੱਲਦਿਆਂ ਇਸ ਵਾਰ ਵੀ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਭੇਜੇ ਜਾਣ ਵਾਲੇ ਜਥੇ ਨੂੰ ਪਾਕਿਸਤਾਨੀ ਸਫ਼ਾਰਤਖਾਨੇ ਨੇ ਵੀਜ਼ੇ ਨਹੀਂ ਦਿੱਤੇ, ਜਿਸ ਕਾਰਨ ਸ਼੍ਰੋਮਣੀ ਕਮੇਟੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਅੱਜ ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਨਹੀਂ ਭੇਜ ਸਕੀ। ਇਸ ਦੌਰਾਨ ਸ਼੍ਰੋਮਣੀ ਕਮੇਟੀ ਵਲੋਂ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅੱਜ ਇਥੇ ਗੁਰਦੁਆਰਾ ਰਾਮਸਰ ਵਿਖੇ ਸ਼ਰਧਾ ਨਾਲ ਮਨਾਇਆ ਗਿਆ ਹੈ ਜਦੋਂਕਿ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਸ਼ਹੀਦੀ ਦਿਹਾੜਾ 16 ਜੂਨ ਨੂੰ ਮਨਾਇਆ ਜਾਣਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦਿੱਤੀ ਗਈ ਹੈ ਅਤੇ ਉਸ ਮੁਤਾਬਕ ਹੀ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਅਤੇ ਸ਼ਹੀਦੀ ਦਿਹਾੜੇ ਮਨਾਏ ਜਾਂਦੇ ਹਨ ਜਦੋਂਕਿ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦਿੱਤੀ ਹੋਈ ਹੈ। ਸ਼੍ਰੋਮਣੀ ਕਮੇਟੀ ਵਲੋਂ ਭਾਰਤ ਸਰਕਾਰ ਰਾਹੀਂ ਪਾਕਿਸਤਾਨੀ ਸਫ਼ਾਰਤਖਾਨੇ ਕੋਲ ਲਗਪਗ 80 ਸ਼ਰਧਾਲੂਆਂ ਦੇ ਪਾਸਪੋਰਟ ਵੀਜ਼ੇ ਲਈ ਭੇਜੇ ਗਏ ਸਨ। ਸ਼੍ਰੋਮਣੀ ਕਮੇਟੀ ਨੇ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਮੁਤਾਬਕ ਸੱਤ ਜੂਨ ਨੂੰ ਸ਼ਹੀਦੀ ਦਿਹਾੜਾ ਮਨਾਉਣ ਲਈ 4 ਜਾਂ 5 ਜੂਨ ਨੂੰ ਜਥਾ ਭੇਜਣ ਵਾਸਤੇ ਪ੍ਰਵਾਨਗੀ ਮੰਗੀ ਸੀ। ਮਿਲੇ ਵੇਰਵਿਆਂ ਮੁਤਾਬਕ ਪਾਕਿਸਤਾਨੀ ਸਫ਼ਾਰਤਖਾਨੇ ਨੇ ਇਸ ਮੁਤਾਬਿਕ ਵੀਜ਼ੇ ਨਹੀਂ ਦਿੱਤੇ ਹਨ ਅਤੇ 14 ਜੂਨ ਵਾਸਤੇ ਵੀਜ਼ੇ ਲੈਣ ਲਈ ਆਖਿਆ ਹੈ। ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਸ਼ਹੀਦੀ ਦਿਹਾੜਾ ਮਨਾਉਣ ਲਈ 14 ਜੂਨ ਨੂੰ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਜਾ ਰਿਹਾ ਹੈ, ਜੋ 23 ਜੂਨ ਨੂੰ ਪਰਤੇਗਾ। ਇਸ ਦੀ ਪੁਸ਼ਟੀ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਆਖਿਆ ਕਿ ਸ਼ਹੀਦੀ ਦਿਹਾੜੇ ਦੀਆਂ ਤਰੀਕਾਂ ਵਿੱਚ ਅੰਤਰ ਹੋਣ ਕਾਰਨ ਪਾਕਿਸਤਾਨੀ ਸਫ਼ਾਰਤਖਾਨੇ ਵਲੋਂ 14 ਜੂਨ ਵਾਸਤੇ ਵੀਜ਼ੇ ਦਿੱਤੇ ਜਾ ਰਹੇ ਸਨ ਪਰ ਸ਼੍ਰੋਮਣੀ ਕਮੇਟੀ ਵੱਲੋਂ ਇਹ ਸ਼ਹੀਦੀ ਦਿਹਾੜਾ ਸ੍ਰੀ ਅਕਾਲ ਤਖਤ ਦੇ ਆਦੇਸ਼ਾਂ ਮੁਤਾਬਕ 7 ਜੂਨ ਨੂੰ ਮਨਾਇਆ ਗਿਆ ਹੈ ਅਤੇ ਉਸ ਮੁਤਾਬਕ ਹੀ ਵੀਜ਼ੇ ਮੰਗੇ ਗਏ ਸਨ। ਇਸ ਮੁਤਾਬਕ ਵੀਜ਼ੇ ਨਾ ਮਿਲਣ ’ਤੇ ਸ਼੍ਰੋਮਣੀ ਕਮੇਟੀ ਨੇ ਸਿੱਖ ਸ਼ਰਧਾਲੂਆਂ ਦਾ ਜੱਥਾ ਨਾ ਭੇਜਣ ਦਾ ਫੈਸਲਾ ਕੀਤਾ ਹੈ। ਹੁਣ ਸ਼੍ਰੋਮਣੀ ਕਮੇਟੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ 29 ਜੂਨ ਨੂੰ ਆ ਰਹੀ ਬਰਸੀ ’ਤੇ 27 ਜੂਨ ਨੂੰ ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਭੇਜਿਆ ਜਾਵੇਗਾ। ਇਸ ਦੌਰਾਨ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਫਿਰੋਜ਼ਪੁਰ ਦੇ ਮੁਖੀ ਹਰਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਸਮੇਤ ਤਿੰਨ ਸਿੱਖ ਜਥੇਬੰਦੀਆਂ ਦੇ ਲਗਪਗ 130 ਸ਼ਰਧਾਲੂਆਂ ਨੂੰ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ 14 ਜੂਨ ਤੋਂ 23 ਜੂਨ ਤਕ ਪਾਕਿਸਤਾਨ ਜਾਣ ਵਾਸਤੇ ਵੀਜ਼ੇ ਮਿਲੇ ਹਨ। ਜਥੇਬੰਦੀ ਦੇ ਲਗਪਗ 50 ਸ਼ਰਧਾਲੂਆਂ ਨੇ ਵੀਜ਼ੇ ਲਈ ਪਾਸਪੋਰਟ ਦਿੱਤੇ ਹੋਏ ਹਨ।

ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਸਾਹਮਣੇ ਸੜੀਆਂ ਦੁੁਕਾਨਾ

ਸ੍ਰੀ ਆਨੰਦਪੁਰ ਸਾਹਿਬ, ਜੂਨ 2019-(ਗਿਆਨੀ ਹਾਕਮ ਸਿੰਘ /ਗੁਰਵਿੰਦਰ ਸਿੰਘ)- ਖਿਡੌਣੇ ਤੇ ਪ੍ਰਸ਼ਾਦ ਵੇਚ ਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਣ ਵਾਲੇ ਦਰਜਨਾਂ ਦੁਕਾਨਦਾਰਾਂ ਵਾਸਤੇ ਸੱਤ ਜੂਨ ਦੀ ਸਵੇਰ ਉਦੋਂ ਕਹਿਰ ਬਣ ਕੇ ਆਈ ਜਦੋਂ ਤਖ਼ਤ ਕੇਸਗੜ੍ਹ ਸਾਹਿਬ ਦੇ ਸਾਹਮਣੇ ਬਣੀਆਂ ਦਰਜਨਾਂ ਦੁਕਾਨਾਂ, ਅੱਧੀ ਦਰਜਨ ਤੋਂ ਵੱਧ ਛੋਟੇ-ਵੱਡੇ ਵਾਹਨ, ਲੱਖਾਂ ਰੁਪਏ ਦੀ ਨਕਦੀ, ਲੈਪਟਾਪ ਸਣੇ ਕਰੋੜਾਂ ਰੁਪਏ ਦਾ ਸਾਮਾਨ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਿਆ।
ਹਾਲਾਂਕਿ ਅੱਗ ਲੱਗਣ ਦੇ ਅਸਲੀ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਮੁੱਢਲੇ ਤੌਰ ’ਤੇ ਅੱਗ ਸ਼ਾਰਟ ਸਰਕਟ ਹੋਣ ਕਾਰਨ ਲੱਗੀ ਹੋਣ ਬਾਰੇ ਪਤਾ ਲੱਗਾ ਹੈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅੱਗ ਸਵੇਰੇ 3.08 ਵਜੇ ਲੱਗੀ। ਫਾਇਰ ਬ੍ਰਿਗੇਡ ਦੇ ਪਹੁੰਚਣ ਵਿੱਚ ਦੇਰ ਹੋ ਜਾਣ ਕਾਰਨ ਸ਼੍ਰੋਮਣੀ ਕਮੇਟੀ ਦੇ ਠੇਕੇਦਾਰ ਅਧੀਨ ਲੱਗੀਆਂ 29 ਆਰਜ਼ੀ ਦੁਕਾਨਾਂ ਅਤੇ ਨਗਰ ਕੌਂਸਲ ਸ੍ਰੀ ਆਨੰਦਪੁਰ ਸਾਹਿਬ ਦੇ ਅਧੀਨ ਆਉਂਦੀਆਂ 22 ਆਰਜ਼ੀ ੁਕਾਨਾਂ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਈਆਂ। ਇਸ ਤੋਂ ਪਹਿਲਾਂ ਪੰਜਾਬ ਪੁਲੀਸ ਦੇ ਜਵਾਨਾਂ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਸਣੇ ਸਥਾਨਕ ਨਿਵਾਸੀਆਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਦੁਕਾਨਾਂ ਵਿੱਚ ਸੁੱਤੇ ਪਏ ਲੋਕਾਂ ਨੂੰ ਜਗਾਇਆ, ਜਿਸ ਕਰਕੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਇਸ ਦੌਰਾਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚ ਗਈਆਂ ਅਤੇ ਉਨ੍ਹਾਂ ਤੁਰੰਤ ਹੀ ਅੱਗ ਉੱਤੇ ਕਾਬੂ ਪਾ ਲਿਆ। ਆਪਣੇ ਨੁਕਸਾਨ ਬਾਰੇ ਜਾਣਕਾਰੀ ਦਿੰਦਿਆਂ ਦੁਕਾਨਦਾਰਾਂ ਜਿਨ੍ਹਾਂ ਵਿੱਚ ਹਰਪ੍ਰੀਤ ਹੈਪੀ ਪੁੱਤਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਦੇਰ ਰਾਤ ਹੀ ਕਰੀਬ 3 ਲੱਖ ਰੁਪਏ ਦਾ ਮਾਲ ਲੈ ਕੇ ਆਏ ਸਨ ਤੇ ਤੜਕਸਾਰ ਉਨ੍ਹਾਂ ਦਾ ਸਾਰਾ ਸਾਮਾਨ ਸੜ ਗਿਆ ਤੇ ਕਰੀਬ 10-15 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਸੇ ਤਰ੍ਹਾਂ ਰੀਛੂ ਨੇ ਦੱਸਿਆ ਕਿ ਉਸ ਦੀ 80 ਫੁੱਟ ਲੰਬੀ ਦੁਕਾਨ ਸੀ ਜੋ ਕਿ ਉਸ ਨੇ ਸਾਲਾਨਾ 30 ਲੱਖ ਰੁਪਏ ਕਿਰਾਏ ਉੱਤੇ ਲਈ ਹੋਈ ਸੀ ਪਰ ਅੱਗ ਲੱਗਣ ਨਾਲ ਉਸ ਦਾ 2 ਲੱਖ ਰਪਏ ਨਕਦ, ਲੈਪਟਾਪ ਸਣੇ ਸਮੁੱਚੀ ਦੁਕਾਨ ਅਤੇ ਸਾਮਾਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਹੈ। ਉਸਨੇ ਦੱਸਿਆ ਕਿ ਉਸਦੇ ਸਾਥੀ ਦੀ ਦੁਕਾਨ ਜੋ ਕਿ ਬੇਗੋਵਾਲ ਤੋਂ ਮੇਲਾ ਲਗਾ ਕੇ ਆਏ ਸਨ ਦੀ 2 ਲੱਖ 60 ਹਜ਼ਾਰ ਰੁਪਏ ਦੀ ਨਗਦੀ ਅਤੇ ਸਾਰਾ ਸਾਮਾਨ ਸੜ ਗਿਆ ਹੈ। ਪੁਲੀਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਲੱਗਣ ਦੇ ਨਾਲ ਦੀਦਾਰ ਸਿੰਘ ਪੁੱਤਰ ਅਤਰ ਸਿੰਘ ਨਿਵਾਸੀ ਇੰਦਰਾ ਕਲੋਨੀ ਝਿੱਲ ਰੋਡ ਪਟਿਆਲਾ ਦਾ ਮੈਕਸੀ ਟਰੱਕ ਨੰਬਰ ਪੀਬੀ-11ਬੀ ਯੂ-1182, ਠੇਕੇਦਾਰ ਕੁਲਵੰਤ ਸਿੰਘ ਦੇ ਦੋ ਟਿੱਪਰ, ਰਜਿੰਦਰ ਕੁਮਾਰ ਕੋਟਕਪੂਰਾ ਅਤੇ ਅਰਮਿੰਦਰ ਸਿੰਘ ਸ੍ਰੀ ਆਨੰਦਪੁਰ ਸਾਹਿਬ ਦਾ ਇੱਕ-ਇੱਕ ਐਕਟਿਵਾ, ਆਗਿਆਪਾਲ ਸਿੰਘ ਨਿਵਾਸੀ ਸ੍ਰੀ ਆਨੰਦਪੁਰ ਸਾਹਿਬ ਦੀ ਮਾਰੂਤੀ ਕਾਰ, ਰਵਿੰਦਰ ਪਾਲ ਸਿੰਘ ਸ੍ਰੀ ਆਨੰਦਪੁਰ ਸਾਹਿਬ ਦੀ ਇੰਡੀਗੋ ਕਾਰ ਸੜ ਗਈਆਂ ਹਨ।

