You are here

ਖੇਡ ਮੰਤਰੀ ਵਲੋਂ ਲੁਧਿਆਣਾ 'ਚ 73ਵੀਂ ਸੀਨੀਅਰ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਦਾ ਉਦਘਾਟਨ

ਲੁਧਿਆਣਾ, 3 ਦਸੰਬਰ (ਟੀ. ਕੇ. ) - ਪੰਜਾਬ ਦੇ ਖੇਡ ਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਵੱਲੋਂ ਗੁਰੂ ਨਾਨਕ ਸਟੇਡੀਅਮ ਵਿਖੇ ਕਰਵਾਈ ਗਈ 73ਵੀਂ ਸੀਨੀਅਰ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ।

ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਪੰਜਾਬ ਵਿੱਚ ਰਾਸ਼ਟਰੀ ਪੱਧਰ ਦਾ ਸਮਾਗਮ ਕਰਵਾਉਣ ਲਈ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਨਾਲ ਪੰਜਾਬੀ ਖਿਡਾਰੀਆਂ ਦਾ ਆਤਮਵਿਸ਼ਵਾਸ ਵਧੇਗਾ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਤਿਭਾ ਨਾਲ ਭਰਪੂਰ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸਾਡੀ ਅਮੀਰ ਖੇਡ ਵਿਰਾਸਤ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਲਈ ਸਖ਼ਤ ਮਿਹਨਤ ਕਰ ਰਹੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬੀ ਖਿਡਾਰੀ ਬਾਸਕਟਬਾਲ ਖੇਡ ਵਿੱਚ ਸਫ਼ਲਤਾ ਦੀ ਨਵੀਂ ਕਹਾਣੀ ਲਿਖਣਗੇ ਜਿਸਦੇ ਤਹਿਤ ਸੂਬਾ ਸਰਕਾਰ ਉਚਿਤ ਸਿਖਲਾਈ ਅਤੇ ਤਿਆਰੀ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਠੋਸ ਉਪਰਾਲੇ ਕਰ ਰਹੀ ਹੈ।

ਉਨ੍ਹਾਂ ਨੈਸ਼ਨਲ ਬਾਸਕਟਬਾਲ ਅਕੈਡਮੀ ਨੂੰ ਪੰਜਾਬ ਵਿੱਚ ਬਾਸਕਟਬਾਲ ਅਕੈਡਮੀ ਅਤੇ ਕੋਚ ਮੁਹੱਈਆ ਕਰਵਾਉਣ ਦੀ ਵੀ ਅਪੀਲ ਕੀਤੀ ਤਾਂ ਜੋ ਸਾਡੇ ਉਭਰਦੇ ਬਾਸਕਟਬਾਲ ਖਿਡਾਰੀ ਅੰਤਰਰਾਸ਼ਟਰੀ ਬਾਸਕਟਬਾਲ ਮੁਕਾਬਲਿਆਂ ਵਿੱਚ ਵੀ ਚਮਕ ਸਕਣ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਅਤੇ ਮੌਕੇ ਸਾਡੇ ਖਿਡਾਰੀਆਂ ਨੂੰ ਲੋੜੀਂਦਾ ਪਲੇਟਫਾਰਮ ਪ੍ਰਦਾਨ ਕਰਨਗੇ।

ਇਸ ਤੋਂ ਪਹਿਲਾਂ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ, ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ ਚਾਹਲ, ਪ੍ਰਬੰਧਕੀ ਕਮੇਟੀ ਦੇ ਸਕੱਤਰ ਰੁਪਿੰਦਰ ਸਿੰਘ ਵਲੋਂ ਖੇਡ ਮੰਤਰੀ ਦਾ ਸਮਾਗਮ ਵਿੱਚ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ।