ਜਗਰਾਓ , ਜਗਰਾਓ ਦੇ ਇਕ ਪਤੀ-ਪਤਨੀ ਵਲੋਂ ਦਿੱਲੀ ਦੇ ਇਕ ਬਜ਼ੁਰਗ ਵਿਅਕਤੀ ਤੋਂ ਸਾਢੇ 14 ਲੱਖ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਐੱਨ.ਐੱਨ. ਸਿੰਘ ਦੀ ਸ਼ਿਕਾਇਤ 'ਤੇ ਪੁਲਸ ਨੇ ਜਾਂਚ ਤੋਂ ਬਾਅਦ ਸਤਿੰਦਰਪਾਲ ਵਰਮਾ ਉਰਫ ਸ਼ਿੰਦਾ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਉਸ ਦੀ ਪਤਨੀ ਅਜੇ ਫਰਾਰ ਹੈ। ਥਾਣਾ ਸਿਟੀ ਦੇ ਇੰਚਾਰਜ ਨਿਧਾਨ ਸਿੰਧ ਨੇ ਦੱਸਿਆ ਕਿ ਦੋਸ਼ੀਆਂ ਨੇ ਦਿੱਲੀ ਦੇ ਇਕ ਬਜ਼ੁਰਗ ਨੂੰ ਫੇਸਬੁੱਕ 'ਤੇ ਦੋਸਤ ਬਣਾ ਕੇ ਆਪਣੇ ਜਾਲ 'ਚ ਫਸਾਇਆ। ਫਿਰ ਹੋਲੀ-ਹੋਲੀ ਉਸ ਤੋਂ ਪੈਸੇ ਠੱਗਣ ਲੱਗੇ। ਦੋਸ਼ੀਆਂ ਨੇ ਚਾਰ ਮਹੀਨੇ 'ਚ ਪੀੜਤ ਤੋਂ 14 ਲੱਖ ਰੁਪਏ ਬੈਂਕ ਦੇ ਜਰੀਏ ਲੈ ਲਏ। ਇਸ ਦਾ ਪਤਾ ਚੱਲਦੇ ਹੀ ਉਸ ਵਿਅਕਤੀ ਦੇ ਲੜਕੇ ਨੇ ਦਿੱਲੀ ਪੁਲਸ ਨੂੰ ਸ਼ਿਕਾਇਤ ਦਿੱਤੀ। ਪੁਲਸ ਨੇ ਜਾਂਚ ਦੇ ਬਾਅਦ ਦੋਸ਼ੀ ਪਤੀ-ਪਤਨੀ 'ਤੇ ਮਾਮਲਾ ਦਰਜ ਕਰ ਲਿਆ। ਦਿੱਲੀ ਪੁਲਸ ਮੁਤਾਬਕ ਦੋਸ਼ੀਆਂ ਨੇ ਗੈਂਗ ਬਣਾ ਰੱਖਿਆ ਜੋ ਸੋਸ਼ਲ ਮੀਡੀਆ 'ਤੇ ਜਾਅਲੀ ਆਈ.ਡੀ. ਬਣਾ ਕੇ ਅਮੀਰ ਪਰਿਵਾਰ ਦੇ ਲੋਕਾਂ ਨੂੰ ਆਪਣੇ ਜਾਲ 'ਚ ਫਸਾ ਕੇ ਬਲੈਕਮੇਲ ਕਰਦਾ ਹੈ। ਦੋਸ਼ੀਆਂ ਨੇ ਹੁਣ ਤੱਕ ਕਿੰਨੇ ਲੋਕਾਂ ਨੂੰ ਸ਼ਿਕਾਰ ਬਣਾਇਆ ਹੈ, ਇਸ ਦੀ ਪੁੱਛਗਿੱਛ ਜਾਰੀ ਹੈ। ਹੁਣ ਤੱਕ ਦੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀਆਂ ਨੇ ਉਨ੍ਹਾਂ ਪੈਸਿਆਂ ਨਾਲ 9 ਲੱਖ ਦਾ ਇਕ ਘਰ ਖਰੀਦਿਆਂ ਹੈ ਤੇ ਕੁਝ ਪੈਸੇ ਦੇ ਦਿੱਤੇ ਹਨ। ਦੂਜੇ ਪਾਸੇ ਇਸ ਸਬੰਧੀ ਦੋਸ਼ੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦਿੱਲੀ ਵਾਸੀ ਵਿਅਕਤੀ ਨਾਲ ਕੋਈ ਠੱਗੀ ਨਹੀਂ ਕੀਤੀ। ਉਸ ਦੇ ਲੜਕੇ ਨੂੰ ਕੋਈ ਗਲਤੀ ਲੱਗੀ ਹੈ। ਉਸ ਨੇ ਕਿਹਾ ਕਿ ਉਨ੍ਹਾਂ ਨੇ ਇਹ ਪੈਸੇ ਉਧਾਰ ਲਏ ਹਨ ਜੋ ਕਿ ਉਹ ਵਾਪਸ ਕਰ ਦੇਣਗੇ। ਉਸ ਨੇ ਕਿਹਾ ਕਿ ਉਸ ਨੂੰ ਤੇ ਉਸ ਦੀ ਪਤਨੀ ਨੂੰ ਫਸਾਇਆ ਜਾ ਰਿਹਾ ਹੈ।