ਜਗਰਾਓ ਦੇ ਨੌਜਵਾਨ ਨੇ ਐਮ. ਪੀ. ਭਗਵੰਤ ਮਾਨ ਨੂੰ ਲਿਖੀ ਖੂਨ ਨਾਲ ਚਿੱਠੀ!

ਜਗਰਾਉਂ (ਮਨਜਿੰਦਰ ਗਿੱਲ) ਬੀਤੇ ਦਿਨੀ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਆਏ ਨਤੀਜਿਆਾਂ ਤੋਂ ਭਾਵੇਂ ਹਰੇਕ ਪੰਜਾਬ ਪਸੰਦ ਵਰਗ ਦੇ ਲੋਕ ਦੁੱਖੀ ਹੋਏ ਜਾਪਦੇ ਹਨ ਅਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੀਡਰਾਂ ਨੂੰ ਇਕ ਝੰਡੇ ਥੱਲੇ ਲੀਡਰਾ ਨੂੰ ਇਕ ਝੰਡੇ ਥੱਲੇ ਇਕੱਠਾ ਦੇਖਣ ਨੂੰ ਪੂਰੀ ਤਰਾਂ ਉਤਾਵਲੇ ਹਨ। ਇਸੇ ਤਹਿਤ ਜਗਰਾਓ ਦੇ ਨੌਜਵਾਨ ਸੁੱਖ ਜਗਰਾੳ ਨੇ ਅੱੈਮ. ਪੀ ਭਗਵੰਤ ਮਾਨ ਨੂੰ ਆਪਣੇ ਖੂਨ ਨਾਲ ਇਕ ਚਿੱਠੀ 'ਚ ੱਿਲਖਿਆ ਕਿ ਗਰਕ ਰਹੇ ਪੰਜਾਬ ਨੂੰ ਬਚਾਉਣ ਲਈ ਭਗਵੰਤ ਮਾਨ ਨੂੰ ਉਨ੍ਹਾ ਸਾਰੇ ਲੋਕਾ ਨੂੰ ਇਕੱਠੇ ਕਰਨਾ ਚਾਹੀਦਾ ਹੈ ਜੋ ਸੱਚੇ ਦਿਲੋਂ ਪੰਜਾਬ ਲਈ ਫਿਕਰਮੰਦ ਹਨ। ਪੰਜਾਬ ਦੀ ਮਰ ਰਹੀ ਜਵਾਨੀ ਦਾ ਵਾਸਤਾ ਪਾਉਂਦੇ ਹੋਏ ਕਿਹਾ ਕਿ ਤੁਸੀ ਆਪਸੀ ਖਹਿਬਾਜ਼ੀਆ ਵਿੱਚ ਪੰਜਾਬ ਦਾ ਨੁਕਸਾਨ ਨਾ ਕਰੋ। ਸਾਰਿਆਂ ਦੇ ਮਨਾਂ ਵਿੱਚ ਅਹੁਦਿਆ ਦਾ ਲਾਲਚ ਆਉਣ ਕਰਕੇ ਹੀ ਆ ਰਿਹਾ ਇਨਕਲਾਬ ਠੰਡੇ ਬਸਤੇ 'ਚ ਪੈ ਗਿਆ ਸੀ। ਸੱੁਖ ਨੇ ਭਗਵੰਤ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਕਿਸੇ ਵੀ ਅਹੁਦੇ ਦੀ ਲਾਲਸਾ ਛੱਡ ਕੇ ਆਪਣੀ ਜ਼ਿੰਦਗੀ ਦੇ 3 ਹੋਰ ਸਾਲ ਪੰਜਾਬ ਦੇ ਨਾਂ ਕਰ ਦੇਣ ਤੇ ਅੱਜ ਤੋਂ ਹੀ ਜੁਟ ਜਾਣ ਲੋਕਾ ਨੂੰ ਜਗਾਉਣ ਲਈ । ਉਨਾਂ ਭਗਵੰਤ ਮਾਨ ਨੂੰ ਬੇਨਤੀ ਕੀਤੀ ਕਿ ਉਹ ਨਵਜੋਤ ਸਿੱਧੂ, ਸੁਖਪਾਲ ਖਹਿਰਾ, ਭੈਸ ਭਰਾਂ, ਸੁੱਚਾ ਸਿੰਘ ਛੋਟੇਪੁਰ, ਡਾ. ਗਾਧੀ, ਜੱਸੀ ਜਸਰਾਜ, ਗੁਰਪ੍ਰੀਤ ਘੱੁਗੀ, ਲੱਖਾ ਸਿਧਾਣਾ ਅਤੇ ਹੋਰ ਵੀ ਪੰਜਾਬ ਨੂੰ ਪਿਆਰ ਕਰਨ ਵਾਲੇ ਤੇ ਸੋਸ਼ਲ ਮੀਡੀਆ ਤੇ ਸਮਾਜ ਸੇਵਾ ਕਰਨ ਵਾਲੇ ਅਣਖੀ ਤੇ ਪੰਜਾਬ ਦੀ ਗੱਲ ਕਰਨ ਵਾਲੇ ਸਾਰੇ ਲੋਕਾ ਨੂੰ ਇਕੱਠੇ ਕਰਨ ਤੇ ਇਕ ਮੰਚ ਤੇ ਲਿਆਉਣ।  ਉਹਨਾ ਭਗਵੰਤ ਮਾਨ ਨੂੰ ਇਹ ਵੀ ਕਿਹਾ ਕਿ ਉਹ ਆਮ ਆਦਮੀ ਪਾਰਟੀ ਕਰਕੇ ਨਹੀ ਜਿੱਤਿਆ ਕਿਉਂਕਿ ਆਪ ਨੂੰ ਪੁਰੇ ਦੇਸ਼ ਚੋਂ ਇਕ ਸੀਟ ਨਹੀ ਮਿਲੀ, ਬਲਕਿ ਭਗਵੰਤ ਮਾਨ ਨੂੰ ਲੋਕ ਚਾਹੁੰਦੇ ਹਨ, ਉਸ ਨੂੰ ਪਿਆਰ ਕਰਦੇ ਹਨ, ਸੋ ਤਾਂ ਹੀ ਉਸ ਦੀ ਜਿੱਤ ਹੋਈ ਹੈ। ਹੁਣ ਭਗਵੰਤ ਮਾਨ ਨੂੰ ਪੰਜਾਬ ਦੇ ਲੋਕਾਂ ਦੇ ਜਜ਼ਬਾਤਾਂ ਦੀ ਕਦਰ ਕਰਦੇ ਹੋਏ ਸਾਰੇ ਪੰਜਾਬ ਪ੍ਰੇਮੀਆਂ ਨੂੰ ਇਕੱਠੇ ਕਰਨਾ ਚਾਹੀਦਾ ਹੈ।  ਉਨਾਂ ਚਿੱਠੀ ਵਿੱਚ ਇਹ ਵੀ ਲਿਿਖਆ ਕਿ ਜੇ ਸਿੱਧੂ ਜੋੜਾ ਤੁਹਾਡੇ ਨਾਲ ਆਉਂਦਾ ੈ ਤਾਂ ਨਵਜੋਤ ਕੌਰ ਸਿੱਧੂ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਪੇਸ ਕਰ ਦੇਣ। ਅਖੀਰ 'ਚ ਉਹਨਾਂ ਲਿਿਖਆ ਕਿ ਜੇ ਭਗਵੰਤ ਮਾਨ ਅਜਿਹਾ ਕਰਨ 'ਚ ਕਾਮਜ਼ਾਬ ਹੋ ਗਿਆ ਤਾਂ ਸੁੱਖ ਜਗਰਾਉਂ ਉਸ ਦੀ ਪੂਜਾ ਰੱਬ ਮੰਨ ਕੇ ਕਰੇਗਾ।ਹੁਣ ਦੇਖਣਾ ਹੋਵੇਗਾ ਕਿ ਭਗਵੰਤ ਇਸ ਖੂਨ ਨਾਲ ਲਿਖੀ ਚਿੱਠੀ ਦਾ ਕੀ ਜਵਾਬ ਦੇਣਗੇ? 

ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਹੀਦਾਂ ਦੀ ਯਾਦ ਵਿਚ ਅਰਦਾਸ ਬੇਨਤੀ

ਜੱਥੇਦਾਰ ਗਿਆਨੀ ਹਰਦੀਪ ਸਿੰਘ ਜੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਸੰਦੇਸ਼ ਜਾਰੀ ਕੀਤਾ

 

ਮੁਤਵਾਜੀ ਜਥੇਦਾਰਾਂ ਵਲੋਂ ਆਪੋ-ਆਪਣੇ ਸੰਦੇਸ਼ ਜਾਰੀ

 

ਲੱਥੀਆਂ ਦਸਤਾਰ, ਲੀਡਰਾਂ ਵਲੋਂ ਕੌਮ ਨੂੰ ਹਲੂਣਾ

 

ਅੰਮ੍ਰਿਤਸਰ, ਜੂਨ 2019 -(ਗੁਰਦੇਵ ਸਿੰਘ ਗਾਲਿਬ)- ਜੂਨ 1984 ਦੇ ਸਾਕਾ ਨੀਲਾ ਤਾਰਾ ਫੌਜੀ ਹਮਲੇ ਵਿਚ ਮਾਰੇ ਗਏ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਸਮਾਗਮ ਮੌਕੇ ਅੱਜ ਅਕਾਲ ਤਖਤ ਵਿਖੇ ਅਰਦਾਸ ਦਿਵਸ ਮਨਾਇਆ ਗਿਆ। ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਮੁੱਚੀ ਕੌਮ ਨੂੰ ਇਕਜੁਟ ਹੋਣ ਅਤੇ ਸਿੱਖ ਨੌਜਵਾਨ ਪੀੜ੍ਹੀ ਨੂੰ ਵਿਦਿਆ ਨਾਲ ਜੁੜਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਗਰਮਖਿਆਲੀ ਕਾਰਕੁਨਾਂ ਨੇ ਖਾਲਿਸਤਾਨ ਪੱਖੀ ਨਾਅਰੇਬਾਜ਼ੀ ਕੀਤੀ, ਹਵਾ ਵਿਚ ਕਿਰਪਾਨਾਂ ਲਹਿਰਾਈਆਂ ਅਤੇ ਧੱਕਾ-ਮੁੱਕੀ ਦੌਰਾਨ ਦਸਤਾਰ ਦੀ ਬੇਅਦਬੀ ਵੀ ਹੋਈ।
ਸ਼ਹੀਦੀ ਸਮਾਗਮ ਦੇ ਸਬੰਧ ਵਿਚ ਸਵੇਰ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਕਾਲ ਤਖ਼ਤ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਗੁਰਬਾਣੀ ਦਾ ਕੀਰਤਨ ਹੋਇਆ। ਅਰਦਾਸ ਤੇ ਹੁਕਮਨਾਮੇ ਮਗਰੋਂ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ। ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ। ਸ਼ਹੀਦੀ ਸਮਾਗਮ ਸਮਾਪਤ ਹੋਣ ਤੋਂ ਬਾਅਦ ਜਿਉਂ ਹੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਕਾਲ ਤਖ਼ਤ ਤੋਂ ਬਾਹਰ ਆਏ ਤਾਂ ਗਰਮਖਿਆਲੀਆਂ ਨੇ ਖਾਲਿਸਤਾਨ ਦੇ ਹੱਕ ਵਿਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਨਾਅਰਿਆਂ ਦੀ ਗੂੰਜ ਵਧਣ ’ਤੇ ਪ੍ਰਬੰਧਕਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਚੱਲ ਰਹੇ ਕੀਰਤਨ ਦੀ ਆਵਾਜ਼ ਉੱਚੀ ਕਰ ਦਿੱਤੀ, ਜਿਸ ਨਾਲ ਨਾਅਰਿਆਂ ਦੀ ਆਵਾਜ਼ ਦਬ ਗਈ। ਇਸ ਦੌਰਾਨ ਅਕਾਲ ਤਖ਼ਤ ਨੇੜੇ ਸਿਮਰਨਜੀਤ ਸਿੰਘ ਮਾਨ, ਜੋ ਆਪਣਾ ਮਾਈਕ ਤੇ ਸਪੀਕਰ ਨਾਲ ਲੈ ਕੇ ਆਏ ਸਨ, ਨੇ ਸੰਬੋਧਨ ਕਰਨਾ ਸ਼ੁਰੂ ਕੀਤਾ ਪਰ ਕੀਰਤਨ ਦੀ ਉੱਚੀ ਆਵਾਜ਼ ਕਾਰਨ ਉਨ੍ਹਾਂ ਦੀ ਕੋਈ ਗੱਲ ਸੁਣਾਈ ਨਹੀਂ ਦਿੱਤੀ। ਰੋਸ ਵਜੋਂ ਕੁਝ ਨੌਜਵਾਨਾਂ ਨੇ ਅਕਾਲ ਤਖ਼ਤ ਨੇੜੇ ਲਾਏ ਗਏ ਸਪੀਕਰਾਂ ਦੀ ਤਾਰ ਕੱਟ ਦਿੱਤੀ, ਜਿਸ ਨਾਲ ਕੀਰਤਨ ਦੀ ਆਵਾਜ਼ ਸੁਣਨੀ ਬੰਦ ਹੋ ਗਈ। ਸ੍ਰੀ ਮਾਨ ਨੇ ਸੰਬੋਧਨ ਤਾਂ ਕੀਤਾ ਪਰ ਨਾਅਰੇਬਾਜ਼ੀ ਕਾਰਨ ਲੋਕ ਉਨ੍ਹਾਂ ਦੀ ਗੱਲ ਸੁਣ ਨਹੀਂ ਸਕੇ। ਇਸ ਦੌਰਾਨ ਅਕਾਲ ਤਖ਼ਤ ਦੇ ਹੇਠਾਂ ਬੈਠੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਵੀ ਸੰਬੋਧਨ ਕਰਨ ਦਾ ਯਤਨ ਕੀਤਾ ਤਾਂ ਉੱਥੇ ਬੈਠੇ ਸ਼੍ਰੋਮਣੀ ਕਮੇਟੀ ਕਰਮਚਾਰੀਆਂ ਨੇ ਰੋਕਿਆ। ਇਸ ’ਤੇ ਉਨ੍ਹਾਂ ਦੇ ਸਮਰਥਕ ਰੋਹ ਵਿਚ ਆ ਗਏ ਅਤੇ ਉਨ੍ਹਾਂ ਨੇ ਭੀੜ ਨੂੰ ਰੋਕਣ ਲਈ ਸ਼੍ਰੋਮਣੀ ਕਮੇਟੀ ਵਲੋਂ ਲਾਈਆਂ ਰੋਕਾਂ ਉਖਾੜ ਦਿੱਤੀਆਂ। ਸਾਦੇ ਕੱਪੜਿਆਂ ਵਿਚ ਤਾਇਨਾਤ ਪੁਲੀਸ ਅਧਿਕਾਰੀ ਨੇ ਭੜਕੇ ਲੋਕਾਂ ਨੂੰ ਸਮਝਾਉਣ ਦਾ ਯਤਨ ਵੀ ਕੀਤਾ ਪਰ ਰੋਹ ਵਿਚ ਆਏ ਲੋਕਾਂ ਨੇ ਅਗਾਂਹ ਵਧਣ ਦੌਰਾਨ ਧੱਕਾ-ਮੁੱਕੀ ਕੀਤੀ, ਜਿਸ ਕਾਰਨ ਵਿਅਕਤੀ ਦੀ ਦਸਤਾਰ ਉਤਰ ਗਈ ਅਤੇ ਕਈ ਹੇਠਾਂ ਵੀ ਡਿੱਗੇ। ਇਸ ਮੌਕੇ ਸ਼੍ਰੋਮਣੀ ਕਮੇਟੀ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ ਗਈ। ਨਾਅਰੇਬਾਜ਼ੀ ਕਰਨ ਵਾਲਿਆਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ, ਢਹਿ-ਢੇਰੀ ਹੋਏ ਅਕਾਲ ਤਖ਼ਤ ਦੀਆਂ ਤਸਵੀਰਾਂ ਆਦਿ ਦੇ ਬੈਨਰ ਚੁੱਕੇ ਹੋਏ ਸਨ। ਗਰਮਖਿਆਲੀਆਂ ਵਲੋਂ ਕੁਝ ਕਿਤਾਬਚੇ ਵੀ ਵੰਡੇ ਗਏ। ਇਹ ਨਾਅਰੇਬਾਜ਼ੀ ਲਗਭਗ ਘੰਟਾ ਜਾਰੀ ਰਹੀ।

ਸਮਾਗਮ ਦੀ ਸਮਾਪਤੀ ਉਪਰੰਤ ਗਿਆਨੀ ਹਰਪ੍ਰੀਤ ਸਿੰਘ ਨੇ ਸਕੱਤਰੇਤ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਸਿੱਖ ਸੰਗਤ ਨੂੰ ਮਿਲ ਬੈਠ ਕੇ ਆਪਸੀ ਗੱਲਬਾਤ ਰਾਹੀਂ ਗਿਲੇ-ਸ਼ਿਕਵੇ ਦੂਰ ਕਰਨ ਅਤੇ ਇਕਜੁਟਤਾ ਕਾਇਮ ਕਰਨ ਦੀ ਰਵਾਇਤ ਨੂੰ ਕਾਇਮ ਕਰਨ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਸਮੂਹ ਸਿੱਖ ਸੰਸਦ ਮੈਂਬਰਾਂ ਨੂੰ ਆਖਣਗੇ ਕਿ ਆਉਂਦੇ ਸੰਸਦ ਇਜਲਾਸ ਵਿਚ ਸਾਕਾ ਨੀਲਾ ਤਾਰਾ ਫੌਜੀ ਹਮਲੇ ਖ਼ਿਲਾਫ਼ ਮੁਆਫ਼ੀ ਦਾ ਮਤਾ ਲੈ ਕੇ ਜਾਣ ਅਤੇ ਸਰਕਾਰ ’ਤੇ ਮੁਆਫ਼ੀ ਮਤਾ ਪਾਸ ਕਰਨ ਲਈ ਦਬਾਅ ਪਾਉਣ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਸ ਦਿਹਾੜੇ ਮੌਕੇ ਸਿੱਖਾਂ ਦੇ ਅੱਲ੍ਹੇ ਜ਼ਖ਼ਮ ਰਿਸਣ ਲੱਗ ਪੈਂਦੇ ਹਨ ਪਰ ਇਸ ਦਿਹਾੜੇ ’ਤੇ ਉਤੇਜਨਾ ਠੀਕ ਨਹੀਂ ਹੈ ਕਿਉਂਕਿ ਇਸ ਨਾਲ ਸ਼ਹੀਦਾਂ ਦੇ ਪਰਿਵਾਰਾਂ ਦੇ ਮਨਾਂ ਨੂੰ ਠੇਸ ਪੁਜਦੀ ਹੈ। ਸਮਾਗਮ ਵਿਚ ਸ਼ਰਧਾਂਜਲੀ ਦੇਣ ਆਏ ਸਿੱਖ ਆਗੂਆਂ ਵਿਚ ਸ਼੍ਰੋਮਣੀ ਕਮੇਟੀ ਮੈਂਬਰ, ਅਧਿਕਾਰੀਆਂ ਤੋਂ ਇਲਾਵਾ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ, ਗ੍ਰੰਥੀ ਗਿਆਨੀ ਸੁਖਜਿੰਦਰ ਸਿੰਘ, ਗਿਆਨੀ ਗੁਰਮੁਖ ਸਿੰਘ, ਸਿਮਰਨਜੀਤ ਸਿੰਘ ਮਾਨ ਆਦਿ ਸ਼ਾਮਲ ਸਨ।

