ਮੀਟਰ ਰੀਡਰਾਂ ਤੋਂ ਸਮੱਸਿਆਵਾਂ ਸਬੰਧੀ ਉਪ ਮੰਡਲ ਅਫਸਰਾਂ ਦੇ ਮੋਬਾਇਲ ਨੰਬਰ ਕੀਤੇ ਜਾਰੀ
ਜਗਰਾਉਂ, 03 ਅਗਸਤ ( ਚੀਮਾ/ ਮਨਜਿੰਦਰ ਗਿੱਲ )- ਪੰਜਾਬ ਭਰ ਦੇ ਘਰੇਲੂ ਬਿਜਲੀ ਖਪਤਕਾਰਾਂ ਨੂੰ ਬਿਜਲੀ ਯੂਨਿਟਾਂ ਦੀ ਮੁਆਫ਼ੀ ਦੇਣ ਲਈ ਪੰਜਾਬ ਸਰਕਾਰ ਦੇ ਫੈਸਲੇ ਮੁਤਾਬਿਕ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਨੋਟੀਫ਼ਿਕੇਸ਼ਨ ਜਾਰੀ ਕਰਕੇ ਘਰੇਲੂ ਬਿਜਲੀ ਖਪਤਕਾਰਾਂ ਨੂੰ 300 ਯੂਨਿਟ ਪ੍ਰਤੀ ਮਹੀਨਾਂ ਭਾਵ ਹਰ ਦੋ ਮਹੀਨੇ ਦੇ ਬਿਲ ਵਿੱਚ 600 ਯੂਨਿਟ ਬਿਜਲੀ ਮੁਆਫ਼ੀ ਸਬੰਧੀ ਯੋਜਨਾਂ 01 ਜੁਲਾਈ 2022 ਤੋਂ ਲਾਗੂ ਕਰ ਦਿੱਤੀ ਗਈ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਐਕਸੀਅਨ ਪਾਵਰਕਾਮ ਜਗਰਾਉਂ ਇੰਜ:ਗੁਰਪ੍ਰੀਤ ਮਹਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸਾਰੇ ਘਰੇਲੂ ਖਪਤਕਾਰ, ਜੋ ਸਿਰਫ਼ ਰਿਹਾਇਸ਼ੀ ਉਦੇਸ਼ ਲਈ ਬਿਜਲੀ ਦੀ ਵਰਤੋਂ ਕਰਦੇ ਹਨ ਅਤੇ ਜਿੰਨ੍ਹਾਂ ਦੀ ਬਿਜਲੀ ਖਪਤ 300 ਯੂਨਿਟ ਪ੍ਰਤੀ ਮਹੀਨਾਂ ਅਤੇ 600 ਯੂਨਿਟ ਦੋ ਮਹੀਨੇ ਤੱਕ ਹੈ, ਉਹਨਾਂ ਖਪਤਕਾਰਾਂ ਲਈ ਭੁਗਤਾਨ ਬਿਲ ਜ਼ੀਰੋ ਹੋਵੇਗਾ। ਇਹਨਾਂ ਖਪਤਕਾਰਾਂ ਤੋਂ ਕੋਈ ਵੀ ਊਰਜਾ ਚਾਰਜਿਜ, ਫਿਕਸਡ ਚਾਰਜਿਜ, ਮੀਟਰ ਕਿਰਾਇਆ ਅਤੇ ਸਰਕਾਰੀ ਲੈਵੀਜ/ਟੈਕਸ ਆਦਿ ਨਹੀਂ ਵਸੂਲੇ ਜਾਣਗੇ। ਉਹਨਾਂ ਜਗਰਾਉਂ ਮੰਡਲ ਅਧੀਨ ਪੈਂਦੇ ਸਾਰੇ ਖਪਤਕਾਰਾਂ ਨੂੰ ਸੂਚਿਤ ਕਰਦੇ ਹੋਏ ਦੱਸਿਆ ਕਿ ਜਿੰਨ੍ਹਾਂ ਵੀ ਖਪਤਕਾਰਾਂ ਨੂੰ ਉਹਨਾਂ ਦੇ ਏਰੀਏ ਦੇ ਮੀਟਰ ਰੀਡਰ ਤੋਂ ਕੋਈ ਸਮੱਸਿਆ ਹੈ ਜਾਂ ਤੰਗ ਪ੍ਰੇਸ਼ਾਨ ਕਰਦਾ ਹੈ ਜਾਂ ਮੀਟਰ ਖਰਾਬ ਹੈ ਜਾਂ ਕੋਈ ਹੋਰ ਨੁਕਸ ਹੈ ਤਾਂ ਉਹ ਆਪਣੀ ਸਮੱਸਿਆ ਆਪਣੇ ਏਰੀਏ ਦੇ ਉਪ ਮੰਡਲ ਅਫਸਰ ਨਾਲ ਉਹਨਾਂ ਦੇ ਮੋਬਾਇਲ ਨੰਬਰ ਦੇ ਸੰਪਰਕ ਕਰਕੇ ਸ਼ਿਕਾਇਤ ਦਰਜ਼ ਕਰਵਾ ਸਕਦੇ ਹਨ। ਉਹਨਾਂ ਦੱਸਿਆ ਕਿ ਉਪ ਮੰਡਲ ਅਫਸਰ, ਸ਼ਹਿਰੀ ਜਗਰਾਉਂ ਦਾ ਮੋਬਾਇਲ ਨੰਬਰ 96461-11564, ਉਪ ਮੰਡਲ ਅਫਸਰ ਦਿਹਾਤੀ ਜਗਰਾਉਂ ਦਾ ਮੋਬਾਇਲ ਨੰਬਰ 96461-11565, ਉਪ ਮੰਡਲ ਅਫਸਰ ਸਿੱਧਵਾਂ ਬੇਟ ਦਾ ਮੋਬਾਇਲ ਨੰਬਰ 96461-11566 ਅਤੇ ਉਪ ਮੰਡਲ ਅਫਸਰ ਸਿੱਧਵਾਂ ਖੁਰਦ ਦਾ ਮੋਬਾਇਲ ਨੰਬਰ 96461-11626 ਉਪਰ ਸੰਪਰਕ ਕਰ ਸਕਦੇ ਹਨ। ਜਗਰਾਉਂ ਮੰਡਲ ਦੇ ਐਕਸੀਅਨ ਸਿੱਧੂ ਨੇ ਕਿਹਾ ਕਿ ਜੇਕਰ ਉਪ ਮੰਡਲ ਅਫਸਰ ਨਾਲ ਗੱਲ ਕਰਕੇ ਸਮੱਸਿਆ ਦਾ ਕੋਈ ਸਮਾਂਧਾਨ ਨਹੀਂ ਹੁੰਦਾ ਤਾਂ ਖਪਤਕਾਰ ਉਹਨਾਂ ਨਾਲ ਉਹਨਾਂ ਦੇ ਮੋਬਾਇਲ ਨੰਬਰ 96461-11519 ਉਪਰ ਸੰਪਰਕ ਕਰ ਸਕਦੇ ਹਨ। ਉਹਨਾਂ ਆਖਿਆ ਕਿ ਜਿਹੜੇ ਵੀ ਖਪਤਕਾਰ ਪੰਜਾਬ ਸਰਕਾਰ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀਆਂ ਹਦਾਇਤਾਂ ਅਨੁਸਾਰ ਯੋਗ ਹੋਣਗੇ, ਉਹਨਾਂ ਨੂੰ ਬਿਜਲੀ ਯੂਨਿਟਾਂ ਵਿੱਚ ਮੁਆਫ਼ੀ ਸਬੰਧੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।