You are here

ਚੰਡੀਗੜ੍ਹ ਦੇ ਸੁੰਦਰ ਮੁੱਖੜੇ ’ਤੇ ਲੱਗਿਆ ਵੈਲਪੁਣੇ ਦਾ ਦਾਗ

 

ਚੰਡੀਗੜ੍ਹ, ਜੂਨ 2019 ਚੰਡੀਗੜ੍ਹ ਵਿਚ ਰੋਜ਼ਾਨਾ ਜਨਤਕ ਥਾਵਾਂ ’ਤੇ ਸ਼ਰਾਬ ਦੀਆਂ ਗਲਾਸੀਆਂ ਖੜਕਾਉਂਦੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਬਾਵਜੂਦ ਇਹ ਸਿਲਸਿਲਾ ਜਾਰੀ ਹੈ ਅਤੇ ਜੂਏ ਦੇ ਨਵੇਂ ਅੱਡੇ ਬੇਨਕਾਬ ਹੋਣ ਸਮੇਤ ਕਈ ਡਿਸਕੋ ਘਰ ਤੇ ਹੋਟਲ ਜਿਸਮਫਰੋਸ਼ੀ ਦੇ ਅੱਡੇ ਬਣੇ ਹੋਏ ਹਨ। ਪੁਲੀਸ ਨੇ ਸ਼ਹਿਰ ਦੇ ਕਈ ਹਿੱਸਿਆਂ ਵਿਚ ਜਨਤਕ ਤੌਰ ’ਤੇ ‘ਅਹਾਤੇ’ ਬਣਾ ਕੇ ਸ਼ਰਾਬ ਪੀ ਰਹੇ 37 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਨ੍ਹਾਂ ਵਿੱਚੋਂ ਸਭ ਤੋਂ ਵੱਧ ਪੰਜ ਵਿਅਕਤੀ ਸੈਕਟਰ 36 ਥਾਣੇ ਅਧੀਨ ਖੇਤਰ ਵਿੱਚੋਂ ਗ੍ਰਿਫ਼ਤਾਰ ਕੀਤੇ ਗਏ ਹਨ। ਇਨ੍ਹਾਂ ਵਿਰੁੱਧ ਪੰਜਾਬ ਪੁਲੀਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਇਸ ਵਰ੍ਹੇ ਹੁਣ ਤੱਕ ਪੁਲੀਸ ਜਨਤਕ ਥਾਵਾਂ ’ਤੇ ਸ਼ਰਾਬ ਪੀਂਦੇ ਕਰੀਬ 500 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਸ ਤੋਂ ਇਲਾਵਾ ਪੁਲੀਸ ਇਸ ਵਰ੍ਹੇ ਹੁਣ ਤੱਕ ਨਾਜਾਇਜ਼ ਢੰਗ ਨਾਲ ਸ਼ਰਾਬ ਵੇਚਣ ਵਾਲੇ 85 ਦੇ ਕਰੀਬ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ, ਜਿਨ੍ਹਾਂ ਵਿਚ ਕੁਝ ਮਹਿਲਾਵਾਂ ਵੀ ਸ਼ਾਮਲ ਹਨ। ਦੱਸਣਯੋਗ ਹੈ ਕਿ ਐੱਸਐੱਸਪੀ ਨੀਲਾਂਬਰੀ ਜਗਦਲੇ ਨੇ ਜਨਤਕ ਥਾਵਾਂ ’ਤੇ ਸ਼ਰਾਬ ਪੀਣ ਵਾਲਿਆਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਹੈ। ਇਸੇ ਦੌਰਾਨ ਪੁਲੀਸ ਨੇ ਜੂਏ ਦੇ ਇੱਕ ਅੱਡੇ ਨੂੰ ਵੀ ਬੇਨਕਾਬ ਕੀਤਾ ਹੈ। ਸੈਕਟਰ 17 ਥਾਣੇ ਦੀ ਪੁਲੀਸ ਨੇ ਸੈਕਟਰ 38 ਵੈਸਟ ਦੇ ਅਮਰਜੀਤ ਅਤੇ ਨਵਾਂ ਗਾਓਂ ਦੇ ਅਜੀਤ ਨੂੰ ਸੈਕਟਰ 22 ਦੇ ਪਾਰਕ ਨੇੜਿਓਂ ਜੂਆ ਖੇਡਦਿਆਂ ਕਾਬੂ ਕਰਕੇ 12,490 ਰੁਪਏ ਬਰਾਮਦ ਕੀਤੇ ਹਨ। ਪੁਲੀਸ ਇਸ ਸਾਲ ਹੁਣ ਤਕ ਜੂਆ ਖੇਡਣ ਦੇ ਦੋਸ਼ ਹੇਠ 70 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਪੁਲੀਸ ਅਨੁਸਾਰ ਸ਼ਹਿਰ ਵਿਚ ਕਲੋਨੀਆਂ ਦੇ ਵਸਨੀਕਾਂ ਤੋਂ ਲੈ ਕੇ ਵੀਵੀਆਈਪੀਜ਼ ਸੈਕਟਰਾਂ ਦੇ ਵਸਨੀਕ ਜੂਆ ਖੇਡਣ ਤੇ ਸੱਟਾ ਲਾਉਣ ਦੇ ਆਦੀ ਹਨ। ਪੁਲੀਸ ਅਨੁਸਾਰ ਜਿੱਥੇ ਵੱਡੇ ਘਰਾਂ ਦੇ ਲੋਕ ਵੱਡੀਆਂ ਰਕਮਾਂ ਲਾ ਕੇ ਜੂਆ ਖੇਡਦੇ ਹਨ, ਉੱਥੇ ਕਲੋਨੀਆਂ ਦੇ ਵਸਨੀਕ ਅਤੇ ਅਪਰਾਧੀ ਅਨਸਰ ਵੀ ਇਸ ਦੇ ਆਦੀ ਹਨ। ਸਾਬਕਾ ਮੇਅਰ ਪੂਨਮ ਸ਼ਰਮਾ ਨੇ ਆਪਣੇ ਸਮੇਂ ਰਾਤਾਂ ਨੂੰ ਖੁਦ ਛਾਪੇ ਮਾਰਕੇ ਜੂਏ ਦੇ ਅੱਡੇ ਬੇਨਕਾਬ ਕਰਨ ਦੀ ਮੁਹਿੰਮ ਚਲਾਈ ਸੀ। ਉਨ੍ਹਾਂ ਮਲੋਆ ਸਮੇਤ ਸੈਕਟਰ 26 ਦੀ ਅਨਾਜ ਮੰਡੀ ਵਿਚ ਚੱਲਦੇ ਜੁੂਏ ਦੇ ਅੱਡੇ ਬੇਨਕਾਬ ਕੀਤੇ ਸਨ। ਇਸ ਕਾਰਨ ਪੁਲੀਸ ਨੂੰ ਉਸ ਵੇਲੇ ਨਮੋਸ਼ੀ ਝੱਲਣੀ ਪਈ ਸੀ ਕਿਉਂਕਿ ਸ਼ਹਿਰ ਵਿਚ ਚਰਚਾ ਸੀ ਕਿ ਅਜਿਹੇ ਅਪਰਾਧ ਪੁਲੀਸ ਦੀ ਨੱਕ ਹੇਠ ਮਾਫ਼ੀਆ ਚਲਾ ਰਿਹਾ ਹੈ।
ਇਸ ਤੋਂ ਇਲਾਵਾ ਸ਼ਹਿਰ ਜਿਸਮਫਰੋਸ਼ੀ ਦਾ ਅੱਡਾ ਵੀ ਬਣਦਾ ਜਾ ਰਿਹਾ ਹੈ। ਪੁਲੀਸ ਸੂਤਰਾਂ ਅਨੁਸਾਰ ਹੋਰ ਰਾਜਾਂ ਦੇ ਲੋਕ ਚੰਡੀਗੜ੍ਹ ਵਿਚ ਵਿਸ਼ੇਸ਼ ਤੌਰ ’ਤੇ ‘ਮੌਜ-ਮਸਤੀ’ ਕਰਨ ਲਈ ਆਉਂਦੇ ਹਨ। ਇਸ ਦਾ ਮੁੱਖ ਕਾਰਨ ਡਿਸਕੋ ਹਨ, ਜਿਥੇ ਦੇਰ ਰਾਤ ਤੱਕ ‘ਮਸਤ ਨਾਚ’ ਦੇ ਦੌਰ ਚੱਲਦੇ ਹਨ। ਪੁਲੀਸ ਸੂਤਰਾਂ ਅਨੁਸਾਰ ਇਨ੍ਹਾਂ ਡਿਸਕੋ ਘਰਾਂ ਦੇ ਇਰਦ-ਗਿਰਦ ਨਸ਼ੇ ਦੀਆਂ ਪੁੜੀਆਂ ਵੇਚਣ ਵਾਲੇ ਵੀ ਸਰਗਰਮ ਹੋਣ ਦੇ ਸੰਕੇਤ ਮਿਲੇ ਹਨ ਅਤੇ ਪਿਛਲੇ ਸਮੇਂ ਕੁਝ ਡਿਸਕੋ ਘਰਾਂ ਦੇ ਬਾਹਰ ਨਸ਼ੇ ਦੀਆਂ ਪੁੜੀਆਂ ਵੇਚਦੇ ਨਾਇਜੀਰੀਅਨ ਆਦਿ ਵੀ ਫੜੇ ਸਨ। ਸੂਤਰਾਂ ਅਨੁਸਾਰ ਇਨ੍ਹਾਂ ਡਿਸਕੋ ਘਰਾਂ ਦੇ ਨੇੜੇ-ਤੇੜੇ ਜਿਸਮਫਿਰੋਸ਼ੀ ਦਾ ਧੰਦਾ ਕਰਨ ਵਾਲੇ ਦਲਾਲ ਵੀ ਸਰਗਰਮ ਹਨ, ਜੋ ਮੌਕੇ ’ਤੇ ਹੀ ਗਾਹਕਾਂ ਨਾਲ ਸੌਦੇ ਤੈਅ ਕਰਦੇ ਹਨ। ਇਸ ਤੋਂ ਇਲਾਵਾ ਅਕਸਰ ਪੁਲੀਸ ਨੂੰ ਅੱਧੀ ਰਾਤ ਤੋਂ ਬਾਅਦ ਨਸ਼ੇ ਵਿਚ ਮਦਹੋਸ਼ ਮੁੰਡੇ-ਕੁੜੀਆਂ ਡਿਸਕੋ ਘਰਾਂ ਦੇ ਬਾਹਰ ਮਿਲਦੇ ਹਨ ਅਤੇ ਕਈ ਵਾਰ ਤਾਂ ਖੁਦ ਪੁਲੀਸ ਨਸ਼ੇ ਵਿਚ ਟੱਲੀ ਕੁੜੀਆਂ ਨੂੰ ਉਨ੍ਹਾਂ ਦੇ ਘਰਾਂ ਤੱਕ ਛੱਡ ਕੇ ਆਈ ਹੈ। ਸੂਤਰਾਂ ਅਨੁਸਾਰ ਸ਼ਹਿਰ ਵਿਚ ਕਈ ਹੋਟਲਾਂ ਵਿਚ ਵੀ ਇਕ-ਦੋ ਘੰਟੇ ਲਈ ਕਮਰੇ ਕਿਰਾਏ ’ਤੇ ਦੇ ਕੇ ਦੇਹ ਵਪਾਰ ਦਾ ਧੰਦਾ ਕਰਵਾਇਆ ਜਾ ਰਿਹਾ ਹੈ। ਪੁਲੀਸ ਕਈ ਹੋਟਲਾਂ ਨੂੰ ਇਸ ਮਾਮਲੇ ਵਿਚ ਬੇਨਕਾਬ ਵੀ ਕਰ ਚੁੱਕੀ ਹੈ। ਸੂਤਰਾਂ ਅਨੁਸਾਰ ਅਜਿਹੇ ਅੱਡੇ ਪੁਲੀਸ ਦੀ ਮੁੱਠੀ ਗਰਮ ਕਰਕੇ ਹੀ ਚਲਾਏ ਜਾ ਰਹੇ ਹਨ। ਦਲਾਲ ਮੋਬਾਈਲ ਫੋਨਾਂ ਅਤੇ ਸੋਸ਼ਲ ਮੀਡੀਆ ਰਾਹੀਂ ਸ਼ਰੇਆਮ ਜਿਸਮਫਰੋਸ਼ੀ ਦਾ ਧੰਦਾ ਕਰ ਰਹੇ ਹਨ। ਇਸ ਤੋਂ ਇਲਾਵਾ ਪਿਕਾਡਲੀ ਚੌਕ ਨੇੜੇ ਸੈਕਟਰ 21 ਤੇ 34 ਨੂੰ ਵੰਡਦੀ ਸੜਕ ਕਿਨਾਰੇ ਕਈ ਸਾਲਾਂ ਤੋਂ ਦੇਹ ਵਪਾਰ ਦਾ ਧੰਦਾ ਸ਼ਰੇਆਮ ਚੱਲ ਰਿਹਾ ਹੈ।