 

 ਮੁਤਵਾਜੀ ਜਥੇਦਾਰਾਂ ਵਲੋਂ ਆਪੋ-ਆਪਣੇ ਸੰਦੇਸ਼ ਜਾਰੀ

ਅੱਜ ਪਹਿਲੀ ਵਾਰ ਸ਼ਹੀਦੀ ਦਿਵਸ ਮੌਕੇ ਅਕਾਲ ਤਖ਼ਤ ਨੇੜੇ ਤਿੰਨ ਜਥੇਦਾਰਾਂ ਵਲੋਂ ਸੰਦੇਸ਼ ਜਾਰੀ ਕੀਤੇ ਗਏ ਹਨ। ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਤੋਂ ਇਲਾਵਾ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਜੇਲ੍ਹ ਵਿਚ ਬੰਦ ਜਗਤਾਰ ਸਿੰਘ ਹਵਾਰਾ ਦਾ ਸੰਦੇਸ਼ ਜਾਰੀ ਕੀਤਾ ਗਿਆ। ਮੀਡੀਆ ਨੂੰ ਜਾਰੀ ਕੀਤੇ ਸੰਦੇਸ਼ ਵਿਚ ਭਾਈ ਮੰਡ ਨੇ ਕਿਹਾ ਕਿ ਸਿੱਖ ਕੌਮ ਸ਼ਹੀਦਾਂ ਦੇ ਡੁੱਲ੍ਹੇ ਖੂਨ ’ਤੇ ਪਹਿਰਾ ਦਿੰਦੀ ਰਹੇਗੀ ਅਤੇ ਅਧੂਰੇ ਪਏ ਧਰਮ ਯੁੱਧ ਦੀ ਜਿੱਤ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਜੇਲ੍ਹ ਵਿਚ ਬੰਦ ਜਗਤਾਰ ਸਿੰਘ ਹਵਾਰਾ ਦਾ ਸੰਦੇਸ਼ ਬਾਪੂ ਗੁਰਚਰਨ ਸਿੰਘ ਨੇ ਅਕਾਲ ਤਖਤ ਨੇੜੇ ਪੜ੍ਹਿਆ। ਉਨ੍ਹਾਂ ਕਿਹਾ ਕਿ ਘੱਲੂਘਾਰੇ ਦੀ ਯਾਦ ਨੂੰ ਮਨਾਉਂਦੇ ਹੋਏ ਕੌਮੀ ਸੰਘਰਸ਼ ਨੂੰ ਅੱਗੇ ਵਧਾਉਣ ਲਈ ਨਿਰੰਤਰ ਯਤਨਸ਼ੀਲ ਰਹਿਣ ਦੀ ਲੋੜ ਹੈ। ਉਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਵਿਰੁੱਧ ਅਤੇ ਸਤਿਕਾਰ ਨੂੰ ਕਾਇਮ ਰੱਖਣ ਲਈ ਇਕਜੁਟ ਹੋਣ ਦੀ ਅਪੀਲ ਕੀਤੀ ਹੈ।

ਕਕਾਰਾਂ ਦੀ ਬੇਅਦਬੀ ਸਬੰਧੀ ਧਾਰਾ ਲਗਾਉਣ ਦੀ ਮੰਗ

ਨਿਹਾਲ ਸਿੰਘ ਵਾਲਾ,  ਜੂਨ 2019  ਬੀਤੇ ਦਿਨੀਂ ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਣੂੰਕੇ ਦੀ 62 ਸਾਲਾ ਅੰਮ੍ਰਿਤਧਾਰੀ ਔਰਤ ਨੂੰ ਉਸ ਦੇ ਆਪਣਿਆਂ ਵੱਲੋਂ ਹੀ ਨਿਰਵਸਤਰ ਕਰਨ ਅਤੇ ਕਥਿਤ ਰੂਪ ਵਿੱਚ ਵੀਡੀਓ ਬਣਾਈ ਗਈ ਸੀ। ਸਿੱਖ ਜਥੇਬੰਦੀਆਂ ਨੇ ਅੰਮ੍ਰਿਤਧਾਰੀ ਔਰਤ ਦੇ ਮਾਮਲੇ ਵਿੱਚ ਕਕਾਰਾਂ ਦੀ ਬੇਅਦਬੀ ਦੀ ਧਾਰਾ ਸ਼ਾਮਲ ਕਰਵਾਉਣ ਲਈ ਸੰਘਰਸ਼ ਦੀ ਚੇਤਾਵਨੀ ਦਿੱਤੀ ਹੈ। ਪਿੰਡ ਮਾਣੂੰਕੇ ਦੀ 62 ਸਾਲਾ ਬਜ਼ੁਰਗ ਅੰਮ੍ਰਿਤਧਾਰੀ ਔਰਤ ਦੇ ਪਤੀ ਦੇ ਭਰਾ, ਭਰਜਾਈ, ਭੈਣ ਆਦਿ ਅੱਠ ਵਿਅਕਤੀਆਂ ਨੇ ਵਿਰਾਸਤੀ ਪੈਲੀ ਹੜੱਪਣ ਲਈ ਬਜ਼ੁਰਗ ਮਾਤਾ ਨੂੰ ਕੁੱਟਮਾਰ ਕਰਦਿਆਂ ਖਿੱਚ-ਧੂਹ ਕੀਤੀ ਤੇ ਨਿਰਵਸਤਰ ਕਰਕੇ ਵੀਡੀਓ ਬਣਾਈ। ਇਸ ਸ਼ਰਮਨਾਕ ਘਟਨਾ ਬਾਰੇ ਸਿੱਖ ਜਥੇਬੰਦੀਆਂ ਤੇ ਹੋਰ ਲੋਕਾਂ ਨੂੰ ਪਤਾ ਲੱਗਣ ’ਤੇ ਰੋਸ ਦੀ ਲਹਿਰ ਫ਼ੈਲ ਗਈ। ਪੁਲੀਸ ਨੇ ਪ੍ਰੀਤਮ ਕੌਰ ਦੇ ਬਿਆਨਾਂ ’ਤੇ ਅੱਠ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਸੀ। ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਮੱਖਣ ਸਿੰਘ ਖਾਲਸਾ, ਮੰਗਲ ਸਿੰਘ ਭੋਡੀਪੁਰਾ, ਵਜੀਰ ਸਿੰਘ ਕੋਇਰ ਸਿੰਘ ਵਾਲਾ ਨੇ ਨਵ ਨਿਯੁਕਤ ਥਾਣਾ ਮੁਖੀ ਨੂੰ ਮਿਲੇ ਅਤੇ ਦੋਸ਼ੀਆਂ ਖ਼ਿਲਾਫ਼ ਕੇਸ ਕਕਾਰਾਂ ਦੀ ਬੇਅਦਬੀ ਕਰਨ ਵਾਲੀ ਧਾਰਾ 295 ਲਗਾਉਣ ਲਈ ਮਹਿਕਮੇਂ ਵੱਲੋਂ ਢਿੱਲ ਮੱਠ ਕਰਨ ’ਤੇ ਸਖਤ ਕਾਰਵਾਈ ਕਰਵਾਉਣ ਲਈ ਦੋ ਦਿਨ ਦਾ ਸਮਾਂ ਦੇ ਕੇ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ।

ਝੋਨੇ ਦੀ ਲਵਾਈ ਤੋਂ ਐਨ ਪਹਿਲਾਂ ਨਹਿਰੀ ਪਾਣੀ ਬੰਦ, ਖੇਤ ਤਰਸ,ਸਰਕਾਰੀ ਰਾਖੇ ਬੇਖ਼ਬਰ

ਬਠਿੰਡਾ,  ਜੂਨ 2019- ਬਠਿੰਡਾ ਖ਼ਿੱਤੇ ’ਚ ਨਹਿਰੀ ਪਾਣੀ ਨੂੰ ਖੇਤ ਤਰਸ ਗਏ ਹਨ ਜਦੋਂਕਿ ਖੇਤਾਂ ਦੇ ਸਰਕਾਰੀ ਰਾਖੇ ਇਸ ਤੋਂ ਬੇਖ਼ਬਰ ਹਨ। ਝੋਨੇ ਦੀ ਲਵਾਈ ਤੋਂ ਐਨ ਪਹਿਲਾਂ ਨਹਿਰੀ ਪਾਣੀ ਬੰਦ ਕਰ ਦਿੱਤਾ ਗਿਆ ਹੈ। ਕਿਸਾਨਾਂ ਨੇ ਖੇਤ ਤਿਆਰ ਕਰਨੇ ਸਨ ਤੇ ਸਬਜ਼ੀਆਂ ਤੇ ਹਰੇ ਚਾਰੇ ਲਈ ਪਾਣੀ ਦੀ ਕਿੱਲਤ ਬਣ ਗਈ ਹੈ। ਨਹਿਰ ਮਹਿਕਮੇ ਤੇ ਖੇਤੀ ਮਹਿਕਮੇ ’ਚ ਆਪਸ ’ਚ ਕੋਈ ਤਾਲਮੇਲ ਨਹੀਂ ਜਾਪਦਾ। ਮਾਲਵੇ ’ਚ ਕਿਸਾਨ ਨਹਿਰੀ ਪਾਣੀ ਦਾ ਰੌਲਾ ਪਾ ਰਹੇ ਹਨ ਪਰ ਖੇਤੀ ਮਹਿਕਮਾ ਇਸ ਤੋਂ ਅਣਜਾਣ ਹੈ। ਖੇਤੀ ਮਹਿਕਮਾ ਆਖ ਰਿਹਾ ਹੈ ਕਿ ਕਿਧਰੇ ਨਹਿਰੀ ਪਾਣੀ ਦਾ ਸੰਕਟ ਨਹੀਂ ਹੈ ਜਦੋਂ ਕਿ ਬਠਿੰਡਾ ਨਹਿਰ ਸਣੇ ਕਰੀਬ 96 ਰਜਵਾਹੇ ਤੇ ਮਾਈਨਰਾਂ ਇਸ ਵੇਲੇ ਸੁੱਕੀਆਂ ਪਈਆਂ ਹਨ।
ਬਠਿੰਡਾ ਨਹਿਰ ਮੰਡਲ ਅਧੀਨ ਕਰੀਬ ਸੱਤ ਜ਼ਿਲ੍ਹੇ ਪੈਂਦੇ ਹਨ ਤੇ ਇਸ ਅਧੀਨ ਕੁੱਲ 8.20 ਲੱਖ ਏਕੜ ਰਕਬਾ ਪੈਂਦਾ ਹੈ ਜਿਸ ’ਚੋਂ 6.90 ਲੱਖ ਏਕੜ ਰਕਬਾ ਖੇਤੀ ਅਧੀਨ ਹੈ। ਨਰਮਾ ਪੱਟੀ ’ਚ ਖੇਤੀ ਮਹਿਕਮਾ ਚਾਰ ਲੱਖ ਹੈਕਟੇਅਰ ਰਕਬੇ ਵਿਚ ਨਰਮੇ ਦੀ ਬਿਜਾਂਦ ਹੋਣ ਦਾ ਦਾਅਵਾ ਕਰਦਾ ਹੈ ਜਦੋਂਕਿ ਬਾਕੀ ਰਕਬੇ ’ਚ ਕਿਸਾਨ ਝੋਨਾ ਲਾਉਣ ਦੀ ਤਿਆਰੀ ’ਚ ਹਨ। ਪਿੰਡ ਦਿਆਲਪੁਰਾ ਮਿਰਜ਼ਾ ਦੇ ਤੀਰਥ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਕਿਸਾਨਾਂ ਦੇ ਖੇਤ ਪਾਣੀ ਬਿਨਾਂ ਤਿਹਾਏ ਹਨ ਤੇ ਹਰੇ ਚਾਰੇ ਦੇ ਖੇਤ ਸੁੱਕਣ ਲੱਗੇ ਹਨ। ਉਨ੍ਹਾਂ ਆਖਿਆ ਕਿ ਲੋੜ ਵੇਲੇ ਨਹਿਰ ਮਹਿਕਮਾ ਸਫਾਈ ਦੀ ਮੁਹਿੰਮ ਵਿੱਢ ਲੈਂਦਾ ਹੈ। ਬਠਿੰਡਾ ਨਹਿਰ ’ਚ ਇਸ ਵੇਲੇ ਕਰੀਬ 250 ਕਿਊਸਿਕ ਪਾਣੀ ਚੱਲ ਰਿਹਾ ਹੈ ਜੋ ਪੀਣ ਵਾਲੇ ਪਾਣੀ ਵਾਸਤੇ ਰਾਖਵਾਂ ਹੈ ਜਦੋਂਕਿ ਇਸ ਨਹਿਰ ’ਚ ਗਰਮੀ ਦੇ ਸੀਜਨ ਵਿਚ 2300 ਕਿਊਸਿਕ ਤੱਕ ਪਾਣੀ ਚੱਲਦਾ ਹੈ। ਸ਼ਹਿਰ ਦੇ ਮਾਡਲ ਟਾਊਨ ਦੇ ਫੇਜ਼ ਤਿੰਨ ਦੇ ਬਾਸ਼ਿੰਦੇ ਸਾਬਕਾ ਐਸ.ਡੀ.ਓ ਮਲਕੀਤ ਸਿੰਘ ਦਾ ਕਹਿਣਾ ਸੀ ਕਿ ਫੇਜ ਤਿੰਨ ਦੇ ਇਲਾਕੇ ਵਿਚ ਤਾਂ ਹੁਣ ਸਿਰਫ਼ ਇੱਕ ਘੰਟਾ ਪਾਣੀ ਦਿੱਤਾ ਜਾ ਰਿਹਾ ਹੈ। ਪੇਂਡੂ ਲੋਕਾਂ ਦਾ ਕਹਿਣਾ ਹੈ ਕਿ ਨਹਿਰ ਬੰਦੀ ਜਿਆਦਾ ਦਿਨ ਚੱਲੀ ਤਾਂ ਪੇਂਡੂ ਜਲ ਘਰ ਵੀ ਡਰਾਈ ਹੋ ਜਾਣਗੇ। ਮਾਲਵਾ ਖ਼ਿੱਤੇ ’ਚ ਧਰਤੀ ਹੇਠਲਾ ਪਾਣੀ ਮਾੜਾ ਹੈ ਜਿਸ ਕਰਕੇ ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ ਨਹਿਰੀ ਪਾਣੀ ਦੀ ਲੋੜ ਹੁੰਦੀ ਹੈ। ਮਾਨਸਾ ਡਵੀਜ਼ਨ ’ਚ ਵਿਚ ਇੱਕ ਰਜਵਾਹਾ ਉੱਡਤ ਮੂਸਾ ਸਿੰਘ ਕਰੀਬ ਤਿੰਨ ਚਾਰ ਦਿਨਾਂ ਤੋਂ ਬੰਦ ਹੈ। ਇਸ ਅਧੀਨ ਪੈਂਦੇ ਕਰੀਬ ਦਰਜਨਾਂ ਪਿੰਡਾਂ ਵਿਚ ਨਹਿਰੀ ਪਾਣੀ ਦਾ ਸੰਕਟ ਬਣ ਗਿਆ ਹੈ। ਖੇਤੀ ਸੈਕਟਰ ’ਚ ਨਹਿਰੀ ਪਾਣੀ ਦੀ ਕਮੀ ਕਰਕੇ ਬਿਜਲੀ ਦੀ ਮੰਗ ਵਧ ਗਈ ਹੈ। ਪੰਜਾਬ ਸਰਕਾਰ ਨੇ 13 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕਰਨ ਦਾ ਸਮਾਂ ਦਿੱਤਾ ਹੈ ਤੇ ਉਸ ਦਿਨ ਤੋਂ ਹੀ ਖੇਤਾਂ ਨੂੰ 8 ਘੰਟੇ ਬਿਜਲੀ ਸਪਲਾਈ ਸ਼ੁਰੂ ਹੋਣੀ ਹੈ। ਮਾਲਵੇ ’ਚ ਇਸ ਵੇਲੇ ਤਿਉਣਾ ਰਜਵਾਹਾ, ਰਾਏਕੇ ਫੀਡਰ, ਬਹਿਮਣ, ਬਠਿੰਡਾ, ਭਦੌੜ, ਢਪਾਲੀ, ਫੂਲ ਰਜਬਾਹਾ ਆਦਿ ਤੋਂ ਇਲਾਵਾ 96 ਮਾਈਨਰਾਂ ਤੇ ਰਜਵਾਹੇ ਸੁੱਕੇ ਹਨ। ਕੁਝ ’ਚ ਥੋੜਾ ਪਾਣੀ ਚੱਲ ਵੀ ਰਿਹਾ ਹੈ। ਬਠਿੰਡਾ ਮੰਡਲ ਦੇ ਨਹਿਰੀ ਐਕਸੀਅਨ ਗੁਰਜਿੰਦਰ ਬਾਹੀਆ ਦਾ ਕਹਿਣਾ ਸੀ ਕਿ ਰਜਵਾਹਿਆਂ ’ਚ ਸਫਾਈ ਦਾ ਕੰਮ ਚੱਲ ਰਿਹਾ ਹੈ ਜਿਸ ਕਰਕੇ ਬੰਦੀ ਕੀਤੀ ਗਈ ਹੈ ਅਤੇ 11 ਜੂਨ ਨੂੰ ਪਾਣੀ ਛੱਡ ਦਿੱਤਾ ਜਾਵੇਗਾ।

5 ਲੱਖ ਰੁਪਏ ਵਿਚ ਵਿਕਿਆ ਲੱਖਾਂ ਪੰਜਾਬੀਆਂ ਦਾ ਵਿਸ਼ਵਾਸ , ਜਾਲਮ ਪ੍ਰਸਾਸਨ ਦੀ ਦਾਸਤਾਨ

ਐਕਸ਼ਨ ਕਮੇਟੀ ਫੈਸਲੇ ਦੇ ਨਾਲ ਨਹੀਂ

ਜਸਪਾਲ ਮੌਤ ਮਾਮਲੇ 'ਚ ਮੁੱਖ ਮੁਲਜ਼ਮ ਕਾਬੂ, ਪਰਿਵਾਰ ਲਈ ਸਰਕਾਰ ਦਾ ਵੱਡਾ ਐਲਾਨ

ਫਰੀਦਕੋਟ ( ਜਨ ਸਕਤੀ ਨਿਉਜ ) -ਫਰੀਦਕੋਟ ਪੁਲਸ ਦੀ ਹਿਰਾਸਤ ਵਿਚ ਮਾਰੇ ਗਏ ਜਸਪਾਲ ਸਿੰਘ ਦੇ ਪਰਿਵਾਰ ਵਲੋਂ ਪਿਛਲੇ ਕਈ ਦਿਨਾਂ ਤੋਂ ਲਗਾਇਆ ਗਿਆ ਧਰਨਾ ਸਮਾਪਤ ਕਰ ਲਿਆ ਗਿਆ ਹੈ। ਜਸਪਾਲ ਦੇ ਪਰਿਵਾਰ ਵਲੋਂ ਧਰਨਾ ਸਮਾਪਤ ਕਰਨ ਦਾ ਫੈਸਲਾ ਇਸ ਮਾਮਲੇ ਵਿਚ ਮੁੱਖ ਦੋਸ਼ੀ ਰਣਧੀਰ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਲਿਆ ਗਿਆ ਹੈ। ਪੁਲਸ ਨੇ ਮੁੱਖ ਮੁਲਜ਼ਮ ਰਣਧੀਰ ਸਿੰਘ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਪਰਿਵਾਰ ਨੂੰ 5 ਲੱਖ ਰੁਪਏ ਦੀ ਮਾਲੀ ਮਦਦ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਭਰੋਸਾ ਦਿੱਤਾ ਗਿਆ ਹੈ।  ਦੂਜੇ ਪਾਸੇ ਪਿਛਲੇ ਕਈ ਦਿਨਾਂ ਤੋਂ ਸੰਘਰਸ਼ ਕਰ ਰਹੀ ਐਕਸ਼ਨ ਕਮੇਟੀ ਨੇ ਪਰਿਵਾਰ ਦੇ ਸਮਝੌਤਾ ਕਰਨ ਵਾਲੇ ਫੈਸਲੇ ਤੋਂ ਖੁਦ ਨੂੰ ਵੱਖ ਕਰ ਲਿਆ ਹੈ। ਐਕਸ਼ਨ ਕਮੇਟੀ ਦਾ ਕਹਿਣਾ ਹੈ ਕਿ ਉਹ ਪਰਿਵਾਰ ਦੇ ਨਾਲ ਹਨ ਪਰ ਸਮਝੌਤਾ ਕਰਨ ਦਾ ਫੈਸਲਾ ਪਰਿਵਾਰ ਦਾ ਆਪਣਾ ਹੈ। ਜਥੇਬੰਦੀਆਂ ਨਾਲ ਗੱਲ ਕਰਨ ਤੇ ਮਸੂਸ ਹੋ ਰਿਹਾ ਹੈ ਕੇ ਪੰਜਾਬ ਦੇ ਲੋਕਾਂ ਵਲੋਂ ਹੱਕ ਸੱਚ ਦੀ ਲੜਾਈ ਦੀ ਕੀਮਤ ਪ੍ਰਸ਼ਾਸਨ ਵਲੋਂ ਇਕ ਮਜਾਕ ਬਣਾ ਦਿੱਤੀ ਗਈ ਹੈ।

