You are here

ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਹੀਦਾਂ ਦੀ ਯਾਦ ਵਿਚ ਅਰਦਾਸ ਬੇਨਤੀ

ਜੱਥੇਦਾਰ ਗਿਆਨੀ ਹਰਦੀਪ ਸਿੰਘ ਜੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਸੰਦੇਸ਼ ਜਾਰੀ ਕੀਤਾ

 

ਮੁਤਵਾਜੀ ਜਥੇਦਾਰਾਂ ਵਲੋਂ ਆਪੋ-ਆਪਣੇ ਸੰਦੇਸ਼ ਜਾਰੀ

 

ਲੱਥੀਆਂ ਦਸਤਾਰ, ਲੀਡਰਾਂ ਵਲੋਂ ਕੌਮ ਨੂੰ ਹਲੂਣਾ

 

ਅੰਮ੍ਰਿਤਸਰ, ਜੂਨ 2019 -(ਗੁਰਦੇਵ ਸਿੰਘ ਗਾਲਿਬ)- ਜੂਨ 1984 ਦੇ ਸਾਕਾ ਨੀਲਾ ਤਾਰਾ ਫੌਜੀ ਹਮਲੇ ਵਿਚ ਮਾਰੇ ਗਏ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਸਮਾਗਮ ਮੌਕੇ ਅੱਜ ਅਕਾਲ ਤਖਤ ਵਿਖੇ ਅਰਦਾਸ ਦਿਵਸ ਮਨਾਇਆ ਗਿਆ। ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਮੁੱਚੀ ਕੌਮ ਨੂੰ ਇਕਜੁਟ ਹੋਣ ਅਤੇ ਸਿੱਖ ਨੌਜਵਾਨ ਪੀੜ੍ਹੀ ਨੂੰ ਵਿਦਿਆ ਨਾਲ ਜੁੜਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਗਰਮਖਿਆਲੀ ਕਾਰਕੁਨਾਂ ਨੇ ਖਾਲਿਸਤਾਨ ਪੱਖੀ ਨਾਅਰੇਬਾਜ਼ੀ ਕੀਤੀ, ਹਵਾ ਵਿਚ ਕਿਰਪਾਨਾਂ ਲਹਿਰਾਈਆਂ ਅਤੇ ਧੱਕਾ-ਮੁੱਕੀ ਦੌਰਾਨ ਦਸਤਾਰ ਦੀ ਬੇਅਦਬੀ ਵੀ ਹੋਈ।
ਸ਼ਹੀਦੀ ਸਮਾਗਮ ਦੇ ਸਬੰਧ ਵਿਚ ਸਵੇਰ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਕਾਲ ਤਖ਼ਤ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਗੁਰਬਾਣੀ ਦਾ ਕੀਰਤਨ ਹੋਇਆ। ਅਰਦਾਸ ਤੇ ਹੁਕਮਨਾਮੇ ਮਗਰੋਂ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ। ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ। ਸ਼ਹੀਦੀ ਸਮਾਗਮ ਸਮਾਪਤ ਹੋਣ ਤੋਂ ਬਾਅਦ ਜਿਉਂ ਹੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਕਾਲ ਤਖ਼ਤ ਤੋਂ ਬਾਹਰ ਆਏ ਤਾਂ ਗਰਮਖਿਆਲੀਆਂ ਨੇ ਖਾਲਿਸਤਾਨ ਦੇ ਹੱਕ ਵਿਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਨਾਅਰਿਆਂ ਦੀ ਗੂੰਜ ਵਧਣ ’ਤੇ ਪ੍ਰਬੰਧਕਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਚੱਲ ਰਹੇ ਕੀਰਤਨ ਦੀ ਆਵਾਜ਼ ਉੱਚੀ ਕਰ ਦਿੱਤੀ, ਜਿਸ ਨਾਲ ਨਾਅਰਿਆਂ ਦੀ ਆਵਾਜ਼ ਦਬ ਗਈ। ਇਸ ਦੌਰਾਨ ਅਕਾਲ ਤਖ਼ਤ ਨੇੜੇ ਸਿਮਰਨਜੀਤ ਸਿੰਘ ਮਾਨ, ਜੋ ਆਪਣਾ ਮਾਈਕ ਤੇ ਸਪੀਕਰ ਨਾਲ ਲੈ ਕੇ ਆਏ ਸਨ, ਨੇ ਸੰਬੋਧਨ ਕਰਨਾ ਸ਼ੁਰੂ ਕੀਤਾ ਪਰ ਕੀਰਤਨ ਦੀ ਉੱਚੀ ਆਵਾਜ਼ ਕਾਰਨ ਉਨ੍ਹਾਂ ਦੀ ਕੋਈ ਗੱਲ ਸੁਣਾਈ ਨਹੀਂ ਦਿੱਤੀ। ਰੋਸ ਵਜੋਂ ਕੁਝ ਨੌਜਵਾਨਾਂ ਨੇ ਅਕਾਲ ਤਖ਼ਤ ਨੇੜੇ ਲਾਏ ਗਏ ਸਪੀਕਰਾਂ ਦੀ ਤਾਰ ਕੱਟ ਦਿੱਤੀ, ਜਿਸ ਨਾਲ ਕੀਰਤਨ ਦੀ ਆਵਾਜ਼ ਸੁਣਨੀ ਬੰਦ ਹੋ ਗਈ। ਸ੍ਰੀ ਮਾਨ ਨੇ ਸੰਬੋਧਨ ਤਾਂ ਕੀਤਾ ਪਰ ਨਾਅਰੇਬਾਜ਼ੀ ਕਾਰਨ ਲੋਕ ਉਨ੍ਹਾਂ ਦੀ ਗੱਲ ਸੁਣ ਨਹੀਂ ਸਕੇ। ਇਸ ਦੌਰਾਨ ਅਕਾਲ ਤਖ਼ਤ ਦੇ ਹੇਠਾਂ ਬੈਠੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਵੀ ਸੰਬੋਧਨ ਕਰਨ ਦਾ ਯਤਨ ਕੀਤਾ ਤਾਂ ਉੱਥੇ ਬੈਠੇ ਸ਼੍ਰੋਮਣੀ ਕਮੇਟੀ ਕਰਮਚਾਰੀਆਂ ਨੇ ਰੋਕਿਆ। ਇਸ ’ਤੇ ਉਨ੍ਹਾਂ ਦੇ ਸਮਰਥਕ ਰੋਹ ਵਿਚ ਆ ਗਏ ਅਤੇ ਉਨ੍ਹਾਂ ਨੇ ਭੀੜ ਨੂੰ ਰੋਕਣ ਲਈ ਸ਼੍ਰੋਮਣੀ ਕਮੇਟੀ ਵਲੋਂ ਲਾਈਆਂ ਰੋਕਾਂ ਉਖਾੜ ਦਿੱਤੀਆਂ। ਸਾਦੇ ਕੱਪੜਿਆਂ ਵਿਚ ਤਾਇਨਾਤ ਪੁਲੀਸ ਅਧਿਕਾਰੀ ਨੇ ਭੜਕੇ ਲੋਕਾਂ ਨੂੰ ਸਮਝਾਉਣ ਦਾ ਯਤਨ ਵੀ ਕੀਤਾ ਪਰ ਰੋਹ ਵਿਚ ਆਏ ਲੋਕਾਂ ਨੇ ਅਗਾਂਹ ਵਧਣ ਦੌਰਾਨ ਧੱਕਾ-ਮੁੱਕੀ ਕੀਤੀ, ਜਿਸ ਕਾਰਨ ਵਿਅਕਤੀ ਦੀ ਦਸਤਾਰ ਉਤਰ ਗਈ ਅਤੇ ਕਈ ਹੇਠਾਂ ਵੀ ਡਿੱਗੇ। ਇਸ ਮੌਕੇ ਸ਼੍ਰੋਮਣੀ ਕਮੇਟੀ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ ਗਈ। ਨਾਅਰੇਬਾਜ਼ੀ ਕਰਨ ਵਾਲਿਆਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ, ਢਹਿ-ਢੇਰੀ ਹੋਏ ਅਕਾਲ ਤਖ਼ਤ ਦੀਆਂ ਤਸਵੀਰਾਂ ਆਦਿ ਦੇ ਬੈਨਰ ਚੁੱਕੇ ਹੋਏ ਸਨ। ਗਰਮਖਿਆਲੀਆਂ ਵਲੋਂ ਕੁਝ ਕਿਤਾਬਚੇ ਵੀ ਵੰਡੇ ਗਏ। ਇਹ ਨਾਅਰੇਬਾਜ਼ੀ ਲਗਭਗ ਘੰਟਾ ਜਾਰੀ ਰਹੀ।

ਸਮਾਗਮ ਦੀ ਸਮਾਪਤੀ ਉਪਰੰਤ ਗਿਆਨੀ ਹਰਪ੍ਰੀਤ ਸਿੰਘ ਨੇ ਸਕੱਤਰੇਤ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਸਿੱਖ ਸੰਗਤ ਨੂੰ ਮਿਲ ਬੈਠ ਕੇ ਆਪਸੀ ਗੱਲਬਾਤ ਰਾਹੀਂ ਗਿਲੇ-ਸ਼ਿਕਵੇ ਦੂਰ ਕਰਨ ਅਤੇ ਇਕਜੁਟਤਾ ਕਾਇਮ ਕਰਨ ਦੀ ਰਵਾਇਤ ਨੂੰ ਕਾਇਮ ਕਰਨ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਸਮੂਹ ਸਿੱਖ ਸੰਸਦ ਮੈਂਬਰਾਂ ਨੂੰ ਆਖਣਗੇ ਕਿ ਆਉਂਦੇ ਸੰਸਦ ਇਜਲਾਸ ਵਿਚ ਸਾਕਾ ਨੀਲਾ ਤਾਰਾ ਫੌਜੀ ਹਮਲੇ ਖ਼ਿਲਾਫ਼ ਮੁਆਫ਼ੀ ਦਾ ਮਤਾ ਲੈ ਕੇ ਜਾਣ ਅਤੇ ਸਰਕਾਰ ’ਤੇ ਮੁਆਫ਼ੀ ਮਤਾ ਪਾਸ ਕਰਨ ਲਈ ਦਬਾਅ ਪਾਉਣ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਸ ਦਿਹਾੜੇ ਮੌਕੇ ਸਿੱਖਾਂ ਦੇ ਅੱਲ੍ਹੇ ਜ਼ਖ਼ਮ ਰਿਸਣ ਲੱਗ ਪੈਂਦੇ ਹਨ ਪਰ ਇਸ ਦਿਹਾੜੇ ’ਤੇ ਉਤੇਜਨਾ ਠੀਕ ਨਹੀਂ ਹੈ ਕਿਉਂਕਿ ਇਸ ਨਾਲ ਸ਼ਹੀਦਾਂ ਦੇ ਪਰਿਵਾਰਾਂ ਦੇ ਮਨਾਂ ਨੂੰ ਠੇਸ ਪੁਜਦੀ ਹੈ। ਸਮਾਗਮ ਵਿਚ ਸ਼ਰਧਾਂਜਲੀ ਦੇਣ ਆਏ ਸਿੱਖ ਆਗੂਆਂ ਵਿਚ ਸ਼੍ਰੋਮਣੀ ਕਮੇਟੀ ਮੈਂਬਰ, ਅਧਿਕਾਰੀਆਂ ਤੋਂ ਇਲਾਵਾ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ, ਗ੍ਰੰਥੀ ਗਿਆਨੀ ਸੁਖਜਿੰਦਰ ਸਿੰਘ, ਗਿਆਨੀ ਗੁਰਮੁਖ ਸਿੰਘ, ਸਿਮਰਨਜੀਤ ਸਿੰਘ ਮਾਨ ਆਦਿ ਸ਼ਾਮਲ ਸਨ।

