ਵਾਸ਼ਿੰਗਟਨ, ਜੂਨ 2019- ਅਮਰੀਕੀ ਹਵਾਈ ਸੈਨਾ ਵੱਲੋਂ ਏਅਰਮੈਨ ਹਰਪ੍ਰੀਤਇੰਦਰ ਸਿੰਘ ਬਾਜਵਾ ਨੂੰ ਦਸਤਾਰ, ਦਾਹੜੀ ਅਤੇ ਲੰਬੇ ਕੇਸ ਰੱਖਣ ਦੀ ਇਜਾਜ਼ਤ ਦਿੱਤੇ ਜਾਣ ਦੇ ਫ਼ੈਸਲੇ ਦਾ ਅਮਰੀਕੀ ਕਾਨੂੰਨਸਾਜ਼ ਸਮੇਤ ਭਾਰਤੀ-ਅਮਰੀਕੀਆਂ ਨੇ ਸਵਾਗਤ ਕੀਤਾ ਹੈ। ਭਾਰਤ-ਅਮਰੀਕੀ ਕਾਂਗਰਸਮੈਨ ਅਮੀ ਬੇਰਾ ਨੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖ ਮੁਲਕ ਦੀ ਰਾਖੀ ’ਚ ਲੰਬੇ ਸਮੇਂ ਤੋਂ ਅਹਿਮ ਭੂਮਿਕਾ ਨਿਭਾ ਰਹੇ ਹਨ। ਬੇਰਾ ਨੇ ਕਿਹਾ ਕਿ ਅਜਿਹੇ ਦੇਸ਼ ਭਗਤਾਂ ਨੂੰ ਧਾਰਮਿਕ ਆਜ਼ਾਦੀ ਦੇ ਕੇ ਸੇਵਾ ਕਰਨ ਦਾ ਮੌਕਾ ਦੇਣਾ ਵਧੀਆ ਕਦਮ ਹੈ। ਉਨ੍ਹਾਂ ਰੱਖਿਆ ਵਿਭਾਗ ਨੂੰ ਬੇਨਤੀ ਕੀਤੀ ਕਿ ਉਹ ਹੋਰ ਧਰਮਾਂ ਨੂੰ ਵੀ ਅਜਿਹੀ ਛੋਟ ਦੇਣ। 2017 ’ਚ ਥਲ ਸੈਨਾ ਨੇ ਵੀ ਸਾਬਤ ਸੂਰਤ ਸਿੱਖ ਨੂੰ ਭਰਤੀ ਕਰਨ ਦੀ ਮਨਜ਼ੂਰੀ ਦਿੱਤੀ ਸੀ। ਬਾਜਵਾ ਦੀ ਸਹਾਇਤਾ ਸਿੱਖ ਅਮਰੀਕਨ ਲੀਗਲ ਡਿਫੈਂਸ ਅਤੇ ਐਜੂਕੇਸ਼ਨ ਫੰਡ ਤੇ ਸਿੱਖ ਅਮਰੀਕਨ ਵੈਟਰਨਸ ਅਲਾਇੰਸ ਜਿਹੀਆਂ ਜਥੇਬੰਦੀਆਂ ਨੇ ਕੀਤੀ। ਅਲਾਇੰਸ ਦੇ ਪ੍ਰਧਾਨ ਲੈਫ਼ਟੀਨੈਂਟ ਕਰਨਲ ਕਮਲ ਕਲਸੀ ਸਿੰਘ ਨੇ ਕਿਹਾ ਕਿ ਹਰਪ੍ਰੀਤਇੰਦਰ ਸਿੰਘ ਬਾਜਵਾ ਨੂੰ ਕੰਮ ਦੌਰਾਨ ਆਪਣੇ ਧਰਮ ਦੇ ਪਾਲਣ ਦੀ ਖੁੱਲ੍ਹ ਮਿਲਣ ਨਾਲ ਉਨ੍ਹਾਂ ਨੂੰ ਖੁਸ਼ੀ ਹੋਈ ਹੈ। ਉਨ੍ਹਾਂ ਆਸ ਜਤਾਈ ਕਿ ਬਾਜਵਾ ਪੂਰੇ ਸਨਮਾਨ ਨਾਲ ਰਵਾਇਤ ਨੂੰ ਅੱਗੇ ਵਧਾਏਗਾ। ਅਮਰੀਕਨ ਲੀਗਲ ਡਿਫੈਂਸ ਅਤੇ ਐਜੂਕੇਸ਼ਨ ਫੰਡ ਦੀ ਕਾਰਜਕਾਰੀ ਨਿਰਦੇਸ਼ਕ ਕਿਰਨ ਕੌਰ ਗਿੱਲ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਹਰਪ੍ਰੀਤਇੰਦਰ ਸਿੰਘ ਬਾਜਵਾ ਨੂੰ ਹਵਾਈ ਸੈਨਾ ਤੋਂ ਦਸਤਾਰ ਬੰਨ੍ਹਣ ਅਤੇ ਕੇਸ ਲੰਬੇ ਰੱਖਣ ਦੀ ਇਜਾਜ਼ਤ ਮਿਲ ਗਈ ਹੈ। ਏਸੀਐਲਯੂ ਦੇ ਸੀਨੀਅਰ ਸਟਾਫ਼ ਅਟਾਰਨੀ ਨੇ ਏਅਰ ਫੋਰਸ ਦੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਨ੍ਹਾਂ ਦੇ ਮੁਵੱਕਿਲ ਨੂੰ ਸਿੱਖ ਧਰਮ ਦਾ ਪਾਲਣ ਕਰਨ ਦੀ ਮਨਜ਼ੂਰੀ ਮਿਲ ਗਈ ਹੈ।