ਕੈਪਟਨ ਅਮਰਿੰਦਰ-ਸਿੱਧੂ ਦੀ ਕਹਾਣੀ ਨੇ ਬਚਾਈ ਕੈਬਨਿਟ ਮੰਤਰੀਆਂ ਦੀ ਡੁੱਬਦੀ ਬੇੜੀ

ਜਗਰਾਓਂ-ਜੂਨ 2019(ਅਮਨਜੀਤ ਸਿੰਘ ਖਹਿਰਾ ) - ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਮੰਤਰੀਆਂ-ਵਿਧਾਇਕਾਂ ਨੂੰ ਦਬਕਾ ਮਾਰਦੇ ਹੋਏ ਚਿਤਾਵਨੀ ਦਿੱਤੀ ਸੀ ਕਿ ਜਿਨ੍ਹਾਂ ਮੰਤਰੀਆਂ ਦੇ ਖੇਤਰ 'ਚ ਕਾਂਗਰਸੀ ਉਮੀਦਵਾਰ ਪੱਛੜਣਗੇ, ਉਨ੍ਹਾਂ ਨੂੰ ਕੁਰਸੀ ਗੁਆਉਣੀ ਪੈ ਸਕਦੀ ਹੈ। ਹਲਕੇ 'ਚ ਹਾਰਨ ਵਾਲੇ ਵਿਧਾਇਕਾਂ ਨੂੰ ਨਾ ਤਾਂ ਚੇਅਰਮੈਨੀ ਮਿਲੇਗੀ ਅਤੇ ਨਾ ਹੀ ਅਗਲੀਆਂ ਚੋਣਾਂ 'ਚ ਟਿਕਟ ਪਰ ਚੋਣ ਨਤੀਜਿਆਂ ਦੇ ਬਾਅਦ ਕਾਂਗਰਸ ਦੇ ਸੀਨੀਅਰ ਮੰਤਰੀਆਂ 'ਚੋਂ ਮਨਪ੍ਰੀਤ ਸਿੰਘ ਬਾਦਲ, ਵਿਜੇ ਇੰਦਰ ਸਿੰਗਲਾ, ਸੁੰਦਰ ਸ਼ਾਮ ਅਰੋੜਾ, ਰਾਣਾ ਗੁਰਮੀਤ ਸਿੰਘ ਸੋਢੀ, ਅਰੁਣਾ ਚੌਧਰੀ ਨਾਲ ਸੰਬੰਧਤ ਹਲਕਿਆਂ ਵਿਚ ਕਾਂਗਰਸ ਉਮੀਦਵਾਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਚੋਣ ਪ੍ਰਚਾਰ ਦੌਰਾਨ ਆਪਸ 'ਚ ਖਿੱਚੋਤਾਣ ਕਾਰਨ ਹੀ ਕੈਪਟਨ ਅਮਰਿੰਦਰ ਨੇ 5 ਹਲਕਿਆਂ ਤੋਂ ਹਾਰ ਦਾ ਸਾਰਾ ਠੀਕਰਾ ਲਗਦਾ ਹੈ ਨਵਜੋਤ ਸਿੰਘ ਸਿੱਧੂ ਦੇ ਸਿਰ ਭੰਨ ਦਿੱਤਾ। ਹੁਣ ਸਿੱਧੂ ਕੈਪਟਨ ਦੇ ਨਿਸ਼ਾਨੇ 'ਤੇ ਹੈ ਅਤੇ ਸ਼ਹਿਰੀ ਹਲਕਿਆਂ 'ਚ ਕਾਂਗਰਸ ਦੀ ਹਾਰ ਨੂੰ ਉਨ੍ਹਾਂ ਨਾਲ ਸੰਬੰਧਤ ਲੋਕਲ ਬਾਡੀਜ਼ ਵਿਭਾਗ ਦੀ ਅਸਫਲਤਾ ਨਾਲ ਜੋੜਿਆ ਗਿਆ। ਕੈਪਟਨ ਅਮਰਿੰਦਰ-ਸਿੱਧੂ ਕਹਾਣੀ ਦੇ ਕਾਰਨ ਹੀ ਕੈਬਨਿਟ ਮੰਤਰੀਆਂ ਦੀ ਡੁੱਬਦੀ ਬੇੜੀ ਨੂੰ ਬਚਾ ਦਿੱਤਾ ਹੈ। ਚੋਣ ਨਤੀਜਿਆਂ ਤੋਂ ਬਾਅਦ ਕੈਪਟਨ ਅਮਰਿੰਦਰ ਨੇ ਪਹਿਲਾਂ ਤਾਂ ਸਪੱਸ਼ਟ ਕੀਤਾ ਸੀ ਕਿ ਉਨ੍ਹਾਂ ਦੀ ਚਿਤਾਵਨੀ ਸਿਰਫ ਫੋਕਾ ਦਬਕਾ ਨਹੀਂ ਸੀ, ਹਾਰਨ ਵਾਲੇ ਮੰਤਰੀਆਂ ਵਿਰੁੱਧ ਐਕਸ਼ਨ ਜ਼ਰੂਰ ਹੋਵੇਗਾ। ਪੰਜਾਬ 'ਚ ਜਿਨ੍ਹਾਂ ਪੰਜ ਸੀਟਾਂ 'ਤੇ ਕਾਂਗਰਸ ਉਮੀਦਵਾਰ ਨਹੀਂ ਜਿੱਤ ਸਕੇ, ਉਨ੍ਹਾਂ ਸੀਟਾਂ ਅਧੀਨ ਕੈਪਟਨ ਦੇ ਕਰੀਬ ਅੱਧਾ ਦਰਜਨ ਮੰਤਰੀ ਆਉਂਦੇ ਹਨ। ਪਰ ਹੁਣ ਮੁੱਖ ਮੰਤਰੀ ਕੈਪਟਨ ਆਪਣੇ ਬਿਆਨ ਤੋਂ ਯੂ-ਟਰਨ ਲੈਂਦੇ ਹੋਏ ਹਾਰਨ ਵਾਲੇ ਕੁਝ ਕੈਬਨਿਟ ਮੰਤਰੀਆਂ ਦੀ ਛੁੱਟੀ ਕਰਨ ਦੀ ਬਜਾਏ ਸਿਰਫ ਉਨ੍ਹਾਂ ਦੇ ਪੋਰਟਫੋਲੀਓ ਬਦਲ ਕੇ ਖਾਨਾਪੂਰਤੀ ਕੀਤੀ ਹੈ। ਕਾਂਗਰਸੀ ਸੂਤਰਾਂ ਦੀ ਮੰਨੀਏ ਤਾਂ ਮੰਤਰੀਆਂ ਦੇ ਵਿਭਾਗਾਂ ਵਿਚ ਫੇਰਬਦਲ ਵੀ ਸਿਰਫ ਸਿੱਧੂ ਨੂੰ ਸਾਈਡ ਲਾਈਨ ਕਰਨ ਦੀ ਖਾਤਰ ਹੋਇਆ ਹੈ।

ਸਿੱਧੂ ਦੇ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਕਾਂਗਰਸ ਹਾਈ ਕਮਾਨ ਨਾਲ ਗੂੜ੍ਹੇ ਸਬੰਧਾਂ ਕਾਰਨ ਉਨ੍ਹਾਂ 'ਤੇ ਸਿੱਧੀ ਕਾਰਵਾਈ ਕਰਨੀ ਮੁਸ਼ਕਲ ਲੱਗਦੀ ਹੈ। ਮੰਤਰੀ ਮੰਡਲ 'ਚ ਵੱਡਾ ਉਲਟ ਫੇਰ ਕਰਨ ਲਈ ਕੈ. ਅਮਰਿੰਦਰ ਸਿੰਘ ਨੂੰ ਕਾਂਗਰਸ ਹਾਈ ਕਮਾਨ ਤੋਂ ਮਨਜ਼ੂਰੀ ਲੈਣੀ ਹੋਵੇਗੀ, ਜਿਸ ਕਾਰਨ ਮੁੱਖ ਮੰਤਰੀ ਲਈ ਹਾਰਨ ਵਾਲੇ ਆਪਣੇ ਅੱਧਾ ਦਰਜਨ ਦੇ ਕਰੀਬ ਸਮਰਥ ਕੈਬਨਿਟ ਮੰਤਰੀਆਂ ਨੂੰ ਵੀ ਸਿੱਧੂ ਵਾਲੀ ਲਾਈਨ ਵਿਚ ਖੜ੍ਹਾ ਕਰਨਾ ਉਨ੍ਹਾਂ ਦੀ ਮਜਬੂਰੀ ਬਣ ਗਿਆ ਸੀ। ਕਾਂਗਰਸੀ ਸੂਤਰਾਂ ਦਾ ਮੰਨਣਾ ਹੈ ਕਿ ਕੈਪਟਨ ਅਮਰਿੰਦਰ ਦਾ ਅਜਿਹਾ ਕਦਮ ਪਾਰਟੀ ਲਈ ਘਾਤਕ ਸਿੱਧ ਹੋ ਸਕਦਾ ਹੈ ਕਿਉਂਕਿ ਸਿੱਧੂ ਦੇ ਖੰਭ ਕੁਤਰਨ ਤੇ ਵਿਭਾਗਾਂ 'ਚ ਫੇਰਬਦਲ ਨਾਲ ਪਾਰਟੀ ਅਤੇ ਜਨਤਾ 'ਚ ਕੋਈ ਬਿਹਤਰ ਸੰਦੇਸ਼ ਨਹੀਂ ਜਾਵੇਗਾ। ਤੁਸੀਂ ਜਾਣਦੇ ਹੋ ਕਿ ਕੈਬਨਿਟ ਮੰਤਰੀ ਪੂਰੇ ਸੂਬੇ ਦਾ ਹੁੰਦਾ ਹੈ ਨਾ ਕਿ ਸਿਰਫ ਆਪਣੇ ਸਬੰਧਤ ਹਲਕੇ ਦਾ। ਜੇ ਚਿਤਾਵਨੀ ਦੇ ਬਾਵਜੂਦ ਕਾਂਗਰਸ ਉਮੀਦਵਾਰ ਮੰਤਰੀ ਦੇ ਸਬੰਧਤ ਹਲਕੇ ਤੋਂ ਕਾਂਗਰਸ ਉਮੀਦਵਾਰ ਦੀ ਹਾਰ ਹੋਈ ਹੈ। ਤਾਂ ਨਕਾਰਾਤਮਕ ਪ੍ਰਦਰਸ਼ਨ ਕਰਨ ਵਾਲੇ ਮੰਤਰੀ ਨੂੰ ਸਿਰਫ ਵਿਭਾਗ ਬਦਲਣ ਦੀ ਸਜ਼ਾ ਵੀ ਕਿਉਂ ਮਿਲੇ। ਉਸ ਦੀ ਥਾਂ 'ਤੇ ਚੋਣਾਂ ਵਿਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਕਿਸੇ ਹੋਰ ਵਿਧਾਇਕ ਨੂੰ ਮੰਤਰੀ ਅਹੁਦੇ ਨਾਲ ਨਿਵਾਜਿਆ ਜਾਂਦਾ। ਮੰਤਰੀ ਮੰਡਲ ਵਿਚ ਕੋਈ ਵੱਡਾ ਫੇਰਬਦਲ ਨਾ ਹੋਣ ਨਾਲ ਕਈ ਵਿਧਾਇਕਾਂ ਦੀਆਂ ਆਸਾਂ ਧਰੀਆਂ-ਧਰਾਈਆਂ ਰਹਿ ਗਈਆਂ ਹਨ। ਕੈਪਟਨ ਸਾਹਿਬ ਦਾ ਇਹ ਦਾ ਸ਼ਾਇਦ ਓਹਨਾ ਲਈ ਹੀ ਭਾਰੀ ਪੈਣ ਵਾਲਾ ਜਾਪਦਾ ਹੈ

ਅਗਨੀ ਕਾਂਢ ਪੀੜਤ ਕਾਰੋਬਾਰੀਆਂ ਨੂੰ ਸਰਕਾਰ ਤੋਂ ਯੋਗ ਮੁਆਵਜਾ ਦਿਵਾਵਾਂਗੇ- ਰਾਣਾ ਕੇ ਪੀ ਸਿੰਘ.