 

 ਮੁਤਵਾਜੀ ਜਥੇਦਾਰਾਂ ਵਲੋਂ ਆਪੋ-ਆਪਣੇ ਸੰਦੇਸ਼ ਜਾਰੀ

ਅੱਜ ਪਹਿਲੀ ਵਾਰ ਸ਼ਹੀਦੀ ਦਿਵਸ ਮੌਕੇ ਅਕਾਲ ਤਖ਼ਤ ਨੇੜੇ ਤਿੰਨ ਜਥੇਦਾਰਾਂ ਵਲੋਂ ਸੰਦੇਸ਼ ਜਾਰੀ ਕੀਤੇ ਗਏ ਹਨ। ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਤੋਂ ਇਲਾਵਾ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਜੇਲ੍ਹ ਵਿਚ ਬੰਦ ਜਗਤਾਰ ਸਿੰਘ ਹਵਾਰਾ ਦਾ ਸੰਦੇਸ਼ ਜਾਰੀ ਕੀਤਾ ਗਿਆ। ਮੀਡੀਆ ਨੂੰ ਜਾਰੀ ਕੀਤੇ ਸੰਦੇਸ਼ ਵਿਚ ਭਾਈ ਮੰਡ ਨੇ ਕਿਹਾ ਕਿ ਸਿੱਖ ਕੌਮ ਸ਼ਹੀਦਾਂ ਦੇ ਡੁੱਲ੍ਹੇ ਖੂਨ ’ਤੇ ਪਹਿਰਾ ਦਿੰਦੀ ਰਹੇਗੀ ਅਤੇ ਅਧੂਰੇ ਪਏ ਧਰਮ ਯੁੱਧ ਦੀ ਜਿੱਤ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਜੇਲ੍ਹ ਵਿਚ ਬੰਦ ਜਗਤਾਰ ਸਿੰਘ ਹਵਾਰਾ ਦਾ ਸੰਦੇਸ਼ ਬਾਪੂ ਗੁਰਚਰਨ ਸਿੰਘ ਨੇ ਅਕਾਲ ਤਖਤ ਨੇੜੇ ਪੜ੍ਹਿਆ। ਉਨ੍ਹਾਂ ਕਿਹਾ ਕਿ ਘੱਲੂਘਾਰੇ ਦੀ ਯਾਦ ਨੂੰ ਮਨਾਉਂਦੇ ਹੋਏ ਕੌਮੀ ਸੰਘਰਸ਼ ਨੂੰ ਅੱਗੇ ਵਧਾਉਣ ਲਈ ਨਿਰੰਤਰ ਯਤਨਸ਼ੀਲ ਰਹਿਣ ਦੀ ਲੋੜ ਹੈ। ਉਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਵਿਰੁੱਧ ਅਤੇ ਸਤਿਕਾਰ ਨੂੰ ਕਾਇਮ ਰੱਖਣ ਲਈ ਇਕਜੁਟ ਹੋਣ ਦੀ ਅਪੀਲ ਕੀਤੀ ਹੈ।