ਪੀੜਤ ਕਾਰੋਬਾਰੀਆਂ ਨੂੰ ਨਗਰ ਕੋਸ਼ਲ ਦੀਆਂ ਦੁਕਾਨਾਂ ਦਾ ਪੁਰਾਣਾ ਬਕਾਇਆ ਅਤੇ ਅਗਾਮੀ ਇਕ ਸਾਲ ਦਾ ਕਿਰਾਇਆ ਮਾਫ ਹੋਵੇਗਾ-ਸਪੀਕਰ.

ਸ੍ਰੀ ਅਨੰਦਪੁਰ ਸਾਹਿਬ,  ਜੂਨ 2019 -(ਗਿਆਨੀ ਹਾਕਮ ਸਿੰਘ/ਗੁਰਵਿੰਦਰ ਸਿੰਘ )- ਬੀਤੀ ਰਾਤ ਅਚਾਨਕ ਲੱਗੀ ਅੱਗ ਨਾਲ ਸ੍ਰੀ ਅਨੰਦਪੁਰ ਸਾਹਿਬ ਵਿੱਚ ਆਰਜੀ ਦੁਕਾਨਾ ਦੇ ਹੋਏ ਵੱਡੇ ਨੁਕਸਾਨ ਦੀ ਪੜਤਾਲ ਕਰਨ ਲਈ ਜ਼ਿਲ੍ਹਾ ਪਰ੍ਸਾਸ਼ਨ ਨੂੰ ਹਦਾਇਤ ਕਰ ਦਿੱਤੀ ਹੈ. 2 ਦਿਨਾਂ ਵਿਚ ਘਟਨਾਂ ਦੀ ਰਿਪਰੋਟ ਆਉਣ ਤੇ ਪੀੜਤਾ ਨੂੰ ਸਰਕਾਰ ਢੁਕਵਾਂ ਯੋਗ ਮੁਆਵਜਾ ਦਿਵਾਇਆ ਜਾਵੇਗਾ. ਨਗਰ ਕੌਸ਼ਲ ਦੀਆਂ ਲਗਭਗ 22 ਦੁਕਾਨਾਂ ਵਿੱਚ ਕੰਮ ਕਰ ਰਹੇ ਪੀੜਤ ਕਾਰੋਬਾਰੀਆਂ ਨੂੰ ਅੱਗਲੇ ਇਕ ਸਾਲ ਤੱਕ ਕਿਰਾਏ ਦੀ ਮਾਫੀ ਅਤੇ ਬਕਾਇਆ ਕਿਰਾਇਆ ਵੀ  ਮਾਫ ਕਰ ਦਿੱਤਾ ਜਾਵੇਗਾ.

ਇਹ ਪਰ੍ਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਚ ਤਖਤ ਸ੍ਰੀ ਕੇਸਗੜਹ੍ ਸਾਹਿਬ ਦੇ ਨੇੜੇ ਅੱਗ ਨਾਲ ਤਬਾਹ ਹੋਈਆਂ ਦਰਜਨਾਂ ਆਰਜ਼ੀ ਦੁਕਾਨਾਂ ਦੇ ਪੀੜਤ ਕਾਰੋਬਾਰੀਆਂ ਨਾਲ ਵਿਸੇਸ਼ ਗੱਲਬਾਤ ਕਰਦਿਆ ਕੀਤਾ. ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਕਿ ਇਹਨਾਂ ਕਾਰੋਬਾਰੀਆਂ ਨੇ ਇਹਨਾਂ ਦਿਨਾਂ ਵਿਚ ਸ਼ਰਧਾਲੂਆ ਦੀ ਵੱਧ ਆਮਦ ਨੂੰ ਵੇਖਦੇ ਹੋਏ ਆਪਣੇ ਕਾਰੋਬਾਰ ਵਿੱਚ ਕਾਫੀ ਸਟਾਕ ਕੀਤਾ ਹੋਇਆ ਸੀ ਪ੍ਰੰਤੂ ਬੀਤੀ ਰਾਤ ਇਸ ਅਣਹੋਣੀ ਘਟਨਾਂ ਨੇ ਉਹਨਾਂ ਦਾ ਬਹੁਤ ਭਾਰੀ ਨੁਕਸਾਨ ਕਰ ਦਿੱਤਾ ਹੈ ਜੋ ਬਹੁਤ ਹੀ ਦੁੱਖ ਵਾਲੀ ਘਟਨਾਂ ਹੈ. ਉਹਨਾਂ ਕਿਹਾ ਕਿ ਆਰਜੀ ਦੁਕਾਨਾਂ ਕਰ ਰਹੇ ਇਹਨਾਂ ਕਾਰੋਬਾਰੀਆਂ ਦੇ ਨੁਕਸਾਨ ਦੀ ਭਰਪਾਈ ਕਰਨ ਲਈ ਜਿਵੇ ਹੀ ਡਿਪਟੀ ਕਮਿਸ਼ਨਰ ਵਲੋਂ ਰਿਪੋਰਟ ਸਰਕਾਰ ਨੂੰ ਭੇਜੀ ਜਾਵੇਗੀ ਉਸ ਉਪਰੰਤ ਵਿਸੇਸ਼ ਯਤਨ ਕਰਕੇ ਸਰਕਾਰ ਤੋਂ ਇਨਾਂ ਪੀੜਤਾ ਦੇ ਨੁਕਸਾਨ ਦਾ ਮੁਆਵਜਾ ਦਵਾਇਆ ਜਾਵੇਗਾ. ਉਹਨਾਂ ਕਿਹਾ ਕਿ ਜਿਹੜੇ 22 ਦੇ ਕਰੀਬ ਦੁਕਾਨਦਾਰ ਨਗਰ ਕੌਂਸਲ ਦੀਆਂ ਦੁਕਾਨਾਂ ਵਿਚ ਬੈਠੇ ਹਨ ਉਹਨਾਂ ਨੂੰ ਵਿਸੇਸ਼ ਰਾਹਤ ਦਿੰਦੇ ਹੌਏ ਬਕਾਇਆ ਕਿਰਾਇਆ ਮਾਫ ਅਤੇ ਆਉਣ ਵਾਲੇ ਇਕ ਸਾਲ ਲਈ ਕਿਰਾਏ ਦੀ ਮਾਫੀ ਦਿੱਤੀ ਗਈ ਹੈ ਤਾਂ ਜੋ ਇਹ ਸਾਰੇ ਪੀੜਤ ਕਾਰੋਬਾਰੀ ਆਪਣੇ ਜੀਵਨ ਦੀ ਗੱਡੀ ਨੂੰ ਲੀਹ ਤੇ ਲਿਆ ਸਕਣ. ਉਹਨਾਂ ਕਿਹਾ ਕਿ ਸਰਕਾਰ ਇਸ ਦੁੱਖ ਦੀ ਘੜੀ ਵਿਚ ਪੀੜਤਾ ਦੇ ਨਾਲ ਹੈ ਅਤੇ ਸਮਾਜਿਕ, ਧਾਰਮਿਕ  ਜੱਥੇਬੰਦੀਆਂ ਨੂੰ ਵੀ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ.

ਇਸ ਮੋਕੇ ਡਿਪਟੀ ਕਮਿਸ਼ਨਰ ਡਾ ਸੁਮੀਤ ਜਾਰੰਗਲ ਨੇ ਦੋਰਾ ਕਰਨ ਉਪਰੰਤ ਦੱਸਿਆ ਕਿ ਇਸ ਅਗਨੀ ਕਾਂਢ ਨਾਲ ਕਾਰੋਬਾਰੀਆਂ ਦਾ ਵੱਡਾ ਨੁਕਸਾਨ ਹੋਇਆ ਹੈ. ਉਹਨਾਂ ਕਿਹਾ ਕਿ ਵਧੀਕ ਡਿਪਟੀ ਕਮਿਸ਼ਨਰ ਜ ਜਗਵਿੰਦਰਜੀਤ ਸਿੰਘ ਗਰੇਵਾਲ, ਐਸ ਡੀ ਐਮ ਮੈਡਮ ਕਨੂ ਗਰਗ ਸਮੇਤ ਇਕ ਚਾਰ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਜੋ ਸਮੁੱਚੀ ਘਟਨਾਂ ਦੀ ਵਿਸਥਾਰ ਪੂਰਵਕ ਰਿਪੋਰਟ ਅਤੇ ਨੁਕਸਾਨ ਦੀ ਸਮੁੱਚੀ ਰਿਪੋਰਟ ਤਿਆਰ ਕਰੇਗੀ ਜੋ  ਸਰਕਾਰ ਨੂੰ ਯੋਗ ਕਾਰਵਾਈ ਲਈ ਭੇਜੀ ਜਾਵੇਗੀ ਤਾਂ ਜੋ ਪੀੜਤਾਂ ਨੂੰ ਮਦਦ ਮਿਲ ਸਕੇ.

ਇਸ ਮੋਕੇ ਡੀ ਐਸ ਪੀ ਚੰਦ ਸਿੰਘ, ਨਗਰ ਕੋਸ਼ਲ ਪ੍ਰਧਾਨ ਹਰਜੀਤ ਸਿੰਘ ਜੀਤਾ, ਰਮੇਸ਼ ਚੰਦਰ ਦੱਸਗੁਰਾਈ, ਕਮਲਦੇਵ ਜੋਸ਼ੀ, ਪ੍ਰੇਮ ਸਿੰਘ ਬਾਸੋਵਾਲ, ਹਰਬੰਸ ਲਾਲ ਮਹਿਦਲੀ, ਨਰਿੰਦਰ ਸੈਣੀ, ਕਮਲਦੀਪ ਸੈਣੀ, ਇੰਦਰਜੀਤ ਸਿੰਘ ਅਰੋੜਾ, ਸੰਜੀਵਨ ਰਾਣਾ, ਪ੍ਰਿਤਪਾਲ ਸਿੰਘ ਗੱਢਾ, ਪਰ੍ਵੇਸ਼ ਮਹਿਤਾ ਅਤੇ ਵੱਡੇ ਗਿਣਤੀ ਵਿਚ ਸ਼ਹਿਰ ਵਾਸੀ ਅਤੇ ਪੀੜਤ ਕਾਰੋਬਾਰੀ ਤੇ ਸਥਾਨਕ ਅਧਿਕਾਰੀ ਵੀ ਹਾਜ਼ਰ ਸਨ.

ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜੂਨ ’84 ਦੇ ਸ਼ਹੀਦਾਂ ਦੀ ਯਾਦ ਵਿਚ ਸ਼ਹੀਦੀ ਸਮਾਗਮ

ਅੰਮ੍ਰਿਤਸਰ, ਜੂਨ 2019-   ਜੂਨ 1984 ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਕੇਂਦਰ ਦੀ ਕਾਂਗਰਸ ਸਰਕਾਰ ਦੇ ਹੁਕਮ ’ਤੇ ਭਾਰਤੀ ਫੌਜ ਵੱਲੋਂ ਕੀਤੇ ਗਏ ਫੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਿੰਘ, ਸਿੰਘਣੀਆਂ ਤੇ ਭੁਝੰਗੀਆਂ ਦੀ ਸਲਾਨਾ ਯਾਦ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਸਿੱਖ ਜਥੇਬੰਦੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਲੋਪੋਕੇ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਅਰਦਾਸ ਸ੍ਰੀ ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ ਭਾਈ ਮਲਕੀਤ ਸਿੰਘ ਨੇ ਕੀਤੀ ਅਤੇ ਪਾਵਨ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਲਿਆ। ਸ਼ਹੀਦੀ ਸਮਾਗਮ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਜਨਰਲ ਸਕੱਤਰ ਸ. ਗੁਰਬਚਨ ਸਿੰਘ ਕਰਮੂੰਵਾਲਾ, ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਸਿੰਘ ਸਾਹਿਬ ਗਿਆਨੀ ਸੁਖਮਿੰਦਰ ਸਿੰਘ, ਤਰਨਾ ਦਲ ਦੇ ਮੁਖੀ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆਂ ਸਮੇਤ ਵੱਡੀ ਗਿਣਤੀ ਵਿਚ ਪੰਥਕ ਸ਼ਖ਼ਸੀਅਤਾਂ, ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰਕ ਮੈਂਬਰ ਅਤੇ ਸੰਗਤਾਂ ਹਾਜ਼ਰ ਹੋਈਆਂ।
ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੂਨ 1984 ਵਿਚ ਜ਼ਾਲਮ ਕੇਂਦਰ ਸਰਕਾਰ ਵੱਲੋਂ ਕਰਵਾਏ ਗਏ ਘੱਲੂਘਾਰੇ ਨੂੰ ਸਿੱਖ ਕੌਮ ਕਦੇ ਵੀ ਭੁਲਾ ਨਹੀਂ ਸਕਦੀ। ਉਨ੍ਹਾਂ ਕੌਮ ਨੂੰ ਇਕਜੁਟ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਦਿਹਾੜਾ ਕੌਮ ਲਈ ਸਵੈ-ਮੰਥਨ ਦਾ ਸਮਾਂ ਹੈ ਅਤੇ ਸਾਨੂੰ ਕੌਮ ਦੀ ਚੜ੍ਹਦੀ ਕਲਾ ਲਈ ਪੁਰਾਤਨ ਪੰਥਕ ਰਵਾਇਤਾਂ ਦੀ ਮਜ਼ਬੂਤੀ ਲਈ ਪਹਿਰਾ ਦੇਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਕੌਮ ਦੇ ਸਾਰੇ ਮਸਲੇ ਰਲਮਿਲ ਕੇ ਹੀ ਹੱਲ ਕੀਤੇ ਜਾ ਸਕਦੇ ਹਨ। ਉਨ੍ਹਾਂ ਪੰਜਾਬ ਦੀ ਨੌਜੁਆਨੀ ਦੇ ਵਿਦੇਸ਼ ਜਾਣ ਦੇ ਰੁਝਾਨ ’ਤੇ ਚਿੰਤਾ ਪ੍ਰਗਟ ਕਰਦਿਆਂ ਇਸ ਸੰਜੀਦਾ ਮਾਮਲੇ ’ਤੇ ਕੌਮ ਨੂੰ ਸੁਚੇਤ ਹੋਣ ਦੀ ਅਪੀਲ ਕੀਤੀ। ਉਨ੍ਹਾਂ ਆਖਿਆ ਕਿ ਜੇਕਰ ਇਹ ਰੁਝਾਨ ਇਸੇ ਤਰ੍ਹਾਂ ਹੀ ਜਾਰੀ ਰਿਹਾ ਤਾਂ ਭਵਿੱਖ ਵਿਚ ਪੰਜਾਬ ਦੇ ਉੱਚ ਅਹੁਦਿਆਂ ’ਤੇ ਸਿੱਖ ਅਧਿਕਾਰੀ ਨਹੀਂ ਲੱਭਣਗੇ। ਉਨ੍ਹਾਂ ਸਿੱਖ ਕੌਮ ਨੂੰ ਆਪਣੇ ਬੱਚਿਆਂ ਅਤੇ ਨੌਜੁਆਨਾਂ ਨੂੰ ਚੰਗੀ ਵਿਦਿਆ ਨਾਲ ਜੋੜਨ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਆਖਿਆ ਕਿ ਜੇਕਰ ਸਾਡੀ ਨੌਜੁਆਨੀ ਚੰਗੀ ਵਿੱਦਿਆ ਦੀ ਧਾਰਨੀ ਬਣਗੇ ਤਾਂ ਕੌਮ ਹਰ ਖੇਤਰ ਵਿਚ ਤਰੱਕੀ ਦੀ ਬੁਲੰਦੀਆਂ ਛੂਹੇਗੀ।
    ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸ਼ਹੀਦੀ ਸਮਾਗਮ ਦੌਰਾਨ ਪੁੱਜੀਆਂ ਸਮੂਹ ਜਥੇਬੰਦੀਆਂ, ਸਭਾ ਸੁਸਾਇਟੀਆਂ, ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ।ਸਮਾਗਮ ਦੌਰਾਨ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਸਪੁੱਤਰ ਭਾਈ ਈਸ਼ਰ ਸਿੰਘ, ਸ਼ਹੀਦ ਭਾਈ ਅਮਰੀਕ ਸਿੰਘ ਦੀ ਪਤਨੀ ਬੀਬੀ ਹਰਮੀਤ ਕੌਰ, ਉਨ੍ਹਾਂ ਦੀ ਸਪੁਤਰੀ ਬੀਬੀ ਸਤਵੰਤ ਕੌਰ ਤੇ ਭਰਾਤਾ ਭਾਈ ਮਨਜੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਸ਼ਹੀਦ ਭਾਈ ਨਛੱਤਰ ਸਿੰਘ ਭਲਵਾਨ ਦੇ ਸਪੁੱਤਰ ਭਾਈ ਭੁਪਿੰਦਰ ਸਿੰਘ ਭਲਵਾਨ, ਸ਼ਹੀਦ ਭਾਈ ਸਤਵੰਤ ਸਿੰਘ ਅਗਵਾਨ ਦੇ ਭਤੀਜੇ ਭਾਈ ਸੁਖਵਿੰਦਰ ਸਿੰਘ ਅਗਵਾਨ, ਭਾਈ ਤਰਲੋਚਨ ਸਿੰਘ, ਭਾਈ ਜਸਬੀਰ ਸਿੰਘ ਘੁੰਮਣ ਅਤੇ ਹੋਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸਿੰਘ ਸਾਹਿਬ ਗਿਆਨੀ ਗਿਆਨੀ ਜਗਤਾਰ ਸਿੰਘ ਮੁੱਖ ਗ੍ਰੰਥੀ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਗੁਰੂ ਬਖ਼ਸ਼ਿਸ ਸਿਰੋਪਾਓ ਦੇ ਕੇ ਸਨਮਾਨ ਦਿੱਤਾ।
    ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ. ਗੁਰਬਚਨ ਸਿੰਘ ਕਰਮੂੰਵਾਲਾ, ਅੰਤ੍ਰਿੰਗ ਮੈਂਬਰ ਭਾਈ ਮਨਜੀਤ ਸਿੰਘ, ਸ. ਭੁਪਿੰਦਰ ਸਿੰਘ ਭਲਵਾਨ ਤੇ ਸ. ਅਮਰੀਕ ਸਿੰਘ ਵਿਛੋਆ, ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਭਾਈ ਰਾਜਿੰਦਰ ਸਿੰਘ ਮਹਿਤਾ, ਸ. ਬਲਦੇਵ ਸਿੰਘ ਚੂੰਘਾ, ਭਾਈ ਰਾਮ ਸਿੰਘ, ਸ. ਸੁਰਜੀਤ ਸਿੰਘ ਭਿੱਟੇਵਡ, ਸ. ਗੁਰਿੰਦਰਪਾਲ ਸਿੰਘ ਗੋਰਾ, ਭਾਈ ਅਜਾਇਬ ਸਿੰਘ ਅਭਿਆਸੀ, ਸ. ਹਰਜਾਪ ਸਿੰਘ ਸੁਲਤਾਨਵਿੰਡ, ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ, ਗਿਆਨੀ ਗੁਰਮੁਖ ਸਿੰਘ ਹੈੱਡ ਗ੍ਰੰਥੀ, ਸ. ਮਨਜੀਤ ਸਿੰਘ ਭੋਮਾ, ਸ. ਪਰਮਜੀਤ ਸਿੰਘ ਖ਼ਾਲਸਾ, ਸ. ਜਗਜੀਤ ਸਿੰਘ, ਸ. ਹਰਪਾਲ ਸਿੰਘ ਜੱਲ੍ਹਾ, ਸ. ਵੀਰ ਸਿੰਘ ਲੋਪੋਕੇ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਸ. ਮਨਜੀਤ ਸਿੰਘ ਬਾਠ, ਸ. ਅਵਤਾਰ ਸਿੰਘ ਸੈਂਪਲਾ, ਸ. ਮਹਿੰਦਰ ਸਿੰਘ ਆਹਲੀ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਨਿੱਜੀ ਸਕੱਤਰ ਇੰਜ: ਸੁਖਮਿੰਦਰ ਸਿੰਘ, ਐਡੀਸ਼ਨਲ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਪ੍ਰਤਾਪ ਸਿੰਘ, ਡਾ. ਪਰਮਜੀਤ ਸਿੰਘ ਸਰੋਆ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ, ਬਾਬਾ ਬਲਬੀਰ ਸਿੰਘ ਬੁੱਢਾ ਦਲ ਵੱਲੋਂ ਬਾਬਾ ਸਰਵਨ ਸਿੰਘ ਮਝੈਲ ਤੇ ਬਾਬਾ ਦਿਲਜੀਤ ਸਿੰਘ ਬੇਦੀ, ਸ. ਸਿਮਰਜੀਤ ਸਿੰਘ ਮਾਨ, ਸ. ਪਰਮਜੀਤ ਸਿੰਘ ਖ਼ਾਲਸਾ, ਸ. ਤਪਿੰਦਰ ਸਿੰਘ ਪੋਹੀੜ, ਫੈਡਰੇਸ਼ਨ ਆਗੂ ਸ. ਪਰਮਜੀਤ ਸਿੰਘ ਧਰਮ ਸਿੰਘ ਵਾਲਾ, ਸ. ਹਰਦੀਪ ਸਿੰਘ ਬਾਜਵਾ, ਸ. ਅਜਮੇਰ ਸਿੰਘ, ਸ. ਪ੍ਰਭਜੀਤ ਸਿੰਘ, ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।